Wednesday, February 8, 2017

                              ਚੋਣ ਕਮਿਸ਼ਨ ਬੇਵੱਸ
             ਕਮੇਟੀ ਦਿੱਲੀ ਦੀ, ਬੋਝ ਪੰਜਾਬ 'ਤੇ
                                 ਚਰਨਜੀਤ ਭੁੱਲਰ
ਬਠਿੰਡਾ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਨੇਤਾਵਾਂ ਦੀ ਸੁਰੱਖਿਆ ਦਾ ਬੋਝ ਪੰਜਾਬ ਸਰਕਾਰ ਚੁੱਕ ਰਹੀ ਹੈ। ਪੰਜਾਬ ਪੁਲੀਸ ਨੇ ਇਨ•ਾਂ ਆਗੂਆਂ ਨੂੰ ਚਾਰ ਜਿਪਸੀਆਂ ਵੀ ਦਿੱਤੀਆਂ ਹੋਈਆਂ ਹਨ ਅਤੇ ਇਨ•ਾਂ ਦੇ ਤੇਲ ਵੀ ਪੰਜਾਬ ਦੇ ਖ਼ਜ਼ਾਨੇ ਚੋਂ ਪੈ ਰਿਹਾ ਹੈ। ਹੁਣ ਦਿੱਲੀ ਕਮੇਟੀ ਦੀਆਂ ਚੋਣਾਂ ਹਨ ਜਿਸ ਕਰਕੇ ਇਨ•ਾਂ ਨੇਤਾਵਾਂ ਨੂੰ ਦਿੱਤੀਆਂ ਜਿਪਸੀਆਂ ਦਾ ਤੇਲ ਖਰਚਾ ਵੀ ਵੱਧ ਜਾਣਾ ਹੈ। ਚੋਣ ਕਮਿਸ਼ਨ ਨੇ ਇਨ•ਾਂ ਆਗੂਆਂ ਤੋਂ ਗੰਨਮੈਨ ਵਾਪਸ ਲੈਣ ਦੀ ਹਦਾਇਤ ਕਰ ਦਿੱਤੀ ਸੀ ਪਰ ਸਿਆਸੀ ਦਬਾਓ ਕਰਕੇ ਇਨ•ਾਂ ਆਗੂਆਂ ਤੋਂ ਸੁਰੱਖਿਆ ਵਾਪਸ ਲੈਣ ਵਾਲੀ ਫਾਈਲ ਪੰਜਾਬ ਪੁਲੀਸ ਦੇ ਉੱਚ ਅਫਸਰਾਂ ਨੇ ਦੱਬ ਲਈ ਹੈ। ਪੰਜਾਬ ਪੁਲੀਸ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਕਾਰਜਕਾਰੀ ਮੈਂਬਰ ਅਵਤਾਰ ਸਿੰਘ ਹਿੱਤ ਦੇ ਨਾਲ ਕਰੀਬ ਦੋ ਦਰਜਨ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ। ਡੀ.ਜੀ.ਪੀ ,ਸੁਰੱਖਿਆ ਪੰਜਾਬ ਨੇ 29 ਨਵੰਬਰ 2011 ਨੂੰ ਪੱਤਰ ਨੰਬਰ 31683 ਜਾਰੀ ਕਰਕੇ ਅਵਤਾਰ ਸਿੰਘ ਹਿੱਤ ਨੂੰ ਬਤੌਰ ਪ੍ਰਧਾਨ ,ਸ਼੍ਰੋਮਣੀ ਅਕਾਲੀ ਦਲ ਦਿੱਲੀ, ਪੀ.ਬੀ 12 ਐਫ 7184 ਜਿਪਸੀ ਅਲਾਟ ਕੀਤੀ ਸੀ ਜਿਸ ਲਈ ਪ੍ਰਤੀ ਮਹੀਨਾ 290 ਲੀਟਰ ਤੇਲ ਵੀ ਫਿਕਸ਼ ਕੀਤਾ ਗਿਆ।
                      ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਇੱਕ ਸਰਕਾਰੀ ਜਿਪਸੀ ਅਤੇ ਕਰੀਬ ਪੰਜ ਸੁਰੱਖਿਆ ਮੁਲਾਜ਼ਮ ਦਿੱਤੇ ਹਨ। ਵਾਰ ਵਾਰ ਸੰਪਰਕ ਕਰਨ ਤੇ ਸ੍ਰੀ ਜੀ.ਕੇ ਨੇ ਫੋਨ ਨਹੀਂ ਚੁੱਕਿਆ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਕਰੀਬ ਦਰਜਨ ਗੰਨਮੈਨ ਅਤੇ ਦੋ ਜਿਪਸੀਆਂ ਦਿੱਤੀਆਂ ਹੋਈਆਂ ਹਨ। ਪੰਜਾਬ ਪੁਲੀਸ ਨੇ ਪਹਿਲਾਂ ਇੱਕ ਜਿਪਸੀ ਦਿੱਲੀ ਵਾਸਤੇ ਦਿੱਤੀ ਹੋਈ ਸੀ ਅਤੇ ਕੁਝ ਸਮੇਂ ਮਗਰੋਂ ਇੱਕ ਜਿਪਸੀ ਚੰਡੀਗੜ• ਵਾਸਤੇ ਉਨ•ਾਂ ਨੂੰ ਹੋਰ ਦਿੱਤੀ ਗਈ। ਮਨਜਿੰਦਰ ਸਿਰਸਾ ਦਾ ਕਹਿਣਾ ਸੀ ਕਿ ਉਨ•ਾਂ ਨੂੰ ਪੰਜਾਬ ਸਰਕਾਰ ਤਰਫ਼ੋਂ ਕੈਬਨਿਟ ਰੈਂਕ ਦਿੱਤਾ ਹੋਇਆ ਹੈ ਜਿਸ ਕਰਕੇ ਸੁਰੱਖਿਆ ਮਿਲੀ ਹੈ। ਸੂਤਰ ਆਖਦੇ ਹਨ ਕਿ ਜਿਨ•ਾਂ ਹੋਰਨਾਂ ਨੂੰ ਕੈਬਨਿਟ ਰੈਂਕ ਦਿੱਤੇ ਗਏ ਹਨ, ਉਨ•ਾਂ ਤੋਂ ਸੁਰੱਖਿਆ ਵਾਪਸ ਹੋਈ ਹੈ ਪਰ ਸਿਰਸਾ ਤੋਂ ਸੁਰੱਖਿਆ ਵਾਪਸ ਕਿਉਂ ਨਹੀਂ ਲਈ ਗਈ ?  ਇਸੇ ਤਰ•ਾਂ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਮੈਂਬਰ ਅਵਤਾਰ ਸਿੰਘ ਹਿੱਤ ਨੂੰ ਵੀ ਇੱਕ ਜਿਪਸੀ ਤੋਂ ਇਲਾਵਾ ਕਰੀਬ ਪੰਜ ਮੁਲਾਜ਼ਮ ਵੀ ਦਿੱਤੇ ਹੋਏ ਹਨ।
                      ਅਵਤਾਰ ਸਿੰਘ ਹਿੱਤ ਦਾ ਪ੍ਰਤੀਕਰਮ ਸੀ ਕਿ ਜਿਪਸੀ ਖਰਾਬ ਹੋਈ ਖੜ•ੀ ਹੈ ਅਤੇ ਉਸ ਨੇ ਚਾਰ ਗੰਨਮੈਨ ਵਾਪਸ ਭੇਜ ਦਿੱਤੇ ਹਨ ਅਤੇ ਇੱਕ ਬਾਕੀ ਰਹਿ ਗਿਆ ਹੈ। ਉਨ•ਾਂ ਆਖਿਆ ਕਿ ਉਹ ਸਭਿਆਚਾਰਕ ਬੋਰਡ ਦੇ ਚੇਅਰਮੈਨ ਰਹੇ ਹਨ, ਜਿਸ ਕਰਕੇ ਇਹ ਸੁਰੱਖਿਆ ਮਿਲੀ ਹੈ। ਸੂਤਰ ਦੱਸਦੇ ਹਨ ਕਿ ਜਦੋਂ ਇਨ•ਾਂ ਆਗੂਆਂ ਤੋਂ ਗੰਨਮੈਨ ਵਾਪਸੀ ਲਈ ਚੋਣ ਕਮਿਸ਼ਨ ਨੇ ਹਦਾਇਤ ਕੀਤੀ ਤਾਂ ਪੁਲੀਸ ਦੇ ਹੇਠਲੇ ਅਫਸਰਾਂ ਨੇ ਫੌਰੀ ਗੰਨਮੈਨ ਵਾਪਸੀ ਲਈ ਨੋਟਿੰਗ ਲਗਾ ਦਿੱਤੀ ਪਰ ਉਪਰਲੇ ਅਫਸਰਾਂ ਕੋਲ ਇਸ ਫਾਈਲ ਨੂੰ ਬਰੇਕ ਲੱਗ ਗਈ।  ਸੂਤਰ ਆਖਦੇ ਹਨ ਕਿ ਇਹ ਨੇਤਾ ਦਿੱਲੀ ਦੇ ਵਸਨੀਕ ਹਨ ਅਤੇ ਇਨ•ਾਂ ਨੂੰ ਪੰਜਾਬ ਚੋਂ ਸੁਰੱਖਿਆ ਮਿਲ ਨਹੀਂ ਸਕਦੀ ਹੈ। ਏ.ਡੀ.ਜੀ.ਪੀ (ਸੁਰੱਖਿਆ) ਸ੍ਰੀ ਬਲਵੀਰ ਬਾਵਾ ਨੇ ਫੋਨ ਨਹੀਂ ਚੁੱਕਿਆ ਜਦੋਂ ਕਿ ਏ.ਡੀ.ਜੀ.ਪੀ ਭਾਵਰਾ ਦਾ ਕਹਿਣਾ ਸੀ ਕਿ ਉਨ•ਾਂ ਦੇ ਯਾਦ ਨਹੀਂ ਹੈ ਕਿ ਦਿੱਲੀ ਦੇ ਆਗੂ ਸੁਰੱਖਿਆ ਵਾਪਸੀ ਵਾਲੀ ਸੂਚੀ ਵਿਚ ਸਨ ਜਾਂ ਨਹੀਂ।
                                              ਡੇਰਾ ਪ੍ਰਬੰਧਕਾਂ ਨੂੰ ਵੀ ਜਿਪਸੀਆਂ
ਸਰਕਾਰੀ ਸੂਚਨਾ ਅਨੁਸਾਰ ਪੰਜਾਬ ਪੁਲੀਸ ਨੇ ਡੇਰਾ ਸਿਰਸਾ ਦੇ ਸਲਾਬਤਪੁਰਾ ਡੇਰਾ ਦੇ ਮੁੱਖ ਪ੍ਰਬੰਧਕ ਜੋਰਾ ਸਿੰਘ ਨੂੰ ਵੀ ਜਿਪਸੀ ਪੀ.ਬੀ 12 ਡੀ 0052 ਦਿੱਤੀ ਗਈ ਅਤੇ ਉਸ ਦਾ ਪ੍ਰਤੀ ਮਹੀਨਾ 290 ਲੀਟਰ ਤੇਲ ਵੀ ਫਿਕਸ ਹੋਇਆ। ਇਸੇ ਤਰ•ਾਂ ਸੰਤ ਬਾਬਾ ਗੁਰਬਚਨ ਸਿੰਘ ਡੇਰਾ ਬੱਦੋ ਅਤੇ ਸੰਤ ਬਾਬਾ ਨਿਰਮਲ ਦਾਸ ਜੌੜੇ ਵਾਲਾ ਨੂੰ ਵੀ ਜਿਪਸੀ ਅਲਾਟ ਕੀਤੀ ਗਈ ਅਤੇ ਪ੍ਰਤੀ ਜਿਪਸੀ 290 ਲੀਟਰ ਤੇਲ ਅਲਾਟ ਕੀਤਾ ਗਿਆ।                                                                                                                                                                                   (ਕਾਰਟੂਨਿਸਟ : ਟੋਨੀ ਕਲੇਰ)

No comments:

Post a Comment