Saturday, October 31, 2026

 ਸੱਥਰਾਂ ਦਾ ਸੰਤਾਪ 
 ਪੰਜਾਬ ਕਦੋਂ ਤੱਕ ਕਰੇਗਾ ਖ਼ਾਮੋਸ਼ ਮਾਤਮ..! 
ਚਰਨਜੀਤ ਭੁੱਲਰ 

ਚੰਡੀਗੜ੍ਹ :ਅਕਤੂਬਰ ਦਾ ਮਹੀਨਾ ਕਿੰਨੇ ਹੀ ਪਰਿਵਾਰਾਂ ਦੇ ਘਰਾਂ ’ਚ ਸੱਥਰ ਵਿਛਾ ਗਿਆ ਤੇ  ਪੰਜਾਬ ਅੱਗੇ ਕਿੰਨੇ ਹੀ ਸਵਾਲ ਛੱਡ ਗਿਆ। ਇਨ੍ਹਾਂ ਸੱਥਰਾਂ ’ਤੇ ਜੁੜੇ ਲੋਕਾਂ ਦਾ ਹੁਣ ਇੱਕੋ ਫ਼ਿਕਰ ਹੈ ਕਿ ਨਵੀਂ ਪੀੜੀ ਨੂੰ ਕਿਵੇਂ ਬਚਾਈਏ। ਸਭ ਮੌਤਾਂ ਦੀ ਇੱਕੋ ਹੀ ਤੰਦ ਹੈ ਅਤੇ ਇੱਕੋ ਹੀ ਆਖ਼ਰੀ ਸਾਹ ਦਾ ਰਾਹ। ਇਨ੍ਹਾਂ ਪਰਿਵਾਰਾਂ ਦਾ ਇਕਲੌਤੇ ਜੀਅ ਜਹਾਨੋਂ ਚਲੇ ਗਏ ਹਨ। ਮਾਨਸਾ ਦੇ ਪਿੰਡ ਭੰਮੇ ਕਲਾਂ ਦਾ ਦਲਜੀਤ ਸਿੰਘ ਹਾਰੀ ਹੋਈ ਜ਼ਿੰਦਗੀ ਦਾ ਆਖ਼ਰੀ ਪੰਨਾ ਸੀ ਜਿਸ ਨੂੰ ਜਿਉਂਦੇ ਜੀਅ ਨਸ਼ੇ ਨੇ ਮਧੋਲੀ ਰੱਖਿਆ ਤੇ ਜਦੋਂ ਸ਼ਾਹਾਂ ਦੀ ਡੋਰ ਟੁੱਟ ਗਈ ਤਾਂ ਆਖ਼ਰੀ ਸਫ਼ਰ ਵੀ ਅਪਮਾਨ ’ਚ ਰੁਲ ਗਿਆ ਪੰਜਾਬ ’ਚ ਕਿੰਨੀਆਂ ਹੀ ਅਭਾਗਣਾਂ ਨੇ ਜਿਨ੍ਹਾਂ ਦੇ ਸਿਰਾਂ ਦੇ ਸਾਈਂ ਜੋਬਨ ਰੁੱਤੇ ਤੁਰ ਗਏ। ਅਕਤੂਬਰ ਦਾ ਮਹੀਨਾ ਵੀ ਇਨ੍ਹਾਂ ਪਰਿਵਾਰਾਂ ਲਈ ‘ਸੱਥਰਾਂ ਦਾ ਮਹੀਨਾ’ ਬਣ ਗਿਆ ਜਿਨ੍ਹਾਂ ਦੇ ਇਕਲੌਤੇ ਪੁੱਤ ਨਸ਼ਿਆਂ ਨੇ ਸਿਵਿਆਂ ਦੀ ਰਾਖ ਬਣਾ ਦਿੱਤੇ। ਹੁਣ ਦਲਜੀਤ ਸਿੰਘ ਦੀ ਜ਼ਿੰਦਗੀ ਵੀ ਨਸ਼ੇ ਦੀ ਭੇਟ ਚੜ੍ਹ ਗਈ। ਉਹ ਘਰੋਂ ਮੋਟਰ ਸਾਈਕਲ ’ਤੇ ਗਿਆ ਅਤੇ ਕਰੀਬ ਪੌਣੇ ਬਾਰਾਂ ਵਜੇ ਉਸ ਦੀ ਮੌਤ ਦਾ ਸੁਨੇਹਾ ਆ ਗਿਆ ਸੀ।

        ਪੁਲੀਸ ਆਖਦੀ ਹੈ ਕਿ ਦਲਜੀਤ ਦਾ ਕਤਲ ਹੋਇਆ ਹੈ ਅਤੇ ਮੁਲਜ਼ਮ ਫੜ੍ਹ ਲਏ ਹਨ। ਜਦੋਂ ਮਾਪੇ ਦਲਜੀਤ ਦੀ ਮ੍ਰਿਤਕ ਦੇਹ ਤਾਬੂਤ ’ਚ ਲੈ ਕੇ ਮਾਨਸਾ ਮੋਰਚੇ ਲਈ ਰਵਾਨਾ ਹੋਏ ਸਨ ਤਾਂ ਪੁਲੀਸ ਨੇ ਤਾਬੂਤ ਹੀ ਝਪਟ ਲਿਆ। ਅਜੀਬ ਮੰਜਰ ਸੀ ਕਿ ਜਦ ਲੋਕਾਂ ਤੋਂ ਤਾਬੂਤ ਖੋਹ ਕੇ ਪੁਲੀਸ ਲਿਜਾ ਰਹੀ ਸੀ। ਜਦੋਂ ਤਾਬੂਤ ਧੂੜਾਂ ’ਚ ਰੁਲਦੇ ਹਨ ਤਾਂ ਉਹ ਸਵਾਲ ਦੀ ਰੁਲ ਜਾਂਦੇ ਹਨ ਜੋ ਸੱਤਾ ਤੋਂ ਜਵਾਬ ਭਾਲਦੇ ਹਨ ਕਿ ਆਖ਼ਰ ਕਿੰਨਾ ਕੁ ਸਮਾਂ ਪੰਜਾਬ ਨੂੰ ਇਹ ਸੰਤਾਪ ਝੱਲਣਾ ਪਵੇਗਾ। ਆਖ਼ਰੀ ਵਿਦਾਇਗੀ ਦਾ ਸਨਮਾਨ ਵੀ ਖੋਹ ਦਲਜੀਤ ਤੋਂ ਖੋਹ ਲਿਆ ਗਿਆ ਸੀ। ਦੋ ਗਜ ਜ਼ਮੀਨ ਤੇ ਦੋ ਪਲ ਦਾ ਸਤਿਕਾਰ ਵੀ ਦੁਰਲੱਭ ਹੋ ਗਿਆ। ਪੰਜਾਬ ’ਚ ਇਹ ਖ਼ਾਮੋਸ਼ ਮਾਤਮ ਕਿੰਨੇ ਵਰ੍ਹਿਆਂ ਤੋਂ ਚੱਲ ਰਿਹਾ ਹੈ। 35 ਵਰ੍ਹਿਆਂ ਦਾ ਦਲਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਉਸ ਦੀ ਵੱਡੀ ਭੈਣ ਪਰਮਜੀਤ ਕੌਰ ਲਈ ਰੱਖੜੀ ਦਾ ਦਿਨ ਹੁਣ ਕਦੇ ਨਹੀਂ ਆਵੇਗਾ। 

       ਦਲਜੀਤ ਸਿੰਘ ਦਾ ਪਿਤਾ ਜਰਨੈਲ ਸਿੰਘ ਪਸ਼ੂ ਪਾਲਣ ਮਹਿਕਮੇ ਦਾ ਸੇਵਾ ਮੁਕਤ ਕਰਮਚਾਰੀ ਹੈ। ਛੋਟੀ ਕਿਸਾਨੀ ਨਾਲ ਸਬੰਧਿਤ ਇਸ ਪਰਿਵਾਰ ਦੀ ਕਰਜ਼ੇ ’ਚ ਜ਼ਮੀਨ ਚਲੀ ਗਈ ਅਤੇ ਬਾਰਾਂ ਜਮਾਤਾਂ ਪਾਸ ਕਰਨ ਮਗਰੋਂ ਦਲਜੀਤ ਸਿੰਘ ਰੁਜ਼ਗਾਰ ਵਿਹੂਣਾ ਸੀ। ਉਸ ਦਾ ਪਿਤਾ ਜਰਨੈਲ ਸਿੰਘ ਅਤੇ ਮਾਂ ਸ਼ਿੰਦਰ ਕੌਰ ਦੋਵੇਂ ਅੰਮ੍ਰਿਤਧਾਰੀ ਹਨ। ਦਲਜੀਤ ਆਪਣੇ ਪਿੱਛੇ 14 ਸਾਲ ਦਾ ਲੜਕਾ ਅਤੇ ਛੇ ਸਾਲ ਦੀ ਬੱਚੀ ਛੱਡ ਗਿਆ। ਇਨ੍ਹਾਂ ਬੱਚਿਆਂ ਤੋਂ ਬਾਪ ਦਾ ਹੱਥ ਸਦਾ ਲਈ ਖੁੱਸ ਗਿਆ। ਪੰਜਾਬ ਦੇ ਕਿੰਨੇ ਹੀ ਪਰਿਵਾਰ ਉਹ ਦਿਨ ਉਡੀਕ ਰਹੇ ਹਨ ਜਦੋਂ ਇਨਸਾਨ ਨੂੰ ਜਿਉਂਦੇ ਜੀਅ ਇਲਾਜ ਅਤੇ ਮਰਨ ਤੋਂ ਬਾਅਦ ਇੱਜ਼ਤ ਮਿਲੇ।ਜਿਨ੍ਹਾਂ ਦੇ ਪੁੱਤ ਨਸ਼ੇ ਦੀ ਭੱਠੀ ’ਚ ਸੜ ਗਏ, ਉਨ੍ਹਾਂ ਦੀਆਂ ਮਾਵਾਂ ਦੀਆਂ ਦੁਆਵਾਂ, ਭੈਣਾਂ ਦੀਆਂ ਉਮੀਦਾਂ ਤੇ ਬਾਪ ਦੇ ਚਾਅ ਵੀ ਰਾਖ ਹੋ ਗਏ। ਥੋੜ੍ਹੇ ਦਿਨ ਪਹਿਲਾਂ ਮਾਨਸਾ ਦੇ ਭੀਮ ਸਿੰਘ ਦੇ ਚਾਵਾਂ ਨੂੰ ਵੀ ਅਚਿੰਤੇ ਬਾਜ ਪੈ ਗਏ ਜਦੋਂ ਪਰਵਿੰਦਰ ਸਿੰਘ ਝੋਟਾ ਦੀ ਜਾਨ ਲੈ ਲਈ ਗਈ।

       ਪਰਵਿੰਦਰ ਦੀ ਮ੍ਰਿਤਕ ਦੇਹ 13 ਅਕਤੂਬਰ ਤੋਂ ਮੁਰਦਾਘਰ ’ਚ ਪਈ ਹੈ। ਪਰਵਿੰਦਰ ਨਸ਼ਾ ਤਸਕਰੀ ਖ਼ਿਲਾਫ਼ ਲੜਦਾ ਲੜਦਾ ਆਪਣੀ ਜਾਨ ਗੁਆ ਬੈਠਾ।ਪਰਵਿੰਦਰ ਮਾਪਿਆਂ ਦਾ ਇਕਲੌਤਾ ਪੁੱਤ ਸੀ। ਐਕਸ਼ਨ ਕਮੇਟੀ ਨਿਆਂ ਲਈ ਮਾਨਸਾ ’ਚ ਮੋਰਚਾ ਚਲਾ ਰਹੀ ਹੈ।ਮੰਡੀ ਲਾਧੂਕਾ ਦੇ ਬਹਿਕ ਖਾਸ ਦੇ ਸੰਦੀਪ ਸਿੰਘ ਦੀ ਮੌਤ ਦਾ ਕਾਰਨ ਵੀ ਨਸ਼ੇ ਬਣੇ ਹਨ। ਉਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਇਸੇ ਮਹੀਨੇ ’ਚ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਘੱਟੀਆਂਵਾਲੀ ਜੱਟਾਂ ਦੇ 17 ਸਾਲ ਦੇ ਨੌਜਵਾਨ ਅਭਿਜੋਤ ਸਿੰਘ ਦੀ ਜਾਨ ਵੀ ਨਸ਼ਿਆਂ ਨੇ ਲੈ ਲਈ। ਉਹ ਦੋ ਦਿਨ ਪਹਿਲਾਂ ਹੀ ਨਸ਼ਾ ਛੁਡਾਊ ਕੇਂਦਰ ਚੋਂ ਵਾਪਸ ਆਇਆ ਸੀ। ਉਸ ਦੇ ਬਾਪ ਹਰਜਿੰਦਰ ਸਿੰਘ ਦੀ ਵੀ 14 ਮਹੀਨੇ ਪਹਿਲਾਂ ਨਸ਼ੇ ਕਾਰਨ ਮੌਤ ਹੋ ਗਈ ਸੀ। ਪਰਿਵਾਰ ’ਚ ਪਿੱਛੇ ਹੁਣ ਮਾਂ ਤੇ ਦਾਦੀ ਰਹਿ ਗਈਆਂ ਹਨ। ਇਨ੍ਹਾਂ ਪਰਿਵਾਰਾਂ ਦਾ ਚਿਰਾਗ਼ ਦੀਵਾਲੀ ਤੋਂ ਪਹਿਲਾਂ ਹੀ ਬੁੱਝ ਗਏ ਹਨ। 

No comments:

Post a Comment