ਕੈਬਨਿਟ ਵਾਧਾ
ਪੰਜ ਨਵੇਂ ਵਜ਼ੀਰ ਲੈਣਗੇ ਹਲਫ਼
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ 'ਚ ਨਵੇਂ ਵਿਸਥਾਰ ਨੂੰ ਅੱਜ ਅੰਤਿਮ ਛੋਹਾਂ ਦੇ ਦਿੱਤੀਆਂ ਗਈਆਂ ਹਨ | ਅਗਲੇ ਹਫਤੇ ਸੋਮਵਾਰ ਨੂੰ ਨਵੇਂ ਵਜ਼ੀਰਾਂ ਨੂੰ ਹਲਫ਼ ਦਿਵਾਏ ਜਾਣ ਦੀ ਸੰਭਾਵਨਾ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ 'ਚ ਸ਼ਾਮਿਲ ਕੀਤੇ ਜਾਣ ਵਾਲੇ ਨਵੇਂ ਮੰਤਰੀਆਂ ਬਾਰੇ ਅੱਜ ਦਿੱਲੀ ਵਿਚ 'ਆਪ' ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਵਿਚਾਰ ਚਰਚਾ ਕਰ ਲਈ ਹੈ | ਸੂਤਰਾਂ ਅਨੁਸਾਰ ਕਰੀਬ ਢਾਈ ਘੰਟੇ ਚੱਲੀ ਮੀਟਿੰਗ ਵਿਚ ਨਵੇਂ ਵਜ਼ੀਰਾਂ ਦੀ ਚੋਣ ਅਤੇ ਕੁਝ ਵਜ਼ੀਰਾਂ ਦੇ ਵਿਭਾਗਾਂ ਵਿਚ ਫੇਰਬਦਲ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ | ਅਹਿਮ ਸੂਤਰਾਂ ਅਨੁਸਾਰ ਨਵੇਂ ਮੰਤਰੀਆਂ ਨੂੰ ਸਹੁੰ ਐਤਵਾਰ ਜਾਂ ਸੋਮਵਾਰ ਚੁਕਾਏ ਜਾਣ ਦੀ ਸੰਭਾਵਨਾ ਹੈ | ਪਹਿਲੇ ਗੇੜ 'ਚ ਕੈਬਨਿਟ ਵਿਚ 10 ਮੰਤਰੀ ਸ਼ਾਮਿਲ ਕੀਤੇ ਗਏ ਸਨ ਜਿਨ੍ਹਾਂ ਚੋਂ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਕੁਰੱਪਸ਼ਨ ਦੇ ਮਾਮਲੇ ਵਿਚ ਬਰਖਾਸਤ ਕਰ ਦਿੱਤਾ ਗਿਆ ਸੀ |
ਇਸ ਵੇਲੇ ਮੁੱਖ ਮੰਤਰੀ ਤੋਂ ਇਲਾਵਾ ਵਜ਼ਾਰਤ ਵਿਚ 9 ਮੰਤਰੀ ਸ਼ਾਮਿਲ ਹਨ | ਸੂਤਰਾਂ ਅਨੁਸਾਰ ਦੂਸਰੇ ਗੇੜ ਵਿਚ ਚਾਰ ਜਾਂ ਪੰਜ ਵਜ਼ੀਰਾਂ ਨੂੰ ਸਹੁੰ ਚੁਕਾਈ ਜਾਣੀ ਹੈ ਜਿਨ੍ਹਾਂ ਵਿਚ ਇੱਕ ਮਹਿਲਾ ਵਿਧਾਇਕ ਨੂੰ ਵੀ ਮੰਤਰੀ ਵਜੋਂ ਸ਼ਾਮਿਲ ਕੀਤਾ ਜਾ ਸਕਦਾ ਹੈ | ਮਹਿਲਾ ਵਿਧਾਇਕਾਂ ਚੋਂ ਰਾਜਪੁਰਾ ਤੋਂ ਵਿਧਾਇਕਾ ਨੀਨਾ ਮਿੱਤਲ, ਖਰੜ ਤੋਂ ਅਨਮੋਲ ਗਗਨ ਮਾਨ ਅਤੇ ਇੰਦਰਜੀਤ ਕੌਰ ਨੂੰ ਵਜਾਰਤ ਵਿਚ ਸ਼ਾਮਿਲ ਕੀਤੇ ਜਾਣ ਦੀ ਚਰਚਾ ਹੈ | ਸੂਤਰਾਂ ਮੁਤਾਬਿਕ ਇੱਕ ਵਜੀਰੀ ਦੂਸਰੀ ਦਫਾ ਬਣੇ ਵਿਧਾਇਕਾਂ ਚੋਂ ਦਿੱਤੇ ਜਾਣ ਦੀ ਸੰਭਾਵਨਾ ਹੈ ਜਿਨ੍ਹਾਂ 'ਚ ਅਮਨ ਅਰੋੜਾ ਅਤੇ ਪਿ੍ੰਸੀਪਲ ਬੁੱਧ ਰਾਮ ਦਾ ਨਾਮ ਸਿਖ਼ਰ 'ਤੇ ਦੱਸਿਆ ਜਾ ਰਿਹਾ ਹੈ | ਵਜ਼ਾਰਤ ਵਿਚ ਇੱਕ ਚਿਹਰਾ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਤੇ ਫਾਜਿਲ਼ਕਾ ਚੋਂ ਸ਼ਾਮਿਲ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਖਾਸ ਕਰਕੇ ਕੈਬਨਿਟ ਵਿਚ ਰਾਏ ਸਿੱਖ ਬਰਾਦਰੀ ਨੂੰ ਪ੍ਰਤੀਨਿਧਤਾ ਦਿੱਤੀ ਜਾ ਸਕਦੀ ਹੈ |
ਪੰਜਾਬ ਦੇ ਕਰੀਬ ਇੱਕ ਦਰਜਨ ਵਿਧਾਨ ਸਭਾ ਹਲਕਿਆਂ ਵਿਚ ਰਾਏ ਸਿੱਖ ਭਾਈਚਾਰੇ ਦਾ ਵੋਟ ਬੈਂਕ ਹੈ ਜਿਸ ਦੇ ਮੱਦੇਨਜ਼ਰ 'ਆਪ' ਵੱਲੋਂ ਰਾਏ ਸਿੱਖ ਬਰਾਦਰੀ ਚੋਂ ਵੀ ਇੱਕ ਚਿਹਰਾ ਲਿਆ ਜਾ ਸਕਦਾ ਹੈ | ਸਭ ਤੋਂ ਵੱਧ ਰਾਏ ਸਿੱਖ ਭਾਈਚਾਰਾ ਗੁਰੂ ਹਰਸਹਾਏ, ਫਾਜ਼ਿਲਕਾ ਅਤੇ ਜਲਾਲਾਬਾਦ ਵਿਚ ਹੈ | ਅਗਰ ਰਾਏ ਸਿੱਖ ਭਾਈਚਾਰੇ ਚੋਂ ਇੱਕ ਵਜ਼ੀਰ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਗੁਰੂ ਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਰੀ ਜਾਂ ਫਾਜਿਲ਼ਕਾ ਤੋਂ ਵਿਧਾਇਕ ਨਰਿੰਦਰ ਸਿੰਘ ਸਵਨਾ ਦੀ ਕਿਸਮਤ ਜਾਗ ਸਕਦੀ ਹੈ | ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹੇ ਚੋਂ ਵੀ ਇੱਕ ਵਿਧਾਇਕ ਨੂੰ ਵਜ਼ੀਰ ਵਜੋਂ ਸ਼ਾਮਿਲ ਕੀਤਾ ਜਾ ਸਕਦਾ ਹੈ | ਲੁਧਿਆਣਾ ਜ਼ਿਲ੍ਹੇ ਵਿਚ 14 ਵਿਧਾਨ ਸਭਾ ਹਲਕੇ ਪੈਂਦੇ ਹਨ ਜਿਨ੍ਹਾਂ ਚੋਂ ਦਿਹਾਤੀ ਹਲਕੇ ਦੇ ਕਿਸੇ ਵਿਧਾਇਕ ਨੂੰ ਮੌਕਾ ਮਿਲ ਸਕਦਾ ਹੈ |
ਪਟਿਆਲਾ ਜ਼ਿਲ੍ਹੇ ਚੋਂ ਅਜੀਤਪਾਲ ਸਿੰਘ ਕੋਹਲੀ, ਚੇਤਨ ਸਿੰਘ ਜੌੜਮਾਜਰਾ ਅਤੇ ਹਰਮੀਤ ਸਿੰਘ ਪਠਾਣਮਾਜਰਾ ਚੋਂ ਇੱਕ ਨੂੰ ਵਜ਼ੀਰ ਬਣਾਏ ਜਾਣ ਦੇ ਚਰਚੇ ਚੱਲ ਰਹੇ ਹਨ | ਮਾਝੇ ਚੋਂ ਅੰਮਿ੍ਤਸਰ ਸ਼ਹਿਰ ਦੇ ਪੰਜ ਹਲਕਿਆਂ ਚੋਂ ਕਿਸੇ ਇੱਕ ਹਲਕੇ ਨੂੰ ਵਜਾਰਤ ਵਿਚ ਪ੍ਰਤੀਨਿਧਤਾ ਦਿੱਤੀ ਜਾ ਸਕਦੀ ਹੈ | ਸੂਤਰਾਂ ਅਨੁਸਾਰ ਅੰਮਿ੍ਤਸਰ ਸ਼ਹਿਰੀ ਹਲਕਿਆਂ ਚੋਂ ਤਿੰਨ ਡਾਕਟਰ ਜਿੱਤੇ ਹਨ ਜਿਨ੍ਹਾਂ ਚੋੋਂ ਇੱਕ ਨੂੰ ਵਜ਼ਾਰਤ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ | ਦੱਖਣੀ ਹਲਕੇ ਤੋਂ ਡਾ. ਇੰਦਰਬੀਰ ਸਿੰਘ ਨਿੱਝਰ, ਕੇਂਦਰੀ ਹਲਕੇ ਤੋਂ ਅਜੇ ਗੁਪਤਾ ਅਤੇ ਪੱਛਮੀ ਹਲਕੇ ਤੋਂ ਡਾ. ਜਸਬੀਰ ਸਿੰਘ 'ਆਪ' ਦੇ ਵਿਧਾਇਕ ਹਨ ਅਤੇ ਇਨ੍ਹਾਂ ਤਿੰਨੋਂ ਚੋਂ ਇੱਕ ਦੀ ਝੋਲੀ ਵਜ਼ੀਰੀ ਪੈੈਣ ਦੀ ਸੰਭਾਵਨਾ ਹੈ |
ਤਿੰਨ ਵਜ਼ੀਰਾਂ ਦੇ ਵਿਭਾਗਾਂ 'ਚ ਫੇਰਬਦਲ
ਅਹਿਮ ਸੂਤਰਾਂ ਅਨੁਸਾਰ ਤਿੰਨ ਮੌਜੂਦਾ ਵਜ਼ੀਰਾਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਹਨ | ਇਸ ਵੇਲੇ ਮੁੱਖ ਮੰਤਰੀ ਕੋਲ ਕਈ ਵਿਭਾਗ ਹਨ | ਨਵੇਂ ਵਜ਼ੀਰਾਂ ਨੂੰ ਵੀ ਮੁੱਖ ਮੰਤਰੀ ਆਪਣੇ ਵਿਭਾਗਾਂ ਚੋਂ ਮਹਿਕਮਾ ਦੇ ਸਕਦੇ ਹਨ | ਇਸੇ ਤਰ੍ਹਾਂ ਤਿੰਨ ਮੌਜੂਦਾ ਵਜ਼ੀਰਾਂ ਦੇ ਵਿਭਾਗਾਂ ਵਿਚ ਫੇਰਬਦਲ ਹੋਣ ਦੀ ਸੰਭਾਵਨਾ ਹੈ | ਪਤਾ ਲੱਗਾ ਹੈ ਕਿ 'ਆਪ' ਵੱਲੋਂ ਮੌਜੂਦਾ ਕਿਸੇ ਵੀ ਵਜ਼ੀਰ ਦੀ ਛਾਂਟੀ ਨਹੀਂ ਕੀਤੀ ਜਾ ਰਹੀ ਹੈ |
No comments:
Post a Comment