ਮੌਜਾਂ ਹੀ ਮੌਜਾਂ
ਸਾਬਕਾ ਵਿਧਾਇਕ ਫੇਰਨਗੇ ਖਜ਼ਾਨੇ 'ਤੇ 'ਝਾੜੂ'
ਚਰਨਜੀਤ ਭੁੱਲਰ
ਚੰਡੀਗੜ੍ਹ :ਪੰਜਾਬ ਸਰਕਾਰ ਦੇ ਖਜ਼ਾਨੇ 'ਤੇ ਐਤਕੀਂ ਸਾਬਕਾ ਵਿਧਾਇਕਾਂ ਦੀਆਂ ਪੈਨਸ਼ਨਾਂ ਦਾ ਵੱਡਾ ਬੋਝ ਪਏਗਾ | ਪਹਿਲੀ ਦਫਾ ਹੈ ਕਿ ਨਵੀਂ ਵਿਧਾਨ ਸਭਾ ਚੁਣੇ ਜਾਣ ਨਾਲ ਸਾਬਕਾ ਵਿਧਾਇਕਾਂ ਦੀ ਕਤਾਰ ਲੰਮੀ ਹੋ ਗਈ ਹੈ | ਆਮ ਆਦਮੀ ਪਾਰਟੀ ਦੀ ਪੰਜਾਬ ਚੋਣਾਂ ਵਿਚ ਆਈ ਸੁਨਾਮੀ ਨੇ ਸਿਆਸੀ ਹਸਤੀਆਂ ਨੂੰ 'ਸਾਬਕਾ ਵਿਧਾਇਕਾਂ' ਵਾਲੀ ਕਤਾਰ ਵਿਚ ਬਿਠਾ ਦਿੱਤਾ ਹੈ | ਬੇਸ਼ੱਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਪ੍ਰੰਤੂ ਉਹ 5.26 ਲੱਖ ਪ੍ਰਤੀ ਮਹੀਨਾ ਪੈਨਸ਼ਨ ਲੈਣ ਦੇ ਹੱਕਦਾਰ ਬਣ ਗਏ ਸਨ |
17ਵੀਂ ਵਿਧਾਨ ਸਭਾ ਦੇ ਗਠਨ ਤੋਂ ਪਹਿਲਾਂ ਪੰਜਾਬ ਦੇ 245 ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਮਿਲ ਰਹੀ ਸੀ | ਹੁਣ ਬਹੁਤੇ ਵਿਧਾਇਕ ਤੇ ਮੰਤਰੀ ਚੋਣਾਂ ਹਾਰ ਗਏ ਹਨ ਜਿਸ ਕਰਕੇ 80 ਹੋਰ ਨਵੇਂ ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ | ਮਤਲਬ ਕਿ ਹੁਣ 325 ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਮਿਲਿਆ ਕਰੇਗੀ | ਸਰਕਾਰੀ ਹਲਕੇ ਦੱਸਦੇ ਹਨ ਕਿ ਪਹਿਲੀ ਦਫਾ ਹੈ ਕਿ ਸਾਬਕਾ ਵਿਧਾਇਕਾਂ ਦੀ ਗਿਣਤੀ 'ਚ ਏਡਾ ਵੱਡਾ ਇਜਾਫਾ ਹੋਇਆ ਹੈ |ਹੁਣ ਸਾਬਕਾ ਵਿਧਾਇਕਾਂ ਦੀ ਗਿਣਤੀ ਵਧਣ ਕਰਕੇ ਪੈਨਸ਼ਨ ਦੀ ਸਲਾਨਾ ਬਜਟ 30 ਕਰੋੜ ਦੇ ਅੰਕੜੇ ਨੂੰ ਪਾਰ ਕਰ ਜਾਵੇਗੀ | ਨਵੇਂ ਸਾਬਕਾ ਵਿਧਾਇਕ ਕਤਾਰ ਵਿਚ ਜੁੜਨ ਕਰਕੇ ਘੱਟੋ ਘੱਟ 8 ਕਰੋੜ ਰੁਪਏ ਸਲਾਨਾ ਦਾ ਭਾਰ ਵਧਣਾ ਹੈ |
ਸਾਬਕਾ ਮੁੱਖ ਮੰੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਮਗਰੋਂ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵੱਧ ਪੈਨਸ਼ਨ ਲੈਣ ਦੇ ਲਿਹਾਜ ਨਾਲ ਸੀਨੀਅਰ ਹਨ | ਬੀਬੀ ਭੱਠਲ ਤੋਂ ਇਲਾਵਾ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਸਾਬਕਾ ਅਕਾਲੀ ਮੰਤਰੀ ਸਰਵਨ ਸਿੰਘ ਫਿਲੌਰ ਅਜਿਹੇ ਆਗੂ ਹਨ ਜਿਨ੍ਹਾਂ ਨੂੰ ਸਭ ਤੋਂ ਵੱਧ ਸਾਬਕਾ ਵਿਧਾਇਕਾਂ ਵਾਲੀ ਪੈਨਸ਼ਨ ਮਿਲ ਰਹੀ ਹੈ | ਬੀਬੀ ਭੱਠਲ ਛੇ ਦਫਾ ਵਿਧਾਇਕ ਬਣੇ ਹਨ ਜਿਸ ਕਰਕੇ ਉਨ੍ਹਾਂ ਨੂੰ 3.25 ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲ ਰਹੀ ਹੈ | ਇਸੇ ਤਰ੍ਹਾਂ ਲਾਲ ਸਿੰਘ ਅਤੇ ਸਰਵਨ ਸਿੰਘ ਫਿਲੌਰ ਵੀ ਛੇ ਛੇ ਵਾਰ ਵਿਧਾਇਕ ਰਹਿ ਚੁੱਕੇ ਹਨ |ਇਨ੍ਹ੍ਹਾਂ ਆਗੂਆਂ ਨੂੰ ਵੀ ਸਵਾ ਤਿੰਨ ਤਿੰਨ ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲ ਰਹੀ ਹੈ |
ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਪੰਜ ਦਫਾ ਵਿਧਾਇਕ ਬਣੇ ਹਨ ਜਿਸ ਕਰਕੇ ਉਨ੍ਹਾਂ ਨੂੰ ਪ੍ਰਤੀ ਮਹੀਨਾ 2.75 ਲੱਖ ਰੁਪਏ ਪੈਨਸ਼ਨ ਮਿਲ ਰਹੀ ਹੈ | ਸੁਖਦੇਵ ਸਿੰਘ ਢੀਂਡਸਾ ਵੀ ਖਜ਼ਾਨੇ ਚੋਂ 2.25 ਲੱਖ ਰੁਪਏ ਪੈਨਸ਼ਨ ਲੈ ਰਹੇ ਹਨ | ਅਪਰੈਲ ਮਹੀਨੇ ਵਿਚ ਸੁਖਦੇਵ ਸਿੰਘ ਢੀਂਡਸਾ ਅਤੇ ਬਲਵਿੰਦਰ ਸਿੰਘ ਭੂੰਦੜ ਦੀ ਬਤੌਰ ਰਾਜ ਸਭਾ ਮੈਂਬਰ ਮਿਆਦ ਖਤਮ ਹੋ ਰਹੀ ਹੈ | ਸਾਬਕਾ ਸੰਸਦ ਮੈਂਬਰ ਬਣਨ ਦੀ ਸੂਰਤ ਵਿਚ ਢੀਂਡਸਾ ਅਤੇ ਭੂੰਦੜ ਨੂੰ ਸਾਬਕਾ ਐਮ.ਪੀ ਵਾਲੀ ਪੈਨਸ਼ਨ ਵੀ ਮਿਲਣੀ ਸ਼ੁਰੂ ਹੋ ਜਾਣੀ ਹੈ | ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਵੀ ਸਵਾ ਦੋ ਦੋ ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲ ਰਹੀ ਹੈ |
ਸੀਨੀਅਰ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਐਤਕੀਂ ਚੌਥੀ ਦਫਾ ਵਿਧਾਇਕ ਬਣੇ ਹਨ |ਪਹਿਲਾਂ ਉਨ੍ਹਾਂ ਨੂੰ ਤਿੰਨ ਟਰਮਾਂ ਦੀ ਪੌਣੇ ਦੋ ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲ ਰਹੀ ਸੀ ਜੋ ਕਿ ਹੁਣ ਵਿਧਾਇਕ ਬਣਨ ਮਗਰੋਂ ਬੰਦ ਹੋ ਗਈ ਹੈ | ਦੂਸਰੀ ਤਰਫ ਪ੍ਰਤਾਪ ਸਿੰਘ ਬਾਜਵਾ ਦੀ ਜਦੋਂ ਹੀ ਅਪਰੈਲ ਵਿਚ ਰਾਜ ਸਭਾ ਮੈਂਬਰੀ ਦੀ ਮਿਆਦ ਖਤਮ ਹੋਵੇਗੀ ਤਾਂ ਉਦੋਂ ਹੀ ਸਾਬਕਾ ਐਮ.ਪੀ ਵਾਲੀ ਪੈਨਸ਼ਨ ਸ਼ੁਰੂ ਹੋ ਜਾਵੇਗੀ |ਵੇਰਵਿਆਂ ਅਨੁਸਾਰ ਜੋ ਇੱਕ ਵਾਰੀ ਵਿਧਾਇਕ ਬਣ ਜਾਂਦਾ ਹੈ, ਉਹ ਸਭ ਭੱਤਿਆਂ ਸਮੇਤ 75,150 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ ਹੈ | ਅਗਰ ਦੋ ਵਾਰੀ ਵਿਧਾਇਕ ਬਣਦਾ ਹੈ ਤਾਂ ਸਵਾ ਲੱਖ ਰੁਪਏ, ਤਿੰਨ ਵਾਰੀ ਬਣਨ 'ਤੇ ਪੌਣੇ ਦੋ ਲੱਖ ਪ੍ਰਤੀ ਮਹੀਨਾ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ ਹੈ |
ਪੰਜਾਬ ਸਰਕਾਰ ਨੇ 26 ਅਕਤੂਬਰ 2016 ਨੂੰ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਵਿਚ ਵਾਧਾ ਕੀਤਾ ਸੀ |ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ (ਪੈਨਸ਼ਨ ਅਤੇ ਡਾਕਟਰੀ ਸਹੂਲਤਾਂ ਵਿਨਿਯਮ) ਐਕਟ 197 ਅਤੇ ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ(ਪੈਨਸ਼ਨ ਅਤੇ ਡਾਕਟਰੀ ਸਹੂਲਤਾਂ ਵਿਨਿਯਮ) ਨਿਯਮ 1984 ਦੀ ਧਾਰਾ 3(1) ਅਧੀਨ ਪੈਨਸ਼ਨ ਨਿਸ਼ਚਿਤ ਕੀਤੀ ਜਾਂਦੀ ਹੈ | ਇੱਕ ਵਾਰੀ ਵਿਧਾਇਕ ਚੁਣੇ ਜਾਣ ਮਗਰੋਂ ਜੀਵਨ ਭਰ ਲਈ ਪੈਨਸ਼ਨ ਦਾ ਹੱਕ ਮਿਲ ਜਾਂਦਾ ਹੈ | ਮੌਤ ਹੋਣ ਦੀ ਸੂਰਤ ਵਿਚ ਪਿਛੋਂ ਪਰਿਵਾਰ ਨੂੰ ਫੈਮਿਲੀ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਂਦੀ ਹੈ |
No comments:
Post a Comment