ਫਿਜ਼ਾ ਬਦਲੀ
ਰੁੱਤ ਨਵਿਆਂ ਦੀ ਆਈ..!
ਚਰਨਜੀਤ ਭੁੱਲਰ
ਚੰਡੀਗੜ੍ਹ :ਪੰਜਾਬ ਵਿਧਾਨ ਸਭਾ 'ਚ ਵਰਿ੍ਹਆਂ ਬਾਅਦ ਫਿਜ਼ਾ ਬਦਲੀ ਬਦਲੀ ਨਜ਼ਰ ਆਈ | ਵੱਡੀਆਂ ਗੱਡੀਆਂ, ਵੱਡੇ ਘਰਾਂ ਦੇ ਕਾਕੇ, ਕਾਲੇ ਚਸ਼ਮੇ ਅਤੇ ਅੰਗਰੇਜ਼ੀ ਲਹਿਜਾ, ਸਭ ਕੁਝ ਗਾਇਬ ਦਿੱਸਿਆ | ਜਿੱਧਰ ਵੀ ਦੇਖਿਆ, ਦੂਰੋ ਨਜ਼ਰ ਪੈਂਦੇ ਸਨ, ਆਮ ਘਰਾਂ ਦੇ ਮੁੰਡੇ, ਉਨ੍ਹਾਂ ਦੀ ਸਿੱਧ ਪੱਧਰੀ ਬੋਲ ਬਾਣੀ | ਵਿਧਾਨ ਸਭਾ 'ਚ ਇਹ ਨਵਾਂ ਜਲੌਅ ਸੀ ਕਿ ਜ਼ਮੀਨ ਨਾਲ ਜੁੜੇ ਲੋਕ ਜੁੜ ਬੈਠੇ ਸਨ | 'ਬਦਲਾਅ' ਦਾ ਅਸਲੀ ਰੰਗ ਹੁਣ ਇਸ ਮੰਦਰ 'ਚ ਦਿੱਖ ਰਿਹਾ ਸੀ | ਸਭ ਤੋਂ ਵੱਡੀ ਗੱਲ, ਪਿੰਡਾਂ ਚੋਂ ਆਏ 'ਆਪ' ਵਿਧਾਇਕਾਂ ਦੀ ਸਾਦਗੀ ਜੋ ਸਭਨਾਂ ਨੂੰ ਭਾ ਰਹੀ ਸੀ | ਜਿਨ੍ਹਾਂ ਲਈ ਕਦੇ ਦਿੱਲੀ ਦੂਰ ਸੀ, ਉਨ੍ਹਾਂ ਨੂੰ ਹੁਣ ਚੰਡੀਗੜ੍ਹ ਨੇੜੇ ਜਾਪਿਆ |
16ਵੀਂ ਵਿਧਾਨ ਸਭਾ ਵਿਚ 86 ਨਵੇਂ ਚਿਹਰੇ ਹਨ | 'ਆਪ' ਦੇ ਵਿਧਾਇਕਾਂ ਦੇ ਮਨਾਂ ਦਾ ਚਾਅ ਚਿਹਰੇ ਤੋਂ ਦਿਸ ਰਿਹਾ ਸੀ | ਵਿਧਾਇਕਾਂ ਨਾਲ ਆਏ ਮਾਪਿਆਂ ਤੋਂ ਇੰਜ ਜਾਪਿਆ ਜਿਵੇਂ ਵਿਧਾਨ ਸਭਾ 'ਚ ਪਿੰਡ ਵਸ ਗਿਆ ਹੋਵੇ | ਵਿਧਾਨ ਸਭਾ ਦੇ ਨਵੇਂ ਚੁਣੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਪੇਂਡੂ ਦਿੱਖ ਵਾਲੀ ਬੀਵੀ ਦੀ ਵਿਧਾਨ ਸਭਾ 'ਚ ਅੱਜ ਅੱਡੀ ਨਹੀਂ ਲੱਗ ਰਹੀ ਸੀ | ਹਲਕੇ ਚੋਂ ਆਏ ਲੋਕਾਂ ਨੂੰ ਰੋਟੀ ਪਾਣੀ ਦਾ ਸੱਦਾ ਦੇਣ 'ਚ ਰੁਝੀ ਹੋਈ ਸੀ, 'ਭਾਈ ਸਭ ਰੋਟੀ ਖਾ ਕੇ ਜਾਇਓ' 'ਆਪ' ਸਰਕਾਰ ਦੇ ਪਹਿਲੇ ਸੈਸ਼ਨ 'ਚ ਤਾਜਗੀ ਮੇਲਦੀ ਨਜ਼ਰ ਆਈ | ਸੰਗਰੂਰ ਤੋਂ 'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਮਾਤਾ ਚਰਨਜੀਤ ਕੌਰ ਨੇ ਦੂਜੀ ਦਫਾ ਰਾਜਧਾਨੀ ਦੇਖੀ ਹੈ | ਪਹਿਲੀ ਵਾਰ ਉਹ ਪੀ.ਜੀ.ਆਈ ਆਈ ਸੀ ਅਤੇ ਦੂਜੀ ਦਫਾ ਉਹ ਵਿਧਾਨ ਸਭਾ ਦੀ ਦਰਸ਼ਕ ਗੈਲਰੀ 'ਚ ਬੈਠੀ ਜਿਥੇ ਉਸ ਦੇ ਸਾਹਮਣੇ ਉਸ ਦੀ ਬੇਟੀ ਨਰਿੰਦਰ ਭਰਾਜ ਸਹੁੰ ਚੁੱਕ ਰਹੀ ਸੀ |
'ਆਪ' ਦੇ ਬਹੁਤੇ ਨਵੇਂ ਚਿਹਰੇ ਹਨ ਜਿਨ੍ਹਾਂ ਦਾ ਪਿਛੋਕੜ ਵੀ ਪੇਂਡੂ ਹੈ | ਕਦੇਂ ਵਿਧਾਨ ਸਭਾ ਦੇ ਇਨ੍ਹਾਂ ਬੈਂਚਾਂ 'ਤੇ ਵੱਡੇ ਘਰਾਂ ਦੇ ਸ਼ਾਹੀ ਦਿੱਖ ਵਾਲੇ ਬੈਠਦੇ ਸਨ | ਮਹਿੰਗਾ ਲਿਬਾਸ ਤੇ ਗੁੱਟਾਂ 'ਤੇ ਵਿਦੇਸ਼ੀ ਘੜੀਆਂ, ਉਨ੍ਹਾਂ ਦੀ ਪਛਾਣ ਸਨ | ਸਮਾਂ ਕਿੰਨਾ ਮਾੜਾ ਚੱਲ ਰਿਹਾ ਹੈ, ਇਨ੍ਹਾਂ ਚੋਂ ਕਿਸੇ ਨੂੰ ਪਤਾ ਨਹੀਂ ਚੱਲ ਸਕਿਆ | ਜਦੋਂ ਤੱਕ ਜਾਗ ਖੁੱਲ੍ਹੀ, ਉਦੋਂ ਤੱਕ 'ਝਾੜ'ੂ ਚੱਲ ਚੁੱਕਾ ਸੀ |ਵਿਧਾਨ ਸਭਾ ਕੰਪਲੈਕਸ 'ਚ ਵਿਧਾਇਕਾਂ ਨਾਲ ਆਏ ਮਾਪਿਆਂ ਦੇ ਚਿਹਰੇ ਗਵਾਹੀ ਭਰ ਰਹੇ ਸਨ ਕਿ ਇਨ੍ਹਾਂ ਭੋਲੇ ਮਾਪਿਆਂ ਨੂੰ ਕਿਥੇ ਚੇਤਾ ਸੀ ਕਿ ਕਦੇ ਉਹ ਵੀ ਆਪਣੀ ਔਲਾਦ ਨੂੰ ਸਹੁੰ ਚੁੱਕਦੇ ਦੇਖਣਗੇ | 'ਆਪ' ਵਿਧਾਇਕਾਂ ਦੀ ਸਾਦਗੀ ਦਾ ਮੰਤਰ ਏਨਾ ਚੱਲਿਆ ਕਿ ਸੁਰੱਖਿਆ ਅਮਲਾ ਵੀ ਹਰ ਵਿਧਾਇਕ ਨਾਲ ਤਸਵੀਰਾਂ ਕਰਾਉਂਦਾ ਨਜ਼ਰ ਆਇਆ | ਬੱਲੂਆਣਾ ਤੋਂ 'ਆਪ' ਵਿਧਾਇਕ ਅਮਨਦੀਪ ਸਿੰਘ ਇਹ ਕਹਿੰਦਾ ਨਜ਼ਰ ਆਇਆ, 'ਇੱਕ ਗੰਨਮੈਨ ਦੇ ਦਿੱਤਾ ਹੈ, ਉਹ ਵੀ ਮੋੜ ਦੇਣਾ ਹੈ |' ਪੰਜਾਬ ਸਰਕਾਰ ਨੇ ਇਨ੍ਹਾਂ ਵਿਧਾਇਕਾਂ ਨੂੰ ਇਨੋਵਾ ਗੱਡੀਆਂ ਦਿੱਤੀਆਂ ਹਨ |
ਉਹ ਵੀ ਦਿਨ ਸਨ ਜਦੋਂ ਵਿਧਾਨ ਸਭਾ ਦੀ ਪਾਰਕਿੰਗ 'ਚ ਲਗਜਰੀ ਗੱਡੀਆਂ ਦੇ ਮੇਲਾ ਲੱਗਦਾ ਸੀ | ਕੜਕਵੇਂ ਕੁੜਤਿਆਂ ਵਾਲੇ ਵੀ ਹੁਣ ਕਿਧਰੇ ਨਹੀਂ ਦਿੱਸਦੇ | ਮੀਡੀਆਂ ਦੇ ਔਖੇ ਸੁਆਲਾਂ ਦੇ ਜੁਆਬ ਦੇਣੇ ਕਈਆਂ ਦੇ ਵਸ ਵਿਚ ਨਹੀਂ ਸੀ | ਪਹਿਲੀ ਦਫਾ ਹੈ ਕਿ ਬਾਦਲ ਪਰਿਵਾਰ ਵਿਧਾਨ ਸਭਾ 'ਚ ਪੈਰ ਨਹੀਂ ਪਾ ਸਕਿਆ ਹੈ | ਢੀਂਡਸਾ ਪਰਿਵਾਰ ਨੂੰ ਵੀ ਵਰਿ੍ਹਆਂ ਮਗਰੋਂ ਵਿਧਾਨ ਸਭਾ ਚੋ ਬਾਹਰ ਰਹਿਣਾ ਪਿਆ ਹੈ |ਵਿਧਾਨ ਸਭਾ ਦੇ ਇੱਕ ਅਧਿਕਾਰੀ ਦਾ ਪ੍ਰਤੀਕਰਮ ਸੀ ਕਿ ਵਰਿ੍ਹਆਂ ਤੋਂ ਇੱਕੋ ਜੇਹੇ ਚਿਹਰੇ ਅਤੇ ਇੱਕੋ ਸਿਆਸੀ ਅੰਦਾਜ਼ ਦੇਖ ਦੇਖ ਕੇ ਅੱਕੇ ਪਏ ਸੀ | ਉਨ੍ਹਾਂ ਕਿਹਾ ਕਿ ਘੱਟੋ ਘੱਟ ਹੁਣ ਨਵੀਂ ਸਿਆਸੀ ਪੌਦ ਤਾਂ ਆਈ ਹੈ | ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲਾ ਪਿੰਡ ਉਗੋਕੇ ਦਾ ਲਾਭ ਸਿੰਘ ਜਦੋਂ ਵਿਧਾਨ ਸਭਾ 'ਚ ਦਾਖਲ ਹੋਇਆ ਤਾਂ ਉਸ ਨੂੰ ਲੱਗਾ ਜਿਵੇਂ ਨਵੀਂ ਦੁਨੀਆਂ ਵਿਚ ਦਾਖਲ ਹੋ ਗਿਆ ਹੋਵੇ | ਵਿਧਾਇਕ ਲਾਭ ਸਿੰਘ ਨੇ ਪਲੰਬਰੀ ਦਾ ਕੋਰਸ ਕੀਤਾ ਹੋਇਆ ਹੈ | ਪਲੰਬਰ ਬਣਨ ਦਾ ਸੁਪਨਾ ਲਿਆ, ਹਲਕਾ ਭਦੌੜ ਦੇ ਲੋਕਾਂ ਨੇ ਵਿਧਾਇਕ ਬਣਾ ਦਿੱਤਾ |
ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਜਦੋਂ ਵਿਧਾਨ ਸਭਾ 'ਚ ਪਹਿਲੇ ਦਿਨ ਦਾਖਲ ਹੋਣ ਲੱਗਾ ਤਾਂ ਬੂਹੇ ਤੇ ਸਭ ਤੋਂ ਪਹਿਲਾਂ ਮੱਥਾ ਟੇਕਿਆ | ਪੁਰਾਣੇ ਅਧਿਕਾਰੀ ਦੱਸਦੇ ਹਨ ਕਿ ਜਦੋਂ ਪੰਥਕ ਸਿਆਸਤ ਪੰਜਾਬ 'ਚ ਪੁਰਾਣੇ ਵੇਲਿਆਂ ਵਿਚ ਭਾਰੂ ਹੁੰਦੀ ਸੀ, ਉਦੋਂ ਵਿਧਾਨ ਸਭਾ 'ਚ ਸਾਦ ਮੁਰਾਦੇ ਵਿਧਾਇਕ ਚੁਣ ਕੇ ਆਉਂਦੇ ਰਹੇ ਹਨ |'ਆਪ' ਨੇ ਪੰਜਾਬ ਦੀ ਸਿਆਸਤ ਨੂੰ ਮੋੜਾ ਦਿੱਤਾ ਹੈ | ਇਕੱਲਾ ਚੋਣਾਂ ਵਿਚ ਬਦਲਾਅ ਨਹੀਂ ਆਇਆ ਬਲਕਿ ਸਿਆਸਤ ਦਾ ਮੁਹਾਂਦਰਾ ਹੀ ਬਦਲ ਗਿਆ ਹੈ | ਵਿਰੋਧੀ ਧਿਰ ਵਿਚ ਕਾਂਗਰਸ ਦੇ ਧੁਨੰਤਰ ਹਨ ਜਿਨ੍ਹਾਂ ਦੇ ਸ਼ਬਦੀ ਜਾਲ ਚੋਂ ਬਚਣਾ ਇਨ੍ਹਾਂ ਆਮ ਘਰਾਂ ਦੇ ਮੁੰਡਿਆਂ ਲਈ ਚੁਣੌਤੀ ਬਣੇਗਾ | ਇਹ ਨਵੇਂ ਵਿਧਾਇਕ ਸਿਆਸੀ ਚੁਸਤੀਆਂ ਤੋਂ ਅਣਜਾਣ ਹਨ | ਵਿਰੋਧੀ ਧਿਰਾਂ ਵਾਲੇ ਆਖਦੇ ਹਨ ਕਿ ਇਨ੍ਹਾਂ ਨਵਿਆਂ ਨੂੰ ਕੁਝ ਦਿਨ ਪਹਿਲਾਂ ਹੀ ਤਾਕਤ ਮਿਲੀ ਹੈ, ਜਦੋਂ ਪੰਜ ਵਰ੍ਹੇ ਪੂਰੇ ਹੋਣਗੇ, ਉਦੋਂ ਦੇਖਾਂਗੇ ਕਿ ਉਨ੍ਹਾਂ ਦੇ ਕਿਵੇਂ ਦਿਨ ਬਦਲੇ ਹੋਣਗੇ | ਨਵੇਂ ਵਿਧਾਇਕਾਂ ਲਈ ਇਹ ਪ੍ਰੀਖਿਆ ਹੋਵੇਗੀ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਦੇ ਮੋਢਿਆਂ 'ਤੇ ਵੱਡੀ ਜਿੰਮੇਵਾਰੀ ਰੱਖੀ ਹੈ, ਉਸ ਨੂੰ ਕਿਵੇਂ ਨਿਭਾਉਣਗੇ, ਇਹ ਪੰਜਾਬ ਦੇਖੇਗਾ |
'ਆਪ' ਦੇ 72 ਵਿਧਾਇਕ ਕਰਜ਼ਾਈ
'ਆਪ' ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਠੇਠ ਮਲਵਈ ਬੋਲਦੇ ਹਨ, ਉਨ੍ਹਾਂ ਦਾ ਗੱਲ ਸਮਝਾਉਣ ਦਾ ਤਰੀਕਾ ਵੀ ਪੇਂਡੂ ਪੁੱਠ ਵਾਲਾ ਹੀ ਹੁੰਦਾ ਹੈ | ਬੇਸ਼ੱਕ 'ਆਪ' ਦੇ ਕਾਫੀ ਵਿਧਾਇਕ ਕਰੋੜਪਤੀ ਹਨ ਅਤੇ ਚੰਗੇ ਘਰਾਂ ਨਾਲ ਤੁਆਲਕ ਰੱਖਦੇ ਹਨ ਪ੍ਰੰਤੂ ਬਹੁਤੇ ਵਿਧਾਇਕਾਂ ਲਈ ਸਿਆਸਤ ਨਵਾਂ ਤਜ਼ਰਬਾ ਹੈ | 'ਆਪ' ਦੇ 72 ਵਿਧਾਇਕ ਕਰਜ਼ਾਈ ਵੀ ਹਨ | ਬੇਸ਼ੱਕ 'ਆਪ' ਦੇ ਕਾਫੀ ਵਿਧਾਇਕ ਪ੍ਰਾਈਵੇਟ ਸਕੂਲਾਂ ਵਿਚ ਪੜ੍ਹੇ ਹਨ ਪ੍ਰੰਤੂ ਬਹੁਗਿਣਤੀ ਪਿੰਡਾਂ ਤੇ ਸ਼ਹਿਰਾਂ ਦੇ ਸਰਕਾਰੀ ਸਕੂਲਾਂ ਵਿਚ ਪੜੇ ਹੋਏ ਹਨ | ਬੇਸ਼ੱਕ ਮਲੇਰਕੋਟਲਾ ਦੇ ਵਿਧਾਇਕ ਨੇ ਉਰਦੂ ਵਿਚ ਸਹੁੰ ਚੁੱਕੀ ਹੈ ਪ੍ਰੰਤੂ ਵਿਧਾਨ ਸਭਾ ਐਤਕੀਂ ਮਨਪ੍ਰੀਤ ਬਾਦਲ ਦੀ ਸ਼ਾਇਰੀ ਤੋਂ ਵਾਂਝੀ ਰਹੇਗੀ |
ਬਹੁਤ ਵਧੀਆ ਸ਼ਬਦਾਂ ਵਿੱਚ ਬਿਆਨ ਕੀਤਾ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਚੁਣੇ ਗਏ ਵਿਧਾਇਕਾਂ ਦੇ ਪਿਛੋਕੜ ਬਾਰੇ ।
ReplyDeletebhut changa lag reha hai eh sab kuj hunda vekh ke👍👍🙏
ReplyDeleteMay this MiniRevolution bring solid change in ever stinking politics of Punjab ! CB has well picturised the new , changing political scenario of the state.
ReplyDelete