Wednesday, October 28, 2026

 ਆਖ਼ਰੀ ਸੈਸ਼ਨ ’ਚ ਤਾਣ 
 ਅੰਦਰ ਖ਼ਾਮੋਸ਼ੀ ਤੇ ਬਾਹਰ ਤੂਫ਼ਾਨ..! 
ਚਰਨਜੀਤ ਭੁੱਲਰ  

ਚੰਡੀਗੜ੍ਹ :‘ਆਪ’ ਸਰਕਾਰ ਦਾ ਪੰਜਾਬ ਵਿਧਾਨ ਸਭਾ ਦਾ ਆਖ਼ਰੀ ਸੈਸ਼ਨ ‘ਤਕਰੀਰ ਤੇ ਤਕਰਾਰ’ ਨਾਲ ਖ਼ਤਮ ਹੋ ਗਿਆ। ਜਦੋਂ ‘ਆਪ’ ਸਰਕਾਰ ਦਾ ਪਹਿਲਾ ਸੈਸ਼ਨ ਸੀ ਤਾਂ ਉਦੋਂ ਪਵਿੱਤਰ ਸਦਨ ਨੇ ਨਵੇਂ ਚਿਹਰੇ ਦੇਖੇ ਸਨ ਤੇ ਇਨ੍ਹਾਂ ਚਿਹਰਿਆਂ ਤੋਂ ਪੰਜਾਬ ਨੇ ਆਸਾਂ ਤੱਕੀਆਂ ਸਨ। ਅੱਜ ਪੰਜਾਬ ਵਿਧਾਨ ਸਭਾ ਦੇ ਆਖ਼ਰੀ ਸੈਸ਼ਨ ’ਚ ਵਿਛੜਣ ਦੀ ਅਜੀਬ ਖ਼ਾਮੋਸ਼ੀ ਸੀ ਜਦੋਂ ਕਿ ਕੰਪਲੈਕਸ ਦੇ ਬਾਹਰ ਵਿਰੋਧੀ ਧਿਰ ਦੀ ਤਲਖ਼ੀ ਦਾ ਤੂਫ਼ਾਨ ਸੀ। ਬੇਸ਼ੱਕ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਮੁੱਕ ਗਿਆ ਪਰ ਮੁੱਦਿਆਂ ਦੀ ਕਹਾਣੀ ਹਾਲੇ ਨਹੀਂ ਮੁੱਕੀ।ਜਦੋਂ ‘ਆਪ’ ਸਰਕਾਰ ਦਾ ਪਹਿਲਾ ਵਿਧਾਨ ਸਭਾ ਸੈਸ਼ਨ ਸੀ ਤਾਂ ਉਦੋਂ ਬਸੰਤੀ ਰੰਗ ਦੀਆਂ ਪੱਗਾਂ ਹੀ ਪੱਗਾਂ ਨਜ਼ਰ ਪੈਂਦੀਆਂ ਸਨ। ਅੱਜ ਜਦੋਂ ਆਖ਼ਰੀ ਸੈਸ਼ਨ ਸੀ ਤਾਂ ਬਸੰਤੀ ਰੰਗ ਗ਼ਾਇਬ ਸੀ। ਸਿਰਫ਼ ਨੌ ਵਿਧਾਇਕਾਂ ਤੇ ਵਜ਼ੀਰਾਂ ਦੇ ਬਸੰਤੀ ਰੰਗ ਦੀ ਪੱਗ ਸਜੀ ਹੋਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪੀਲੇ ਰੰਗ ਦੀ ਪੱਗ ਪਹਿਲੇ ਦਿਨ ਵੀ ਬੰਨ੍ਹੀ ਹੋਈ ਸੀ ਅਤੇ ਅੱਜ ਵੀ ਉਹ ਬਸੰਤੀ ਪੱਗ ’ਚ ਸਨ।

       ਪਹਿਲੇ ਸੈਸ਼ਨ ’ਚ ਪਹੁੰਚੇ ‘ਆਪ’ ਵਿਧਾਇਕਾਂ ਦਾ ਲਿਬਾਸ ਸਾਦਾ ਸੀ ਅੱਜ ਆਖ਼ਰੀ ਦਿਨ ਵਿਧਾਇਕਾਂ ਦੀ ਰਹਿਣੀ ਬਹਿਣੀ ’ਤੇ ਸੱਤਾ ਦੇ ਰੰਗ ਦੀ ਚਮਕ ਸੀ।ਪਹਿਲੇ ਸੈਸ਼ਨ ਨੂੰ ਸਮੁੱਚੇ ਪੰਜਾਬ ਨੇ ਨੀਝ ਲਾ ਕੇ ਦੇਖਿਆ ਸੀ ਅਤੇ ਹਰ ਕੋਈ ਆਪੋ ਆਪਣੇ ਵਿਧਾਇਕ ਦੀ ਕਾਰਗੁਜ਼ਾਰੀ ਨੂੰ ਨੇੜਿਓਂ ਵੇਖ ਰਿਹਾ ਸੀ। ਅੱਜ ਆਖ਼ਰੀ ਦਿਨ ਪੰਜਾਬ ਕੋਲ ਇਨ੍ਹਾਂ ਵਿਧਾਇਕਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਅਹਿਸਾਸ ਹਨ। ਆਖ਼ਰੀ ਸੈਸ਼ਨ ਮੌਕੇ ਸਦਨ ਦੇ ਬਾਹਰ ਵਿਰੋਧੀ ਧਿਰ ਅਤੇ ਹਾਕਮ ਧਿਰ ਦੇ ਵਿਧਾਇਕਾਂ ਦਰਮਿਆਨ ਤੁਹਮਤਬਾਜ਼ੀ ਤੇ ਤਲਖ਼ੀ ਦੇ ਮਾਹੌਲ ਤੋਂ ਸਾਫ਼ ਸੀ ਕਿ ਮੈਦਾਨ-ਏ-ਜੰਗ ਕਦੇ ਖ਼ਤਮ ਨਹੀਂ ਹੁੰਦਾ। ਸਦਨ ਦੇ ਬਾਹਰ ਦੇ ਗਰਮ ਮਾਹੌਲ ਦਾ ਸਾਫ਼ ਸੁਨੇਹਾ ਸੀ ਕਿ ਚੋਣਾਂ ਦੇ ਮੈਦਾਨ ’ਚ ਟੱਕਰਾਂਗੇ। ਵਿਰੋਧੀ ਧਿਰ ਅੱਜ ਸੈਸ਼ਨ ਚੋਂ ਮੁਅੱਤਲ ਕੀਤੇ ਸੁਖਪਾਲ ਖਹਿਰਾ ਸਮੇਤ ਸਦਨ ਦੇ ਅੰਦਰ ਜਾਣਾ ਚਾਹੁੰਦੀ ਸੀ। ਇਸ ਗੱਲ ਤੋਂ ਖ਼ਫ਼ਾ ਵਿਰੋਧੀ ਵਿਧਾਇਕਾਂ ਨੇ ਅੱਜ ਸਦਨ ਦੇ ਬਾਹਰ ਹੰਗਾਮਾ ਕੀਤਾ। 

      ਤਲਖ਼ੀ ਦੇ ਸਾਏ ਹੇਠ ਅੱਜ ਦੇ ਆਖ਼ਰੀ ਸੈਸ਼ਨ ਚੋਂ ਵਿਧਾਇਕ ਵਿਦਾ ਹੋਏ। ਹੁਣ ਵਿਧਾਨ ਸਭਾ ਦਾ ਰੈਗੂਲਰ ਸੈਸ਼ਨ ਨਹੀਂ ਹੋਵੇਗਾ ਪਰ ਸਪੈਸ਼ਲ ਸੈਸ਼ਨ ਦੀ ਗੁੰਜਾਇਸ਼ ਹਾਲੇ ਬਚੀ ਹੋਈ ਹੈ। ਹਾਕਮ ਧਿਰ ਨੇ ਅੱਜ ਆਖ਼ਰੀ ਸੈਸ਼ਨ ਮੰਨ ਕੇ ਆਪਣਾ ਭਾਸ਼ਣਾਂ ਨੂੰ ਮੋੜਾ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸੈਸ਼ਨ ਦੇ ਆਖ਼ਰੀ ਦਿਨ ਵਿਰੋਧੀਆਂ ’ਤੇ ਤਿੱਖੇ ਹਮਲੇ ਕਰਨ ਤੋਂ ਗੁਰੇਜ਼ ਕੀਤੀ।ਮੁੱਖ ਮੰਤਰੀ ਮਾਨ ਨੇ ਆਖ਼ਰੀ ਸੈਸ਼ਨ ’ਚ ਕਿਹਾ ‘ਮੈਂ ਆਪਣੀ ਤਰਫ਼ੋਂ ਬਿਹਤਰ ਕੋਸ਼ਿਸ਼ਾਂ ਕੀਤੀਆਂ ਅਤੇ ਹੁਣ ਕੀਤੇ ਕੰਮਾਂ ਤੇ ਏਜੰਡੇ ਨਾਲ ਲੋਕਾਂ ’ਚ ਜਾਵਾਂਗੇ, ਸਕਾਰਾਤਮਿਕ ਸੋਚ ਨਾਲ ਚੋਣਾਂ ਲੜਾਂਗੇ। ਨੁਕਤਾਚੀਨੀ ਦੀ ਥਾਂ ਆਪਣੇ ਕੀਤੇ ਕੰਮਾਂ ਨੂੰ ਲੋਕਾਂ ’ਚ ਰੱਖਾਂਗੇ ਜਿਸ ਦਾ ਰੋਡ ਮੈਪ ਚੰਗਾ ਲੱਗੇਗਾ, ਲੋਕ ਚੁਣ ਲੈਣਗੇ।’ ਮੁੱਖ ਮੰਤਰੀ ਦਰਿਆਈ ਪਾਣੀਆਂ ’ਤੇ ਆਪਣਾ ਪੱਖ ਸਪਸ਼ਟ ਕੀਤਾ। ਉਨ੍ਹਾਂ ਆਖ਼ਰੀ ਸੈਸ਼ਨ ’ਚ ਸਪੀਕਰ ਨੂੰ ਅਪੀਲ ਕੀਤੀ ਕਿ ਚੈਂਪੀਅਨ ਟਰਾਫ਼ੀ ਦੇ ਮੈਚ ਲਈ ਵਿਰੋਧੀ ਧਿਰ ਦੇ ਸਮੇਤ ਸਭ ਵਿਧਾਇਕਾਂ ਨੂੰ ਸੱਦਾ ਪੱਤਰ ਭੇਜਣੇ ਚਾਹੀਦੇ ਹਨ ਜਿਸ ’ਤੇ ਅਮਲ ਕਰਦਿਆਂ ਸਪੀਕਰ ਨੇ ਸਭ ਵਿਧਾਇਕਾਂ ਨੂੰ ਸੱਦਾ ਵੀ ਦਿੱਤਾ।

       ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੈਸ਼ਨ ਦੇ ਆਖ਼ਰੀ ਦਿਨ ਸਭਨਾਂ ਦਾ ਸਾਥ ਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਆਸ ਕੀਤੀ ਕਿ ਉਹ ਅਗਲੇ ਸੈਸ਼ਨ ’ਚ ਮੁੜ ਇੱਥੇ ਹੀ ਮਿਲਣ। ਸਪੀਕਰ ਸੰਧਵਾਂ ਨੇ ਦਵਿੰਦਰ ਸੈਫੀ ਦੀ ਰਚਨਾ ਦੇ ਹਵਾਲੇ ਨਾਲ ਵਿਦਾਇਗੀ ਲਈ, ‘ਚੱਲ ਬਿਰਖਾ ਹੁਣ ਕਰੀਂ ਸੁਆਗਤ ਰੁੱਤ ਪੁਲਾਂਘਾਂ ਪੁੱਟੀਆਂ, ਭਰ ਜਾਵਣਗੇ ਜ਼ਖ਼ਮ ਪੁਰਾਣੇ ਜਦੋਂ ਕਰੂੰਬਲਾਂ ਫੁੱਟੀਆਂ, ਖ਼ੈਰ ਕਰੇ ਸਾਡੇ ਦਿਲ ਦਾ ਸਾਈਂ ਜਾਵਣਗੀਆਂ ਟੁੱਟੀਆਂ।’ਸਦਨ ’ਚ ਅੱਜ ਵਿਧਾਇਕਾਂ ਅਤੇ ਵਜ਼ੀਰਾਂ ਨੇ ਖੱਟੇ ਮਿੱਠੇ ਅਹਿਸਾਸ ਵੀ ਸਾਂਝੇ ਕੀਤੇ। ਸਦਨ ’ਚ ਅੱਜ ਦਰਿਆਈ ਪਾਣੀਆਂ ਸਮੇਤ ਸੱਤ ਮਤਿਆਂ ’ਤੇ ਹੋਈ ਬਹਿਸ ਮੌਕੇ ਘੱਟ ਹਾਜ਼ਰੀ ਵਿਧਾਇਕਾਂ ਦੀ ਗੰਭੀਰਤਾ ’ਤੇ ਸਵਾਲ ਖੜ੍ਹੇ ਕਰ ਰਹੀ ਸੀ। ਸਦਨ ’ਚ ਬਹਿਸ ਮੌਕੇ ਡੇਢ ਵਜੇ ਦੁਪਹਿਰ ਅੱਠ ਮੰਤਰੀ ਅਤੇ 21 ‘ਆਪ’ ਵਿਧਾਇਕ ਹੀ ਹਾਜ਼ਰ ਸਨ ਅਤੇ ਦੋ ਵਜੇ ਦੇ ਕਰੀਬ 22 ‘ਆਪ’ ਵਿਧਾਇਕਾਂ ਦੀ ਸਦਨ ’ਚ ਹਾਜ਼ਰੀ ਸੀ। ਸ਼ਾਮ 5.10 ਵਜੇ ਬਹਿਸ ਦੀ ਸਮਾਪਤੀ ਮੌਕੇ ਹਾਕਮ ਧਿਰ ਦੇ ਤਿੰਨ ਦਰਜਨ ਵਿਧਾਇਕ ਹਾਜ਼ਰ ਸਨ। ਬਹਿਸ ਦੌਰਾਨ ਸਮੁੱਚੀ ਵਿਰੋਧੀ ਧਿਰ ਤੋਂ ਇਲਾਵਾ ਭਾਜਪਾ ਵਿਧਾਇਕ ਵੀ ਗੈਰ ਹਾਜ਼ਰ ਰਹੇ। ਗਨੀਵ ਕੌਰ ਮਜੀਠੀਆ ਇਸ ਸੈਸ਼ਨ ’ਚ ਐਤਕੀਂ ਨਹੀਂ ਆਏ।

No comments:

Post a Comment