ਸਤੌਜ ਦੀ ਗੂੰਜ
ਬਸੰਤ ਬਣ ਛਾਇਆ ਭਗਵੰਤ ਮਾਨ
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਕੀ ਕਹੀਏ, ਸਤੌਜ ਪਿੰਡ ਵਾਲੇ ਮਾਸਟਰ ਜੀ ਦਾ ਮੁੰਡਾ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਪ੍ਰਸ਼ੰਸਕ ਜਾਂ ਫਿਰ ਪੰਜਾਬ ਦੀ ਨਵੀਂ ਸਿਆਸਤ ਦਾ ਮੋਹੜੀ ਗੱਡ। ਮਾਸਟਰ ਮਹਿੰਦਰ ਸਿੰਘ ਦੀ ਇੱਕੋ ਇੱਛਾ ਸੀ ਕਿ ਮੁੰਡਾ ਡਿਗਰੀ ਕਰੇ ਤੇ ਨੌਕਰੀ ਲੱਗੇ। ਅਧਿਆਪਕ ਪਿਤਾ ਸਾਈਕਲ ’ਤੇ ਸਕੂਲ ਜਾਂਦਾ ਅਤੇ ਪਿਛਲੀ ਸੀਟ ’ਤੇ ਪੁੱਤ ਭਗਵੰਤ ਮਾਨ ਬੈਠਦਾ। ਭਗਵੰਤ ਮਾਨ ਦੇ ਅੰਦਰਲੇ ਕਲਾਕਾਰ ਨਾਲ ਪਿਤਾ ਦਾ ਹਮੇਸ਼ਾ ਸ਼ਰੀਕਾ ਰਿਹਾ। ਜਦੋਂ ਭਗਵੰਤ ਮਾਨ ਦਾ ਸ਼ਹੀਦ ਊਧਮ ਸਿੰਘ ਕਾਲਜ ਦਾ ਦਾਖਲਾ ਹੋਇਆ ਤਾਂ ਮਾਪਿਆਂ ਨੂੰ ਆਸ ਜਾਗੀ।ਕਾਲਜ ਦੇ ਯੂਥ ਫੈਸਟੀਵਲ ’ਚ ਅਜਮੇਰ ਔਲਖ ਦੇ ਲਿਖੇ ਇੱਕ ਨਾਟਕ ’ਚ ਭਗਵੰਤ ਮਾਨ ਨੇ ਲੱਕੜਚੱਬ ਦਾ ਰੋਲ ਕੀਤਾ। ਜਦੋਂ ਕਲਾਸ ਦੇ ਸਾਲਾਨਾ ਨਤੀਜੇ ਨੇ ਵਫ਼ਾ ਨਾ ਕੀਤਾ ਤਾਂ ਪਿਤਾ ਨੂੰ ਇੱਕ ਚੜ੍ਹੇ, ਇੱਕ ਉੱਤਰੇ। ਅੱਕ ਕੇ ਪਿਤਾ ਨੇ ਬੀ.ਕਾਮ ’ਚ ਦਾਖਲਾ ਕਰਾ ਦਿੱਤਾ।
1992 ਵਿਚ ਜਦੋਂ ਭਗਵੰਤ ਮਾਨ ਦੀ ‘ਕੁਲਫ਼ੀ ਗਰਮਾ ਗਰਮ’ ਨੇ ਬੁਲੰਦੀ ਹਾਸਲ ਕੀਤੀ ਤਾਂ ਮਾਪਿਆਂ ਦਾ ਗ਼ੁੱਸਾ ਠੰਢਾ ਪੈ ਗਿਆ। ਫਿਰ ਚੱਲ ਸੋ ਚੱਲ, ਕਾਮੇਡੀ ਦੇ ਖੇਤਰ ’ਚ ਭਗਵੰਤ ਮਾਨ ਦਾ ਦੁੱਧ ਵੀ ਵਿਕਿਆ ਤੇ ਪਾਣੀ ਵੀ। ਜਰਨੈਲ ਘੁਮਾਣ ਨੇ ਉਂਗਲ ਫੜੀ ਤੇ ਭਗਵੰਤ ਮਾਨ ਨੂੰ ਕਾਮੇਡੀ ਦੇ ਅਖਾੜੇ ’ਚ ਉਤਾਰ ਦਿੱਤਾ। ਦਰਜਨਾਂ ਕੈਸੇਟਾਂ ਆਈਆਂ। ਕੋਈ ਹਿੱਟ, ਕੋਈ ਸੁਪਰਹਿੱਟ। ਕਿੰਨੇ ਵਰ੍ਹੇ ਅਖਾੜੇ ’ਚ ਝੰਡੀ ਫੜ ਕੇ ’ਕੱਲਾ ਖੜ੍ਹਾ ਰਿਹਾ। ਕਾਮੇਡੀ ’ਚ ਕਦੇ ਜੋਟੀਦਾਰ ਜਗਤਾਰ ਜੱਗੀ ਰਿਹਾ ਤੇ ਕਦੇ ਰਾਣਾ ਰਣਬੀਰ। ਸੁਨਾਮ ਵਾਲਾ ਕੰਵਲਜੀਤ ਢੀਂਡਸਾ, ਬੀਨੂੰ ਢਿੱਲੋਂ ਤੇ ਕਰਮਜੀਤ ਅਨਮੋਲ ਤਾਂ ਭਗਵੰਤ ਮਾਨ ਦੇ ਟਕਸਾਲੀ ਦੋਸਤ ਹਨ। ਢੀਂਡਸਾ ਨੇ ਸਟੇਜਾਂ ’ਤੇ ਚੜ੍ਹਾਉਣ ਲਈ ਕਦੇ ਕਦੇ ਧੱਕਾ ਵੀ ਕਰਨਾ।ਅਦਾਕਾਰ ਕਰਮਜੀਤ ਅਨਮੋਲ ਦੱਸਦਾ ਹੈ, ‘‘ਅਸੀਂ ਤਾਂ ਯੂਥ ਫੈਸਟੀਵਲਾਂ ’ਚ ਜਿੱਥੇ ਵੀ ਗਏ, ਟਰਾਫ਼ੀਆਂ ਜਿੱਤ ਕੇ ਮੁੜੇ।’’
ਸਤੌਜ ਪਿੰਡ ਨੂੰ ਭਗਵੰਤ ਕਦੇ ਨਹੀਂ ਭੁੱਲਿਆ। ਕੈਸੇਟਾਂ ਤੇ ਸਕਿੱਟਾਂ ’ਚ ਸਤੌਜ ਪਿੰਡ ਦੀ ਗੂੰਜ ਪੈਂਦੀ ਰਹੀ। ਕੇਰਾਂ ਨਿੱਕੇ ਹੁੰਦੇ ਭਗਵੰਤ ਮਾਨ ਨੇ ਮਾਂ ਨੂੰ ਕਿਹਾ ਕਿ ਬੇਬੇ ਦੋ ਰੁਪਏ ਵਾਲੀ ਕੁਲਫ਼ੀ ਲੈ ਦੇ, ਅੱਗਿਓਂ ਮਾਂ ਆਖਣ ਲੱਗੀ, ‘ਪੁੱਤ ਥੋੜ੍ਹੇ ਹੋਰ ਪੈਸੇ ਪਾ ਕੇ ਨਵੀਆਂ ਚੱਪਲਾਂ ਲੈ ਦਊਂ’। ਉਹ ਦਿਨ ਵੀ ਆਏ ਜਦੋਂ ‘ਦਿ ਗਰੇਟ ਇੰਡੀਅਨ ਲਾਫਟਰ ਚੈਲੰਜ’ ਵਿੱਚ ਗਏ ਭਗਵੰਤ ਮਾਨ ਨੂੰ ਅੱਗਿਓਂ ਜੱਜ ਨਵਜੋਤ ਸਿੱਧੂ ਟੱਕਰੇ ਸਨ। ਇਤਫ਼ਾਕ ਹੀ ਸਮਝੋ ਕਿ ਅੱਜ ਜਦੋਂ ਭਗਵੰਤ ਮਾਨ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਤਾਂ ਉਦੋਂ ਹੀ ਨਵਜੋਤ ਸਿੱਧੂ ਦਾ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਸਾਹਮਣੇ ਆ ਗਿਆ। ‘ਜੁਗਨੂੰ ਮਸਤ ਮਸਤ’, ‘ਜੁਗਨੂੰ ਹਾਜ਼ਰ ਹੈ’ ਵਰਗੇ ਟੀਵੀ ਕਾਮੇਡੀ ਸ਼ੋਅ ਨੇ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ। ਉਹ ਦਿਨ ਤੇ ਆਹ ਦਿਨ, ਸ਼ੋਹਰਤ ਨੇ ਭਗਵੰਤ ਮਾਨ ਦੇ ਵਾਰ-ਵਾਰ ਪੈਰ ਚੁੰਮੇ।
ਗਿਆਰਾਂ ਫ਼ਿਲਮਾਂ ਵਿਚ ਵੀ ਕੰਮ ਕੀਤਾ। ਵਿਗੜੇ ਹੋਏ ਸਿਆਸੀ ਪ੍ਰਬੰਧਾਂ ਅਤੇ ਭ੍ਰਿਸ਼ਟਾਚਾਰ ’ਤੇ ਤਿੱਖੇ ਤਨਜ਼ ਕਸਦਾ ਰਿਹਾ। ਹੋਸਟਲ ਦਾ ਕਮਰਾ ਹੁੰਦਾ ਜਾਂ ਖੇਤ ਵਾਲੀ ਮੋਟਰ, ਭਾਵੇਂ ਪੇਂਡੂ ਘਰਾਂ ਦਾ ਵਿਹੜਾ, ਭਗਵੰਤ ਮਾਨ ਦੀਆਂ ਕੈਸੇਟਾਂ ਦੀ ਤੂਤੀ ਬੋਲਦੀ ਸੀ। ਭਗਵੰਤ ਮਾਨ ਆਪਣੇ ਕਿੱਤੇ ’ਚ ਚਲੋ ਚੱਲ ਸੀ। ਪਿੱਛਿਓਂ ਸਿਆਸਤ ਨੇ ਬੋਲ ਮਾਰ ਕੇ ਖੜ੍ਹਾ ਲਿਆ। 2011 ਵਿਚ ਪੀਪਲਜ਼ ਪਾਰਟੀ ਆਫ ਪੰਜਾਬ ’ਚ ਸ਼ਮੂਲੀਅਤ ਕਰ ਲਈ। ਪਹਿਲੀ ਚੋਣ ਲਹਿਰਾਗਾਗਾ ਹਲਕੇ ਤੋਂ ਲੜਿਆ, ਅਸਫਲ ਰਿਹਾ। ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੂੰ ਭਗਵੰਤ ਮਾਨ ਚੌਵੀ ਕੈਰੇਟ ਖਰਾ ਲੱਗਿਆ। 2014 ਤੋਂ ਭਗਵੰਤ ਮਾਨ ‘ਆਪ’ ਦਾ ਸੰਗਰੂਰ ਤੋਂ ਉਮੀਦਵਾਰ ਬਣਿਆ।
ਭਗਵੰਤ ਮਾਨ ਦੀ ਏਨੀ ਮਕਬੂਲੀਅਤ ਕਿ ਉਹ ਮੁੜ 2019 ਵਿਚ ਵੀ ਸੰਸਦ ਮੈਂਬਰ ਬਣ ਗਿਆ। ਸਿਆਸਤ ਦੇ ਥੰਮ੍ਹ ਹਰਾਏ। ਪਾਰਲੀਮੈਂਟ ’ਚ ਲੋਕ ਮੁੱਦੇ ਏਨੇ ਚੁੱਕੇ ਕਿ ਕਈ ਸੰਸਦ ਮੈਂਬਰ ਆਖ ਦਿੰਦੇ, ‘ਹੁਣ ਬੱਸ ਵੀ ਕਰ।’ ਸੰਸਦ ਵਿੱਚ ਕਦੇ ਕਵਿਤਾ ਸੁਣਾਉਂਦਾ ਅਤੇ ਕਦੇ ਅੰਦਰਲੀ ਕਾਮੇਡੀ ਜਾਗ ਪੈਂਦੀ। ‘ਆਪ’ ਵਿੱਚ ਕਈ ਉਤਰਾਅ ਚੜ੍ਹਾਅ ਆਏ। ਇੱਕ ਨਾਰਾਜ਼ਗੀ ਦਾ ਦੌਰ ਵੀ ਆਇਆ। ਇੱਕ ਦੌਰ ਉਹ ਵੀ ਆਇਆ ਜਦੋਂ ਸਿਆਸਤ ਨੇ ਜ਼ਮੀਨ ਵੀ ਵਿਕਾ ਦਿੱਤੀ ਸੀ।ਭਗਵੰਤ ਮਾਨ ਦਾ ਅੰਦਰਲਾ ਕਵੀ ਕਦੇ ਨਹੀਂ ਸੁੱਤਾ। ਕਦੇ ਬਾਪ ਦੀ ਪੱਗ ’ਤੇ ਕਵਿਤਾ ਅਤੇ ਕਦੇ ਮਾਂ ਦੀ ਫਟੀ ਚੁੰਨੀ ਦਾ ਵਿਰਲਾਪ ਕਾਵਿਕ ਸੁਰ ’ਚ ਸੁਣਾਉਂਦਾ। ਰੇਡੀਉ ਸੁਣਨ ਦਾ ਵੀ ਓਨਾ ਹੀ ਸ਼ੌਕੀਨ ਹੈ, ਜਿੰਨਾ ਵਾਲੀਬਾਲ ਦੀ ਖੇਡ ਦਾ। ਭਗਵੰਤ ਦਾ ਦੋਸਤ ਕੰਵਲਜੀਤ ਢੀਂਡਸਾ ਆਖਦਾ ਹੈ ਕਿ ਭਗਵੰਤ ਮਾਨ ਨੇ ‘ਆਪ’ ਦੀ ਅਗਵਾਈ ਕਰ ਕੇ ਪੰਜਾਬ ਦੀ ਸਿਆਸਤ ਨੂੰ ਮੋੜਾ ਦੇ ਦਿੱਤਾ ਹੈ।
ਭਗਵੰਤ ਮਾਨ ਦਾ ‘ਖਟਕੜ ਕੁਨੈਕਸ਼ਨ’
ਭਗਵੰਤ ਮਾਨ ਨੇ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਧਰਤੀ ’ਤੇ ਸਹੁੰ ਚੁੱਕੀ। ਉਸ ਦਾ ਸ਼ਹੀਦਾਂ ਦੀ ਰੂਹ ਨਾਲ ਕੋਈ ਖ਼ਾਸ ਕੁਨੈਕਸ਼ਨ ਹੈ। ਉਸ ਦਾ ਸਕੂਲੀ ਸਾਥੀ ਜੋਧਾ ਸਿੰਘ ਦੱਸਦਾ ਹੈ ਕਿ ਭਗਵੰਤ ਮਾਨ ਸਕੂਲ ਵੇਲੇ ਵੀ ਸ਼ਹੀਦ ਭਗਤ ਸਿੰਘ ਦੇ ਗੀਤ ਗਾਉਂਦਾ ਹੁੰਦਾ ਸੀ। ਜਦੋਂ ਸਿਆਸਤ ਵਿੱਚ ਆਇਆ ਤਾਂ ਉਦੋਂ ਵੀ ਖਟਕੜ ਕਲਾਂ ਦੀ ਧਰਤੀ ਤੋਂ। ਭਗਵੰਤ ਮਾਨ ਦੱਸਦਾ ਹੈ ਕਿ ਕੇਰਾਂ ਮਾਰੂਤੀ ਕਾਰ ਲਈ, ਸਭ ਤੋਂ ਪਹਿਲਾਂ ਖਟਕੜ ਕਲਾਂ ਗਿਆ। ਜਦੋਂ ਸੰਸਦ ਮੈਂਬਰ ਬਣਿਆ, ਸਭ ਤੋਂ ਪਹਿਲਾਂ ਸ਼ਹੀਦ-ਏ-ਆਜ਼ਮ ਦੀ ਧਰਤੀ ਚੁੰਮ ਕੇ ਆਇਆ। ਬਸੰਤੀ ਪੱਗ ਉਸ ਦੇ ਪਹਿਰਾਵੇ ਦਾ ਅਨਿੱਖੜਵਾਂ ਅੰਗ ਬਣ ਗਈ ਹੈ।
ਕਾਲਜ ਡਰਾਪ ਆਊਟ ਹੈ ਭਗਵੰਤ ਮਾਨ
ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿਚ ਬੀ.ਕਾਮ ਦਾ ਪਹਿਲਾ ਸਾਲ ਭਗਵੰਤ ਮਾਨ ਨੇ ਪੂਰਾ ਨਹੀਂ ਕੀਤਾ। ਕਾਮੇਡੀ ਖੇਤਰ ਦੀ ਬੁਲੰਦੀ ਨੇ ਪੇਪਰਾਂ ’ਚ ਬੈਠਣ ਦਾ ਮੁੜ ਮੌਕਾ ਨਾ ਦਿੱਤਾ। ਕਾਲਜ ਡਰਾਪ ਆਊਟ ਨੇ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚ ਕੇ ਸਾਬਤ ਕਰ ਦਿੱਤਾ ਕਿ ਸਫਲਤਾ ਦੇ ਦਰਵਾਜ਼ੇ ਖੋਲ੍ਹਣ ਦੀ ਕੁੰਜੀ ਇਕੱਲੇ ਰਸਮੀ ਵਿੱਦਿਅਕ ਕੁੱਜੇ ਵਿਚ ਹੀ ਨਹੀਂ ਹੁੰਦੀ। ਦੱਸਣਯੋਗ ਹੈ ਕਿ ਤਾਮਿਲਨਾਡੂ ਦੇ 10 ਸਾਲ ਮੁੱਖ ਮੰਤਰੀ ਰਹੇ ਕੇ. ਕਾਮਰਾਜ ਵੀ ਛੇਵੀਂ ਜਮਾਤ ਚੋਂ ਹਟ ਗਏ ਸਨ, ਜਿਨ੍ਹਾਂ ਨੇ ਤਾਮਿਲਨਾਡੂ ਨੂੰ ਮੁਫ਼ਤ ਸਿੱਖਿਆ ਦੇਣ ਵਾਲਾ ਪਹਿਲਾ ਸੂਬਾ ਬਣਾਇਆ।
No comments:
Post a Comment