Saturday, July 16, 2022

                                                        ਸਰਕਾਰੀ ਢਿੱਲ ਮੱਠ
                                 ਪੰਦਰਾਂ ਹਜ਼ਾਰ ਨੌਕਰੀਆਂ ਦਾ ਪੇਚ ਫਸਿਆ
                                                          ਚਰਨਜੀਤ ਭੁੱਲਰ      

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ 26 ਹਜ਼ਾਰ ਨੌਕਰੀਆਂ ਦੇਣ ਦੇ ਮਾਮਲੇ 'ਚ ਨਵਾਂ ਪੇਚ ਫਸ ਗਿਆ ਹੈ | ਨੌਕਰਸ਼ਾਹੀ ਦੀ ਢਿੱਲ ਮੱਠ ਕਰਕੇ 15 ਹਜ਼ਾਰ ਨਵੀਆਂ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ ਹੈ | ਹੁਣ ਤੱਕ 10,825 ਅਸਾਮੀਆਂ ਦੀ ਭਰਤੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਅਹੁਦੇ ਦੀ ਸਹੁੰ ਚੁੱਕਣ ਮਗਰੋਂ ਪਹਿਲੀ ਕੈਬਨਿਟ ਮੀਟਿੰਗ ਵਿਚ 26 ਹਜ਼ਾਰ ਨਵੀਆਂ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ | ਮਈ ਦੇ ਪਹਿਲੇ ਹਫਤੇ ਕੈਬਨਿਟ ਮੀਟਿੰਗ ਵਿਚ 26,454 ਨੌਕਰੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਨੂੰ ਹਰੀ ਝੰਡੀ ਦਿੱਤੀ ਗਈ ਸੀ | 

           'ਆਪ' ਸਰਕਾਰ ਵੱਲੋਂ ਪਹਿਲੇ ਵਰ੍ਹੇ 'ਚ ਹੀ ਏਨੀਆਂ ਅਸਾਮੀਆਂ ਕੱਢਣ ਦਾ ਸਿਆਸੀ ਲਾਹਾ ਵੀ ਲਿਆ ਜਾ ਰਿਹਾ ਹੈ ਪ੍ਰੰਤੂ ਜ਼ਮੀਨੀ ਹਕੀਕਤ 'ਤੇ ਨਜ਼ਰ ਮਾਰੀਏ ਤਾਂ ਹਾਲੇ ਕਈ ਅੜਚਣਾਂ ਨੇ ਨਵੀਆਂ ਨੌਕਰੀਆਂ ਦੇ ਰਾਹ ਰੋਕੇ ਹੋਏ ਹਨ | ਅਗਰ ਇਨ੍ਹਾਂ ਵਿਭਾਗੀ ਤੇ ਤਕਨੀਕੀ ਨੁਕਤਿਆਂ ਨੂੰ ਵੇਲੇ ਸਿਰ ਨਾ ਦੂਰ ਕੀਤਾ ਗਿਆ ਤਾਂ ਸਰਕਾਰ ਲਈ ਪਹਿਲੇ ਵਰ੍ਹੇ 'ਚ ਕੀਤੇ ਵਾਅਦੇ ਮੁਤਾਬਿਕ ਨੌਕਰੀਆਂ ਦੇਣ ਦਾ ਟੀਚਾ ਪੂਰਾ ਕਰਨ ਵਿਚ ਮੁਸ਼ਕਲ ਆ ਸਕਦੀ ਹੈ | ਪੰਜਾਬ ਸਰਕਾਰ ਵੱਲੋਂ ਹੁਣ ਜੋ ਇਸ ਸੰਦਰਭ ਵਿਚ ਅਪਡੇਟ ਲਈ ਗਈ ਹੈ, ਉਸ 'ਚ ਇਹ ਤੱਥ ਉਭਰੇ ਹਨ |

 ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਦੇ ਦੋ ਦਰਜਨ ਵਿਭਾਗਾਂ ਵਿਚ 26,454 ਨੌਕਰੀਆਂ ਦੇਣ ਦਾ ਟੀਚਾ ਰੱਖਿਆ ਗਿਆ ਹੈ ਜਿਨ੍ਹਾਂ ਚੋਂ 15011 ਅਸਾਮੀਆਂ 'ਤੇ ਭਰਤੀ ਪ੍ਰਕਿਰਿਆ ਦਾ ਕੰਮ ਰੁਕਿਆ ਪਿਆ ਹੈ | ਅੱਧੀ ਦਰਜਨ ਸਰਕਾਰੀ ਵਿਭਾਗਾਂ ਵੱਲੋਂ ਹਾਲੇ ਤੱਕ ਰੂਲ ਹੀ ਨਹੀਂ ਬਣਾਏ ਗਏ ਹਨ ਜਿਸ ਕਰਕੇ ਇਨ੍ਹਾਂ ਅਸਾਮੀਆਂ ਦੇ ਇਸ਼ਤਿਹਾਰ ਪ੍ਰਕਾਸ਼ਿਤ ਨਹੀਂ ਹੋ ਸਕੇ ਹਨ | ਸਭ ਤੋਂ ਪਹਿਲੇ ਨੰਬਰ 'ਤੇ ਸਕੂਲ ਸਿੱਖਿਆ ਵਿਭਾਗ ਹੈ ਜਿਸ 'ਚ 5994 ਨੌਕਰੀਆਂ ਦਾ ਕੰਮ ਸਿਰਫ਼ ਰੂਲ ਨਾ ਬਣਾਏ ਜਾਣ ਕਰਕੇ ਰੁਕਿਆ ਪਿਆ ਹੈ | 

        ਸਿਹਤ ਵਿਭਾਗ ਵਿਚ ਵੀ 2187 ਅਸਾਮੀਆਂ 'ਤੇ ਭਰਤੀ ਦਾ ਕੰਮ ਰੂਲ ਨਾ ਬਣਨ ਕਰਕੇ ਰੁਕ ਗਿਆ ਹੈ | ਇਸੇ ਤਰ੍ਹਾਂ ਖੇਤੀ ਮਹਿਕਮੇ ਵਿਚ 80 ਅਸਾਮੀਆਂ, ਮੈਡੀਕਲ ਸਿੱਖਿਆ ਵਿਚ 45 ਅਸਾਮੀਆਂ , ਜਲ ਸਰੋਤ ਵਿਭਾਗ ਵਿਚ 42 ਅਸਾਮੀਆਂ ਅਤੇ ਪਲੈਨਿੰਗ ਵਿਭਾਗ ਵਿਚ 16 ਅਸਾਮੀਆਂ ਦਾ ਕੰਮ ਰੂਲਜ਼ ਨਾ ਬਣਨ ਕਰਕੇ ਅੱਗੇ ਨਹੀਂ ਵੱਧ ਸਕਿਆ ਹੈ | ਇਸੇ ਤਰ੍ਹਾਂ ਪੁਲੀਸ ਵਿਭਾਗ ਵਿਚ 2819 ਸਬ ਇੰਸਪੈਕਟਰਾਂ ਅਤੇ ਸਿਪਾਹੀਆਂ ਦੀ ਭਰਤੀ ਦਾ ਇਸ਼ਤਿਹਾਰ 31 ਅਗਸਤ ਮਗਰੋਂ ਦਿੱਤਾ ਜਾਣਾ ਹੈ | 

ਵਿੱਤ ਵਿਭਾਗ ਵੀ 446 ਅਸਾਮੀਆਂ ਦੀ ਭਰਤੀ ਲਈ ਅੱਗੇ ਕਦਮ ਨਹੀਂ ਵਧਾ ਸਕਿਆ ਹੈ ਜਦੋਂ ਕਿ ਉਚੇਰੀ ਸਿੱਖਿਆ ਵਿਭਾਗ ਵਿਚ ਵੀ 74 ਅਸਾਮੀਆਂ ਰੂਲਜ ਨਾ ਬਣਨ ਕਰਕੇ ਪ੍ਰਕਾਸ਼ਿਤ ਨਹੀਂ ਹੋ ਸਕੀਆਂ ਹਨ | ਤਕਨੀਕੀ ਸਿੱਖਿਆ ਵਿਭਾਗ ਵਿਚ ਵੀ 844 ਅਸਾਮੀਆਂ ਦਾ ਕੰਮ ਰੁਕਿਆ ਪਿਆ ਹੈ | ਬੇਸ਼ੱਕ ਪੰਜਾਬ ਸਰਕਾਰ ਨੇ ਤਾਂ ਨਵੀਂ ਭਰਤੀ ਦਾ ਐਲਾਨ ਕਰ ਦਿੱਤਾ ਪ੍ਰੰਤੂ ਇਨ੍ਹਾਂ ਵਿਭਾਗਾਂ ਵਿਚ ਤਕਨੀਕੀ ਮਸਲਿਆਂ ਨੂੰ ਹੱਲ ਕਰਨ ਵਾਸਤੇ ਅਫ਼ਸਰਸ਼ਾਹੀ ਨੇ ਹਾਲੇ ਤੱਕ ਆਪਣੀ ਸੁਸਤੀ ਨਹੀਂ ਭੰਨੀ ਹੈ | ਬੇਰੁਜ਼ਗਾਰ ਨੌਜਵਾਨ ਦੀ ਟੇਕ ਅਸਾਮੀਆਂ ਲਈ ਪ੍ਰਕਾਸ਼ਿਤ ਹੋਣ ਵਾਲੇ ਨਵੇਂ ਇਸ਼ਤਿਹਾਰਾਂ 'ਤੇ ਹੈ | 'ਆਪ' ਸਰਕਾਰ ਨੇ ਵੇਲੇ ਸਿਰ ਅੜਿੱਕੇ ਨਾ ਦੂਰ ਕੀਤੇ ਤਾਂ ਵਿਰੋਧੀ ਧਿਰਾਂ ਇਸ ਮਾਮਲੇ 'ਤੇ ਸਰਕਾਰ ਨੂੰ ਮੁੜ ਘੇਰ ਸਕਦੀਆਂ ਹਨ | 


No comments:

Post a Comment