ਅਧਿਆਪਕ ਖੇੜਾ
ਸਰਹੱਦੀ ਪਿੰਡ ਨੇ ਜਗਾਈ ਜੋਤ ਤੋਂ ਜੋਤ
ਚਰਨਜੀਤ ਭੁੱਲਰ
ਚੰਡੀਗੜ੍ਹ : ਅਬੋਹਰ-ਫਾਜ਼ਿਲਕਾ ਮੁੱਖ ਮਾਰਗ ’ਤੇ ਪੈਂਦਾ ਪਿੰਡ ਡੰਗਰਖੇੜਾ ਜਿੱਥੇ ਹੁਣ ਅਧਿਆਪਕਾਂ ਦਾ ਖੇੜਾ ਲੱਗਿਆ ਹੈ| ਇਹ ਮਾਣ ਕੋਈ ਛੋਟਾ ਨਹੀਂ ਕਿ ਹੁਣ ਜੋ 6635 ਈਟੀਟੀ ਅਧਿਆਪਕ ਭਰਤੀ ਹੋਏ ਹਨ, ਉਨ੍ਹਾਂ ਵਿੱਚ ਡੰਗਰਖੇੜਾ ਦੇ 29 ਅਧਿਆਪਕ ਨਿਯੁਕਤ ਹੋਏ ਹਨ| ਨਵੇਂ ਪੁਰਾਣੇ ਕਰੀਬ 150 ਅਧਿਆਪਕ ਇਸੇ ਪਿੰਡ ਦੇ ਹਨ| ਇਸ ਪਿੰਡ ਦੇ ਔਸਤਨ ਹਰ ਅੱਠਵੇਂ ਘਰ ਵਿੱਚ ਅਧਿਆਪਕ ਹੈ| ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਜਿੱਥੇ ਡੰਗਰਖੇੜਾ ਦਾ ਅਧਿਆਪਕ ਨਾ ਹੋਵੇ| ਨਾ ਇਹ ‘ਦਿੱਲੀ ਮਾਡਲ’ ਅਤੇ ਨਾ ਹੀ ‘ਪੰਜਾਬ ਮਾਡਲ’ ਦਾ ਪ੍ਰਤਾਪ ਹੈ, ਇਹ ਇਨ੍ਹਾਂ ਦੇ ‘ਡੰਗਰਖੇੜਾ ਮਾਡਲ’ ਦਾ ਹੀ ਕ੍ਰਿਸ਼ਮਾ ਹੈ|
ਪਿੰਡ ਦੀ ਆਬਾਦੀ ਕਰੀਬ 10 ਹਜ਼ਾਰ ਹੈ ਜਦੋਂ ਕਿ ਰਿਹਾਇਸ਼ੀ ਘਰ ਕਰੀਬ 1200 ਹਨ| ਬਜ਼ੁਰਗ ਦੱਸਦੇ ਹਨ ਕਿ ਪਿੰਡ ਵਿੱਚ ਵੱਡਾ ਛੱਪੜ ਸੀ, ਬਾਹਰੋਂ ਲੋਕ ਡੰਗਰਾਂ ਨੂੰ ਪਾਣੀ ਪਿਲਾਉਣ ਇੱਥੇ ਆਉਂਦੇ ਹੁੰਦੇ ਸਨ| ਇੱਥੋਂ ਪਿੰਡ ਦਾ ਨਾਮ ਡੰਗਰਖੇੜਾ ਪੈ ਗਿਆ|ਦੱਸਦੇ ਇਹ ਵੀ ਹਨ ਕਿ ਪਹਿਲੋਂ ਪਿੰਡ ਦਾ ਨਾਮ ਬਹਾਦਰ ਖੇੜਾ ਵੀ ਹੁੰਦਾ ਸੀ| ਅੱਜ ਪਿੰਡ ਵਿੱਚ ਇੱਕ ਸਹਿਕਾਰੀ ਸਿਖਲਾਈ ਕੇਂਦਰ ਹੈ ਜਿੱਥੇ ਨਵੇਂ ਪੋਚ ਨੂੰ ਈਟੀਟੀ ਦੀ ਸਿਖਲਾਈ ਦਿੱਤੀ ਜਾਂਦੀ ਹੈ, ਉਹ ਵੀ ਬਿਨਾਂ ਕਿਸੇ ਮੁਨਾਫ਼ੇ ਦੇ|ਪਿੰਡ ਦੀ ਸਾਖਰਤਾ ਦਰ 71.64 ਫ਼ੀਸਦੀ ਹੈ ਜਿਸ ’ਚੋਂ ਮਹਿਲਾ ਸਾਖਰਤਾ ਦਰ 59.37 ਫ਼ੀਸਦੀ ਹੈ| ਅੱਜ ਈਟੀਟੀ ਭਰਤੀ ਹੋਏ 29 ਅਧਿਆਪਕਾਂ ’ਚੋਂ 16 ਲੜਕੀਆਂ ਹਨ|
ਪਿੰਡ ਦਾ ਰੋਲ ਮਾਡਲ ਬਣੇ, ਮਾਸਟਰ ਰਣਜੀਤ ਰਾਮ, ਮਾਸਟਰ ਨਾਰੰਗ ਲਾਲ ਤੇ ਮਾਸਟਰ ਦੀਵਾਨ ਚੰਦ, ਜਿਨ੍ਹਾਂ ਨੇ ਵਿੱਦਿਆ ਦਾ ਬੂਟਾ ਲਾਇਆ| ਇਹ ਤਿੱਕੜੀ ਹੁਣ ਦੁਨੀਆ ’ਚ ਨਹੀਂ ਰਹੀ ਪ੍ਰੰਤੂ ਉਨ੍ਹਾਂ ਵੱਲੋਂ ਲਾਇਆ ਬੂਟਾ ਹੁਣ ਵੱਡਾ ਦਰੱਖ਼ਤ ਬਣ ਗਿਆ ਹੈ|ਪਿੰਡ ਡੰਗਰਖੇੜਾ ਦੇ ਭਾਲਾ ਰਾਮ (ਬੀਪੀਈਓ) ਦੱਸਦੇ ਹਨ ਕਿ ਨਵੇਂ ਪੁਰਾਣੇ ਪਾ ਕੇ ਅਧਿਆਪਕਾਂ ਦੀ ਗਿਣਤੀ ਕੋਈ 150 ਦੇ ਕਰੀਬ ਹੋਵੇਗੀ| ਉਨ੍ਹਾਂ ਦਾ ਤਰਕ ਹੈ ਕਿ ਸਰਹੱਦੀ ਖ਼ਿੱਤਾ ਹੋਣ ਕਰਕੇ ਸਨਅਤਾਂ ਦੀ ਕਮੀ ਹੈ, ਨਾ ਹੀ ਲੋਕਾਂ ਕੋਲ ਬਹੁਤੀਆਂ ਜ਼ਮੀਨਾਂ ਹਨ, ਜਿਸ ਕਰਕੇ ਨੌਜਵਾਨ ਪੀੜ੍ਹੀ ਸਰਕਾਰੀ ਅਧਿਆਪਕ ਬਣਨ ਨੂੰ ਹੀ ਆਪਣਾ ਟੀਚਾ ਮੰਨਦੀ ਹੈ| ਉਹ ਦੱਸਦੇ ਹਨ ਕਿ ਕਰੀਬ 300 ਨੌਜਵਾਨਾਂ ਨੇ ਈਟੀਟੀ ਕੀਤੀ ਹੋਈ ਹੈ ਜਿਨ੍ਹਾਂ ਨੂੰ ਹਾਲੇ ਨੌਕਰੀ ਦੀ ਝਾਕ ਹੈ|
ਨਵੇਂ ਭਰਤੀ ਹੋਏ ਨੌਜਵਾਨ ਆਖਦੇ ਹਨ ਕਿ ਮਾਸਟਰ ਕੁਲਜੀਤ ਸਿੰਘ ਹਰ ਕਿਸੇ ਨੂੰ ਗਾਈਡ ਕਰਦੇ ਹਨ ਅਤੇ ਹਰ ਇਕ ਦੀ ਮਦਦ ਕਰਦੇ ਹਨ, ਜਿਨ੍ਹਾਂ ਦੀ ਬਦੌਲਤ ਪਿੰਡ ਦੇ ਸ਼ਿਸ਼ ਹੁਣ ਗੁਰੂ ਬਣ ਰਹੇ ਹਨ|ਮਾਸਟਰ ਕੁਲਜੀਤ ਸਿੰਘ ਦੀ ਬੇਟੀ ਨੂੰ ਵੀ ਅੱਜ ਨਿਯੁਕਤੀ ਪੱਤਰ ਮਿਲਿਆ ਹੈ| ਮਰਹੂਮ ਮਾਸਟਰ ਦੀਵਾਨ ਚੰਦ ਦਾ ਬੇਟਾ ਤੇ ਨੂੰਹ ਵੀ ਅਧਿਆਪਕ ਹੀ ਹਨ| ਕਈ ਘਰਾਂ ਵਿਚ ਦੋ-ਦੋ ਜਾਂ ਤਿੰਨ-ਤਿੰਨ ਅਧਿਆਪਕ ਵੀ ਹਨ| ਪਿੰਡ ਦੇ ਲੋਕ ਦੱਸਦੇ ਹਨ ਕਿ ਨਵੀਂ ਪੀੜ੍ਹੀ ਨੂੰ ਗੁੜ੍ਹਤੀ ਹੀ ਅਧਿਆਪਨ ਦੀ ਮਿਲਦੀ ਹੈ|
ਜਦੋਂ 2016 ਵਿਚ ਈਟੀਟੀ ਭਰਤੀ ਹੋਈ ਸੀ ਤਾਂ ਉਦੋਂ ਇਸ ਪਿੰਡ ਦੇ 16 ਅਧਿਆਪਕ ਬਣੇ ਸਨ| ਕੋਈ ਅਜਿਹੀ ਸੂਚੀ ਨਹੀਂ ਹੁੰਦੀ ਜਿਸ ਵਿੱਚ ਇਸ ਪਿੰਡ ਦਾ ਨਾਮ ਨਾ ਬੋਲਦਾ ਹੋਵੇ| ਅਧਿਆਪਕ ਦੱਸਦੇ ਹਨ ਕਿ ਜਿੰਨੇ ਵੀ ਮੁੰਡੇ-ਕੁੜੀਆਂ ਅਧਿਆਪਕ ਬਣੇ ਹਨ,ਉਹ ਤਕਰੀਬਨ ਸਰਕਾਰੀ ਸਕੂਲ ਵਿਚ ਹੀ ਪੜ੍ਹੇ ਹਨ| ਪਿੰਡ ਡੰਗਰਖੇੜਾ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ| ਪਿੰਡ ਵਾਲੇ ਆਖਦੇ ਹਨ ਕਿ ਕਈ ਪ੍ਰਾਈਵੇਟ ਸਕੂਲ ਸਮੇਂ ਸਮੇਂ ‘ਤੇ ਪਿੰਡ ਵਿਚ ਖੁੱਲ੍ਹੇ ਪ੍ਰੰਤੂ ਕੋਈ ਕਾਮਯਾਬ ਨਹੀਂ ਹੋਇਆ| ਕਾਮਯਾਬੀ ਸਿਰਫ਼ ਸਰਕਾਰੀ ਸਕੂਲ ਨੂੰ ਮਿਲੀ ਜਾਂ ਇਸ ਸਕੂਲ ਚੋਂ ਪੜ੍ਹ ਕੇ ਨਿਕਲੇ ਵਿਦਿਆਰਥੀਆਂ ਨੂੰ|
No comments:
Post a Comment