Saturday, November 21, 2026

 ਗੱਠਜੋੜ ਨੂੰ ਅੰਤਿਮ ਛੋਹਾਂ
ਦਰਜਨ ਸੀਟਾਂ ਦਾ ਪੇਚ ਫਸਿਆ
 ਚਰਨਜੀਤ ਭੁੱਲਰ 

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗੱਠਜੋੜ ਲਈ ਕਰੀਬ ਦਰਜਨ ਸੀਟਾਂ ’ਤੇ ਪੇਚ ਫਸ ਗਿਆ ਹੈ। ਗੱਠਜੋੜ ਦੇ ਐਲਾਨ ’ਚ ਦੇਰੀ ਲਈ ਇਨ੍ਹਾਂ ਸੀਟਾਂ ਨੂੰ ਲੈ ਕੇ ਦੋਵੇਂ ਧਿਰਾਂ ਦੀ ਆਪੋ-ਆਪਣੀ ਦਾਅਵੇਦਾਰੀ ਹੈ। ਅਕਾਲੀ-ਭਾਜਪਾ ਗੱਠਜੋੜ ਨੂੰ ਹੁਣ ਅੰਤਿਮ ਛੋਹਾਂ ਦੇਣ ਦੀ ਤਿਆਰੀ ਹੈ। ਢੁਕਵੇਂ ਮੌਕੇ ’ਤੇ ਗੱਠਜੋੜ ਦਾ ਐਲਾਨ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ਮੌਕੇ 8 ਦਸੰਬਰ ਨੂੰ ਇਸ ਸਿਆਸੀ ਐਲਾਨ ਲਈ ਢੁਕਵਾਂ ਮੌਕਾ ਦੱਸ ਰਿਹਾ ਹੈ। ਅਕਾਲੀ ਦਲ ਵੱਲੋਂ 8 ਦਸੰਬਰ ਨੂੰ ਮੋਗਾ ’ਚ ਵੱਡੀ ਸਿਆਸੀ ਰੈਲੀ ਕੀਤੇ ਜਾਣ ਦੀ ਸੰਭਾਵਨਾ ਹੈ। ਗੱਠਜੋੜ ਨੂੰ ਆਖ਼ਰੀ ਛੋਹਾਂ ਦੇਣ ਤੋਂ ਪਹਿਲਾਂ ਕੇਂਦਰੀ ਮੰਤਰੀ ਸੀ ਆਰ ਪਾਟਿਲ ਨੇ ਪਿਛਲੇ ਦਿਨੀਂ ਚੰਡੀਗੜ੍ਹ ਫੇਰੀ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ। ਕੇਂਦਰੀ ਲੀਡਰਸ਼ਿਪ ਗੱਠਜੋੜ ਤੋਂ ਪਹਿਲਾਂ ਜ਼ਮੀਨੀ ਮੁਲਾਂਕਣ ਕਰ ਰਹੀ ਹੈ। ਵੱਡਾ ਅੜਿੱਕਾ ਫ਼ਿਲਹਾਲ ਦਰਜਨ ਭਰ ਅਸੈਂਬਲੀ ਸੀਟਾਂ ਦਾ ਹੈ।

       ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ’ਚ 18.56 ਫ਼ੀਸਦੀ ਵੋਟ ਪ੍ਰਤੀਸ਼ਤ ਹਾਸਲ ਕੀਤਾ ਸੀ। ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ 23 ਵਿਧਾਨ ਸਭਾ ਸੀਟਾਂ ’ਤੇ ਲੀਡ ਲਈ ਸੀ ਜਦੋਂ ਕਿ 8-10 ਸੀਟਾਂ ’ਤੇ ਭਾਜਪਾ ਦੂਜੇ ਨੰਬਰ ’ਤੇ ਰਹੀ। ਕਰੀਬ 32-33 ਸੀਟਾਂ ’ਤੇ ਭਾਜਪਾ ਆਪਣੀ ਗੱਲ ਪੁਗਾਏਗੀ ਜਦੋਂ ਕਿ ਬਾਕੀ ਦਸ ਤੋਂ ਬਾਰਾਂ ਸੀਟਾਂ ’ਤੇ ਲੈਣ ਦੇਣ ਚੱਲ ਰਿਹਾ ਹੈ। ਡੇਰਾ ਬੱਸੀ ਵਿਧਾਨ ਸਭਾ ਸੀਟ ’ਤੇ ਦੋਵਾਂ ਧਿਰਾਂ ਦਾ ਦਾਅਵਾ ਹੈ। ਅਕਾਲੀ ਦਲ ਇਹ ਸੀਟ ਐੱਨ ਕੇ ਸ਼ਰਮਾ ਲਈ ਰਾਖਵਾਂ ਰੱਖਣਾ ਚਾਹੁੰਦੀ ਹੈ; ਭਾਜਪਾ ਦੀ ਦਲੀਲ ਹੈ ਕਿ ਲੋਕ ਸਭਾ ਚੋਣਾਂ ਮੌਕੇ ਪਾਰਟੀ ਇਸ ਹਲਕੇ ਤੋਂ ਅੱਗੇ ਰਹੀ ਸੀ। ਅਕਾਲੀ ਦਲ ਖਰੜ ਸੀਟ ’ਤੇ ਵੀ ਦਾਅਵਾ ਕਰ ਰਿਹਾ ਹੈ ਤੇ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਲਈ ਹਲਕਾ ਰੋਪੜ ’ਤੇ ਵੀ ਦਾਅਵਾ ਜਤਾ ਰਹੇ ਹਨ। ਖਰੜ ਤੇ ਰੋਪੜ ’ਚ ਵੋਟ ਫ਼ੀਸਦੀ ਦਾ ਹਵਾਲਾ ਦੇ ਕੇ ਭਾਜਪਾ ਇਹ ਦੋਵੇਂ ਸੀਟਾਂ ਲੈਣਾ ਚਾਹੁੰਦੀ ਹੈ। ਰੋਪੜ ਤੋਂ ਭਾਜਪਾ ਅਜੈਵੀਰ ਸਿੰਘ ਲਾਲਪੁਰਾ ਨੂੰ ਉਮੀਦਵਾਰ ਬਣਾ ਸਕਦੀ ਹੈ।

       ਲੁਧਿਆਣਾ ’ਚ ਸ਼੍ਰੋਮਣੀ ਅਕਾਲੀ ਦਲ ਮਹੇਸ਼ਇੰਦਰ ਸਿੰਘ ਗਰੇਵਾਲ ਲਈ ਇਕ ਸੀਟ ਲੈਣਾ ਚਾਹੁੰਦਾ ਹੈ। ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਲੁਧਿਆਣਾ ਪੱਛਮੀ ਤੋਂ ਸਾਲ 1997 ’ਚ ਵਿਧਾਇਕ ਬਣੇ ਸਨ ਅਤੇ ਉਸ ਮਗਰੋਂ ਉਮੀਦਵਾਰ ਵਜੋਂ ਤਾਂ ਚੋਣ ਮੈਦਾਨ ’ਚ ਉੱਤਰੇ ਪਰ ਜਿੱਤ ਹਾਸਲ ਨਹੀਂ ਕਰ ਸਕੇ। ਅਕਾਲੀ ਦਲ ਇੱਕ ਸੀਟ ’ਤੇ ਦਾਅਵਾ ਕਰ ਰਿਹਾ ਹੈ ਜਦੋਂ ਕਿ ਭਾਜਪਾ ਲੁਧਿਆਣਾ ਸ਼ਹਿਰੀ ਦੀਆਂ ਸਾਰੇ ਸੀਟਾਂ ’ਤੇ ਹੱਕ ਜਤਾ ਰਹੀ ਹੈ। ਬਾਦਲ ਪਰਿਵਾਰ ਆਪਣਾ ਗੜ੍ਹ ਦੱਸ ਕੇ ਬਠਿੰਡਾ ਸ਼ਹਿਰੀ ਸੀਟ ’ਤੇ ਵੀ ਹੱਕ ਰੱਖ ਰਿਹਾ ਹੈ ਜਦੋਂ ਕਿ ਭਾਜਪਾ ਇਸ ਸੀਟ ਤੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਵੀ ਉਮੀਦਵਾਰ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ। ਭਾਜਪਾ ਵੱਲੋਂ ਹਲਕਾ ਬੱਲੂਆਣਾ ਤੇ ਜਲਾਲਾਬਾਦ ’ਤੇ ਵੀ ਹੱਕ ਜਤਾਇਆ ਗਿਆ ਹੈ। ਭਾਜਪਾ ਤਰਨ ਤਾਰਨ ਦਾ ਹਲਕਾ ਖੇਮਕਰਨ ਵੀ ਮੰਗ ਰਹੀ ਹੈ ਜਿੱਥੋਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਉਮੀਦਵਾਰ ਹੋ ਸਕਦੇ ਹਨ। ਬਟਾਲਾ ਸੀਟ ਦਾ ਵੀ ਇਸੇ ਤਰ੍ਹਾਂ ਪੇਚ ਫਸਿਆ ਹੋਇਆ ਹੈ। 

       ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੂੰ ਲੈ ਕੇ ਹਲਕਾ ਬਠਿੰਡਾ ਸ਼ਹਿਰੀ ਅਤੇ ਗਿੱਦੜਬਾਹਾ ਦੇਖਿਆ ਜਾ ਰਿਹਾ ਹੈ। ਬਰਨਾਲਾ ਤੋਂ ਸੰਸਦ ਮੈਂਬਰ ਰਜਿੰਦਰ ਗੁਪਤਾ ਨੂੰ ਭਾਜਪਾ ਤਰਫ਼ੋਂ ਉਮੀਦਵਾਰ ਬਣਾਉਣ ਦੀ ਸੰਭਾਵਨਾ ਹੈ; ਹਾਲਾਂਕਿ ਉਹ ਚੋਣ ਲੜਨ ਤੋਂ ਇਨਕਾਰ ਕਰ ਚੁੱਕੇ ਹਨ। ਗੁਪਤਾ ਨੇ ਪੈਰ ਪਿਛਾਂਹ ਖਿੱਚ ਲਏ ਤਾਂ ਬਰਨਾਲਾ ਸੀਟ ਅਕਾਲੀ ਦਲ ਦੇ ਕੋਟੇ ’ਚ ਜਾਣ ਦੀ ਸੰਭਾਵਨਾ ਹੈ। ਭਾਜਪਾ ਪੰਜਾਬ ਚੋਣਾਂ ਲਈ ਮਹਾਂ ਗੱਠਜੋੜ ਬਣਾਉਣਾ ਚਾਹੁੰਦੀ ਹੈ ਜਿਸ ’ਚ ਬਸਪਾ ਨੂੰ ਵੀ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ।ਭਾਜਪਾ ਇਸ ਸੋਚ ’ਤੇ ਕੰਮ ਕਰ ਰਹੀ ਹੈ ਕਿ ਉਨ੍ਹਾਂ ਸੀਟਾਂ ’ਤੇ ਹੀ ਚੋਣ ਲੜੀ ਜਾਵੇ ਜਿਥੋਂ ਜਿੱਤ ਯਕੀਨੀ ਬਣ ਸਕੇ। ਭਾਜਪਾ ਵੱਲੋਂ ਇਨ੍ਹਾਂ ਦਿਨਾਂ ’ਚ ਵੱਡੀ ਪੱਧਰ ’ਤੇ ਗੱਠਜੋੜ ਨੂੰ ਲੈ ਕੇ ਮੰਥਨ ਚੱਲ ਰਿਹਾ ਹੈ। ਭਾਜਪਾ ’ਚ ਜੋ ਦੂਸਰੀਆਂ  ਪਾਰਟੀਆਂ ਚੋਂ ਆਗੂ ਸ਼ਾਮਲ ਹੋ ਰਹੇ ਹਨ, ਉਨ੍ਹਾਂ ਨੂੰ ਬਿਨਾਂ ਸ਼ਰਤ ਸ਼ਾਮਲ ਕਰਾਇਆ ਜਾ ਰਿਹਾ ਹੈ। ਜਦੋਂ ਉਪਰੋਕਤ ਸੀਟਾਂ ਬਾਰੇ ਆਖਰੀ ਫੈਸਲਾ ਹੋ ਗਿਆ, ਉਸ ਮਗਰੋਂ ਹੀ ਗੱਠਜੋੜ ਦਾ ਐਲਾਨ ਸੰਭਵ ਹੋ ਜਾਵੇਗਾ।

                                ਲੋਕ ਸਭਾ ਚੋਣਾਂ : ਭਾਜਪਾ ਦਾ ਵੋਟ ਸ਼ੇਅਰ 

ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਪ੍ਰਾਪਤ ਵੋਟ ਸ਼ੇਅਰ ’ਤੇ ਨਜ਼ਰ ਮਾਰੀਏ ਤਾਂ 2024 ਦੀਆਂ ਲੋਕ ਸਭਾ ਚੋਣ ’ਚ ਹੁਣ ਤੱਕ ਦਾ ਭਾਜਪਾ ਦਾ ਸਭ ਤੋਂ ਵੱਧ ਵੋਟਰ ਸ਼ੇਅਰ 18.56 ਫੀਸਦੀ ਰਿਹਾ ਹੈ ਜਦੋਂ ਕਿ 2019 ਦੀ ਲੋਕ ਸਭਾ ਚੋਣਾਂ  ’ਚ ਭਾਜਪਾ ਨੂੰ 9.7 ਫੀਸਦੀ ਵੋਟ ਸ਼ੇਅਰ ਮਿਲਿਆ ਸੀ। ਇਸੇ ਤਰ੍ਹਾਂ 2009 ਦੀ ਲੋਕ ਸਭਾ ਚੋਣ ’ਚ ਭਾਜਪਾ ਦਾ ਵੋਟ ਸ਼ੇਅਰ 10.1 ਫੀਸਦੀ ਸੀ ਅਤੇ 2004  ਦੀ ਲੋਕ ਸਭਾ ਚੋਣ ’ਚ 10.5 ਫੀਸਦੀ ਵੋਟ ਸ਼ੇਅਰ ਭਾਜਪਾ ਦਾ ਰਿਹਾ ਸੀ। ਬੇਸ਼ੱਕ 2024 ’ਚ ਭਾਜਪਾ ਦੀ ਝੋਲੀ ਕੋਈ  ਸੀਟ ਤਾਂ ਨਹੀਂ ਪਈ ਪਰ ਵੋਟ ਸ਼ੇਅਰ ਜ਼ਰੂਰ ਵਧਿਆ ਸੀ।

     


No comments:

Post a Comment