ਥਾਣੇ ਖਾਲੀ ਕਰਕੇ ਸਿਆਸੀ ਨੇਤਾਵਾਂ ਨੂੰ ‘ਬਖ਼ਸ਼ੀਆਂ’ ਏ.ਕੇ.47 ਰਫ਼ਲਾਂ
Posted On February - 11 - 2011
ਚਰਨਜੀਤ ਭੁੱਲਰ
ਬਠਿੰਡਾ, 10 ਫਰਵਰੀ
ਬਠਿੰਡਾ ਇਲਾਕੇ ਵਿੱਚ ਹੁਣ ਸਿਆਸੀ ਲੀਡਰ ਏ.ਕੇ. 47 ਨਾਲ ਟੌਹਰ ਬਣਾ ਰਹੇ ਹਨ ਜਦੋਂ ਕਿ ਥਾਣੇ ਏ.ਕੇ. 47 ਨੂੰ ਤਰਸੇ ਪਏ ਹਨ। ਲੀਡਰਾਂ ਨੇ ਇਕੱਲੇ ਗੰਨਮੈਨ ਹੀ ਨਹੀਂ ਲਏ ਬਲਕਿ ਏ.ਕੇ. 47 ਵੀ ਸਿਫਾਰਸ਼ ਨਾਲ ਲਈ ਹੈ। ਜ਼ਿਲ੍ਹਾ ਪੁਲੀਸ ਕੋਲ ਏ.ਕੇ. 47 ਰਾਈਫਲਜ਼ ਦੀ ਘਾਟ ਬਣੀ ਹੋਈ ਹੈ। ਦੂਸਰੀ ਤਰਫ਼ ਕਈ ਅਫਸਰਾਂ ਨੇ ਤਾਂ ਬਦਲੀ ਮਗਰੋਂ ਵੀ ਜ਼ਿਲ੍ਹਾ ਪੁਲੀਸ ਨੂੰ ਏ.ਕੇ. 47 ਰਾਈਫਲ ਵਾਪਸ ਨਹੀਂ ਕੀਤੀ। ਕੋਈ ਸਮਾਂ ਸੀ ਜਦੋਂ ਏ.ਕੇ. 47 ਕੇਵਲ ਉਨ੍ਹਾਂ ਲੀਡਰਾਂ ਤੇ ਅਫਸਰਾਂ ਦੇ ਗੰਨਮੈਨਾਂ ਕੋਲ ਹੁੰਦੀ ਸੀ ਜੋ ਹਿੱਟ ਲਿਸਟ ‘ਤੇ ਹੁੰਦੇ ਸਨ। ਉਦੋਂ ਸੁਰੱਖਿਆਂ ਦੀ ਨਜ਼ਰ ਤੋਂ ਇਸ ਰਾਈਫਲ ਦੀ ਲੋੜ ਸੀ। ਹੁਣ ‘ਟੌਹਰ’ ਵਜੋਂ ਏ.ਕੇ. 47 ਲੀਡਰ ਲੈ ਰਹੇ ਹਨ। ਜੋ ਹਾਕਮ ਧਿਰ ਦੇ ਲੀਡਰ ਹਨ, ਉਨ੍ਹਾਂ ਨੂੰ ਪੁਲੀਸ ਨੇ ਏ.ਕੇ. 47 ਤਰਜੀਹੀ ਤੌਰ ‘ਤੇ ਦਿੱਤੀ ਹੈ ਜਦੋਂ ਕਿ ਵਿਰੋਧੀ ਧਿਰ ਨੂੰ ਏ.ਕੇ. 47 ਦੇਣ ਲਈ ਹੱਥ ਘੁੱਟਿਆ ਗਿਆ ਹੈ। ਆਮ ਲੋਕਾਂ ਦੀ ਹਿਫਾਜ਼ਤ ਵਾਸਤੇ ਪੁਲੀਸ ਕੋਲ ਏ.ਕੇ. 47 ਲਈ ਨਹੀਂ ਹੈ। ਜ਼ਿਲ੍ਹਾ ਬਠਿੰਡਾ ‘ਚ 18 ਥਾਣੇ ਹਨ ਜਿਨ੍ਹਾਂ ‘ਚੋਂ ਕੇਵਲ ਅੱਧੀ ਦਰਜਨ ਥਾਣਿਆਂ ਕੋਲ ਇਕ-ਇਕ ਏ.ਕੇ. 47 ਹੈ।ਬਠਿੰਡਾ, 10 ਫਰਵਰੀ
ਜ਼ਿਲ੍ਹਾ ਪੁਲੀਸ ਨੇ ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਦਿੱਤੇ ਹਨ, ਉਨ੍ਹਾਂ ਅਨੁਸਾਰ ਜ਼ਿਲ੍ਹਾ ਬਠਿੰਡਾ ਦੇ 11 ਸਿਆਸੀ ਲੀਡਰਾਂ ਕੋਲ 17 ਏ.ਕੇ. 47 ਰਾਈਫਲਾਂ ਹਨ। ਇਨ੍ਹਾਂ ਨੇਤਾਵਾਂ ਵੱਲੋਂ ਆਪੋ-ਆਪਣੇ ਗੰਨਮੈਨਾਂ ਦੇ ਨਾਮ ਇਹ ਰਾਈਫਲਾਂ ਜਾਰੀ ਕਰਾਈਆਂ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਸੁਰੱਖਿਆ ਵਾਸਤੇ ਗੰਨਮੈਨਾਂ ਕੋਲ 3 ਏ.ਕੇ. 47 ਰਾਈਫਲਾਂ ਹਨ ਜਦੋਂ ਕਿ ਅਕਾਲੀ ਦਲ ਦੇ ਹਲਕਾ ਇੰਚਾਰਜ ਬਠਿੰਡਾ ਸਰੂਪ ਸਿੰਗਲਾ ਦੀ ਹਿਫਾਜ਼ਤ ਵਜੋਂ ਸੁਰੱਖਿਆ ਗਾਰਡਾਂ ਕੋਲ ਦੋ ਏ.ਕੇ. 47 ਰਾਈਫਲਾਂ ਹਨ। ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਦੀ ਸੁਰੱਖਿਆ ਲਈ ਪੁਲੀਸ ਵੱਲੋਂ ਦੋ ਏ.ਕੇ. 47 ਰਾਈਫਲਾਂ ਜਾਰੀ ਕੀਤੀਆਂ ਹੋਈਆਂ ਹਨ। ਰਾਜ ਸਭਾ ਮੈਂਬਰ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਉਂਝ ਤਾਂ ਜ਼ਿਲ੍ਹਾ ਮਾਨਸਾ ਦੇ ਹਨ ਪਰ ਬਠਿੰਡਾ ਪੁਲੀਸ ਵੱਲੋਂ ਵੀ ਉਨ੍ਹਾਂ ਨੂੰ ਇਕ ਏ.ਕੇ. 47 ਦਿੱਤੀ ਹੋਈ ਹੈ। ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਦੇ ਗੰਨਮੈਨਾਂ ਨੂੰ ਇਕ ਅਤੇ ਹਲਕਾ ਇੰਚਾਰਜ ਦਰਸ਼ਨ ਸਿੰਘ ਕੋਟਫੱਤਾ ਦੀ ਹਿਫਾਜ਼ਤ ਵਾਸਤੇ ਵੀ ਇਹ ਰਾਈਫਲ ਜਾਰੀ ਕੀਤੀ ਹੋਈ ਹੈ। ਭਾਜਪਾ ਨੇਤਾ ਤੇ ਪਲੈਨਿੰਗ ਬੋਰਡ ਦੇ ਮੈਂਬਰ ਮੋਹਿਤ ਗੁਪਤਾ ਨੂੰ ਇਕ ਏ.ਕੇ. 47 ਦਿੱਤੀ ਗਈ ਹੈ ਜਦੋਂ ਕਿ ਇਕ ਏ.ਕੇ. 47 ਰਾਈਫਲ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਦੀ ਰਖਵਾਲੀ ਲਈ ਦਿੱਤੀ ਗਈ ਹੈ।
ਜ਼ਿਲ੍ਹਾ ਪੁਲੀਸ ਵੱਲੋਂ ਕੁੱਲ 62 ਏ.ਕੇ. 47 ਰਾਈਫਲਾਂ ਦੀ ਵੰਡ ਕੀਤੀ ਹੋਈ ਹੈ। ਕਾਂਗਰਸ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੂੰ ਇਕ ਜਦੋਂ ਕਿ ਬਾਕੀ ਕਾਂਗਰਸੀ ਵਿਧਾਇਕਾਂ ਦੀ ਰਖਵਾਲੀ ਵਾਸਤੇ ਇਹ ਰਾਈਫਲ ਨਹੀਂ ਹੈ। ਆਈ.ਪੀ.ਐਸ. ਅਫਸਰਾਂ ਦੀ ਗੱਲ ਕਰੀਏ ਤਾਂ ਪੰਜ ਆਈ.ਪੀ.ਐਸ. ਅਫਸਰਾਂ ਦੀ ਹਿਫਾਜ਼ਤ ਲਈ ਗੰਨਮੈਨਾਂ ਕੋਲ 10 ਏ.ਕੇ. 47 ਰਾਈਫਲਾਂ ਹਨ ਜਦੋਂ ਕਿ 14 ਪੀ.ਪੀ.ਐਸ. ਅਫਸਰਾਂ ਕੋਲ 22 ਏ.ਕੇ. 47 ਰਾਈਫਲਾਂ ਹਨ। ਡੇਰਾ ਸਿਰਸਾ ਦੇ ਮੁਖੀ ਖਿਲਾਫ 295 ਏ ਤਹਿਤ ਕੇਸ ਦਰਜ ਕਰਾਉਣ ਵਾਲੇ ਰਜਿੰਦਰ ਸਿੰਘ ਸਿੱਧੂ ਦੇ ਗੰਨਮੈਨਾਂ ਨੂੰ ਵੀ ਇਕ ਏ.ਕੇ. 47 ਰਾਈਫਲ ਜਾਰੀ ਕੀਤੀ ਗਈ ਹੈ ਅਤੇ ਇਸੇ ਤਰ੍ਹਾਂ ਡੇਰਾ ਵਿਵਾਦ ਨਾਲ ਜੁੜੇ ਖੱਟਾ ਸਿੰਘ ਮੁਹਾਲੀ ਦੇ ਲੜਕੇ ਗੁਰਦਾਸ ਸਿੰਘ ਦੇ ਗੰਨਮੈਨ ਨੂੰ ਵੀ ਇਹ ਰਾਈਫਲ ਜਾਰੀ ਕੀਤੀ ਗਈ ਹੈ। ਬਠਿੰਡਾ ਦੇ ਸਾਬਕਾ ਐਸ.ਐਸ.ਪੀ. ਹਰਨੇਕ ਸਿੰਘ ਸਰ੍ਹਾਂ ਨੂੰ ਵੀ ਇਕ ਏ.ਕੇ. 47 ਰਾਈਫਲ ਦਿੱਤੀ ਹੋਈ ਹੈ। ਬਾਕੀ 22 ਏ.ਕੇ. 47 ਰਾਈਫਲਾਂ ਡੀ.ਐਸ.ਪੀਜ਼ ਤੇ ਐਸ.ਪੀਜ਼ ਕੋਲ ਹਨ। ਇਕ ਰਾਈਫਲ ਸੀ.ਆਈ.ਏ. ਬਠਿੰਡਾ ਕੋਲ ਵੀ ਹੈ। ਇਕ ਏ.ਕੇ. 47 ਰਾਈਫਲ ਕਿਸੇ ਮੁਕੱਦਮੇ ਦੇ ਸਬੰਧ ‘ਚ ਸੀ.ਬੀ.ਆਈ. ਨਵੀਂ ਦਿੱਲੀ ਕੋਲ ਪਈ ਹੈ। ਇਧਰ ਥਾਣਿਆਂ ਦੀ ਗੱਲ ਕਰੀਏ ਤਾਂ ਬਠਿੰਡਾ ਸ਼ਹਿਰ ਦੇ ਕਿਸੇ ਵੀ ਥਾਣੇ ਕੋਲ ਏ.ਕੇ. 47 ਨਹੀਂ ਹੈ। ਕੇਵਲ ਥਾਣਾ ਰਾਮਾ, ਥਾਣਾ ਦਿਆਲਪੁਰਾ, ਥਾਣਾ ਸੰਗਤ, ਥਾਣਾ ਤਲਵੰਡੀ ਸਾਬੋ, ਥਾਣਾ ਫੂਲ ਤੇ ਥਾਣਾ ਨੇਹੀਆਂ ਵਾਲਾ ਕੋਲ ਹੀ ਇਕ-ਇਕ ਏ.ਕੇ. 47 ਰਾਈਫਲ ਹੈ। ਐਸ.ਪੀ (ਸਥਾਨਕ) ਬਠਿੰਡਾ ਅਮਰਜੀਤ ਸਿੰਘ ਦਾ ਕਹਿਣਾ ਸੀ ਕਿ ਸੁਰੱਖਿਆ ਵਾਸਤੇ ਕਾਰਬਾਈਨ ਤੇ ਏ.ਕੇ. 47 ਪ੍ਰਵਾਨ ਹੈ ਅਤੇ ਏ.ਡੀ.ਜੀ.ਪੀ. (ਸੁਰੱਖਿਆ) ਵੱਲੋਂ ਜਿਨ੍ਹਾਂ ਵਿਅਕਤੀਆਂ ਨੂੰ ਸੁਰੱਖਿਆ ਦੇਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ, ਉਨ੍ਹਾਂ ਨੂੰ ਖਾਸ ਅਸਲਾ ਦੇਣ ਦੇ ਹੁਕਮ ਬੇਸ਼ੱਕ ਨਹੀਂ ਕੀਤੇ ਜਾਂਦੇ ਪਰ ਜ਼ਿਲ੍ਹਾ ਪੁਲੀਸ ਅਸਲਾ ਭੰਡਾਰ ਦੀ ਸਥਿਤੀ ਦੇ ਮੁਤਾਬਕ ਏ.ਕੇ. 47 ਜਾਰੀ ਕਰ ਦਿੰਦੀ ਹੈ।
ਅਫਸਰਾਂ ਨੇ ਵੀ ਨਹੀਂ ਮੋੜੀਆਂ
ਬਹੁਤੇ ਅਫਸਰ ਬਠਿੰਡਾ ਪੁਲੀਸ ਦੀ ਏ.ਕੇ. 47 ਬਦਲੀ ਮਗਰੋਂ ਨਾਲ ਹੀ ਲੈ ਗਏ ਹਨ। ਡੀ.ਜੀ.ਪੀ. ਦੇ ਹੁਕਮ ਹਨ ਕਿ ਬਦਲੀ ਮਗਰੋਂ ਅਸਲਾ ਉਸ ਜ਼ਿਲ੍ਹੇ ‘ਚ ਜਮ੍ਹਾਂ ਹੋਣਾ ਹੁੰਦਾ ਹੈ ਜਿੱਥੋਂ ਜਾਰੀ ਹੁੰਦਾ ਹੈ। ਬਠਿੰਡਾ ਜ਼ਿਲ੍ਹੇ ਦੇ ਇੱਕ ਸਾਬਕਾ ਐਸ.ਐਸ.ਪੀ. ਤੇ ਡਿਪਟੀ ਕਮਿਸ਼ਨਰ ਵੱਲੋਂ ਚਾਰ ਏ.ਕੇ. 47 ਰਾਈਫਲਾਂ ਜਮ੍ਹਾਂ ਹੀ ਨਹੀਂ ਕਰਾਈਆਂ ਗਈਆਂ ਹਨ।
ਪੀ.ਏ.ਪੀ. ਚੰਡੀਗੜ੍ਹ ਦੇ ਇਕ ਕਮਾਂਡੈਟ ਕੋਲ ਵੀ ਦੋ ਏ.ਕੇ. 47 ਹਨ ਜੋ ਵਾਪਸ ਨਹੀਂ ਕੀਤੀਆਂ ਗਈਆਂ। ਇਕ ਐਸ.ਪੀ. ਵੀ ਬਠਿੰਡਾ ਪੁਲੀਸ ਦੀ ਏ.ਕੇ. 47 ਬਦਲੀ ਮਗਰੋਂ ਨਾਲ ਹੀ ਲੈ ਗਿਆ ਹੈ। ਇਕ ਆਈ.ਜੀ. ਕੋਲ ਵੀ ਬਠਿੰਡਾ ਪੁਲੀਸ ਦੀ ਏ.ਕੇ 47 ਹੈ ਜੋ ਉਸ ਨੇ ਬਦਲੀ ਮਗਰੋਂ ਵਾਪਸ ਜਮ੍ਹਾਂ ਨਹੀਂ ਕਰਾਈ ਹੈ।
ਪੀ.ਏ.ਪੀ. ਚੰਡੀਗੜ੍ਹ ਦੇ ਇਕ ਕਮਾਂਡੈਟ ਕੋਲ ਵੀ ਦੋ ਏ.ਕੇ. 47 ਹਨ ਜੋ ਵਾਪਸ ਨਹੀਂ ਕੀਤੀਆਂ ਗਈਆਂ। ਇਕ ਐਸ.ਪੀ. ਵੀ ਬਠਿੰਡਾ ਪੁਲੀਸ ਦੀ ਏ.ਕੇ. 47 ਬਦਲੀ ਮਗਰੋਂ ਨਾਲ ਹੀ ਲੈ ਗਿਆ ਹੈ। ਇਕ ਆਈ.ਜੀ. ਕੋਲ ਵੀ ਬਠਿੰਡਾ ਪੁਲੀਸ ਦੀ ਏ.ਕੇ 47 ਹੈ ਜੋ ਉਸ ਨੇ ਬਦਲੀ ਮਗਰੋਂ ਵਾਪਸ ਜਮ੍ਹਾਂ ਨਹੀਂ ਕਰਾਈ ਹੈ।
No comments:
Post a Comment