Monday, March 28, 2022

                                                        ਬਿਜਲੀ ਸੰਕਟ
                                ਕੇਂਦਰ ਨੇ ਕੋਲਾ ਸਪਲਾਈ ਤੋਂ ਪੱਲਾ ਝਾੜਿਆ
                                                       ਚਰਨਜੀਤ ਭੁੱਲਰ    

ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਨੂੰ ਕੋਲੇ ਦੀ ਢੁੱਕਵੀਂ ਸਪਲਾਈ ਦੇਣ ਤੋਂ ਪੱਲਾ ਝਾੜ ਲਿਆ ਹੈ ਅਤੇ ਵਿਦੇਸ਼ੀ ਕੋਲਾ ਲੈਣ ਦਾ ਮਸ਼ਵਰਾ ਦਿੱਤਾ ਹੈ। ਕੇਂਦਰੀ ਬਿਜਲੀ ਮੰਤਰਾਲੇ ਨੇ ਪੰਜਾਬ ਸਣੇ ਸਾਰੀਆਂ ਸੂਬਾ ਸਰਕਾਰਾਂ ਨੂੰ 26 ਮਾਰਚ ਨੂੰ ਪੱਤਰ ਲਿਖ ਕੇ ਸਪੱਸ਼ਟ ਕੀਤਾ ਹੈ ਕਿ ਹਰ ਸੂਬੇ ਨੂੰ ਕੋਲੇ ਦੀ ਕਮੀ ਦੇ ਲਿਹਾਜ਼ ਨਾਲ ਨਹੀਂ ਸਗੋਂ ਅਨੁਪਾਤ ਮੁਤਾਬਕ ਸਪਲਾਈ ਦਿੱਤੀ ਜਾਵੇਗੀ। ਇਸ ਦਾ ਮਤਲਬ ਹੈ ਕਿ ਕੋਲਾ ਖ਼ਤਮ ਹੋਣ ’ਤੇ ਕੇਂਦਰ ਤੋਂ ਇਸ ਦੀ ਵਾਧੂ ਸਪਲਾਈ ਨਹੀਂ ਮਿਲ ਸਕੇਗੀ। ਪੰਜਾਬ ਨੂੰ ਹੁਣ ਵਿਦੇਸ਼ੀ ਕੋਲੇ ਦੀ ਸਪਲਾਈ ’ਤੇ ਨਿਰਭਰ ਹੋਣਾ ਪਵੇਗਾ।

           ਪੰਜਾਬ ’ਚ ਪ੍ਰਾਈਵੇਟ ਤਾਪ ਬਿਜਲੀ ਘਰਾਂ ਕੋਲ ਕੋਲਾ ਭੰਡਾਰ ਮੁੱਕ ਚੱਲੇ ਹਨ ਜਦੋਂ ਕਿ ਪਬਲਿਕ ਸੈਕਟਰ ਦੇ ਲਹਿਰਾ ਮੁਹੱਬਤ ਅਤੇ ਰੋਪੜ ਤਾਪ ਬਿਜਲੀ ਘਰ ਕੋਲ 15-15 ਦਿਨ ਦਾ ਕੋਲਾ ਭੰਡਾਰ ਪਿਆ ਹੈ। ਤਲਵੰਡੀ ਸਾਬੋ ਅਤੇ ਗੋਇੰਦਵਾਲ ਥਰਮਲ ਪਲਾਂਟਾਂ ਕੋਲ ਇਸ ਵੇਲੇ ਇੱਕ ਦਿਨ ਤੋਂ ਘੱਟ ਦਾ ਕੋਲਾ ਬਚਿਆ ਹੈ। ਅਜਿਹੇ ਹਾਲਾਤ ’ਚ ਪ੍ਰਾਈਵੇਟ ਥਰਮਲਾਂ ਦੇ ਯੂਨਿਟ ਬੰਦ ਹੋ ਸਕਦੇ ਹਨ। ਪਾਵਰਕੌਮ ਵੱਲੋਂ ਝੋਨੇ ਦੇ ਸੀਜ਼ਨ ਲਈ ਅਗਾਊਂ ਭੰਡਾਰ ਕੀਤਾ ਕੋਲਾ ਹੁਣ ਪਬਲਿਕ ਖੇਤਰ ਦੇ ਤਾਪ ਬਿਜਲੀ ਘਰਾਂ ਦੇ ਕੰਮ ਆ ਰਿਹਾ ਹੈ। ਕੇਂਦਰੀ ਬਿਜਲੀ ਐਕਸਚੇਂਜ ਵਿਚ ਬਿਜਲੀ ਦੇ ਭਾਅ 18 ਰੁਪਏ ਪ੍ਰਤੀ ਯੂਨਿਟ ਤੱਕ ਪੁੱਜ ਗਏ ਸਨ ਜੋ ਅੱਜ ਮੁੜ ਔਸਤਨ 11 ਰੁਪਏ ਯੂਨਿਟ ’ਤੇ ਆ ਗਏ ਹਨ। 

          ਪੰਜਾਬ ਦੇ ਸਾਰੇ 15 ਯੂਨਿਟਾਂ ’ਚੋਂ ਇਸ ਵੇਲੇ 12 ਯੂਨਿਟ ਚੱਲ ਰਹੇ ਹਨ। ਰੋਪੜ ਦੇ ਚਾਰ ਯੂਨਿਟਾਂ ’ਚੋਂ ਤਿੰਨ ਅਤੇ ਲਹਿਰਾ ਮੁਹੱਬਤ ਦੇ ਸਾਰੇ ਯੂਨਿਟ ਚੱਲ ਰਹੇ ਹਨ। ਰਾਜਪੁਰਾ ਥਰਮਲ ਦਾ ਇੱਕ ਯੂਨਿਟ ਚੱਲ ਰਿਹਾ ਹੈ ਜਦੋਂ ਕਿ ਦੂਸਰਾ ਯੂਨਿਟ 26 ਮਾਰਚ ਤੋਂ ਪੰਜ ਦਿਨਾਂ ਲਈ ਬੰਦ ਹੋ ਗਿਆ ਹੈ। ਤਲਵੰਡੀ ਸਾਬੋ ਦੇ ਸਾਰੇ ਯੂਨਿਟ ਚੱਲ ਰਹੇ ਹਨ ਪ੍ਰੰਤੂ ਇਹ ਪੂਰੀ ਸਮਰੱਥਾ ’ਤੇ ਨਹੀਂ ਚੱਲ ਰਹੇ ਹਨ। ਗਰਮੀ ਦੇ ਵਧਣ ਕਰਕੇ ਬਿਜਲੀ ਦੀ ਮੰਗ ਵੀ ਵਧ ਰਹੀ ਹੈ ਅਤੇ ਲੋਕਾਂ ਦਾ ਬਿਜਲੀ ਸਪਲਾਈ ਨੂੰ ਲੈ ਕੇ ਗ਼ੁੱਸਾ ਵੀ ਵਧਣ ਲੱਗ ਪਿਆ ਹੈ। ਕੇਂਦਰੀ ਬਿਜਲੀ ਮੰਤਰਾਲੇ ਵੱਲੋਂ ਜਾਰੀ ਪੱਤਰ ਅਨੁਸਾਰ ਕਿਸੇ ਵੀ ਸੂਬੇ ਨੂੰ ਤੋਟ ਦੇ ਆਧਾਰ ’ਤੇ ਕੋਲਾ ਨਹੀਂ ਮਿਲੇਗਾ। ਕੇਂਦਰ ਨੇ ਕਿਹਾ ਕਿ ਕੋਲਾ ਕੰਪਨੀਆਂ ਦੇ ਜੋ ਵੀ ਬਕਾਏ ਖੜ੍ਹੇ ਹਨ, ਉਹ ਫ਼ੌਰੀ ਕਲੀਅਰ ਕੀਤੇ ਜਾਣ। 

           ਸੂਬਿਆਂ ਨੂੰ ਅਲਾਟ ਕੋਲਾ ਖਾਣਾਂ ਤੋਂ ਵਧ ਤੋਂ ਵਧ ਉਤਪਾਦਨ ਲਿਆ ਜਾਵੇ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਸੂਬੇ ਰੇਲਵੇ ਰੈਕ ਫ਼ੌਰੀ ਖ਼ਾਲੀ ਕਰਾਉਣ। ਸੂਤਰਾਂ ਮੁਤਾਬਕ ਇਕੱਲੇ ਕੋਲੇ ਦੀ ਨਹੀਂ ਸਗੋਂ ਕੇਂਦਰ ਕੋਲ ਰੇਲਵੇ ਰੈਕਾਂ ਦੀ ਵੀ ਕਮੀ ਹੈ। ਕੇਂਦਰੀ ਮੰਤਰਾਲੇ ਨੇ ਕਿਹਾ ਹੈ ਕਿ ਉਹ ਕੋਲਾ ਸਪਲਾਈ ’ਤੇ ਨਜ਼ਰ ਰੱਖ ਰਹੇ ਹਨ ਅਤੇ ਊਰਜਾ ਦੇ ਦੂਸਰੇ ਸਰੋਤਾਂ ਦੀ ਵਰਤੋਂ ’ਤੇ ਵੀ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਮਾਹਿਰ ਆਖਦੇ ਹਨ ਕਿ ਕੇਂਦਰ ਸਰਕਾਰ ਦੇ ਦੇਸੀ ਕੋਲਾ ਸਪਲਾਈ ਤੋਂ ਪਾਸਾ ਵੱਟਣ ਮਗਰੋਂ ਹੁਣ ਪਾਵਰਕੌਮ ਨੂੰ ਵਿਦੇਸ਼ੀ ਕੋਲਾ ਖ਼ਰੀਦਣ ਦੇ ਰਾਹ ਪੈਣਾ ਪਵੇਗਾ। ਵਿਦੇਸ਼ੀ ਕੋਲੇ ਦੀ ਵਰਤੋਂ ਕਾਰਨ ਬਿਜਲੀ ਦੀ ਪੈਦਾਵਾਰ ਵੀ ਮਹਿੰਗੀ ਪਵੇਗੀ। 

         ‘ਆਪ’ ਸਰਕਾਰ ਲਈ ਝੋਨੇ ਦਾ ਅਗਲਾ ਸੀਜ਼ਨ ਪਰਖ ਦੀ ਘੜੀ ਹੋਵੇਗਾ। ਪਤਾ ਲੱਗਾ ਹੈ ਕਿ ‘ਆਪ’ ਸਰਕਾਰ ਨੇ ਅਧਿਕਾਰੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਬਿਜਲੀ ਮੰਤਰਾਲੇ ਨੇ ਹਦਾਇਤ ਕੀਤੀ ਹੈ ਕਿ ਪ੍ਰਾਈਵੇਟ ਥਰਮਲਾਂ ਨਾਲ ਜੋ ਬਿਜਲੀ ਸਮਝੌਤੇ ਹੋਏ ਹਨ, ਉਨ੍ਹਾਂ ਮੁਤਾਬਕ ਬਿਜਲੀ ਸਪਲਾਈ ਹਾਸਲ ਕੀਤੀ ਜਾਵੇ ਅਤੇ ਕਿਸੇ ਪ੍ਰਾਈਵੇਟ ਥਰਮਲ ਵੱਲੋਂ ਸਮਝੌਤੇ ’ਤੇ ਖਰਾ ਨਾ ਉੱਤਰਨ ਦੀ ਸੂਰਤ ਵਿਚ ਉਸ ਖ਼ਿਲਾਫ਼ ਅਗਲੀ ਕਾਰਵਾਈ ਵਿੱਢੀ ਜਾਵੇ। ਦੱਸਣਯੋਗ ਹੈ ਕਿ ਪੰਜਾਬ ਨੂੰ ਟਾਟਾ ਮੁੰਦਰਾ ਪਲਾਂਟ ਤੋਂ ਵੀ 475 ਮੈਗਾਵਾਟ ਬਿਜਲੀ ਸਪਲਾਈ ਮਿਲਦੀ ਸੀ, ਜੋ ਹੁਣ ਬੰਦ ਪਈ ਹੈ। ਕੇਂਦਰ ਨੇ ਇਸ ਪਲਾਂਟ ਨੂੰ ਛੋਟ ਦਿੱਤੀ ਹੈ ਜਿਸ ਤੋਂ ਬਿਜਲੀ ਸਪਲਾਈ ਲੈਣ ਲਈ ਬਣਦਾ ਭਾਅ ਦੇਣ ਲਈ ਕਿਹਾ ਗਿਆ ਹੈ।

No comments:

Post a Comment