ਨਹੁੰ-ਮਾਸ ਦਾ ਰਿਸ਼ਤਾ ਸਿਆਸੀ ਮੰਚ ’ਤੇ ਮੁੜ ਜੱਫੀ ਚਰਨਜੀਤ ਭੁੱਲਰ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਨਹੁੰ-ਮਾਸ ਦੇ ਰਿਸ਼ਤੇ ਦੀ ਤੰਦ ਪੁਰਾਣੀ ਹੈ ਜਿਸ ’ਚ ਕਦੇ ਮਿਠਾਸ ਬਣੀ ਤੇ ਕਦੇ ਖਟਾਸ ਬਣੀ। ਜਦੋਂ ਹੁਣ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ ਤਾਂ ਅਕਾਲੀ-ਭਾਜਪਾ ਨੇ ਮੁੜ ਸਿਆਸੀ ਜੱਫੀ ਪਾ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੀ 75ਵੀਂ ਵਰ੍ਹੇ ਗੰਢ ਮੌਕੇ ਫਰਵਰੀ 1996 ’ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਉਸ ਵਕਤ ਰਸਮੀ ਗੱਠਜੋੜ ਦਾ ਮੁੱਢ ਬੱਝਿਆ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਧਾਰਾ ਦੀ ਥਾਂ ਪੰਜਾਬੀ ਰੰਗਤ ਨੂੰ ਤਰਜੀਹ ਦਿੱਤੀ ਸੀ। ਜਦੋਂ ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਅੰਦੋਲਨ ’ਚ ਕੁੱਦੇ ਸਨ ਤਾਂ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ 26 ਸਤੰਬਰ 2020 ਨੂੰ ਐੱਨ ਡੀ ਏ ਦੇ ਪੱਲਾ ਛੱਡ ਦਿੱਤਾ ਸੀ ਅਤੇ ਉਸ ਤੋਂ ਪਹਿਲਾਂ 17 ਸਤੰਬਰ 2020 ਨੂੰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ੀਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਮਾਮਲਾ ਫ਼ਸਲਾਂ ਦੇ ਭਾਅ ’ਤੇ ਕਾਨੂੰਨੀ ਗਾਰੰਟੀ ਦੇਣ ਦਾ ਵੀ ਸੀ ਅਤੇ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 19 ਨਵੰਬਰ 2021 ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ।ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਹੀ ਕਰੀਬ 74 ਮਹੀਨੇ ਦੇ ਵਕਫ਼ੇ ਮਗਰੋਂ ਮੁੜ ਸ਼੍ਰੋਮਣੀ ਅਕਾਲੀ ਦਲ ਐੱਨ ਡੀ ਏ ਦਾ ਹਿੱਸਾ ਬਣ ਗਿਆ ਹੈ। ਜਿਨ੍ਹਾਂ ਮੁੱਦਿਆਂ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਐੱਨ ਡੀ ਏ ਤੋਂ ਅਲਹਿਦਾ ਹੋਣ ਦਾ ਫ਼ੈਸਲਾ ਕੀਤਾ ਸੀ, ਕੀ ਉਹ ਮੁੱਦੇ ਸੁਲਝ ਗਏ ਹਨ, ਇਹ ਸਵਾਲ ਆਉਂਦੇ ਦਿਨਾਂ ’ਚ ਸ਼੍ਰੋਮਣੀ ਅਕਾਲੀ ਦਲ ਅੱਗੇ ਖੜ੍ਹੇ ਹੋਣਗੇ। ਪਿਛਾਂਹ ਦੇਖੀਏ ਤਾਂ ਜਦੋਂ ‘ਮੋਗਾ ਕਨਵੈੱਨਸ਼ਨ’ ’ਚ ਅਕਾਲੀ ਦਲ ਤੇ ਭਾਜਪਾ ਦਰਮਿਆਨ ਆਪਸ ’ਚ ਜੱਫੀ ਪਈ ਸੀ ਤਾਂ ਉਸ ਵਕਤ ਪ੍ਰਕਾਸ਼ ਸਿੰਘ ਬਾਦਲ ਤੇ ਅਡਵਾਨੀ-ਵਾਜਪਾਈ ਦਾ ਦੌਰ ਸੀ। ਅੱਜ ਪੰਜਾਬੀ ਸਿੱਖ ਮਨਾਂ ’ਚ ਭਾਜਪਾ ਪ੍ਰਤੀ ਤੌਖਲੇ ਵਧੇ ਹਨ ਅਤੇ ਅੱਜ ਦੇ ਭਾਜਪਾਈ ਦੌਰ ’ਚ ‘ਹਿੰਦੂਤਵ’ ਦੇ ਏਜੰਡੇ ’ਚ ਤਿੱਖਾਪਣ ਹੋਣ ਕਰਕੇ ਪੰਜਾਬੀ ਭਾਜਪਾ ਨਾਲ ਸਹਿਜ ਨਹੀਂ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਦੋ ਵਾਰ ਭਾਰਤੀਆ ਜਨ ਸੰਘ ਅਤੇ ਇੱਕ ਵਾਰ ਜਨਤਾ ਪਾਰਟੀ ਦੇ ਸਹਿਯੋਗ ਨਾਲ ਸਰਕਾਰ ਬਣਾਈ ਹੈ।
ਰਸਮੀ ਗੱਠਜੋੜ ਮਗਰੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਤਿੰਨ ਵਾਰ ਸਰਕਾਰਾਂ ’ਚ ਭਾਗੀਦਾਰ ਰਹੇ। ਜਦੋਂ ਪੰਜਾਬੀ ਸੂਬਾ ਬਣਨ ਮਗਰੋਂ 1967 ਦੀ ਅਸੈਂਬਲੀ ਚੋਣ ਹੋਈ ਤਾਂ ਉਸ ਮੌਕੇ ਪੰਜਾਬ ’ਚ ਪਹਿਲੀ ਗੈਰ ਕਾਂਗਰਸੀ ਸਰਕਾਰ ਬਣੀ ਸੀ।ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀਆ ਜਨ ਸੰਘ ਦੇ 9 ਵਿਧਾਇਕਾਂ ਤੋਂ ਇਲਾਵਾ ਕਮਿਊਨਿਸਟਾਂ ਅਤੇ ਆਜ਼ਾਦ ਵਿਧਾਇਕਾਂ ਦੀ ਮਦਦ ਨਾਲ ਪੰਜਾਬ ’ਚ ਸਰਕਾਰ ਬਣਾਈ ਅਤੇ 1969 ’ਚ ਮੁੜ ਸ਼੍ਰੋਮਣੀ ਅਕਾਲੀ ਦਲ ਨੇ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ’ਚ ਭਾਰਤੀਆ ਜਨ ਸੰਘ ਦੇ 8 ਵਿਧਾਇਕਾਂ ਦੀ ਹਮਾਇਤ ਨਾਲ ਸਰਕਾਰ ਦਾ ਗਠਨ ਕੀਤਾ। 1977 ’ਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ’ਚ ਜਨਤਾ ਪਾਰਟੀ ਦੇ 25 ਵਿਧਾਇਕਾਂ ਦੇ ਸਹਿਯੋਗ ਨਾਲ ਕੁਲੀਸ਼ਨ ਸਰਕਾਰ ਬਣੀ ਸੀ। 1997 ਤੋਂ ਅਕਾਲੀ ਭਾਜਪਾ ਦਰਮਿਆਨ ਸੀਟਾਂ ਦਾ ਫ਼ਾਰਮੂਲਾ 94:23 ਵਾਲਾ ਰਿਹਾ। ਹੁਣ ਪਹਿਲੀ ਵਾਰ ਹੈ ਕਿ ਭਾਜਪਾ ਦੀ ਸੀਟਾਂ ’ਚ ਹਿੱਸੇਦਾਰੀ 44 ਤੋਂ ਵਧਣ ਦੀ ਸੰਭਾਵਨਾ ਹੈ। ਫ਼ਿਲਹਾਲ ਭਾਜਪਾ ਨੇ ਛੋਟੇ ਭਰਾ ਵਾਲੀ ਭੂਮਿਕਾ ਸਵੀਕਾਰੀ ਹੈ।
ਇੱਕ ਨਜ਼ਰ ਮਾਰੀਏ ਤਾਂ 1997 ’ਚ ਅਕਾਲੀ ਭਾਜਪਾ ਗੱਠਜੋੜ ਨੇ 93 ਸੀਟਾਂ ਜਿੱਤ ਕੇ ਸਰਕਾਰ ਬਣਾਈ ਜਿਸ ’ਚ 75 ਅਕਾਲੀ ਵਿਧਾਇਕ ਅਤੇ 18 ਵਿਧਾਇਕ ਭਾਜਪਾ ਦੇ ਸਨ। ਸਾਲ 2007 ’ਚ ਗੱਠਜੋੜ ਦੀ ਸਰਕਾਰ ’ਚ ਅਕਾਲੀ ਦਲ ਦੇ 48 ਅਤੇ ਭਾਜਪਾ ਦੇ 19 ਵਿਧਾਇਕ ਸਨ। ਇਸੇ ਤਰ੍ਹਾਂ ਸਾਲ 2012 ’ਚ ਅਕਾਲੀ ਦਲ ਦੇ 56 ਅਤੇ ਭਾਜਪਾ ਦੇ 12 ਵਿਧਾਇਕਾਂ ਦੀ ਹਿੱਸੇਦਾਰੀ ਸੀ। ਉਸ ਮਗਰੋਂ 2017 ’ਚ ਸ਼੍ਰੋਮਣੀ ਅਕਾਲੀ ਦਲ ਨੇ 15 ਸੀਟਾਂ ਅਤੇ ਭਾਜਪਾ ਨੇ ਤਿੰਨ ਸੀਟਾਂ ’ਤੇ ਜਿੱਤ ਹਾਸਲ ਕੀਤੀ।ਐੱਨ ਡੀ ਏ ਤੋਂ ਵੱਖ ਹੋਣ ਮਗਰੋਂ ਦੋਵੇਂ ਧਿਰਾਂ ਦੇ ਅਲੱਗ ਅਲੱਗ ਚੋਣ ਮੈਦਾਨ ’ਚ ਉੱਤਰੀਆਂ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਤਿੰਨ ਸੀਟਾਂ ਤੱਕ ਸਿਮਟ ਗਿਆ ਜਦੋਂ ਕਿ ਭਾਜਪਾ ਦੋ ਸੀਟਾਂ ਹੀ ਜਿੱਤ ਸਕੀ। ਇਸੇ ਤਰ੍ਹਾਂ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਕੋਈ ਸੀਟ ਹਾਸਲ ਨਹੀਂ ਹੋਈ ਜਦੋਂ ਕਿ ਅਕਾਲੀ ਦਲ ਇਕੱਲੀ ਬਠਿੰਡਾ ਸੀਟ ਤੋਂ ਜੇਤੂ ਰਿਹਾ। ਉਂਜ 2024 ਦੀਆਂ ਲੋਕ ਸਭਾ ਚੋਣਾਂ ’ਚ ਦੋਵੇਂ ਧਿਰਾਂ ਦੀ ਵੋਟ ਫ਼ੀਸਦੀ ਨੂੰ ਜੋੜ ਲਈਏ ਤਾਂ 31.98 ਫ਼ੀਸਦੀ ਬਣਦੀ ਹੈ ਜੋ ਬਾਕੀ ਧਿਰਾਂ ਨਾਲ ਵਧ ਜਾਂਦੀ ਹੈ।
ਸਿਆਸੀ ਮਾਹਿਰ ਆਖਦੇ ਹਨ ਕਿ ਸਿਆਸੀ ਗ਼ਰਜ਼ਾਂ ਮੁੜ ਅਕਾਲੀ-ਭਾਜਪਾ ਗੱਠਜੋੜ ਦਾ ਅਧਾਰ ਬਣੀਆਂ ਹਨ। ਦੋਵੇਂ ਸਿਆਸੀ ਧਿਰਾਂ ਨੇ ਅਲੱਗ ਅਲੱਗ ਹੋ ਕੇ ਆਪਣਾ ਸਿਆਸੀ ਵਜ਼ਨ ਦੇਖ ਲਿਆ ਹੈ। ਦਿਹਾਤੀ ਪੰਜਾਬ ਚੋਂ ਭਾਜਪਾ ਨੂੰ ਬਹੁਤਾ ਹੁੰਗਾਰਾ ਨਹੀਂ ਮਿਲ ਸਕਿਆ। ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਅਤੇ ਲਟਕਦੇ ਬੁਨਿਆਦੀ ਮਸਲਿਆਂ ਦੇ ਹੱਲ ਲਈ ਅਗਾਮੀ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਤੋਂ ਕੀ ਕੀ ਹਾਸਲ ਕਰਨ ’ਚ ਕਾਮਯਾਬ ਰਹਿੰਦਾ ਹੈ। ਉਂਜ, ਪਿਛਲੇ ਛੇ ਵਰ੍ਹਿਆਂ ਦੀ ਅਲਹਿਦਗੀ ’ਚ ਭਾਜਪਾ ਨੇ ਗੱਠਜੋੜ ਨੂੰ ਲੈ ਕੇ ਆਪਣਾ ਰਾਜਸੀ ਵਜ਼ਨ ਵਧਾਇਆ ਹੈ। 23 ਸੀਟਾਂ ’ਤੇ ਸਬਰ ਕਰਨ ਵਾਲੀ ਭਾਜਪਾ ਨੇ 44 ਤੋਂ 46 ਸੀਟਾਂ ਤੱਕ ਦੀ ਮੰਗ ਰੱਖੀ ਹੈ ਜੋ ਕਿ ਪਹਿਲਾਂ ਨਾਲੋਂ ਕਰੀਬ ਦੁੱਗਣੀ ਹੈ।
ਭਾਜਪਾ ਨੇ ਪਿਛਲੇ ਦਿਨੀਂ ਪੰਜਾਬ ’ਚ ਨਸ਼ਾ ਮੁਕਤ ਪੰਜਾਬ ਯਾਤਰਾ ਕੱਢ ਕੇ ਆਪਣੇ ਸਿਆਸੀ ਅਧਾਰ ਪਹਿਲਾਂ ਹੀ ਪਰਖ ਲਿਆ ਸੀ। ਹਾਲ ’ਚ ਹੀ ਰਾਜਸਥਾਨ ’ਚ ਪੰਚਾਇਤੀ ਚੋਣਾਂ ’ਚ ਭਾਜਪਾ ਨੂੰ ਪੇਂਡੂ ਖ਼ਿੱਤਿਆਂ ਚੋਂ ਮਿਲੀ ਹਾਲ ਨੇ ਵੀ ਪੰਜਾਬ ’ਤੇ ਵੀ ਅਸਰ ਪਾਇਆ ਹੈ। ਅਕਾਲੀ ਭਾਜਪਾ ਗੱਠਜੋੜ ਦੇ ਨਵੇਂ ਰੂਪ ਪ੍ਰਤੀ ਆਉਂਦੇ ਦੋ ਹਫ਼ਤਿਆਂ ’ਚ ਪੰਜਾਬ ਕਿਵੇਂ ਹੁੰਗਾਰਾ ਭਰਦਾ ਹੈ, ਉਸ ਤੋਂ ਇਸ ਗੱਠਜੋੜ ਦਾ ਭਵਿੱਖ ਤੈਅ ਹੋਵੇਗਾ।
ਨਰਿੰਦਰ ਮੋਦੀ ਨੇ ਲਈ ਨਿੱਜੀ ਦਿਲਚਸਪੀ
ਅਕਾਲੀ ਭਾਜਪਾ ਦਰਮਿਆਨ ਬਣੀ ਖਟਾਸ ਉਸ ਵਕਤ ਘਟਣੀ ਸ਼ੁਰੂ ਹੋਈ ਸੀ ਜਦੋਂ ਭਾਜਪਾ ਪ੍ਰਧਾਨ ਜੇ ਪੀ ਨੱਢਾ 27 ਅਪਰੈਲ 2023 ਨੂੰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਸਸਕਾਰ ਮੌਕੇ ਹਾਜ਼ਰ ਹੋਏ ਸਨ। ਥੋੜ੍ਹਾ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਨ ਡੀ ਏ ਭਾਈਵਾਲਾਂ ਦੀ ਮੀਟਿੰਗ ਮੌਕੇ ਪ੍ਰਧਾਨ ਮੰਤਰੀ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸ਼ਿਵ ਸੈਨਾ ਦੇ ਬਾਲ ਠਾਕਰੇ ਨੂੰ ਸ਼ਿੱਦਤ ਨਾਲ ਯਾਦ ਕੀਤਾ ਸੀ। ਪ੍ਰਧਾਨ ਮੰਤਰੀ ਦੀ ਨਿੱਜੀ ਦਿਲਚਸਪੀ ਨੇ ਅਕਾਲੀ ਦਲ ਨੂੰ ਮੁੜ ਐੱਨ ਡੀ ਏ ਦਾ ਹਿੱਸਾ ਬਣਾਇਆ ਹੈ। ਹਾਲਾਂਕਿ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਗੱਠਜੋੜ ਦੀ ਵਕਾਲਤ ਨਹੀਂ ਕਰ ਰਹੇ ਸਨ।
.jpg)
No comments:
Post a Comment