Monday, May 2, 2016

                                                                 ਮੱਛਰ ਬਣਿਆ ਜਮਦੂਤ 
                                      ਏਥੇ ਲੱਖਾਂ ਮਾਵਾਂ ਰੋਂਦੀਆਂ ਤੇ ਭੈਣਾਂ ਪਾਵਣ ਵੈਣ...
                                                                      ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ-ਮਾਨਸਾ ਦੇ ਹੁਣ ਤਾਂ ਹਰ ਕਿਸਾਨ ਦੇ ਬੂਹੇ ਤੇ ਉਦਾਸੀ ਦਾ ਪਹਿਰਾ ਹੈ। ਇਨ•ਾਂ ਘਰਾਂ ਵਿਚੋਂ ਨੌਜਵਾਨ ਪੁੱਤਾਂ ਦੀ ਅਰਥੀ ਦਾ ਉੱਠਣਾ ਕੋਈ ਸਹਿਜ ਨਹੀਂ। ਹਕੂਮਤ ਬੇਵੱਸ ਹੋਏ ਖੇਤਾਂ ਦੀ ਨਜ਼ਾਕਤ ਸਮਝਦੀ ਤਾਂ ਇਨ•ਾਂ ਘਰਾਂ ਵਿਚ ਸੱਥਰ ਨਹੀਂ ਵਿਛਣੇ ਸਨ। ਜਦੋਂ ਇਨ•ਾਂ ਖੇਤਾਂ ਦੀ ਫਸਲ ਨੂੰ ਦੋ ਦਹਾਕੇ ਪਹਿਲਾਂ ਅਮਰੀਕਨ ਸੁੰਡੀ ਹਜ਼ਮ ਕਰ ਗਈ ਸੀ ਤਾਂ ਉਦੋਂ ਵੱਡੀ ਉਮਰ ਦੇ ਕਿਸਾਨ ਜ਼ਿੰਦਗੀ ਤੋਂ ਹਾਰੇ ਸਨ। ਹੁਣ ਚਿੱਟਾ ਮੱਛਰ ਜਮਦੂਤ ਬਣਿਆ ਹੈ ਜਿਸ ਨੇ ਘਰਾਂ ਦੇ ਜਵਾਨ ਪੁੱਤਾਂ ਤੋਂ ਜ਼ਿੰਦਗੀ ਖੋਹੀ ਹੈ। ਪਿਛੇ ਬਚੇ ਹਨ,ਜਵਾਨ ਵਿਧਵਾ ਔਰਤਾਂ ਦੇ ਹਓਂਕੇ,ਮਾਵਾਂ ਦੇ ਹੰਝੂ ਤੇ ਭੈਣਾਂ ਦੀ ਨਾ ਮੁੱਕਣ ਵਾਲੀ ਉਡੀਕ। ਗੁਰੂ ਘਰਾਂ ਚੋਂ ਜਵਾਨ ਪੁੱਤਾਂ ਦੇ ਸਸਕਾਰ ਦੇ ਹੋਕੇ ਪਿੰਡਾਂ ਨੂੰ ਝੰਜੋੜ ਰਹੇ ਹਨ। ਮਾਨਸਾ ਦੇ ਪਿੰਡ ਹਾਕਮਵਾਲਾ ਦੀ ਮਾਂ ਅਮਰਜੀਤ ਕੌਰ ਦੇ ਦੁੱਖ ਨੂੰ ਹਾਕਮ ਆਪਣਾ ਸਮਝਦੇ ਤਾਂ ਇਸ ਮਾਂ ਦੇ ਘਰ ਦੋ ਨੂੰਹਾਂ ਦੇ ਸਿਰਾਂ ਤੇ ਚਿੱਟੀ ਚੁੰਨੀ ਨਹੀਂ ਹੋਣੀ ਸੀ। ਪਹਿਲਾਂ ਨੌਜਵਾਨ ਪੁੱਤ ਹਰਵਿੰਦਰ ਸਿੰਘ ਨੂੰ ਕੈਂਸਰ ਨਿਗਲ ਗਿਆ। ਬਿਮਾਰੀ ਨੇ ਘਰ ਨੂੰ ਕਰਜ਼ੇ ਵਿਚ ਬਿੰਨ ਦਿੱਤਾ। ਉਪਰੋਂ ਚਿੱਟਾ ਮੱਛਰ ਖੇਤਾਂ ਨੂੰ ਰਾਖ ਕਰ ਗਿਆ। ਭਰਾ ਦਾ ਵਿਯੋਗ ਤੇ ਉਪਰੋਂ ਨੌ ਲੱਖ ਦਾ ਕਰਜ਼ਾ ਇਸ ਮਾਂ ਦੇ ਵੱਡੇ ਪੁੱਤ ਜਗਵਿੰਦਰ ਨੂੰ ਪ੍ਰੇਸ਼ਾਨ ਕਰਨ ਲੱਗਾ। ਆਖਰ ਉਹ ਕੀਟਨਾਸ਼ਕ ਪੀ ਕੇ ਜਹਾਨੋਂ ਭਰ ਜਵਾਨੀ ਵਿਦਾ ਹੋ ਗਿਆ। ਮਾਂ ਅਮਰਜੀਤ ਰੋਂਦੀ ਨਹੀਂ ਝੱਲੀ ਜਾ ਰਹੀ। ਮਾਂ ਆਖਦੀ ਹੈ ਕਿ ਔਖਾਂ ਵਿਚ ਪਾਲੇ ਪੁੱਤਰ ਚੰਦਰੇ ਕਰਜ਼ੇ ਨੇ ਖਾ ਲਏ। ਜਵਾਨ ਪੁੱਤਾਂ ਦਾ ਬਾਪ ਕਿਰਪਾਲ ਸਿੰਘ ਹੁਣ ਅਗਲੀ ਫਸਲ ਦੀ ਉਮੀਦ ਵਿਚ ਮੁੜ ਮੰਜੇ ਤੋਂ ਉਠਿਆ ਹੈ।
                     ਬਠਿੰਡਾ ਦੇ ਪਿੰਡ ਕੋਟਭਾਰਾ ਦੇ ਦੋ ਕਿਸਾਨ ਪਰਿਵਾਰ ਨਾ ਤਾਂ ਚਿੱਟੇ ਮੱਛਰ ਦੇ ਕਹਿਰ ਤੋਂ ਖੇਤ ਬਚਾ ਸਕੇ, ਨਾ ਹੀ ਜਵਾਨ ਪੁੱਤ। 70 ਵਰਿ•ਆਂ ਦੀ ਬਿਰਧ ਮਾਂ ਨਸੀਬ ਕੌਰ ਦੇ ਨਸੀਬ ਸਾਥ ਦਿੰਦੇ ਤਾਂ ਅੱਜ ਉਸ ਨੂੰ ਜਵਾਨ ਮੁੰਡੇ ਦੀ ਤਸਵੀਰ ਵੇਖ ਵੇਖ ਕੇ ਹੰਝੂ ਨਾ ਵਹਾਉਣੇ ਪੈਂਦੇ। ਠੀਕ 10 ਮਹੀਨੇ ਪਹਿਲਾਂ ਉਸ ਦਾ ਪਤੀ ਜਗਰੂਪ ਸਿੰਘ ਬਿਮਾਰੀ ਦੀ ਤਾਬ ਨਾ ਝੱਲਦਾ ਹੋਇਆ ਚਲਾ ਗਿਆ ਤੇ ਹੁਣ 22 ਦਿਨ ਪਹਿਲਾਂ ਉਸ ਦਾ ਨੌਜਵਾਨ ਇਕਲੌਤਾ ਲੜਕਾ ਜਗਤਾਰ ਸਿੰਘ ਵੀ ਖੁਦਕੁਸ਼ੀ ਕਰ ਗਿਆ। ਬਿਰਧ ਮਾਂ ਨੂੰ ਉਡੀਕ ਤਾਂ ਸਰਕਾਰੀ ਮਦਦ ਰਹੀ ਸੀ ਪ੍ਰੰਤੂ ਪਿਛਲੇ ਹਫਤੇ ਬੈਂਕਾਂ ਵਾਲੇ ਉਸ ਨੂੰ ਦੋ ਨੋਟਿਸ ਦੇ ਗਏ ਹਨ। ਸਿਰਫ ਕੁਝ ਕਨਾਲ਼ਾਂ ਜ਼ਮੀਨ ਬਚੀ ਹੈ ਜਾਂ ਫਿਰ 7 ਲੱਖ ਦਾ ਕਰਜ਼ਾ। ਘਰ ਵਿਚ ਇਕੱਲੀ ਬੈਠੀ ਮਾਂ ਇੱਕ ਹੱਥ ਪੁੱਤ ਵਿਚ ਤਸਵੀਰ ਤੇ ਦੂਸਰੇ ਹੱਥ ਨੋਟਿਸ ਲਈ ਬੈਠੀ ਹੈ। ਇੱਥੋਂ ਦੇ ਹੀ ਕਿਸਾਨ ਜਗਤਾਰ ਸਿੰਘ ਦਾ 25 ਵਰਿ•ਆਂ ਦਾ ਨੌਜਵਾਨ ਲੜਕਾ ਗੁਰਪਿਆਰ ਸਿੰਘ ਠੀਕ 10 ਦਿਨ ਪਹਿਲਾਂ ਖੁਦਕੁਸ਼ੀ ਕਰ ਗਿਆ। ਸਿਰਫ਼ ਇੱਕ ਏਕੜ ਜ਼ਮੀਨ ਉਸ ਨੂੰ ਖੇਤਾਂ ਚੋਂ ਰੁਖਸਤ ਕਰ ਗਈ। ਭਰਾ ਮਹਿੰਦਰਜੀਤ ਨੇ ਪੜਾਈ ਵਿਚਕਾਰੇ ਛੱਡ ਦਿੱਤੀ ਅਤੇ ਉਹ ਹੁਣ ਸਕੂਲ ਦੀ ਥਾਂ ਆਪਣੇ ਬਾਪ ਨਾਲ ਭੱਠੇ ਤੇ ਦਿਹਾੜੀ ਕਰਨ ਜਾਂਦਾ ਹੈ। ਮਾਨਸਾ ਦੇ ਪਿੰਡ ਕੋਟ ਧਰਮੂ ਵਿਚ ਚਿੱਟੇ ਮੱਛਰ ਨੇ ਨੌਜਵਾਨ ਕਿਸਾਨ ਨਿਰਮਲ ਸਿੰਘ ਅਤੇ ਚਰਨਜੀਤ ਸਿੰਘ ਦੇ ਘਰ ਤੇ ਵੀ ਇਹੋ ਪਹਾੜ ਡਿੱਗਿਆ ਹੈ।
                    ਨਿਰਮਲ ਸਿੰਘ ਨੇ ਪੰਜ ਏਕੜ ਠੇਕੇ ਤੇ ਜ਼ਮੀਨ ਲੈ ਕੇ ਕਾਸ਼ਤ ਕੀਤੀ ਪਰ ਪੱਲੇ ਕੁਝ ਨਾ ਪਿਆ। ਉਹ ਖੁਦ ਤਾਂ ਅਲਵਿਦਾ ਆਖ ਗਿਆ ਤੇ ਪਿਛੇ ਭੈਣ ਦੇ ਪੱਲੇ ਰੋਣਾ ਪੈ ਗਿਆ ਜੋ ਵਿਆਹੁਣ ਵਾਲੀ ਉਮਰ ਵਿਚ ਹੈ। ਪਿੰਡ ਮੌੜ ਚੜਤ ਸਿੰਘ ਵਾਲਾ ਦੀਆਂ ਦੋ ਸਕੀਆਂ ਭੈਣਾਂ ਦੇ ਘਰ ਤਾਂ ਵਾਰ ਵਾਰ ਭੋਗ ਪਏ ਹਨ। ਸਰਬਜੀਤ ਕੌਰ ਦਾ ਪਤੀ ਸੜਕ ਹਾਦਸੇ ਵਿਚ ਚਲਾ ਗਿਆ ਤੇ ਜਵਾਨ ਪੁੱਤ ਸੁਖਦੇਵ ਸਿੰਘ ਖੁਦਕੁਸ਼ੀ ਕਰ ਗਿਆ। ਭੈਣ ਕਰਮਜੀਤ ਕੌਰ ਦਾ ਪਤੀ ਤੇ ਜਵਾਨ ਲੜਕਾ ਵੀ ਇਹੋ ਰਾਹ ਚਲੇ ਗਏ ਇਨ•ਾਂ ਵਿਧਵਾ ਭੈਣਾਂ ਕੋਲ ਕੋਈ ਜ਼ਮੀਨ ਨਹੀਂ ਬਚੀ ਹੈ। ਜ਼ਿੰਦਗੀ ਦੇ ਆਖਰੀ ਪੜਾਅ ਤੇ ਬੈਠੀ 90 ਵਰਿ•ਆਂ ਦੀ ਬਿਰਧ ਬਚਨ ਕੌਰ ਦੇ ਹੱਥੋਂ ਤਿੰਨ ਪੁੱਤ ਇੱਕ ਇੱਕ ਕਰਕੇ ਕਿਰੇ ਹਨ। ਕਰਜ਼ੇ ਦਾ ਭਾਰ ਤੇ ਖੁਦਕੁਸ਼ੀ ਦਾ ਸੇਕ ਕੋਈ ਇਸ ਬੁੱਢੀ ਮਾਂ ਨੂੰ ਪੁੱਛੇ ਜਿਸ ਦਾ ਅੰਦਰਲਾ ਵਿਯੋਗ ਦੀ ਲਾਟ ਨੇ ਫੂਕ ਦਿੱਤਾ ਹੈ। ਨਾ ਕੋਈ ਨੰਨ•ੀ ਛਾਂ ਤੇ ਨਾ ਕੋਈ ਕਿਸਾਨੀ ਦਾ ਮਸੀਹਾ ਇਨ•ਾਂ ਬੂਹਿਆਂ ਤੱਕ ਆਇਆ ਹੈ। ਸਿਆਸੀ ਧਿਰਾਂ ਨੂੰ ਇਨ•ਾਂ ਚਿੱਟੀਆਂ ਚੁੰਨੀਆਂ ਚੋਂ ਵੋਟਾਂ ਦੀ ਮਹਿਕ ਹੀ ਆਉਂਦੀ ਹੈ। ਬਰਨਾਲਾ ਦੇ ਪਿੰਡ ਜੋਧਪੁਰ ਦੇ ਮਾਂ ਪੁੱਤ ਦਾ ਕੋਠੇ ਚੜ• ਕੇ ਖੁਦਕੁਸ਼ੀ ਕਰਨਾ ਪੰਜਾਬ ਦੇ ਵਿਹੜੇ ਸੁੱਖ ਨਾ ਹੋਣ ਦਾ ਸੁਨੇਹਾ ਹੀ ਕਾਫ਼ੀ ਹੈ। ਚੰਡੀਗੜ• ਵੇਖ ਲਵੇ, ਸ਼ਾਇਦ ਇਸੇ ਕਰਕੇ ਕਿਸਾਨ ਨੂੰ ਖੁਦਕੁਸ਼ੀ ਕਰਨ ਲਈ ਕੋਠੇ ਤੇ ਚੜ•ਨਾ ਪਿਆ।
                   ਕਿਸਾਨ ਨੇਤਾ ਜਸਵੀਰ ਸਿੰਘ ਬੁਰਜ ਸੇਮਾ ਆਖਦਾ ਹੈ ਕਿ ਨੇਤਾਵਾਂ ਨੂੰ ਏੇਨਾ ਚੇਤੇ ਰੱਖਣਾ ਚਾਹੀਦਾ ਹੈ ਕਿ ਇਨ•ਾਂ ਚੁੰਨੀਆਂ ਵਿਚਲੇ ਚਿਹਰਿਆਂ ਨੂੰ ਲਾਲ ਹੁੰਦੇ ਵੀ ਦੇਰ ਨਹੀਂ ਲੱਗਦੀ। ਸਿਆਸੀ ਧਿਰਾਂ ਦੀ ਫੋਕੀ ਹਮਦਰਦੀ ਇਨ•ਾਂ ਕਿਸਾਨਾਂ ਦੇ ਦੁੱਖਾਂ ਦੀ ਮਲ•ਮ ਨਹੀਂ ਬਣ ਸਕੀ ਹੈ। ਹੁਣ ਬਹੁਤੇ ਘਰਾਂ ਦੀ ਟੇਕ ਕਿਸਾਨ ਧਿਰਾਂ ਤੇ ਹੈ।
                                                10 ਮਹੀਨੇ ਵਿਚ 500 ਖੁਦਕੁਸ਼ੀਆਂ
ਸਰਕਾਰੀ ਰਿਪੋਰਟ ਅਨੁਸਾਰ ਪੰਜਾਬ ਵਿਚ ਜੁਲਾਈ 2015 ਤੋਂ ਮਗਰੋਂ ਹੁਣ ਤੱਕ ਕਰੀਬ 500 ਕਿਸਾਨਾਂ ਤੇ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ ਜੋ ਆਪਣੇ ਖੇਤਾਂ ਨੂੰ ਚਿੱਟੇ ਮੱਛਰ ਦੇ ਹੱਲੇ ਤੋਂ ਬਚਾ ਨਾ ਸਕੇ। ਬਠਿੰਡਾ ਤੇ ਮਾਨਸਾ ਜ਼ਿਲ•ੇ ਵਿਚ ਸਭ ਤੋਂ ਜਿਆਦਾ ਕਿਸਾਨ ਮਜ਼ਦੂਰ ਖੁਦਕੁਸ਼ੀ ਦੇ ਰਾਹ ਗਏ ਹਨ। ਸਰਕਾਰ ਨੇ ਕਿਸਾਨੀ ਨੂੰ ਮੁਆਵਜੇ ਵਜੋਂ 643 ਕਰੋੜ ਰੁਪਏ ਵੰਡ ਦਿੱਤੇ ਹਨ ਜਦੋਂ ਕਿ ਮਜ਼ਦੂਰਾਂ ਨੂੰ ਹਾਲੇ 66 ਕਰੋੜ ਰੁਪਏ ਵੰਡੇ ਜਾਣੇ ਹਨ। 

No comments:

Post a Comment