ਖੇਤਾਂ ਦਾ ਰੋਸਾ
ਜ਼ਿੰਦਗੀ 'ਚ ਕੋਈ 'ਬਦਲਾਅ' ਨਹੀਂ..
ਚਰਨਜੀਤ ਭੁੱਲਰ
ਚੰਡੀਗੜ੍ਹ : ਬਠਿੰਡਾ ਦੇ ਪਿੰਡ ਰਾਮਗੜ੍ਹ ਭੂੰਦੜ ਦੇ ਕਿਸਾਨ ਜਗਮੋਹਨ ਸਿੰਘ ਦੀ ਜ਼ਿੰਦਗੀ ’ਚ ਕੋਈ ‘ਬਦਲਾਅ’ ਨਹੀਂ ਆਇਆ ਹੈ। ਹਕੂਮਤਾਂ ’ਚ ਫੇਰਬਦਲ ਤਾਂ ਹੋਇਆ ਪ੍ਰੰਤੂ ਇਸ ਕਿਸਾਨ ਦੇ ਦਿਨ ਨਹੀਂ ਬਦਲੇ। ‘ਬਦਲਾਅ’ ਦਾ ਨਾਅਰਾ ਦੇਣ ਵਾਲੀ ‘ਆਪ’’ ਸਰਕਾਰ ਦੇ ਰਾਜ ਭਾਗ ’ਚ ਵੀ ਉਸ ਨੂੰ ਆਪਣੀ ਫ਼ਸਲ ਵਾਹੁਣ ਲਈ ਮਜਬੂਰ ਹੋਣਾ ਪਿਆ ਹੈ। ਚਿੱਟੀ ਮੱਖੀ ਦਾ ਇੰਨਾ ਭਿਆਨਕ ਹੱਲਾ ਹੈ ਕਿ ਉਸ ਨੇ ਕੁੱਝ ਪੱਲੇ ਨਾ ਪੈਂਦਾ ਦੇਖ ਆਪਣੀ ਤਿੰਨ ਏਕੜ ਫ਼ਸਲ ਵਾਹ ਦਿੱਤੀ। ਜਦੋਂ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਤਾਂ ਉਦੋਂ ਗੁਲਾਬੀ ਸੁੰਡੀ ਦੇ ਹਮਲੇ ਕਰਕੇ ਉਸ ਨੂੰ ਆਪਣੀ ਜ਼ਮੀਨ ਵਾਹੁਣੀ ਪਈ ਸੀ। ਉਸ ਤੋਂ ਪਹਿਲਾਂ ਜਦੋਂ ਅਕਾਲੀ-ਭਾਜਪਾ ਗੱਠਜੋੜ ਸਰਕਾਰ ਸੀ ਤਾਂ 2015 ਵਿਚ ਚਿੱਟੀ ਮੱਖੀ ਨੇ ਫ਼ਸਲ ਹੀ ਰਾਖ ਕਰ ਦਿੱਤੀ ਸੀ।
ਜਗਮੋਹਨ ਸਿੰਘ ਆਖਦਾ ਹੈ ਕਿ ਸਿਰ ’ਤੇ ਦਸ ਲੱਖ ਦਾ ਕਰਜ਼ਾ ਹੈ ਅਤੇ ਹੁਣ ਚਿੱਟੀ ਮੱਖੀ ਦੇ ਹਮਲੇ ਕਾਰਨ ਫ਼ਸਲ ਵਾਹੁਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਉਹ ਆਖਦਾ ਹੈ ਕਿ ਅਸਲ ‘ਬਦਲਾਅ’ ਉਦੋਂ ਹੀ ਸਮਝਾਂਗੇ ਜਦੋਂ ਕਿਸਾਨਾਂ ਨੂੰ ਚੰਗੇ ਬੀਜ ਅਤੇ ਕੀਟਨਾਸ਼ਕ ਮਿਲਣਗੇ। ਇਸ ਪਿੰਡ ਵਿਚ ਕਿਸਾਨਾਂ ਨੇ 50 ਏਕੜ ਦੇ ਕਰੀਬ ਨਰਮਾ ਵਾਹ ਦਿੱਤਾ ਹੈ।ਪੰਜਾਬ ਵਿਚ ਐਤਕੀਂ 6.25 ਲੱਖ ਏਕੜ ਰਕਬੇ ਵਿਚ ਨਰਮੇ ਦੀ ਬਿਜਾਂਦ ਹੈ। ਰਕਬੇ ਵਿਚ ਹੋ ਰਹੀ ਕਟੌਤੀ ਫ਼ਸਲੀ ਵਿਭਿੰਨਤਾ ਦਾ ਮੂੰਹ ਚਿੜਾ ਰਹੀ ਹੈ। ਸੰਗਤ ਬਲਾਕ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੇ ਕਿਸਾਨ ਧਰਮਪਾਲ ਨੇ ਅੱਜ ਇੱਕ ਏਕੜ ਫ਼ਸਲ ਵਾਹ ਦਿੱਤੀ ਸੀ ਪਰ ਖੇਤੀ ਅਫ਼ਸਰਾਂ ਨੇ ਉਸ ਨੂੰ ਰੋਕ ਦਿੱਤਾ।
ਧਰਮਪਾਲ ਨੇ ਕਾਂਗਰਸ ਦੇ ਰਾਜ ਸਮੇਂ ਪਿਛਲੇ ਵਰ੍ਹੇ ਗੁਲਾਬੀ ਸੁੰਡੀ ਪੈਣ ਕਰਕੇ 4 ਏਕੜ ਅਤੇ ਅਕਾਲੀਆਂ ਦੇ ਰਾਜ ’ਚ 2015 ਵਿਚ ਚਿੱਟੀ ਮੱਖੀ ਦੀ ਮਾਰ ਪੈਣ ਕਰਕੇ ਅੱਠ ਏਕੜ ਫ਼ਸਲ ਵਾਹੀ ਸੀ। ਉਸ ਨੇ ਦੱਸਿਆ ਕਿ ਪ੍ਰਤੀ ਏਕੜ 20 ਹਜ਼ਾਰ ਰੁਪਏ ਦਾ ਖਰਚਾ ਹੋ ਚੁੱਕਾ ਹੈ ਅਤੇ ਫ਼ਸਲ ਦੀ ਤਬਾਹੀ ਮਾੜੇ ਭਵਿੱਖ ਦਾ ਸੁਨੇਹਾ ਹੈ। ‘ਪੰਜਾਬ ਵਿਚ ਨਵੀਂ ਸਰਕਾਰ ਤਾਂ ਆ ਗਈ ਪ੍ਰੰਤੂ ਕਿਸਾਨਾਂ ਦੀ ਜ਼ਿੰਦਗੀ ਵਿਚ ਭਲੇ ਦਿਨ ਨਹੀਂ ਆਏ ਹਨ। ‘ਆਪ’ ਸਰਕਾਰ ਨੇ ਵੀ ਕਿਸਾਨਾਂ ਦੀ ਬਾਤ ਨਹੀਂ ਪੁੱਛੀ। ਕਿਸ ਦਾ ਚਿੱਤ ਕਰਦਾ ਹੈ ਕਿ ਪੁੱਤਾਂ ਵਾਂਗ ਪਾਲੀ ਫ਼ਸਲ ’ਤੇ ਹਲ ਚਲਾਵੇ। ਪਹਿਲਾਂ ਵਾਲਾ ਹਾਲ ਹੈ। ਕੀਟਨਾਸ਼ਕ ਵੀ ਬੇਅਸਰ ਹਨ।’ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਉਦੋਂ ਨਰਮਾ ਪੱਟੀ ਵਿਚ ਪੁੱਜੇ ਜਦੋਂ ਕਿਸਾਨਾਂ ਦੇ ਸਿਰੋਂ ਪਾਣੀ ਲੰਘ ਚੁੱਕਾ ਸੀ। ਮੰਤਰੀ ਨੇ ਹੁਣ ਪਿੰਡ-ਪਿੰਡ ਖੇਤੀ ਅਫ਼ਸਰ ਲਗਾਉਣ ਦੇ ਨਾਲ ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਕਰ ਦਿੱਤੀ ਹੈ।
ਮਾਨਸਾ ਦੇ ਪਿੰਡ ਗੋਬਿੰਦਪੁਰਾ ਦੇ ਕਿਸਾਨ ਗੁਰਤੇਜ ਸਿੰਘ ਨੂੰ ਵੀ ਇਹੋ ਕਦਮ ਚੁੱਕਣਾ ਪਿਆ ਹੈ। ਬੀਤੇ ਵਰ੍ਹਿਆਂ ’ਚ ਵੀ ਉਸ ਨੂੰ ਕਦੇ ਗੁਲਾਬੀ ਸੁੰਡੀ ਅਤੇ ਕਦੇ ਚਿੱਟੇ ਮੱਛਰ ਨੇ ਹੰਭਾਈ ਰੱਖਿਆ ਸੀ। ਕਿਸਾਨ ਆਗੂ ਮੇਜਰ ਸਿੰਘ ਗੋਬਿੰਦਪੁਰਾ ਨੇ ਕਿਹਾ ਕਿ ਦੋ ਹਫ਼ਤਿਆਂ ਤੋਂ ਚਿੱਟਾ ਮੱਛਰ ਤੇਜ਼ੀ ਨਾਲ ਫੈਲਿਆ ਹੈ ਅਤੇ ਕਿਸਾਨ ਖੇਤੀ ਅਫ਼ਸਰਾਂ ਦੀ ਰਾਹ ਤੱਕਦੇ ਰਹੇ। ਜਦੋਂ ਕੋਈ ਨਾ ਬਹੁੜਿਆ ਤਾਂ ਬਹੁਤੇ ਕਿਸਾਨਾਂ ਨੇ ਫ਼ਸਲ ਵਾਹ ਦਿੱਤੀ ਅਤੇ ਬਾਕੀ ਵੀ ਹੁਣ ਇਸੇ ਪਾਸੇ ਚੱਲਣਗੇ। ਦਿਆਲਪੁਰਾ ਦੇ ਕਿਸਾਨ ਜੱਗਾ ਸਿੰਘ ਕੋਲ ਵੀ ਕੋਈ ਚਾਰਾ ਨਹੀਂ ਬਚਿਆ ਹੈ। ਪਥਰਾਲਾ ਦੇ ਕਿਸਾਨ ਭੀਮ ਸੈਨ ਨੇ ਤਿੰਨ ਸਿਆਸੀ ਧਿਰਾਂ ਦੀ ਸਰਕਾਰ ਵੇਖ ਲਈ ਪਰ ਕਿਸੇ ਪਾਸਿਓਂ ਵੀ ਠੰਢਾ ਬੁੱਲ੍ਹਾ ਨਹੀਂ ਆਇਆ। ਉਸ ਨੇ ਅਕਾਲੀ ਹਕੂਮਤ ਦੌਰਾਨ 7 ਏਕੜ ਫ਼ਸਲ ਹੱਥੀਂ ਤਬਾਹ ਕੀਤੀ ਸੀ ਅਤੇ ਕਾਂਗਰਸ ਦੇ ਰਾਜ ਵਿਚ ਗੁਲਾਬੀ ਸੁੰਡੀ ਨੇ ਉਸ ਨੂੰ ਫ਼ਸਲ ਵਾਹੁਣ ਲਈ ਮਜਬੂਰ ਕਰ ਦਿੱਤਾ ਸੀ। ਹੁਣ ‘ਆਪ’ ਸਰਕਾਰ ’ਚ ਵੀ ਉਸ ਨੇ 7 ਏਕੜ ਫ਼ਸਲ ਹੱਥੀਂ ਪੁੱਟ ਦਿੱਤੀ ਹੈ।
ਕਿਸਾਨ ਆਖਦੇ ਹਨ ਕਿ ‘ਆਪ’ ਸਰਕਾਰ ਕਿਸਾਨਾਂ ਦੀ ਜ਼ਿੰਦਗੀ ਬਦਲੇ ਬਿਨਾਂ ਬਦਲਾਅ ਦੇ ਸੁਪਨੇ ਨੂੰ ਹਕੀਕਤ ਨਹੀਂ ਬਣਾ ਸਕਦੀ ਹੈ। ਸੰਗਤ, ਸਰਦੂਲਗੜ੍ਹ, ਤਲਵੰਡੀ ਸਾਬੋ, ਰਾਮਾਂ ਮੰਡੀ ਅਤੇ ਮਾਨਸਾ ਦੇ ਇਲਾਕੇ ਵਿਚ ਕਿਸਾਨ ਕਾਫ਼ੀ ਔਖ ਵਿਚ ਹਨ। ਬੀਕੇਯੂ ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪਿਛਲੇ ਵਰ੍ਹੇ ਗੁਲਾਬੀ ਸੁੰਡੀ ਨੇ ਫ਼ਸਲ ਤਬਾਹ ਕੀਤੀ ਸੀ। ਇਸ ਮਗਰੋਂ ਕਾਂਗਰਸ ਸਰਕਾਰ ਨੇ 450 ਕਰੋੜ ਦੇ ਮੁਆਵਜ਼ੇ ਦਾ ਐਲਾਨ ਕੀਤਾ ਸੀ ਜਿਸ ’ਚੋਂ ਮਜ਼ਦੂਰਾਂ ਨੂੰ ਹਾਲੇ ਤੱਕ ਮੁਆਵਜ਼ਾ ਰਾਸ਼ੀ ਨਹੀਂ ਮਿਲੀ ਹੈ। ਪਿਛਲਾ ਮੁਆਵਜ਼ਾ ਮਿਲਿਆ ਨਹੀਂ ਅਤੇ ਹੁਣ ਫਿਰ ਕਿਸਾਨਾਂ ਦੀ ਫ਼ਸਲ ਚਿੱਟੇ ਮੱਛਰ ਨੇ ਘੇਰ ਲਈ ਹੈ। ਉਨ੍ਹਾਂ ਕਿਹਾ ਕਿ ਚੰਗੇ ਬੀਜ ਅਤੇ ਕੀਟਨਾਸ਼ਕ ਹੀ ਕਿਸਾਨਾਂ ਨੂੰ ਮਿਲਣੇ ਮੁਸ਼ਕਲ ਹੋ ਗਏ ਹਨ। ਨਵੀਆਂ ਖੇਤੀ ਖੋਜਾਂ ਲਈ ਸਰਕਾਰਾਂ ਕੋਲ ਬਜਟ ਦੀ ਕਮੀ ਹੈ। ਉਸ ਦਾ ਕਹਿਣਾ ਸੀ ਕਿ ਮੁਆਵਜ਼ੇ ਦੀ ਵੰਡ ਦੇ ਮਸ਼ਹੂਰੀ ਬੋਰਡ ਤਾਂ ਸਭ ਨੇ ਲਾ ਦਿੱਤੇ ਪ੍ਰੰਤੂ ਪੂਰਾ ਮੁਆਵਜ਼ਾ ਹਾਲੇ ਵੰਡਿਆ ਨਹੀਂ। ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਆਖ ਚੁੱਕੇ ਹਨ ਕਿ ਕਰੀਬ 50 ਫ਼ੀਸਦੀ ਫ਼ਸਲ ਪ੍ਰਭਾਵਿਤ ਹੋਈ ਹੈ।
No comments:
Post a Comment