Sunday, May 1, 2016

                                  ਬਾਬਾ ਨਾਨਕਾ !
                ਤੇਰੇ ਕਿਰਤੀ ਅੱਜ ਵੀ ਰੁਲਦੇ..
                                 ਚਰਨਜੀਤ ਭੁੱਲਰ
ਬਠਿੰਡਾ : ‘ ਹੈ ਕੋਈ ਜੱਟਾਂ ਦਾ ਮੁੰਡਾ ’ , ਬਠਿੰਡਾ ਦੇ ਲੇਬਰ ਚੌਂਕ ਜਦੋਂ ਇਹ ਅਵਾਜ਼ ਵੱਜਦੀ ਹੈ ਤਾਂ ਕਈ ਹੱਥ ਉੱਠਦੇ ਹਨ। ਇਹ ਹੱਥ ਉਠਾਉਣ ਵਾਲੇ ਕਦੇ ਪਿੰਡਾਂ ਵਿਚ ਪੈਲ਼ੀਆਂ ਦੇ ਮਾਲਕ ਹੁੰਦੇ ਸਨ। ਵਕਤ ਨੇ ਉਨ•ਾਂ ਨੂੰ ਹੁਣ ਲੇਬਰ ਚੌਂਕ ਦੇ ਲਿਆ ਕੇ ਖੜ•ਾ ਕਰ ਦਿੱਤਾ ਹੈ। ਨਿਰਮਲ ਸਿੰਘ ਦੇ ਨਾਮ ਮਜ਼ਦੂਰ ਨੇ ਇਹ ਗੱਲ ਦੱਸੀ ਕਿ ਬਹੁਤੇ ਲੋਕ ਲੇਬਰ ਚੋਂਕ ਚੋਂ ਦਿਹਾੜੀ ਲਿਜਾਣ ਲਈ ਜੱਟਾਂ ਦੇ ਮੁੰਡਿਆਂ ਨੂੰ ਤਰਜੀਹ ਦਿੰਦੇ ਹਨ। ਬਠਿੰਡਾ ਦੇ ਲੇਬਰ ਚੌਂਕ ਵਿਚ ਸਵੇਰ ਵਕਤ 500 ਤੋਂ ਜਿਆਦਾ ਮਜ਼ਦੂਰ ਹੁੰਦੇ ਹਨ ਜਿਨ•ਾਂ ਵਿਚ ਹੁਣ 10 ਫੀਸਦੀ ਕਿਸਾਨਾਂ ਦੇ ਮੁੰਡੇ ਹੁੰਦੇ ਹਨ। ਬਰਨਾਲਾ ਦੇ ਲੇਬਰ ਚੌਂਕ ਵਿਚ ਲਗਾਤਾਰ ਮਜ਼ਦੂਰਾਂ ਦੀ ਗਿਣਤੀ ਵੱਧ ਰਹੀ ਹੈ। ਇਸ ਲੇਬਰ ਚੌਂਕ ਵਿਚ ਹਰ ਜਾਤ ਤੇ ਹਰ ਧਰਮ ਦਾ ਮਜ਼ਦੂਰ ਜੁੜਦਾ ਹੈ। ਪਿੰਡ ਉਗੋਕੇ ਦੇ ਕਿਸਾਨ ਦਾ ਲੜਕਾ ਕੌਰੀ ਸਿੰਘ ਹੁਣ ਸ਼ਹਿਰ ਵਿਚ ਦਿਹਾੜੀ ਕਰਦਾ ਹੈ। ਜਦੋਂ ਪੁੱਛਿਆ ਕਿ ਦਿਹਾੜੀ ਕਰਦੇ ਨੂੰ ਕਦੇਂ ਸ਼ਰਮ ਨਹੀਂ ਆਈ ਤਾਂ ਉਸ ਦੀਆਂ ਅੱਖਾਂ ਦੇ ਹੰਝੂ ਪੂਰਾ ਜੁਆਬ ਬਣ ਗਏ। ਰੁਝਾਨ ਦੇਖੀਏ ਤਾਂ ਹੁਣ ਪੰਜਾਬ ਦੇ ਹਰ ਛੋਟੇ ਵੱਡੇ ਸ਼ਹਿਰ ਵਿਚ  ਲੇਬਰ ਚੌਂਕ ਦਿੱਖਦਾ ਹੈ। ਇੱਥੋਂ ਤੱਕ ਕਿ ਫਿਰੋਜ਼ਪੁਰ ਜ਼ਿਲ•ੇ ਦੇ ਵੱਡੇ ਪਿੰਡਾਂ ਵਿਚ ਵੀ ਲੇਬਰ ਚੌਂਕ ਬਣ ਗਏ ਹਨ।
                 ਲੇਬਰ ਚੌਂਕ ਦੇ ਕਿਸੇ ਮਜ਼ਦੂਰ ਨੂੰ ਹੁਣ ‘ ਕਾਮਿਓ ਇੱਕ ਹੋ ਜਾਓ ’ ਦਾ ਹੋਕਾ ਤਾਂ ਯਾਦ ਨਹੀਂ। ਬੱਸ ਏਨਾ ਜਰੂਰ ਪਤਾ ਹੈ ਕਿ ਗੁਰਬਤ ਤੇ ਬਿਮਾਰੀ ਨੇ ਉਨ•ਾਂ ਤੋਂ ਬੱਸ ਸਭ ਕੁਝ ਖੋਹ ਲਿਆ, ਹੁਣ ਉਹ ਸੱਚਮੁੱਚ ਕੱਲੇ ਹੋ ਗਏ ਹਨ। ਹੁਣ ਰੁਜ਼ਗਾਰ ਖੁਸੇ ਹਨ ਤੇ ਕੰਮ ਦੇ ਮੌਕੇ ਘਟੇ ਹਨ। ਮਾਲਵਾ ਖ਼ਿੱਤੇ ਵਿਚ ਕਰੀਬ 32 ਲੇਬਰ ਚੌਂਕ ਹਨ ਜਿਨ•ਾਂ ਵਿਚ ਦਿਨ ਚੜ•ਦੇ ਹੀ ਕਿਰਤੀ ਖੜ• ਜਾਂਦੇ ਹਨ। ਲੇਬਰ ਚੌਂਕਾਂ ਦੇ ਬਹੁਤੇ ਕਿਰਤੀ ਉਹ ਹਨ ਜਿਨ•ਾਂ ਕੋਲ ਸਿਰਫ਼ ਗਰੀਬ ਤੇ ਬੇਕਾਰੀ ਬਚੀ ਹੈ। ਹੁਣ ਤਾਂ ਇਨ•ਾਂ ਲੇਬਰ ਚੌਂਕਾਂ ਵਿਚ ਖੇਤਾਂ ਤੋਂ ਬਾਹਰ ਹੋਏ ਕਿਸਾਨ ਵੀ ਮੂੰਹ ਛੁਪਾ ਕੇ ਖੜ•ਦੇ ਹਨ। ਮੋਗਾ ਦੇ ਲੇਬਰ ਚੌਂਕ ਦੇ ਮਜ਼ਦੂਰ ਪਿਆਰਾ ਸਿੰਘ ਦਾ ਪ੍ਰਤੀਕਰਮ ਸੀ ਕਿ ਠੇਕੇਦਾਰ ਮਜ਼ਦੂਰਾਂ ਦਾ ਸ਼ੋਸ਼ਣ ਕਰਦੇ ਹਨ ਅਤੇ ਮਹੀਨੇ ਚੋਂ ਸਿਰਫ਼ 10 ਤੋਂ 15 ਦਿਨ ਹੀ ਦਿਹਾੜੀ ਮਿਲਦੀ ਹੈ। ਇਵੇਂ ਮਜ਼ਦੂਰਾਂ ਨੇ ਦੱਸਿਆ ਕਿ ਉਨ•ਾਂ ਨੂੰ ਬਹਤੇ ਦਿਨ ਤਾਂ ਗੁਰੂ ਘਰਾਂ ਵਿਚੋਂ ਹੀ ਪਰਸ਼ਾਦਾ ਛਕਣਾ ਪੈਂਦਾ ਹੈ। ਦੱਸਣਯੋਗ ਹੈ ਕਿ ਮਾਲਵਾ ਖ਼ਿੱਤੇ ਵਿਚ ਤਾਂ ਮਜ਼ਦੂਰਾਂ ਨੇ ਵੀ ਖੁਦਕੁਸ਼ੀ ਵਰਗਾ ਕਦਮ ਚੁੱਕਿਆ ਹੈ। ਰਾਮਪੁਰਾ ਦੇ ਲੇਬਰ ਚੌਂਕ ਦੇ ਕਈ ਮਜ਼ਦੂਰਾਂ ਨੇ ਦੱਿਸਆ ਕਿ ਭੁੱਖੇ ਸੌਣਾ ਹੁਣ ਓਪਰਾ ਨਹੀਂ ਲੱਗਦਾ ਹੈ।
                ਵੇਖਿਆ ਜਾਵੇ ਤਾਂ ਇਹ ਲੇਬਰ ਚੌਂਂਕ ਪੰਜਾਬ ਦੀ ਦੇ ਵਿਕਾਸ ਤੇ ਖੁਸ਼ਹਾਲੀ ਨੂੰ ਝਲਕਾਰਾ ਦੇਣ ਲਈ ਕਾਫ਼ੀ ਹਨ। ਵੈਸੇ ਪੰਜਾਬ ਸਰਕਾਰ ਵਲੋਂ  ਰਾਜ ਭਰ ਵਿਚ ਇਨ•ਾਂ ਲੇਬਰ ਚੌਂਕਾਂ ਵਿਚ ਮਜ਼ਦੂਰਾਂ ਲਈ 26 ਲੇਬਰ ਸ਼ੈੱਡ ਬਣਾਉਣੇ ਹਨ ਜਿਨ•ਾਂ ਚੋ ਦਰਜਨ ਲੇਬਰ ਸ਼ੈੱਡ ਇਕੱਲੇ ਫਾਜਿਲਕਾ ਤੇ ਫਿਰੋਜ਼ਪੁਰ ਵਿਚ ਬਣਨੇ ਹਨ। ਲੇਬਰ ਮਹਿਕਮੇ ਦੇ ਇੱਕ ਅਧਿਕਾਰੀ ਨੇ ਸਮੱਸਿਆ ਦੱਸੀ ਕਿ ਸ਼ਹਿਰਾਂ ਵਿਚ ਕੋਈ ਲੇਬਰ ਸ਼ੈਡ ਬਣਨ ਨਹੀਂ ਦਿੰਦਾ ਹੈ। ਨੇੜਲੀ ਆਬਾਦੀ ਵਿਰੋਧ ਵਿਚ ਖੜ•ੀ ਹੋ ਜਾਂਦੀ ਹੈ। ਜੀਰਾ ਲਾਗੇ ਦੋ ਪਿੰਡਾਂ ਵਿਚ ਵੀ ਲੇਬਰ ਸ਼ੈੱਡ ਬਣਾ ਦਿੱਤੇ ਗਏ ਹਨ। ਵੇਰਵਿਆਂ ਅਨੁਸਾਰ ਪਿੰਡਾਂ ਦੇ ਦਲਿਤ ਬਜ਼ੁਰਗ ਹੁਣ ਮਨਰੇਗਾ ਵਿਚ ਦਿਹਾੜੀ ਕਰਨ ਲਈ ਮਜਬੂਰ ਹਨ। ਪਿੰਡ ਸਿਵੀਆ ਦੀ ਸ਼ਿੰਦਰ ਕੌਰ ਲਈ ਮਈ ਦਿਹਾੜੇ ਦੇ ਕੋਈ ਮਾਹਣੇ ਨਹੀਂ। ਨਾ ਪਤੀ ਬਚਿਆ ਤੇ ਨਾ ਘਰ। ਹੁਣ ਉਹ ਫਿਰਨੀ ਤੇ ਪਿੰਡ ਕੋਟਲੀ ਅਬਲੂ ਵਿਚ ਝੋਪੜੀ ਪਾ ਕੇ ਤਿੰਨ ਕੁੜੀਆਂ ਨਾਲ ਗੁਜਾਰਾ ਕਰ ਰਹੀ ਹੈ। ਉਹ ਗੋਹਾ ਕੂੜਾ ਕਰਕੇ ਧੀਆਂ ਪਾਲ ਰਹੀ ਹੈ। ਪਿੰਡ ਕੋਠੇ ਮਹਾਂ ਸਿੰਘ ਦੀ ਬਿਰਧ ਮਜ਼ਦੂਰ ਔਰਤ ਪਿੰਡ ਦੀ ਧਰਮਸਾਲਾ ਵਿਚ ਬੈਠੀ ਹੈ ਜਿਸ ਦਾ ਪਤੀ ਬਿਮਾਰੀ ਨੇ ਨਿਗਲ਼ ਲਿਆ ਸੀ।
                  ਇੰਜ ਜਾਪਦਾ ਹੈ ਕਿ ਮਈ ਦਿਹਾੜੇ ਤੇ ਹੁਣ ਝੰਡਾ ਲਹਿਰਾ ਕੇ ਨਹੀਂ ਸਰਨਾ, ਬਲਕਿ ਇਨ•ਾਂ ਮਜ਼ਦੂਰਾਂ ਨੂੰ ਹੁਣ ਝੰਡਾ ਚੁੱਕਣ ਦੀ ਲੋੜ ਹੈ। ਪੰਜਾਬ ਸਰਕਾਰ ਵਲੋਂ 277 ਰੁਪਏ ਦਿਹਾੜੀ ਨਿਸ਼ਚਿਤ ਕੀਤੀ ਹੋਈ ਹੈ ਜਦੋਂ ਕਿ ਕੇਰਲਾ ਸਰਕਾਰ ਨੇ 548 ਰੁਪਏ ਦਿਹਾੜੀ ਨਿਸ਼ਚਿਤ ਕੀਤੀ ਹੋਈ ਹੈ। ਤਾਮਿਲਨਾਡੂ ਵਿਚ ਇਹੋ ਦਿਹਾੜੀ 431 ਰੁਪਏ ਅਤੇ ਤੈਲੰਗਾਨਾ ਵਿਚ 363 ਰੁਪਏ ਮਿਲਦੀ ਹੈ। ਪਿੰਡ ਕਮਾਲੂ ਦਾ ਸੇਵਕ ਸਿੰਘ ਮੰਦਹਾਲੀ ਵਿਚ ਹੈ। ਬਾਪ ਦੀ ਕੈਂਸਰ ਨਾਲ ਮੌਤ ਹੋ ਗਈ ਅਤੇ ਅੰਗਹੀਣ ਭਰਾ ਨੂੰ ਪਿੰਡ ਦੇ ਗੁਰੂ ਘਰ ਦਾ ਆਸਰਾ ਤੱਕਣਾ ਪਿਆ ਹੈ। ਤਲਾਕਸ਼ੁਦਾ ਭੈਣ ਅਤੇ ਬਿਰਧ ਮਾਂ ਦੀ ਪਰਵਰਿਸ਼ ਉਸ ਦੀ ਦਿਨ ਦੀ ਮਜ਼ਦੂਰੀ ਦੇ ਸਹਾਰੇ ਹੈ। ਮੁਕਤਸਰ ਦੇ ਪਿੰਡ ਕਰਮਗੜ• ਦੀ ਰਾਣੀ ਕੌਰ ਦਾ ਮਜ਼ਦੂਰ ਪਤੀ ਸੱਤ ਸਾਲ ਪਹਿਲਾਂ ਖੁਦਕੁਸ਼ੀ ਕਰ ਗਿਆ ਸੀ ਅਤੇ ਹੁਣ ਉਸ ਨੂੰ ਨਿੱਤ ਮਰਨਾ ਪੈਂਦਾ ਹੈ। ਤਿੰਨ ਧੀਆਂ ਨੂੰ ਪਾਲਣ ਲਈ ਉਹ ਖੁਦ ਮਜ਼ਦੂਰੀ ਕਰਦੀ ਹੈ। ਕੱਖੋਂ ਹੌਲੇ ਹੋਏ ਇਨ•ਾਂ ਮਜ਼ਦੂਰਾਂ ਦੇ ਘਰਾਂ ਦੇ ਪੀਪਿਆਂ ਵਿਚ ਤਾਂ ਹੁਣ ਆਟਾ ਵੀ ਨਹੀਂ ਬਚਿਆ ਹੈ।  

1 comment:

  1. ਚਰਨਜੀਤ ਵੀਰ.... ਤੁਸੀਂ ਬਹੁਤ ਸੰਵੇਦਨਸ਼ੀਲ ਮੁੱਦੇ ਚਕਦੇ ਹੋ.... ਕਾਸ਼, ਸਰਕਾਰਾਂ ਦੇ ਕੰਨ ਤੇ ਜੂੰ ਵੀ ਸਰਕੇ.....
    ਦਿਲੀ ਧੰਨਵਾਦ ....

    - ਧਰਮਿੰਦਰ ਸੇਖੋਂ
    89680-66775

    ReplyDelete