Saturday, October 14, 2017

                        ਕੈਪਟਨ ਸਾਹਬ !
              ਦੀਵਾਲੀ ਦੇ ਤੋਹਫੇ ਲਵੋਗੇ
                        ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਹਕੂਮਤ 'ਤੋਹਫਾ ਕਲਚਰ' ਖਤਮ ਕਰੇਗੀ ਜੋ ਦੀਵਾਲ਼ੀ ਦੇ ਤਿਉਹਾਰ ਮੌਕੇ ਜ਼ੋਰ ਫੜਦਾ ਹੈ। ਦਸ ਵਰਿ•ਆਂ ਮਗਰੋਂ ਅਮਰਿੰਦਰ ਸਰਕਾਰ ਨੂੰ ਐਤਕੀਂ ਹਕੂਮਤੀ ਦੀਵਾਲ਼ੀ ਮਨਾਉਣ ਦਾ ਮੌਕਾ ਮਿਲਿਆ ਹੈ। ਕੈਪਟਨ ਸਰਕਾਰ ਨੇ 'ਵੀਆਈਪੀ ਕਲਚਰ' ਖਤਮ ਕਰਨ ਲਈ ਕਦਮ ਉਠਾਏ ਹਨ। ਸੁਆਲ ਉੱਠਣ ਲੱਗੇ ਹਨ ਕਿ ਕੀ ਕੈਪਟਨ ਸਰਕਾਰ ਦੀਵਾਲ਼ੀ ਮੌਕੇ ਵੱਡੇ ਅਫਸਰਾਂ ਅਤੇ ਵਜ਼ੀਰਾਂ ਨੂੰ ਤਿਉਹਾਰਾਂ ਬਹਾਨੇ ਦਿੱਤੇ ਜਾਣ ਵਾਲੇ ਤੋਹਫ਼ਿਆਂ 'ਤੇ ਪਾਬੰਦੀ ਲਗਾਏਗੀ। ਪੰਜਾਬ ਸਰਕਾਰ ਤਰਫ਼ੋਂ ਇਸ ਵਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਅਤੇ ਨਾ ਹੀ ਕੋਈ ਪੱਤਰ ਜਾਰੀ ਕੀਤਾ ਗਿਆ ਹੈ। ਤਕਨੀਕੀ ਸਿੱਖਿਆ ਮੰਤਰੀ ਨੇ ਦੀਵਾਲ਼ੀ ਮੌਕੇ ਕੋਈ ਵੀ ਤੋਹਫ਼ਾ ਸਵੀਕਾਰ ਨਾ ਕਰਨ ਦਾ ਫੈਸਲਾ ਲਿਆ ਹੈ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਦੱਸਿਆ ਕਿ ਉਨ•ਾਂ ਨੇ ਜੁਬਾਨੀ ਹਦਾਇਤਾਂ ਜਾਰੀ ਕਰਕੇ ਪੂਰੇ ਮਹਿਕਮੇ ਵਿਚ ਸੁਨੇਹਾ ਲਗਾ ਦਿੱਤਾ ਹੈ ਕਿ ਦੀਵਾਲ਼ੀ ਮੌਕੇ ਕੋਈ ਵੀ ਤੋਹਫ਼ਾ ਲੈ ਕੇ ਉਨ•ਾਂ ਦੇ ਘਰ ਜਾਂ ਦਫ਼ਤਰ ਨਾ ਆਵੇ। ਉਨ•ਾਂ ਦੱਸਿਆ ਕਿ ਉਹ ਦੀਵਾਲ਼ੀ ਮੌਕੇ ਕੋਈ ਵੀ ਤੋਹਫ਼ਾ ਪ੍ਰਵਾਨ ਨਹੀਂ ਕਰਨਗੇ। ਅਗਰ ਕਿਸੇ ਨੇ ਦੀਵਾਲ਼ੀ ਮੁਬਾਰਕ ਕਹਿਣਾ ਹੈ ਤਾਂ ਉਹ ਫੋਨ 'ਤੇ ਐਸਐਮਐਸ ਕਰ ਦੇਵੇ।
                        ਦੂਸਰੀ ਤਰਫ ਮਨਪ੍ਰੀਤ ਬਾਦਲ ਨੇ ਫੋਨ ਨਹੀਂ ਚੁੱਕਿਆ ਪ੍ਰੰਤੂ ਉਨ•ਾਂ ਦੇ ਨੇੜਲੇ ਰਿਸ਼ਤੇਦਾਰ ਜੈਜੀਤ ਜੌਹਲ ਦਾ ਪ੍ਰਤੀਕਰਮ ਸੀ ਕਿ ਮਨਪ੍ਰੀਤ ਬਾਦਲ ਨੇ ਪਹਿਲਾਂ ਵੀ ਬਤੌਰ ਖ਼ਜ਼ਾਨਾ ਮੰਤਰੀ ਸਭ ਨੂੰ ਵਰਜਿਆ ਹੋਇਆ ਸੀ ਕਿ ਕੋਈ ਵੀ ਦੀਵਾਲ਼ੀ ਮੌਕੇ ਤੋਹਫ਼ਾ ਲੈ ਕੇ ਉਨ•ਾਂ ਦੇ ਘਰ ਵਿਚ ਦਾਖਲ ਨਾ ਹੋਵੇ ਅਤੇ ਹੁਣ ਵੀ ਉਹ ਆਪਣੇ ਮਿਸ਼ਨ ਤੇ ਪਹਿਰਾ ਦੇਣਗੇ। ਇਸੇ ਦੌਰਾਨ 'ਆਪ' ਲੀਡਰਾਂ ਨੇ ਕੈਪਟਨ ਸਰਕਾਰ 'ਤੇ ਇਸ ਮਾਮਲੇ ਨੂੰ ਲੈ ਕੇ  ਉਂਗਲ ਉਠਾਈ ਹੈ ਅਤੇ ਆਖਿਆ ਹੈ ਕਿ ਸਰਕਾਰ ਨੇ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ ਹੈ। 'ਆਪ' ਦੇ ਕਨਵੀਨਰ ਅਤੇ ਐਮ.ਪੀ ਭਗਵੰਤ ਮਾਨ ਦਾ ਕਹਿਣਾ ਸੀ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਦੇ ਹਰ ਵਜ਼ੀਰ ਵਲੋਂ ਦੀਵਾਲ਼ੀ ਮੌਕੇ ਦਫ਼ਤਰਾਂ ਵਿਚ ਬਕਾਇਦਾ ਨੋਟਿਸ ਚਿਪਕਾਏ ਜਾਂਦੇ ਹਨ ਕਿ ਕੋਈ ਤੋਹਫ਼ਾ ਪ੍ਰਵਾਨ ਨਹੀਂ ਕੀਤਾ ਜਾਵੇਗਾ। ਐਮ.ਪੀ ਮਾਨ ਨੇ ਆਖਿਆ ਕਿ ਅਸਿੱਧੇ ਰੂਪ ਵਿਚ ਦੀਵਾਲ਼ੀ ਮੌਕੇ ਮਿਲਦੇ ਤੋਹਫ਼ੇ ਵੀ ਰਿਸ਼ਵਤ ਹੀ ਹਨ ਜਿਸ ਵਾਰੇ ਕੈਪਟਨ ਸਰਕਾਰ ਆਪਣਾ ਸਟੈਂਡ ਸਪੱਸ਼ਟ ਕਰੇ। ਉਨ•ਾਂ ਆਖਿਆ ਕਿ 'ਆਪ' ਪੂਰੀ ਤਰ•ਾਂ 'ਤੋਹਫ਼ਾ ਕਲਚਰ' ਦੇ ਖ਼ਿਲਾਫ਼ ਹੈ ਜੋ ਕਿ ਪੰਜਾਬ ਵਿਚ ਬੰਦ ਹੋਣਾ ਚਾਹੀਦਾ ਹੈ।
                      ਦੱਸਣਯੋਗ ਹੈ ਕਿ ਐਤਕੀਂ ਕਾਂਗਰਸੀ ਵਿਧਾਇਕਾਂ ਨੂੰ ਦਸ ਵਰਿ•ਆਂ ਮਗਰੋਂ ਹਕੂਮਤੀ ਦੀਵਾਲੀ ਮਨਾਉਣ ਦਾ ਮੌਕਾ ਮਿਲਣਾ ਹੈ। ਵਰਿ•ਆਂ ਮਗਰੋਂ ਇਨ•ਾਂ ਲੀਡਰਾਂ ਦੇ ਘਰਾਂ ਵਿਚ ਤੋਹਫ਼ੇ ਪੁੱਜਣ ਦੇ ਅਨੁਮਾਨ ਹਨ। ਦੂਸਰੀ ਤਰਫ਼ ਗਠਜੋੜ ਦੇ ਲੀਡਰਾਂ ਦੇ ਐਤਕੀਂ ਦੀਵਾਲ਼ੀ ਸੁੱਕੀ ਰਹਿਣ ਦੀ ਸੰਭਾਵਨਾ ਹੈ।  ਇਸੇ ਦੌਰਾਨ ਵਿਜੀਲੈਂਸ ਰੇਂਜ ਬਠਿੰਡਾ ਦੇ ਐਸ. ਐਸ.ਪੀ ਨੇ ਵੀ ਇਹ ਪਹਿਲ ਕੀਤੀ ਹੈ ਅਤੇ ਰੇਂਜ ਦੇ ਅਫਸਰਾਂ ਤੇ ਮੁਲਾਜ਼ਮਾਂ ਨੂੰ ਦੀਵਾਲ਼ੀ ਮੌਕੇ 'ਤੋਹਫ਼ਾ ਕਲਚਰ' ਤੋਂ ਦੂਰ ਰਹਿਣ ਦਾ ਸੱਦਾ ਦਿੱਤਾ ਹੈ।  ਬਠਿੰਡਾ ਰੇਂਜ ਦੇ ਐਸ.ਐਸ.ਪੀ ਜਗਜੀਤ ਸਿੰਘ ਭਗਤਾਣਾ ਨੇ ਅਪੀਲ ਕੀਤੀ ਕਿ ਕੋਈ ਅਧਿਕਾਰੀ ਜਾਂ ਮੁਲਾਜ਼ਮ 'ਤੋਹਫਾ ਕਲਚਰ' ਵਿਚ ਨਾ ਉਲਝੇ ਅਤੇ ਅਗਰ ਕੋਈ ਮਠਿਆਈ ਦੀ ਦਫ਼ਤਰ ਵਿਚ ਪੇਸ਼ਕਸ਼ ਕਰਦਾ ਹੈ ਤਾਂ ਉਹ ਮਠਿਆਈ ਦਫ਼ਤਰ ਵਿਚ ਹੀ ਸਾਰੇ ਮੁਲਾਜ਼ਮਾਂ ਤੋ ਹੋਰਨਾਂ ਨੂੰ ਵੰਡ ਦਿੱਤੀ ਜਾਵੇ। ਪਤਾ ਲੱਗਾ ਹੈ ਕਿ ਆਈ.ਪੀ.ਐਸ ਅਧਿਕਾਰੀ ਈਸ਼ਵਰ ਸਿੰਘ ਅਤੇ ਗੌਰਵ ਯਾਦਵ ਬਤੌਰ ਐਸ.ਐਸ.ਪੀ ਤਾਇਨਾਤੀ ਦੌਰਾਨ ਦੀਵਾਲ਼ੀ ਮੌਕੇ ਤੋਹਫ਼ੇ ਨਾ ਸਵੀਕਾਰੇ ਜਾਣ ਦਾ ਸੁਨੇਹਾ ਪੂਰੇ ਜ਼ਿਲ•ੇ ਵਿਚ ਦਿੰਦੇ ਰਹੇ ਹਨ।
                                       ਤੋਹਫ਼ਾ ਕਲਚਰ ਤੇ ਪਾਬੰਦੀ ਲੱਗੇ : ਖਹਿਰਾ
  ਵਿਰੋਧੀ ਧਿਰ ਦੇ ਨੇਤਾ ਅਤੇ 'ਆਪ' ਨੇਤਾ ਸੁਖਪਾਲ ਸਿੰਘ ਖਹਿਰਾ ਆਖਦੇ ਹਨ ਕਿ ਤੋਹਫ਼ਾ ਕਲਚਰ ਵੀ ਇੱਕ ਤਰ•ਾਂ ਨਾਲ ਵੀਆਈਪੀ ਕਲਚਰ ਦਾ ਹਿੱਸਾ ਹੀ ਹੈ। ਉਨ•ਾਂ ਆਖਿਆ ਕਿ ਅਗਰ ਕੈਪਟਨ ਸਰਕਾਰ ਸੁਹਿਰਦ ਹੈ ਤਾਂ ਕੰਮ ਦੇ ਇਵਜ਼ ਵਿਚ ਤਿਉਹਾਰਾਂ ਮੌਕੇ ਵਜ਼ੀਰਾਂ ਤੇ ਅਫਸਰਾਂ ਨੂੰ ਦਿੱਤੇ ਜਾਂਦੇ ਤੋਹਫ਼ਿਆਂ ਤੇ ਪਾਬੰਦੀ ਲਾਏ।

Friday, October 13, 2017

                          ਦਾਗ ਤੋਂ ਦੁਹਾਈ
            ਹੁਣ ਦਸ ਨੰਬਰੀਏ ਬਣੇ 'ਬੀਬੇ'
                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ 'ਚ ਕਰੀਬ ਪੰਜ ਸੌ 'ਦਸ ਨੰਬਰੀਏ' ਹੁਣ ਖਾਮੋਸ਼ ਹਨ ਪ੍ਰੰਤੂ ਇਹ 'ਦਸ ਨੰਬਰੀਏ' ਹੋਣ ਦਾ ਧੱਬਾ ਉਨ•ਾਂ ਲਈ ਟੀਸ ਬਣ ਗਿਆ ਹੈ। ਜੋ 'ਦਸ ਨੰਬਰੀਏ' ਚੰਗੇ ਸ਼ਹਿਰੀ ਬਣ ਗਏ ਹਨ ਤੇ ਮੁੱਖ ਧਾਰਾ ਵਿਚ ਹਨ, ਉਹ ਆਖਦੇ ਹਨ ਕਿ 'ਹੁਣ ਤਾਂ ਉਨ•ਾਂ ਦਾ ਦਾਗ ਧੋ ਦਿਓ'। ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਵੀ ਪਹਿਲਾਂ 'ਦਸ ਨੰਬਰੀਆ' ਰਿਹਾ ਹੈ ਪ੍ਰੰਤੂ ਪੁਲੀਸ ਨੇ ਕੁਝ ਵਰੇ• ਪਹਿਲਾਂ ਉਸ ਨੂੰ ਦਸ ਨੰਬਰੀਆਂ ਦੀ ਸੂਚੀ ਚੋਂ ਆਊਟ ਕਰ ਦਿੱਤਾ ਸੀ। ਉਸ ਨੂੰ 'ਇੱਕ ਨੰਬਰ' ਦਾ ਦਰਜਾ ਦੇ ਦਿੱਤਾ ਸੀ। ਲੰਗਾਹ ਦੇ ਮਗਰੋਂ ਉਹ 'ਦਸ ਨੰਬਰੀਏ' ਕੁਰਲਾ ਉਠੇ ਹਨ, ਜਿਨ•ਾਂ ਦਾ ਵਰਿ•ਆਂ ਤੋਂ ਆਚਰਣ ਠੀਕ ਹੈ ਪ੍ਰੰਤੂ ਪੁਲੀਸ ਉਨ•ਾਂ ਨੂੰ 'ਦਸ ਨੰਬਰੀਏ' ਦੀ ਸੂਚੀ ਚੋਂ ਬਾਹਰ ਨਹੀਂ ਕੱਢ ਰਹੀ ਹੈ।  ਵੇਰਵਿਆਂ ਅਨੁਸਾਰ ਮਾਲਵਾ ਖ਼ਿੱਤੇ ਦੇ ਕਰੀਬ 540 'ਦਸ ਨੰਬਰੀਏ' ਹਨ ਜਿਨ•ਾਂ ਚੋਂ ਬਹੁਤੇ ਖਾਮੋਸ਼ ਹੋ ਗਏ ਹਨ ਅਤੇ ਹਾਜ਼ਰ ਹਨ। ਇਵੇਂ ਬਾਰਡਰ ਰੇਂਜ ਵਿਚ ਕਰੀਬ 280 'ਦਸ ਨੰਬਰੀਏ' ਹਨ। ਸੂਤਰ ਪੰਜਾਬ ਭਰ ਵਿਚ 'ਦਸ ਨੰਬਰੀਆਂ' ਦੀ ਗਿਣਤੀ 2500 ਦੇ ਕਰੀਬ ਦੱਸ ਰਹੇ ਹਨ। ਪੁਲੀਸ ਨੇ ਸਾਲ 1978 ਤੋਂ 1996 ਤੱਕ 'ਦਸ ਨੰਬਰੀਏ' ਐਲਾਨੇ ਹਨ ਅਤੇ ਉਸ ਮਗਰੋਂ ਨਵੇਂ ਦਸ ਨੰਬਰੀਏ ਬਣਾਉਣੇ ਨਾਮਾਤਰ ਹੀ ਕਰ ਦਿੱਤੇ ਸਨ। ਮੁਕਤਸਰ ਪੁਲੀਸ ਨੇ ਗੈਂਗਸਟਰ ਵਿੱਕੀ ਗੌਂਡਰ ਨੂੰ 'ਦਸ ਨੰਬਰੀਆ' ਐਲਾਨਿਆ ਹੈ। ਕਾਫ਼ੀ ਗਿਣਤੀ ਵਿਚ 'ਦਸ ਨੰਬਰੀਏ' ਅੱਜ ਵੀ ਜ਼ੁਲਮ ਦੀ ਦੁਨੀਆਂ 'ਚ ਲੀਨ ਹਨ ਜਿਨ•ਾਂ ਚੋਂ ਕਾਫ਼ੀ ਗੈਰਹਾਜ਼ਰ ਹਨ।
                        ਲੋਕ ਸੰਘਰਸ਼ਾਂ ਵਿਚ ਕੁੱਦੇ ਕਾਫ਼ੀ ਲੋਕਾਂ ਨੂੰ ਪੁਲੀਸ ਨੇ ਕਾਫ਼ੀ ਅਰਸਾ ਪਹਿਲਾਂ 'ਦਸ ਨੰਬਰੀਏ' ਦਾ ਦਰਜਾ ਦੇ ਦਿੱਤਾ ਜਾਂਦਾ ਸੀ। ਥਾਣਾ ਸਿਟੀ ਫਰੀਦਕੋਟ ਦਾ ਇੱਕ 'ਦਸ ਨੰਬਰੀਆ' ਕੈਨੇਡਾ ਰਹਿ ਰਿਹਾ ਹੈ ਅਤੇ ਉਪਰ ਕੋਈ ਵੀ ਕੇਸ ਦਰਜ ਨਹੀਂ ਹੈ ਪ੍ਰੰਤੂ ਉਹ ਫਿਰ ਵੀ 'ਦਸ ਨੰਬਰੀਆ' ਹੈ। ਫਰੀਦਕੋਟ ਦੀ ਡੋਗਰ ਬਸਤੀ ਦੇ ਇੱਕ ਵਿਅਕਤੀ ਤੇ ਕੋਈ ਕੇਸ ਨਹੀਂ ਹੈ ਪ੍ਰੰਤੂ ਫਿਰ ਵੀ ਏ ਕੈਟਾਗਿਰੀ ਦਾ ਬਦਮਾਸ਼ ਹੈ। ਥਾਣਾ ਸਿਟੀ ਕੋਟਕਪੂਰਾ ਨੇ ਉਸ ਵਿਅਕਤੀ ਨੂੰ ਹਾਲੇ ਵੀ 'ਦਸ ਨੰਬਰੀਆ' ਰੱਖਿਆ ਹੋਇਆ ਹੈ ਜੋ ਜਨਤਿਕ ਖੇਤਰ ਦੀ ਬੈਂਕ ਚੋਂ ਬਤੌਰ ਮੈਨੇਜਰ ਸੇਵਾ ਮੁਕਤ ਹੋ ਚੁੱਕਾ ਹੈ। ਜਲੰਧਰ ਦਾ ਇੱਕ ਆੜ•ਤੀਆਂ ਅਤੇ ਇੱਕ ਟਰਾਂਸਪੋਰਟਰ ਵੀ ਇਸ ਸੂਚੀ ਵਿਚ ਸ਼ਾਮਿਲ ਕੀਤੇ ਹੋਏ ਹਨ। ਥਾਣਾ ਜੈਤੋ ਦੇ 'ਦਸ ਨੰਬਰ' ਰਜਿਸਟਰ ਵਿਚ ਇੱਕ ਮਹਿਲਾ ਅਕਾਲੀ ਆਗੂ ਦਾ ਨਾਮ ਵੀ ਬਤੌਰ 'ਦਸ ਨੰਬਰੀ' ਦਰਜ ਹੈ ਜੋ ਕਿ ਪੰਚਾਇਤੀ ਸੰਸਥਾ ਵਿਚ ਚੁਣੀ ਵੀ ਜਾ ਚੁੱਕੀ ਹੈ। ਪਿੰਡ ਸੇਵੇਵਾਲਾ ਦਾ ਇੱਕ ਵਿਅਕਤੀ ਹੁਣ ਗੁਰੂ ਘਰ ਵਿਚ ਗਰੰਥੀ ਹੈ ਪ੍ਰੰਤੂ ਪੁਲੀਸ ਨੇ ਉਸ ਦੇ ਮੱਥੇ ਤੇ 'ਦਸ ਨੰਬਰੀਏ' ਦਾ ਦਾਗ ਲਾਇਆ ਹੋਇਆ ਹੈ। ਮੁਕਤਸਰ ਦੀ ਕੋਟਲੀ ਰੋਡ ਦੀ ਇੱਕ ਮਹਿਲਾ ਵੀ 'ਦਸ ਨੰਬਰੀ' ਹੈ।
                    ਮਲੋਟ ਦੇ ਪਿੰਡ ਈਨਾਖੇੜਾ ਦੇ ਕਈ ਵਿਅਕਤੀ ਹੁਣ ਮਿਹਨਤ ਮਜ਼ਦੂਰੀ ਕਰ ਰਹੇ ਹਨ ਜਿਨ•ਾਂ ਦਾ ਨਾਮ 'ਦਸ ਨੰਬਰੀਆਂ' ਦੇ ਰਜਿਸਟਰ ਵਿਚ ਬੋਲਦਾ ਹੈ। ਮਲੋਟ ਦੇ ਇੱਕ ਵਿਅਕਤੀ ਨੂੰ ਭੜਕਾਊ ਸ਼ਖ਼ਸ ਹੋਣ ਕਰਕੇ 'ਦਸ ਨੰਬਰੀਆਂ' ਬਣਾਇਆ ਹੈ। ਥਾਣਾ ਮਜੀਠਾ ਤੇ ਕਲਾਨੌਰ ਦੇ ਦੋ 'ਦਸ ਨੰਬਰੀਏ' ਹੁਣ ਸ਼੍ਰੋਮਣੀ ਕਮੇਟੀ ਵਿਚ ਮੁਲਾਜ਼ਮ ਹਨ ਜਦੋਂ ਕਿ ਮਾਲਵੇ ਦੇ ਇੱਕ ਢਾਡੀ ਜਥੇ ਦਾ ਆਗੂ ਵੀ 'ਦਸ ਨੰਬਰੀਆ' ਹੈ। ਗੁਰਦਾਸਪੁਰ ਤੇ ਤਰਨਤਾਰਨ ਦੇ ਦੋ 'ਦਸ ਨੰਬਰੀਏ' ਵੀ ਸ਼੍ਰੋਮਣੀ ਕਮੇਟੀ ਵਿਚ ਮੁਲਾਜ਼ਮ ਹਨ। ਇਸੇ ਤਰ•ਾਂ ਮੁਕਤਸਰ ਦੇ ਪਿੰਡ ਉਦੇਕਰਨ ਦੇ ਇੱਕ ਵਿਅਕਤੀ ਨੂੰ 'ਦਸ ਨੰਬਰੀਏ' ਦੀ ਸੂਚੀ ਵਿਚ ਰੱਖਿਆ ਹੋਇਆ ਹੈ ਜੋ ਕਾਫ਼ੀ ਅਰਸੇ ਤੋਂ ਇੰਗਲੈਂਡ ਰਹਿ ਰਿਹਾ ਹੈ। ਇਸੇ ਜ਼ਿਲ•ੇ ਦੇ ਪਿੰਡ ਗੋਨਿਆਣਾ ਦਾ ਇੱਕ ਵਿਅਕਤੀ ਹੁਣ ਖਾਮੋਸ਼ ਹੈ ਪ੍ਰੰਤੂ ਉਸ ਦੇ ਮੱਥੇ ਤੇ ਦਾਗ ਬਰਕਰਾਰ ਹੈ। ਕਿਸਾਨ ਯੂਨੀਅਨਾਂ ਦੇ ਕਈ ਆਗੂ ਵੀ 'ਦਸ ਨੰਬਰੀਆਂ' ਦੀ ਸੂਚੀ ਵਿਚ ਸ਼ਾਮਲ ਕੀਤੇ ਹੋਏ ਹਨ।
                      ਪੁਲੀਸ ਕੇਸਾਂ ਤੋਂ ਮੁਕਤ ਤੇ ਖਾਮੋਸ਼ ਚੱਲੇ ਆ ਰਹੇ 'ਦਸ ਨੰਬਰੀਏ' ਆਖਦੇ ਹਨ ਕਿ ਉਨ•ਾਂ ਕੋਲ ਕੋਈ ਪਹੁੰਚ ਨਹੀਂ ਹੈ ਜਿਸ ਕਰਕੇ ਦਾਗ ਧੋਤਾ ਨਹੀਂ ਜਾ ਰਿਹਾ ਹੈ। ਉਨ•ਾਂ ਆਖਿਆ ਕਿ ਜੋ ਨਾਮੀ ਤਸਕਰ ਅਤੇ ਗੈਂਗਸਟਰ ਹਨ, ਉਨ•ਾਂ ਦਾ ਨਾਮ ਹਾਲੇ ਤੱਕ ਪੁਲੀਸ ਨੇ 'ਦਸ ਨੰਬਰ' ਰਜਿਸਟਰ ਵਿਚ ਸ਼ਾਮਿਲ ਨਹੀਂ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦਾ ਕਹਿਣਾ ਸੀ ਕਿ ਕਾਫ਼ੀ ਅਰਸਾ ਪਹਿਲਾਂ ਪੁਲੀਸ ਨੇ ਲੋਕ ਹਿੱਤਾਂ ਲਈ ਕੰਮ ਵਾਲੇ ਆਗੂਆਂ ਦੇ ਨਾਮ 'ਦਸ ਨੰਬਰ' ਰਜਿਸਟਰ ਵਿਚ ਦਰਜ ਕਰ ਲਏ ਸਨ ਤਾਂ ਜੋ ਉਨ•ਾਂ ਦੇ ਰਾਹ ਰੋਕੇ ਜਾ ਸਕਣ। ਉਨ•ਾਂ ਆਖਿਆ ਕਿ ਪੁਲੀਸ ਇਨ•ਾਂ ਨੂੰ ਰੀਵਿਊ ਕਰੇ। ਦੂਸਰੀ ਤਰਫ ਬਠਿੰਡਾ ਜ਼ੋਨ ਦੇ ਆਈ.ਜੀ ਸ੍ਰੀ ਮੁਖਵਿੰਦਰ ਸਿੰਘ ਛੀਨਾ ਦਾ ਕਹਿਣਾ ਸੀ ਕਿ ਉਨ•ਾਂ ਵਿਅਕਤੀਆਂ ਨੂੰ 'ਦਸ ਨੰਬਰੀਆ' ਘੋਸ਼ਿਤ ਕੀਤਾ ਜਾਂਦਾ ਹੈ ਜਿਨ•ਾਂ ਤੇ ਪੁਲੀਸ ਕੇਸ ਦਰਜ ਹੋਣ ਅਤੇ ਬਦਨਾਮ ਹੋਵੇ।

Tuesday, October 10, 2017

                    ਕੇਂਦਰ ਦੀ ਨਾਂਹ
   ਮਾਂ ਬੋਲੀ ਨਹੀਂ ਬਣੇਗੀ ਪਟਰਾਣੀ...
                    ਚਰਨਜੀਤ ਭੁੱਲਰ
ਬਠਿੰਡਾ : ਕੇਂਦਰ ਸਰਕਾਰ ਨੇ ਕੌਮੀ ਪ੍ਰੋਜੈਕਟਾਂ 'ਚ ਪੰਜਾਬੀ ਭਾਸ਼ਾ ਨੂੰ ਪਟਰਾਣੀ ਬਣਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਇਨ•ਾਂ ਪ੍ਰੋਜੈਕਟਾਂ 'ਚ ਬੋਰਡਾਂ ਤੇ ਹਿੰਦੀ ਭਾਸ਼ਾ ਹੀ ਮੋਹਰੀ ਰਹੇਗੀ। ਕੇਂਦਰ ਦਾ ਇਹ ਫੈਸਲਾ ਪੰਜਾਬੀ ਭਾਸ਼ਾ ਦੇ ਪ੍ਰੇਮੀਆਂ ਨੂੰ ਸੱਟ ਮਾਰਨ ਵਾਲਾ ਹੈ। ਬਠਿੰਡਾ ਅੰਮ੍ਰਿਤਸਰ ਕੌਮੀ ਸ਼ਾਹਰਾਹ 'ਤੇ ਜੋ ਸਾਈਨ ਬੋਰਡ ਲਾਏ ਜਾ ਰਹੇ ਹਨ, ਉਨ•ਾਂ ਤੇ ਹਿੰਦੀ ਭਾਸ਼ਾ ਨੂੰ ਪਹਿਲਾ ਦਰਜਾ ਦਿੱਤਾ ਗਿਆ ਹੈ, ਦੂਸਰੇ ਨੰਬਰ ਤੇ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਨੂੰ ਤੀਜੇ ਨੰਬਰ ਤੇ ਰੱਖਿਆ ਗਿਆ ਹੈ। ਭਾਸ਼ਾ ਪ੍ਰੇਮੀਆਂ ਨੇ ਇਸ ਮਾਮਲੇ ਤੇ ਜ਼ਿਲ•ਾ ਪ੍ਰਸ਼ਾਸਨ ਬਠਿੰਡਾ ਨੂੰ ਮੰਗ ਪੱਤਰ ਵੀ ਦਿੱਤਾ ਸੀ। ਹਰਰਾਏਪੁਰ ਅਤੇ ਅਮਰਗੜ ਪਿੰਡ ਦੇ ਲੋਕਾਂ ਨੇ ਅੱਕ ਕੇ ਦਰਜਨਾਂ ਸਾਈਨ ਬੋਰਡਾਂ ਤੇ ਕਾਲਾ ਪੋਚਾ ਵੀ ਫੇਰ ਦਿੱਤਾ ਸੀ। ਕੌਮੀ ਹਾਈਵੇ ਅਥਾਰਟੀ ਤਰਫ਼ੋਂ ਜੋ ਸਾਈਨ ਬੋਰਡਾਂ ਦਾ ਨਮੂਨਾ ਜਾਰੀ ਕੀਤਾ ਗਿਆ ਹੈ, ਉਸ ਵਿਚ ਹਿੰਦੀ ਨੂੰ ਸਭ ਤੋਂ ਉਪਰ ਰੱਖਿਆ ਗਿਆ ਹੈ। ਇਨ•ਾਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਸਾਈਨ ਬੋਰਡਾਂ ਤੇ ਪੰਜਾਬੀ ਭਾਸ਼ਾ ਬਿਲਕੁਲ ਤੀਜੇ ਨੰਬਰ ਤੇ ਆ ਗਈ ਹੈ। ਜਦੋਂ ਇਹ ਮਾਮਲਾ ਭਖ ਗਿਆ ਤਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਇਹ ਮੁੱਦਾ ਕੌਮੀ ਹਾਈਵੇ ਅਥਾਰਟੀ ਕੋਲ ਉਠਾਇਆ ਸੀ।
                     ਦੂਸਰੀ ਤਰਫ਼ ਜਦੋਂ ਹੁਣ ਕੁਝ ਪਿੰਡਾਂ ਨੇ ਸਾਈਨ ਬੋਰਡਾਂ ਤੇ ਕਾਲਾ ਪੋਚਾ ਫੇਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਪ੍ਰਾਈਵੇਟ ਕੰਪਨੀ ਨੇ ਕੌਮੀ ਸ਼ਾਹਰਾਹ ਤੇ ਬਾਕੀ ਬਚਦੇ ਸਾਈਨ ਬੋਰਡ ਵੀ ਧੜਾਧੜ ਲਾਉਣੇ ਸ਼ੁਰੂ ਕਰ ਦਿੱਤੇ ਹਨ ਜਿਨ•ਾਂ ਤੇ ਹਿੰਦੀ ਨੂੰ ਹੀ ਪ੍ਰਮੁੱਖ ਰੱਖਿਆ ਹੋਇਆ ਹੈ।  ਬਠਿੰਡਾ ਅੰਮ੍ਰਿਤਸਰ ਸ਼ਾਹਰਾਹ ਤੇ ਜੋ ਮੀਲ ਪੱਥਰ ਲੱਗੇ ਹਨ, ਉਨ•ਾਂ ਤੇ ਹਿੰਦੀ ਭਾਸ਼ਾ ਵਿਚ ਪਿੰਡਾਂ ਤੇ ਸ਼ਹਿਰਾਂ ਦੇ ਨਾਮ ਲਿਖੇ ਹੋਏ ਹਨ। ਦੂਸਰੀ ਤਰਫ਼ ਬਠਿੰਡਾ ਚੰਡੀਗੜ• ਸ਼ਾਹਰਾਹ 'ਤੇ ਜੋ ਬੋਰਡ ਲੱਗੇ ਹਨ, ਉਨ•ਾਂ ਤੇ ਪੰਜਾਬੀ ਭਾਸ਼ਾ ਪਹਿਲੇ ਨੰਬਰ ਤੇ ਹੈ। ਸੂਤਰ ਦੱਸਦੇ ਹਨ ਕਿ ਕੌਮੀ ਸ਼ਾਹਰਾਹ ਨੂੰ ਚਹੁੰ ਮਾਰਗੀ ਬਣਾਉਣ ਵਾਲੀ ਪ੍ਰਾਈਵੇਟ ਕੰਪਨੀ ਵਲੋਂ ਹੀ ਇਹ ਸਾਈਨ ਬੋਰਡ ਲਗਾਏ ਜਾ ਰਹੇ ਹਨ। ਪਿਛਲੇ ਦੋ ਦਿਨਾਂ ਤੋਂ ਇਸ ਕੰਪਨੀ ਨੇ ਸਾਈਨ ਬੋਰਡ ਲਗਾਏ ਜਾਣ ਦੇ ਕੰਮ ਵਿਚ ਤੇਜ਼ੀ ਲਿਆਂਦੀ ਹੈ।  ਪੀਪਲਜ਼ ਫੋਰਮ ਬਰਗਾੜੀ ਦੇ ਖੁਸ਼ਵੰਤ ਬਰਗਾੜੀ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੂੰ ਮਾਂ ਬੋਲੀ ਦੇ ਮਾਣ ਸਨਮਾਨ ਲਈ ਕੇਂਦਰ ਕੋਲ ਇਹ ਮੁੱਦਾ ਫੌਰੀ ਉਠਾਉਣਾ ਚਾਹੀਦਾ ਹੈ।
                   ਸਾਹਿਤ ਸਭਾ ਬਠਿੰਡਾ ਦੇ ਆਗੂ ਗੁਰਦੇਵ ਸਿੰਘ ਖੋਖਰ ਅਤੇ ਜਸਪਾਲ ਮਾਨਖੇੜਾ ਦਾ ਕਹਿਣਾ ਸੀ ਕਿ ਅਗਰ ਕੇਂਦਰ ਦੀ ਜਾਗ ਨਾ ਖੁੱਲ•ੀ ਤਾਂ ਮਾਂ ਬੋਲੀ ਦੀ ਹਮਾਇਤ ਵਿਚ ਉਹ ਲਾਮਬੰਦੀ ਕਰਨਗੇ ਤੇ ਸਰਕਾਰ ਤੇ ਦਬਾਓ ਬਣਾਇਆ ਜਾਵੇਗਾ ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ ਸ੍ਰੀ ਏ.ਕੇ.ਸਿੰਗਲਾ ਦਾ ਕਹਿਣਾ ਸੀ ਕਿ ਉਨ•ਾਂ ਨੇ ਕੌਮੀ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਕੋਲ ਪੰਜਾਬੀ ਦਾ ਮੁੱਦਾ ਉਠਾਇਆ ਸੀ ਪ੍ਰੰਤੂ ਉਨ•ਾਂ ਨੇ ਸਾਈਨ ਬੋਰਡਾਂ ਨੂੰ ਤਬਦੀਲ ਕਰਨ ਤੋਂ ਨਾਂਹ ਕਰ ਦਿੱਤੀ ਹੈ। ਉਨ•ਾਂ ਲਿਖਤੀ ਰੂਪ ਵਿਚ ਮਾਮਲਾ ਭੇਜਣ ਲਈ ਵੀ ਆਖਿਆ ਹੈ। ਇਹ ਸਾਈਨ ਬੋਰਡ ਕੌਮੀ ਹਾਈਵੇ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਾਏ ਗਏ ਹਨ।    

Sunday, October 8, 2017

                     ਹਰਸਿਮਰਤ ਨੂੰ ਤੋਹਫਾ 
  ਹਰਿਆਣਾ 'ਚ ਕਰੋੜਾਂ ਦੀ ਜ਼ਮੀਨ ਮਿਲੀ !
                        ਚਰਨਜੀਤ ਭੁੱਲਰ
ਬਠਿੰਡਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਹਰਿਆਣਾ 'ਚ ਕਰੀਬ 5.59 ਕਰੋੜ ਰੁਪਏ ਦੀ ਜ਼ਮੀਨ ਤੋਹਫ਼ੇ ਵਿਚ ਮਿਲ ਗਈ ਹੈ ਜਿਸ ਮਗਰੋਂ ਹੁਣ ਖੁਦ ਬੀਬਾ ਬਾਦਲ ਵੀ ਖੇਤੀ ਵਾਲੀ ਜ਼ਮੀਨ ਦੀ ਮਾਲਕਣ ਬਣ ਗਈ ਹੈ। ਕੇਂਦਰੀ ਮੰਤਰੀ ਬੀਬਾ ਬਾਦਲ ਨੂੰ ਹਰਿਆਣਾ ਦੇ ਪਿੰਡ ਰਣੀਆ ਜ਼ਿਲ•ਾ ਸਿਰਸਾ 'ਚ 255 ਕਨਾਲ਼ਾਂ 12 ਮਰਲੇ (ਕਰੀਬ 31 ਏਕੜ) ਜ਼ਮੀਨ ਤੋਹਫ਼ੇ 'ਚ ਪ੍ਰਾਪਤ ਹੋਈ ਹੈ ਜਿਸ ਦੀ 'ਗਿਫਟ ਡੀਡ' 20 ਅਕਤੂਬਰ 2016 ਨੂੰ ਹੋਈ ਹੈ। ਪ੍ਰਧਾਨ ਮੰਤਰੀ ਦਫ਼ਤਰ ਨੂੰ ਕੇਂਦਰੀ ਮੰਤਰੀ ਬਾਦਲ ਤਰਫ਼ੋਂ ਜੋ ਹਾਲ ਹੀ ਸਾਲ 2016-17 ਦੇ  ਪ੍ਰਾਪਰਟੀ ਦੇ ਵੇਰਵੇ ਦਿੱਤੇ ਗਏ ਹਨ, ਉਨ•ਾਂ ਅਨੁਸਾਰ ਬੀਬਾ ਬਾਦਲ ਨੂੰ ਮਿਲੇ ਜ਼ਮੀਨ ਦਾ ਤੋਹਫ਼ੇ ਦਾ ਵੇਰਵਾ ਦਰਜ ਹੈ। ਭਾਵੇਂ ਰਿਟਰਨ ਵਿਚ ਤੋਹਫ਼ਾ ਦੇਣ ਵਾਲੇ ਦੇ ਵੇਰਵੇ ਦਰਜ ਨਹੀਂ ਹਨ ਪ੍ਰੰਤੂ ਇਹੋ ਸੰਭਾਵਨਾ ਹੈ ਕਿ ਬਾਦਲ ਪਰਿਵਾਰ ਵਲੋਂ ਹੀ ਇਹ ਜ਼ਮੀਨੀ ਤੋਹਫ਼ਾ ਦਿੱਤਾ ਹੋਵੇਗਾ। ਇਸ ਤੋਂ ਪਹਿਲਾਂ ਜ਼ਮੀਨਾਂ ਦੀ ਮਾਲਕੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਮ ਹੀ ਰਹੀ ਹੈ। ਵੇਰਵਿਆਂ ਅਨੁਸਾਰ ਕੇਂਦਰੀ ਮੰਤਰੀ ਬੀਬਾ ਬਾਦਲ ਦਾ ਇਸ ਤੋਂ ਪਹਿਲਾਂ ਖੇਤੀ ਵਾਲੀ ਜ਼ਮੀਨ ਵਿਚ ਕਿਧਰੇ ਵੀ ਨਾਮ ਨਹੀਂ ਬੋਲਦਾ ਸੀ ਪ੍ਰੰਤੂ ਹੁਣ ਉਹ ਅਚੱਲ ਸੰਪਤੀ ਦੀ ਮਾਲਕਣ ਵੀ ਬਣ ਗਈ ਹੈ।
                      ਮੋਟੇ ਅੰਦਾਜ਼ੇ ਅਨੁਸਾਰ ਬੀਬਾ ਬਾਦਲ ਨੂੰ ਮਿਲਣ ਵਾਲਾ ਇਹ ਕਰੀਬ ਤੀਸਰਾ ਤੋਹਫ਼ਾ ਹੈ। ਇਸ ਤੋਂ ਪਹਿਲਾਂ ਬੀਬੀ ਸੁਰਿੰਦਰ ਕੌਰ ਬਾਦਲ ਤੋਂ ਵਸੀਅਤ ਰਾਹੀਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੂੰ ਗਹਿਣੇ ਵੀ ਮਿਲੇ ਸਨ।  ਬੀਬਾ ਬਾਦਲ ਕੋਲ ਇਸ ਵੇਲੇ ਕਰੀਬ ਛੇ ਕਰੋੜ ਦੇ ਗਹਿਣੇ ਹਨ ਅਤੇ ਸਾਲ 2015-16 ਦੌਰਾਨ ਇੱਕ ਵਰੇ• 'ਚ ਖਰੀਦੇ  ਕਰੀਬ 62 ਲੱਖ ਦੇ ਗਹਿਣੇ ਵੀ ਇਸ ਵਿਚ ਸ਼ਾਮਲ ਹਨ। ਜਦੋਂ ਬੀਬਾ ਬਾਦਲ ਨੇ ਸਾਲ 2009 ਵਿਚ ਲੋਕ ਸਭਾ ਚੋਣ ਲੜੀ ਸੀ ਤਾਂ ਉਦੋਂ ਉਨ•ਾਂ ਕੋਲ 1.94 ਕਰੋੜ ਦੇ ਗਹਿਣੇ ਸਨ ਜਿਨ•ਾਂ ਦਾ ਵਜ਼ਨ ਉਦੋਂ ਕਰੀਬ 14 ਕਿਲੋ ਤੋਂ ਉਪਰ ਬਣਦਾ ਸੀ। ਰਿਟਰਨ ਅਨੁਸਾਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਪਹਿਲਾਂ ਕੇਂਦਰੀ ਮੰਤਰੀ ਹਰਸਿਮਰਤ ਨੂੰ ਔਰਬਿਟ ਰਿਜਾਰਟ ਲਿਮਟਿਡ ਦੇ ਕਰੀਬ 11.92 ਕਰੋੜ ਦੇ ਸ਼ੇਅਰ ਆਦਿ ਤੋਹਫ਼ੇ ਵਿਚ ਦਿੱਤੇ ਗਏ ਸਨ। ਸੂਤਰ ਆਖਦੇ ਹਨ ਕਿ ਕੇਂਦਰੀ ਮੰਤਰੀ ਹੁਣ ਜਦੋਂ ਖੁਦ ਜ਼ਮੀਨਾਂ ਦੀ ਮਾਲਕਣ ਬਣ ਗਈ ਹੈ ਤਾਂ ਉਸ ਨੂੰ ਕੇਂਦਰ ਤੇ ਕਿਸਾਨੀ ਮਸਲਿਆਂ ਤੇ ਦਬਾਓ ਪਾਉਣਾ ਚਾਹੀਦਾ ਹੈ। ਹਰਿਆਣਾ ਦੇ ਪਿੰਡ ਰਣੀਆ ਵਿਚ ਸੁਖਬੀਰ ਸਿੰਘ ਬਾਦਲ ਕੋਲ ਵੀ 64.62 ਲੱਖ ਰੁਪਏ ਦੀ ਜ਼ਮੀਨ ਹੈ।
                     ਬਾਦਲ ਪਰਿਵਾਰ ਦਾ ਹਰਿਆਣਾ ਵਿਚ ਬਾਲਾਸਰ ਫਾਰਮ ਹਾਊਸ ਵੀ ਹੈ ਜਿਥੇ ਸ਼ਾਨਦਾਰ ਇਮਾਰਤ ਬਣੀ ਹੋਈ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਸਰ ਬਾਲਾਸਰ ਫਾਰਮ ਹਾਊਸ ਜਾਂਦੇ ਰਹਿੰਦੇ ਹਨ। ਮੋਟੀ ਨਜ਼ਰੇ ਵੇਖੀਏ ਤਾਂ ਕੇਂਦਰੀ ਮਹਿਲਾ ਮੰਤਰੀਆਂ ਚੋਂ ਸਭ ਤੋਂ ਜਿਆਦਾ ਗਹਿਣੇ ਬੀਬਾ ਬਾਦਲ ਕੋਲ ਹੀ ਹਨ। ਕੇਂਦਰੀ ਮੰਤਰੀ ਮੇਨਕਾ ਗਾਂਧੀ ਕੋਲ ਵੀ ਸਿਰਫ਼ ਸਵਾ ਕਰੋੜ ਦੇ ਹੀ ਗਹਿਣੇ ਹਨ। ਬਾਕੀ ਮਹਿਲਾ ਮੰਤਰੀ ਇਸ ਦੇ ਨੇੜੇ ਤੇੜੇ ਵੀ ਨਹੀਂ ਹਨ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਵੀ 9 ਲੱਖ ਰੁਪਏ ਦੇ ਗਹਿਣੇ ਹਨ ਜਦੋਂ ਕਿ ਹਰਸਿਮਰਤ ਕੌਰ ਕੋਲ 3.40 ਲੱਖ ਰੁਪਏ ਦੀ ਪੇਂਟਿੰਗ ਵੀ ਹੈ। ਬਾਦਲ ਪਰਿਵਾਰ ਦਾ 11.06 ਕਰੋੜ ਦਾ ਪਿੰਡ ਬਾਦਲ ਵਿਚ ਰਿਹਾਇਸ਼ੀ ਮਕਾਨ ਵੀ ਹੈ ਜਿਸ ਵਿਚ 1.66 ਕਰੋੜ ਦਾ ਇਕੱਲਾ ਫਰਨੀਚਰ ਹੈ ਜਦੋਂ ਕਿ ਬਾਲਾਸਰ ਫਾਰਮ ਹਾਊਸ ਤੇ 10.31 ਲੱਖ ਦਾ ਫਰਨੀਚਰ ਹੈ। 

Tuesday, September 26, 2017

                         ਅਕਾਲੀ ਦਲ 
      ਵੱਡੇ ਘਰਾਣੇ ਵਲੋਂ 9 ਕਰੋੜ ਦਾ 'ਦਾਨ'
                        ਚਰਨਜੀਤ ਭੁੱਲਰ
ਬਠਿੰਡਾ : ਵੱਡੇ ਕਾਰੋਬਾਰੀ ਘਰਾਣੇ ਨੇ ਪੰਜਾਬ ਚੋਣਾਂ ਤੋਂ ਐਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਬਾਜੀ ਜਿੱਤਣ ਖਾਤਰ 9 ਕਰੋੜ ਰੁਪਏ ਦਾ 'ਦਾਨ' ਦਿੱਤਾ। ਸ਼ਰਾਬ ਕੰਪਨੀ ਅਤੇ ਰੀਅਲ ਅਸਟੇਟ ਦੇ ਕਾਰੋਬਾਰੀ ਧਨੰਤਰਾਂ ਨੇ ਵੀ ਅਕਾਲੀ ਦਲ ਦੇ ਖ਼ਜ਼ਾਨੇ ਚੋਣਾਂ ਤੋਂ ਪਹਿਲਾਂ ਭਰਪੂਰ ਕੀਤੇ। ਭਾਵੇਂ ਸ਼੍ਰੋਮਣੀ ਅਕਾਲੀ ਦਲ ਚੋਣਾਂ ਵਿਚ ਸਿਆਸੀ ਦੰਗਲ ਹਾਰ ਗਿਆ ਪ੍ਰੰਤੂ ਚੋਣਾਂ ਵਾਲੇ ਮਾਲੀ ਵਰੇ• 2016-17 ਵਿਚ ਅਕਾਲੀ ਦਲ ਨੂੰ 115 ਦਾਨੀ ਸੱਜਣਾਂ ਤੋਂ 15.45 ਕਰੋੜ ਰੁਪਏ ਦਾ ਸਿਆਸੀ ਦਾਨ ਮਿਲਿਆ ਹੈ। ਚੋਣ ਕਮਿਸ਼ਨ ਨੂੰ ਜੋ ਸ਼੍ਰੋਮਣੀ ਅਕਾਲੀ ਦਲ ਨੇ ਦਾਨੀ ਸੱਜਣਾਂ ਦੀ ਸੂਚੀ ਭੇਜੀ ਹੈ, ਉਸ ਅਨੁਸਾਰ 62 ਦਾਨੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੀ ਹਨ ਜਦੋਂ ਕਿ ਬਾਕੀ ਸਭ ਕਾਰੋਬਾਰੀ ਲੋਕ ਹਨ।  ਵੇਰਵਿਆਂ ਅਨੁਸਾਰ ਵੱਡੇ ਕਾਰੋਬਾਰੀ ਘਰਾਣੇ ਦੇ ਸਤਿਆ ਇਲੈਕਟ੍ਰੋਰਲ ਟਰੱਸਟ ਨੇ ਚਾਰ ਕਿਸ਼ਤਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ 9 ਕਰੋੜ ਰੁਪਏ ਦੇ ਫੰਡ ਦਿੱਤੇ ਹਨ ਜਿਨ•ਾਂ ਚੋਂ ਪੰਜ ਕਰੋੜ ਰੁਪਏ ਤਾਂ ਵੋਟਾਂ ਪੈਣ ਤੋਂ ਐਨ ਪਹਿਲਾਂ ਅਕਾਲੀ ਦਲ ਨੂੰ ਭੇਜੇ ਗਏ ਹਨ। ਇਸ ਪੰਥਕ ਪਾਰਟੀ ਨੇ ਸ਼ਰਾਬ ਕੰਪਨੀ (ਪਟਿਆਲਾ ਡਿਸਟਿਲਰੀਜ਼) ਤੋਂ ਵੀ 15 ਲੱਖ ਰੁਪਏ ਦਾ ਚੰਦਾ ਲਿਆ ਹੈ ਜੋ ਕਿ ਦੋ ਚੈੱਕਾਂ ਰਾਹੀਂ ਦਿੱਤਾ ਗਿਆ ਹੈ।
                    ਤਨੇਜ਼ਾ ਡਿਵੈਲਪਰਜ਼ ਦੀ ਕੰਪਨੀ ਤਰਫੋਂ 20 ਲੱਖ ਰੁਪਏ ਅਕਾਲੀ ਦਲ ਨੂੰ ਦਿੱਤੇ ਗਏ। ਲੁਧਿਆਣਾ ਦੇ ਦੀਪਕ ਬਿਲਡਰਜ਼ ਨੇ 23 ਜਨਵਰੀ 2017 ਨੂੰ ਅਕਾਲੀ ਦਲ ਨੂੰ 75 ਲੱਖ ਰੁਪਏ ਦੇ ਫੰਡ ਦਿੱਤੇ ਇਵੇਂ ਲੁਧਿਆਣਾ ਦੀਆਂ ਸਾਈਕਲ ਕੰਪਨੀਆਂ ਨੇ ਵੀ ਦਿਲ ਖੋਲ• ਕੇ ਚੰਦਾ ਦਿੱਤਾ ਹੈ। ਹੀਰੋ ਸਾਇਕਲ ਗਰੁੱਪ ਨੇ ਅਕਾਲੀ ਦਲ ਨੇ 10 ਲੱਖ ਰੁਪਏ ਅਤੇ ਰੈਲਸ਼ਨ ਇੰਡੀਆ ਨੇ ਪੰਜ ਲੱਖ ਰੁਪਏ ਦਿੱਤੇ ਹਨ। ਇਵੇਂ ਹੀ ਏ-ਵਨ ਸਾਈਕਲ ਕੰਪਨੀ ਨੇ ਪੰਜ ਲੱਖ ਰੁਪਏ ਦਾ ਚੰਦਾ ਦਿੱਤਾ ਹੈ ਜਦੋਂ ਕਿ ਲੁਧਿਆਣਾ ਦੇ ਹੋਰ ਚਾਰ ਕਾਰੋਬਾਰੀ ਲੋਕਾਂ ਨੇ ਵੀ ਅਕਾਲੀ ਦਲ ਨੂੰ ਮੋਟਾ ਗੱਫਾ ਦਿੱਤਾ ਹੈ। ਵੇਰਵਿਆਂ ਅਨੁਸਾਰ ਖੰਨਾ ਪੇਪਰ ਮਿੱਲ ਅੰਮ੍ਰਿਤਸਰ ਤਰਫ਼ੋਂ ਵੀ 75 ਲੱਖ ਰੁਪਏ ਦਾ ਫੰਡ ਚੋਣ ਪ੍ਰਚਾਰ ਦੌਰਾਨ ਹੀ 23 ਜਨਵਰੀ 2017 ਨੂੰ ਦਿੱਤਾ ਗਿਆ ਜਦੋਂ ਕਿ ਇੰਟਰਨੈਸ਼ਨਲ ਟਰੈਕਟਰ ਕੰਪਨੀ ਨੇ ਵੀ ਇਸੇ ਦਿਨ 75 ਲੱਖ ਰੁਪਏ ਦੇ ਫੰਡ ਅਕਾਲੀ ਦਲ ਨੂੰ ਦਿੱਤੇ। ਸੇਤੀਆ ਇੰਡਸਟ੍ਰੀਜ ਨੇ ਵੀ ਅਕਾਲੀ ਦਲ ਨੂੰ 25 ਲੱਖ ਰੁਪਏ ਦੇ ਫੰਡ ਦਿੱਤੇ ਹਨ। ਟਰੈਵਲਜ਼ ਕੰਪਨੀਆਂ ਜਿਵੇਂ ਏਆਰਐਸ,ਕੇਬੀਸੀ,ਵਰਿੰਦਾ ਟਰੈਵਲਜ਼,ਐਨਸੀਆਰ ਤੇ ਪਿਕਾਸੋ ਆਦਿ ਨੇ ਵੀ ਲੱਖ ਰੁਪਏ ਦਾ ਚੰਦਾ ਦਿੱਤਾ ਹੈ।
                       ਯੂਰੋ ਕੈਬ ਸਰਵਿਸ ਨੇ ਕਰੀਬ 10 ਲੱਖ ਰੁਪਏ ਦੇ ਫੰਡ ਦਿੱਤੇ ਹਨ।  ਸ਼੍ਰੋਮਣੀ ਅਕਾਲੀ ਦਲ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ 1.80 ਲੱਖ ਰੁਪਏ ਦਾ ਚੰਦਾ ਦਿੱਤਾ ਹੈ ਜਦੋਂ ਕਿ ਆਦੇਸ਼ ਪ੍ਰਤਾਪ ਕੈਰੋਂ ਨੇ 1.65 ਲੱਖ ਰੁਪਏ ਪਾਰਟੀ ਖਾਤੇ ਵਿਚ ਜਮ•ਾ ਕਰਾਏ ਹਨ। ਬਿਕਰਮ ਸਿੰਘ ਮਜੀਠੀਆ ਨੇ 90 ਹਜ਼ਾਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਸਾਬਕਾ ਵਜ਼ੀਰਾਂ ਨੇ ਪਾਰਟੀ ਨੂੰ 30 ਹਜ਼ਾਰ ਤੋਂ ਦੋ ਲੱਖ ਰੁਪਏ ਦਾ ਚੰਦਾ ਦਿੱਤਾ ਹੈ। ਕੁਝ ਵਰੇ• ਪਹਿਲਾਂ ਅਕਾਲੀ ਦਲ ਨੇ ਇੱਕ ਤੰਬਾਕੂ ਕੰਪਨੀ ਤੋਂ ਚੰਦਾ ਲੈ ਲਿਆ ਸੀ ਅਤੇ ਹੁਣ ਸ਼ਰਾਬ ਕੰਪਨੀਆਂ ਤੋਂ ਵੀ ਪੈਸਾ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਐਨ.ਕੇ.ਸ਼ਰਮਾ ਨੂੰ ਵਾਰ ਵਾਰ ਸੰਪਰਕ ਕੀਤਾ ਪ੍ਰੰਤੂ ਅਸਫਲ ਰਿਹਾ।

Monday, September 25, 2017

                       ਨਰਿੰਦਰ ਮੋਦੀ 
       ਪਤਨੀ ਦੇ ਚਿੱਟੇ ਧਨ ਤੋਂ ਅਣਜਾਣ
                       ਚਰਨਜੀਤ ਭੁੱਲਰ
ਬਠਿੰਡਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਪਤਨੀ ਦੇ 'ਚਿੱਟੇ ਧੰਨ' ਦਾ ਵੀ ਕੋਈ ਇਲਮ ਨਹੀਂ ਹੈ ਜਦੋਂ ਕਿ ਉਹ ਦੇਸ਼ ਦੇ 'ਕਾਲੇ ਧੰਨ' ਤੋਂ ਜਾਣੂ ਹੋਣ ਦੀ ਗੱਲ ਆਖਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਇੱਕ ਹਫਤਾ ਪਹਿਲਾਂ ਸਾਲ 2016-17 ਦੀ ਸੰਪਤੀ ਦੀ ਰਿਟਰਨ ਪ੍ਰਧਾਨ ਮੰੰਤਰੀ ਦਫ਼ਤਰ ਕੋਲ ਜਮ•ਾ ਕਰਾਈ ਹੈ, ਉਸ ਅਨੁਸਾਰ ਪ੍ਰਧਾਨ ਮੰਤਰੀ ਨੂੰ ਆਪਣੀ ਪਤਨੀ ਜਸ਼ੋਦਾਬੇਨ ਦੀ ਸੰਪਤੀ ਦਾ ਕੋਈ ਥਹੁ ਪਤਾ ਨਹੀਂ ਹੈ। ਹਾਲਾਂਕਿ ਵਜ਼ੀਰਾਂ ਨੇ ਆਪਣੀ ਪਤਨੀ ਦੀ ਸੰਪਤੀ ਦੇ ਵੇਰਵਿਆਂ ਬਾਰੇ ਏਦਾ ਦਾ ਕੋਈ ਪ੍ਰਗਟਾਵਾ ਨਹੀਂ ਕੀਤਾ ਹੈ। ਪ੍ਰਧਾਨ ਮੰਤਰੀ ਨੇ ਆਪਣੀ ਪਤਨੀ ਦੀ ਸੰਪਤੀ ਬਾਰੇ ਆਖਿਆ ਹੈ ਕਿ 'ਪਤਾ ਨਹੀਂ'।
    ਪ੍ਰਧਾਨ ਮੰਤਰੀ ਦਫ਼ਤਰ ਦੇ ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਪਤੀ ਵਿਚ ਲੰਘੇ ਤਿੰਨ ਵਰਿ•ਆਂ ਵਿਚ 74.01 ਲੱਖ ਰੁਪਏ ਦਾ ਵਾਧਾ ਹੋਇਆ ਹੈ ਜਦੋਂ ਕਿ ਉਨ•ਾਂ ਦੀ ਅਚੱਲ ਸੰਪਤੀ ਦੀ ਬਾਜ਼ਾਰੂ ਕੀਮਤ ਸਿਰਫ਼ ਇੱਕ ਕਰੋੜ ਦੇ ਅਟਕੀ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਇਸ ਵੇਲੇ ਦੋ ਕਰੋੜ ਰੁਪਏ ਦੀ ਸੰਪਤੀ ਦੇ ਮਾਲਕ ਹਨ ਜਿਨ•ਾਂ ਵਿਚ ਇੱਕ ਕਰੋੜ ਦੀ ਉਨ•ਾਂ ਦੀ ਅਚੱਲ ਸੰਪਤੀ ਹੈ।
                       ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਪਹਿਲਾਂ ਸਾਲ 2013-14 ਵਿਚ ਉਨ•ਾਂ ਦੀ ਕੁੱਲ ਸੰਪਤੀ 1.26 ਕਰੋੜ ਰੁਪਏ ਸੀ ਜੋ ਕਿ ਹੁਣ ਵਧ ਕੇ 2,00,13,403 ਹੋ ਗਈ ਹੈ। ਹੁਣ ਉਨ•ਾਂ ਕੋਲ 1.49 ਲੱਖ ਰੁਪਏ ਦੀ ਨਗਦ ਰਾਸ਼ੀ ਵੀ ਹੈ। ਪ੍ਰਧਾਨ ਮੰਤਰੀ ਬਣਨ ਮਗਰੋਂ ਪਹਿਲੇ ਮਾਲੀ ਵਰੇ• ਵਿਚ ਉਨ•ਾਂ ਦੀ ਆਮਦਨ ਵਿਚ 15.02 ਲੱਖ ਦਾ ਵਾਧਾ ਹੋਇਆ ਜਦੋਂ ਕਿ ਦੂਸਰੇ ਵਰੇ• 32.22 ਲੱਖ ਰੁਪਏ ਦਾ ਵਾਧਾ ਹੋਇਆ ਹੈ। ਤੀਸਰੇ ਵਰੇ• ਉਨ•ਾਂ ਦੀ ਆਮਦਨ 26.76 ਲੱਖ ਰੁਪਏ ਵਧੀ ਹੈ। ਨਜ਼ਰ ਮਾਰੀਏ ਤਾਂ ਪਿਛਲੇ ਮਾਲੀ ਵਰੇ• ਦੌਰਾਨ ਉਨ•ਾਂ ਦੀ ਆਮਦਨ 1.73 ਕਰੋੜ ਰੁਪਏ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਗਾਂਧੀਨਗਰ (ਗੁਜਰਾਤ) ਵਿਚ ਇੱਕ ਪਲਾਟ ਹੈ । ਚਾਰ ਵਰਿ•ਆਂ ਤੋਂ ਇਸ ਪਲਾਟ ਦੀ ਕੀਮਤ ਕਰੀਬ ਇੱਕ ਕਰੋੜ ਰੁਪਏ ਹੀ ਹੈ। ਪ੍ਰਧਾਨ ਮੰਤਰੀ ਕੋਲ ਸੋਨੇ ਦੀਆਂ ਚਾਰ ਮੁੰਦਰੀਆਂ ਹਨ ਜਿਨ•ਾਂ ਦੀ ਕੀਮਤ 1.28 ਲੱਖ ਰੁਪਏ ਹੈ।
                     ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਨਾ ਤਾਂ ਕੋਈ ਵਾਹਨ ਹੈ ਅਤੇ ਨਾ ਹੀ ਉਨ•ਾਂ ਨੇ ਕਦੇ ਕਰਜ਼ ਲਿਆ ਹੈ ਅਤੇ ਨਾ ਹੀ ਕਰਜ਼ ਦਿੱਤਾ ਹੈ। ਸੰਪਤੀ ਰਿਟਰਨ ਵਿਚ ਇੱਕੋ ਮਦ ਹੈਰਾਨ ਕਰਦੀ ਹੈ ਕਿ ਉਨ•ਾਂ ਨੂੰ ਆਪਣੀ ਪਤਨੀ ਦੇ ਸੰਪਤੀ ਵਾਰੇ ਕੁਝ ਵੀ ਪਤਾ ਨਹੀਂ ਹੈ ਜਦੋਂ ਕਿ ਉਹ ਦੇਸ਼ ਦੀ ਰਗ ਰਗ ਤੋਂ ਜਾਣੂ ਹੋਣ ਦਾ ਦਾਅਵਾ ਕਰਦੇ ਹਨ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਦੀ ਸਾਲ 1968 ਵਿਚ ਜਸ਼ੋਦਾਬੇਨ ਨਾਲ ਸ਼ਾਦੀ ਹੋਈ ਸੀ ਅਤੇ ਉਸ ਨੇ ਇੱਕ ਸਕੂਲ ਅਧਿਆਪਕਾ ਵਜੋਂ ਵੀ ਕੰਮ ਕੀਤਾ ਹੈ। ਹੁਣ ਉਹ ਗੁਜਰਾਤ ਹੀ ਰਹਿ ਰਹੀ ਹੈ। ਉਸ ਨੇ ਖੁਦ ਵੀ ਕਦੇ ਆਪਣੀ ਸੰਪਤੀ ਵਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। 

Sunday, September 24, 2017

                              ਕਪਤਾਨੀ ਫੈਸਲਾ
              ਮੁਫਤ ਬਿਜਲੀ ਦਾ ਪਏਗਾ ਭੋਗ ?
                              ਚਰਨਜੀਤ ਭੁੱਲਰ
ਬਠਿੰਡਾ  : ਕੈਪਟਨ ਹਕੂਮਤ ਨੇ ਕਿਸਾਨਾਂ ਨੂੰ ਖੇਤਾਂ ਲਈ ਮੁਫ਼ਤ ਬਿਜਲੀ ਦੇਣ ਤੋਂ ਕਿਨਾਰਾ ਕਰਨ ਵਾਸਤੇ ਨਵੇਂ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਬਿਜਲੀ ਸਬਸਿਡੀ ਦੇ ਭਾਰ ਨੂੰ ਘਟਾਇਆ ਜਾ ਸਕੇ। ਭਾਵੇਂ ਮੌਜੂਦਾ ਖੇਤੀ ਕੁਨੈਕਸ਼ਨਾਂ ਨੂੰ ਮੁਫ਼ਤ ਦੀ ਬਿਜਲੀ ਸਪਲਾਈ ਜਾਰੀ ਰਹੇਗੀ ਪ੍ਰੰਤੂ ਨਵੇਂ ਕੁਨੈਕਸ਼ਨ ਲੈਣ ਵਾਲੇ ਕਿਸਾਨਾਂ ਨੂੰ ਮੁਫ਼ਤ ਦੀ ਬਿਜਲੀ ਸਪਲਾਈ ਤਿਆਗਣ ਦਾ ਰਾਹ ਖੋਲ• ਦਿੱਤਾ ਹੈ। ਬਿਜਲੀ ਵਿਭਾਗ ਪੰਜਾਬ (ਬਿਜਲੀ ਸੁਧਾਰ ਵਿੰਗ) ਤਰਫ਼ੋਂ ਜੋ ਨਵੀਂ ਪਾਲਿਸੀ ਦੇ ਦਿਸ਼ਾ ਨਿਰਦੇਸ਼ ਤਿਆਰ ਕੀਤੇ ਗਏ ਹਨ, ਉਨ•ਾਂ ਅਨੁਸਾਰ ਹੁਣ ਨਵੇਂ ਕੁਨੈਕਸ਼ਨਾਂ ਦੀ ਇੱਕ ਹੋਰ ਕੈਟਾਗਿਰੀ ਬਣਾ ਦਿੱਤੀ ਗਈ ਹੈ ਜਿਸ ਤਹਿਤ ਕਿਸਾਨਾਂ ਨੂੰ ਨਵੇਂ ਕੁਨੈਕਸ਼ਨਾਂ ਤੇ ਮੀਟਰਡ ਬਿਜਲੀ ਸਪਲਾਈ ਮਿਲੇਗੀ। ਪੰਜਾਬ ਸਰਕਾਰ ਨੇ ਪਾਵਰਕੌਮ ਦੇ ਚੇਅਰਮੈਨ ਨੂੰ ਪੱਤਰ ਭੇਜ ਦਿੱਤਾ ਹੈ ਪੱਤਰ ਅਨੁਸਾਰ ਨਵੀਂ ਪਾਲਿਸੀ ਤਹਿਤ ਟਿਊਬਵੈਲ ਕੁਨੈਕਸ਼ਨਾਂ ਦੀ ਇੱਕ ਹੋਰ ਵੱਖਰੀ ਕੈਟਾਗਿਰੀ ਬਣੇਗੀ ਜਿਸ ਤਹਿਤ ਖੇਤਾਂ ਲਈ ਬਿਜਲੀ ਸਪਲਾਈ ਦਾ ਬਿੱਲ ਲਿਆ ਜਾਵੇਗਾ ਅਤੇ ਕਿਸਾਨ ਨੂੰ ਮੁਫ਼ਤ ਬਿਜਲੀ ਸਪਲਾਈ ਨਹੀਂ ਦਿੱਤੀ ਜਾਵੇਗੀ। 'ਪਹਿਲਾ ਆਓ,ਪਹਿਲਾ ਪਾਓ' ਦੇ ਅਧਾਰ 'ਤੇ ਇਹ ਕੁਨੈਕਸ਼ਨ ਜਾਰੀ ਹੋਣਗੇ। ਜੋ ਵੀ ਕਿਸਾਨ ਇਸ ਕੈਟਾਗਿਰੀ ਤਹਿਤ ਬਿੱਲ ਵਾਲੀ ਬਿਜਲੀ ਲੈਣਾ ਚਾਹੇਗਾ, ਉਸ ਦੀ ਵੱਖਰੀ ਸੀਨੀਅਰਤਾ ਸੂਚੀ ਬਣੇਗੀ।
                      ਸ਼ਰਤ ਲਗਾਈ ਗਈ ਹੈ ਕਿ ਇਸ ਕੈਟਾਗਿਰੀ ਵਿਚ ਨਵਾਂ ਕੁਨੈਕਸ਼ਨ ਲੈਣ ਵਾਲੇ ਕਿਸਾਨ ਦਾ ਭਵਿੱਖ ਵਿਚ ਕੁਨੈਕਸ਼ਨ ਮੁਫ਼ਤ ਬਿਜਲੀ ਸਪਲਾਈ ਵਾਲੀ ਕੈਟਾਗਿਰੀ ਵਿਚ ਤਬਦੀਲ ਨਹੀਂ ਹੋ ਸਕੇਗਾ। ਇਨ•ਾਂ ਕੁਨੈਕਸ਼ਨਾਂ ਤੇ ਮੀਟਰ ਲੱਗਣਗੇ ਅਤੇ ਰੀਡਿੰਗ ਦੇ ਹਿਸਾਬ ਨਾਲ ਬਿੱਲ ਕਿਸਾਨਾਂ ਨੂੰ ਤਾਰਨਾ ਪਵੇਗਾ। ਮੀਟਰ ਵਾਲੀ ਸਪਲਾਈ ਲੈਣ ਵਾਸਤੇ ਸਾਰਾ ਕੁਨੈਕਸ਼ਨ ਖਰਚਾ ਕਿਸਾਨ ਨੂੰ ਝੱਲਣਾ ਪਵੇਗਾ ਅਤੇ ਮੀਟਰ ਤੇ ਹੋਰ ਸਾਜੋ ਸਮਾਨ ਦੇ ਪੈਸੇ ਵੀ ਕਿਸਾਨ ਹੀ ਜਮ•ਾ ਕਰਾਏਗਾ ਇਸ ਪੱਤਰ ਅਨੁਸਾਰ ਮੀਟਰ ਸੜਨ ਆਦਿ ਦੀ ਸੂਰਤ ਵਿਚ ਖਪਤਕਾਰ ਨੂੰ ਫਲੈਟ ਰੇਟ ਲਾ ਕੇ ਬਿਜਲੀ ਬਿੱਲ ਵਸੂਲ ਕੀਤਾ ਜਾਵੇਗਾ। ਨਵੀਂ ਪਾਲਿਸੀ ਅਨੁਸਾਰ ਜਿਨ•ਾਂ ਕਿਸਾਨਾਂ ਨੇ ਕੁਨੈਕਸ਼ਨ ਲਈ ਪਹਿਲਾਂ ਹੀ ਅਪਲਾਈ ਕੀਤਾ ਹੋਇਆ ਹੈ, ਉਹ ਵੀ ਮੀਟਰਡ ਸਪਲਾਈ ਵਾਲੀ ਕੈਟਾਗਿਰੀ ਵਿਚ ਆ ਸਕਣਗੇ। ਇਸ ਕੈਟਾਗਿਰੀ ਵਾਲੇ ਕੁਨੈਕਸ਼ਨ ਦੀ ਦੁਰਵਰਤੋਂ ਹੋਣ ਦੀ ਸੂਰਤ ਵਿਚ ਸਬੰਧਿਤ ਅਧਿਕਾਰੀ ਜਿੰਮੇਵਾਰੀ ਹੋਣਗੇ। ਇਸ ਤੋਂ ਇਲਾਵਾ ਮੀਟਰਡ ਸਪਲਾਈ ਲੈਣ ਵਾਲੇ ਕਿਸਾਨਾਂ ਨੂੰ ਹਲਫ਼ੀਆ ਬਿਆਨ ਵੀ ਦੇਣਾ ਪਵੇਗਾ ਕਿ ਉਹ ਮੁਫ਼ਤ ਬਿਜਲੀ ਸਪਲਾਈ ਕਿਸੇ ਵੀ ਸੂਰਤ ਵਿਚ ਕਲੇਮ ਨਹੀਂ ਕਰਨਗੇ।
                     ਕਿਸਾਨਾਂ ਵਲੋਂ ਗਲਤ ਬਿਆਨੀ ਕਰਨ ਦੀ ਸੂਰਤ ਵਿਚ ਕੁਨੈਕਸ਼ਨ ਕੱਟਣ ਦੇ ਅਧਿਕਾਰ ਪਾਵਰਕੌਮ ਕੋਲ ਹੋਣਗੇ। ਕਿਸਾਨ ਧਿਰਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਟੇਢੇ ਤਰੀਕੇ ਨਾਲ ਮੁਫ਼ਤ ਬਿਜਲੀ ਦਾ ਚੈਪਟਰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਵਿਚ ਉਲਝੇ ਹੋਏ ਹਨ ਅਤੇ ਖੁਦਕੁਸ਼ੀਆਂ ਕਰ ਰਹੇ ਹਨ। ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਕਿਸਾਨਾਂ ਅਤੇ ਸਿਆਸਤਦਾਨਾਂ ਨੂੰ ਖੇਤੀ ਸੈਕਟਰ ਵਾਲੀ ਬਿਜਲੀ ਸਬਸਿਡੀ ਤਿਆਗਣ ਦਾ ਸੱਦਾ ਦਿੱਤਾ ਸੀ ਪ੍ਰੰਤੂ ਕਿਸੇ ਵੀ ਨੇਤਾ ਅਤੇ ਵੱਡੇ ਕਿਸਾਨ ਵਲੋਂ ਇਸ ਵਿਚ ਦਿਲਚਸਪੀ ਨਹੀਂ ਦਿਖਾਈ ਗਈ ਹੈ ਪਾਵਰਕੌਮ ਦੇ ਡਾਇਰੈਕਟਰ (ਵਪਾਰਿਕ) ਸ੍ਰੀ ਓ.ਪੀ.ਗਰਗ ਦਾ ਕਹਿਣਾ ਸੀ ਕਿ ਪੰਜਾਬ ਸਕਰਾਰ ਨੇ ਮਾਲੀ ਪਹੁੰਚ ਰੱਖਣ ਵਾਲੇ ਕਿਸਾਨਾਂ ਵਾਸਤੇ ਨਵੀਂ ਪਾਲਿਸੀ ਬਣਾਈ ਹੈ ਜਿਸ ਤਹਿਤ ਇਹ ਕਿਸਾਨ ਮੀਟਰਡ ਸਪਲਾਈ ਤਹਿਤ ਨਵੇਂ ਕੁਨੈਕਸ਼ਨ ਲੈ ਸਕਣਗੇ ਜਦੋਂ ਕਿ ਮੌਜੂਦਾ ਖਪਤਕਾਰਾਂ ਲਈ ਮੁਫ਼ਤ ਬਿਜਲੀ ਸਪਲਾਈ ਜਾਰੀ ਰਹੇਗੀ। ਇਸ ਨਾਲ ਸਰਕਾਰ ਤੋਂ ਸਬਸਿਡੀ ਦਾ ਬੋਝ ਘਟੇਗਾ ਅਤੇ ਕਿਸਾਨਾਂ ਨੂੰ ਜਲਦੀ ਕੁਨੈਕਸ਼ਨ ਲੈਣ ਦਾ ਮੌਕਾ ਵੀ ਮਿਲੇਗਾ। ਮੀਟਰਡ ਸਪਲਾਈ ਵਾਲਾ ਕੁਨੈਕਸ਼ਨ ਮੁਫ਼ਤ ਬਿਜਲੀ ਸਪਲਾਈ ਵਿਚ ਮਗਰੋਂ ਤਬਦੀਲ ਨਹੀਂ ਹੋ ਸਕੇਗਾ।

Friday, September 15, 2017

                             ਸ਼ਾਹੀ ਰੰਗ 
    ਸਕੂਲ 'ਚ ਬੱਚੇ ਚਾਰ, ਅਧਿਆਪਕ ਪੰਜ
                          ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦਾ ਇਕਲੌਤਾ ਸਰਕਾਰੀ ਸਕੂਲ ਮਹਿਰਾਜ ਹੈ ਜਿਥੇ ਬੱਚੇ ਘੱਟ ਤੇ ਅਧਿਆਪਕ ਵੱਧ ਹਨ। ਹਕੂਮਤ ਬਦਲੀ ਮਗਰੋਂ ਬਠਿੰਡਾ ਦੇ ਪਿੰਡ ਮਹਿਰਾਜ 'ਚ ਐਤਕੀਂ ਇਹ ਬਾਦਸ਼ਾਹੀ ਰੰਗ ਦਿਖੇ ਹਨ। ਸਿੱਖਿਆ ਮਹਿਕਮੇ ਨੇ ਸਭ ਨਿਯਮ ਛਿੱਕੇ ਟੰਗ ਦਿੱਤੇ ਹਨ ਕਿਉਂਕਿ ਇਹ ਮੁੱਖ ਮੰਤਰੀ ਦੇ ਪੁਰਖਿਆਂ ਦੇ ਪਿੰਡ ਦਾ ਸਕੂਲ ਹੈ। ਸਰਕਾਰੀ ਮਿਡਲ ਸਕੂਲ ਪੱਤੀ ਸੰਦਲੀ, ਮੱਲੂਆਣਾ (ਮਹਿਰਾਜ) 'ਚ ਇਸ ਵੇਲੇ ਚਾਰ ਬੱਚੇ ਪੜ•ਦੇ ਹਨ ਜਦੋਂ ਕਿ ਪੰਜ ਅਧਿਆਪਕ ਹਨ। ਪੰਜਾਬ ਸਰਕਾਰ ਇਸ ਸਕੂਲ ਦੇ ਹਰ ਬੱਚੇ ਤੇ ਕਰੀਬ 43 ਹਜ਼ਾਰ ਰੁਪਏ ਪ੍ਰਤੀ ਮਹੀਨਾ ਖਰਚ ਕਰ ਰਹੀ ਹੈ। ਪੰਜਾਬ ਦੇ ਬਹੁਤੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀ ਜਿਆਦਾ ਹਨ ਪ੍ਰੰਤੂ ਉਨ•ਾਂ ਨੂੰ ਅਧਿਆਪਕ ਨਹੀਂ ਮਿਲ ਰਹੇ ਹਨ।  ਵੇਰਵਿਆਂ ਅਨੁਸਾਰ ਇਸ ਮਿਡਲ ਸਕੂਲ ਵਿਚ ਪਹਿਲਾਂ ਤਿੰਨ ਅਧਿਆਪਕ ਸਨ ਅਤੇ ਸਿੱਖਿਆ ਮਹਿਕਮੇ ਨੇ ਦੋ ਅਧਿਆਪਕ ਹੋਰ ਭੇਜ ਦਿੱਤੇ ਹਨ। ਇਸ ਸਕੂਲ ਵਿਚ ਇੱਕ ਹਿੰਦੀ, ਇੱਕ ਪੰਜਾਬੀ ਅਤੇ ਇੱਕ ਪੀ.ਟੀ.ਆਈ ਕੰਮ ਕਰ ਰਹੇ ਸਨ ਅਤੇ ਦੋ ਅਧਿਆਪਕਾਂ ਨੇ ਹੁਣ ਜੁਆਇੰਨ ਕੀਤਾ ਹੈ। ਇਸ ਸਰਕਾਰੀ ਸਕੂਲ ਦੀ ਛੇਵੀਂ ਅਤੇ ਸੱਤਵੀਂ ਕਲਾਸ ਵਿਚ ਇੱਕ ਇੱਕ ਵਿਦਿਆਰਥੀ ਹੈ ਜਦੋਂ ਕਿ ਅੱਠਵੀਂ ਕਲਾਸ ਵਿਚ ਦੋ ਵਿਦਿਆਰਥੀ ਹਨ।
                      ਪਤਾ ਲੱਗਾ ਹੈ ਕਿ ਸਕੂਲ ਅਧਿਆਪਕ ਗਿਣਤੀ 'ਚ ਵਾਧੇ ਲਈ ਘਰੋਂ ਘਰੀ ਵੀ ਗਏ ਹਨ ਪ੍ਰੰਤੂ ਨਿਆਣੇ ਇਸ ਸਰਕਾਰੀ ਸਕੂਲ ਵੱਲ ਮੂੰਹ ਹੀ ਨਹੀਂ ਕਰ ਰਹੇ ਹਨ। ਇਹ ਸਕੂਲ ਪਿੰਡ ਦੀ ਫਿਰਨੀ ਤੋਂ ਦੋ ਕਿਲੋਮੀਟਰ ਦੀ ਦੂਰੀ ਤੋਂ ਘੱਟ ਹੈ। ਇੱਥੋਂ ਦੀ ਸਰਕਾਰੀ ਪ੍ਰਾਇਮਰੀ ਸਕੂਲ (ਮੱਲੂਆਣਾ) ਮਹਿਰਾਜ ਵਿਚ ਕਰੀਬ ਪੰਜ ਬੱਚੇ ਹੀ ਹਨ ਜਦੋਂ ਕਿ ਦੋ ਅਧਿਆਪਕ ਹਨ। ਸਿੱਖਿਆ ਮਹਿਕਮੇ ਨੂੰ ਸਭ ਪਤਾ ਹੈ ਪ੍ਰੰਤੂ ਮੁੱਖ ਮੰਤਰੀ ਦੇ ਪੁਰਖਿਆਂ ਦਾ ਪਿੰਡ ਹੋਣ ਕਰਕੇ ਸਭ ਚੁੱਪ ਹਨ। ਜ਼ਿਲ•ਾ ਸਿੱਖਿਆ ਅਫਸਰ (ਸੈਕੰਡਰੀ) ਬਠਿੰਡਾ ਮਨਿੰਦਰ ਕੌਰ ਦਾ ਕਹਿਣਾ ਸੀ ਕਿ ਇਸ ਸਕੂਲ ਦੇ ਬੱਚਿਆਂ ਦੀ ਗਿਣਤੀ ਤੋਂ ਪਹਿਲਾਂ ਹੀ ਮਹਿਕਮੇ ਨੂੰ ਜਾਣੂ ਕਰਾ ਦਿੱਤਾ ਸੀ ਅਤੇ ਹੁਣ ਦੋ ਹੋਰ ਅਧਿਆਪਕ ਜੋ ਇਸ ਮਿਡਲ ਸਕੂਲ ਵਿਚ ਭੇਜੇ ਗਏ ਹਨ, ਉਨ•ਾਂ ਨੂੰ ਜਲਦੀ ਹੀ ਕਿਧਰੇ ਹੋਰ ਅਡਜਸਟ ਕਰ ਦਿੱਤਾ ਜਾਵੇਗਾ। ਉਨ•ਾਂ ਨੇ ਮਿਡਲ ਸਕੂਲ ਵਾਰੇ ਅੱਜ ਵੀ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਹੈ।
                      ਸੂਤਰ ਆਖਦੇ ਹਨ ਕਿ ਅਧਿਆਪਕ ਵਿਦਿਆਰਥੀ ਅਨੁਪਾਤ ਦੇ ਨਿਯਮ ਇੱਥੇ ਬੇਵੱਸ ਹਨ।  ਮਹਿਰਾਜ ਪਿੰਡ ਦਾ ਇੱਕ ਹੋਰ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਪਿੱਪਲੀ ਹੈ ਜਿਥੇ ਬੱਚਿਆਂ ਦੀ ਗਿਣਤੀ ਡੇਢ ਦਰਜਨ ਹੈ ਜਦੋਂ ਕਿ ਦੋ ਅਧਿਆਪਕ ਹਨ। ਇਵੇਂ ਹੀ ਮਹਿਰਾਜ ਦੇ ਕੋਠੇ ਰੱਥੜੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਬੱਚੇ 27 ਹਨ ਅਤੇ ਦੋ ਅਧਿਆਪਕ ਹਨ। ਸਿੱਖਿਆ ਬਚਾਓ ਕਮੇਟੀ ਦੇ ਦਰਸ਼ਨ ਮੌੜ ਦਾ ਪ੍ਰਤੀਕਰਮ ਸੀ ਕਿ ਅਧਿਆਪਕਾਂ ਦੀ ਤਾਇਨਾਤੀ ਸਿਆਸੀ ਅਧਾਰ ਤੇ ਨਹੀਂ ਬਲਕਿ ਲੋੜ ਦੇ ਅਧਾਰ ਤੇ ਹੋਵੇ। ਉਨ•ਾਂ ਆਖਿਆ ਕਿ ਹੁਣ ਸਿੱਖਿਆ ਮਹਿਕਮੇ ਦੇ ਅਫਸਰਾਂ ਨੇ ਕਿਉਂ ਅੱਖਾਂ ਮੀਟ ਲਈਆਂ ਹਨ।

Thursday, September 14, 2017

                      ਅਸੀਂ ਲੜਾਂਗੇ... 
               ਖੇਤਾਂ ਦੇ ਪੁੱਤ ਬਣਕੇ
                    ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਖ਼ਿੱਤੇ ਦੇ ਛੋਟੇ ਛੋਟੇ ਬੱਚੇ ਸੰਘਰਸ਼ਾਂ ਦੇ ਮਾਅਨੇ ਤਾਂ ਨਹੀਂ ਜਾਣਦੇ ਪ੍ਰੰਤੂ ਏਨਾ ਜਰੂਰ ਭਾਪਦੇ ਹਨ ਕਿ ਘਰਾਂ ਦੇ ਵਿਹੜੇ 'ਚ ਖੈਰ ਨਹੀਂ। ਬਾਪ ਦਾਦੇ ਖੁਦਕੁਸ਼ੀ ਦੇ ਰਾਹ ਚਲੇ ਗਏ ਤੇ ਇਹ ਨਿਆਣੇ ਸੜਕਾਂ 'ਤੇ ਹਨ। ਉਨ•ਾਂ ਦੇ ਚਿਹਰਿਆਂ ਦੀ ਗੰਭੀਰਤਾ ਹਕੂਮਤਾਂ ਨੂੰ ਸੁਨੇਹਾ ਦਿੰਦੀ ਹੈ ਜਿਨ•ਾਂ ਦੀ ਅਣਦੇਖੀ ਨੇ ਉਨ•ਾਂ ਦੇ ਸਿਰ ਦੀ ਛਾਂ ਖੋਹ ਲਈ ਹੈ। ਲੜਾਂਗੇ ਸਾਥੀ.. ਇਨ•ਾਂ ਬੱਚਿਆਂ ਦੇ ਮਨ ਸ਼ਾਇਦ ਇਹੋ ਆਖ ਰਹੇ ਹਨ ਪ੍ਰੰਤੂ ਉਹ ਬਹੁਤੀ ਸੋਝੀ ਨਹੀਂ ਰੱਖਦੇ। ਜਦੋਂ ਉਹ ਵੱਡੇ ਹੋਣਗੇ ਤਾਂ ਸਮਝ ਜਾਣਗੇ ਕਿਉ ਮਾਰਨੇ ਪੈਂਦੇ ਨੇ ਨਾਅਰੇ ਤੇ ਬਜ਼ੁਰਗ ਦਾਦਿਆਂ ਨੂੰ ਰੇਲ ਪਟੜੀਆਂ ਤੇ ਕਿਉਂ ਰੱਖਣਾ ਪੈਂਦਾ ਹੈ ਸਿਰ। ਬਠਿੰਡਾ ਦੇ ਮਿੰਨੀ ਸਕੱਤਰੇਤ ਅੱਗੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਧਰਨੇ ਵਿਚ ਅਨੇਕਾਂ ਬੱਚੇ ਆਪਣੇ ਮਾਪਿਆਂ ਨਾਲ ਬੈਠੇ ਸਨ। ਪਿੰਡ ਲਹਿਰਾ ਬੇਗਾ ਦਾ ਕਿਸਾਨ ਸੋਨੀ ਸਿੰਘ ਜਦੋਂ ਖੁਦਕੁਸ਼ੀ ਕਰ ਗਿਆ ਤਾਂ ਉਸ ਦੀ ਪਤਨੀ ਵੀ ਆਪਣਾ ਬੱਚਾ ਛੱਡ ਕੇ ਪੇਕੇ ਘਰ ਚਲੀ ਗਈ। ਡੇਢ ਵਰ•ੇ ਦਾ ਬੱਚਾ ਅਮਨਦੀਪ ਹੁਣ ਆਪਣੀ ਦਾਦੀ ਹਮੀਰ ਕੌਰ ਨਾਲ ਹਰ ਧਰਨੇ ਵਿਚ ਜਾਂਦਾ ਹੈ। ਉਸ ਦੀ ਭਾਵੇਂ ਹਾਲੇ ਸੁਰਤ ਵੀ ਨਹੀਂ ਸੰਭਲੀ ਪ੍ਰੰਤੂ ਖੇਤਾਂ ਦੇ ਸੰਕਟ ਵਿਚ ਇਸ ਬੱਚੇ ਦੇ ਚੋਹਲ ਮੋਹਲ ਗੁਆਚ ਗਏ ਹਨ।
                     ਦਾਦੀ ਦੱਸਦੀ ਹੈ ਕਿ ਹਕੂਮਤਾਂ ਨੇ ਬਚਪਨ ਖੋਹ ਲਏ ਹਨ ਅਤੇ ਬਚਪਨ ਵੀ ਅਮੀਰੀ ਗਰੀਬੀ ਦੇ ਪਾੜੇ ਵਿਚ ਪਿਸ ਗਿਆ ਹੈ। ਪਿੰਡ ਕੋਟੜਾ ਦਾ ਤਿੰਨ ਵਰਿ•ਆਂ ਦਾ ਬੱਚੇ ਗੁਰਸ਼ਰਨ ਨੇ ਵੀ ਸਕੂਲ ਦੇਖਣ ਤੋਂ ਪਹਿਲਾਂ ਹੀ ਸੰਘਰਸ਼ਾਂ ਦੇ ਰੰਗ ਵੇਖ ਲਏ ਹਨ ਜੋ ਆਪਣੇ ਦਾਦੇ ਨਾਲ ਪੁੱਜਦਾ ਹੈ। ਬਹੁਤੇ ਸਕੂਲੀ ਬੱਚੇ ਆਪਣੇ ਭਵਿੱਖ ਲਈ ਨਾਅਰੇ ਮਾਰਦੇ ਹਨ।  ਪਿੰਡ ਰਾਮਪੁਰਾ ਦਾ ਢਾਈ ਵਰਿ•ਆਂ ਦਾ ਬੱਚਾ ਜਸਪ੍ਰੀਤ ਅੱਜ ਧਰਨੇ ਵਿਚ ਝੰਡਾ ਚੁੱਕੀ ਖੜ•ਾ ਸੀ। ਉਹ ਖੇਤਾਂ ਦੇ ਝੁੱਲੇ ਝੱਖੜਾਂ ਬਾਰੇ ਕੁਝ ਨਹੀਂ ਜਾਣਦਾ ਪ੍ਰੰਤੂ ਝੰਡੇ ਦਾ ਰੰਗ ਅਤੇ ਵੱਜਦੇ ਨਾਅਰੇ ਉਸ ਨੂੰ ਹਲੂਣਾ ਦਿੰਦੇ ਹਨ। ਏਦਾ ਦੇ ਸੈਂਕੜੇ ਬੱਚੇ ਹਨ ਜਿਨ•ਾਂ ਦੇ ਬਾਪ ਖੁਦਕੁਸ਼ੀ ਦੇ ਰਾਹ ਚਲੇ ਗਏ ਅਤੇ ਪਿਛੇ ਦੁੱਖਾਂ ਦੀ ਪੰਡ ਨਿਆਣੀ ਉਮਰੇ ਉਨ•ਾਂ ਦੀ ਝੋਲੀ ਪੈ ਗਈ ਹੈ। ਮਹਿਲਾ ਨੇਤਾ ਬਿੰਦੂ ਦਾ ਪ੍ਰਤੀਕਰਮ ਸੀ ਕਿ ਸੈਂਕੜੇ ਮਾਂਵਾਂ ਹਨ ਜਿਨ•ਾਂ ਨਾਲ ਬੱਚੇ ਧਰਨੇ ਮੁਜ਼ਾਹਰਿਆਂ ਵਿਚ ਆਉਂਦੇ ਹਨ ਅਤੇ ਥੋੜੀ ਵੱਡੀ ਉਮਰ ਦੇ ਬੱਚੇ ਤਾਂ ਕਿਸਾਨ ਸੰਘਰਸ਼ਾਂ ਦੇ ਸਾਥੀ ਵੀ ਬਣ ਗਏ ਹਨ। ਬਠਿੰਡਾ ਮਾਨਸਾ ਵਿਚ ਇਹ ਰੁਝਾਨ ਕਾਫੀ ਵਧ ਗਿਆ ਹੈ ਕਿ ਸੜਕਾਂ ਤੇ ਹੁਣ ਸੰਘਰਸ਼ਾਂ ਵਿਚ ਬੱਚੇ ਕਾਫੀ ਦਿੱਖਦੇ ਹਨ।
                                           ਵੱਡੀ ਸੱਟ ਬਚਪਨ ਨੂੰ ਵੱਜੀ ਹੈ : ਅਮੋਲਕ ਸਿੰਘ
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦਾ ਪ੍ਰਤੀਕਰਮ ਸੀ ਕਿ ਸੰਕਟ ਵੱਡਾ ਹੈ ਜਿਸ ਨੇ ਬਚਪਨ ਨੂੰ ਮਧੋਲ ਦਿੱਤਾ ਹੈ। ਵੱਡਾ ਸੰਤਾਪ ਇਨ•ਾਂ ਬੱਚਿਆਂ ਨੂੰ ਹੰਢਾਉਣਾ ਪੈ ਰਿਹਾ ਹੈ ਜੋ ਕਿ ਮੂੰਹੋ ਕੁਝ ਵੀ ਦੱਸਣ ਤੋਂ ਬੇਵੱਸ ਹਨ ਪ੍ਰੰਤੂ ਉਨ•ਾਂ ਦੇ ਮਾਸੂਮ ਚਿਹਰੇ ਸਭ ਕੁਝ ਬਿਆਨ ਕਰ ਰਹੇ ਹਨ। ਉਨ•ਾਂ ਆਖਿਆ ਕਿ ਖੇਤੀ ਸੰਕਟਾਂ ਦੀ ਵੱਡੀ ਸੱਟ ਤਾਂ ਬਚਪਨ ਨੂੰ ਹੀ ਪਈ ਹੈ ਪ੍ਰੰਤੂ ਸਰਕਾਰਾਂ ਦੀ ਅੱਖ ਚੋਂ ਫਿਰ ਵੀ ਹੰਝੂ ਨਹੀਂ ਕਿਰੇ

Sunday, September 10, 2017

                    ਅਸੈਂਬਲੀ ਸੈਸ਼ਨ ਚੋਂ 
      35 ਵਿਧਾਇਕ ਸੁੱਚੇ ਮੂੰਹ ਹੀ ਮੁੜੇ
                     ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਹਕੂਮਤ ਦੇ ਪਹਿਲੇ ਅਸੈਂਬਲੀ ਸੈਸ਼ਨ 'ਚ 35 ਵਿਧਾਇਕਾਂ ਨੇ ਮੂੰਹ ਹੀ ਨਹੀਂ ਖੋਲਿ•ਆ ਜਦੋਂ ਕਿ 'ਆਪ' ਵਿਧਾਇਕਾਂ ਨੇ ਸੁਆਲਾਂ ਦੀ ਝੜੀ 'ਚ ਝੰਡੀ ਲੈ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਸੁਆਲ ਪੁੱਛਣ ਤੋਂ ਟਾਲਾ ਹੀ ਵੱਟਿਆ। ਜੂਨ 2017 ਵਿਚ ਹੋਏ ਸੈਸ਼ਨ 'ਚ ਵਿਧਾਇਕਾਂ ਤਰਫ਼ੋਂ 1042 ਸਟਾਰਡ ਅਤੇ ਅਨਸਟਾਰਡ ਸੁਆਲ ਦਿੱਤੇ ਗਏ ਸਨ ਜਿਨ•ਾਂ ਚੋਂ 679 ਸੁਆਲ ਪ੍ਰਵਾਨ ਕੀਤੇ ਗਏ ਸਨ। ਪ੍ਰਵਾਨ ਕੀਤੇ ਸੁਆਲਾਂ ਚੋਂ ਕਰੀਬ 44 ਫੀਸਦੀ ਸੁਆਲ ਇਕੱਲੇ 'ਆਪ' ਵਿਧਾਇਕਾਂ ਦੇ ਸਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਵਜ਼ੀਰ ਸ਼ਰਨਜੀਤ ਸਿੰਘ ਢਿੱਲੋਂ ,ਪਰਮਿੰਦਰ ਸਿੰਘ ਢੀਂਡਸਾ ਨੇ ਇਸ ਸੈਸ਼ਨ ਵਿਚ ਇੱਕ ਵੀ ਸੁਆਲ ਨਹੀਂ ਪੁੱਛਿਆ ਜਦੋਂ ਕਿ ਬਿਕਰਮ ਸਿੰਘ ਮਜੀਠੀਆ ਨੇ 7 ਸੁਆਲ ਪੁੱਛੇ ਹਨ। ਪੰਜਾਬ ਵਿਧਾਨ ਸਭਾ ਸਕੱਤਰੇਤ ਤੋਂ ਆਰਟੀਆਈ 'ਚ ਪ੍ਰਾਪਤ ਵੇਰਵਿਆਂ ਅਨੁਸਾਰ ਕੋਟਕਪੂਰਾ ਤੋਂ 'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਭ ਤੋਂ ਜਿਆਦਾ 62 ਸੁਆਲ ਸੈਸ਼ਨ ਦੌਰਾਨ ਪੁੱਛੇ ਹਨ ਜਦੋਂ ਕਿ ਦੂਸਰਾ ਨੰਬਰ 'ਆਪ' ਵਿਧਾਇਕ ਹਰਪਾਲ ਸਿੰਘ ਚੀਮਾ ਦਾ ਹੈ ਜਿਸ ਨੇ 38 ਸੁਆਲ ਪੁੱਛੇ ਹਨ।
                     ਜੈਤੋ ਹਲਕੇ ਦੇ 'ਆਪ' ਵਿਧਾਇਕ ਬਲਦੇਵ ਸਿੰਘ ਸੁਆਲ ਪੁੱਛਣ ਦੇ ਮਾਮਲੇ ਵਿਚ 35 ਸੁਆਲਾਂ ਨਾਲ ਤੀਸਰੇ ਨੰਬਰ ਤੇ ਹਨ। ਅਸੈਂਬਲੀ ਸੈਸ਼ਨ ਵਿਚ ਕੁੱਲ 73 ਵਿਧਾਇਕਾਂ ਨੇ ਸੁਆਲ ਕੀਤੇ ਹਨ। ਮੁੱਖ ਮੰਤਰੀ ਤੋਂ ਇਲਾਵਾ ਵਜ਼ੀਰਾਂ ਦੀ ਗਿਣਤੀ 8 ਹੈ। ਇਵੇਂ ਹੀ 'ਆਪ' ਦੇ ਵਿਧਾਇਕ ਅਮਨ ਅਰੋੜਾ ਨੇ 24,ਨਾਜ਼ਰ ਸਿੰਘ ਮਾਨਸ਼ਾਹੀਆ ਨੇ 23,ਪ੍ਰੋ.ਬਲਜਿੰਦਰ ਕੌਰ ਨੇ 21 ਅਤੇ ਪਿਰਮਲ ਧੌਲ਼ਾ ਨੇ 16 ਸੁਆਲ ਪੁੱਛੇ ਹਨ। ਦੂਸਰੇ ਵਿਧਾਇਕਾਂ ਚੋਂ ਹਰਦਿਆਲ ਸਿੰਘ ਕੰਬੋਜ ਨੇ 15, ਬਲਵੀਰ ਸਿੱਧੂ ਨੇ 18, ਕੁਲਬੀਰ ਜੀਰਾ ਨੇ 14,ਸੁਰਜੀਤ ਧੀਮਾਨ ਨੇ 13,ਹਰਿੰਦਰਪਾਲ ਚੰਦੂਮਾਜਰਾ ਨੇ 11,ਮਦਨ ਲਾਲ ਜਲਾਲਪੁਰ ਨੇ 14 ਨੇ ਸੁਆਲ ਕੀਤੇ ਹਨ। ਦੂਸਰੀ ਤਰਫ਼ ਕੰਵਰਜੀਤ ਰੋਜ਼ੀ ਬਰਕੰਦੀ ਨੇ ਦੋ, ਦਿਲਰਾਜ ਭੂੰਦੜ ਨੇ ਦੋ,ਸੁਰਿੰਦਰ ਕੁਮਾਰ ਡਾਵਰ ਨੇ ਦੋ,ਰਜਿੰਦਰ ਬੇਰੀ ਨੇ ਇੱਕ,ਹਰਜੋਤ ਕਮਲ ਨੇ ਤਿੰਨ ਸੁਆਲ ਪੁੱਛੇ ਹਨ। ਸਭ ਤੋਂ ਵੱਧ ਸੁਆਲ ਪੁੱਛਣ ਵਾਲੇ 'ਆਪ' ਵਿਧਾਇਕ ਕੁਲਤਾਰ ਸੰਧਵਾਂ ਦਾ ਕਹਿਣਾ ਸੀ ਕਿ ਉਸ ਦੇ ਕਾਫੀ ਸੁਆਲ ਤਾਂ ਹਾਲੇ ਪ੍ਰਵਾਨ ਨਹੀਂ ਕੀਤੇ ਗਏ ਹਨ ਜਦੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦਾ ਕਹਿਣਾ ਸੀ ਕਿ ਵਿਧਾਇਕ ਦੀ ਅਸਲੀ ਡਿਊਟੀ ਤਾਂ ਵਿਧਾਨ ਸਭਾ 'ਚ ਹੀ ਹੁੰਦੀ ਹੈ।
                  ਅਕਾਲੀ ਤੇ ਕਾਂਗਰਸੀ ਵਿਧਾਇਕਾਂ ਦਾ ਤਰਕ ਹੈ ਕਿ ਉਨ•ਾਂ ਦੇ ਸੁਆਲ ਪ੍ਰਵਾਨ ਹੀ ਨਹੀਂ ਕੀਤੇ ਗਏ ਹਨ ਜਦੋਂ ਕਿ ਉਨ•ਾਂ ਨੇ ਸੁਆਲ ਪੁੱਛੇ ਸਨ। ਸਰਕਾਰੀ ਸੂਚਨਾ ਅਨੁਸਾਰ ਜਿਨ•ਾਂ ਵਿਧਾਇਕਾਂ ਨੇ ਇੱਕ ਵੀ ਸੁਆਲ ਨਹੀਂ ਪੁੱਛਿਆ,ਉਨ•ਾਂ ਵਿਚ ਵਿਧਾਇਕ ਓਮ ਪ੍ਰਕਾਸ਼ ਸੋਨੀ,ਸੁਨੀਲ ਦੱਤੀ,ਇੰਦਰਬੀਰ ਸਿੰਘ ਬੁਲਾਰੀਆ, ਰਾਜ ਕੁਮਾਰ ਵੇਰਕਾ,ਤਰਸੇਮ ਸਿੰਘ,ਸੁਖਵਿੰਦਰ ਸਿੰਘ ਡੈਨੀ,ਸੁਖਬਿੰਦਰ ਸਿੰਘ ਸਰਕਾਰੀਆ,ਪ੍ਰੀਤਮ ਸਿੰਘ ਕੋਟਭਾਈ,ਕੁਸ਼ਲਦੀਪ ਸਿੰਘ ਢਿੱਲੋਂ,ਗੁਰਪ੍ਰੀਤ ਸਿੰਘ ਬੱਸੀ ਪਠਾਣਾਂ,ਦਵਿੰਦਰ ਸਿੰਘ ਘੁਬਾਇਆ, ਬਲਵਿੰਦਰ ਸਿੰਘ ਲਾਡੀ,ਫਤਹਿਜੰਗ ਸਿੰਘ ਬਾਜਵਾ, ਅਰੁਣ ਡੋਗਰਾ,ਸੁੰਦਰ ਸ਼ਾਮ ਅਰੋੜਾ,ਪਵਨ ਕੁਮਾਰ ਆਦਿਆ,ਪ੍ਰਗਟ ਸਿੰਘ,ਸੁਸ਼ੀਲ ਕੁਮਾਰ ਰਿੰਕੂ,ਚੌਧਰੀ ਸੁਰਿੰਦਰ ਸਿੰਘ,ਬਲਦੇਵ ਸਿੰਘ ਖਾਹਰਾ, ਸੰਜੀਵ ਤਲਵਾੜ,ਅਮਰੀਕ ਸਿੰਘ ਢਿਲੋਂ,ਦਰਸ਼ਨ ਸਿੰਘ ਬਰਾੜ,ਸੁਖਜੀਤ ਸਿੰਘ ਧਰਮਕੋਟ,ਜੋਗਿੰਦਰਪਾਲ,ਅਮਿਤ ਵਿੱਜ, ਰਜਿੰਦਰ ਸਿੰਘ ਸਮਾਣਾ,ਅਮਰਿੰਦਰ ਸਿੰਘ ਰਾਜਾ ਵੜਿੰਗ,ਵਿਜੇ ਇੰਦਰ ਸਿੰਗਲਾ, ਰਮਨਜੀਤ ਸਿੰਘ ਸਹੋਤਾ, ਡਾ.ਧਰਮਬੀਰ ਅਗਨੀਹੋਤਰੀ ਸ਼ਾਮਿਲ ਹਨ।
                                          ਜੁਆਬਦੇਹੀ ਤੋਂ ਭੱਜ ਰਹੇ ਹਨ: ਅਰਸ਼ੀ
ਬੈਸਟ ਵਿਧਾਨਕਾਰ ਰਹੇ ਕਾਮਰੇਡ ਹਰਦੇਵ ਅਰਸ਼ੀ ਦਾ ਪ੍ਰਤੀਕਰਮ ਸੀ ਕਿ ਅਸਲ ਵਿਚ ਹੁਣ ਸਿਆਸਤ  ਸੇਵਾ ਨਹੀਂ ਤੇ ਵਪਾਰ ਬਣ ਗਈ ਹੈ ਜਿਸ ਦਾ ਇਹ ਨਮੂਨਾ ਹੈ ਕਿ 35 ਵਿਧਾਇਕ ਕੋਈ ਸੁਆਲ ਹੀ ਕਰਨ। ਉਨ•ਾਂ ਆਖਿਆ ਕਿ ਕਾਨੂੰਨਘਾੜੇ ਲੋਕਾਂ ਪ੍ਰਤੀ ਜੁਆਬਦੇਹੀ ਤੋਂ ਭੱਜਣ ਲੱਗੇ ਹਨ ਅਤੇ ਪੁਰਾਣੇ ਨੇਤਾ ਵੀ ਹੁਣ ਨਵੇਂ ਵਿਧਾਇਕਾਂ ਨੂੰ ਸੈਸ਼ਨ ਵਾਰੇ ਕੋਈ ਗਿਆਨ ਦੇਣ ਦੀ ਖੇਚਲਾ ਨਹੀਂ ਕਰਦੇ ਹਨ।