Saturday, February 25, 2017

                               ਪੰਜਾਬ ਪੁਲੀਸ ਡਰੀ
            ਚੌਟਾਲਾ ਪਰਿਵਾਰ ਤੋਂ ਗੰਨਮੈਨ ਖੋਹੇ
                                 ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਨੇ ਰਾਤੋਂ ਰਾਤ ਹਰਿਆਣਾ ਦੇ ਚੌਟਾਲਾ ਪਰਿਵਾਰ ਤੋਂ ਕਰੀਬ ਦੋ ਦਰਜਨ ਗੰਨਮੈਨ ਵਾਪਸ ਲੈ ਲਏ ਹਨ। ਗਠਜੋੜ ਹਕੂਮਤ ਤਰਫ਼ੋਂ ਲੰਮੇ ਅਰਸੇ ਤੋਂ ਚੌਟਾਲਾ ਪਰਿਵਾਰ ਨੂੰ ਸੁਰੱਖਿਆ ਗਾਰਦ ਦਿੱਤੇ ਹੋਏ ਸਨ। ਇੰਡੀਅਨ ਨੈਸ਼ਨਲ ਲੋਕ ਦਲ ਤਰਫ਼ੋਂ ਐਸ. ਵਾਈ. ਐਲ ਦੀ ਖੁਦਾਈ ਕਰਨ ਦੇ ਐਲਾਨ ਮਗਰੋਂ ਗੰਨਮੈਨ ਵਾਪਸ ਲੈਣ ਵਾਰੇ ਪੰਜਾਬ ਦੇ ਪੁਲੀਸ ਅਫਸਰ ਸੰਜੀਦਾ ਹੋ ਗਏ ਸਨ। ਅਹਿਮ ਸੂਤਰ ਦੱਸਦੇ ਹਨ ਕਿ ਦੋ ਹਫਤੇ ਪਹਿਲਾਂ ਚੌਟਾਲਾ ਪਰਿਵਾਰ ਦੇ ਨਾਲ ਲੱਗੇ ਗੰਨਮੈਨ ਵਾਪਸ ਬੁਲਾ ਲਏ ਗਏ ਸਨ ਪ੍ਰੰਤੂ ਮਗਰੋਂ ਪੰਜਾਬ ਸਰਕਾਰ ਦੇ ਮੁੜ ਦਬਾਓ ਪੈਣ ਕਰਕੇ ਦੋ ਨੰਬਰ ਵਿਚ ਹੀ ਮੁੜ ਚੌਟਾਲਾ ਪਰਿਵਾਰ ਨਾਲ ਇਨ•ਾਂ ਦੀ ਤਾਇਨਾਤੀ ਕਰ ਦਿੱਤੀ ਸੀ। ਜਦੋਂ ਨਹਿਰ ਦੀ ਖੁਦਾਈ ਦਾ ਮਾਮਲਾ ਉਠਿਆ ਤਾਂ 22 ਫਰਵਰੀ ਦੀ ਰਾਤ ਨੂੰ ਹੀ ਇਹ ਗੰਨਮੈਨ ਵਾਪਸ ਲੈਣ ਦੇ ਮਾਮਲੇ ਤੇ ਪੁਲੀਸ ਅਫਸਰਾਂ ਵਿਚ ਭਾਜੜ ਪੈ ਗਈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਦੀ ਚੌਟਾਲਾ ਪਰਿਵਾਰ ਨਾਲ ਨੇੜਤਾ ਹੈ ਜਿਸ ਦੇ ਵਜੋਂ ਗਠਜੋੜ ਹਕੂਮਤ ਨੇ ਪੰਜਾਬ ਹਰਿਆਣਾ ਸੀਮਾ ਤੇ ਚੌਧਰੀ ਦੇਵੀ ਲਾਲ ਦੀ ਸਮਾਰਕ ਬਣਾਈ।ਸੂਤਰਾਂ ਨੇ ਦੱਸਿਆ ਕਿ ਇਸ ਸਮਾਰਕ ਤੇ ਲੱਗੇ ਇੱਕ ਸਬ ਇੰਸਪੈਕਟਰ ਸਮੇਤ ਪੰਜ ਮੁਲਾਜ਼ਮਾਂ ਦੀ ਗਾਰਦ ਹਟਾਉਣ ਦੀ ਗੱਲ ਵੀ ਚੱਲੀ ਸੀ ਪ੍ਰੰਤੂ ਪੁਲੀਸ ਅਫਸਰਾਂ ਨੇ ਇਸ ਗੱਲ ਦੀ ਸਹਿਮਤੀ ਦੇ ਦਿੱਤੀ ਕਿ ਪੰਜਾਬ ਵਿਚ ਸਮਾਰਕ ਹੋਣ ਕਰਕੇ ਗਾਰਦ ਨਹੀਂ ਹਟਾਈ ਜਾਵੇਗੀ।
                         ਸੂਤਰ ਦੱਸਦੇ ਹਨ ਕਿ ਚੌਟਾਲਾ ਪਰਿਵਾਰ ਨੂੰ ਹੋਰ ਸਮਾਂ ਗੰਨਮੈਨ ਦੇਣ ਨੂੰ ਪੰਜਾਬ ਪੁਲੀਸ ਦੇ ਅਫਸਰਾਂ ਨੇ ਆਪਣੀ ਨੌਕਰੀ ਲਈ ਖਤਰਾ ਦੱਸਿਆ। ਸੂਤਰ ਦੱਸਦੇ ਹਨ ਕਿ ਗਠਜੋੜ ਦੇ ਕਾਫ਼ੀ ਨੇਤਾਵਾਂ ਦੇ ਨਾਮ ਤੇ ਇਹ ਸਕਿਊਰਿਟੀ ਜਾਰੀ ਹੋਈ ਸੀ ਜੋ ਕਿ ਫਿਜੀਕਲੀ ਚੌਟਾਲਾ ਪਰਿਵਾਰ ਨਾਲ ਤਾਇਨਾਤ ਸੀ। ਇੰਡੀਅਨ ਨੈਸ਼ਨਲ ਲੋਕ ਦਲ ਦੇ ਸੁਪਰੀਮੋ ਅਭੈ ਚੌਟਾਲਾ ਦੇ ਵੱਡੇ ਲੜਕੇ ਕਰਨ ਸਿੰਘ ਚੌਟਾਲਾ ਦਾ ਕਹਿਣਾ ਸੀ ਕਿ ਬਤੌਰ ਵਿਰੋਧੀ ਧਿਰ ਦੇ ਨੇਤਾ ਚੌਟਾਲਾ ਪਰਿਵਾਰ ਕੋਲ ਸੁਰੱਖਿਆ ਹੈ। ਉਨ•ਾਂ ਆਖਿਆ ਕਿ ਪੰਜਾਬ ਪੁਲੀਸ ਦਾ ਉਨ•ਾਂ ਕੋਲ ਕੋਈ ਗੰਨਮੈਨ ਨਹੀਂ ਹੈ ਜਿਸ ਕਰਕੇ ਗੰਨਮੈਨ ਵਾਪਸੀ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਹੈ।ਸੂਤਰ ਆਖਦੇ ਹਨ ਕਿ ਨਹਿਰ ਦੀ ਖੁਦਾਈ ਦੇ ਐਲਾਨ ਕਰਕੇ ਪੁਲੀਸ ਅਫਸਰ ਡਰ ਗਏ ਸਨ ਕਿ ਕੋਈ ਨਵਾਂ ਪੰਗਾ ਖੜ•ਾ ਹੋ ਸਕਦਾ ਹੈ ਜਿਸ ਕਰਕੇ ਪੁਲੀਸ ਅਫਸਰਾਂ ਨੇ 22 ਫਰਵਰੀ ਦੀ ਰਾਤ ਨੂੰ ਦਿੱਲੀ ਵਿਖੇ ਵਿਸ਼ੇਸ਼ ਗੱਡੀ ਭੇਜ ਕੇ ਚੌਟਾਲਾ ਪਰਿਵਾਰ ਦੇ ਫਾਰਮ ਹਾਊਸ ਤੋਂ ਗੰਨਮੈਨ ਵਾਪਸ ਲਿਆਂਦੇ।
                         ਸੂਤਰਾਂ ਅਨੁਸਾਰ ਇਹ ਗੰਨਮੈਨ ਪੀਏਪੀ ਬਟਾਲੀਅਨ ਪਟਿਆਲਾ ਦੇ ਸਨ ਜੋ ਕਿ ਹੁਣ ਬਟਾਲੀਅਨ ਵਿਚ ਵਾਪਸ ਆ ਗਏ ਹਨ। ਪੰਜਾਬ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮਗਰੋਂ ਆਊਟ ਆਫ਼ ਸਟੇਟ ਜੋ ਵੀ ਗੰਨਮੈਨ ਸਨ, ਉਹ ਵਾਪਸ ਲੈ ਲਏ ਗਏ ਸਨ। ਸੂਤਰਾਂ ਅਨੁਸਾਰ ਪੰਜਾਬ ਪੁਲੀਸ ਦੇ ਬਹੁਤੇ ਗੰਨਮੈਨ ਚੌਟਾਲਾ ਫਾਰਮ ਵਿਚ ਤਾਇਨਾਤ ਸਨ ਜਦੋਂ ਕਿ ਬਾਕੀ ਗੰਨਮੈਨ ਚੌਟਾਲਾ ਪਰਿਵਾਰ ਦੇ ਵੱਖ ਵੱਖ ਮੈਂਬਰਾਂ ਨਾਲ ਲੱਗੇ ਹੋਏ ਸਨ। ਵੇਰਵਿਆਂ ਅਨੁਸਾਰ ਇੱਧਰ 'ਚੌਧਰੀ ਦੇਵੀ ਲਾਲ ਦੀ ਸਮਾਰਕ' ਤੇ ਪੰਜਾਬ ਪੁਲੀਸ ਦੀ ਸਾਲ 2008 ਤੋਂ ਗਾਰਦ ਤਾਇਨਾਤ ਹੈ ਅਤੇ ਦਸੰਬਰ 2016 ਤੱਕ ਸਰਕਾਰ ਇਸ ਸਮਾਰਕ ਤੇ ਕਰੀਬ ਸਵਾ ਤਿੰਨ ਕਰੋੜ ਰੁਪਏ ਖਰਚ ਕਰ ਚੁੱਕੀ ਹੈ। 

1 comment:

  1. ਇਹ ਕੀ ਮਜਾਕ ਹੈ? ਬਾਦਲਾਂ ਨੇ ਪੰਜਾਬ ਨੂ ਘਰ ਦੀ ਮੁਰਗੀ ਹੀ ਸਮਝ ਰਖਿਆ ਹੈ!

    ਚੁਟਾਲਿਆ ਦੀ ਸਮਾਰਕ ਪੰਜਾਬ ਨੇ ਕਿਓ ਬਣਾਈ ਅਤੇ ਪੰਜਾਬ ਦਾ ਟੈਕ੍ਸ payer ਕਿਓ ਉਨਾ ਦੀ security ਦਾ ਬਿਲ ਭਰੇ?

    ਪਹਿਲਾ ਇਹ ਬਾਦਲ ਅਤੇ congressi ਆਵਦੇ ਪਿੰਡਾ ਨੂ ਪੂਰਾ ਪਾਣੀ ਦੇ ਕੇ ਤੇ ਫਿਰ ਦੂਜਿਆ ਦਾ ਪਾਣੀ ਖੋ ਕੇ ਉਤਲੇ leaders ਨਾਲ ਲੈਣ ਦੇਣ ਕਰ ਲੈਂਦੇ ਸੀ

    ਅਜਾਦੀ ਤੋਂ ਪਹਿਲਾ ਰਾਜਸਥਾਨ ਗੈੰਗ ਕਨਾਲ ਦਾ ਪਾਣੀ ਮੁਲ ਲੈਂਦਾ ਸੀ

    ਫਿਰ ਪੰਜਾਬ ਕਾਂਗਰਸ ਨੇ ਇੰਦਿਰਾ ਗਾਂਧੀ ਕਨਾਲ ਵੀ ਦੇ ਦਿਤੀ ਪਰ ਅਬੋਹਰ ਫਾਜ਼ਿਲਕਾ ਨੂ ਭੁਖੇ ਮਾਰ ਕੇ ਜਿਥੇ ਨਰਮੇ ਵਾਸਤੇ ਅਤੇ ਪੀਣ ਵਾਲੇ ਪਾਣੀ ਵਾਸਤੇ ਵੀ ਲੋਕ ਤਰਸਦੇ ਹਨ.

    ਪਰ ਇੰਦਿਰਾ ਨੇ ਰਾਜਸਥਾਨ ਦੇ ਮਾਰੂ ਏਲਕੇ ਨੋ ਹਰਾ ਕਰਨ ਦੀ ਠਾਨੀ ਸੀ ਵੋਟਾਂ ਵਾਸਤੇ ਜੋ congress ਤੇ ਬਾਦ ਵਿਚ ਬਾਦਲ ਨੇ ਵੀ ਹਾ ਭਰੀ...

    ਇਹ ਲੋਕ ਪੰਜਾਬ ਦੇ ਦੁਸਮਨ ਹਨ

    ReplyDelete