Wednesday, May 25, 2016

                              ਤੀਰਥ ਯਾਤਰਾ 
                ਬੁਰੀ ਫਸੀ ਪੀ.ਆਰ.ਟੀ.ਸੀ
                             ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਤੀਰਥ ਯਾਤਰਾ ਸਕੀਮ ਤਹਿਤ ਪੀ.ਆਰ. ਟੀ.ਸੀ ਨੂੰ ਫੁੱਟੀ ਕੌਡੀ ਵੀ ਨਹੀਂ ਦਿੱਤੀ ਜਿਸ ਕਰਕੇ ਕਾਰਪੋਰੇਸ਼ਨ ਦੇ ਬਕਾਏ ਛੜੱਪੇ ਮਾਰ ਕੇ ਵਧਣ ਲੱਗੇ ਹਨ। ਪੀ.ਆਰ.ਟੀ.ਸੀ ਦੇ ਪਹਿਲਾਂ ਹੀ ਕਰੀਬ 90 ਕਰੋੜ ਦੀ ਸਬਸਿਡੀ ਦੇ ਬਕਾਏ ਸਰਕਾਰ ਸਿਰ ਖੜ•ੇ ਹਨ। ਹੁਣ ਤੀਰਥ ਯਾਤਰਾ ਦੀ ਰਾਸ਼ੀ ਵੀ ਸਰਕਾਰ ਸਿਰ ਚੜ•ਨ ਲੱਗੀ ਹੈ। ਪੰਜਾਬ ਸਰਕਾਰ ਭਾਰਤੀ ਰੇਲਵੇ ਨੂੰ ਤਾਂ ਅਡਵਾਂਸ ਰਾਸ਼ੀ ਦੇ ਰਹੀ ਹੈ ਪ੍ਰੰਤੂ ਪੀ.ਆਰ.ਟੀ.ਸੀ ਲਈ ਪੈਸਾ ਦੇਣ ਤੋਂ ਚੁੱਪ ਵੱਟ ਲਈ ਹੈ। ਤੀਰਥ ਯਾਤਰੀ ਤਾਂ ਇਸ ਸਕੀਮ ਦੀ ਬਦੌਲਤ ਗੁਰਧਾਮਾਂ ਦੇ ਦਰਸ਼ਨ ਕਰ ਰਹੇ ਹਨ ਪ੍ਰੰਤੂ ਪੀ.ਆਰ.ਟੀ.ਸੀ ਦੇ ਖ਼ਜ਼ਾਨੇ ਤੇ ਗ੍ਰਹਿ ਮੰਡਰਾਉਣ ਲੱਗੇ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਇਸ ਤੀਰਥ ਯਾਤਰਾ ਦੀ ਹੁਣ ਤੱਕ ਦੀ ਬਣਦੀ ਕਰੀਬ ਸਵਾ ਕਰੋੜ ਰੁਪਏ ਦੀ ਰਾਸ਼ੀ ਤਾਰੀ ਨਹੀਂ ਹੈ। ਉਪਰੋਂ ਹੁਣ ਸਰਕਾਰ ਨੇ ਪੇਂਡੂ ਲੋਕਾਂ ਨੂੰ ਵੀ ਸਾਲਾਸਰ ਧਾਮ ਦੇ ਦਰਸ਼ਨ ਕਰਾਉਣ ਦਾ ਫੈਸਲਾ ਕਰ ਲਿਆ ਹੈ। ਪਹਿਲਾਂ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਸ਼ਹਿਰੀ ਲੋਕ ਜਾ ਰਹੇ ਸਨ ਜਦੋਂ ਕਿ ਪੇਂਡੂ ਲੋਕਾਂ ਨੂੰ ਸ੍ਰੀ ਨਾਂਦੇੜ ਸਾਹਿਬ ਦੀ ਯਾਤਰਾ ਤੇ ਲਿਜਾਇਆ ਜਾ ਰਿਹਾ ਸੀ। ਵੇਰਵਿਆਂ ਅਨੁਸਾਰ ਪੀ.ਆਰ. ਟੀ.ਸੀ ਦੇ ਬਠਿੰਡਾ ਡਿਪੂ ਦੀਆਂ ਦੋ ਬੱਸਾਂ ਰੋਜ਼ਾਨਾ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਯਾਤਰੀ ਲੈ ਕੇ ਰਵਾਨਾ ਹੁੰਦੀਆਂ ਹਨ। ਕਰੀਬ 62 ਹਜ਼ਾਰ ਰੁਪਏ ਰੋਜ਼ਾਨਾ ਦਾ ਬਿੱਲ ਬਣਦਾ ਹੈ ਅਤੇ ਪੀ.ਆਰ.ਟੀ.ਸੀ ਤਰਫ਼ੋਂ ਹੀ ਇਨ•ਾਂ ਯਾਤਰੀਆਂ ਨੂੰ ਬਰੇਕਫਾਸਟ,ਲੰਚ ਅਤੇ ਡਿਨਰ ਦਿੱਤਾ ਜਾ ਰਿਹਾ ਹੈ।
                    ਪੀ.ਆਰ.ਟੀ.ਸੀ ਇਨ•ਾਂ ਯਾਤਰੀਆਂ ਦੇ ਖਾਣੇ ਅਤੇ ਰਿਹਾਇਸ਼ ਦੀ ਰਾਸ਼ੀ ਪੱਲਿਓਂ ਅਡਵਾਂਸ ਵਿਚ ਜਮ•ਾ ਕਰਾ ਰਹੀ ਹੈ ਅਤੇ ਬਦਲੇ ਵਿਚ ਸਰਕਾਰ ਤੋਂ ਕੋਈ ਫੈਸਲਾ ਨਹੀਂ ਮਿਲ ਰਿਹਾ। ਜਦੋਂ ਇਸ ਸਕੀਮ ਤਹਿਤ ਪੀ.ਆਰ.ਟੀ.ਸੀ ਨਾਲ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਐਮ.ਓ.ਯੂ ਸਾਈਨ ਕੀਤਾ ਸੀ ਕਿ ਕਾਰਪੋਰੇਸ਼ਨ ਨੂੰ ਅਡਵਾਂਸ ਰਾਸ਼ੀ ਦਿੱਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 4 ਜਨਵਰੀ 2016 ਨੂੰ ਸਰਕਾਰੀ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਬਠਿੰਡਾ ਤੋਂ ਸਾਲਾਸਰ ਲਈ ਰਵਾਨਾ ਕੀਤਾ ਸੀ। ਉਦੋਂ ਤੋਂ ਹੁਣ ਤੱਕ ਲਗਾਤਾਰ ਇਹ ਬੱਸਾਂ ਚੱਲ ਰਹੀਆਂ ਹਨ। ਰਾਜਸਥਾਨ ਸਰਕਾਰ ਨੂੰ ਟੈਕਸ ਵੀ ਪੀ.ਆਰ.ਟੀ.ਸੀ ਜਮ•ਾ ਕਰਾ ਰਹੀ ਹੈ। ਉਪਰੋਂ ਹੁਣ ਪੰਜਾਬ ਸਰਕਾਰ ਨੇ ਇਸ ਯਾਤਰਾ ਦਾ ਘੇਰਾ ਵੀ ਵਧਾ ਦਿੱਤਾ ਹੈ। ਹੁਣ ਜੂਨ ਮਹੀਨੇ ਤੋਂ ਪਿੰਡਾਂ ਚੋਂ ਵੀ ਲੋਕਾਂ ਨੂੰ ਸਾਲਾਸਰ ਧਾਮ ਦੀ ਯਾਤਰਾ ਲਈ ਲਿਜਾਇਆ ਜਾਵੇਗਾ। ਤਲਵੰਡੀ ਸਾਬੋ ਦੇ ਹਲਕੇ ਪਿੰਡ ਭਗਵਾਨਗੜ• ਤੇ ਪਿੰਡ ਮੱਲਵਾਲਾ ਚੋਂ ਬੱਸਾਂ 5 ਜੂਨ ਨੂੰ,ਬੱਲੂਆਣਾ ਤੇ ਰਾਏਕੇ ਕਲਾਂ ਚੋਂ 8 ਅਤੇ 9 ਜੂਨ ਨੂੰ,ਗੁਰਥੜੀ ਤੇ ਫੱਲੜ• ਚੋਂ 18 ਜੂਨ ਨੂੰ,ਸੇਖੂ ਤੇ ਸੁਖਲੱਦੀ ਚੋਂ 25 ਜੂਨ ਨੂੰ ਬੱਸਾਂ ਸਾਲਾਸਰ ਧਾਮ ਲਈ ਰਵਾਨਾ ਹੋਣਗੀਆਂ। ਇਵੇਂ ਸ੍ਰੀ ਨਾਂਦੇੜ ਸਾਹਿਬ ਦੇ ਦਰਸ਼ਨਾਂ ਲਈ ਹੁਣ ਤੱਕ ਰਾਮਾਂ ਮੰਡੀ,ਬਠਿੰਡਾ, ਮੌੜ ਮੰਡੀ ਅਤੇ ਰਾਮਪੁਰਾ ਤੋਂ ਯਾਤਰਾ ਟਰੇਨ ਰਾਹੀਂ ਜਾ ਚੁੱਕੇ ਹਨ।
                  ਇਵੇਂ ਹੀ ਸ੍ਰੀ ਨਾਦੇੜ ਸਾਹਿਬ ਜਾਣ ਵਾਲੀ ਟਰੇਨ ਦੇ ਯਾਤਰੀਆਂ ਨੂੰ ਵੀ ਪਿੰਡਾਂ ਤੋਂ ਰੇਲਵੇ ਸਟੇਸ਼ਨ ਤੱਕ ਪੀ.ਆਰ.ਟੀ.ਸੀ ਦੀਆਂ ਬੱਸਾਂ ਲਿਆਉਂਦੀਆਂ ਹਨ। ਇਸ ਦੇ ਵੀ ਕਰੀਬ 25 ਲੱਖ ਰੁਪਏ ਸਰਕਾਰ ਨੇ ਹਾਲੇ ਤੱਕ ਨਹੀਂ ਦਿੱਤੇ ਹਨ। ਕੁਝ ਹੋਰ ਪੈਸਾ ਕਾਰਪੋਰੇਸ਼ਨ ਦਾ ਸਰਕਾਰ ਵੱਲ ਫਸਿਆ ਪਿਆ ਹੈ। ਇਸੇ ਦੌਰਾਨ ਪੰਜਾਬ ਸਰਕਾਰ ਨੇ ਵਿਗਿਆਨ ਯਾਤਰਾ ਨੂੰ 23 ਮਈ ਤੋਂ ਮੁਲਤਵੀ ਕਰ ਦਿੱਤੀ ਹੈ। ਡਾਇਰੈਕਟਰ ਜਨਰਲ (ਸਕੂਲ ਸਿੱਖਿਆ) ਨੇ ਪੱਤਰ ਜਾਰੀ ਕਰਕੇ ਵਿਗਿਆਨ ਯਾਤਰਾ ਨੂੰ 23 ਮਈ ਤੋਂ 14 ਜੂਨ ਤੱਕ ਬੰਦ ਕਰ ਦਿੱਤਾ ਹੈ। ਅਗਲੇ ਹੁਕਮਾਂ ਤੱਕ ਕਿਸੇ ਵੀ ਸਕੂਲ ਨੂੰ ਸਾਇੰਸ ਸਿਟੀ ਦਾ ਟੂਰ ਪ੍ਰੋਗਰਾਮ ਨਾ ਬਣਾਏ ਜਾਣ ਦੀ ਹਦਾਇਤ ਕੀਤੀ ਗਈ ਹੈ। ਪੀ.ਆਰ. ਟੀ.ਸੀ ਦੀਆਂ ਬੱਸਾਂ ਨੂੰ ਵੀ ਇਸ ਵਿਗਿਆਨ ਯਾਤਰਾ ਲਈ ਲਿਆ ਹੋਇਆ ਹੈ। ਸਿੱਖਿਆ ਵਿਭਾਗ ਨੇ ਵਿਗਿਆਨ ਯਾਤਰਾ ਦੀ ਬਣਦੀ ਪਹਿਲੀ ਕਿਸ਼ਤ ਦੀ ਰਾਸ਼ੀ ਕਰੀਬ 33 ਲੱਖ ਰੁਪਏ ਤਾਂ ਪੀ.ਆਰ.ਟੀ.ਸੀ ਨੂੰ ਜਾਰੀ ਕਰ ਦਿੱਤੇ ਸਨ ਪ੍ਰੰਤੂ ਸਰਕਾਰ ਨੇ ਤੀਰਥ ਯਾਤਰਾ ਦੀ ਰਾਸ਼ੀ ਨਹੀਂ ਦਿੱਤੀ। ਸੂਤਰ ਆਖਦੇ ਹਨ ਕਿ ਯਾਤਰਾਵਾਂ ਕਾਰਨ ਪੀ.ਆਰ.ਟੀ.ਸੀ ਦੀਆਂ ਬੱਸਾਂ ਰੂਟਾਂ ਤੋਂ ਉਤਰ ਗਈਆਂ ਹਨ ਜਿਸ ਕਰਕੇ ਰੈਗੂਲਰ ਆਮਦਨ ਨੂੰ ਵੀ ਸੱਟ ਵੱਜੀ ਹੈ। ਸੂਚਨਾ ਮਿਲੀ ਹੈ ਕਿ ਜਲਦੀ ਹੀ ਸਰਕਾਰ ਅੰਮ੍ਰਿ੍ਰਤਸਰ ਤੇ ਆਨੰਦਪੁਰ ਸਾਹਿਬ ਲਈ ਵੀ ਮੁਫ਼ਤ ਸੇਵਾ ਸ਼ੁਰੂ ਕਰ ਰਹੀ ਹੈ।
                                                ਪੈਸੇ ਦੁੱਧ ਪੀਂਦੇ ਹਨ : ਚੇਅਰਮੈਨ
ਪੀ.ਆਰ.ਟੀ.ਸੀ ਦੇ ਚੇਅਰਮੈਨ ਅਵਤਾਰ ਸਿੰਘ ਬਰਾੜ ਦਾ ਕਹਿਣਾ ਸੀ ਕਿ ਕਾਰਪੋਰੇਸ਼ਨ ਦਾ ਸਰਕਾਰ ਦਾ ਲੈਣ ਦੇਣ ਚੱਲਦਾ ਰਹਿੰਦਾ ਹੈ ਅਤੇ ਤੀਰਥ ਯਾਤਰਾ ਵਾਲੇ ਪੈਸੇ ਵੀ ਮਿਲ ਜਾਣਗੇ। ਉਨ•ਾਂ ਦੱਸਿਆ ਕਿ ਸਬਸਿਡੀ ਵਾਲੀ ਬਕਾਇਆ ਰਾਸ਼ੀ ਚੋਂ ਕਾਰਪੋਰੇਸ਼ਨ ਨੂੰ 20 ਕਰੋੜ ਰੁਪਏ ਤਾਂ ਮਿਲ ਗਏ ਸਨ ਅਤੇ 20 ਕਰੋੜ ਹੋਰ ਦੇਣ ਦਾ ਸਰਕਾਰ ਨੇ ਵਾਅਦਾ ਕੀਤਾ ਹੈ। ਉਨ•ਾਂ ਤੀਰਥ ਯਾਤਰਾ ਦੇ ਬਕਾਇਆ ਵਾਰੇ ਆਖਿਆ ਕਿ ਕਾਰਪੋਰੇਸ਼ਨ ਦੇ ਪੈਸੇ ਤਾਂ ਦੁੱਧ ਪੀਂਦੇ ਹਨ।

1 comment:

  1. Why doesn't PRTC stop its free services till they don't get the money from Government under their contract. Let the government pay. Why should the PRTC pay from itsown pocket and suffer losses. If the SAD and BJP parties are so eager to snd people for visiting these religious places then let them pay from their own pockets. The party that is sponsoring such schemes shall pay the money. Why should it be paid from people's money of taxes paid by people.

    ReplyDelete