ਜੰਤਰ ਮੰਤਰ
ਧਰਨਾ ਅਕਾਲੀ ਦਲ ਦਾ, ਸੇਵਾਦਾਰ ਸ਼੍ਰੋਮਣੀ ਕਮੇਟੀ ਦੇ
ਚਰਨਜੀਤ ਭੁੱਲਰ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਦਿੱਲੀ ਦੇ ਜੰਤਰ-ਮੰਤਰ ’ਤੇ ਲਾਏ ਧਰਨੇ ਦੇ ਇਕੱਠ ਨੂੰ ਭਰਵਾਂ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਂਕੜੇ ਮੁਲਾਜ਼ਮਾਂ ਨੇ ਉੱਥੇ ਹਾਜ਼ਰੀ ਭਰੀ| ਪੰਜਾਬ ਭਰ ਦੇ ਕਾਫ਼ੀ ਗੁਰੂ ਘਰਾਂ ’ਚੋਂ ਸੇਵਾਦਾਰ ਅਤੇ ਬਾਕੀ ਮੁਲਾਜ਼ਮਾਂ ਨੇ ਜੰਤਰ ਮੰਤਰ ’ਤੇ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਧਰਨੇ ਦੀ ਸੋਭਾ ਵਧਾਈ| ਹਾਲਾਂਕਿ ਇਹ ਧਰਨਾ ਨਿਰੋਲ ਸਿਆਸੀ ਪਾਰਟੀ ਦਾ ਸੀ ਪਰ ਧਾਰਮਿਕ ਜਥੇਬੰਦੀ ਦੇ ਮੁਲਾਜ਼ਮਾਂ ਦੀ ਡਿਊਟੀ ਲਗਾਏ ਜਾਣ ਤੋਂ ਚਰਚਾ ਛਿੜ ਗਈ ਹੈ| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵੱਲੋਂ 19 ਜੁਲਾਈ ਨੂੰ ਪੱਤਰ ਨੰਬਰ-846 ਤਹਿਤ ਦਿੱਲੀ ਦੇ ਜੰਤਰ ਮੰਤਰ ਧਰਨੇ ਵਿਚ ਸ਼੍ਰੋਮਣੀ ਕਮੇਟੀ ਦੇ 227 ਮੁਲਾਜ਼ਮਾਂ ਨੂੰ ਪੁੱਜਣ ਲਈ ਲਿਖਤੀ ਹੁਕਮ ਜਾਰੀ ਕੀਤੇ ਗਏ ਸਨ| ਇਨ੍ਹਾਂ ’ਚ ਅੰਮ੍ਰਿਤਸਰ ਤੇ ਤਰਨ ਤਾਰਨ ਦੇ ਗੁਰੂ ਘਰਾਂ ਦੇ 35 ਮੁਲਾਜ਼ਮ ਵੀ ਸ਼ਾਮਲ ਸਨ| ਇਹ ਪੱਤਰ ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਹੈ।
ਹੁਕਮਾਂ ਵਿੱਚ ਲਿਖਿਆ ਗਿਆ ਕਿ ਇਹ ਮੁਲਾਜ਼ਮ ਦਿੱਲੀ ਸਿੱਖ ਮਿਸ਼ਨ ਵਿਖੇ ਪ੍ਰਬੰਧ ਵਿਚ ਸਹਾਇਤਾ ਕਰਨਗੇ, ਪਰ ਅੱਜ ਇਹ ਮੁਲਾਜ਼ਮ ਜੰਤਰ ਮੰਤਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਧਰਨੇ ਵਿੱਚ ਬੈਠੇ ਹੋਏ ਸਨ| ਸੂਤਰ ਦੱਸਦੇ ਹਨ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਜੰਤਰ ਮੰਤਰ ਦੇ ਧਰਨੇ ਵਿੱਚ ਲਿਜਾਣ ਵਾਸਤੇ ਗੱਡੀਆਂ ਵੀ ਸ਼੍ਰੋਮਣੀ ਕਮੇਟੀ ਦੀਆਂ ਵਰਤੀਆਂ ਗਈਆਂ ਹਨ| ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਨੇ ਦੱਸਿਆ ਕਿ ਅੱਜ ਜੰਤਰ ਮੰਤਰ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ‘ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਧਰਨਾ ਲਾਇਆ ਗਿਆ ਸੀ। ਇਸੇ ਕਰਕੇ ਕਮੇਟੀ ਦੇ ਮੁਲਾਜ਼ਮ ਦਿੱਲੀ ਭੇਜੇ ਗਏ ਸਨ ਜੋ ਧਰਨਾ ਸਮਾਪਤੀ ਮਗਰੋਂ ਵਾਪਸ ਆ ਰਹੇ ਹਨ| ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ 11 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ|
ਦੂਸਰੇ ਪਾਸੇ ਸ਼੍ਰੋੋਮਣੀ ਅਕਾਲੀ ਦਲ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ’ਤੇ ਨਜ਼ਰ ਮਾਰੀਏ ਤਾਂ ਸਪਸ਼ਟ ਤੌਰ ’ਤੇ ਲਿਖਿਆ ਗਿਆ ਹੈ ਕਿ ਇਹ ਧਰਨਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਇਆ ਗਿਆ ਹੈ| ਇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਹੈ| ਹਾਲਾਂਕਿ ਬੁਲਾਰਿਆਂ ਦੀ ਸੂਚੀ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਂ ਤਾਂ ਲਿਖਿਆ ਗਿਆ ਹੈ ਪਰ ਉਨ੍ਹਾਂ ਦੇ ਨਾਮ ਨਾਲ ਵੀ ਕਿਤੇ ਕਮੇਟੀ ਪ੍ਰਧਾਨ ਨਹੀਂ ਜੋੜਿਆ ਗਿਆ। ਇਸ ਪ੍ਰੈੱਸ ਰਿਲੀਜ਼ ਵਿੱਚ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਜਾਗੋ ਪਾਰਟੀ ਦੇ ਮਨਜੀਤ ਸਿੰਘ ਜੀਕੇ ਦਾ ਨਾਮ ਉਚੇਚੇ ਤੌਰ ’ਤੇ ਲਿਖਿਆ ਹੋਇਆ ਸੀ।
ਸ਼੍ਰੋਮਣੀ ਕਮੇਟੀ ਦੇ ਸਰਮਾਏ ਦੀ ਵਰਤੋਂ ਗਲਤ: ਗੁਰਦੀਪ ਸਿੰਘ
ਇਸ ਸਬੰਧੀ ਯੂਨਾਈਟਿਡ ਅਕਾਲੀ ਦਲ ਦੇ ਚੇਅਰਮੈਨ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਅਸਲ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਆਪਣੀ ਸਾਖ ਨੂੰ ਸ਼੍ਰੋਮਣੀ ਕਮੇਟੀ ਰਾਹੀਂ ਬਚਾਉਣਾ ਚਾਹੁੰਦੇ ਹਨ, ਪਰ ਸੁਖਬੀਰ ਬਾਦਲ ਆਪਣੀਆਂ ਗ਼ਲਤੀਆਂ ਨਾਲ ਆਪਣਾ ਅਕਸ ਗੁਆ ਬੈਠੇ ਹਨ ਤੇ ਰਾਜਸੀ ਤੌਰ ‘ਤੇ ਖ਼ਤਮ ਹੋ ਚੁੱਕੇ ਹਨ| ਉਨ੍ਹਾਂ ਕਿਹਾ ਕਿ ਸਿਆਸੀ ਧਰਨਿਆਂ ਲਈ ਸ਼੍ਰੋਮਣੀ ਕਮੇਟੀ ਦਾ ਸਰਮਾਇਆ ਵਰਤਣਾ ਬਿਲਕੁਲ ਗ਼ਲਤ ਹੈ| ਉਨ੍ਹਾਂ ਕਿਹਾ ਕਿ ਜਦੋਂ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਦੇ ਸਨ ਤਾਂ ਉਦੋਂ ਗੱਠਜੋੜ ਸਰਕਾਰ ਸੰਘਰਸ਼ੀ ਲੋਕਾਂ ਨੂੰ ਫੜ ਕੇ ਜੇਲ੍ਹਾਂ ਵਿਚ ਬੰਦ ਕਰ ਦਿੰਦੀ ਸੀ|
No comments:
Post a Comment