ਬਿਜਲੀ ਸਬਸਿਡੀ
ਧਨਾਢ ਕਿਸਾਨਾਂ ’ਤੇ ਉੱਠਣ ਲੱਗੀ ਉਂਗਲ..!
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦੇ ਧਨਾਢ ਕਿਸਾਨਾਂ ਨੂੰ ਮਿਲ ਰਹੀ ਬਿਜਲੀ ਸਬਸਿਡੀ ’ਤੇ ਉਂਗਲ ਉੱਠਣ ਲੱਗੀ ਹੈ। ਇਸ ਬਾਰੇ ਕਿਸਾਨ ਜਥੇਬੰਦੀਆਂ ਦੀ ਵੱਖੋ-ਵੱਖ ਰਾਏ ਹੈ। ਰਵਾਇਤੀ ਸਿਆਸੀ ਧਿਰਾਂ ਨੇ ‘ਵੱਡਿਆਂ’ ਦੀ ਬਿਜਲੀ ਸਬਸਿਡੀ ਬੰਦ ਕਰਨ ਦਾ ਹੀਆ ਨਹੀਂ ਦਿਖਾਇਆ ਹੈ ਪਰ ਹੁਣ ‘ਆਪ’ ਧਨਾਢਾਂ ਨੂੰ ਨਿਸ਼ਾਨੇ ’ਤੇ ਲੈ ਸਕਦੀ ਹੈ। ਨਵੀਂ ਚਰਚਾ ਸ਼ੁਰੂ ਹੋਈ ਹੈ ਕਿ ਸਰਕਾਰ ‘ਵੱਡਿਆਂ’ ਦੀ ਬਿਜਲੀ ਸਬਸਿਡੀ ਬੰਦ ਕਰਨ ਦਾ ਕਦਮ ਚੁੱਕ ਸਕਦੀ ਹੈ। ਇਹ ਸਬਸਿਡੀ ਉਨ੍ਹਾਂ ਛੋਟੇ ਕਿਸਾਨਾਂ ਨੂੰ ਦੇ ਸਕਦੀ ਹੈ ਜਿਨ੍ਹਾਂ ਕੋਲ ਖੇਤੀ ਮੋਟਰ ਦਾ ਕੁਨੈਕਸ਼ਨ ਹੀ ਨਹੀਂ ਹੈ। ਵੇਰਵਿਆਂ ਅਨੁਸਾਰ ਖੇਤੀ ਸੈਕਟਰ ਵਿੱਚ 12.51 ਲੱਖ ਖ਼ਪਤਕਾਰ ਹਨ ਜਦੋਂਕਿ ਖੇਤੀ ਕੁਨੈਕਸ਼ਨਾਂ ਦੀ ਗਿਣਤੀ 14.50 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ।
ਪੰਜਾਬ ’ਚ 1.83 ਲੱਖ ਕਿਸਾਨਾਂ ਕੋਲ ਇੱਕ ਤੋਂ ਜ਼ਿਆਦਾ ਖੇਤੀ ਮੋਟਰਾਂ ਦੇ ਕੁਨੈਕਸ਼ਨ ਹਨ। ਇੱਕ ਖੇਤੀ ਮੋਟਰ ਨੂੰ ਔਸਤਨ ਸਾਲਾਨਾ 47,800 ਰੁਪਏ ਦੀ ਬਿਜਲੀ ਸਬਸਿਡੀ ਮਿਲਦੀ ਹੈ।ਪੰਜਾਬ ਵਿਚ 1.42 ਲੱਖ ਕਿਸਾਨਾਂ ਕੋਲ ਦੋ-ਦੋ ਖੇਤੀ ਮੋਟਰਾਂ ਹਨ ਜਿਨ੍ਹਾਂ ਨੂੰ ਕਰੀਬ 1357.52 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਮਿਲ ਸਾਲਾਨਾ ਮਿਲ ਰਹੀ ਹੈ। ਤਿੰਨ-ਤਿੰਨ ਮੋਟਰਾਂ ਵਾਲੇ ਕਿਸਾਨਾਂ ਦੀ ਗਿਣਤੀ ਕਰੀਬ 29,322 ਬਣਦੀ ਹੈ ਜਿਨ੍ਹਾਂ ਵੱਲੋਂ 420.47 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਹਾਸਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਚਾਰ ਜਾਂ ਚਾਰ ਤੋਂ ਜ਼ਿਆਦਾ ਮੋਟਰਾਂ ਵਾਲੇ ਕਿਸਾਨਾਂ ਦਾ ਅੰਕੜਾ 10,128 ਬਣਦਾ ਹੈ ਜਿਨ੍ਹਾਂ ਨੂੰ ਸਾਲਾਨਾ 193.64 ਕਰੋੜ ਦੀ ਬਿਜਲੀ ਸਬਸਿਡੀ ਮਿਲ ਰਹੀ ਹੈ। ਅਨੁਮਾਨ ਅਨੁਸਾਰ ਚਾਰ ਜਾਂ ਚਾਰ ਤੋਂ ਵੱਧ ਮੋਟਰਾਂ ਵਾਲੇ ਕਿਸਾਨਾਂ ਕੋਲ ਕਰੀਬ 25 ਏਕੜ ਤੋਂ ਜ਼ਿਆਦਾ ਜ਼ਮੀਨ ਦੀ ਮਾਲਕੀ ਹੋਵੇਗੀ।
ਸਾਲਾਨਾ ਕੁੱਲ ਬਿਜਲੀ ਸਬਸਿਡੀ ਦਾ ਕਰੀਬ 28 ਫ਼ੀਸਦੀ ਹਿੱਸਾ ਤਾਂ ਦੋ ਜਾਂ ਦੋ ਜ਼ਿਆਦਾ ਖੇਤੀ ਮੋਟਰਾਂ ਵਾਲੇ ਕਿਸਾਨਾਂ ਕੋਲ ਚਲਾ ਜਾਂਦਾ ਹੈ। ਪੰਜਾਬ ਖੇਤੀ ’ਵਰਸਿਟੀ ਦੇ ਅਰਥਸ਼ਾਸਤਰੀ ਡਾ. ਸੁਖਪਾਲ ਸਿੰਘ ਨੇ ਦੱਸਿਆ ਕਿ ਕਰੀਬ ਇੱਕ ਲੱਖ ਛੋਟੇ ਕਿਸਾਨਾਂ ਕੋਲ ਖੇਤੀ ਮੋਟਰ ਹੀ ਨਹੀਂ ਹੈ। ਹਾਲਾਂਕਿ ਉਹ ਡੀਜ਼ਲ ਫ਼ੂਕ ਕੇ ਫ਼ਸਲ ਪਾਲਦੇ ਹਨ ਅਤੇ ਉਨ੍ਹਾਂ ਦੇ ਲਾਗਤ ਖ਼ਰਚੇ ਵੱਧ ਹਨ। ਵੇਰਵਿਆਂ ਅਨੁਸਾਰ ਚਾਰ ਜਾਂ ਚਾਰ ਤੋਂ ਵੱਧ ਮੋਟਰਾਂ ਵਾਲੇ ਕਿਸਾਨਾਂ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਵਿਚ ਸਭ ਤੋਂ ਜ਼ਿਆਦਾ 1504 ਕਿਸਾਨ, ਫ਼ਰੀਦਕੋਟ ’ਚ 1260, ਕਪੂਰਥਲਾ ’ਚ 1088 ਅਤੇ ਜ਼ਿਲ੍ਹਾ ਮੁਕਤਸਰ ’ਚ 1032 ਕਿਸਾਨ ਹਨ। ਜ਼ਿਆਦਾ ਮੋਟਰਾਂ ਵਾਲਿਆਂ ਵਿਚ ਕਈ ਸਿਆਸੀ ਹਸਤੀਆਂ ਵੀ ਹਨ।
ਦੱਸਣਯੋਗ ਹੈ ਕਿ ਅਕਾਲੀ-ਭਾਜਪਾ ਗੱਠਜੋੜ ਨੇ 1997 ਵਿਚ ਕਿਸਾਨਾਂ ਨੂੰ ਖੇਤੀ ਲਈ ਮੁਫ਼ਤ ਬਿਜਲੀ ਦੇਣ ਦੀ ਸ਼ੁਰੂਆਤ ਕੀਤੀ ਸੀ। ਪੰਜਾਬ ਦੇ ਕਿਸਾਨ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕਰ ਰਹੇ ਹਨ। ਬੀਕੇਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਜੋ ਕਿਸਾਨ ਬਿਜਲੀ ਬਿੱਲ ਭਰਨ ਦੇ ਸਮਰੱਥ ਹਨ, ਉਨ੍ਹਾਂ ਨੂੰ ਮੁਫ਼ਤ ਬਿਜਲੀ ਨਹੀਂ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 10 ਏਕੜ ਤੋਂ ਵੱਧ ਜ਼ਮੀਨ ਦੇ ਮਾਲਕਾਂ ਨੂੰ ਮੁਫ਼ਤ ਬਿਜਲੀ ਨਹੀਂ ਮਿਲਣੀ ਚਾਹੀਦੀ ਹੈ। 10 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਮੋਟਰ ਸਿਫਟ ਫ਼ੀਸ, ਲੋਡ ਵਧਾਉਣ ਲਈ ਫ਼ੀਸ, ਟਰਾਂਸਫ਼ਾਰਮਰ ਬਦਲੀ ਫ਼ੀਸ ਸਣੇ ਹਰ ਤਰ੍ਹਾਂ ਦੀ ਫ਼ੀਸ ਤੋਂ ਛੋਟ ਮਿਲਣੀ ਚਾਹੀਦੀ ਹੈ।
ਦੇਸ਼ ਵਿਚ ਪੰਜ ਸੂਬਿਆਂ ਵਿਚ ਕਿਸਾਨਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਪੰਜਾਬ ਤੋਂ ਇਲਾਵਾ ਆਂਧਰਾ ਪ੍ਰਦੇਸ਼ ਵਿਚ 7.40 ਲੱਖ ਕਿਸਾਨਾਂ ਨੂੰ, ਕਰਨਾਟਕ ਵਿਚ 29.69 ਲੱਖ ਕਿਸਾਨਾਂ ਨੂੰ, ਤਾਮਿਲਨਾਡੂ ਵਿਚ 21.17 ਲੱਖ ਅਤੇ ਤੇਲੰਗਾਨਾ ਵਿਚ 23.05 ਲੱਖ ਕਿਸਾਨਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਕਰਨਾਟਕ ਵਿਚ 10 ਹਾਰਸ ਪਾਵਰ ਤੱਕ ਦੇ ਕੁਨੈਕਟਿਡ ਲੋਡ ਵਾਲੇ ਕਿਸਾਨਾਂ ਨੂੰ ਇਹ ਸਹੂਲਤ ਮਿਲ ਰਹੀ ਹੈ।ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਖੇਤੀ ਹੁਣ ਘਾਟੇ ਵਾਲਾ ਸੌਦਾ ਬਣ ਗਈ ਹੈ। ਛੋਟੇ-ਵੱਡੇ ਸਭ ਕਿਸਾਨ ਕਰਜ਼ਈ ਹਨ। ਕਿਸੇ ਤੋਂ ਖੇਤੀ ਲਾਗਤ ਖ਼ਰਚੇ ਪੂਰੇ ਨਹੀਂ ਹੋ ਰਹੇ ਹਨ। ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਮੁਫ਼ਤ ਖੇਤੀ ਬਿਜਲੀ ਹਰ ਕਿਸਾਨ ਨੂੰ ਮਿਲਣੀ ਚਾਹੀਦੀ ਹੈ।
ਧਨਾਢਾਂ ਦੀ ਸਬਸਿਡੀ ਰੋਕਣ ’ਤੇ ਇਤਰਾਜ਼ ਨਹੀਂ: ਕੋਕਰੀ
ਭਾਕਿਯੂ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਧਨਾਢ ਲੋਕ ਬਿਜਲੀ ਸਬਸਿਡੀ ਦਾ ਵੱਡਾ ਹਿੱਸਾ ਹੜੱਪ ਜਾਂਦੇ ਹਨ। ਜ਼ਮੀਨੀ ਹੱਦਬੰਦੀ ਕਾਨੂੰਨ ਮੁਤਾਬਕ ਜੋ 17.5 ਏਕੜ (ਜਿਸ ਵਿਚ ਵੱਧ ਹਿੱਸੇਦਾਰ ਨਾ ਹੋਣ) ਤੋਂ ਵੱਧ ਮਾਲਕੀ ਵਾਲੇ ਕਿਸਾਨ ਹਨ, ਉਨ੍ਹਾਂ ਦੀ ਬਿਜਲੀ ਸਬਸਿਡੀ ਬੰਦ ਕੀਤੇ ਜਾਣ ’ਤੇ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਨੂੰ ਵੀਹ-ਵੀਹ ਸਾਲ ਤੋਂ ਕੁਨੈਕਸ਼ਨ ਨਹੀਂ ਦਿੱਤੇ ਗਏ ਹਨ, ਉਨ੍ਹਾਂ ਨੂੰ ਕੁਨੈਕਸ਼ਨ ਮਿਲਣੇ ਚਾਹੀਦੇ ਹਨ।
No comments:
Post a Comment