Monday, April 4, 2011

               ਜਿਨ੍ਹਾਂ ਦਾ ਕੋਈ ਮੁਲਾਕਾਤੀ ਨਹੀਂ...।
                                  ਚਰਨਜੀਤ ਭੁੱਲਰ
ਬਠਿੰਡਾ  : ਇਕੱਲੀ ਜ਼ਿੰਦਗੀ ਨਹੀਂ ਮੁੱਕ ਰਹੀ, ਉਮੀਦ ਵੀ ਪੱਲਾ ਛੱਡ ਗਈ ਹੈ। ਕੋਈ ਸਵੇਰ ਉਨ੍ਹਾਂ ਲਈ ਨਵਾਂ ਸੁਨੇਹਾ ਨਹੀਂ ਲੈ ਕੇ ਆਈ। ਹੁਣ ਤਾਂ ਉਨ੍ਹਾਂ ਨੂੰ ਭੁਲੇਖੇ ਵੀ ਪੈਣੋਂ ਹਟ ਗਏ ਹਨ ਤੇ  ਉਡੀਕ ਵੀ ਮੁੱਕ ਚੱਲੀ ਹੈ। ਇੱਕੋ ਸਮੇਂ ਦੂਹਰੀ ਸਜ਼ਾ,ਇਹ ਕਦੇ ਉਨ੍ਹਾਂ ਦੇ ਚਿੱਤ ਚੇਤੇ ਵੀ ਨਹੀਂ ਸੀ।  ਆਪਣੇ ਪਾਪਾਂ ਦੀ ਸਜ਼ਾ ਤਾਂ ਉਹ ਭੁਗਤ ਹੀ ਰਹੇ ਹਨ, ਉਪਰੋਂ ਇਹ ਵੀ ਸਜ਼ਾ ਕੋਈ ਘੱਟ ਨਹੀਂ ਕਿ ਉਨ੍ਹਾਂ ਦਾ ਕਦੇ ਕੋਈ ਮੁਲਾਕਾਤੀ ਹੀ ਨਹੀਂ ਆਇਆ। ਪੰਜਾਬ ਦੀਆਂ ਜੇਲ੍ਹਾਂ 'ਚ ਇਸ ਤਰ੍ਹਾਂ ਦੇ ਤਿੰਨ ਦਰਜਨ ਕੈਦੀ ਹਨ ਜਿਨ੍ਹਾਂ ਨਾਲ 10 ਵਰ੍ਹਿਆਂ ਤੋਂ ਕੋਈ ਮੁਲਾਕਾਤ ਹੀ ਕਰਨ ਨਹੀਂ ਆਇਆ। ਹਾਲਾਂ ਕਿ ਇਨ੍ਹਾਂ ਦੀ ਬਾਲ ਬੱਚੇ ਵੀ ਹਨ ਤੇ ਘਰ ਬਾਰ ਵੀ ਹਨ। ਫਿਰ ਵੀ ਉਨ੍ਹਾਂ ਦਾ ਕਿਸੇ ਨੂੰ ਚੇਤ ਚੇਤਾ ਨਹੀਂ ਹੈ। 'ਆਪਣੇ' ਹੀ ਮੂੰਹ ਫੇਰ ਜਾਣਗੇ, ਉਨ੍ਹਾਂ ਨੂੰ ਜ਼ਿੰਦਗੀ ਦੇ ਇਸ ਮੋੜ 'ਤੇ ਪਤਾ ਲੱਗਾ ਹੈ। ਇਹ ਤਾਂ ਉਨ੍ਹਾਂ ਲਈ ਜੇਲ੍ਹ ਨਾਲੋਂ ਵੀ ਵੱਡੀ ਸਜ਼ਾ ਹੈ। ਸੂਚਨਾ ਦੇ ਅਧਿਕਾਰ ਤਹਿਤ ਜੋ ਜੇਲ੍ਹ ਵਿਭਾਗ ਪੰਜਾਬ ਨੇ ਵੇਰਵੇ ਦਿੱਤੇ ਹਨ,ਉਸ ਤੋਂ ਇਨ੍ਹਾਂ ਕੈਦੀਆਂ ਦਾ ਪਤਾ ਲੱਗਾ ਹੈ ਜਿਨ੍ਹਾਂ ਦਾ ਕੋਈ ਮੁਲਾਕਾਤੀ ਨਹੀਂ। ਕੇਂਦਰੀ ਜੇਲ੍ਹ ਬਠਿੰਡਾ 'ਚ ਦੋ ਔਰਤਾਂ ਉਹ ਬੰਦ ਹਨ ਜਿਨ੍ਹਾਂ ਦੀ ਪਿਛਲੇ ਕਾਫੀ ਸਮੇਂ ਤੋਂ ਕੋਈ ਮੁਲਾਕਾਤ ਕਰਨ ਹੀ ਨਹੀਂ ਆਇਆ ਹੈ। ਇਨ੍ਹਾਂ ਔਰਤਾਂ ਨੂੰ ਇਹੋ ਵੱਡਾ ਝੋਰਾ ਹੈ। ਹਾਲਾਂ ਕਿ ਉਨ੍ਹਾਂ ਦੇ ਸਕੇ ਸਬੰਧੀ ਵੀ ਹਨ ਅਤੇ ਬਾਲ ਬੱਚੇ ਵੀ ਹਨ। ਫਿਰ ਵੀ ਕੋਈ ਮੁਲਾਕਾਤ ਕਰਨ ਨਹੀਂ ਬਹੁੜਿਆ। ਹੁਣ ਤਾਂ ਉਨ੍ਹਾਂ ਨੂੰ 'ਆਪਣਿਆਂ' ਦੀ ਉਡੀਕ ਵੀ ਮੁੱਕ ਗਈ ਹੈ। ਜੇਲ੍ਹ ਸਟਾਫ ਵਲੋਂ ਹੀ ਉਨ੍ਹਾਂ ਨੂੰ ਕੱਪੜੇ ਵਗੈਰਾ ਦੇ ਦਿੱਤੇ ਜਾਂਦੇ ਹਨ।
             ਜਦੋਂ ਜੇਲ੍ਹ 'ਚ ਹੋਰਨਾਂ ਔਰਤਾਂ ਨੂੰ ਮੁਲਾਕਾਤ ਲਈ ਆਵਾਜ਼ ਵੱਜਦੀ ਹੈ, ਉਨ੍ਹਾਂ ਨੂੰ ਇਸ ਆਵਾਜ਼ ਚੋਂ ਕਈ ਝਉਲੇ ਪੈਂਦੇ ਹਨ। ਫਿਰ ਨਮੋਸ਼ੀ ਹੋਣੀ ਤਾਂ ਕੁਦਰਤੀ ਗੱਲ ਹੈ।  ਇਨ੍ਹਾਂ ਔਰਤਾਂ ਦੀ ਪਹਿਲਾਂ ਮੁਲਾਕਾਤ ਆ ਜਾਂਦੀ ਸੀ ਪ੍ਰੰਤੂ ਹੁਣ ਕਿਧਰੋਂ ਵੀ ਕੋਈ ਖ਼ਬਰ ਨਹੀਂ ਆਉਂਦੀ ਹੈ। ਬਠਿੰਡਾ ਜੇਲ੍ਹ 'ਚ ਬੰਦ ਬਜ਼ੁਰਗ ਹਰਨੇਕ ਸਿੰਘ ਦੀ ਰਿਹਾਈ ਵੀ ਕਾਫੀ ਅਰਸੇ ਮਗਰੋਂ ਹੋਈ ਹੈ ਜਿਸ ਦੀ ਲੰਮੇ ਸਮੇਂ ਤੋਂ ਕੋਈ ਮੁਲਾਕਾਤ ਨਹੀਂ ਕਰਨ ਆਇਆ ਸੀ। ਕੈਦੀ ਭਾਗ ਸਿੰਘ ਦੇ ਭਾਗ ਏਨੇ ਮਾੜੇ ਹਨ ਕਿ ਉਸ ਦੀ 10 ਸਾਲਾਂ ਤੋਂ ਕੋਈ ਮੁਲਾਕਾਤ ਨਹੀਂ ਕਰਨ ਆਇਆ ਹੈ। ਹੁਣ ਤਾਂ ਜੇਲ੍ਹ ਹੀ ਉਸਦਾ ਘਰ ਹੈ। ਕੇਂਦਰੀ ਜੇਲ੍ਹ ਪਟਿਆਲਾ 'ਚ ਭਾਗ ਸਿੰਘ 2 ਨਵੰਬਰ 1995 ਤੋਂ ਬੰਦ ਹੈ ਜਿਸ 'ਤੇ ਕਤਲ ਕੇਸ ਦਾ ਮੁਕੱਦਮਾ ਦਰਜ ਹੋਇਆ ਸੀ। ਉਹ ਉਮਰ ਕੈਦ ਭੁਗਤ ਰਿਹਾ ਹੈ। ਉਸ ਨੂੰ ਦਸ ਸਾਲਾਂ ਤੋਂ ਕਦੇ ਵੀ ਮੁਲਾਕਾਤ ਲਈ ਅਵਾਜ਼ ਨਹੀਂ ਵੱਜੀ ਹੈ। ਇਸੇ ਤਰ੍ਹਾਂ ਹੀ ਇਸੇ ਜੇਲ੍ਹ 'ਚ ਦਲੀਪ ਖਾਨ ਸਜ਼ਾ ਕੱਟ ਰਿਹਾ ਹੈ। ਉਸ ਉਪਰ 3 ਮਈ 1995 ਨੂੰ ਧਾਰਾ 302 ਤਹਿਤ ਪੁਲੀਸ ਕੇਸ ਦਰਜ ਹੋਇਆ ਸੀ। ਉਹ ਇਸ ਕੇਸ ਦੀ ਸਜ਼ਾ ਤਾਂ ਭੁਗਤ ਹੀ ਰਿਹਾ ਹੈ ਅਤੇ ਨਾਲ ਉਸ ਨੂੰ 'ਆਪਣਿਆਂ' ਦਾ ਵੈਰਾਗ ਵੀ ਤੰਗ ਕਰ ਰਿਹਾ ਹੈ। ਉਸ ਦੀ ਵੀ ਦਸ ਵਰ੍ਹਿਆਂ ਤੋਂ ਕਦੇ ਕੋਈ ਮੁਲਾਕਾਤ ਨਹੀਂ ਹੋਈ ਹੈ।
             ਜੇਲ੍ਹ ਵਿਭਾਗ ਪੰਜਾਬ ਵਲੋਂ ਭੇਜੀ ਇਹ ਲਿਖਤੀ ਸੂਚਨਾ ਹੈ ਜਿਸ ਦੇ ਮੁਤਾਬਿਕ ਇਕੱਲੀ ਪਟਿਆਲਾ ਜੇਲ੍ਹ 'ਚ ਅਜਿਹੇ ਕੈਦੀਆਂ ਦੀ ਗਿਣਤੀ 29 ਹੈ ਜਿਨ੍ਹਾਂ ਨਾਲ ਲੰਮੇ ਸਮੇਂ ਤੋਂ ਕੋਈ ਮੁਲਾਕਾਤ ਨਹੀਂ ਕਰਨ ਆਇਆ ਹੈ। ਇਸੇ ਜੇਲ੍ਹ ਅੰਦਰ ਭਾਨ ਸਿੰਘ ਵੀ ਮੁਲਾਕਾਤ ਨੂੰ ਤਰਸ ਰਿਹਾ ਹੈ। ਉਸ ਉਪਰ 21 ਜੁਲਾਈ 1993 ਨੂੰ ਕਤਲ ਕੇਸ ਦਰਜ ਹੋਇਆ ਸੀ ਅਤੇ ਉਹ 27 ਅਗਸਤ 1993 ਤੋਂ ਜੇਲ੍ਹ ਅੰਦਰ ਬੰਦ ਹੈ। ਉਸ ਦੇ ਕਦੇ ਨਾ 'ਆਪਣੇ' ਮੁਲਾਕਾਤ ਲਈ ਆਏ ਹਨ ਅਤੇ ਨਾ ਹੀ ਕੋਈ 'ਬਿਗਾਨਾ' ਆਇਆ ਹੈ। ਪੰਜਾਬ ਦੀਆਂ ਜੇਲ੍ਹਾਂ 'ਚ  ਰੋਜ਼ਾਨਾ ਮੁਲਾਕਾਤ ਦਾ ਸਮਾਂ ਸਵੇਰ ਵਕਤ 9 ਤੋਂ 12 ਵਜੇ ਤੱਕ ਦਾ ਹੁੰਦਾ ਹੈ ਅਤੇ ਸ਼ਾਮ ਵਕਤ 3 ਵਜੇ ਤੋਂ 5 ਵਜੇ ਤੱਕ ਦਾ ਹੁੰਦਾ ਹੈ। ਐਤਵਾਰ ਨੂੰ ਕੋਈ ਮੁਲਾਕਾਤ ਨਹੀਂ ਹੁੰਦੀ ਹੈ। ਪੰਜਾਬ ਦੀ ਹਰ ਜੇਲ੍ਹ 'ਚ ਨਿੱਤ ਆਉਣ ਵਾਲੇ ਮੁਲਾਕਾਤੀਆਂ ਦੀ ਗਿਣਤੀ 200 ਤੋਂ 350 ਤੱਕ ਹੁੰਦੀ ਹੈ। ਕੇਂਦਰੀ ਜੇਲ੍ਹ ਬਠਿੰਡਾ 'ਚ  200 ਤੋਂ 250 ਮੁਲਾਕਾਤੀ ਰੋਜ਼ਾਨਾ ਆਉਂਦੇ ਹਨ। ਮੁਲਾਕਾਤਾਂ ਵਾਲੇ ਰਜਿਸਟਰ 'ਤੇ ਉਕਤ ਤਿੰਨ ਦਰਜਨ ਕੈਦੀਆਂ ਦਾ ਕਦੇ ਨਾਮ ਨਹੀਂ ਲਿਖਿਆ ਗਿਆ ਹੈ। ਬੋਰਸਟਲ ਜੇਲ੍ਹ ਲੁਧਿਆਣਾ 'ਚ ਸੁਰਿੰਦਰ ਵੀ ਕਤਲ ਕੇਸ 'ਚ ਬੰਦ ਹੈ। ਉਸ ਨੂੰ 12 ਅਪ੍ਰੈਲ 2005 ਨੂੰ ਸਜ਼ਾ ਹੋਈ ਸੀ। ਜੇਲ੍ਹ 'ਚ ਆਉਣ ਮਗਰੋਂ  ਉਸ ਦਾ ਕੋਈ ਮੁਲਾਕਾਤੀ ਨਹੀਂ ਆਇਆ ਹੈ। ਉਤਰ ਪ੍ਰਦੇਸ਼ ਦੇ ਈਸਾਕ ਬੀਰਚਾ ਨੂੰ 2 ਅਗਸਤ 2001 ਨੂੰ ਸਜ਼ਾ ਹੋਈ ਸੀ। ਉਸ ਦੀ 9 ਸਾਲ ਤੋਂ ਕਦੇ ਵੀ ਕਿਸੇ ਨੇ ਮੁਲਾਕਾਤ ਨਹੀਂ ਕੀਤੀ ਹੈ। ਉਹ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ 'ਚ ਬੰਦ ਹੈ। ਉਸ ਉਪਰ 27 ਮਾਰਚ 1999 ਨੂੰ ਕਤਲ ਕੇਸ ਦਰਜ ਹੋਇਆ ਸੀ। ਇਸੇ ਤਰ੍ਹਾਂ ਹੋਰਨਾਂ ਜੇਲ੍ਹਾਂ 'ਚ ਵੀ ਇਸ ਤਰ੍ਹਾਂ ਦੇ ਬੰਦੀ ਹਨ ਜਿਨ੍ਹਾਂ ਦਾ ਕੋਈ ਮੁਲਾਕਾਤੀ ਨਹੀਂ ਹੈ। ਇਨ੍ਹਾਂ ਲਈ ਜੇਲ੍ਹ ਦੀ ਦੁਨੀਆ ਹੀ ਆਪਣੀ ਹੈ ਅਤੇ ਬਾਕੀ ਸਭ ਹੁਣ ਪਰਾਏ ਹੋ ਗਏ ਹਨ। ਵੱਡਾ ਨੁਕਸਾਨ ਇਨ੍ਹਾਂ ਨੂੰ ਇਹ ਹੈ ਕਿ ਜਦੋਂ ਕੋਈ ਮੁਲਾਕਾਤੀ ਹੀ ਨਹੀਂ ਆਉਂਦਾ ਤਾਂ ਇਨ੍ਹਾਂ ਦੇ ਅਗੇਤੀ ਰਿਹਾਈ ਦੇ ਕੇਸਾਂ ਦੀ ਪੈਰਵੀ ਵੀ ਨਹੀਂ ਹੁੰਦੀ ਹੈ। ਨਤੀਜੇ ਵਜੋਂ ਇਨ੍ਹਾਂ ਨੂੰ ਲੰਮੇ ਜੇਲ੍ਹ ਕੱਟਣੀ ਪੈਣੀ ਹੈ।
             

2 comments:

  1. ਦਰਦ ਭਰਿਆ ਇੱਕ ਸੱਚ ਇਹ ਵੀ।
    ਮੇਰੇ ਲਈ ਬਿਲਕੁਲ ਨਵੀਂ ਗੱਲ...ਜੋ ਨਾ ਮੈਂ ਪਹਿਲਾਂ ਪੜ੍ਹੀ ਨਾ ਕਿਸੇ ਤੋਂ ਸੁਣੀ ...ਕਿ ਅਜਿਹੇ ਵੀ ਅਭਾਗੇ ਬੈਠੇ ਨੇ ਏਸ ਦੁਨੀਆਂ 'ਚ...ਜਿਨ੍ਹਾਂ ਨੇ ਕੋਈ ਗੁਨਾਹ ਕੀਤਾ ਜਿਸ ਦੀ ਕਨੂੰਨ ਨੇ ਓਨ੍ਹਾਂ ਨੂੰ ਸਜ਼ਾ ਦਿੱਤੀ ਤੇ ਓਸ ਤੋਂ ਵੱਡੀ ਸਜ਼ਾ ਰੱਬ ਦੇ ਰਿਹਾ।
    ਹਰਦੀਪ

    ReplyDelete
  2. ਦਰਦ ਭਰੀ ਨਾਲੋਂ ਸ਼ਰਮ ਭਰੀ ਵੱਧ ਹੈ ਇਹ ਖ਼ਬਰ! ਸਮਾਜ ਅਤੇ ਧਰਮ ਦੋਵੇਂ ਦਾਅਵਾ ਕਰਦੇ ਹਨ ਕਿ ਉਹ ਨਿਆਸਰਿਆਂ ਦੇ ਆਸਰੇ ਹਨ। ਧਾਰਿਮਕ ਅਦਾਰੇ ਸਰਬੱਤ ਦਾ ਭਲਾ- ਅਰਦਾਸ ਕਰ ਕੇ ਆਪਣਾ ਫ਼ਰਜ਼ ਪੂਰਾ ਮੰਨਦੇ ਹਨ ਪਰ ਕਿਸੇ ਦਾ ਭਲਾ ਕਰਨ ਲਈ ਹੱਥ ਪੈਰ ਜਾਂ ਉਂਗਲੀ ਨਹੀਂ ਹਿਲਾਉਂਦੇ। ਅਸਲ ਿਵੱਚ ਿੲਹ ਦਸ਼ਾ ਵੱਧ ਸ਼ਰਮ ਤੇ ਤਰਸਯੋਗ ਹੈ ਦਰਦ ਤਾਂ ਹੁਣ ਸ਼ਬਦ ਬਣ ਕੇ ਰਿਹ ਗਿਆ ਹੈ ਜਿਸ ਦੇ ਅਰਥ ਸ਼ਬਦ ਦੇ ਨਾਲ ਹੀ ਗੁੰਮ ਹੋ ਚੁਕੇ ਹਨ!
    ਇਹ ਅਣਹੋਣੀ, ਆਮ ਮੀਡੀਏ ਦੀ ਅੱਖ ਤੋਂ ਪਰ੍ਹਾਂ ਦੀ ਖ਼ਬਰ ਨਸ਼ਰ ਕਰਨ ਲਈ ਵਧਾਈ, ਚਰਨਜੀਤ!

    ReplyDelete