ਖੇਤਾਂ ਵਿੱਚ ਹਾਲੇ ਤੱਕ ਨਹੀਂ ਪਹੁੰਚੀ ਬਿਜਲੀ
Posted On February - 18 - 2011
ਇਕ ਵੀ ਮੋਟਰ ਕੁਨੈਕਸ਼ਨ ਨਾ ਮਿਲਿਆ
ਚਰਨਜੀਤ ਭੁੱਲਰ
ਜੋਧਪੁਰ ਰੋਮਾਣਾ (ਬਠਿੰਡਾ), 17 ਫਰਵਰੀ
ਬਠਿੰਡਾ ਨੇੜਲੇ ਇਸ ਪਿੰਡ ਦੇ ਖੇਤਾਂ ‘ਚ ਹਾਲੇ ਵੀ ਬਿਜਲੀ ਨਹੀਂ ਪਹੁੰਚੀ। ਇਸ ਪਿੰਡ ਦੇ ਗੁਆਂਢੀ ਪਿੰਡ ਨਰੂਆਣਾ ਨਾਲ ਲੱਗਦੇ ਖੇਤਾਂ ‘ਚ ਕੇਵਲ ਚਾਰ ਕੁਨੈਕਸ਼ਨ ਹਨ। ਵਰ੍ਹਿਆਂ ਤੋਂ ਪੰਜਾਬ ਦਾ ਹਰ ਛੋਟਾ ਵੱਡਾ ਪਿੰਡ ਬਿਜਲੀ ਮੋਟਰਾਂ ‘ਤੇ ਸਬਸਿਡੀ ਦਾ ਲਾਹਾ ਲੈ ਰਿਹਾ ਹੈ ਪਰ ਇਸ ਪਿੰਡ ਦੇ ਕਿਸਾਨਾਂ ਨੂੰ ਮੁਆਫੀ ਦਾ ਕੋਈ ਫਾਇਦਾ ਨਹੀਂ ਹੋਇਆ। ਕਾਰਨ ਇਹੋ ਹੈ ਕਿ ਇਸ ਪਿੰਡ ‘ਚ ਖੇਤੀ ਮੋਟਰਾਂ ਹੀ ਨਹੀਂ ਹਨ। ਬਠਿੰਡਾ ਸ਼ਹਿਰ ਦੇ ਹੱਦ ਲੱਗਦੀ ਹੋਣ ਦਾ ਨੁਕਸਾਨ ਪਿੰਡ ਨੂੰ ਝੱਲਣਾ ਪੈ ਰਿਹਾ ਹੈ। ਸ਼ਹਿਰੀ ਫੀਡਰ ਤੋਂ ਕੁਝ ਮੋਟਰਾਂ ਦੇ ਕੁਨੈਕਸ਼ਨ ਹਨ ਜਿਨ੍ਹਾਂ ਦੀ ਪਾਵਰਕੌਮ ਦੇ ਚੀਫ ਇੰਜਨੀਅਰ (ਵਪਾਰਕ) ਤੋਂ ਵਿਸ਼ੇਸ਼ ਪ੍ਰਵਾਨਗੀ ਲੈਣੀ ਪਈ ਹੈ। ਕਿਸਾਨਾਂ ਨੇ ਖੇਤ ਦਿਖਾਏ ਜਿਨ੍ਹਾਂ ‘ਚ ਦੂਰ-ਦੁਰਾਡੇ ਤੱਕ ਬਿਜਲੀ ਦੀ ਤਾਰ ਨਹੀਂ ਦਿਸੀ। ਪਿੰਡ ਦੇ ਕਿਸਾਨਾਂ ਨੂੰ ਪਿਛਲੇ 21 ਵਰ੍ਹਿਆਂ ਤੋਂ ਕੋਈ ਮੋਟਰ ਕੁਨੈਕਸ਼ਨ ਨਹੀਂ ਮਿਲਿਆ ਹੈ।ਜੋਧਪੁਰ ਰੋਮਾਣਾ (ਬਠਿੰਡਾ), 17 ਫਰਵਰੀ
ਕਿਸਾਨਾਂ ਲਈ ਇਹ ਵੱਡਾ ਮਸਲਾ ਹੈ ਕਿ ਇਸ ਪਿੰਡ ਦੇ ਲਾਗੇ ਕੋਈ ਦਿਹਾਤੀ ਫੀਡਰ ਨਹੀਂ ਹੈ। ਖੇਤੀ ਸੈਕਟਰ ਲਈ ਕੁਨੈਕਸ਼ਨ ਦੇਣ ਵਾਸਤੇ ਸਪਲਾਈ ਦਿਹਾਤੀ ਫੀਡਰ ਤੋਂ ਹੀ ਦਿੱਤੀ ਜਾਂਦੀ ਹੈ। ਪਿੰਡ ਦੇ ਖੇਤਾਂ ਤੋਂ ਕਰੀਬ ਚਾਰ ਕਿਲੋਮੀਟਰ ਦਿਹਾਤੀ ਫੀਡਰ ਦੀ ਲਾਈਨ ਹੈ। ਏਨੀ ਲੰਮੀ ਦੂਰੀ ਤੋਂ ਲਾਈਨ ਖਿੱਚਣ ਵਾਸਤੇ ਅੱਠ ਲੱਖ ਰੁਪਏ ਦਾ ਖਰਚਾ ਪੈਂਦਾ ਹੈ ਜੋ ਕਿਸੇ ਕਿਸਾਨ ਦੀ ਪਹੁੰਚ ‘ਚ ਨਹੀਂ ਹੈ। ਪਿੰਡ ਦੇ ਕਰੀਬ ਡੇਢ ਦਰਜਨ ਕਿਸਾਨਾਂ ਵੱਲੋਂ ਕਰੀਬ 15 ਸਾਲ ਪਹਿਲਾਂ ਮੋਟਰ ਕੁਨੈਕਸ਼ਨਾਂ ਵਾਸਤੇ ਅਪਲਾਈ ਕੀਤਾ ਸੀ। ਕਿਸਾਨ ਕੁਲਵੰਤ ਸਿੰਘ ਤੇ ਬਿੱਲੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਵਾਰੀ 15 ਸਾਲਾਂ ਮਗਰੋਂ ਵੀ ਨਹੀਂ ਆਈ ਹੈ ਜਦੋਂ ਕਿ ਬਾਕੀ ਪਿੰਡਾਂ ‘ਚ ਧੜਾਧੜ ਕੁਨੈਕਸ਼ਨ ਲੱਗ ਰਹੇ ਹਨ। ਕਿਸਾਨ ਗੁਰਦੀਪ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪ੍ਰਤੀ ਏਕੜ ਸਾਲਾਨਾ ਇਕ ਡਰੱਮ ਡੀਜ਼ਲ ਦਾ ਫੂਕਣਾ ਪੈਂਦਾ ਹੈ। ਹਰ ਕਿਸਾਨ ਨੂੰ 6000 ਰੁਪਏ ਦਾ ਵਾਧੂ ਖਰਚ ਇਸੇ ਕਰਕੇ ਕਰਨਾ ਪੈਂਦਾ ਹੈ ਕਿਉਂਕਿ ਪਿੰਡ ‘ਚ ਕੋਈ ਮੋਟਰ ਕੁਨੈਕਸ਼ਨ ਨਹੀਂ ਹੈ। ਦੱਸਣਯੋਗ ਹੈ ਕਿ ਪਿੰਡ ਦਾ ਕਰੀਬ 4000 ਏਕੜ ਰਕਬਾ ਹੈ ਅਤੇ ਲੋਕਾਂ ਦੀ ਕਰੀਬ 1500 ਦੇ ਕਰੀਬ ਵੋਟ ਹੈ। ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਜਦੋਂ ਜਨਵਰੀ ਮਹੀਨੇ ਵਿੱਚ ਇਸ ਪਿੰਡ ‘ਚ ਗਏ ਸਨ ਤਾਂ ਕਿਸਾਨਾਂ ਨੇ ਇੱਕੋ ਮੰਗ ਰੱਖੀ ਕਿ ਖੇਤੀ ਮੋਟਰਾਂ ਦੇ ਕੁਨੈਕਸ਼ਨ ਦੇ ਦਿਓ।
ਪਿੰਡ ਦੇ ਕਿਸਾਨ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਉਹ ਡੀਜ਼ਲ ਇੰਜਣ ਨਾਲ ਫਸਲ ਪਾਲਦੇ ਹਨ ਤੇ ਪ੍ਰਤੀ ਘੰਟਾ 80 ਰੁਪਏ ‘ਚ ਪੈਂਦਾ ਹੈ। ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਬਹੁਤੇ ਕਿਸਾਨਾਂ ਨੇ ਤਾਂ ਟਿਊਬਵੈਲਾਂ ‘ਤੇ ਮਹਿੰਗੇ ਟਰੈਕਟਰ ਪਾਣੀ ਕੱਢਣ ਲਈ ਲਾਏ ਹੋਏ ਹਨ।
ਕਿਸਾਨਾਂ ਨੇ ਇੱਕੋ ਸੁਰ ‘ਚ ਆਖਿਆ, ‘ਸਾਰਾ ਪੰਜਾਬ ਮੁਫ਼ਤ ਬਿਜਲੀ ਬਾਲ ਰਿਹਾ ਹੈ ਤੇ ਉਨ੍ਹਾਂ ਨੂੰ ਡੀਜ਼ਲ ਫੂਕਣਾ ਪੈ ਰਿਹਾ ਹੈ।’ ਇਹ ਵੀ ਆਖਿਆ ਕਿ ਮੁੱਖ ਮੰਤਰੀ ਜਾਂ ਚੇਅਰਮੈਨ ਦੇ ਕੋਟੇ ਵਾਲੇ ਬਿਜਲੀ ਕੁਨੈਕਸ਼ਨ ਵੀ ਉਨ੍ਹਾਂ ਦੇ ਪਿੰਡ ਨੂੰ ਨਹੀਂ ਮਿਲੇ ਹਨ। ਦੱਸਣਯੋਗ ਹੈ ਕਿ ਪਾਵਰਕੌਮ ਵੱਲੋਂ ਇਸ ਪਿੰਡ ਦੇ ਬਿਜਲੀ ਦੇ ਮੀਟਰ ਵੀ ਘਰਾਂ ਤੋਂ ਬਾਹਰ ਕੱਢੇ ਹੋਏ ਹਨ। ਚੰਗੀ ਸਹੂਲਤ ਇਹ ਹੈ ਕਿ ਇਸ ਪਿੰਡ ‘ਚ ਘਰੇਲੂ ਸਪਲਾਈ ਸ਼ਹਿਰੀ ਫੀਡਰ ਤੋਂ ਹੈ। ਪਿੰਡ ਦੇ ਕਿਸਾਨਾਂ ਨੇ ਦਾਅਵਾ ਕੀਤਾ ਕਿ ਖੇਤੀ ਮੋਟਰਾਂ ਦੇ ਕੁਨੈਕਸ਼ਨ ਨਾ ਹੋਣ ਕਰਕੇ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਵਾਧੂ ਡੀਜ਼ਲ ਫੁੂਕਣਾ ਪੈ ਜਾਂਦਾ ਹੈ। ਇਸ ਪਿੰਡ ਦੇ ਵਸਨੀਕ ਤੇ ਮਾਰਕੀਟ ਕਮੇਟੀ ਬਠਿੰਡਾ ਦੇ ਚੇਅਰਮੈਨ ਗੁਰਤੇਗ ਸਿੰਘ ਗਿੱਕੂ ਦਾ ਕਹਿਣਾ ਸੀ ਕਿ ਪਿੰਡ ਦੇ ਕਿਸਾਨਾਂ ਦੀ ਇਹ ਮੁਸ਼ਕਲ ਜਾਇਜ਼ ਹੈ। ਉਨ੍ਹਾਂ ਵੱਲੋਂ ਖੁਦ ਵੀ ਉਪਰਾਲੇ ਕੀਤੇ ਜਾ ਰਹੇ ਹਨ ਕਿ ਦਿਹਾਤੀ ਫੀਡਰ ਤੋਂ ਕੋਈ ਵਿਸ਼ੇਸ਼ ਲਾਈਨ ਖੇਤਾਂ ਵਾਸਤੇ ਖਿੱਚੀ ਜਾ ਸਕੇ ਤਾਂ ਜੋ ਕਿਸਾਨਾਂ ਨੂੰ ਕੁਨੈਕਸ਼ਨ ਲੈਣ ਲਈ ਬਹੁਤਾ ਖਰਚਾ ਨਾ ਕਰਨਾ ਪਵੇ।
ਦਿਹਾਤੀ ਲਾਈਨ ਨਾ ਹੋਣ ਦਾ ਅੜਿੱਕਾ: ਐਕਸੀਅਨ
ਸ਼ਹਿਰੀ ਐਕਸੀਅਨ ਹਰਦੀਪ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਅਸਲ ਵਿੱਚ ਇਸ ਪਿੰਡ ‘ਚ ਬਿਜਲੀ ਦੀ ਕੋਈ ਦਿਹਾਤੀ ਲਾਈਨ ਨਹੀਂ ਹੈ ਅਤੇ ਸ਼ਹਿਰੀ ਫੀਡਰ ਤੋਂ ਖੇਤੀ ਸੈਕਟਰ ਦੇ ਕੁਨੈਕਸ਼ਨਾਂ ਨੰ ਸਪਲਾਈ ਦਿੱਤੀ ਨਹੀਂ ਜਾ ਸਕਦੀ। ਉਨ੍ਹਾਂ ਦੱਸਿਆ ਕਿ ਦਿਹਾਤੀ ਲਾਈਨ ਦੂਰ ਪੈਂਦੀ ਹੋਣ ਕਰਕੇ ਕੋਈ ਕਿਸਾਨ ਏਨਾ ਖਰਚ ਕਰਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜੋ ਸ਼ਹਿਰੀ ਫੀਡਰ ਤੋਂ ਕੁਨੈਕਸ਼ਨ ਹਨ, ਉਨ੍ਹਾਂ ਕਿਸਾਨਾਂ ਨੂੰ ਵੀ ਪਹਿਲਾਂ ਚੀਫ ਇੰਜਨੀਅਰ (ਵਪਾਰਕ) ਤੋਂ ਵਿਸ਼ੇਸ਼ ਪ੍ਰਵਾਨਗੀ ਲੈਣੀ ਪਈ ਹੈ।
No comments:
Post a Comment