ਬਠਿੰਡਾ ਵਾਲੇ ਮੇਲੀ ਬਣਨ ਦੇ ਸ਼ੌਂਕੀ, ਖਰਚਣ ਧੇਲਾ ਨਾ
Posted On February - 16 - 2011
ਚਰਨਜੀਤ ਭੁੱਲਰ
ਬਠਿੰਡਾ, 15 ਫਰਵਰੀ
ਬਠਿੰਡਾ ਪੱਟੀ ਦੇ ਲੋਕ ‘ਖੇਤਰੀ ਸਰਸ ਮੇਲੇ’ ਨੂੰ ਇਕੱਲਾ ਦੇਖ ਕੇ ਹੀ ਲੁਤਫ ਲੈ ਰਹੇ ਹਨ ਜਦੋਂ ਕਿ ਖਰੀਦੋ ਫਰੋਖਤ ਲਈ ਜੇਬ ਢਿੱਲੀ ਕਰਨ ਦੀ ਹਿੰਮਤ ਕੋਈ ਨਹੀਂ ਦਿਖਾਉਂਦਾ। ਦੂਰ-ਦੁਰਾਡੇ ਸੂਬਿਆਂ ਤੋਂ ਆਏ ਸੈਲਫ ਹੈਲਪ ਗਰੁੱਪ ਵਿਕਰੀ ਦੇ ਮੱਠੇ ਹੁੰਗਾਰੇ ਤੋਂ ਕਾਫੀ ਨਿਰਾਸ਼ ਹਨ। ਪੰਜਾਬ ਵਿੱਚ ਪਹਿਲਾਂ ‘ਖੇਤਰੀ ਸਰਸ ਮੇਲਾ’ ਪਟਿਆਲਾ ਵਿੱਚ ਲੱਗਿਆ ਸੀ ਜਿਥੇ ਕਿ 8.50 ਕਰੋੜ ਰੁਪਏ ਦੀ ਸਾਜੋ ਸਮਾਨ ਵਿਕਿਆ ਸੀ। ਪਟਿਆਲਾ ਮੇਲੇ ’ਚ ਔਸਤਨ ਨਿੱਤ ਦੀ ਵਿਕਰੀ 80 ਲੱਖ ਰੁਪਏ ਦੀ ਸੀ ਪਰ ਬਠਿੰਡਾ ਦੇ ਖੇਤਰੀ ਸਰਸ ਮੇਲੇ ’ਚ ਰੋਜ਼ਾਨਾ ਦੀ ਵਿਕਰੀ ਪੰਜ ਲੱਖ ਤੱਕ ਵੀ ਨਹੀਂ ਪੁੱਜੀ ਹੈ।
ਪਟਿਆਲਾ ’ਚ 10 ਦਿਨਾਂ ’ਚ 75 ਹਜ਼ਾਰ ਲੋਕਾਂ ਨੇ ਖੇਤਰੀ ਸਰਸ ਮੇਲਾ ਦੇਖਿਆ ਸੀ ਜਦੋਂ ਕਿ ਬਠਿੰਡਾ ਵਿਖੇ ਪੰਜ ਦਿਨਾਂ ’ਚ ਇਹ ਗਿਣਤੀ 20 ਹਜ਼ਾਰ ਹੈ। ਕੁਝ ਸੈਲਫ ਹੈਲਪ ਗਰੁੱਪਾਂ ਵਾਲਿਆਂ ਨੇ ਆਖਿਆ ਕਿ ਬਠਿੰਡਾ ਇਲਾਕੇ ਦੇ ਲੋਕ ਮੇਲਾ ਦੇਖਣ ਵਾਸਤੇ ਤਾਂ ਵੱਡੀ ਗਿਣਤੀ ’ਚ ਆ ਰਹੇ ਹਨ ਪਰ ਖਰੀਦਦਾਰੀ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਲੈ ਰਹੇ ਹਨ। ਮੱਧ ਪ੍ਰਦੇਸ਼ ਦੇ ਇੱਕ ਦੁਕਾਨਦਾਰ ਦਾ ਕਹਿਣਾ ਸੀ ਕਿ ਲੋਕ ਪਿਛਾਂਹ ਹੱਥ ਕਰਕੇ ਨੁਮਾਇਸ਼ਾਂ ਦੇਖ ਕੇ ਮੁੜ ਜਾਂਦੇ ਹਨ, ਸਾਜੋ ਸਮਾਨ ਕੋਈ ਖਰੀਦਦਾ ਨਹੀਂ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੀ.ਸਿਬਨ ਨੇ ਦੱਸਿਆ ਕਿ ਖੇਤਰੀ ਸਰਸ ਮੇਲੇ ਵਿੱਚ ਚਾਰ ਦਿਨਾਂ ਦੌਰਾਨ 11.48 ਲੱਖ ਰੁਪਏ ਦੀ ਵਿਕਰੀ ਹੋਈ ਹੈ ਜਿਸ ਵਿੱਚ 26050 ਰੁਪਏ ਦੀ ਖਾਣ ਪੀਣ ਦੀ ਵਿਕਰੀ ਵੀ ਸ਼ਾਮਲ ਹੈ। ਮੀਂਹ ਨੇ ਵੀ ਵਿਕਰੀ ’ਤੇ ਅਸਰ ਪਾਇਆ ਹੈ ਪਰ ਅੱਜ ਲੋਕਾਂ ਨੇ ਮੀਂਹ ਦੇ ਬਾਵਜੂਦ ਮੇਲਾ ਦੇਖਿਆ ਪਰ ਖਰੀਦਦਾਰੀ ਨਹੀਂ ਕੀਤੀ। ਹੁਣ ਤੱਕ ਉਤਰ ਪ੍ਰਦੇਸ਼ ਦਾ ਸਭ ਤੋਂ ਜ਼ਿਆਦਾ ਸਾਮਾਨ 2.17 ਲੱਖ ਰੁਪਏ ਦਾ ਵਿਕਿਆ ਹੈ ਜਦੋਂ ਕਿ ਚਨਾਬ ਬਲਾਕ ਦਾ ਸਭ ਤੋਂ ਜਿਆਦਾ 3.87 ਲੱਖ ਰੁਪਏ ਦਾ ਸਮਾਨ ਵਿਕਿਆ ਹੈ। ਮੇਲੇ ਦੇ ਪਹਿਲੇ ਦਿਨ ਕੇਵਲ 95070 ਰੁਪਏ ਦੇ ਸਮਾਨ ਦੀ ਹੀ ਵਿਕਰੀ ਹੋਈ ਸੀ ਅਤੇ ਦੂਸਰੇ ਦਿਨ 2.69 ਲੱਖ ਰੁਪਏ ਦਾ ਸਮਾਨ ਵਿਕਿਆ ਸੀ। ਪੰਜਾਬੀ ਖਾਣੇ ਦੀ ਵਿਕਰੀ 18,600 ਰੁਪਏ ਦੀ ਹੋਈ ਹੈ। ਸੈਲਫ ਹੈਲਪ ਗਰੁੱਪਾਂ ਵੱਲੋਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਪਰੋਸਿਆ ਜਾ ਰਿਹਾ ਹੈ।
ਪੰਜਾਬ ਦੀਆਂ ਸਟਾਲਾਂ ਤੋਂ ਚਾਰ ਦਿਨਾਂ ਦੌਰਾਨ 1.69 ਲੱਖ ਰੁਪਏ ਦੇ ਸਮਾਨ ਦੀ ਵਿਕਰੀ ਹੋਈ ਹੈ। ਖੇਤਰੀ ਮੇਲੇ ’ਚ ਸਕੂਲੀ ਬੱਚੇ ਵੀ ਪੁੱਜ ਰਹੇ ਹਨ ਅਤੇ ਖਾਸ ਕਰਕੇ ਕਾਲਜਾਂ ਦੇ ਬੱਚੇ ਵੀ ਮੇਲਾ ਦੇਖ ਰਹੇ ਹਨ। ਝੂਲਿਆਂ ’ਤੇ ਵੀ ਕਾਫੀ ਬੱਚਿਆਂ ਦੀ ਭੀੜ ਬਣਨ ਲੱਗੀ ਹੈ। ਨਗਰ ਨਿਗਮ ਬਠਿੰਡਾ ਦੇ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਨੇ ਅੱਜ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਉਨ੍ਹਾਂ ਨਾਰਥ ਜ਼ੋਨ ਕਲਚਰ ਸੈਂਟਰ ਵੱਲੋਂ ਪੇਸ਼ ਕੀਤੇ ਸਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਣਿਆ। ਮੇਅਰ ਨੇ ਵੱਖ-ਵੱਖ ਸਟਾਲਾਂ ਤੇ ਜਾ ਕੇ ਵੱਖ ਵੱਖ ਸੂਬਿਆਂ ਦੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਤਿਆਰ ਸਮਾਨ ਵਾਰੇ ਜਾਣਕਾਰੀ ਹਾਸਲ ਕੀਤੀ। ਸੈਲਫ ਹੈਲਪ ਗਰੁੱਪਾਂ ਵਲੋਂ ਆਪਣੇ ਤਜਰਬੇ ਮੇਅਰ ਨਾਲ ਸਾਂਝੇ ਕੀਤੇ ਗਏ ਹਨ। ਸ਼ਾਮ ਵੇਲੇ ਵੱਖ ਵੱਖ ਸੂਬਿਆਂ ਤੋਂ ਆਏ ਕਲਾਕਾਰਾਂ ਵਲੋਂ ਆਪੋ ਆਪਣੇ ਰਾਜ ਦਾ ਲੋਕ ਨਾਚ ਪੇਸ਼ ਕੀਤਾ ਗਿਆ।
No comments:
Post a Comment