ਨਾਲੇ ਪੁੰਨ ਨਾਲੇ ਫਲੀਆਂ ਕੌਣ ਬਣੇਗਾ ‘ਪੰਜਾਬ ਦਾ ਕਰੋੜਪਤੀ’ ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਰਕਾਰ ਦਾ ਆਗਾਮੀ ਚੋਣਾਂ ਤੋਂ ਪਹਿਲਾਂ ਇਹ ਨਵਾਂ ਪੈਂਤੜਾ ਹੈ ਕਿ ਹੁਣ ‘ਪੰਜਾਬ ਦਾ ਕਰੋੜਪਤੀ’ ਬੈਨਰ ਹੇਠ ਨੌਜਵਾਨਾਂ ਦਾ ਕੁਇਜ਼ ਮੁਕਾਬਲਾ ਕਰਾਇਆ ਜਾਵੇਗਾ ਜਿਸ ’ਚ ਜ਼ੈਨ-ਜੀ ਦੀ ਭਾਗੀਦਾਰੀ ’ਤੇ ਕੇਂਦਰਿਤ ਕੀਤਾ ਗਿਆ ਹੈ। ਸੂਬਾਈ ਸਰਕਾਰ ਨੇ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ‘ਕੌਣ ਬਣੇਗਾ ਕਰੋੜਪਤੀ’ ਦੀ ਤਰਜ਼ ’ਤੇ ਇਹ ਪ੍ਰੋਗਰਾਮ ਸ਼ੁਰੂ ਕਰਨਾ ਹੈ। ਉੱਚ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਨੇ ਅੱਜ ਨੋਟੀਫ਼ਿਕੇਸ਼ਨ ਵੀ ਜਾਰੀ ਕੀਤਾ ਹੈ ਜਿਸ ’ਚ ਇਸ ਪ੍ਰੋਗਰਾਮ ਨੂੰ ‘ਪੰਜਾਬ ਦਾ ਕਰੋੜਪਤੀ-ਇਤਿਹਾਸ, ਸੱਭਿਆਚਾਰ ਅਤੇ ਸ਼ਾਸਨ’ ਦਾ ਨਾਮ ਦਿੱਤਾ ਗਿਆ ਹੈ। ਵੇਰਵਿਆਂ ਅਨੁਸਾਰ ਦੋ ਗਰੁੱਪਾਂ ਦੇ ਵੱਖੋ ਵੱਖਰੇ ਮੁਕਾਬਲੇ ਹੋਣਗੇ ਜਿਸ ਤਹਿਤ ਸਕੂਲ ਗਰੁੱਪ ’ਚ 15 ਤੋਂ 18 ਸਾਲ ਦੇ ਭਾਗੀਦਾਰ ਸ਼ਾਮਲ ਹੋਣਗੇ ਜਦੋਂ ਕਿ ਯੂਥ ਗਰੁੱਪ ’ਚ 18 ਤੋਂ 30 ਸਾਲ ਤੱਕ ਦੇ ਨੌਜਵਾਨ ਸ਼ਾਮਲ ਹੋਣਗੇ। ਇਨ੍ਹਾਂ ਦੋਵੇਂ ਉਮਰ ਵਰਗਾਂ ’ਚ ਵੱਡੀ ਸ਼ਮੂਲੀਅਤ ਜ਼ੈੱਨ-ਜੀ ਦੀ ਹੋ ਸਕਦੀ ਹੈ।
ਇਸ ਕੁਇਜ਼ ਮੁਕਾਬਲੇ ਲਈ 15 ਤੋਂ 30 ਸਾਲ ਤੱਕ ਦਾ ਪੰਜਾਬ ਦਾ ਹਰ ਵਸਨੀਕ ਯੋਗ ਹੋਵੇਗਾ ਅਤੇ ਪੰਜਾਬ ’ਚ ਪੜ੍ਹਨ ਵਾਲੇ (ਜੋ ਦੂਸਰੇ ਰਾਜਾਂ ਤੋਂ ਹਨ) ਵਿਦਿਆਰਥੀ ਵੀ ਇਸ ਮੁਕਾਬਲੇ ਲਈ ਯੋਗ ਹੋਣਗੇ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਕਰੀਬ 3 ਤੋਂ ਪੰਜ ਕਰੋੜ ਰੁਪਏ ਇਸ ਕੁਇਜ਼ ਮੁਕਾਬਲੇ ’ਤੇ ਖ਼ਰਚ ਕਰੇਗੀ।ਸੂਤਰਾਂ ਅਨੁਸਾਰ ਇਸ ਕੁਇਜ਼ ਮੁਕਾਬਲੇ ਦੇ ਸਿਲੇਬਸ ’ਚ ਸਭ ਤੋਂ ਵੱਧ 40 ਫ਼ੀਸਦੀ ਸਵਾਲ ‘ਸ਼ਾਸਨ’ ਨਾਲ ਸਬੰਧਿਤ ਹੋਣਗੇ ਭਾਵ ਸਰਕਾਰੀ ਸਕੀਮਾਂ ਆਦਿ ਬਾਰੇ ਕੁਇਜ਼ ’ਚ ਸਵਾਲ ਪੁੱਛੇ ਜਾਣਗੇ ਜਿਸ ਕਰਕੇ ਭਾਗੀਦਾਰਾਂ ਨੂੰ ਸਰਕਾਰੀ ਸਕੀਮਾਂ ਬਾਰੇ ਗਿਆਨ ਵੀ ਕਰੋੜਪਤੀ ਬਣਾਉਣ ’ਚ ਸਹਾਈ ਹੋਵੇਗਾ। ਬੇਸ਼ੱਕ ਇਸ ਕੁਇਜ਼ ਨੂੰ ਗਿਆਨ ਮੁਕਾਬਲੇ ਦੇ ਰੂਪ ’ਚ ਕਰਾਇਆ ਜਾ ਰਿਹਾ ਹੈ ਪ੍ਰੰਤੂ ਇਸ ਕੁਇਜ਼ ਮੁਕਾਬਲੇ ਨੂੰ ਲੈ ਕੇ ਪੰਜਾਬ ਦੇ ਸਿਆਸੀ ਹਲਕਿਆਂ ’ਚ ਘੁਸਰ ਮੁਸਰ ਵੀ ਸ਼ੁਰੂ ਹੋ ਗਈ ਹੈ।ਕੁਇਜ਼ ਮੁਕਾਬਲੇ ਲਈ ਸਮਾਰਟ ਡਿਜੀਟਲ ਪਲੇਟਫ਼ਾਰਮ ਤਿਆਰ ਕੀਤਾ ਗਿਆ ਹੈ ਜਿਸ ਤਹਿਤ ਰਜਿਸਟ੍ਰੇਸ਼ਨ ਵਾਸਤੇ ਮੋਬਾਈਲ ਐਪ ਅਤੇ ਵੈੱਬ ਪੋਰਟਲ ਤਿਆਰ ਕੀਤਾ ਜਾਣਾ ਹੈ।
ਇਸ ਮੁਕਾਬਲੇ ਦੇ ਮੁੱਢਲੇ ਗੇੜ ਆਨ ਲਾਈਨ ਹੋਣਗੇ ਅਤੇ ਅਖੀਰਲੇ ਗੇੜ ਫਿਜ਼ੀਕਲੀ ਹੋਣਗੇ। ਜ਼ਿਲ੍ਹਾ ਪੱਧਰ ’ਤੇ ਮੁਕਾਬਲੇ ਚੋਂ ਚੁਣੇ ਗਏ ਭਾਗੀਦਾਰ ਸੂਬਾਈ ਮੁਕਾਬਲੇ ’ਚ ਪ੍ਰਵੇਸ਼ ਕਰਨਗੇ। ਰਜਿਸਟ੍ਰੇਸ਼ਨ ਅਤੇ ਇਨਾਮ ਪ੍ਰਾਪਤ ਕਰਨ ਲਈ ਆਧਾਰ ਕਾਰਡ ਨੂੰ ਲਾਜ਼ਮੀ ਕਰਾਰ ਦਿੱਤਾ ਹੈ। ਅਗਰ ਕਿਸੇ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਉਹ ਨੌਜਵਾਨ ਆਧਾਰ ਕਾਰਡ ਨੰਬਰ ਮਿਲਣ ਤੱਕ ਜਨਮ ਸਰਟੀਫਿਕੇਟ, ਦਸਵੀਂ ਜਾਂ ਬਾਰ੍ਹਵੀਂ ਦਾ ਸਰਟੀਫਿਕੇਟ ਤੇ ਪਾਸਪੋਰਟ ਦਿਖਾ ਕੇ ਆਪਣੀ ਪਛਾਣ ਤਸਦੀਕ ਕਰਾ ਸਕੇਗਾ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਧਾਰ ਕਾਰਡ ਨਾ ਹੋਣ ਦੀ ਸੂਰਤ ’ਚ ਮਾਪਿਆਂ ਦੀ ਪਛਾਣ ਦੇ ਦਸਤਾਵੇਜ਼ ਪੇਸ਼ ਕਰਨੇ ਹੋਣਗੇ। ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਦੇ ਇਸ ਪ੍ਰੋਗਰਾਮ ਪ੍ਰਤੀ ਨੌਜਵਾਨ ਕਿੰਨਾ ਕੁ ਹੁੰਗਾਰਾ ਭਰਦੇ ਹਨ।
ਇਤਿਹਾਸ/ਕਲਚਰ ਤੋਂ ਜਾਣੂ ਕਰਾਉਣਾ ਮੁੱਖ ਏਜੰਡਾ : ਹਰਜੋਤ ਬੈਂਸ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਸੀ ਕਿ ਕੁਇਜ਼ ਮੁਕਾਬਲੇ ਦੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ ਅਤੇ ਇਸ ਕੁਇਜ਼ ਮੁਕਾਬਲੇ ਦਾ ਮੁੱਖ ਮਕਸਦ ਨਵੀਂ ਪੀੜੀ ਨੂੰ ਇਤਿਹਾਸ ਅਤੇ ਸੱਭਿਆਚਾਰ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਕੁਇਜ਼ ਮੁਕਾਬਲੇ ਦੇ ਸਿਲੇਬਸ ’ਚ 40 ਫ਼ੀਸਦੀ ਸ਼ਾਸਨ ਬਾਰੇ ਸਵਾਲ ਹੋਣ ਦੇ ਜਵਾਬ ’ਚ ਕਿਹਾ ਕਿ ਇਹ ਸਿਲੇਬਸ ਮਾਹਿਰਾਂ ਵੱਲੋਂ ਹੀ ਤਿਆਰ ਕੀਤਾ ਗਿਆ ਹੈ।
.jpg)