ਕੇਂਦਰ ਦੀ ਝਾਕ ’ਚ ਮੁੱਕਣ ਲੱਗਿਆ ਕਣਕ ਦਾ ਸਟਾਕ
On February - 5 - 2011 ADD COMMENTS
ਆਟਾ ਦਾਲ ਸਕੀਮ
ਚਰਨਜੀਤ ਭੁੱਲਰ
ਬਠਿੰਡਾ, 4 ਫਰਵਰੀ
ਬਠਿੰਡਾ ਇਲਾਕੇ ਵਿੱਚ ਆਟਾ-ਦਾਲ ਸਕੀਮ ਤਹਿਤ ਲਾਭਪਾਤਰੀਆਂ ਨੂੰ ਵੰਡੀ ਜਾਂਦੀ ਕਣਕ ਦੇ ਭੰਡਾਰ ਮੁੱਕਣ ਲੱਗੇ ਹਨ। ਪਿਛਲੇ ਸੀਜ਼ਨ ’ਚ ਸਰਕਾਰ ਵੱਲੋਂ ਇਸ ਸਕੀਮ ਵਾਸਤੇ ਕਣਕ ਦੀ ਖਰੀਦ ਹੀ ਨਹੀਂ ਕੀਤੀ ਗਈ। ਨਵੇਂ ਮਾਲੀ ਵਰ੍ਹੇ ਤੋਂ ਪਹਿਲਾਂ ਹੀ ਇਸ ਸਕੀਮ ਲਈ ਕਣਕ ਦਾ ਸੰਕਟ ਖੜ੍ਹਾ ਹੋ ਜਾਣਾ ਹੈ।
ਜ਼ਿਲ੍ਹਾ ਬਠਿੰਡਾ ’ਚ ਇਸ ਸਕੀਮ ਵਾਸਤੇ ਕਣਕ ਦਾ ਕੇਵਲ ਫਰਵਰੀ ਦਾ ਸਟਾਕ ਹੀ ਬਚਿਆ ਹੈ। ਮਾਰਚ ਮਹੀਨੇ ਵਾਸਤੇ ਕਣਕ ਦਾ ਭੰਡਾਰ ਹੀ ਨਹੀਂ। ਜੋ ਕਣਕ ਦਾ ਭੰਡਾਰ ਪਿਆ ਸੀ, ਉਹ ਵੇਲੇ ਸਿਰ ਵਰਤੋਂ ਨਾ ਕਰਨ ਕਰਕੇ ਖਰਾਬ ਹੋ ਗਿਆ ਹੈ ਜਿਸ ਨੂੰ ਡਿਪੂ ਹੋਲਡਰਾਂ ਨੇ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ। ਖੁਰਾਕ ਤੇ ਸਪਲਾਈਜ਼ ਕੰਟਰੋਲਰ ਬਠਿੰਡਾ ਨੇ ਪੰਜਾਬ ਸਰਕਾਰ ਨੂੰ ਅਗਾਊਂ ਸੂਚਨਾ ਭੇਜ ਕੇ ਖਰਾਬ ਹੋਏ ਸਟਾਕ ਬਾਰੇ ਦੱਸ ਦਿੱਤਾ ਹੈ। ਇਸ ਦੇ ਨਾਲ ਹੀ ਮੁੱਕ ਰਹੇ ਭੰਡਾਰ ਦੀ ਜਾਣਕਾਰੀ ਦੇ ਦਿੱਤੀ ਹੈ। ਜ਼ਿਲ੍ਹਾ ਬਠਿੰਡਾ ਵਿੱਚ 93740 ਲਾਭਪਾਤਰੀ ਆਟਾ ਦਾਲ ਸਕੀਮ ਦੇ ਹਨ ਜਿਨ੍ਹਾਂ ਨੂੰ ਹਰ ਮਹੀਨੇ ਪ੍ਰਤੀ ਪਰਿਵਾਰ 25 ਕਿਲੋ ਕਣਕ ਤੇ ਢਾਈ ਕਿਲੋ ਦਾਲ ਦਿੱਤੀ ਜਾ ਰਹੀ ਹੈ। ਹਰ ਮਹੀਨੇ 1670 ਟਨ ਕਣਕ ਤੇ 170 ਟਨ ਦਾਲ ਵੰਡੀ ਜਾਂਦੀ ਹੈ।
ਵੇਰਵਿਆਂ ਅਨੁਸਾਰ ਜ਼ਿਲ੍ਹਾ ਬਠਿੰਡਾ ਵਿੱਚ ਆਟਾ ਦਾਲ ਸਕੀਮ ’ਚ ਕਣਕ ਦਾ ਭੰਡਾਰ ਕੇਵਲ 5155 ਟਨ ਰਹਿ ਗਿਆ ਹੈ ਜਿਸ ’ਚੋਂ 2776 ਟਨ ਸਟਾਕ ਖਰਾਬ ਹੋ ਗਿਆ ਹੈ। ਖਰਾਬ ਹੋਇਆ ਭੰਡਾਰ ਪੰਜਾਬ ਐਗਰੋ ਦਾ ਹੈ ਜੋ ਰਾਮਪੁਰਾ ਸੈਂਟਰ ’ਚ 1966 ਟਨ ਤੇ ਮੌੜ ਸੈਂਟਰ ’ਚ 810 ਟਨ ਪਿਆ ਹੈ। ਡਿਪੂ ਹੋਲਡਰਾਂ ਨੇ ਇਹ ਖਰਾਬ ਕਣਕ ਚੁੱਕਣ ਤੋਂ ਨਾਂਹ ਕਰ ਦਿੱਤੀ ਹੈ। ਠੀਕ ਸਟਾਕ ਕੇਵਲ 2479 ਟਨ ਹੀ ਰਹਿ ਗਿਆ ਹੈ। ਇਸ ਸਟਾਕ ਦੀ ਸਪਲਾਈ ਫਰਵਰੀ ਮਹੀਨੇ ਲਈ ਹੋ ਜਾਣੀ ਹੈ ਪਰ ਮਾਰਚ ਮਹੀਨੇ ਲਈ ਸਮੱਸਿਆ ਖੜ੍ਹੀ ਹੋਵੇਗੀ। ਸਕੀਮ ਦੀ ਨੋਡਲ ਏਜੰਸੀ ਪਨਸਪ ਦੇ ਜ਼ਿਲ੍ਹਾ ਮੈਨੇਜਰ ਕੇ.ਕੇ. ਸਿੰਗਲਾ ਨੇ ਦੱਸਿਆ ਕਿ ਜੋ ਖਰਾਬ ਸਟਾਕ ਹੈ, ਉਸ ਦੀ ਸੂਚਨਾ ਭੇਜ ਦਿੱਤੀ ਗਈ ਹੈ ਅਤੇ ਬਾਕੀ ਬਦਲਵੇਂ ਪ੍ਰਬੰਧ ਰਾਜ ਸਰਕਾਰ ਵੱਲੋਂ ਕੀਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਫਰਵਰੀ ਮਹੀਨੇ ਲਈ ਸਪਲਾਈ ਦੀ ਕੋਈ ਸਮੱਸਿਆ ਨਹੀਂ ਹੈ। ਜਾਣਕਾਰੀ ਅਨੁਸਾਰ ਕਣਕ ਦਾ ਜੋ ਸਟਾਕ ਖਰਾਬ ਹੋਇਆ ਹੈ, ਉਹ ਸਾਲ 2008-09 ਤੇ 2009-10 ’ਚ ਖਰੀਦ ਕੀਤਾ ਗਿਆ ਸੀ। ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਤੱਕ 26 ਮਹੀਨੇ ਤਾਂ ਕੇਂਦਰ ਤੋਂ ਮਿਲਦੀ ਕਣਕ ਨੂੰ ਆਟਾ ਦਾਲ ਸਕੀਮ ’ਚ ਵੰਡਿਆ ਜਾਂਦਾ ਰਿਹਾ ਜਿਸ ਕਰਕੇ ਸਰਕਾਰ ਨੇ ਆਪਣੀ ਸਟੇਟ ਪੂਲ ਦੀ ਕਣਕ ਵਰਤੀ ਨਹੀਂ ਜੋ ਹੁਣ ਖਰਾਬ ਹੋ ਗਈ ਹੈ।
ਪੰਜਾਬ ਸਰਕਾਰ ਵੱਲੋਂ 15 ਅਗਸਤ, 2007 ਨੂੰ ਆਟਾ ਦਾਲ ਸਕੀਮ ਸ਼ੁਰੂ ਕੀਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ ਲਈ ਸਾਲ 2008-09 ’ਚ 18440 ਟਨ ਤੇ ਸਾਲ 2009-10 ’ਚ 14833 ਟਨ ਕਣਕ ਦੀ ਖਰੀਦ ਕੀਤੀ ਗਈ ਸੀ। ਸਾਲ 2010-2011 ’ਚ ਸਰਕਾਰ ਨੇ ਇਸ ਸਕੀਮ ਲਈ ਕਣਕ ਦੀ ਖਰੀਦ ਹੀ ਨਹੀਂ ਕੀਤੀ। ਪੰਜਾਬ ਸਰਕਾਰ ਨੇ ਕੇਂਦਰੀ ਕਣਕ ’ਚੋਂ ਗੱਫੇ ਮਿਲਣ ਕਰਕੇ ਸਾਲ 2010-11 ’ਚ ਇਸ ਸਕੀਮ ਲਈ ਕਣਕ ਖਰੀਦ ਨਹੀਂ ਕੀਤੀ ਗਈ। ਪੰਜਾਬ ਸਰਕਾਰ ਕੋਲ ਖਰੀਦ ਵਾਸਤੇ ਫੰਡਾਂ ਦੀ ਭਾਰੀ ਕਮੀ ਹੈ। ਵੇਅਰ ਹਾਊਸ ਵੱਲੋਂ ਸਾਲ 2009 ਵਿੱਚ 68 ਕਰੋੜ ਰੁਪਏ ਦੀ ਕਣਕ ਲਾਭਪਾਤਰੀਆਂ ਲਈ ਖਰੀਦੀ ਗਈ ਸੀ ਅਤੇ ਇਸੇ ਤਰ੍ਹਾਂ ਸਾਲ 2008 ’ਚ 101 ਕਰੋੜ ਰੁਪਏ ਦੀ ਕਣਕ ਖਰੀਦ ਕੀਤੀ ਗਈ ਸੀ। ਪੰਜਾਬ ਸਰਕਾਰ ਵਲੋਂ ਇਸ ਏਜੰਸੀ ਨੂੰ ਸਬਸਿਡੀ ਦਿੱਤੀ ਜਾਣੀ ਸੀ ਜੋ ਹਾਲੇ ਤੱਕ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਆਟਾ ਦਾਲ ਸਕੀਮ ਤਹਿਤ ਮਾਰਕਫੈਡ ਵੱਲੋਂ ਰਾਜ ਭਰ ’ਚ 80 ਕਰੋੜ ਰੁਪਏ ਦੀ ਕਣਕ ਸਾਲ 2009-10 ਦੌਰਾਨ ਖਰੀਦੀ ਗਈ ਸੀ।
ਬਦਲਵੇਂ ਪ੍ਰਬੰਧ ਕਰ ਰਹੇ ਹਾਂ: ਚੋਪੜਾ
ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਬਠਿੰਡਾ ਟੀ.ਐਸ.ਚੋਪੜਾ ਦਾ ਕਹਿਣਾ ਸੀ ਕਿ ਆਟਾ ਦਾਲ ਸਕੀਮ ਦਾ ਕੁਝ ਭੰਡਾਰ ਖਰਾਬ ਹੋਣ ਕਰਕੇ ਸਟਾਕ ਦੀ ਕਮੀ ਹੋਈ ਹੈ ਜਿਸ ਬਾਰੇ ਮਹਿਕਮੇ ਨੂੰ ਲਿਖਤੀ ਸੂਚਨਾ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਾਰਚ ਮਹੀਨੇ ਦਾ ਸਟਾਕ ਦੇਣ ਲਈ ਬਦਲਵਾਂ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਤਹਿਤ ਕਿਸੇ ਹੋਰ ਜ਼ਿਲ੍ਹੇ ’ਚੋਂ ਸਟਾਕ ਬਠਿੰਡਾ ’ਚ ਤਬਦੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਲਿਖਤੀ ਰੂਪ ’ਚ ਹਾਲੇ ਕੋਈ ਸੂਚਨਾ ਨਹੀਂ ਆਈ ਹੈ ਪਰ ਸਰਕਾਰ ਵੱਲੋਂ ਇੰਤਜ਼ਾਮ ਕੀਤਾ ਜਾ ਰਹੇ ਹਨ।
No comments:
Post a Comment