Saturday, February 19, 2011

ਰੈੱਡ ਕਰਾਸ ਦੇ 50 ਹਜ਼ਾਰ ਵੀ ਫਸੇ

ਚਰਨਜੀਤ ਭੁੱਲਰ
ਬਠਿੰਡਾ, 18 ਫਰਵਰੀ

ਕਾਰਗਿਲ ਸ਼ਹੀਦ ਅਜੇ ਆਹੂਜਾ ਦਾ ਬੁੱਤ ਸਰਕਾਰੀ ਫੰਡਾਂ ਨੂੰ ਉਡੀਕ ਰਿਹਾ ਹੈ। ਉਪਰੋਂ ਰੈਡ ਕਰਾਸ ਵੱਲੋਂ ਗੂੰਗੇ ਬੋਲੇ ਬੱਚਿਆਂ ਦੇ ਫੰਡਾਂ ’ਚੋਂ ਇਸ ਬੁੱਤ ਲਈ ਦਿੱਤੇ ਗਏ 50 ਹਜ਼ਾਰ ਰੁਪਏ ਵੀ ਫਸੇ ਹੋਏ ਹਨ। ਸਕੁਆਡਰਨ ਲੀਡਰ ਅਜੇ ਆਹੂਜਾ ਦਾ ਬੁੱਤ ਲਾਉਣਾ ਤਾਂ ਦੂਰ ਦੀ ਗੱਲ, ਬੁੱਤ ਲਈ ਕਰਜ਼ੇ ਵਜੋਂ ਦਿੱਤੇ 50 ਹਜ਼ਾਰ ਰੁਪਏ ਵੀ ਰੈਡ ਕਰਾਸ ਬਠਿੰਡਾ ਨੂੰ ਵਾਪਸ ਨਹੀਂ ਮਿਲ ਰਹੇ ਹਨ।
ਸੂਚਨਾ ਅਧਿਕਾਰ ਤਹਿਤ ਮੰਗੀ ਜਾਣਕਾਰੀ ਵਿੱਚ ਪੱਤਰ ਨੰਬਰ 322/ਆਰ.ਟੀ.ਆਈ. ਮਿਤੀ 24 ਜਨਵਰੀ 2011 ’ਚ ਨਗਰ ਨਿਗਮ ਨੇ ਕਿਹਾ ਹੈ ਕਿ ਨਿਗਮ ਨੂੰ ਕਾਰਗਿਲ ਸ਼ਹੀਦ ਅਜੇ ਆਹੁੂਜਾ ਦਾ ਬੁੱਤ ਲਗਾਉਣ ਲਈ ਕੋਈ ਗ੍ਰਾਂਟ/ਰਾਸ਼ੀ ਪ੍ਰਾਪਤ ਹੀ ਨਹੀਂ ਹੋਈ ਹੈ। ਉਧਰ ਮੁੱਖ ਮੰਤਰੀ ਦਫਤਰ ਵੀ ਰੈਡ ਕਰਾਸ ਨੂੰ ਇਹ ਰਾਸ਼ੀ ਵਾਪਸ ਕਰਨ ਤੋਂ ਭੱਜ ਰਿਹਾ ਹੈ।
ਦੱਸਣਯੋਗ ਹੈ ਕਿ ਭਾਰਤੀ ਹਵਾਈ ਫੌਜ ਦਾ ਸਕੁਆਡਰਨ ਲੀਡਰ ਅਜੇ ਆਹੂਜਾ 27 ਮਈ 1999 ਨੂੰ ਕਾਰਗਿਲ ਜੰਗ ਦੌਰਾਨ ਸ਼ਹੀਦ ਹੋ ਗਿਆ ਸੀ। ਬਠਿੰਡਾ ’ਚ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਦਾ ਸਸਕਾਰ ਕੀਤਾ ਗਿਆ ਸੀ। ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ’ਚ ਕਾਰਗਿਲ ਸ਼ਹੀਦ ਦਾ ਬੁੱਤ ਲਾਉਣ ਦਾ ਐਲਾਨ ਕੀਤਾ ਸੀ। ਜ਼ੁਬਾਨੀ ਹੁਕਮ ਕੀਤੇ ਗਏ ਸਨ ਕਿ ਬੁੱਤ ਲਈ ਰੈਡ ਕਰਾਸ ’ਚੋਂ ਪੈਸੇ ਦੇ ਦਿੱਤੇ ਜਾਣ, ਮਗਰੋਂ ਸਰਕਾਰ ਇਹ ਰਾਸ਼ੀ ਭੇਜ ਦੇਵੇਗੀ। ਰੈਡ ਕਰਾਸ ਬਠਿੰਡਾ ਨੇ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਦੇ ਫੰਡਾਂ ’ਚੋਂ 14 ਜੂਨ, 1999 ਨੂੰ 50 ਹਜ਼ਾਰ ਰੁਪਏ ਬੁੱਤ ਲਈ ਪ੍ਰਵਾਨ ਕਰ ਦਿੱਤੇ ਸਨ। ਰੈਡ ਕਰਾਸ ਨੇ ਨਗਰ ਕੌਂਸਲ ਬਠਿੰਡਾ ਦੇ ਮਿਉਂਸਪਲ ਇੰਜਨੀਅਰ ਨੂੰ ਪੱਤਰ ਨੰਬਰ 1959 ਮਿਤੀ 15 ਜੂਨ 1999 ਰਾਹੀਂ ਨਵੀਂ ਦਿੱਲੀ ਦੀ ਫਰਮ ਮੈਸਰਜ਼ ਗੁਰੂ ਹੈਂਡੀਕਰਾਫਟਸ ਦੇ ਨਾਮ ਬੁੱਤ ਲਈ 50 ਹਜ਼ਾਰ ਦਾ ਡਰਾਫਟ ਬਣਾ ਕੇ ਦੇ ਦਿੱਤਾ। ਇਹ ਵੀ ਲਿਖ ਦਿੱਤਾ ਕਿ ਮਗਰੋਂ ਮੁੱਖ ਮੰਤਰੀ ਦਫਤਰ ਇਹ ਰਾਸ਼ੀ ਰੈਡ ਕਰਾਸ ਨੂੰ ਦੇ ਦੇਵੇਗਾ।
ਜਦੋਂ ਨਾ ਬੁੱਤ ਆਇਆ ਅਤੇ ਨਾ ਰਾਸ਼ੀ ਆਈ ਤਾਂ ਰੈਡ ਕਰਾਸ ਬਠਿੰਡਾ ਨੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨੂੰ ਪੱਤਰ ਲਿਖ ਕੇ ਆਖਿਆ ਕਿ ਲੋਨ ਦੇ ਰੂਪ ’ਚ ਬੁੱਤ ਵਾਸਤੇ ਲਈ 50 ਹਜ਼ਾਰ ਰੁਪਏ ਦੀ ਰਾਸ਼ੀ ਵਾਪਸ ਕੀਤੀ ਜਾਵੇ ਪਰ ਨਗਰ ਕੌਂਸਲ ਨੇ ਕੋਈ ਪ੍ਰਵਾਹ ਨਾ ਕੀਤੀ। ਇਸ ਸਮੇਂ ਦੌਰਾਨ ਬੁੱਤ ਬਣਾਉਣ ਦਾ ਤਾਂ ਕਿਸੇ ਨੂੰ ਚੇਤਾ ਹੀ ਨਹੀਂ ਰਿਹਾ ਅਤੇ ਲੋਨ ਮੁੱਖ ਰੂਪ ’ਚ ਸਿਰਦਰਦੀ ਬਣ ਗਿਆ। ਰੈਡ ਕਰਾਸ ਨੇ ਮੁੱਖ ਮੰਤਰੀ ਦੇ ਵਿਸ਼ੇਸ਼ ਕਾਰਜ ਅਫਸਰ ਨੂੰ ਪੱਤਰ ਨੰਬਰ 321 ਮਿਤੀ 5 ਜੂਨ 2008 ਲਿਖਿਆ ਕਿ ਉਨ੍ਹਾਂ ਨੂੰ ਨਗਰ ਕੌਂਸਲ ਬਠਿੰਡਾ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਵੱਲੋਂ, ਜੋ 50 ਹਜ਼ਾਰ ਦੀ ਰਾਸ਼ੀ ਭੇਜੀ ਜਾਣੀ ਸੀ, ਉਹ ਪ੍ਰਾਪਤ ਨਹੀਂ ਹੋਈ। ਰੈਡ ਕਰਾਸ ਨੇ ਰਾਸ਼ੀ ਭੇਜਣ ਦੀ ਅਪੀਲ ਕੀਤੀ। ਮਗਰੋਂ ਰੈਡ ਕਰਾਸ ਫੰਡਾਂ ਦਾ ਮਾਮਲਾ ਹਾਈ ਕੋਰਟ ’ਚ ਚਲਾ ਗਿਆ ਸੀ ਤਾਂ ਹਾਈ ਕੋਰਟ ਨੇ ਜਾਂਚ ਕਮੇਟੀ ਬਣਾ ਦਿੱਤੀ ਸੀ। ਰੈਡ ਕਰਾਸ ਬਠਿੰਡਾ ਨੇ ਪੱਤਰ ਨੰਬਰ 445 ਮਿਤੀ 4 ਜੂਨ 2010 ਰਾਹੀਂ ਨਗਰ ਨਿਗਮ ਬਠਿੰਡਾ ਦੇ ਐਸ.ਈ. ਨੂੰ ਆਖਿਆ ਕਿ ਉਨ੍ਹਾਂ ਨੂੰ  ਬੁੱਤ ਲਈ ਜੋ 50 ਹਜ਼ਾਰ ਰੁਪਏ ਦਿੱਤੇ ਗਏ ਸਨ, ਉਹ ਵਾਪਸ ਨਹੀਂ ਦਿੱਤੇ ਗਏ ਅਤੇ ਨਾਲ ਹੀ 11 ਜੂਨ 2010 ਨੂੰ ਹਾਈਕੋਰਟ ਦੀ ਜਾਂਚ ਕਮੇਟੀ ਕੋਲ ਪੇਸ਼ ਹੋਣ ਲਈ ਆਖ ਦਿੱਤਾ ਗਿਆ। ਉਦੋਂ ਐਸ.ਈ. ਇੱਕ ਮਹੀਨੇ ਦੀ ਛੁੱਟੀ ’ਤੇ ਚਲੇ ਗਏ ਸਨ ਅਤੇ ਜਾਂਚ ਕਮੇਟੀ ਨੇ ਪੈਸੇ ਵਾਪਸ ਲੈਣ ਲਈ ਆਖ ਦਿੱਤਾ।
ਅਸਲ ਵਿੱਚ ਬੁੱਤ ਦੀ ਕੀਮਤ ਤਿੰਨ ਲੱਖ ਰੁਪਏ ਤੋਂ ਉਪਰ ਸੀ, ਜਿਸ ਦਾ ਪ੍ਰਬੰਧ ਨਾ ਹੋ ਸਕਿਆ। ਇਸ ਕਰਕੇ ਡਰਾਫਟ ਰਾਹੀਂ 50 ਹਜ਼ਾਰ ਰੁਪਏ ਦਿੱਲੀ ਦੀ ਫਰਮ ਨੂੰ ਦੇ ਦਿੱਤੇ ਗਏ ਸਨ ਪਰ ਬਕਾਇਆ ਰਕਮ ਦੇਣ ਮਗਰੋਂ ਹੀ ਬੁੱਤ ਤਿਆਰ ਹੋਣਾ ਸੀ।
ਰੈਡ ਕਰਾਸ ਨੇ ਮੁੱਖ ਮੰਤਰੀ ਪੰਜਾਬ ਦੇ ਵਧੀਕ ਪ੍ਰਮੁੱਖ ਸਕੱਤਰ ਨੂੰ ਵੱਖ ਵੱਖ ਸਮੇਂ ’ਤੇ ਤਿੰਨ ਪੱਤਰ ਲਿਖ ਕੇ ਚੇਤਾ ਕਰਾਇਆ ਗਿਆ ਕਿ ਮੁੱਖ ਮੰਤਰੀ ਵੱਲੋਂ  ਬੁੱਤ ਲਈ ਰੈਡ ਕਰਾਸ ਵੱਲੋਂ ਲੋਨ ਦੇ ਰੂਪ ’ਚ ਦਿੱਤੀ 50 ਹਜ਼ਾਰ ਦੀ ਰਾਸ਼ੀ ਦੀ ਪੂਰਤੀ ਕੀਤੀ ਜਾਵੇ ਪਰ ਸਰਕਾਰ ਵੱਲੋਂ ਇਨ੍ਹਾਂ ਪੱਤਰਾਂ ਦਾ ਕੋਈ ਜੁਆਬ ਨਹੀਂ ਦਿੱਤਾ ਗਿਆ। ਰੈਡ ਕਰਾਸ ਬਠਿੰਡਾ ਦੇ ਸਕੱਤਰ ਜੇ.ਆਰ. ਗੋਇਲ ਨੇ ਦੱਸਿਆ ਕਿ ਵਾਰ ਵਾਰ ਪੰਜਾਬ ਸਰਕਾਰ ਨੂੰ ਪੱਤਰ ਲਿਖਣ ਦੇ ਬਾਵਜੂਦ  ਹਾਲੇ ਤੱਕ ਇਹ ਰਾਸ਼ੀ ਪ੍ਰਾਪਤ ਨਹੀਂ ਹੋਈ ਹੈ।

1 comment:

  1. ਕਿੰਨੀ “ਦੇਸ਼ ਭਗਤੀ” ਹੈ ਸਾਡੇ “ਅੱਜ ਕੱਲ ਦੇ ਨੇਤਾਵਾਂ “ ਚ .........
    ਕੋਈ ਵਿਸ਼ਵਾਸ਼ ਕਰੂ ਇਹਨਾਂ ਦੇ “ ਵਾਅਦਿਆਂ “ ਤੇ ....................
    ਅਗਰ ਮੇਰੀ ਯਾਦਾਸ਼ਿਤ ਗਲਤ ਨਹੀਂ ਤਾਂ ਇਸੇ ਸ਼ਹੀਦ Sqn. Ldr ਅਜੈ ਆਹੂਜਾ ਦੀ ਧਰਮ ਪਤਨੀ ਤੋਂ ਲੋਕਲ ਜਿਲਾ ਸੈਨਿਕ ਦੇ ਇੱਕ ਅਫਸਰ ਨੇ “ਆਪਣਾ ਮਿਹਨਤ-ਨਾਮਾ “ ਮੰਗਦਿਆ ਸ਼ਰਮ ਨਾਂ ਕੀਤੀ ...ਜੋ ਬਾਅਦ ਚ “ ਅਖਬਾਰਾਂ ਦੇ ਸ਼ਿੰਗਾਰ “ ਬਣੀ.....
    ਉਹ ਇਸ ਤਸਵੀਰ ਦਾ ਪਹਿਲਾ “part” ਸੀ ........
    ਦੂਸਰਾ ਤੁਸੀਂ ਵਿਖਾ ਦਿੱਤਾ.......ਜੋ ਅਜੇ ਜਾਰੀ ਹੈ......ਪੜ ਕੇ ਸਾਡੇ ਸਿਸਟਿਮ ਦੇ ਅੱਗੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ....

    ReplyDelete