Friday, November 6, 2026

 ਤਾਰੀਖ-ਦਰ-ਤਾਰੀਖ 
 ਕਾਨੂੰਨ ਦੇ ਰਾਖੇ ਹੀ ਕਟਹਿਰੇ ’ਚ.. 
 ਚਰਨਜੀਤ ਭੁੱਲਰ

ਚੰਡੀਗੜ੍ਹ,: ਪੰਜਾਬ ਦੇ ਦਰਜਨਾਂ ਸਿਆਸੀ ਆਗੂਆਂ ਖ਼ਿਲਾਫ਼ ਅਦਾਲਤਾਂ ’ਚ ਕੇਸ ਪੈਂਡਿੰਗ ਹਨ। ਸੂਬੇ ਦੇ 68 ਮੌਜੂਦਾ ਤੇ ਸਾਬਕਾ ਐੱਮ ਪੀ/ਐੱਮ ਐੱਲ ਏਜ਼ ਦੇ ਕੇਸ ਅਦਾਲਤਾਂ ’ਚ ਕਿਸੇ ਤਣ-ਪੱਤਣ ਨਹੀਂ ਲੱਗ ਰਹੇ। ਵਿਸ਼ੇਸ਼ ਫਾਸਟ ਟਰੈਕ ਅਦਾਲਤਾਂ ਦੇ ਬਾਵਜੂਦ ਇਨ੍ਹਾਂ ਸਿਆਸੀ ਆਗੂਆਂ ਦੇ ਕੇਸ ਲਮਕ ਰਹੇ ਹਨ। ਕੇਂਦਰੀ ਏਜੰਸੀਆਂ ਦੇ ਛਾਪਿਆਂ ਨੇ ਇਸ ਅੰਕੜੇ ’ਚ ਵਾਧਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਮਲੇ ਵੀ ਇਨ੍ਹਾਂ ’ਚ ਸ਼ਾਮਲ ਹਨ।ਜਾਣਕਾਰੀ ਅਨੁਸਾਰ ਪੰਜਾਬ ਦੇ ਸਿਆਸੀ ਆਗੂਆਂ ਦੇ 11 ਕੇਸ ਚੰਡੀਗੜ੍ਹ ਦੀ ਅਦਾਲਤ ’ਚ ਚੱਲ ਰਹੇ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮਾਮਲੇ ਵੱਖਰੇ ਹਨ। ਇਨ੍ਹਾਂ ਕੇਸਾਂ ’ਚ 22 ਸਾਬਕਾ ਵਿਧਾਇਕ ਤੇ ਸੰਸਦ ਮੈਂਬਰ ਸ਼ਾਮਲ ਹਨ। 13 ਕੇਸ ਵਿਧਾਇਕਾਂ/ਸੰਸਦ ਮੈਂਬਰਾਂ ਨਾਲ ਸਬੰਧਤ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪੰਜਾਬ-ਹਰਿਆਣਾ ਦੇ 158 ਕੇਸ ਪੈਂਡਿੰਗ ਹਨ।

       ਲੁਧਿਆਣਾ ਜ਼ਿਲ੍ਹੇ ’ਚ ਸਭ ਤੋਂ ਵੱਧ 17 ਕੇਸ ਪੈਂਡਿੰਗ ਹਨ, ਜਿਨ੍ਹਾਂ ਦਾ ਸਬੰਧ ਕੈਪਟਨ ਅਮਰਿੰਦਰ ਸਿੰਘ, ਰਵਨੀਤ ਸਿੰਘ ਬਿੱਟੂ, ਸਿਮਰਜੀਤ ਸਿੰਘ ਬੈਂਸ ਅਤੇ ਕੁਲਦੀਪ ਸਿੰਘ ਵੈਦ ਆਦਿ ਨਾਲ ਹੈ। ਅੰਮ੍ਰਿਤਸਰ ਜ਼ਿਲ੍ਹੇ ’ਚ 11 ਕੇਸ ਪੈਂਡਿੰਗ ਹਨ ਜੋ ਓਮ ਪ੍ਰਕਾਸ਼ ਸੋਨੀ, ਲਾਲਜੀਤ ਸਿੰਘ ਭੁੱਲਰ, ਅੰਮ੍ਰਿਤਪਾਲ ਸਿੰਘ ਤੇ ਗੁਰਜੀਤ ਸਿੰਘ ਔਜਲਾ ਆਦਿ ਨਾਲ ਸਬੰਧਤ ਹਨ।ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸੁਖਪਾਲ ਸਿੰਘ ਖਹਿਰਾ ਅਤੇ ਸੁੰਦਰ ਸ਼ਾਮ ਅਰੋੜਾ ਆਦਿ ਨਾਲ ਸਬੰਧਤ 11 ਮਾਮਲੇ ਮੁਹਾਲੀ ਜ਼ਿਲ੍ਹੇ ’ਚ ਪੈਂਡਿੰਗ ਹਨ। ਸੰਸਦ ਮੈਂਬਰ ਕੰਗਨਾ ਰਣੌਤ ਅਤੇ ਵਿਧਾਇਕ ਅਮਿਤ ਰਤਨ ਦੇ ਮਾਮਲੇ ਬਠਿੰਡਾ ਦੀ ਅਦਾਲਤ ’ਚ ਪੈਂਡਿੰਗ ਹਨ। ਸਮੁੱਚੇ ਦੇਸ਼ ’ਚ ਅਜਿਹੇ ਕੇਸਾਂ ਦੀ ਗਿਣਤੀ 4266 ਦੇ ਕਰੀਬ ਹੈ ਜੋ ਸਾਲ 2018 ’ਚ 4075 ਦੇ ਕਰੀਬ ਸੀ। ਪੰਜਾਬ ’ਚ 22 ਕੇਸ ਤਾਂ ਇੱਕ ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਇੱਕੋ ਪੜਾਅ ’ਤੇ ਲਟਕੇ ਹੋਏ ਹਨ।

       ਪੰਜਾਬ ਦੇ 19 ਕੇਸਾਂ ’ਤੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਸਟੇਅ ਲਾਈ ਹੋਈ ਹੈ। ਸੀ ਬੀ ਆਈ ਵੱਲੋਂ ਪੰਜਾਬ ਤੋਂ ਬਾਹਰ ਵੀ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਦਾ ਅੰਕੜਾ ਵੱਖਰਾ ਹੈ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ 14 ਦਸੰਬਰ 2017 ਨੂੰ ‘ਅਸ਼ਵਨੀ ਕੁਮਾਰ ਉਪਾਧਿਆਏ ਬਨਾਮ ਭਾਰਤ ਸਰਕਾਰ’ ਕੇਸ ’ਚ ਮੌਜੂਦਾ ਤੇ ਸਾਬਕਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਵਿਰੁੱਧ ਅਪਰਾਧਿਕ ਕੇਸਾਂ ਦੇ ਜਲਦੀ ਨਿਬੇੜੇ ਲਈ 10 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਦਰਜਨ ਵਿਸ਼ੇਸ਼ ਫਾਸਟ ਟਰੈਕ ਅਦਾਲਤਾਂ ਬਣਾਉਣ ਦੇ ਹੁਕਮ ਦਿੱਤੇ ਸਨ। 

       ਜਿਨ੍ਹਾਂ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੇ ਕੇਸ ਅਦਾਲਤ ’ਚ ਪੈਂਡਿੰਗ ਹਨ, ਉਨ੍ਹਾਂ ’ਚ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ, ਅਮਨ ਅਰੋੜਾ, ਸਰਬਜੀਤ ਕੌਰ ਮਾਣੂੰਕੇ, ਕੁਲਵੰਤ ਸਿੰਘ ਪੰਡੋਰੀ, ਲਾਲਜੀਤ ਸਿੰਘ ਭੁੱਲਰ, ਸੁਖਪਾਲ ਸਿੰਘ ਖਹਿਰਾ ਅਤੇ ਕੰਗਨਾ ਰਣੌਤ ਆਦਿ ਸ਼ਾਮਲ ਹਨ। ਇਸੇ ਤਰ੍ਹਾਂ ਜਿਨ੍ਹਾਂ ਸਾਬਕਾ ਵਿਧਾਇਕਾਂ ਅਤੇ ਸਾਬਕਾ ਸੰਸਦ ਮੈਂਬਰਾਂ ਦੇ ਕੇਸ ਅਦਾਲਤਾਂ ’ਚ ਲਟਕ ਰਹੇ ਹਨ, ਉਨ੍ਹਾਂ ’ਚ ਬਿਕਰਮ ਸਿੰਘ ਮਜੀਠੀਆ, ਓਮ ਪ੍ਰਕਾਸ਼ ਸੋਨੀ, ਅਨਿਲ ਜੋਸ਼ੀ, ਅਮਰਪਾਲ ਸਿੰਘ ਬੋਨੀ, ਵੀਰ ਸਿੰਘ ਲੋਪੋਕੇ, ਸਰੂਪ ਚੰਦ ਸਿੰਗਲਾ, ਕੁਸ਼ਲਦੀਪ ਸਿੰਘ ਢਿੱਲੋਂ, ਸਤਕਾਰ ਕੌਰ ਗਹਿਰੀ, ਭਾਰਤ ਭੂਸ਼ਣ ਆਸ਼ੂ, ਸ਼ੀਤਲ ਅੰਗੁਰਾਲ, ਕੁਲਦੀਪ ਸਿੰਘ ਵੈਦ, ਮਦਨ ਲਾਲ ਜਲਾਲਪੁਰ, ਹੀਰਾ ਸਿੰਘ ਗਾਬੜੀਆ ਆਦਿ ਸ਼ਾਮਲ ਹਨ।

No comments:

Post a Comment