ਪੰਜਾਬ ਚੋਣਾਂ ‘ਆਪ’ ਦਾ ਰਸਮੀ ਚੋਣ ਬਿਗਲ ਮੋਗਾ ਤੋਂ ਚਰਨਜੀਤ ਭੁੱਲਰ
ਚੰਡੀਗੜ੍ਹ :ਆਮ ਆਦਮੀ ਪਾਰਟੀ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੋਗਾ ਤੋਂ ਰਸਮੀ ਚੋਣ ਬਿਗਲ ਵਜਾਏਗੀ। ਐਤਕੀਂ ‘ਆਪ’ ਨੇ ਆਪਣੇ ‘ਸਥਾਪਨਾ ਦਿਵਸ’ ਨੂੰ ਪੰਜਾਬ ਚੋਣਾਂ ਦੇ ਆਗਾਜ਼ ਲਈ ਚੁਣਿਆ ਹੈ। ਪਾਰਟੀ 26 ਨਵੰਬਰ ਨੂੰ ਮੋਗਾ ’ਚ ਇੱਕ ਵੱਡੀ ਸਿਆਸੀ ਰੈਲੀ ਨਾਲ ਚੋਣ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਹ ਦਿਨ ‘ਆਪ’ ਦਾ ਸਥਾਪਨਾ ਦਿਵਸ ਵੀ ਹੈ ਅਤੇ ਦੇਸ਼ ਦਾ ‘ਸੰਵਿਧਾਨ ਦਿਵਸ’ ਵੀ ਹੈ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ 2011 ’ਚ ‘ਇੰਡੀਆ ਐਂਟੀ ਅਗੈਂਸਟ ਮੂਵਮੈਂਟ’ ਚੋਂ ਬਣੀ ਸੀ। ‘ਆਪ’ ਦਾ ਰਸਮੀ ਐਲਾਨ 26 ਨਵੰਬਰ 2012 ਨੂੰ ਹੋਇਆ ਸੀ। ਇਸ ਦਿਨ ਸਿਆਸੀ ਰੈਲੀ ਜਰੀਏ ਮੋਗਾ ’ਚ ਪਾਰਟੀ ਆਪਣੀ ਸਿਆਸੀ ਤਾਕਤ ਦਾ ਦਿਖਾਵਾ ਕਰੇਗੀ। ‘ਆਪ’ ਨੇੇ 71 ਉਮੀਦਵਾਰਾਂ ਦੇ ਐਲਾਨ ਮਗਰੋਂ ਹੁਣ ਰਸਮੀ ਸ਼ੁਰੂਆਤ ਕਰਨ ਦਾ ਪੈਂਤੜਾ ਲਿਆ ਹੈ। ਮੋਗਾ ਰੈਲੀ ਤੋਂ ਪਹਿਲਾਂ ਪਾਰਟੀ ਦੇ ਉਮੀਦਵਾਰਾਂ ਦੀ ਤੀਜੀ ਸੂਚੀ ਵੀ ਜਾਰੀ ਹੋਣ ਦੀ ਸੰਭਾਵਨਾ ਹੈ।
ਨਵੇਂ ਐਲਾਨੇ ਉਮੀਦਵਾਰਾਂ ਨੂੰ ਰੈਲੀ ਲਈ ਇਕੱਠ ਦੀ ਜ਼ਿੰਮੇਵਾਰੀ ਵੀ ਦਿੱਤੀ ਜਾਵੇਗੀ। ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਘਟਨਾ ਸਮੇਤ ਸੰਗਰੂਰ ਤੇ ਮਾਨਸਾ ’ਚ ਹੋਈਆਂ ਘਟਨਾਵਾਂ ਮਗਰੋਂ ਮਾਲਵੇ ’ਚ ਪਾਰਟੀ ਦਾ ਇਹ ਵੱਡਾ ਪ੍ਰੋਗਰਾਮ ਹੋਵੇਗਾ। ਕਾਫ਼ੀ ਵਕਫ਼ੇ ਮਗਰੋਂ ਮੋਗਾ ਰੈਲੀ ਦੀ ਸਟੇਜ ’ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਇਕੱਠੇ ਨਜ਼ਰ ਆਉਣਗੇ। ਕੇਜਰੀਵਾਲ ਪਿਛਲੇ ਸਮੇਂ ਦੌਰਾਨ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਤੋਂ ਦੂਰ ਰਹੇ ਹਨ। ਪਿਛਲੇ ਸਮੇਂ ਦੌਰਾਨ ਪੰਜਾਬ ਦੀਆਂ ਵਿਰੋਧੀ ਧਿਰਾਂ ਨੇ ‘ਆਪ’ ਦੀ ਦਿੱਲੀ ਲੀਡਰਸ਼ਿਪ ਨੂੰ ਨਿਸ਼ਾਨੇ ’ਤੇ ਲਿਆ ਸੀ। ਕੁੱਝ ਸਮੇਂ ਤੋਂ ‘ਆਪ’ ਦੇ ਸਮਾਗਮਾਂ ’ਚ ਮੁੱਖ ਮੰਤਰੀ ਭਗਵੰਤ ਮਾਨ ਹੀ ਮੋਹਰੀ ਭੂਮਿਕਾ ’ਚ ਨਜ਼ਰ ਆ ਰਹੇ ਹਨ। ਮਾਨਸਾ ’ਚ ਹੋਈਆਂ ਵੱਡੀਆਂ ਘਟਨਾਵਾਂ ’ਤੇ ‘ਆਪ’ ਦੀ ਦਿੱਲੀ ਲੀਡਰਸ਼ਿਪ ਦੀ ਚੁੱਪ ਦਾ ਵੀ ਮਾਲਵਾ ਖ਼ਿੱਤੇ ਦੇ ਚੇਤੰਨ ਹਲਕਿਆਂ ਨੇ ਨੋਟਿਸ ਲਿਆ ਸੀ।
ਹੁਣ ਮੋਗਾ ਰੈਲੀ ‘ਆਪ’ ਦੀ ਚੋਣ ਮੁਹਿੰਮ ਦੀ ਦਿਸ਼ਾ ਤੈਅ ਕਰੇਗੀ। ਮੋਗਾ ਰੈਲੀ ’ਚ ਪਾਰਟੀ ਤਰਫ਼ੋਂ ਪੰਜਾਬ ਲਈ ਅਗਲੇ ਪੰਜ ਸਾਲਾਂ ਵਾਸਤੇ ਕੀਤੇ ਜਾਣ ਵਾਲੇ ਕੰਮਾਂ ਦੇ ਏਜੰਡੇ ਦਾ ਐਲਾਨ ਕਰ ਸਕਦੀ ਹੈ। ਆਮ ਆਦਮੀ ਪਾਰਟੀ ਆਪਣੀ ਸਰਕਾਰ ਦੇ 56 ਮਹੀਨਿਆਂ ਦਾ ਰਿਪੋਰਟ ਕਾਰਡ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ’ਚ ਸਰਕਾਰ ਦੀਆਂ ਪ੍ਰਮੁੱਖ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਜਾਵੇਗਾ। ਇਨ੍ਹਾਂ ਪ੍ਰਾਪਤੀਆਂ ’ਚ 300 ਯੂਨਿਟ ਮੁਫ਼ਤ ਬਿਜਲੀ, ਮਾਵਾਂ ਧੀਆਂ ਸਤਿਕਾਰ ਯੋਜਨਾ, ਮੁੱਖ ਮੰਤਰੀ ਤੀਰਥ ਯਾਤਰਾ, ਆਮ ਆਦਮੀ ਕਲੀਨਿਕ, ਨਹਿਰੀ ਪਾਣੀ ਤੇ ਮੁੱਖ ਮੰਤਰੀ ਸਿਹਤ ਯੋਜਨਾ, 70 ਹਜ਼ਾਰ ਤੋਂ ਵੱਧ ਸਰਕਾਰੀ ਨਿਯੁਕਤੀਆਂ ਅਤੇ ਮੇਰੀ ਰਸੋਈ ਆਦਿ ਸ਼ਾਮਲ ਹਨ। ਆਮ ਆਦਮੀ ਪਾਰਟੀ ਚੋਣਾਂ ਮੌਕੇ ਔਰਤਾਂ ਅਤੇ ਨੌਜਵਾਨਾਂ ਨੂੰ ਫੋਕਸ ਕਰੇਗੀ। ਮੋਗਾ ਰੈਲੀ ਤੋਂ ਪਹਿਲਾਂ ਕੈਬਨਿਟ ਮੰਤਰੀਆਂ ਜਰੀਏ ‘ਪੰਜਾਬ ਦਾ ਕਰੋੜਪਤੀ’ ਪ੍ਰੋਗਰਾਮ ਨੂੰ ਵਿੱਦਿਅਕ ਅਦਾਰਿਆਂ ਤੱਕ ਲਿਜਾਣ ਦੀ ਸਕੀਮ ਬਣਾ ਰਹੀ ਹੈ।
ਮੋਗਾ ਤੋਂ ਬੱਝਦਾ ਹੈ ਚੋਣ ਪਿੜ..
ਸਿਆਸੀ ਪਾਰਟੀਆਂ ਦੀ ਮੋਗਾ ਤੋਂ ਚੋਣ ਮੁਹਿੰਮ ਸ਼ੁਰੂ ਕਰਨ ਪਿੱਛੇ ਸਿਆਸੀ ਮਹੱਤਤਾ ਹੈ। ਜਿੱਥੇ ਮੋਗਾ ਭੂਗੋਲਿਕ ਤੌਰ ’ਤੇ ਪੰਜਾਬ ਦੇ ਕੇਂਦਰ ’ਚ ਪੈਂਦਾ ਹੈ, ਉੱਥੇ ਰਵਾਇਤੀ ਤੌਰ ’ਤੇ ਮੋਗਾ ਸਿਆਸਤ ਦਾ ਅਹਿਮ ਕੇਂਦਰ ਵੀ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ 1996, 2006 ਅਤੇ 2011 ’ਚ ਆਪੋ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਮੋਗਾ ਦੀ ਧਰਤੀ ਤੋਂ ਕੀਤੀ ਸੀ। ‘ਆਪ’ ਨੇ ਵੱਡੇ ਸਿਆਸੀ ਐਲਾਨਾਂ ਲਈ ਮੋਗਾ ਨੂੰ ਚੁਣਿਆ। ਪੰਜਾਬ ਦੇ ਸਿਆਸੀ ਇਤਿਹਾਸ ’ਚ ਮੋਗਾ ਦਾ ਅਹਿਮ ਸਥਾਨ ਰਿਹਾ ਹੈ। ਲਾਲਾ ਲਾਜਪਤ ਰਾਏ ਇਸ ਜ਼ਿਲ੍ਹੇ ਦੇ ਪਿੰਡ ਢੁੱਡੀਕੇ ਨਾਲ ਸਬੰਧਿਤ ਰਹੇ ਹਨ ਅਤੇ 1972 ਦੇ ਵਿਦਿਆਰਥੀ ਅੰਦੋਲਨ ਨੇ ਵੀ ਮੋਗਾ ਦੀ ਗੂੰਜ ਚਾਰ ਚੁਫੇਰੇ ਪਾ ਦਿੱਤੀ ਸੀ।
.jpg)
No comments:
Post a Comment