ਆਪ ਦੇ ਖਾਸ ਨਾਇਕ
ਜਿਨ੍ਹਾਂ ਨੇ ਇਤਿਹਾਸ ਹੀ ਰਚ ਦਿੱਤਾ...!
ਚਰਨਜੀਤ ਭੁੱਲਰ
ਚੰਡੀਗੜ੍ਹ :ਪੰਜਾਬ ਵਿਧਾਨ ਸਭਾ ਚੋਣਾਂ ਦੇ ਅਸਲ ਨਾਇਕ ਉਹ ਹਨ, ਜਿਨ੍ਹਾਂ ਨੇ ਵੱਡੇ ਸਿਆਸੀ ਆਗੂਆਂ ਨੂੰ ਚਿੱਤ ਕੀਤਾ ਹੈ। ਇਹ ਸਭ ਅਣਜਾਣ ਚਿਹਰੇ ਹਨ ਅਤੇ ਉਨ੍ਹਾਂ ਨੇ ਰਾਜਸੀ ਪਿੜ ਵਿੱਚ ਪਹਿਲਾ ਪੈਰ ਰੱਖਿਆ ਹੈ, ਜੋ ਯਾਦਗਾਰੀ ਬਣ ਗਿਆ ਹੈ। ਹਲਕਾ ਭਦੌੜ ਤੋਂ ਦੋ ਕਮਰਿਆਂ ਦੇ ਘਰ ਦੇ ਬਾਸ਼ਿੰਦੇ ‘ਆਪ’ ਦੇ ਉਮੀਦਵਾਰ ਲਾਭ ਸਿੰਘ ਉੱਗੋਕੇ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾ ਦਿੱਤਾ ਹੈ। ਚੰਨੀ ਕੋਲ ਕਰੋੜਾਂ ਦੀ ਸੰਪਤੀ ਹੈ ਅਤੇ ਕਾਂਗਰਸ ਦੀ ਟੇਕ ਚੰਨੀ ’ਤੇ ਲੱਗੀ ਹੋਈ ਸੀ। ਰਾਖਵੇਂ ਹਲਕੇ ਦੇ ਪਿੰਡ ਉੱਗੋਕੇ ਦੇ ਲਾਭ ਸਿੰਘ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ।ਹਲਕਾ ਲੰਬੀ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਸਮੁੱਚੇ ਪੰਜਾਬ ਦਾ ਸਿਆਸੀ ਭਰਮ ਤੋੜ ਦਿੱਤਾ ਹੈ। ਗੁਰਮੀਤ ਸਿੰਘ ਖੁੱਡੀਆਂ ਨੇ ਪੰਜ ਦਫਾ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਅਤੇ ਸਭ ਤੋਂ ਵੱਡੀ ਉਮਰ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਦਿੱਤਾ ਹੈ।
ਫ਼ਖਰ-ਏ-ਕੌਮ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀ ਜ਼ਿੰਦਗੀ ਦੇ ਆਖਰੀ ਮੋੜ ’ਤੇ ਹਾਰ ਝੋਲੀ ਪਾਉਣੀ ਪਈ ਹੈ। ਇਸ ਹਾਰ ਦੇ ਜ਼ਖ਼ਮ ਬਾਦਲ ਪਰਿਵਾਰ ਲਈ ਹਮੇਸ਼ਾ ਹਰੇ ਰਹਿਣਗੇ। ਪਹਿਲੀ ਦਫਾ ਹੈ ਕਿ ਹਲਕਾ ਲੰਬੀ ਤੋਂ ਬਾਦਲ ਪਰਿਵਾਰ ਦੇ ਪੈਰ ਉਖੜੇ ਹਨ। ਹਲਕਾ ਜਲਾਲਾਬਾਦ ਤੋਂ ‘ਆਪ’ ਉਮੀਦਵਾਰ ਜਗਦੀਪ ਕੰਬੋਜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਹਰਾ ਕੇ ਸਾਬਤ ਕਰ ਦਿੱਤਾ ਹੈ ਕਿ ਨੇਤਾ ਲੋਕ ਬਣਾਉਂਦੇ ਹਨ।ਹਲਕਾ ਬਠਿੰਡਾ ਸ਼ਹਿਰੀ ਤੋਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਉਸ ‘ਆਪ’ ਉਮੀਦਵਾਰ ਐਡਵੋਕੇਟ ਜਗਰੂਪ ਗਿੱਲ ਨੇ ਵੱਡੀ ਗਿਣਤੀ ਵੋਟਾਂ ਦੇ ਫਰਕ ਨਾਲ ਹਰਾਇਆ ਹੈ, ਜਿਨ੍ਹਾਂ ਨੂੰ ਵਿੱਤ ਮੰਤਰੀ ਨੇ ਨਗਰ ਨਿਗਮ ਬਠਿੰਡਾ ਦਾ ਮੇਅਰ ਨਾ ਬਣਾ ਕੇ ਸਿਆਸੀ ਜ਼ਲਾਲਤ ਦਿੱਤੀ ਸੀ। ਜਗਰੂਪ ਸਿੰਘ ਗਿੱਲ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਹਰਾ ਕੇ ਸਿੱਧ ਕੀਤਾ ਹੈ ਕਿ ਲੋਕ ਤਾਕਤ ਵੱਡੀ ਹੁੰਦੀ ਹੈ।
ਹਲਕਾ ਅੰਮ੍ਰਿਤਸਰ ਪੂਰਬੀ ਤੋਂ ‘ਆਪ’ ਉਮੀਦਵਾਰ ਜੀਵਨਜੋਤ ਕੌਰ ਅਜਿਹੀ ਨਾਇਕਾ ਬਣ ਗਈ ਹੈ, ਜਿਸ ਨੇ ਦੋ ਰਾਜਸੀ ਹਸਤੀਆਂ ਨੂੰ ਚਿੱਤ ਕੀਤਾ ਹੈ। ਜੀਵਨਜੀਤ ਕੌਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹਰਾਇਆ ਹੈ। ਇਨ੍ਹਾਂ ਦੋਵੇਂ ਆਗੂਆਂ ਨੂੰ ਕਦੇ ਹਾਰ ਦਾ ਮੂੰਹ ਨਹੀਂ ਦੇਖਣਾ ਪਿਆ ਸੀ। ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੇ 2017 ਵਿੱਚ ਪਾਰਟੀ ਦੀ ਝੋਲੀ 77 ਸੀਟਾਂ ਪਾਈਆਂ ਸਨ, ਹੁਣ ‘ਆਪ’ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਤੋਂ ਚੋਣ ਹਾਰ ਗਏ ਹਨ। ਉਮੀਦਵਾਰ ਕੋਹਲੀ ਨੇ ਮਹਾਰਾਜੇ ਨੂੰ ਹਰਾ ਕੇ ਦਰਸਾ ਦਿੱਤਾ ਹੈ ਕਿ ਅਸਲ ਨਾਇਕ ਹੁਣ ਉਹ ਹਨ। ਅਮਰਿੰਦਰ ਸਿੰਘ ਦੋ ਵਾਰ ਮੁੱਖ ਮੰਤਰੀ ਰਹੇ ਹਨ ਅਤੇ ਉਨ੍ਹਾਂ ਨੂੰ ਜੀਵਨ ਦੇ ਇਸ ਮੋੜ ’ਤੇ ਆਪਣੇ ਜੱਦੀ ਹਲਕੇ ਤੋਂ ਹਾਰ ਦੇਖਣੀ ਪਈ ਹੈ।
ਅਮਰਿੰਦਰ ਸਿੰਘ ਦੀ ਹਾਰ ਤੋਂ ਇਹ ਗੱਲ ਉਭਰੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਲੋਕਾਂ ਦੇ ਦਿਲਾਂ ਦੇ ਮਹਾਰਾਜਾ ਨਹੀਂ ਰਹੇ ਹਨ। ਹਲਕਾ ਲਹਿਰਾਗਾਗਾ ਤੋਂ ਬਰਿੰਦਰ ਕੁਮਾਰ ਗੋਇਲ ਵੀ ਵੱਡੇ ਨਾਇਕ ਬਣੇੇ ਹਨ, ਜਿਨ੍ਹਾਂ ਨੇ ਇੱਕ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਹਰਾਇਆ ਹੈ। ਢੀਂਡਸਾ ਕਦੇ ਵੀ ਚੋਣ ਨਹੀਂ ਹਾਰੇ ਸਨ। ਹਲਕਾ ਪੱਟੀ ਵਿੱਚ ‘ਆਪ’ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਇੱਕ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜੋ ਕਿ ਬਾਦਲ ਪਰਿਵਾਰ ਦੇ ਜਵਾਈ ਹਨ, ਤੋਂ ਇਲਾਵਾ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਹਰਾ ਦਿੱਤਾ ਹੈ।
ਮੌੜ ਤੋਂ ‘ਆਪ’ ਉਮੀਦਵਾਰ ਸੁਖਬੀਰ ਸਿੰਘ ਮਾਈਸਰਖਾਨਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਨੂੰ ਹਰਾ ਦਿੱਤਾ ਹੈ। ਇਸੇ ਤਰ੍ਹਾਂ ਹਲਕਾ ਸਰਦੂਲਗੜ੍ਹ ਤੋਂ ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੋ ਵੱਡੇ ਸਿਆਸੀ ਪਰਿਵਾਰਾਂ ਨੂੰ ਮਾਤ ਪਾਈ ਹੈ। ਇਸ ਉਮੀਦਵਾਰ ਨੇ ਅਕਾਲੀ ਦਲ ਦੇ ਵੱਡੇ ਨਾਮ ਬਲਵਿੰਦਰ ਸਿੰਘ ਭੂੰਦੜ ਦੇ ਲੜਕੇ ਅਤੇ ਕਾਂਗਰਸੀ ਆਗੂ ਅਜੀਤ ਇੰਦਰ ਸਿੰਘ ਮੋਫਰ ਦੇ ਲੜਕੇ ਨੂੰ ਹਰਾਇਆ ਹੈ।ਹਲਕਾ ਸੰਗਰੂਰ ਤੋਂ ਆਮ ਘਰ ਦੀ ਕੁੜੀ ‘ਆਪ’ ਉਮੀਦਵਾਰ ਨਰਿੰਦਰ ਕੌਰ ਭਰਾਜ ਨੇ ਕਰੋੜਪਤੀ ਉਮੀਦਵਾਰਾਂ ਨੂੰ ਸਿਆਸੀ ਤੌਰ ’ਤੇ ਝਟਕਾ ਦੇ ਦਿੱਤਾ ਹੈ। ਨਰਿੰਦਰ ਕੌਰ ਦੇ ਆਪਣੇ ਨਾਮ ’ਤੇ ਨਾ ਘਰ ਹੈ ਅਤੇ ਨਾ ਹੀ ਕੋਈ ਜਾਇਦਾਦ। ਇਸ ਆਮ ਕੁੜੀ ਨੇ ਭਾਜਪਾ ਆਗੂ ਅਰਵਿੰਦ ਖੰਨਾ ਅਤੇ ਸਾਬਕਾ ਮੰਤਰੀ ਵਿਜੈਇੰਦਰ ਸਿੰਘ ਸਿੰਗਲਾ ਨੂੰ ਕੁਰਸੀ ਤੋਂ ਲਾਹ ਦਿੱਤਾ ਹੈ।
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਹਲਕਾ ਮੋਗਾ ਤੋਂ ‘ਆਪ’ ਉਮੀਦਵਾਰ ਡਾ. ਅਮਨਇੰਦਰ ਕੌਰ ਅਰੋੜਾ ਨੇ ਹਰਾ ਦਿੱਤਾ ਹੈ। ਹਲਕਾ ਮਾਨਸਾ ਤੋਂ ਸਿੱਧੂ ਮੂਸੇਵਾਲਾ ਜੋ ਗਾਇਕੀ ਦੇ ਖੇਤਰ ਵਿੱਚ ਕੌਮਾਂਤਰੀ ਨਾਮਣਾ ਰੱਖਦੇ ਹਨ, ਨੂੰ ‘ਆਪ’ ਉਮੀਦਵਾਰ ਡਾ. ਵਿਜੈ ਸਿੰਗਲਾ ਨੇ ਹਰਾ ਦਿੱਤਾ ਹੈ। ਇਨ੍ਹਾਂ ਸਾਰੇ ਉਮੀਦਵਾਰਾਂ ਦਾ ਕੋਈ ਸਿਆਸੀ ਪਿਛੋਕੜ ਨਹੀਂ ਹੈ ਅਤੇ ਇਨ੍ਹਾਂ ਸਭਨਾਂ ਦੇ ਪਹਿਲੀ ਦਫਾ ਚੋਣ ਲੜੀ ਹੈ।
ਬਾਦਲ ਨੂੰ ਹਰਾਉਣ ਦੀ ਰੀਝ ਪੂਰੀ ਹੋਈ: ਖੁੱਡੀਆਂ
ਪੰਜ ਦਫਾ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸੀ ਤੌਰ ’ਤੇ ਚਿੱਤ ਕਰਨ ਵਾਲੇ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਜਿੱਤ ਮਗਰੋਂ ਕਿਹਾ ਕਿ ਅੱਜ ਉਨ੍ਹਾਂ ਦੀ ਚਿਰਾਂ ਪੁਰਾਣੀ ਰੀਝ ਪੂਰੀ ਹੋ ਗਈ ਹੈ। ਉਨ੍ਹਾਂ ਦੀ ਦਿਲੀ ਖ਼ਾਹਿਸ਼ ਸੀ ਕਿ ਉਹ ਇੱਕ ਦਫਾ ਜ਼ਰੂਰ ਬਾਦਲ ਪਰਿਵਾਰ ਖ਼ਿਲਾਫ਼ ਮੈਦਾਨ ਵਿੱਚ ਉਤਰਨਗੇ। ਉਨ੍ਹਾਂ ਕਿਹਾ ਕਿ ਅੱਜ ਹਲਕਾ ਲੰਬੀ ਦੇ ਲੋਕਾਂ ਨੇ ਸਾਥ ਦੇ ਕੇ ਇਸ ਰੀਝ ਨੂੰ ਪੂਰਾ ਕਰ ਦਿੱਤਾ ਹੈ। ਹੁਣ ਉਹ ਹਲਕਾ ਲੰਬੀ ਨੂੰ ਬਾਦਲ ਪਰਿਵਾਰ ਦੇ ਖੌਫ ਤੋਂ ਮੁਕਤ ਕਰਨਗੇ।
ਹੁਣ ਸਾਰਾ ਪੰਜਾਬ ਉੱਗੋਕੇ ਨੂੰ ਜਾਣੇਗਾ
ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਹਰਾਉਣ ਵਾਲੇ ‘ਆਪ’ ਉਮੀਦਵਾਰ ਲਾਭ ਸਿੰਘ ਉਗੋਕੇ ਦੀ ਜਿੱਤ ਮਗਰੋਂ ਟਿੱਪਣੀ ਸੀ, ‘ਮੈਨੂੰ ਪਹਿਲਾਂ ਹਲਕਾ ਜਾਣਦਾ ਸੀ, ਹੁਣ ਪੰਜਾਬ ਜਾਣੇਗਾ।’ ਉਸ ਨੇ ਕਿਹਾ ਕਿ ਉਹ ਹਲਕੇ ਦੇ ਪੁੱਤ ਅਤੇ ਭਰਾ ਬਣ ਕੇ ਅੱਠ ਵਰ੍ਹਿਆਂ ਤੋਂ ਵਿਚਰ ਰਹੇ ਸਨ ਅਤੇ ਅੱਜ ਹਲਕੇ ਦੇ ਪਿਆਰ ਨੇ ਜਿੱਤ ਦਾ ਮਾਣ ਬਖਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਨੇ ਪਲੰਬਰੀ ਦਾ ਕੋਰਸ ਕੀਤਾ ਹੈ ਅਤੇ ਉਹ ਇੱਕ ਦਫਾ ਨਿਰਾਸ਼ ਹੋ ਕੇ ਘਰ ਬੈਠ ਗਿਆ ਸੀ। ‘ਆਪ’ ਦੇ ਆਉਣ ਮਗਰੋਂ ਉਸ ਨੂੰ ਆਸ ਬੱਝੀ ਸੀ, ਜੋ ਉਸ ਨੂੰ ਅੱਜ ਇਸ ਮੋੜ ਤੱਕ ਲੈ ਆਈ ਹੈ।
No comments:
Post a Comment