Showing posts with label moga. Show all posts
Showing posts with label moga. Show all posts

Tuesday, July 28, 2026

ਜਵਾਨੀ ਦੀ ਗੂੰਜ 
 ਜਦੋਂ ਸੱਤਾ ਦਾ ਸਿੰਘਾਸਣ ਡੋਲਿਆ..! 
ਚਰਨਜੀਤ ਭੁੱਲਰ  

ਚੰਡੀਗੜ੍ਹ : ਦਿੱਲੀ ਅੰਦੋਲਨ ਦੀ ਜਿੱਤ ਮਗਰੋਂ ਹੁਣ ‘ਜੈੱਨ-ਜ਼ੀ’ ਦੀ ਚਾਰੇ ਪਾਸੇ ਗੂੰਜ ਪਈ ਹੈ। ਨੌਜਵਾਨੀ ਦੀ ਚੜ੍ਹਤ ਦਾ ਇਹ ਕੋਈ ਪਹਿਲਾ ਕਿੱਸਾ ਨਹੀਂ ਹੈ। ਪੰਜਾਬ ’ਚ ਵੀ ਇੱਕ ਦੌਰ ਸੀ ਜਦੋਂ ਵਿਦਿਆਰਥੀ ਲਹਿਰ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਸੀ। ਕਰੀਬ ਅੱਧੀ ਸਦੀ ਪਹਿਲਾਂ ਪੰਜਾਬ ’ਚ ਨੌਜਵਾਨਾਂ ਨੇ ਤੰਤਰ ਦੀ ਚੂਲ ਹਿਲਾ ਕੇ ਰੱਖ ਦਿੱਤੀ ਸੀ। ਹੁਣ ਕੌਕਰੋਚ ਜਨਤਾ ਪਾਰਟੀ ਦੀ ਅਗਵਾਈ ’ਚ ‘ਜੈੱਨ-ਜ਼ੀ’ ਨੇ 36 ਦਿਨਾਂ ਦਾ ਅੰਦੋਲਨ ਚਲਾ ਕੇ ਹਕੂਮਤ ਨੂੰ ਝੁਕਣ ਲਈ ਮਜਬੂਰ ਕੀਤਾ। ਇਸੇ ਤਰ੍ਹਾਂ ਪੰਜਾਬ ’ਚ ਵਿਦਿਆਰਥੀ ਲਹਿਰ ਆਪਣੇ ਸਮਿਆਂ ਦੀ ਵੱਡੀ ਮੂਵਮੈਂਟ ਸੀ।ਪੰਜਾਬ ’ਚ ਸੱਤਰ ਦੇ ਦਹਾਕੇ ’ਚ ਵਾਪਰੇ ਮੋਗਾ ਕਾਂਡ ਨੇ ਪੰਜਾਬ ਦੀ ਜਵਾਨੀ ਦੇ ਰੋਹ ’ਤੇ ਤੇਲ ਪਾ ਦਿੱਤਾ ਸੀ। ਮੋਗਾ ਦੇ ਰੀਗਲ ਸਿਨੇਮਾ ਕਾਂਡ ਦੀ ਚੰਗਿਆੜੀ ਮਗਰੋਂ ਕਰੀਬ ਇੱਕ ਦਹਾਕਾ ਪੰਜਾਬ ’ਚ ਵਿਦਿਆਰਥੀ ਲਹਿਰ ਦੀ ਤੂਤੀ ਬੋਲਦੀ ਰਹੀ। ਵਿਦਿਆਰਥੀ ਧਿਰਾਂ ਸੂਬੇ ਭਰ ’ਚ ਤੇਜ਼ੀ ਨਾਲ ਫੈਲੀਆਂ ਸਨ। ਕਰੀਬ 1982-83 ਦੇ ਸਮਿਆਂ ਤੱਕ ਵਿਦਿਆਰਥੀ ਲਹਿਰ ਸਿਖ਼ਰਾਂ ’ਤੇ ਰਹੀ।

        ਪਿਛਾਂਹ ਵੇਖੀਏ ਤਾਂ ਮੋਗਾ ਕਾਂਡ ਵਿਦਿਆਰਥੀ ਲਹਿਰ ਦਾ ਕੇਂਦਰ ਬਿੰਦੂ ਬਣਿਆ। ਮੋਗਾ ਗੋਲੀਕਾਂਡ ਬਾਰੇ ਜਾਂਚ ਕਮਿਸ਼ਨ ਬਣਿਆ ਜਿਸ ਦੀ ਰਿਪੋਰਟ 2 ਮਾਰਚ 1973 ਨੂੰ ਪੰਜਾਬ ਵਿਧਾਨ ਸਭਾ ’ਚ ਪੇਸ਼ ਕੀਤੀ ਗਈ ਸੀ। ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਇਸ ਰਿਪੋਰਟ ਅਨੁਸਾਰ ਮੋਗਾ ਦੇ ਸਥਾਨਿਕ ਵਿਦਿਆਰਥੀਆਂ ਨੇ ਟਿਕਟਾਂ ਦੀ ਬਲੈਕ ਨੂੰ ਲੈ ਕੇ ਕੇ ਸ਼ਹਿਰ ਦੇ ਰੀਗਲ ਸਿਨੇਮਾ ਅਤੇ ਮੈਜਿਸਟਿਕ ਸਿਨੇਮਾ ਬਾਰੇ ਐੱਸ ਡੀ ਐੱਮ ਮੋਗਾ ਨੂੰ ਸ਼ਿਕਾਇਤ ਕੀਤੀ ਸੀ । ਐੱਸ ਡੀ ਐੱਮ ਹਰਭਜਨ ਸਿੰਘ ਨੇ ਉਸ ਵਕਤ ਸਮਝੌਤਾ ਵੀ ਕਰਾਇਆ ਪ੍ਰੰਤੂ ਸਿਨੇਮਾ ਮਾਲਕ ਪਾਲਣਾ ਕਰਨ ਤੋਂ ਭੱਜ ਗਏ।27 ਸਤੰਬਰ 1972 ਨੂੰ ਜਦੋਂ ਮੁੜ ਕਾਲਜ ਖੁੱਲ੍ਹੇ ਤਾਂ ਸਿਨੇਮਾਂ ਘਰਾਂ ’ਚ ਕੋਈ ਸੁਧਾਰ ਨਾ ਹੋਣ ਤੋਂ ਵਿਦਿਆਰਥੀ ਭੜਕ ਉੱਠੇ ਜਿਨ੍ਹਾਂ ਨੇ ਇੱਕ ਕਮੇਟੀ ਬਣਾ ਕੇ 3 ਅਕਤੂਬਰ 1972 ਨੂੰ ਦੋਵੇਂ ਸਿਨੇਮਾ ਘਰਾਂ ਅੱਗੇ ਪ੍ਰਦਰਸ਼ਨ ਕੀਤਾ। ਐੱਸ ਡੀ ਐੱਮ ਨੇ ਮੁੜ ਸ਼ਿਕਾਇਤ ਮਿਲਣ ’ਤੇ ਬਹੁਤੀ ਗ਼ੌਰ ਨਾ ਕੀਤੀ ਅਤੇ ਜਾਂਚ ਰਿਪੋਰਟ ਅਨੁਸਾਰ ਐੱਸ ਡੀ ਐੱਮ ਨੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਵੀ ਹਨੇਰੇ ’ਚ ਰੱਖਿਆ।

        ਇਸੇ ਦੌਰਾਨ 3 ਅਕਤੂਬਰ ਨੂੰ ਮੈਜਿਸਟਿਕ ਸਿਨੇਮਾ ਦੇ ਮਾਲਕਾਂ ਨੇ ਮੰਗਾਂ ਮੰਨ ਲਈਆਂ ਤੇ ਵਿਦਿਆਰਥੀਆਂ ਨੇ ਇਸ ਸਿਨੇਮਾ ਖ਼ਿਲਾਫ਼ ਅੰਦੋਲਨ ਵਾਪਸ ਲੈ ਲਿਆ। 4 ਅਕਤੂਬਰ 1972 ਨੂੰ ਵਿਦਿਆਰਥੀਆਂ ਨੇ ਮੁੜ ਰੀਗਲ ਸਿਨੇਮਾ ਅੱਗੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਅਤੇ ਇਸ ਮੌਕੇ ਸਿਨੇਮਾ ਮਾਲਕਾਂ ਦੀ ਮਦਦ ਲਏ ਆਏ ਗੁੰਡਾ ਅਨਸਰਾਂ ਨੇ ਵਿਦਿਆਰਥੀਆਂ ’ਤੇ ਹਮਲਾ ਕਰ ਦਿੱਤਾ। ਉਲਟਾ ਪੁਲੀਸ ਨੇ ਗੁੰਡਾ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨ ’ਚ ਢਿੱਲ ਵਰਤੀ ਤੇ ਵਿਦਿਆਰਥੀ ਰੋਹ ਭੜਕ ਉੱਠਿਆ। 5 ਅਕਤੂਬਰ ਨੂੰ ਵਿਦਿਆਰਥੀਆਂ ਨੇ ਰੀਗਲ ਸਿਨੇਮਾ ਅੱਗੇ ਧਰਨਾ ਦਿੱਤਾ ਅਤੇ ਜਲੂਸ ਦੀ ਸ਼ਕਲ ’ਚ ਐੱਸ ਡੀ ਐੱਮ ਦੀ ਅਦਾਲਤ ’ਚ ਵੀ ਪਹੁੰਚ ਗਏ ਸਨ। ਰੇਲਵੇ ਰੋਡ ’ਤੇ ਵਿਦਿਆਰਥੀ ਭੀੜ ’ਚ ਰੋਹ ਫੈਲ ਗਿਆ। ਪੁਲੀਸ ਨੇ ਟੀ-ਜੰਕਸ਼ਨ ਕੋਲ ਭੀੜ ’ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਜਿਸ ’ਚ ਉਹ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਦਾ ਪ੍ਰਦਰਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਜਾਂਚ ਰਿਪੋਰਟ ਅਨੁਸਾਰ ਡਿਪਟੀ ਕਮਿਸ਼ਨਰ ਅਤੇ ਐੱਸ ਪੀ ਕੁੱਝ ਮਿੰਟਾਂ ਲਈ ਫੈਲੀ ਅਰਾਜਕਤਾ ਦੇ ਮੂਕ ਦਰਸ਼ਕ ਬਣੇ ਰਹੇ। ਰਿਪੋਰਟ ’ਚ ਕਿਹਾ ਗਿਆ ਹੈ ਕਿ ਰੇਲਵੇ ਰੋਡ ਅਤੇ ਚੈਂਬਰ ਰੋਡ ਦੇ ਅਖੀਰ ’ਤੇ ਕੀਤੀ ਗਈ ਗੋਲ਼ੀਬਾਰੀ ਬਦਲਾਖੋਰੀ ਵਾਲੀ ਸੀ।

        ਪੁਲੀਸ ਫੋਰਸ ਦੇ ਇੱਕ ਮੈਂਬਰ ਨੇ 12 ਬੋਰ ਦੀ ਬੰਦੂਕ ਦੀ ਵਰਤੋਂ ਕੀਤੀ। 5 ਅਕਤੂਬਰ ਦੀ ਗੋਲ਼ੀਬਾਰੀ ’ਚ ਚਾਰ ਜਣੇ ਮਾਰੇ ਗਏ ਜਿਨ੍ਹਾਂ ’ਚ ਵਿਦਿਆਰਥੀ ਸਵਰਨ ਸਿੰਘ ਅਤੇ ਹਰਜੀਤ ਸਿੰਘ ਵਾਸੀ ਚੜਿੱਕ ਸਨ। ਰੀਗਲ ਸਿਨੇਮਾ ਘਰ ਨੂੰ 7 ਅਕਤੂਬਰ ਨੂੰ ਅੱਗ ਲਾ ਦਿੱਤੀ ਗਈ। ਉਸ ਮਗਰੋਂ ਰੋਹ ਇਕਦਮ ਪੰਜਾਬ ਭਰ ’ਚ ਫੈਲ ਗਿਆ। ਤਤਕਾਲੀ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਉਸ ਦਿਨ ਸ਼ਾਮ ਨੂੰ ਮੋਗਾ ਵਿਖੇ ਪੁੱਜੇ। ਵਿਦਿਆਰਥੀ ਤਾਕਤ ਦਾ ਕ੍ਰਿਸ਼ਮਾ ਸੀ ਕਿ ਪੰਜਾਬ ਸਰਕਾਰ ਨੇ ਫ਼ੌਰੀ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਦਾ ਤਬਾਦਲਾ ਕਰ ਦਿੱਤਾ ਅਤੇ ਰੀਗਲ ਸਿਨੇਮਾ ਘਰ ਨੂੰ ਬੰਦ ਕਰ ਦਿੱਤਾ। ਅੰਦੋਲਨ ਹੋਰ ਭੜਕਣ ਤੋਂ ਰੋਕਣ ਲਈ ਸਕੂਲ ਕਾਲਜ ਬੰਦ ਕਰ ਦਿੱਤੇ ਗਏ। ਲਹਿਰ ਕਾਲਜ ਕਾਲਜ ਪਹੁੰਚ ਚੁੱਕੀ ਸੀ। ਉਸ ਮਗਰੋਂ 10 ਜਨਵਰੀ 1974 ਨੂੰ ਲੁਧਿਆਣਾ ਤੇ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਸਕੱਤਰੇਤ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਪੁਲੀਸ ਨਾਲ ਝੜਪ ਹੋ ਗਈ। 117 ਵਿਦਿਆਰਥੀ ਗ੍ਰਿਫ਼ਤਾਰ ਕਰ ਲਏ ਗਏ ਜਿਸ ਦੇ ਰੋਸ ਵਜੋਂ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਨੇ 14 ਜਨਵਰੀ 1974 ਨੂੰ ਪੂਰੇ ਪੰਜਾਬ ’ਚ ਹੜਤਾਲ ਦਾ ਸੱਦਾ ਦੇ ਦਿੱਤਾ। 

         ਹਿੰਸਾ ਦੇ ਕੇਸ ’ਚ 200 ਵਿਦਿਆਰਥੀ ਗ੍ਰਿਫ਼ਤਾਰ ਕੀਤੇ ਗਏ। ਵਿਦਿਆਰਥੀ ਤਾਕਤ ਵਜੋਂ ਜ਼ਿਲ੍ਹਾ ਮੈਜਿਸਟਰੇਟ ਫ਼ਰੀਦਕੋਟ ਨੇ 7 ਦਸੰਬਰ 1972 ਨੂੰ ਰੀਗਲ ਸਿਨੇਮਾ ’ਚ ਸ਼ੋਅ ਦਿਖਾਉਣ ਦੀ ਮਨਾਹੀ ਕਰ ਦਿੱਤੀ। 21 ਮਾਰਚ 1986 ਨੂੰ ਪੰਜਾਬ ਸਰਕਾਰ ਨੇ ਸਿਨੇਮਾ ਦੀ ਪੂਰੀ ਜਗ੍ਹਾ ਐਕੁਆਇਰ ਕਰ ਲਈ। ਵਿਦਿਆਰਥੀ ਜਥੇਬੰਦੀ ਦੀ ਮੰਗ ’ਤੇ ਮੋਗਾ ਕਾਂਡ ’ਚ ਸ਼ਹੀਦ ਹੋਏ ਵਿਦਿਆਰਥੀਆਂ ਦੀ ਯਾਦ ’ਚ ਰੀਗਲ ਸਿਨੇਮਾ ਦੀ ਥਾਂ ’ਤੇ ਯਾਦਗਾਰੀ ਲਾਇਬਰੇਰੀ ਬਣਾਈ ਗਈ। ਉਨ੍ਹਾਂ ਸਮਿਆਂ ’ਚ ਅੰਦੋਲਨ ਦੀ ਜਿੱਤ ਵਜੋਂ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਰਿਆਇਤੀ ਬੱਸ ਪਾਸ ਸ਼ੁਰੂ ਕੀਤੇ ਗਏ ਸਨ।ਪੀ ਐੱਸ ਯੂ ਤੋਂ ਇਲਾਵਾ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਅਤੇ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ ਵੀ ਲਹਿਰ ’ਚ ਮੋਹਰੀ ਰਹੀਆਂ। ਪੀ ਐੱਸ ਯੂ (ਰੰਧਾਵਾ) ਦੇ ਸਾਬਕਾ ਪ੍ਰਧਾਨ ਪਾਵੇਲ ਕੁੱਸਾ ਆਖਦੇ ਹਨ ਕਿ ਪੁਰਾਣੇ ਸਮਿਆਂ ’ਚ ਵਿਦਿਆਰਥੀ ਲਹਿਰ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ। ਹੁਣ ‘ਜੈੱਨ-ਜ਼ੀ’ ਦੀ ਜਿੱਤ ਮਗਰੋਂ ਵੀ ਵਿਦਿਆਰਥੀ ਲਹਿਰ ਲਈ ਰਾਹ ਮੋਕਲਾ ਹੋਇਆ ਹੈ ਅਤੇ ਇਸ ਨਾਲ ਉਚੇਰੀ ਸਿੱਖਿਆ ਦੇ ਅਦਾਰਿਆਂ ’ਚ  ਮਾਹੌਲ ਵੀ ਬੱਝੇਗਾ।

                             ਪੰਜਾਬ ’ਚ ਵੀ ਖੜੋਤ ਟੁੱਟੇਗੀ : ਰੰਧਾਵਾ

 ਪੀ ਐੱਸ ਯੂ ਦੇ ਸੂਬਾ ਪ੍ਰਧਾਨ ਰਣਬੀਰ ਸਿੰਘ ਰੰਧਾਵਾ ਆਖਦੇ ਹਨ ਕਿ ਲੰਮੇ ਅਰਸੇ ਤੋਂ ਵਿਦਿਆਰਥੀ ਲਹਿਰ ’ਚ ਆਈ ਖੜੋਤ ਨੂੰ ਤੋੜਨ ’ਚ ਦਿੱਲੀ ਦਾ ਅੰਦੋਲਨ ਸਹਾਈ ਹੋਵੇਗਾ। ਆਪ ਮੁਹਾਰੇ ਜੁੜੇ ਅੰਦੋਲਨ ਦੀ ਜਿੱਤ ਹੁਣ ਪੰਜਾਬ ਦੇ ਵਿਦਿਆਰਥੀ ਵਰਗ ’ਚ ਹੌਸਲਾ ਭਰੇਗੀ ਅਤੇ ਲੜਨ ਵੱਲ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਕਾਲਜ ਬੰਦ ਹੋਣ ਦੇ ਬਾਵਜੂਦ ਪੰਜਾਬ ’ਚ ਦਿੱਲੀ ਅੰਦੋਲਨ ਦੀ ਹਮਾਇਤ ’ਚ ਪ੍ਰਦਰਸ਼ਨ ਹੋਏ ਸਨ।

                                           ਸੌ ਥਾਵਾਂ ’ਤੇ ਹੋਏ ਸਨ ਟਕਰਾਅ

ਮੋਗਾ ਘਟਨਾ ਤੋਂ ਭੜਕੇ ਵਿਦਿਆਰਥੀਆਂ ਨੇ  ਸਰਕਾਰੀ ਤੇ ਪ੍ਰਾਈਵੇਟ ਮਸ਼ੀਨਰੀ ’ਤੇ ਹੱਲੇ ਬੋਲੇ  ਸਨ। ਰੀਗਲ ਸਿਨੇਮਾ ਨੂੰ ਅੱਗ ਲਗਾ ਦਿੱਤੀ ਗਈ ਸੀ ਅਤੇ ਫ਼ਿਰੋਜ਼ਪੁਰ ’ਚ ਪੰਜਾਬ ਰੋਡਵੇਜ਼ ਦੀਆਂ ਦੋ ਬੱਸਾਂ ਜਲਾ ਦਿੱਤੀਆਂ ਸਨ। ਕਪੂਰਥਲਾ ’ਚ ਪ੍ਰਾਈਵੇਟ ਬੱਸ ਤੋਂ ਇਲਾਵਾ ਸਿਨੇਮਾ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਫ਼ਰੀਦਕੋਟ ’ਚ 6.09 ਲੱਖ ਦੀ ਸਰਕਾਰੀ ਅਤੇ 9.19 ਲੱਖ ਦੀ ਪ੍ਰਾਈਵੇਟ ਸੰਪਤੀ ਦਾ ਨੁਕਸਾਨ ਹੋਇਆ।  ਸਰਕਾਰੀ ਵੇਰਵਿਆਂ ਅਨੁਸਾਰ 1972 ’ਚ ਪੰਜਾਬ ਦੇ 12 ਜ਼ਿਲ੍ਹਿਆਂ ’ਚ 100 ਥਾਵਾਂ ’ਤੇ ਟਕਰਾਅ ਹੋਏ। ਸਭ ਤੋਂ ਵੱਧ ਜ਼ਿਲ੍ਹਾ ਪਟਿਆਲਾ ’ਚ 33 ਅਤੇ ਫ਼ਰੀਦਕੋਟ ’ਚ ਸੱਤ ਥਾਵਾਂ ’ਤੇ ਹੋਏ ਸਨ।

Friday, May 1, 2015

                                  ਤੇਰਾ ਕੌਣ ਵਿਚਾਰਾ..
                     ਸ਼ਰਮ ਵਿਚ ਡੁੱਬਿਆ ਪੰਜਾਬ 
                                    ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਵਿਚ ਮਹਿਲਾ ਹੁਣ ਮਹਿਫੂਜ਼ ਨਹੀਂ ਰਹੀ। ਰਾਜ ਵਿਚ ਰੋਜ਼ਾਨਾ ਤਿੰਨ ਔਰਤਾਂ ਨੂੰ ਛੇੜਖਾਨੀ ਤੇ ਬਲਾਤਕਾਰ ਦਾ ਸੰਤਾਪ ਝੱਲਣਾ ਪੈਂਦਾ ਹੈ। ਪੰਜਾਬ ਨੂੰ ਔਰਬਿਟ ਕਾਂਡ ਨੇ ਸ਼ਰਮਸਾਰ ਕਰ ਦਿੱਤਾ ਹੈ। ਤਿੰਨ ਵਰਿ•ਆਂ ਤੋਂ ਪੰਜਾਬ ਵਿਚ ਬੱਸਾਂ ਵਿਚ ਬਲਾਤਕਾਰ ਤੇ ਛੇੜਖਾਨੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਔਰਬਿਟ ਕੰਪਨੀ ਦੀ ਬੱਸ ਵਿਚ ਹੋਈ ਛੇੜਖਾਨੀ ਨੇ ਪੰਜਾਬ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਵੱਡੀ ਗੱਲ ਇਹ ਕਿ ਅਦਾਲਤਾਂ ਚੋਂ ਮੁਲਜ਼ਮ ਸਾਫ ਬਚ ਰਹੇ ਹਨ। ਚਾਰ ਵਰਿ•ਆਂ ਤੋਂ ਅਦਾਲਤਾਂ ਚੋਂ 60 ਫੀਸਦੀ ਛੇੜਖਾਨੀ ਦੇ ਮੁਲਜ਼ਮ ਬਰੀ ਹੋ ਰਹੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਵਿਚ ਲੰਘੇ ਚਾਰ ਵਰਿ•ਆਂ (ਜਨਵਰੀ 2011 ਤੋਂ ਦਸੰਬਰ 2014 ਤੱਕ) ਦੌਰਾਨ ਬਲਾਤਕਾਰ ਅਤੇ ਛੇੜਖਾਨੀ ਦੇ 4548 ਪੁਲੀਸ ਕੇਸ ਦਰਜ ਹੋਏ ਹਨ ਜਿਸ ਦਾ ਮਤਲਬ ਹੈ ਕਿ ਔਸਤਨ ਪ੍ਰਤੀ ਮਹੀਨਾ 94 ਔਰਤਾਂ ਨੂੰ ਬਲਾਤਕਾਰ ਤੇ ਛੇੜਖਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕੱਲੇ ਸਰਕਾਰੀ ਤੱਥ ਹਨ ਜੋ ਮਾਮਲੇ ਪੁਲੀਸ ਤੱਕ ਪੁੱਜਦੇ ਹੀ ਨਹੀਂ ਹਨ, ਉਨ•ਾਂ ਦੀ ਗਿਣਤੀ ਇਸ ਤੋਂ ਵੱਡੀ ਹੋਵੇਗੀ। ਪੰਜਾਬ ਵਿਚ ਸਾਲ 2013 ਦੇ ਵਰੇ• ਵਿਚ ਤਾਂ ਬਲਾਤਕਾਰ ਤੇ ਛੇੜਖਾਨੀ ਦੇ ਦੋ ਹਜ਼ਾਰ ਪੁਲੀਸ ਕੇਸ ਦਰਜ ਹੋਏ ਹਨ। ਸਾਲ 2012 ਵਿਚ 1051 ਅਤੇ ਸਾਲ 2011 ਵਿਚ ਇਨ•ਾਂ ਕੇਸਾਂ ਦੀ ਗਿਣਤੀ 792 ਰਹੀ ਹੈ।  ਲੰਘੇ ਵਰੇ• ਸਾਲ 2014 ਵਿਚ 705 ਕੇਸ ਦਰਜ ਹੋਏ ਹਨ।
                      ਵੇਰਵਿਆਂ ਅਨੁਸਾਰ ਦਸੰਬਰ 2014 ਵਿਚ ਹੁਸ਼ਿਆਰਪੁਰ ਜਿਲ•ੇ ਵਿਚ ਇੱਕ ਸਕੂਲ ਬੱਸ ਵਿਚ ਸਕੂਲੀ ਬੱਚੀ ਨਾਲ ਬੱਸ ਡਰਾਈਵਰ ਨੇ ਛੇੜਖਾਨੀ ਕੀਤੀ ਸੀ। ਉਸ ਤੋਂ ਪਹਿਲਾਂ ਜਨਵਰੀ 2013 ਵਿਚ ਜਿਲ•ਾ ਗੁਰਦਾਸਪੁਰ ਵਿਚ ਇੱਕ ਬੱਸ ਵਿਚ ਇੱਕ 29 ਵਰਿ•ਆਂ ਦੀ ਔਰਤ ਨਾਲ ਗੈਂਗਰੇਪ ਹੋਇਆ ਸੀ। ਸਾਲ 2015 ਦੇ ਅੱਧ ਤੋਂ ਪਹਿਲਾਂ ਹੀ ਹੁਣ ਔਰਬਿਟ ਕਾਂਡ ਵਾਪਰ ਗਿਆ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਹਰਦੇਵ ਅਰਸ਼ੀ ਨੇ ਮੋਗਾ ਜਿਲ•ੇ ਵਿਚ ਵਾਪਰੀ ਘਟਨਾ ਨੂੰ ਸ਼ਰਮਨਾਕ ਦੱਸਿਆ ਹੈ। ਉਨ•ਾਂ ਆਖਿਆ ਕਿ ਪੰਜਾਬ ਦੇ ਮੱਥੇ ਤੇ ਇਸ ਕਾਂਡ ਨੇ ਬਦਨਾਮੀ ਦਾ ਟਿੱਕਾ ਲਗਾ ਦਿੱਤਾ ਹੈ ਅਤੇ ਰਾਜ ਵਿਚ ਵਧੀ ਗੁੰਡਾਗਰਦੀ ਦਾ ਸਬੂਤ ਦੇ ਦਿੱਤਾ ਹੈ। ਗ੍ਰਹਿ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਵਿਚ ਸਾਲ 2014 ਦੌਰਾਨ ਇਕੱਲੀਆਂ ਨਾਬਾਲਗ ਲੜਕੀਆਂ ਨਾਲ 145 ਕੇਸ ਛੇੜਖਾਨੀ ਦੇ ਵਾਪਰੇ ਹਨ ਜਦੋਂ ਕਿ ਲੜਕੀਆਂ ਨਾਲ ਬਲਾਤਕਾਰ ਦੇ 385 ਮਾਮਲੇ ਸਾਹਮਣੇ ਆਏ ਹਨ। ਸੂਚਨਾ ਅਨੁਸਾਰ  ਸਾਲ 2013 ਵਿਚ ਪੰਜਾਬ ਦੇ ਥਾਣਿਆਂ ਵਿਚ 1045 ਕੇਸ ਛੇੜਖਾਨੀ ਦੇ ਦਰਜ ਹੋਏ ਹਨ ਅਤੇ 1132 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਵਰੇ• ਦੌਰਾਨ ਅਦਾਲਤਾਂ ਵਿਚੋਂ ਸਿਰਫ 30 ਫੀਸਦੀ ਕੇਸਾਂ ਵਿਚ ਹੀ ਪੁਲੀਸ ਨੂੰ ਸਫਲਤਾ ਮਿਲੀ ਹੈ।
                     ਪੰਜਾਬ ਵਿਚ ਸਿਆਸੀ ਛੱਤਰੀ ਹੇਠ ਨਵੇਂ ਗੈਂਗ ਪੈਦਾ ਹੋ ਰਹੇ ਹਨ। ਬਠਿੰਡਾ ਜੇਲ• ਵਿਚ ਹੋਈ ਗੈਂਗਵਾਰ ਇਸ ਦੀ ਜਾਗਦੀ ਮਿਸਾਲ ਹੈ। ਵੱਡੀ ਗੱਲ, ਹੁਣ ਔਰਤਾਂ ਨਿਸ਼ਾਨੇ ਤੇ ਹਨ। ਪੰਜਾਬ ਵਿਚ ਸਾਲ 2013 ਵਿਚ ਸਰੂਤੀ ਕਾਂਡ ਵਾਪਰਿਆ ਸੀ ਜਿਸ ਨੇ ਗੁੰਡਾਗਰਦੀ ਦੀ ਅੱਤ ਨੂੰ ਪ੍ਰਤੱਖ ਕੀਤਾ ਸੀ ਅਤੇ ਇਸੇ ਤਰ•ਾਂ ਸਾਲ 2014 ਵਿਚ ਜਿਲ•ਾ ਮੁਕਤਸਰ ਦੇ ਪਿੰਡ ਗੰਧੜ ਵਿਚ 15 ਵਰਿ•ਆਂ ਦੀ ਲੜਕੀ ਨਾਲ ਬਲਾਤਕਾਰ ਹੋਇਆ ਜਿਸ ਦੇ ਮੁਲਜ਼ਮਾਂ ਨੂੰ ਸਲਾਖਾ ਪਿਛੇ ਭੇਜਣ ਲਈ ਕਿਸਾਨ ਤੇ ਮਜ਼ਦੂਰ ਧਿਰਾਂ ਨੂੰ ਲੰਮਾ ਸੰਘਰਸ਼ ਲੜਣਾ ਪਿਆ ਸੀ। ਤੱਥਾਂ ਤੇ ਪਿਛਾਂਹ ਨਜ਼ਰ ਮਾਰੀਏ ਤਾਂ ਪੰਜਾਬ ਵਿਚ ਸਾਲ 2012 ਵਿਚ ਛੇੜਖਾਨੀ ਦੇ ਕੇਸਾਂ ਚੋਂ ਸਿਰਫ 26.7 ਫੀਸਦੀ ਕੇਸਾਂ ਵਿਚ ਪੁਲੀਸ ਮੁਲਜ਼ਮਾਂ ਨੂੰ ਸਲਾਖਾ ਪਿਛੇ ਭੇਜਣ ਵਿਚ ਸਫਲ ਰਹੀ ਹੈ ਜਦੋਂ ਕਿ ਸਾਲ 2011 ਵਿਚ 33.2 ਫੀਸਦੀ ਮੁਲਜ਼ਮਾਂ ਨੂੰ ਸਜਾ ਹੋਈ ਸੀ।
                                                 ਹੁਣ ਕਾਨੂੰਨ ਸਖਤ ਬਣਿਆ : ਬਰਾੜ
ਸਾਬਕਾ ਜਿਲ•ਾ ਅਟਾਰਨੀ ਸ੍ਰੀ ਛਿੰਦਰਪਾਲ ਸਿੰਘ ਬਰਾੜ ਦਾ ਪ੍ਰਤੀਕਰਮ ਸੀ ਕਿ ਛੇੜਖਾਨੀ ਦੇ ਕੇਸਾਂ ਚੋਂ ਪਹਿਲਾਂ ਬਹੁਤੇ ਮੁਲਜ਼ਮ ਸਬੂਤਾਂ ਦੀ ਕਮੀ ਕਰਕੇ ਬਚ ਜਾਂਦੇ ਸਨ ਪ੍ਰੰਤੂ ਹੁਣ ਧਾਰਾ 354 ਨੂੰ ਕਾਫੀ ਸਖਤ ਬਣਾ ਦਿੱਤਾ ਹੈ। ਹੁਣ ਸਰਕਾਰਾਂ ਨੇ ਇਸ ਨੂੰ ਮੁੱਖ ਜੁਰਮ ਵਿਚ ਮੰਨਿਆ ਹੈ ਅਤੇ ਕਾਫੀ ਸਖਤ ਕਾਨੂੰਨ ਬਣਾ ਦਿੱਤਾ ਹੈ ਜਿਸ ਕਰਕੇ ਹੁਣ ਇਨ•ਾਂ ਕੇਸਾਂ ਦੀ ਸਫਲ ਦਰ ਕਾਫੀ ਵੱਧ ਜਾਣੀ ਹੈ। 

Wednesday, September 12, 2012

                                                                    ਬਲੈਕੀਆਂ ਦਾ ਪਿੰਡ
                                        ਦੌਲੇਵਾਲੇ ਦਾ ਹਰ ਘਰ ਥਾਣੇ ਹਾਜ਼ਰੀ ਭਰਦੈ...
                                                                      ਚਰਨਜੀਤ ਭੁੱਲਰ
ਬਠਿੰਡਾ : ਪਿੰਡ ਦੌਲੇਵਾਲਾ ਪੰਜਾਬ ਦਾ ਇਕਲੌਤਾ ਪਿੰਡ ਹੈ ਜਿਸ ਦੇ ਔਸਤਨ ਹਰੇਕ ਘਰ ਖ਼ਿਲਾਫ਼ ਪੁਲੀਸ ਕੇਸ ਦਰਜ ਹੈ। ਇਸ ਪਿੰਡ ਵਿੱਚ ਕਰੀਬ 400 ਘਰ ਹਨ ਜਦੋਂ ਕਿ ਪੁਲੀਸ ਕੇਸਾਂ ਦੀ ਗਿਣਤੀ 385 ਹੈ ਜੋ ਲੰਘੇ ਸਾਢੇ ਪੰਜ ਵਰ੍ਹਿਆਂ ਦੌਰਾਨ ਦਰਜ ਹੋਏ ਹਨ। ਪੁਰਾਣੇ ਕੇਸਾਂ ਨੂੰ ਜੋੜ ਲਈਏ ਤਾਂ ਇਹ ਗਿਣਤੀ ਹਜ਼ਾਰਾਂ ਵਿੱਚ ਬਣਦੀ ਹੈ। ਜ਼ਿਲ੍ਹਾ ਮੋਗਾ ਦੇ ਇਸ ਪਿੰਡ ਦੇ 75 ਫੀਸਦੀ ਲੋਕ ਨਸ਼ਿਆਂ ਦਾ ਕਾਰੋਬਾਰ ਕਰਦੇ ਹਨ। ਇਹ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਤੇ ਮੋਗਾ ਦੀ ਹੱਦ 'ਤੇ ਪੈਂਦਾ ਹੈ। ਪੂਰੇ ਇਲਾਕੇ ਦੀ ਜਵਾਨੀ ਨੂੰ ਇਨ੍ਹਾਂ ਤਸਕਰਾਂ ਨੇ ਤਬਾਹੀ ਕੰਢੇ ਲਿਆ ਖੜ੍ਹਾਇਆ ਹੈ। ਇਸ ਪਿੰਡ ਦੇ ਬਹੁਗਿਣਤੀ ਲੋਕ ਰਾਏ ਸਿੱਖ ਬਰਾਦਰੀ ਦੇ ਹਨ ਜੋ ਤਸਕਰੀ ਕਰਦੇ ਹਨ। ਪੁਲੀਸ ਅਨੁਸਾਰ ਇਸ ਪਿੰਡ ਦੇ 65 ਵਿਅਕਤੀ ਜੇਲ੍ਹਾਂ ਵਿੱਚ ਬੰਦ ਹਨ।
           ਜ਼ਿਲ੍ਹਾ ਪੁਲੀਸ ਮੋਗਾ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਦਿੱਤੀ ਜਾਣਕਾਰੀ ਅਨੁਸਾਰ ਇੱਕ ਜਨਵਰੀ, 2006 ਤੋਂ 28 ਜੁਲਾਈ,2012 ਤੱਕ ਪਿੰਡ ਦੌਲੇਵਾਲਾ ਦੇ ਲੋਕਾਂ ਖ਼ਿਲਾਫ਼ 385 ਪੁਲੀਸ ਕੇਸ ਦਰਜ ਹੋਏ ਹਨ ਅਤੇ ਬਹੁਤੇ ਕੇਸਾਂ ਵਿੱਚ ਮੁਲਜ਼ਮਾਂ ਦੀ ਗਿਣਤੀ ਔਸਤਨ ਦੋ ਜਾਂ ਤਿੰਨ ਹੈ। 18 ਜੂਨ, 2011 ਨੂੰ ਇਸ ਪਿੰਡ ਦੇ 29 ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਹੋਇਆ ਸੀ ਜਿਸ ਵਿੱਚ ਅੱਠ ਔਰਤਾਂ ਦੇ ਨਾਂ ਵੀ ਸ਼ਾਮਲ ਹਨ। ਇਸ ਪਿੰਡ ਦੀਆਂ 70 ਔਰਤਾਂ ਖ਼ਿਲਾਫ਼ ਵੀ ਪੁਲੀਸ ਕੇਸ ਦਰਜ ਹਨ।ਕਈ ਪਰਿਵਾਰਾਂ ਖ਼ਿਲਾਫ਼ ਤਾਂ ਦਰਜਨਾਂ ਕੇਸ ਦਰਜ ਹਨ। ਔਰਤਾਂ ਖ਼ਿਲਾਫ਼ ਇੱਕ ਦਰਜਨ ਕੇਸ ਪੋਸਤ ਤਸਕਰੀ ਦੇ ਦਰਜ ਹਨ ਜਦੋਂ ਕਿ 9 ਪੁਲੀਸ ਕੇਸ ਸਮੈਕ ਤਸਕਰੀ ਦੇ ਦਰਜ ਹਨ। ਔਰਤਾਂ ਖ਼ਿਲਾਫ਼ ਤਿੰਨ ਪੁਲੀਸ ਕੇਸ ਸ਼ਰਾਬ ਦੀ ਤਸਕਰੀ ਦੇ ਦਰਜ ਹਨ। ਫਤਹਿਗੜ੍ਹ ਪੰਜਤੂਰ ਥਾਣੇ ਅਧੀਨ ਪੈਂਦੇ ਇਸ ਪਿੰਡ ਦੇ ਲੋਕਾਂ ਖ਼ਿਲਾਫ਼ 140 ਕੇਸ ਤਾਂ ਇਕੱਲੇ ਫਤਹਿਗੜ ਪੰਜਤੂਰ ਥਾਣੇ ਵਿੱਚ ਹੀ ਦਰਜ ਹਨ ਜਦੋਂ ਕਿ 245 ਪੁਲੀਸ ਕੇਸ ਬਾਕੀ ਪੰਜਾਬ ਦੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ। ਜੋ ਰਾਜਸਥਾਨ ਅਤੇ ਹਰਿਆਣਾ ਵਿੱਚ ਕੇਸ ਦਰਜ ਹਨ,ਉਹ ਵੱਖਰੇ ਹਨ। ਪਿੰਡ ਦੇ ਕਰੀਬ ਇੱਕ ਦਰਜਨ ਲੋਕ ਭਗੌੜੇ ਹਨ। ਅੱਧੀ ਦਰਜਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਸਨ।
            ਤੱਥਾਂ 'ਤੇ ਨਜ਼ਰ ਮਾਰੀਏ ਤਾਂ ਛੇ ਵਰ੍ਹਿਆਂ ਵਿੱਚ ਇਸ ਪਿੰਡ ਦੇ ਲੋਕਾਂ ਖ਼ਿਲਾਫ਼ 120 ਪੁਲੀਸ ਕੇਸ ਤਾਂ ਇਕੱਲੇ ਪੋਸਤ ਤਸਕਰੀ ਦੇ ਦਰਜ ਹੋਏ ਹਨ ਜਦੋਂ ਕਿ 105 ਕੇਸ ਨਾਜਾਇਜ਼ ਸ਼ਰਾਬ ਦੇ ਦਰਜ ਹਨ। ਚਾਰ ਕੇਸ ਅਫੀਮ ਤਸਕਰੀ ਦੇ ਦਰਜ ਹਨ। ਸੂਚਨਾ ਅਨੁਸਾਰ ਪਿੰਡ ਦੇ ਲੋਕਾਂ ਖ਼ਿਲਾਫ਼ 24 ਕੇਸ ਸਮੈਕ ਤਸਕਰੀ ਦੇ ਦਰਜ ਹਨ ਜਦੋਂ ਕਿ ਇੱਕ ਕੇਸ ਹੈਰੋਇਨ ਦਾ ਦਰਜ ਹੈ। ਪੰਜ ਕੇਸ ਜੂਆ ਐਕਟ ਤਹਿਤ ਦਰਜ ਹਨ। ਬਾਕੀ ਕੇਸ ਇਰਾਦਾ ਕਤਲ ਅਤੇ ਲੜਾਈ ਝਗੜੇ ਦੇ ਹਨ। ਇਸ ਪਿੰਡ ਦੀਆਂ ਔਰਤਾਂ ਖ਼ਿਲਾਫ਼ 51 ਪੁਲੀਸ ਕੇਸ ਤਾਂ ਇਕੱਲੇ ਫਤਹਿਗੜ੍ਹ ਪੰਜਤੂਰ ਥਾਣੇ ਵਿੱਚ ਦਰਜ ਹਨ ਜਦੋਂ ਕਿ 19 ਪੁਲੀਸ ਕੇਸ ਪੰਜਾਬ ਦੇ ਬਾਕੀ ਥਾਣਿਆਂ ਵਿੱਚ ਦਰਜ ਹਨ। ਇਸ ਪਿੰਡ ਵਿੱਚ ਤਕਰੀਬਨ ਦੋ ਹਜ਼ਾਰ ਵੋਟਾਂ ਹਨ। ਦੇਖਿਆ ਜਾਵੇ ਤਾਂ ਔਸਤਨ ਹਰ ਦੂਜੇ ਵੋਟਰ ਖ਼ਿਲਾਫ਼ ਪੁਲੀਸ ਕੇਸ ਦਰਜ ਹੈ। ਕਈ ਨੌਜਵਾਨ ਲੜਕੀਆਂ ਖ਼ਿਲਾਫ਼  ਵੀ ਕੇਸ ਦਰਜ ਹਨ। ਸੂਚਨਾ ਅਨੁਸਾਰ ਇਸ ਪਿੰਡ ਦੇ ਲੋਕ ਪਾਕਿਸਤਾਨ 'ਚੋਂ ਉੱਜੜ ਕੇ ਆਏ ਹਨ। ਪਿੰਡ ਵਿੱਚ 15 ਫੀਸਦੀ ਜੱਟ ਸਿੱਖ ਅਤੇ ਪੰਜ ਫੀਸਦੀ ਅਰੋੜਾ ਸਿੱਖਾਂ ਦੇ ਘਰ ਹਨ ਜਦੋਂ ਕਿ ਪੰਜ ਕੁ ਫੀਸਦੀ ਦਲਿਤ ਲੋਕਾਂ ਦੇ ਘਰ ਹਨ। ਬਾਕੀ ਸਭ ਰਾਏ ਸਿੱਖ ਬਰਾਦਰੀ ਦੇ ਘਰ ਹਨ। ਪੰਚਾਇਤ ਨੇ ਦੱਸਿਆ ਕਿ ਫਿਲਹਾਲ ਜੱਟ ਸਿੱਖ ਅਤੇ ਅਰੋੜਾ ਬਰਾਦਰੀ ਤਸਕਰੀ ਤੋਂ ਬਚੀ ਹੋਈ ਹੈ। ਪਿੰਡ ਦੀ ਮਾੜੀ ਆਰਥਿਕਤਾ ਨੇ ਰਾਏ ਸਿੱਖ ਬਰਾਦਰੀ ਨੂੰ ਤਸਕਰੀ ਵੱਲ ਧੱਕਿਆ ਹੈ।
           ਇਸ ਪਿੰਡੇ ਦੇ ਲੋਕਾਂ ਮੁਤਾਬਕ ਰਾਏ ਸਿੱਖ ਬਰਾਦਰੀ ਦੇ ਲੋਕ ਪਹਿਲਾਂ ਸ਼ਰਾਬ ਵੇਚਦੇ ਸਨ ਅਤੇ ਫਿਰ ਇਹ ਭੁੱਕੀ ਅਤੇ ਅਫ਼ੀਮ ਦੀ ਤਸਕਰੀ ਕਰਨ ਲੱਗ ਪਏ। ਹੁਣ ਇਨ੍ਹਾਂ ਨੇ ਸਮੈਕ ਅਤੇ ਹੈਰੋਇਨ ਦੀ ਤਸਕਰੀ ਸ਼ੁਰੂ ਕਰ ਦਿੱਤੀ ਹੈ। ਰਾਜਸਥਾਨ,ਹਰਿਆਣਾ ਅਤੇ ਮੱਧ ਪ੍ਰਦੇਸ਼ ਤੱਕ ਇਨ੍ਹਾਂ ਦੇ ਸੰਪਰਕ ਹਨ। ਬਹੁਤੇ ਤਸਕਰ ਨਸ਼ਿਆਂ ਦੀ ਇਲਾਕੇ ਵਿੱਚ ਹੋਮ ਡਲਿਵਰੀ ਵੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਸਮੈਕ ਦਾ ਕਾਰੋਬਾਰ ਸ਼ੁਰੂ ਹੋਇਆ ਹੈ ਉਦੋਂ ਤੋਂ ਪਿੰਡ ਵਿੱਚ ਸ਼ਾਮ ਨੂੰ ਲੰਮੀਆਂ ਗੱਡੀਆਂ ਦਾ ਮੇਲਾ ਲੱਗ ਜਾਂਦਾ ਹੈ। ਪਿੰਡ ਵਾਲਿਆਂ ਮੁਤਾਬਕ ਨਸ਼ਿਆਂ ਕਾਰਨ ਪਿੰਡ ਦੇ ਚਾਰ ਪੰਜ ਲੜਕਿਆਂ ਦੀ ਮੌਤ ਵੀ ਹੋ ਚੁੱਕੀ ਹੈ। ਪਿੰਡ ਦੇ ਸਰਪੰਚ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਥੋੜ੍ਹੀ ਸਖ਼ਤੀ ਦਿਖਾਉਂਦੀ ਤਾਂ ਅੱਜ ਪਿੰਡ ਦਾ ਇਹ ਹਾਲ ਨਾ ਹੁੰਦਾ। ਉਨ੍ਹਾਂ ਕਿਹਾ ਕਿ ਤਸਕਰੀ ਕਾਰਨ ਪਿੰਡ ਦੇ ਮੱਥੇ 'ਤੇ ਦਾਗ ਲੱਗ ਗਿਆ ਹੈ। ਉਨ੍ਹਾਂ ਦੱਸਿਆ ਕਿ ਬਹੁਤੇ ਲੋਕ ਮੁੱਖ ਧਾਰਾ ਵਿੱਚ ਆਉਣ ਨੂੰ ਤਿਆਰ ਵੀ ਹਨ ਪਰ ਪੁਲੀਸ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਉਹ ਨੇਤਾਵਾਂ ਅਤੇ ਅਫ਼ਸਰਾਂ ਨੂੰ ਮਿਲੇ ਹਨ ਤਾਂ ਜੋ ਪਿੰਡ ਨੂੰ ਇਸ ਦਲਦਲ 'ਚੋਂ ਕੱਢ ਕੇ ਕਿਰਤ ਦੇ ਰਾਹ ਪਾਇਆ ਜਾਵੇ। ਉਨ੍ਹਾਂ ਦੱਸਿਆ ਕਿ ਕਈ ਵਾਰ ਪੁਲੀਸ ਨੂੰ ਤਸਕਰੀ ਬਾਰੇ ਦੱਸਦੇ ਹਾਂ ਪਰ ਪੁਲੀਸ ਚੁੱਪ ਕਰ ਜਾਂਦੀ ਹੈ।
                                                               ਦੌਲੇਵਾਲਾ ਦੀ ਪੁੜੀ
ਮਾਲਵੇ ਵਿੱਚ ਪਿੰਡ ਦੌਲੇਵਾਲਾ ਦੀ ਪੁੜੀ ਕਾਫ਼ੀ ਮਸ਼ਹੂਰ ਹੈ। ਇਸ ਪਿੰਡ ਦੇ ਤਸਕਰ ਪਰਚੂਨ ਵਿੱਚ ਵੀ ਸਮੈਕ ਵੇਚਦੇ ਹਨ। ਕਈ ਔਰਤਾਂ ਸਮੈਕ ਦੀ ਇੱਕ ਗਰਾਮ ਦੀ ਪੁੜੀ ਤਿਆਰ ਕਰਦੀਆਂ ਹਨ ਜਿਸ ਨੂੰ 600 ਰੁਪਏ ਵਿੱਚ ਵੇਚਿਆ ਜਾਂਦਾ ਹੈ ਜਦੋਂ ਕਿ ਤਸਕਰਾਂ ਨੂੰ ਇੱਕ ਗਰਾਮ ਸਮੈਕ 200 ਰੁਪਏ ਵਿੱਚ ਮਿਲਦੀ ਹੈ। ਨਸ਼ੇੜੀ ਦਿਨ ਵਿੱਚ ਦੋ ਜਾਂ ਤਿੰਨ ਪੁੜੀਆਂ ਉਡਾ ਦਿੰਦੇ ਹਨ। ਇੱਕ ਗਰਾਮ ਹੀਰੋਇਨ ਇਨ੍ਹਾਂ ਤਸਕਰਾਂ ਵੱਲੋਂ 1500 ਰੁਪਏ ਵਿੱਚ ਵੇਚੀ ਜਾਂਦੀ ਹੈ। ਪਿੰਡ 'ਚੋਂ ਦਿਨ ਵਿੱਚ ਸੈਂਕੜੇ ਪੁੜੀਆਂ ਦੀ ਵਿਕਰੀ ਹੁੰਦੀ ਹੈ।
                                               ਹੁਣ ਤਸਕਰੀ ਕੰਟਰੋਲ ਹੋਈ: ਪੁਲੀਸ ਕਪਤਾਨ  
ਜ਼ਿਲ੍ਹਾ ਪੁਲੀਸ ਕਪਤਾਨ ਮੋਗਾ ਸੁਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਕੇ ਸਮਝਾਇਆ ਸੀ ਕਿ ਉਹ ਇਹ ਕਾਰੋਬਾਰ ਛੱਡ ਦੇਣ, ਪ੍ਰਸ਼ਾਸਨ ਉਨ੍ਹਾਂ ਨੂੰ ਰੁਜ਼ਗਾਰ ਦਿਵਾਉਣ ਲਈ ਤਿਆਰ ਹੈ। ਉਨ੍ਹਾਂ ਦੱਸਿਆ ਕਿ ਕਾਫ਼ੀ ਲੋਕ ਕੰਮ ਛੱਡ ਵੀ ਗਏ ਹਨ ਅਤੇ ਅੱਧੀ ਦਰਜਨ ਤਸਕਰ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਨਾਲੋਂ ਹੁਣ ਤਸਕਰੀ ਦਾ ਕੰਮ ਕੰਟਰੋਲ ਹੋਇਆ ਹੈ ਅਤੇ ਪੁਲੀਸ ਵੱਲੋਂ ਇਸ ਪਿੰਡ 'ਤੇ ਸਖ਼ਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ।