Monday, November 23, 2026

ਅਯੋਗ ਕਰਾਰ ਮਾਮਲਾ
ਇਆਲੀ ਸਪੀਕਰ ਕੋਲ ਪੱਖ ਰੱਖਣ ’ਚ ਨਾਕਾਮ
ਚਰਨਜੀਤ ਭੁੱਲਰ  

ਚੰਡੀਗੜ੍ਹ : ਹਲਕਾ ਦਾਖਾ ਤੋਂ ਵਿਧਾਇਕ ਅਤੇ ਅਕਾਲੀ ਦਲ (ਵਾਰਿਸ ਪੰਜਾਬ) ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਦਲ-ਬਦਲੀ ਕਾਨੂੰਨ ਤਹਿਤ ਅਯੋਗ ਕਰਾਰ ਦਿੱਤੇ ਜਾਣ ਨਾਲ ਸਬੰਧਤ ਪਟੀਸ਼ਨ ’ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਆਪਣਾ ਜਵਾਬ ਸੌਂਪਣ ’ਚ ਨਾਕਾਮ ਰਹੇ ਹਨ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਆਲੀ ਨੂੰ 19 ਅਕਤੂਬਰ ਨੂੰ ਨੋਟਿਸ ਜਾਰੀ ਕਰ ਕੇ ਮਹੀਨੇ ਅੰਦਰ ਆਪਣਾ ਪੱਖ ਰੱਖਣ ਲਈ ਕਿਹਾ ਸੀ। ਜਵਾਬ ਦੇਣ ਦੀ ਆਖ਼ਰੀ ਤਰੀਕ 18 ਨਵੰਬਰ ਸੀ।ਦੋਰਾਹਾ ਵਾਸੀ ਰਣਜੋਧ ਸਿੰਘ ਨੇ 6 ਅਕਤੂਬਰ ਨੂੰ ਸਪੀਕਰ ਕੋਲ ਭਾਰਤੀ ਸੰਵਿਧਾਨ ਦੀ 10ਵੀਂ ਪੱਟੀ ਤਹਿਤ ਦਾਇਰ ਪਟੀਸ਼ਨ ਵਿੱਚ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਅਯੋਗ ਕਰਾਰ ਦਿੱਤੇ ਜਾਣ ਦੀ ਮੰਗ ਕੀਤੀ ਸੀ। ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਇਆਲੀ ਵੱਲੋਂ ਕੋਈ ਜਵਾਬ ਦਾਖ਼ਲ ਨਾ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਹੁਣ ਇਸ ਮਾਮਲੇ ਦੀ ਫਾਈਲ ਫ਼ੈਸਲੇ ਲਈ ਸਪੀਕਰ ਸਾਹਮਣੇ ਰੱਖੀ ਜਾਵੇਗੀ।

        ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਆਲੀ ਪਿਛਲੇ ਸਾਲ 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਗ਼ੈਰ-ਮਾਨਤਾ ਪ੍ਰਾਪਤ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਨਾਲ ਜੁੜ ਗਏ। ਇਸ ਤੋਂ ਪਹਿਲਾਂ ਇਆਲੀ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨਾਂ ਦੌਰਾਨ ਪਾਰਟੀ ਦੇ ਚੀਫ ਵ੍ਹਿਪ ਵਜੋਂ ਵੀ ਕੰਮ ਕੀਤਾ। ਵਿਧਾਇਕ ਇਆਲੀ ਪਹਿਲਾਂ ‘ਅਕਾਲੀ ਦਲ ਪੁਨਰ ਸੁਰਜੀਤ’ ਵਿੱਚ ਮੈਂਬਰ ਭਰਤੀ ਅਤੇ ਡੈਲੀਗੇਟਾਂ ਦੀ ਚੋਣ ਲਈ ਬਣੀ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ। ਪਟੀਸ਼ਨ ’ਚ 52ਵੀਂ ਸੰਵਿਧਾਨਕ ਸੋਧ (1985) ਜ਼ਰੀਏ ਜੋੜੀ ਗਈ 10ਵੀਂ ਅਨੁਸੂਚੀ ਅਤੇ ਸੁਪਰੀਮ ਕੋਰਟ ਦੇ ਕੇਸਾਂ ਦੇ ਹਵਾਲੇ ਨਾਲ ਇਆਲੀ ਨੂੰ ਵਿਧਾਨ ਸਭਾ ਦੀ ਮੈਂਬਰੀ ਤੋਂ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨਰ ਨੇ ਭਾਰਤੀ ਚੋਣ ਕਮਿਸ਼ਨ ਨੂੰ ਵੀ ਇਸ ਦੀ ਕਾਪੀ ਭੇਜੀ ਹੈ। 

        ਮਨਪ੍ਰੀਤ ਇਆਲੀ ਦੀ ਸ਼੍ਰੋਮਣੀ ਅਕਾਲੀ ਦਲ ਨਾਲ ਨਾਰਾਜ਼ਗੀ ਉਦੋਂ ਸ਼ੁਰੂ ਹੋਈ ਜਦੋਂ ਉਨ੍ਹਾਂ ਨੇ ਐੱਨ ਡੀ ਏ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦਰੋਪਦੀ ਮੁਰਮੂ ਦੀ ਹਮਾਇਤ ਕਰਨ ਦੇ ਪਾਰਟੀ ਦੇ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਉਦੋਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਿਆਂ ਭਾਜਪਾ ਨਾਲ ਗੱਠਜੋੜ ’ਤੇ ਵੀ ਸਵਾਲ ਚੁੱਕੇ ਸਨ। ਇਆਲੀ ਨੇ ਇਕਬਾਲ ਸਿੰਘ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਅਮਲ ’ਚ ਲਿਆਉਣ ਦੀ ਮੰਗ ਵੀ ਕੀਤੀ ਸੀ। ਇਸੇ ਸਾਲ ਮਈ ਮਹੀਨੇ ’ਚ ਮਨਪ੍ਰੀਤ ਸਿੰਘ ਇਆਲੀ ਨੇ ਅਕਾਲੀ ਦਲ ਪੁਨਰ ਸੁਰਜੀਤ ਤੋਂ ਵੀ ਵੱਖ ਹੋਣ ਦਾ ਫ਼ੈਸਲਾ ਕਰ ਲਿਆ ਅਤੇ ਜੂਨ ਮਹੀਨੇ ’ਚ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਜਥੇਬੰਦੀ ਵਿੱਚ ਸ਼ਾਮਲ ਹੋ ਗਏ ਸਨ।

                                     ਦੋ ਤਿੰਨ ਦਿਨਾਂ ’ਚ ਜਵਾਬ ਭੇਜ ਦੇਵਾਂਗਾ

ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਵੱਟਸਐਪ ’ਤੇ ਭੇਜਿਆ ਗਿਆ ਨੋਟਿਸ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ। ਉਨ੍ਹਾਂ ਨੇ ਦੋ ਦਿਨ ਪਹਿਲਾਂ ਹੀ ਇਹ ਦੇਖਿਆ ਹੈ। ਉਨ੍ਹਾਂ ਇਸ ਨੂੰ ਰੁਟੀਨ ਦੀ ਕਾਰਵਾਈ ਦੱਸਦਿਆਂ ਕਿਹਾ ਕਿ ਉਹ ਦੋ-ਤਿੰਨ ਦਿਨਾਂ ’ਚ ਆਪਣਾ ਜਵਾਬ ਭੇਜ ਦੇਣਗੇ। ਇਆਲੀ 2022 ਦੀ ਵਿਧਾਨ ਸਭਾ ਚੋਣ ’ਚ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਅਧਿਕਾਰਤ ਉਮੀਦਵਾਰ ਵਜੋਂ ਚੋਣ ਜਿੱਤੇ ਸਨ।

No comments:

Post a Comment