‘ਐਗਜ਼ਿਟ’ ਦੇ ਰੰਗ
ਪੰਜਾਬ ’ਚ ਕਿਤੇ ਖੁਸ਼ੀ, ਕਿਤੇ ਗ਼ਮ..!
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਐਗਜ਼ਿਟ ਪੋਲ ਨੇ ਅੱਜ ਰਾਜ ਦੇ ਸਿਆਸੀ ਧੁਨੰਤਰਾਂ ਨੂੰ ਕੰਬਣੀ ਛੇੜ ਦਿੱਤੀ ਹੈ। ਇਨ੍ਹਾਂ ਆਗੂਆਂ ਨੇ ‘ਆਪ’ ਦੇ ਰਾਹ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ। ਐਗਜ਼ਿਟ ਪੋਲ ’ਚ ਆਮ ਆਦਮੀ ਪਾਰਟੀ ਨੂੰ ਦਿਖਾਈ ਗਈ ਸਿਆਸੀ ਚੜ੍ਹਤ ਅਤੇ ਪੂਰਨ ਬਹੁਮਤ ਮਿਲਣ ਦੇ ਅਨੁਮਾਨ ਕਾਰਨ ਕਿਤੇ ਖ਼ੁਸ਼ੀ ਤੇ ਕਿਤੇ ਗ਼ਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੰਜਾਬ ਚੋਣਾਂ ਦੌਰਾਨ ਬਦਲਾਅ ਦੀ ਗੱਲ ਕਰਨ ਵਾਲੇ ਅੱਜ ਦੇ ਐਗਜ਼ਿਟ ਪੋਲ ਤੋਂ ਖ਼ੁਸ਼ ਨਜ਼ਰ ਆਏ ਜਦੋਂ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਖੇਮੇ ’ਚ ਖ਼ਾਮੋਸ਼ੀ ਛਾਈ ਹੋਈ ਹੈ।ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਹਨ ਜਿਨ੍ਹਾਂ ਵਿਚ ਅਸਲ ਤਸਵੀਰ ਸਾਹਮਣੇ ਆਵੇਗੀ ਪਰ ਐਗਜ਼ਿਟ ਪੋਲ ਨੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਾ ਸਪੱਸ਼ਟ ਇਸ਼ਾਰਾ ਕਰ ਦਿੱਤਾ ਹੈ, ਉੱਥੇ ਕਾਂਗਰਸ ਪਾਰਟੀ ਦੀ ਸੱਤਾ ’ਚੋਂ ਵਿਦਾਇਗੀ ਦਾ ਅਨੁਮਾਨ ਵੀ ਲਾਇਆ ਗਿਆ ਹੈ। ਇਸੇ ਤਰ੍ਹਾਂ ਅਕਾਲੀ ਦਲ ਦੀ ਸਿਆਸੀ ਸਥਿਤੀ ਪੰਜ ਵਰ੍ਹਿਆਂ ਮਗਰੋਂ ਵੀ ਸੁਧਰਨ ਦੀ ਹਾਮੀ ਕੋਈ ਐਗਜ਼ਿਟ ਪੋਲ ਨਹੀਂ ਭਰ ਰਿਹਾ। ਭਾਜਪਾ ਅਤੇ ਉਸ ਦੇ ਭਾਈਵਾਲਾਂ ਦੀਆਂ ਇੱਛਾਵਾਂ ਨੂੰ ਵੀ ਐਗਜ਼ਿਟ ਪੋਲ ਵਿਚ ਕੋਈ ਸਿਆਸੀ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ।
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜੀ ਸੀ ਜਿਨ੍ਹਾਂ ਨੂੰ ਐਗਜ਼ਿਟ ਪੋਲ ਨੇ ਧੁੜਕੂ ਲਾ ਦਿੱਤਾ ਹੈ ਕਿਉਂਕਿ ‘ਆਪ’ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਨੇ ਇਹ ਗੱਲ ਜ਼ੋਰਦਾਰ ਤਰੀਕੇ ਨਾਲ ਪ੍ਰਚਾਰੀ ਸੀ ਕਿ ਮੁੱਖ ਮੰਤਰੀ ਚੰਨੀ ਦੋਵੇਂ ਸੀਟਾਂ ਤੋਂ ਹੀ ਹਾਰਨਗੇ। ਕਾਂਗਰਸ ਦੇ ਵਜ਼ੀਰਾਂ ਦੇ ਸਾਹ ਵੀ ਐਗਜ਼ਿਟ ਪੋਲ ਨੇ ਸੂਤ ਦਿੱਤੇ ਹਨ। ਐਗਜ਼ਿਟ ਪੋਲ ਵਿਚ ਕਾਂਗਰਸ ਨੂੰ 22 ਤੋਂ 31 ਤੱਕ ਸੀਟਾਂ ਮਿਲਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਮੁੱਖ ਮੰਤਰੀ ਚੰਨੀ ਨੂੰ ਬਤੌਰ ਦਲਿਤ ਚਿਹਰਾ ਐਲਾਨਿਆ ਜਾਣਾ ਵੀ ਕਾਂਗਰਸ ਨੂੰ ਰਾਸ ਆਇਆ ਨਹੀਂ ਜਾਪ ਰਿਹਾ ਜੋ ਨਤੀਜਿਆਂ ਤੋਂ ਸਪੱਸ਼ਟ ਹੋਵੇਗਾ। ਇਸੇ ਤਰ੍ਹਾਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੀ ਅੰਦਰੋਂ ਇਸ ਐਗਜ਼ਿਟ ਪੋਲ ਤੋਂ ਫ਼ਿਕਰਮੰਦ ਹਨ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਹਾਲੇ ਤਿੰਨ ਦਿਨ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ 10 ਮਾਰਚ ਨੂੰ ਅਸਲ ਚੋਣ ਨਤੀਜੇ ਸਾਹਮਣੇ ਆ ਜਾਣਗੇ। ਉਨ੍ਹਾਂ ਕਿਹਾ ਕਿ ਅਕਸਰ ਅਜਿਹਾ ਹੁੰਦਾ ਹੈ ਕਿ ਐਗਜ਼ਿਟ ਪੋਲ ਨਾਲੋਂ ਨਤੀਜੇ ਬਦਲ ਜਾਂਦੇ ਹਨ। ਦੂਸਰੀ ਤਰਫ਼ ਦੇਖੀਏ ਤਾਂ ਅਕਾਲੀ ਦਲ ਦੇ ਸਿਆਸੀ ਧੁਨੰਤਰਾਂ ਦੀ ਸੀਟ ਵੀ ਖ਼ਤਰੇ ਵਿਚ ਪੈ ਸਕਦੀ ਹੈ। ਹਲਕਾ ਲੰਬੀ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਫਸਵੇਂ ਮੁਕਾਬਲੇ ਵਿਚ ਹਨ ਅਤੇ ਬਠਿੰਡਾ ਤੋਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਲਈ ਵੀ ਸਥਿਤੀ ਐਤਕੀਂ ਸੌਖੀ ਨਹੀਂ ਜਾਪਦੀ।
ਹਲਕਾ ਲੰਬੀ ਤੋਂ ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਆਖਦੇ ਹਨ ਕਿ ਹਲਕਾ ਲੰਬੀ ਐਤਕੀਂ ਇਤਿਹਾਸ ਰਚੇਗਾ ਅਤੇ ਸਮੁੱਚੇ ਪੰਜਾਬ ਦੇ ਭਰਮ ਭੁਲੇਖੇ ਹਲਕਾ ਵਾਸੀ ਦੂਰ ਕਰਨਗੇ। ਉਨ੍ਹਾਂ ਕਿਹਾ ਕਿ ਐਗਜ਼ਿਟ ਪੋਲ ਦੇ ਅਨੁਮਾਨ ਨੂੰ ਦੇਖਦਿਆਂ ਵਿਰੋਧੀਆਂ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਐਗਜ਼ਿਟ ਪੋਲ ’ਤੇ ਨਜ਼ਰ ਮਾਰੀਏ ਤਾਂ ਸਭ ਐਗਜ਼ਿਟ ਪੋਲ ਸ਼੍ਰੋਮਣੀ ਅਕਾਲੀ ਦਲ ਨੂੰ ਤੀਜੇ ਨੰਬਰ ’ਤੇ ਰੱਖ ਰਹੇ ਹਨ ਜਦੋਂ ਕਿ ਕਾਂਗਰਸ ਨੂੰ ਦੂਜੇ ਨੰਬਰ ’ਤੇ ਦੱਸਿਆ ਜਾ ਰਿਹਾ ਹੈ। ਐਗਜ਼ਿਟ ਪੋਲ ਮੁਤਾਬਿਕ ਬਦਲਾਅ ਦੀ ਲਹਿਰ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਕੈਪਟਨ ਅਮਰਿੰਦਰ ਸਿੰਘ, ਬੀਬੀ ਰਾਜਿੰਦਰ ਕੌਰ ਭੱਠਲ, ਸਿਮਰਨਜੀਤ ਸਿੰਘ ਮਾਨ, ਬਲਬੀਰ ਸਿੰਘ ਰਾਜੇਵਾਲ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਮਨਪ੍ਰੀਤ ਸਿੰਘ ਬਾਦਲ ਆਦਿ ਨੂੰ ਧੁੜਕੂ ਲੱਗਣਾ ਸੰਭਾਵਿਕ ਹੀ ਹੈ। 2017 ਦੀਆਂ ਪੰਜਾਬ ਚੋਣਾਂ ਵਿਚ ਕਾਂਗਰਸ ਨੇ 77 ਸੀਟਾਂ ਦਾ ਕਿਆਸ ਹੀ ਨਹੀਂ ਕੀਤਾ ਸੀ ਅਤੇ 2012 ਵਿਚ ਕਾਂਗਰਸ ਨੇ ਹਾਰ ਜਾਣ ਦਾ ਅਨੁਮਾਨ ਵੀ ਨਹੀਂ ਲਾਇਆ ਸੀ। ਸੂਤਰ ਆਖਦੇ ਹਨ ਕਿ ਜੇ ਐਗਜ਼ਿਟ ਪੋਲ ਦੇ ਅਨੁਮਾਨ ਚੋਣ ਨਤੀਜਿਆਂ ਵਿਚ ਬਦਲਦੇ ਹਨ ਤਾਂ ਕਾਂਗਰਸ ਅੰਦਰ ਅੰਦਰੂਨੀ ਜੰਗ ਹੋਰ ਤੇਜ਼ ਹੋਵੇਗੀ ਅਤੇ ਅਕਾਲੀ ਦਲ ਵਿਚ ਵੀ ਸਵਾਲ ਉੱਠਣਗੇ।
ਕੈਨੇਡਾ ਵਿਚ ਹੋਣ ਲੱਗੇ ਪ੍ਰਬੰਧ
ਐਗਜ਼ਿਟ ਪੋਲ ਦੇ ਅਨੁਮਾਨਾਂ ਤੋਂ ਅੱਜ ‘ਆਪ’ ਦੇ ਕੈਨੇਡਾ ਵਿਚਲੇ ਵਾਲੰਟੀਅਰ ਵੀ ਬਾਗੋ ਬਾਗ਼ ਹਨ| ‘ਆਪ’ ਦੇ ਟੋਰਾਂਟੋ ਦੇ ਆਰਗੇਨਾਈਜ਼ਰ ਕਮਲਜੀਤ ਸਿੰਘ ਸਿੱਧੂ (ਰਾਈਆ ਵਾਲੇ), ਹਰਪ੍ਰੀਤ ਸਿੰਘ ਖੋਸਾ ਅਤੇ ਪਾਲ ਸਿੰਘ ਰੰਧਾਵਾ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ ਤਾਂ ਕਿ 10 ਮਾਰਚ ਨੂੰ ਚੋਣ ਨਤੀਜੇ ਵਿਸ਼ੇਸ਼ ਸਕਰੀਨਾਂ ’ਤੇ ਦਿਖਾਏ ਜਾ ਸਕਣ। ਇਨ੍ਹਾਂ ਆਗੂਆਂ ਨੇ ਟਿੱਪਣੀ ਕੀਤੀ ਕਿ ਪੰਜਾਬ ਵਿਚ ਜੋ ਬਦਲਾਅ ਦੀ ਗੂੰਜ ਪਈ ਸੀ, ਉਸ ਦੀ ਹਕੀਕਤ ਨੂੰ ਇਹ ਐਗਜ਼ਿਟ ਪੋਲ ਬਿਆਨ ਕਰਦੇ ਹਨ| ਉਨ੍ਹਾਂ ਕਿਹਾ ਕਿ ‘ਆਪ’ ਦੇ ਦਿੱਲੀ ਮਾਡਲ ਨੂੰ ਪੰਜਾਬ ਦੇ ਲੋਕਾਂ ਨੇ ਪ੍ਰਵਾਨ ਕੀਤਾ ਹੈ।
ਭਗਵੰਤ ਮਾਨ ਦਾ ਪਿੰਡ ਸਤੌਜ ਨਵੇਂ ਜਲੌਅ ’ਚ
ਐਗਜ਼ਿਟ ਪੋਲ ਨੇ ‘ਆਪ’ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਜ਼ਿਲ੍ਹਾ ਸੰਗਰੂਰ ਵਿਚ ਨਵੀਂ ਰੂਹ ਭਰ ਦਿੱਤੀ ਹੈ। ਸਤੌਜ ਪਿੰਡ ਦੇ ਲੋਕਾਂ ਨੂੰ ਉਮੀਦ ਬੱਝੀ ਹੈ ਕਿ ‘ਆਪ’ ਨੂੰ ਭਾਰੀ ਬਹੁਮਤ ਮਿਲੇਗਾ ਅਤੇ ਭਗਵੰਤ ਮਾਨ ਮੁੱਖ ਮੰਤਰੀ ਬਣਨਗੇ। ਅੱਜ ਸਤੌਜ ਪਿੰਡ ਦੇ ਲੋਕ ਸ਼ਾਮ ਤੋਂ ਪਹਿਲਾਂ ਹੀ ਟੀਵੀ ਸੈੱਟਾਂ ਨਾਲ ਜੁੜ ਗਏ ਸਨ।
No comments:
Post a Comment