Wednesday, May 4, 2016

                               ਨਜਾਇਜ਼ ਧੰਦਾ
            ਹਥਿਆਰਾਂ ਨਾਲ ਭਰਿਆ ਪੰਜਾਬ
                               ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਹੁਣ ਗੈਰ ਕਾਨੂੰਨੀ ਹਥਿਆਰਾਂ ਦੀ ਮੰਡੀ ਬਣਨ ਲੱਗਾ ਹੈ ਜੋ ਆਮ ਲੋਕਾਂ ਲਈ ਖਤਰੇ ਦੀ ਘੰਟੀ ਹੈ। ਕਰੀਬ ਪੰਜ ਵਰਿ•ਆਂ ਤੋਂ ਗੈਰ ਕਾਨੂੰਨੀ ਹਥਿਆਰਾਂ ਦਾ ਕਾਰੋਬਾਰ ਤੇਜੀ ਨਾਲ ਵਧਿਆ ਹੈ। ਰਾਜਸਥਾਨ ਦਾ ਦੇਸੀ ਕੱਟਾ ਪੰਜਾਬ ਵਿਚ ਕਾਫੀ ਮਸ਼ਹੂਰੀ ਖੱਟ ਗਿਆ ਹੈ। ਇਕੱਲੇ ਗੈਂਗਸਟਰਾਂ ਦੀ ਦਬਸ ਹੀ ਨਹੀਂ ਵਧੀ ਬਲਕਿ ਤੇਜੀ ਨਾਲ ਗੈਰਕਾਨੂੰਨੀ ਅਸਲਾ ਵੀ ਵਧਿਆ ਹੈ। ਹਾਲਾਂਕਿ ਪੰਜਾਬ ਵਿਚ ਲਾਇਸੈਂਸੀ ਹਥਿਆਰਾਂ ਦੀ ਵੀ ਕੋਈ ਕਮੀ ਨਹੀਂ ਹੈ। ਪੰਜਾਬ ਪੁਲੀਸ ਤਰਫੋਂ ਲੰਘੇ ਸਾਢੇ ਚਾਰ ਵਰਿ•ਆਂ ਵਿਚ ਪੰਜਾਬ ਚੋਂ 1307 ਵਿਅਕਤੀਆਂ ਕੋਲੋਂ 1489 ਗੈਰਕਾਨੂੰਨੀ ਹਥਿਆਰ ਫੜੇ ਹਨ। ਜੋ ਪੁਲੀਸ ਦੀ ਪਕੜ ਚੋਂ ਬਾਹਰ ਹਨ, ਉਨ•ਾਂ ਹਥਿਆਰਾਂ ਦੀ ਤਾਦਾਦ ਇਸ ਤੋਂ ਵੱਡੀ ਹੋ ਸਕਦੀ ਹੈ। ਪੰਜਾਬ ਦੇ ਆਮ ਸ਼ਹਿਰੀ ਲਈ ਇਹ ਗੈਰਕਾਨੂੰਨੀ ਕਾਰੋਬਾਰ ਨੱਕ ਵਿਚ ਦਮ ਕਰਨ ਵਾਲੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਤਿੰਨ ਵਰਿ•ਆਂ ਦੌਰਾਨ ਪੰਜਾਬ ਵਿਚ 2048 ਪੁਲੀਸ ਕੇਸ ਅਜਿਹੇ ਦਰਜ ਹੋਏ ਹਨ ਜੋ ਆਰਮਜ ਐਕਟ ਦੀ ਉਲੰਘਣਾ ਨਾਲ ਸਬੰਧਿਤ ਸਨ। ਇਨ•ਾਂ ਕੇਸਾਂ ਵਿਚ 2306 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਅਦਾਲਤਾਂ ਚੋਂ 1440 ਕੇਸਾਂ ਵਿਚ ਮੁਲਜ਼ਮਾਂ ਨੂੰ ਸਜ਼ਾ ਵੀ ਹੋਈ ਹੈ। ਭਾਵੇਂ ਰਾਜਸਥਾਨ ਚੋਂ ਹੁਣ ਭੁੱਕੀ ਆਉਣੀ ਤਾਂ ਕੁਝ ਹੱਦ ਤੱਕ ਘਟੀ ਹੈ ਪ੍ਰੰਤੂ ਰਾਜਸਥਾਨ ਦਾ ਦੇਸੀ ਹਥਿਆਰ ਜੋ ਕਿ ਦੇਸੀ ਕੱਟਾ ਵਜੋਂ ਮਸ਼ਹੂਰ ਹੈ, ਬਿਨ•ਾਂ ਰੋਕ ਟੋਕ ਪੰਜਾਬ ਪੁੱਜ ਜਾਂਦਾ ਹੈ।
                    ਸਸਤੇ ਭਾਅ ਵਿਚ ਇਹ ਮਿਲ ਜਾਂਦਾ ਹੈ ਅਤੇ ਇਹ ਦੇਸੀ ਕੱਟਾ 12 ਬੋਰ ਤੇ 315 ਬੋਰ ਦਾ ਹੁੰਦਾ ਹੈ। ਪੰਜਾਬ ਵਿਚ ਦੇਸੀ ਕੱਟਾ ਕਾਫੀ ਪ੍ਰਚੱਲਤ ਹੈ। ਇਸੇ ਤਰ•ਾਂ ਪੰਜਾਬ ਵਿਚ ਮੱਧ ਪ੍ਰਦੇਸ਼ ਚੋਂ ਵੀ ਦੇਸੀ ਕੱਟਾ ਆ ਰਿਹਾ ਹੈ। ਕੌਮਾਂਤਰੀ ਭਾਰਤ ਪਾਕਿ ਸੀਮਾ ਲਾਗੇ ਫੜੇ ਜਾਣ ਵਾਲੇ ਤਸਕਰ ਜਿਆਦਾ ਚੀਨ ਦਾ ਬਣਿਆ ਪਿਸਤੌਲ ਵਰਤਦੇ ਹਨ। ਗੈਂਗਸਟਰ ਵੀ ਚੀਨ ਦੇ ਬਣੇ ਪਿਸਤੌਲ ਨੂੰ ਜਿਆਦਾ ਪਸੰਦ ਕਰਦੇ ਹਨ ਜਿਸ ਦੀ ਮਾਰ ਕਾਫੀ ਦੂਰੀ ਤੱਕ ਦੀ ਹੁੰਦੀ ਹੈ। ਕੁਝ ਸਮਾਂ ਪਹਿਲਾਂ ਮਾਨਸਾ ਪੁਲੀਸ ਵਲੋਂ ਗੈਰਕਾਨੂੰਨੀ ਹਥਿਆਰਾਂ ਦੀ ਖੇਪ ਫੜੀ ਗਈ ਸੀ। ਫਿਰੋਜਪੁਰ ਪੁਲੀਸ ਨੇ ਵੀ ਜੂਨ 2015 ਵਿਚ 53 ਗੈਰਕਾਨੂੰਨੀ ਹਥਿਆਰ ਫੜੇ ਸਨ। ਬਠਿੰਡਾ ਦੇ ਉਪ ਜ਼ਿਲ•ਾ ਅਟਾਰਨੀ ਸ੍ਰੀ ਸੰਜੀਵ ਕੋਛੜ (ਗਿੱਦੜਬਹਾ) ਦਾ ਕਹਿਣਾ ਸੀ ਕਿ ਪੁਲੀਸ ਤਰਫੋਂ ਆਰਮਜ਼ ਐਕਟ ਦੀ ਧਾਰਾ 25 ਤਹਿਤ ਗੈਰਕਾਨੂੰਨੀ ਹਥਿਆਰ ਫੜੇ ਜਾਣ ਦੀ ਸੂਰਤ ਵਿਚ ਕੇਸ ਦਰਜ ਕੀਤਾ ਜਾਂਦਾ ਹੈ ਜਿਸ ਦੇ ਤਹਿਤ ਘੱਟੋ ਘੱਟ ਤਿੰਨ ਸਾਲ ਅਤੇ ਵੱਧ ਤੋਂ ਵੱਧ 7 ਸਾਲ ਦੀ ਸਜ਼ਾ ਦੀ ਵਿਵਸਥਾ ਹੈ।ਉਨ•ਾਂ ਆਖਿਆ ਕਿ ਇਨ•ਾਂ ਕੇਸਾਂ ਦੀ ਅਦਾਲਤਾਂ ਵਿਚ ਸਫਲ ਦਰ ਪੁਲੀਸ ਦੀ ਜਾਂਚ ਤੇ ਨਿਰਭਰ ਕਰਦੀ ਹੈ। ਉਂਜ ਅਜਿਹੇ ਕੇਸਾਂ ਵਿਚ ਸਫਲ ਦਰ ਚੰਗੀ ਰਹੀ ਹੈ।
                   ਗ੍ਰਹਿ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਸਾਲ 2015 ਦੇ ਅੱਧ ਤੱਕ 166 ਗੈਰਕਾਨੂੰਨੀ ਹਥਿਆਰ ਫੜੇ ਗਏ ਸਨ ਅਤੇ 94 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਸਾਲ 2014 ਵਿਚ ਪੁਲੀਸ ਨੇ 166 ਗੈਰਕਾਨੂੰਨੀ ਹਥਿਆਰ ਫੜੇ ਸਨ ਜਿਨ•ਾਂ ਵਿਚ 205 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਵੇਂ ਪੁਲੀਸ ਨੇ ਸਾਲ 2013 ਵਿਚ 370,ਸਾਲ 2012 ਵਿਚ 291, ਸਾਲ 2011 ਵਿਚ 488 ਗੈਰਕਾਨੂੰਨੀ ਹਥਿਆਰ ਫੜੇ ਸਨ। ਉਸ ਤੋਂ ਪਹਿਲਾਂ ਇਹ ਦਰ ਕਾਫੀ ਘੱਟ ਸੀ। ਮਿਸਾਲ ਦੇ ਤੌਰ ਤੇ ਪੁਲੀਸ ਨੇ ਸਾਲ 2008 ਵਿਚ ਸਿਰਫ 19, ਸਾਲ 2009 ਵਿਚ 35 ਅਤੇ ਸਾਲ 2010 ਵਿਚ 93 ਗੈਰਕਾਨੂੰਨੀ ਹਥਿਆਰ ਫੜੇ ਸਨ। ਸੂਤਰ ਦੱਸਦੇ ਹਨ ਕਿ ਪੰਜਾਬ ਪੁਲੀਸ ਦੇ ਭੰਡਾਰ ਇਨ•ਾਂ ਗੈਰਕਾਨੂੰਨੀ ਹਥਿਆਰਾਂ ਨਾਲ ਨੱਕੋ ਨੱਕ ਭਰੇ ਪਏ ਹਨ। ਜੋ ਜਬਤ ਕੀਤੇ ਚੰਗੇ ਹਥਿਆਰ ਹੁੰਦੇ ਹਨ ,ਉਨ•ਾਂ ਨੂੰ ਸਿਆਸੀ ਲੋਕ ਤੇ ਅਫਸਰ ਸਸਤੇ ਭਾਅ ਵਿਚ ਅਲਾਟ ਕਰਾ ਲੈਂਦੇ ਹਨ।
                                         ਪੁਲੀਸ ਮਸ਼ੀਨਰੀ ਫੇਲ• ਹੋਈ : ਸੰਧਵਾਂ
ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਤਾਰ ਸੰਧਵਾਂ ਦਾ ਪ੍ਰਤੀਕਰਮ ਸੀ ਕਿ ਪੰਜਾਬ ਪੁਲੀਸ ਦੀ ਨਾਕਾਮੀ ਕਾਰਨ ਗੈਰਕਾਨੂੰਨੀ ਹਥਿਆਰਾਂ ਦੀ ਤਾਦਾਦ ਵਧ ਰਹੀ ਹੈ ਜਿਸ ਤੋਂ ਆਮ ਲੋਕਾਂ ਦੀ ਜਾਨ ਨੂੰ ਖਤਰਾ ਬਣਿਆ ਹੈ। ਉਨ•ਾਂ ਆਖਿਆ ਕਿ ਸਿਆਸੀ ਦਾਖਲ ਵੱਧਣ ਕਰਕੇ ਪੁਲੀਸ ਮਸ਼ੀਨਰੀ ਫੇਲ• ਹੋ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਇਸ ਮਾਮਲੇ ਨੂੰ ਤਰਜ਼ੀਹੀ ਅਧਾਰ ਤੇ ਲਿਆ ਜਾਵੇਗਾ।
         

No comments:

Post a Comment