ਖੇਤਾਂ ਦੇ ਪੁੱਤ ਰੁਲ ਗਏ ਜੇਲ੍ਹੀਂ ਚਰਨਜੀਤ ਭੁੱਲਰ
ਬਠਿੰਡਾ : ਜਿਨ੍ਹਾਂ ਕਿਸਾਨਾਂ ਦੇ ਪੁੱਤ ਜੇਲ੍ਹਾਂ 'ਚ ਰੁਲ ਰਹੇ ਹਨ, ਉਨ੍ਹਾਂ ਦੀ ਫਸਲ ਵੀ ਖੇਤਾਂ 'ਚ ਰੁਲ ਰਹੀ ਹੈ। ਇੱਕੋ ਵੇਲੇ ਦੋਹਰੀ ਮਾਰ ਇਹ ਕਿਸਾਨ ਝੱਲ ਰਹੇ ਹਨ। ਫਸਲਾਂ ਸਾਂਭਣ ਦੇ ਦਿਨਾਂ 'ਚ ਇਹ ਕਿਸਾਨ ਆਪਣੇ ਪੁੱਤਾਂ ਦੇ ਦੁੱਖ ਸਾਂਭ ਰਹੇ ਹਨ। ਇਨ੍ਹਾਂ ਕਿਸਾਨਾਂ ਦੇ ਪੁੱਤਰ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਮੈਂਬਰ ਹਨ ਜੋ ਕਿ ਵਿਸਾਖੀ ਮੇਲੇ 'ਤੇ ਸਰਕਾਰ ਤੋਂ ਆਪਣੇ ਹੱਕ ਮੰਗਣ ਗਏ ਸਨ। ਉਲਟਾ ਉਨ੍ਹਾਂ 'ਤੇ ਪੁਲੀਸ ਕੇਸ ਦਰਜ ਕਰਕੇ ਜੇਲ੍ਹਾਂ 'ਚ ਡੱਕ ਦਿੱਤਾ। ਪੰਜ ਜੇਲ੍ਹਾਂ 'ਚ ਤਿੰਨ ਸੌ ਤੋਂ ਉਪਰ ਬੇਰੁਜ਼ਗਾਰ ਨੌਜਵਾਨ ਬੰਦ ਹਨ। ਬਹੁਤੇ ਨੌਜਵਾਨ ਉਹ ਵੀ ਹਨ ਜਿਨ੍ਹਾਂ ਦੇ ਜੇਲ੍ਹੀਂ ਜਾਣ ਮਗਰੋਂ ਪਿਛੇ ਕੋਈ 'ਪੱਕੀ ਖੇਤੀ' ਦੀ ਵਾਢੀ ਵਾਲਾ ਵੀ ਨਹੀਂ ਬਚਿਆ ਹੈ। ਪੇਂਡੂ ਕਿਸਾਨ ਹਫਤੇ ਤੋਂ ਇਸੇ ਝੋਰੇ 'ਚ ਫਸੇ ਹੋਏ ਹਨ ਕਿ ਉਨ੍ਹਾਂ ਦੇ 'ਪੁੱਤ ਤੇ ਫਸਲ' ਕਦੋਂ ਘਰ ਆਉਣਗੇ। ਮਾਲਵਾ ਖ਼ਿੱਤੇ 'ਚ ਕਣਕ ਦੀ ਫਸਲ ਦੀ ਵਾਢੀ ਦਾ ਕੰਮ ਜ਼ੋਰਾਂ 'ਤੇ ਹੈ। ਕਿਸਾਨ ਆਪਣੇ ਪੁੱਤਾਂ ਦੀ ਜੇਲ੍ਹਾਂ ਚੋਂ ਰਿਹਾਈ ਲਈ ਜੱਦੋਜਹਿਦ 'ਚ ਜੁਟੇ ਹੋਏ ਹਨ। ਇਨ੍ਹਾਂ ਦੇ ਲੜਕੇ ਲੰਮੇ ਸਮੇਂ ਤੋਂ ਡਿਗਰੀਆਂ ਕਰਨ ਮਗਰੋਂ ਵੀ ਬੇਰੁਜ਼ਗਾਰ ਹਨ। ਉਹ ਕਈ ਵਰ੍ਹਿਆਂ ਤੋਂ ਰੁਜ਼ਗਾਰ ਲਈ ਲੜਾਈ ਲੜ ਰਹੇ ਹਨ।
ਪਿੰਡ ਸੰਘੇੜਾ ਦੇ ਕਿਸਾਨ ਰਣਜੀਤ ਸਿੰਘ ਦਾ ਬੇਰੁਜ਼ਗਾਰ ਲੜਕਾ ਬਠਿੰਡਾ ਜੇਲ੍ਹ 'ਚ ਬੰਦ ਹੈ। ਬੇਰੁਜ਼ਗਾਰ ਲਾਈਨਮੈਨ ਅਵਤਾਰ ਸਿੰਘ ਦਾ ਏਨਾ ਕਸੂਰ ਸੀ ਕਿ ਉਸ ਨੇ ਵਿਸਾਖੀ ਮੇਲੇ 'ਤੇ ਅਕਾਲੀ ਕਾਨਫਰੰਸ 'ਚ ਨਾਹਰੇ ਮਾਰੇ ਸਨ। ਉਸ ਦੇ ਬਾਪ ਰਣਜੀਤ ਸਿੰਘ ਵਲੋਂ ਇੱਕ ਹਫਤੇ ਤੋਂ ਆਪਣੇ ਪੁੱਤ ਦੀ ਰਿਹਾਈ ਲਈ ਬਠਿੰਡਾ 'ਚ ਮੋਰਚਾ ਲਾਇਆ ਹੋਇਆ ਹੈ। ਇਸ ਕਿਸਾਨ ਨੇ ਦੱਸਿਆ ਕਿ ਉਸ ਦੀ ਪੱਕੀ ਕਣਕ ਖੇਤਾਂ 'ਚ ਭੁਰ ਰਹੀ ਹੈ ਜਿਸ ਨੂੰ ਪਿਛੇ ਕੋਈ ਕੱਟਣ ਵਾਲਾ ਨਹੀਂ। ਉਸ ਨੇ ਦੱਸਿਆ ਕਿ ਉਸ ਨੇ ਤਾਂ ਠੇਕੇ 'ਤੇ ਜ਼ਮੀਨ ਲੈ ਕੇ ਕਣਕ ਪਾਲੀ ਸੀ। ਉਸ ਦਾ ਕਹਿਣਾ ਸੀ ਕਿ ਵਾਢੀ ਕੁਝ ਦਿਨ ਹੋਰ ਨਾ ਕਰ ਸਕਿਆ ਤਾਂ ਉਸ ਦੇ ਹੱਥ ਪੱਲੇ ਕੁਝ ਨਹੀਂ ਪੈਣਾ। ਇਹ ਵੀ ਦੱਸਿਆ ਕਿ ਮੱਝਾਂ ਨੂੰ ਵੀ ਛੇ ਦਿਨਾਂ ਤੋਂ ਕੋਈ ਹਰਾ ਚਾਰਾ ਪਾਉਣ ਵਾਲਾ ਨਹੀਂ ਹੈ। ਉਸ ਦੇ ਸਾਥੀ ਕਿਸਾਨ ਨਾਹਰ ਸਿੰਘ ਦਾ ਲੜਕਾ ਲਾਭ ਸਿੰਘ ਵੀ ਬਠਿੰਡਾ ਜੇਲ੍ਹ 'ਚ ਬੰਦ ਹੈ। ਕਿਸਾਨ ਨਾਹਰ ਸਿੰਘ ਦਾ 10 ਦਿਨ ਪਹਿਲਾਂ ਹੀ ਅੱਖਾਂ ਦਾ ਅਪਰੇਸ਼ਨ ਹੋਇਆ ਸੀ। ਉਹ ਇਸ ਦੇ ਬਾਵਜੂਦ ਇੱਥੇ ਆਪਣੇ ਲੜਕੇ ਦੀ ਰਿਹਾਈ ਲਈ ਡਟਿਆ ਹੋਇਆ ਹੈ। ਉਸ ਨੇ ਦੱਸਿਆ ਕਿ ਉਸ ਦੀ ਅੱਠ ਏਕੜ ਕਣਕ ਦੀ ਪੱਕੀ ਫਸਲ ਖੇਤ ਖੜੀ ਹੈ ਜਿਸ ਚੋਂ ਕਾਫੀ ਫਸਲ ਤਾਂ ਡਿੱਗ ਵੀ ਚੁੱਕੀ ਹੈ। ਪਿਛੇ ਕੋਈ ਨਹੀਂ ਬਚਿਆ ਜੋ ਫਸਲ ਕੱਟ ਕੇ ਵੇਚ ਸਕੇ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਗੰਗਾ ਅਬਲੂ ਕੀ ਦੇ ਬਜ਼ੁਰਗ ਬਲਵੀਰ ਸਿੰਘ ਕੋਲ ਕੋਈ ਆਸਰਾ ਨਹੀਂ ਬਚਿਆ। ਉਸ ਦੇ ਲੜਕੇ ਸਮਿੰਦਰ ਸਿੰਘ ਨੇ ਢਾਈ ਏਕੜ ਜ਼ਮੀਨ ਠੇਕੇ 'ਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ। ਹੁਣ ਸਮਿੰਦਰ ਸਿੰਘ ਤਾਂ ਬਾਕੀ ਮੁੰਡਿਆਂ ਨਾਲ ਸੰਗਰੂਰ ਜੇਲ੍ਹ 'ਚ ਬੰਦ ਹੈ। ਉਸ ਦੀ ਪਤਨੀ ਵੀਰਪਾਲ ਕੌਰ ਨੇ ਦੱਸਿਆ ਕਿ ਫਸਲ ਦਾ ਸਾਰਾ ਖਰਚਾ ਸਿਰ ਪੈ ਜਾਣਾ ਹੈ ਕਿਉਂਕਿ ਫਸਲ ਦੀ ਵਾਢੀ ਕਰਨ ਵਾਲੇ ਹੀ ਕੋਈ ਨਹੀਂ ਹੈ। ਉਸ ਨੇ ਦੱਸਿਆ ਕਿ ਫਸਲ ਦੇ ਸਿਰ ਤੇ ਹੀ ਘਰ ਦਾ ਗੁਜਾਰਾ ਚੱਲਦਾ ਸੀ। ਪਿੰਡ ਭਗਵਾਨਗੜ੍ਹ ਦੇ ਕਿਸਾਨ ਸੋਹਣ ਸਿੰਘ ਦੀ ਫਸਲ ਵੀ ਹੁਣ ਭਗਵਾਨ ਭਰੋਸੇ ਹੀ ਹੈ ਕਿਉਂਕਿ ਉਹ ਖੁਦ ਤਾਂ ਆਪਣੇ ਫਿਰੋਜ਼ਪੁਰ ਜੇਲ੍ਹ 'ਚ ਬੰਦ ਲੜਕੇ ਦੀ ਰਿਹਾਈ ਲਈ ਬਾਕੀ ਬੇਰੁਜ਼ਗਾਰ ਨੌਜਵਾਨਾਂ ਨਾਲ ਮੋਰਚੇ 'ਤੇ ਡਟਿਆ ਹੋਇਆ ਹੈ। ਉਸ ਨੇ ਦੱਸਿਆ ਕਿ ਉਸ ਕੋਲ ਚਾਰ ਏੇਕੜ ਪੈਲੀ ਹੈ। ਉਸ ਦਾ ਲੜਕਾ ਜਗਜੀਤ ਸਿੰਘ ਵੀ ਸਰਕਾਰ ਖ਼ਿਲਾਫ਼ ਨਾਹਰੇ ਮਾਰਨ 'ਚ ਦੋਸ਼ੀ ਹੈ। ਇਸ ਕਿਸਾਨ ਦੀ ਫਸਲ ਦੀ ਵਾਢੀ ਕਰਨ ਵਾਲਾ ਵੀ ਪਿਛੇ ਕੋਈ ਨਹੀਂ ਹੈ। ਉਸ ਦਾ ਕਹਿਣਾ ਸੀ ਕਿ 'ਮੈਨੂੰ ਪੁੱਤ ਤੇ ਫਸਲ ਦਾ ਇੱਕੋ ਜਿਨ੍ਹਾਂ ਹੀ ਫਿਕਰ ਹੈ।' ਉਸ ਦਾ ਕਹਿਣਾ ਸੀ ਕਿ ਉਸ ਨੇ ਤਾਂ ਪੁੱਤਾਂ ਵਾਂਗ ਹੀ ਫਸਲ ਪਾਲੀ ਸੀ ਜੋ ਰੁਲ ਗਈ ਹੈ। ਇਸ ਤਰ੍ਹਾਂ ਦੇ ਸੈਂਕੜੇ ਕਿਸਾਨ ਹਨ ਜਿਨ੍ਹਾਂ ਦੇ ਲੜਕੇ ਬਿਨ੍ਹਾਂ ਕਸੂਰੋਂ ਜੇਲ੍ਹੀਂ ਬੰਦ ਕੀਤੇ ਹੋਏ ਹਨ। ਪਿੰਡ ਮਹਿਰਾਜ ਦੇ ਬਲਵੰਤ ਸਿੰਘ ਦਾ ਲੜਕਾ ਜਸਦੀਪ ਸਿੰਘ ਵੀ ਸੰਗਰੂਰ ਜੇਲ੍ਹ 'ਚ ਬੰਦ ਹੈ। ਉਨ੍ਹਾਂ ਦਾ ਕਹਿਣਾ ਕਿ ਸੰਗਰੂਰ ਜੇਲ੍ਹ ਪ੍ਰਸ਼ਾਸਨ ਤਾਂ ਮਾਪਿਆਂ ਦੀ ਮੁਲਾਕਾਤ ਹੀ ਲੜਕਿਆਂ ਨਾਲ ਕਰਨ ਨਹੀਂ ਦੇ ਰਿਹਾ ਹੈ। ਕਿਸਾਨਾਂ ਨੇ ਫਿਕਰ ਜ਼ਾਹਰ ਕੀਤਾ ਕਿ ਉਨ੍ਹਾਂ ਦੇ ਪੁੱਤਰ ਜੇਲ੍ਹਾਂ 'ਚ ਭੁੱਖ ਹੜਤਾਲ 'ਤੇ ਬੈਠੇ ਹਨ, ਸਰਕਾਰ ਨੂੰ ਕੋਈ ਫਿਕਰ ਨਹੀਂ ਹੈ। ਉਨ੍ਹਾਂ ਆਖਿਆ ਕਿ 'ਸਾਡੇ ਬੱਚਿਆਂ ਲਈ ਤਾਂ ਰੁਜ਼ਗਾਰ ਮੰਗਣਾ ਹੀ ਗੁਨਾਹ ਬਣ ਗਿਆ ਹੈ।'
'ਪੱਕੀ' ਦੀ ਝਾਕ 'ਚ 'ਕੱਚੀ' ਗੁਆ ਬੈਠੇ
ਬੇਰੁਜ਼ਗਾਰ ਲਾਈਨਮੈਨ 'ਪੱਕੇ' ਰੁਜ਼ਗਾਰ ਲਈ ਕੱਚੀ ਨੌਕਰੀ ਵੀ ਗੁਆ ਬੈਠੇ ਹਨ। ਜੋ ਬਠਿੰਡਾ, ਸੰਗਰੂਰ, ਬਰਨਾਲਾ, ਮਲੇਰਕੋਟਲਾ ਅਤੇ ਫਿਰੋਜ਼ਪੁਰ ਜੇਲ੍ਹ 'ਚ 300 ਦੇ ਕਰੀਬ ਬੇਰੁਜ਼ਗਾਰ ਲਾਈਨਮੈਨ ਬੰਦ ਹਨ,ਉਨ੍ਹਾਂ ਚੋਂ ਕਈ ਦਰਜਨ ਪ੍ਰਾਈਵੇਟ ਕੰਪਨੀਆਂ 'ਚ 'ਕੱਚੀ' ਨੌਕਰੀ ਕਰਦੇ ਸਨ ਜਿਨ੍ਹਾਂ ਨਾਲ ਉਹ ਆਪਣਾ ਘਰ ਬਾਰ ਤੋਰ ਰਹੇ ਸਨ। ਜਦੋਂ ਸਰਕਾਰ ਨੇ ਉਨ੍ਹਾਂ 'ਤੇ ਪੁਲੀਸ ਕੇਸ ਦਰਜ ਕਰਕੇ ਜੇਲ੍ਹਾਂ 'ਚ ਭੇਜ ਦਿੱਤਾ, ਉਨ੍ਹਾਂ ਬੇਰੁਜ਼ਗਾਰਾਂ ਨੂੰ ਪ੍ਰਾਈਵੇਟ ਕੰਪਨੀਆਂ ਨੇ ਕੱਚੀ ਨੌਕਰੀ ਚੋਂ ਵੀ ਕੱਢ ਦਿੱਤਾ ਹੈ। ਪਿੰਡ ਭਗਵਾਨਗੜ ਦਾ ਜਗਜੀਤ ਸਿੰਘ ਇੱਕ ਪ੍ਰਾਈਵੇਟ ਕੰਪਨੀ 'ਚ 10 ਹਜ਼ਾਰ ਰੁਪਏ ਤਨਖਾਹ 'ਤੇ ਨੌਕਰੀ ਕਰਦਾ ਸੀ। ਜਦੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਤਾਂ ਪਿਛੋਂ ਪ੍ਰਾਈਵੇਟ ਕੰਪਨੀ ਨੇ ਵੀ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ। ਇਵੇਂ ਹੀ ਨੌਜਵਾਨ ਸਮਿੰਦਰ ਸਿੰਘ ਵੀ ਪ੍ਰਾਈਵੇਟ ਕੰਪਨੀ 'ਚ ਨੌਕਰੀ 'ਤੇ ਸੀ,ਜਿਸ ਤੋਂ ਉਹ ਹੱਥ ਧੋ ਬੈਠਾ ਹੈ। ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਭੁੱਲਰ (ਢਪਾਲੀ) ਨੇ ਦੱਸਿਆ ਕਿ ਜੇਲ੍ਹ 'ਚ ਬੰਦ ਦਰਜਨਾਂ ਨੌਜਵਾਨਾਂ ਨੂੰ ਪ੍ਰਾਈਵੇਟ ਕੰਪਨੀਆਂ ਨੇ ਨੋਟਿਸ ਜਾਰੀ ਕਰ ਦਿੱਤੇ ਹਨ ਜਿਨ੍ਹਾਂ 'ਚ ਉਹ ਕੱਚੀ ਨੌਕਰੀ ਕਰਦੇ ਸਨ। ਉਨ੍ਹਾਂ ਨੇ ਨੌਜਵਾਨ ਸਿਮਰਪ੍ਰੀਤ ਸਿੰਘ ਦੀ ਕੱਚੀ ਨੌਕਰੀ ਚਲੇ ਜਾਣ ਦਾ ਜ਼ਿਕਰ ਵੀ ਕੀਤਾ।
Good Story Mr Bhullar Keep it Up
ReplyDelete