Monday, November 16, 2026

 ਇੱਕ ਪਰਿਵਾਰ ਦੋ ਟਿਕਟਾਂ
 ਫਾਰਮੂਲੇ ’ਤੇ ਛਿੜੀ ਕਾਂਗਰਸ ਵਿੱਚ ਬਹਿਸ 
 ਚਰਨਜੀਤ ਭੁੱਲਰ 

ਚੰਡੀਗੜ੍ਹ :ਕਾਂਗਰਸ ਪਾਰਟੀ ’ਚ ਪੰਜਾਬ ਵਿਧਾਨ ਸਭਾ ਚੋਣਾਂ ਲਈ ‘ਇੱਕ ਪਰਿਵਾਰ ਦੋ ਟਿਕਟਾਂ’ ਦੇ ਨਵੇਂ ਫਾਰਮੂਲੇ ’ਤੇ ਸਿਆਸੀ ਬਹਿਸ ਛਿੜ ਗਈ ਹੈ। ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਇੱਕ ਪਰਿਵਾਰ ’ਚ ਦੋ ਟਿਕਟਾਂ ਦੇਣ ਦੀ ਹਮਾਇਤ ਕੀਤੀ ਹੈ। ਪਰਗਟ ਸਿੰਘ ਕਿਹਾ ਕਿ ਜੇ ਇੱਕ ਪਰਿਵਾਰ ’ਚ ਦੋ ਮੈਂਬਰਾਂ ਦੀ ਚੋਣ ਜਿੱਤਣ ਦੀ ਸਮਰੱਥਾ ਹੈ ਤਾਂ ਦੋਵਾਂ ਮੈਂਬਰਾਂ ਨੂੰ ਟਿਕਟ ਦੇਣ ’ਚ ਕੋਈ ਹਰਜ ਨਹੀਂ। ਮੈਰਿਟ ਦੇ ਆਧਾਰ ’ਤੇ ਦੋ ਮੈਂਬਰ ਉਮੀਦਵਾਰ ਬਣ ਸਕਦੇ ਹਨ। ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਅੱਜ ਕਾਂਗਰਸ ਪ੍ਰਧਾਨ ਪਰਗਟ ਸਿੰਘ ‘ਇੱਕ ਪਰਿਵਾਰ ਦੋ ਟਿਕਟਾਂ’ ਦੇ ਫਾਰਮੂਲੇ ਦੀ ਪ੍ਰੋੜ੍ਹਤਾ ਕਰ ਦਿੱਤੀ ਹੈ। ਇਸੇ ਤਰ੍ਹਾਂ ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਵੀ ਕਿਹਾ ਕਿ ਜੇ ਪੁਰਾਣੇ ਟਕਸਾਲੀ ਪਰਿਵਾਰ ਦੇ ਦੋ ਮੈਂਬਰ ਜਿੱਤਣ ਦੀ ਸਮਰੱਥਾ ਰੱਖਦੇ ਹਨ ਤਾਂ ਨਿਯਮਾਂ ਦਾ ਕੋਈ ਅੜਿੱਕਾ ਨਹੀਂ ਹੋਣਾ ਚਾਹੀਦਾ।

      ਜ਼ਿਕਰਯੋਗ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਨੇ ਮਈ 2022 ’ਚ ‘ਉਦੇਪੁਰ ਨਵ ਸੰਕਲਪ ਘੋਸ਼ਣਾ’ ਵਿੱਚ ‘ਇੱਕ ਪਰਿਵਾਰ ਇੱਕ ਟਿਕਟ’ ਫਾਰਮੂਲਾ ਐਲਾਨਿਆ ਸੀ। ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਪਰਿਵਾਰ ਨੂੰ ਇੱਕ ਹੀ ਟਿਕਟ ਦੇਣ ਦੀ ਹਮਾਇਤੀ ਸਨ ਜਦੋਂ ਕਿ ਉਸ ਵਕਤ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ ਕਿ ਜਿੱਤਣ ਦੀ ਸਮਰੱਥਾ ਦੇਖੀ ਜਾਣੀ ਚਾਹੀਦੀ ਹੈ। ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਜੋ ਵੀ ਫ਼ੈਸਲਾ ਲਵੇਗਾ, ਉਹ ਪ੍ਰਵਾਨ ਹੋਵੇਗਾ। ਚੇਤੇ ਰਹੇ ਕਿ ਕਪੂਰਥਲਾ ਦੇ ਕਾਂਗਰਸੀ ਵਿਧਾਇਕ ਦਾ ਲੜਕਾ ਰਾਣਾ ਇੰਦਰ ਪ੍ਰਤਾਪ ਸਿੰਘ ਇਸ ਵੇਲੇ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਹੈ। ਆਜ਼ਾਦ ਵਿਧਾਇਕ ਦੇ ਕਾਂਗਰਸ ’ਚ ਸ਼ਾਮਲ ਹੋਣ ਦੀ ਚਰਚਾ ਹੈ।ਵੇਰਵਿਆਂ ਅਨੁਸਾਰ ਪੰਜਾਬ ਦੇ ਕਈ ਕਾਂਗਰਸੀ ਪਰਿਵਾਰ ਹਨ ਜਿਨ੍ਹਾਂ ਨੂੰ ਦੋ-ਦੋ ਟਿਕਟਾਂ ਦੀ ਆਸ ਹੈ। 

      ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਲੜਕਾ ਫ਼ਾਜ਼ਿਲਕਾ ਤੋਂ ਵਿਧਾਇਕ ਰਹਿ ਚੁੱਕਾ ਹੈ ਅਤੇ ਉਹ ਮੁੜ ਟਿਕਟ ਦੀ ਦੌੜ ’ਚ ਹੈ। ਸ਼ੇਰ ਸਿੰਘ ਘੁਬਾਇਆ ਨੇ ਪ੍ਰਧਾਨ ਪਰਗਟ ਸਿੰਘ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਘੁਬਾਇਆ ਦਾ ਕਹਿਣਾ ਹੈ ਕਿ ਚੰਗੇ ਕਿਰਦਾਰ ਵਾਲੇ ਪਰਿਵਾਰ ਨੂੰ ਦੋ ਟਿਕਟਾਂ ਦੇਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਗੇ ਪੰਜਾਬ ’ਚ ਕਾਂਗਰਸ ਨੇ ਸਰਕਾਰ ਬਣਾਉਣੀ ਹੈ। ਦੱਸਣਯੋਗ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਮੁਕਤਸਰ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ ਜਦੋਂ ਕਿ ਰਾਜਾ ਵੜਿੰਗ ਇੱਕ ਪਰਿਵਾਰ ਨੂੰ ਇੱਕ ਟਿਕਟ ਦੇਣ ਦੇ ਹਮਾਇਤੀ ਰਹੇ ਹਨ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਰਾ ਮਨੋਹਰ ਸਿੰਘ ਵੀ ਕਾਂਗਰਸੀ ਟਿਕਟ ਦੀ ਦੌੜ ’ਚ ਦੇਰ ਸਵੇਰ ਸ਼ਾਮਲ ਹੋ ਸਕਦੇ ਹਨ ਜਦੋਂ ਕਿ ਮਨੋਹਰ ਸਿੰਘ ਨੇ 2022 ’ਚ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜੀ ਸੀ।

     ਪਿਛਲੇ ਦਿਨਾਂ ’ਚ ਸਾਬਕਾ ਵਿਧਾਇਕ ਫਤਹਿ ਜੰਗ ਸਿੰਘ ਬਾਜਵਾ ਦੀ ਕਾਂਗਰਸ ’ਚ ਸ਼ਾਮਲ ਹੋਣ ਦੀ ਚਰਚਾ ਛਿੜੀ ਸੀ। ਜੇ ਇਹ ਸੱਚ ਹੋਇਆ ਤਾਂ ਬਾਜਵਾ ਪਰਿਵਾਰ ਦਾ ਵੀ ਦੋ ਟਿਕਟਾਂ ’ਤੇ ਦਾਅਵਾ ਹੋਣ ਦੀ ਸੰਭਾਵਨਾ ਹੈ। ਨਵੀਂ ਸਥਿਤੀ ਦੇ ਮੱਦੇਨਜ਼ਰ ਕਾਂਗਰਸ ਪੰਜਾਬ ਚੋਣਾਂ ’ਚ ਬਾਜ਼ੀ ਮਾਰਨ ਲਈ ਉਦੇਪੁਰ ਘੋਸ਼ਣਾ ਤੋਂ ਦੂਰੀ ਬਣਾ ਸਕਦੀ ਹੈ।

No comments:

Post a Comment