Sunday, September 29, 2013

                                     ਕੂਕ ਕਲਾਵਤੀ ਦੀ
                    ਮੇਰਾ ਲੁੱਟਿਆ ਗਿਆ ਸੁਹਾਗ...
                                      ਚਰਨਜੀਤ ਭੁੱਲਰ
ਬਠਿੰਡਾ :  ਮਾਲਵਾ ਪੱਟੀ ਦੀ ਕਲਾਵਤੀ ਤਾਂ ਜ਼ਿੰਦਗੀ ਹੱਥੋਂ ਵੀ ਹਾਰ ਗਈ ਹੈ। ਖੇਤੀ ਸੰਕਟ ਨੇ ਸਮਾਜਿਕ ਸੱਟ ਵੀ ਮਾਰੀ ਹੈ। ਸੁਹਾਗ ਤੇ ਸਪਰੇਅ, ਹਰ ਕਲਾਵਤੀ ਇਨ੍ਹਾਂ ਲਫਜ਼ਾਂ ਤੋਂ ਹੁਣ ਤ੍ਰਿਭਕ ਪੈਂਦੀ ਹੈ। ਜ਼ਿੰਦਗੀ ਨੇ ਇਸ ਕਲਾਵਤੀ ਨੂੰ ਵਾਰ ਵਾਰ ਝਟਕੇ ਦਿੱਤੇ। ਫਿਰ ਵੀ ਉਹ ਹਾਰੀ ਨਹੀਂ ਕਿਉਂਕਿ ਖੇਤਾਂ ਦੇ ਵਾਰਸਾਂ ਨੂੰ ਉਹ ਗੁਆਉਣਾ ਨਹੀਂ ਚਾਹੁੰਦੀ ਹੈ। ਰਾਹੁਲ ਗਾਂਧੀ ਨੂੰ ਵਿਦਰਭ ਦੀ ਵਿਧਵਾ ਕਲਾਵਤੀ, ਜਿਸ ਦਾ ਪਤੀ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਗਿਆ ਸੀ, ਨੇ ਹਲੂਣ ਦਿੱਤਾ ਸੀ। ਉਸ ਕਲਾਵਤੀ ਦੀ ਆਵਾਜ਼ ਸੰਸਦ ਵਿੱਚ ਵੀ ਗੂੰਜੀ ਸੀ ਪਰ ਮਾਲਵੇ ਦੀਆਂ ਕਲਾਵਤੀਆਂ ਦਾ ਦਰਦ ਘਰਾਂ ਦੀ ਦੇਹਲੀ ਪਾਰ ਨਹੀਂ ਕਰ ਸਕਿਆ। ਖ਼ੁਦਕੁਸ਼ੀ ਕਰ ਗਏ ਹਰ ਕਿਸਾਨ ਦੀ ਵਿਧਵਾ ਦਾ ਦੁੱਖ ਵੱਡਾ ਹੈ। ਪਿੰਡ ਭੂੰਦੜ ਦੀ ਕਰਨੈਲ ਕੌਰ ਦੀ ਜ਼ਿੰਦਗੀ ਦੀ ਪਤੰਗ ਦੀ ਡੋਰ ਤਾਂ ਵਾਰ ਵਾਰ ਕੱਟੀ ਗਈ। ਉਹ ਪਤੀ ਵੀ ਗੁਆ ਬੈਠੀ ਹੈ ਅਤੇ ਜ਼ਮੀਨ ਵੀ। ਉਸ ਦਾ ਪਤੀ ਬੂਟਾ ਸਿੰਘ ਖ਼ੁਦਕੁਸ਼ੀ ਕਰ ਗਿਆ। ਉਸ ਨੇ ਭਾਣਾ ਮੰਨ ਲਿਆ। ਦੋ ਲੜਕਿਆਂ ਤੇ ਇੱਕ ਬੱਚੀ ਉਸ ਦੀ ਢਾਰਸ ਹੈ। ਕਰੀਬ ਪੰਜ ਏਕੜ ਜ਼ਮੀਨ ਵੀ ਕਰਜ਼ੇ ਵਿੱਚ ਵਿਕ ਗਈ। ਸਿਰਫ਼ ਡੇਢ ਏਕੜ ਜ਼ਮੀਨ ਬਚੀ ਹੈ। ਸਮਾਜਿਕ ਤੌਰ 'ਤੇ ਜਦੋਂ ਉਸ ਨੂੰ ਦਿਓਰ ਹਰਦੇਵ ਸਿੰਘ ਦੇ ਲੜ ਲਾ ਦਿੱਤਾ ਤਾਂ ਉਸ ਨੂੰ ਮੁੜ ਧਰਵਾਸ ਬੱਝਿਆ। ਥੋੜ੍ਹੇ ਸਮੇਂ ਮਗਰੋਂ ਹਰਦੇਵ ਸਿੰਘ ਵੀ ਖ਼ੁਦਕੁਸ਼ੀ ਦੇ ਰਾਹ ਚਲਾ ਗਿਆ। ਕਰਜ਼ੇ ਨੇ ਉਸ ਦੀ ਵਾਰ ਵਾਰ ਪ੍ਰੀਖਿਆ ਲਈ। ਦੋ ਵਾਰ ਉਸ ਦਾ ਸੁਹਾਗ ਉੱਜੜ ਗਿਆ। ਉਹ ਖੁਦ ਟੀਬੀ ਤੋਂ ਪੀੜਤ ਹੈ। ਸਰਕਾਰ ਨੇ ਤਾਂ ਉਸ ਨੂੰ ਦੋ ਲੱਖ ਰੁਪਏ ਦੀ ਮਾਲੀ ਮਦਦ ਵੀ ਨਹੀਂ ਦਿੱਤੀ। ਉਹ ਆਖਦੀ ਹੈ ਕਿ ਜਿਸ ਦੇ ਸਿਰ ਪੈਂਦੀ ਹੈ, ਬੱਸ ਉਹੀ ਜਾਣਦਾ ਹੈ।
                   ਪਿੰਡ ਗਿੱਦੜ ਦੀ ਵੀਰਾਂ ਕੌਰ ਹੁਣ ਕਿਸ ਬੂਹੇ 'ਤੇ ਜਾਵੇ। ਜਦੋਂ ਉਸ ਦੇ ਬੱਚਾ ਹੋਇਆ ਤਾਂ ਉਸ ਨੇ ਉਸ ਦਾ ਨਾਂ ਸਿਕੰਦਰ ਰੱਖਿਆ। ਇਹ ਕਲਾਵਤੀ ਅਣਜਾਣ ਸੀ ਕਿ ਸਮੇਂ ਦੇ ਸਿਕੰਦਰ ਹੁਣ ਕੋਈ ਵਾਹ ਨਹੀਂ ਜਾਣ ਦਿੰਦੇ। ਗੱਦੀ 'ਤੇ ਬੈਠੇ ਸਿਕੰਦਰਾਂ ਨੂੰ ਅੰਨਦਾਤੇ ਦਾ ਝੋਰਾ ਹੁੰਦਾ ਤਾਂ ਵੀਰਾਂ ਕੌਰ ਦੇ ਪਤੀ ਬਿੰਦਰ ਸਿੰਘ ਨੂੰ ਖ਼ੁਦਕੁਸ਼ੀ ਨਾ ਕਰਨੀ ਪੈਂਦੀ। ਜਦੋਂ ਘਰ ਦੇ ਤੀਲੇ ਬਿਖਰਨ ਲੱਗੇ ਤਾਂ ਮਾਪਿਆਂ ਨੇ ਆਪਣੀ ਧੀ ਵੀਰਾਂ ਕੌਰ ਨੂੰ ਮ੍ਰਿਤਕ ਦੇ ਛੋਟੇ ਭਰਾ ਦੇ ਲੜ ਲਾ ਦਿੱਤਾ। ਪੈਰ ਸੰਭਲੇ ਹੀ ਸਨ ਕਿ ਬਿੰਦਰ ਸਿੰਘ ਦਾ ਛੋਟਾ ਭਰਾ ਵੀ ਦੁਨੀਆ ਤੋਂ ਵਿਦਾ ਹੋ ਗਿਆ। ਵੀਰਾਂ ਕੌਰ ਦੇ ਹੱਥ ਹੁਣ ਖ਼ਾਲੀ ਹਨ। ਉਸ ਦਾ ਬੱਚਾ ਸਿਕੰਦਰ ਅਣਜਾਣ ਹੈ ਅਤੇ ਉਸ ਦੇ ਸਿਰ ਉਮਰ ਤੋਂ ਵੱਡਾ ਕਰਜ਼ਾ ਹੈ। ਸਰਕਾਰੀ ਸਰਵੇਖਣ ਵਿੱਚ ਸਿਕੰਦਰ ਸਿਰ 18 ਲੱਖ ਦਾ ਕਰਜ਼ਾ ਹੈ। ਹੁਣ ਉਸ ਦੇ ਹੰਝੂ ਸੁੱਕਣ ਦਾ ਨਾਂ ਨਹੀਂ ਲੈ ਰਹੇ ਹਨ। ਇਸ ਵਿਧਵਾ ਨੂੰ ਪਲ ਪਲ ਆਪਣੇ ਆਪ ਨਾਲ ਜੰਗ ਲੜਨੀ ਪੈ ਰਹੀ ਹੈ ਪਰ ਫਿਰ ਵੀ ਉਹ ਪਤੀ ਦੇ ਵਿਗੋਚੇ 'ਚੋਂ ਬਾਹਰ ਨਿਕਲਣ ਦਾ ਯਤਨ ਕਰਦੀ ਹੈ। ਇਨ੍ਹਾਂ ਵਿਧਵਾਵਾਂ ਨੂੰ ਅੱਜ ਵੀ ਹੌਲ ਪੈਂਦੇ ਹਨ। ਇਨ੍ਹਾਂ ਦੇ ਵਾਰ ਵਾਰ ਸੁਹਾਗ ਉੱਜੜੇ, ਜਿਸ ਦੀ ਮਾਨਸਿਕ ਪੀੜ ਵੀ ਘੱਟ ਨਹੀਂ ਹੈ। ਦੱਸਣਯੋਗ ਹੈ ਕਿ ਖੇਤੀ ਸੰਕਟ ਦਾ ਸੰਤਾਪ ਔਰਤਾਂ ਨੇ ਵੀ ਬਰਾਬਰ ਭੋਗਿਆ ਹੈ। ਸਾਲ 2000 ਤੋਂ 2008 ਤੱਕ ਬਠਿੰਡਾ ਜ਼ਿਲ੍ਹੇ ਵਿੱਚ 137 ਔਰਤਾਂ ਨੇ  ਕਰਜ਼ਿਆਂ ਦੇ ਜੰਜਾਲ ਕਾਰਨ ਖ਼ੁਦਕੁਸ਼ੀ ਕੀਤੀ ਹੈ। ਇਹ ਅੰਕੜੇ ਸਰਕਾਰੀ ਸਰਵੇਖਣ ਰਿਪੋਰਟ ਦੇ ਹਨ। ਕੇਂਦਰ ਸਰਕਾਰ ਵੱਲੋਂ ਮਹਾਰਾਸ਼ਟਰ ਦੇ ਵਿਦਰਭ ਖ਼ਿੱਤੇ ਦੀਆਂ ਵਿਧਵਾਵਾਂ ਲਈ ਤਾਂ ਸਪੈਸ਼ਲ ਪੈਕੇਜ ਦਿੱਤਾ ਸੀ ਪਰ ਪੰਜਾਬ ਦੇ ਮਾਲਵਾ ਖ਼ਿੱਤੇ ਦੀਆਂ ਵਿਧਵਾਵਾਂ ਅੱਜ ਵੀ ਸਰਕਾਰਾਂ ਦੇ ਮੂੰਹ ਵੱਲ ਵੇਖ ਰਹੀਆਂ ਹਨ।
                   ਪਿੰਡ ਹਾਕਮ ਸਿੰਘ ਵਾਲਾ ਦੀ ਵਿਧਵਾ ਮੁਖਤਿਆਰ ਕੌਰ ਦੇ ਘਰ ਤਾਂ ਵਾਰ ਵਾਰ ਸੱਥਰ ਵਿਛੇ ਪਰ ਹਾਕਮਾਂ ਨੂੰ ਫਿਰ ਵੀ ਦਰਦ ਨਾ ਆਇਆ। ਉਸ ਦਾ ਪਤੀ ਸੁਖਮੰਦਰ ਸਿੰਘ ਰੁਜ਼ਗਾਰ ਲਈ ਇਰਾਕ ਗਿਆ ਸੀ ਪਰ ਉਸ ਦੀ ਮ੍ਰਿਤਕ ਦੇਹ ਹੀ ਪਿੰਡ ਪੁੱਜੀ। ਉਸ ਨੂੰ ਸਮਾਜ ਨੇ ਜੇਠ ਦੇ ਲੜ ਲਾ ਦਿੱਤਾ ਤਾਂ ਜੋ ਉਸ ਦੀ ਜ਼ਿੰਦਗੀ ਸੰਭਲ ਜਾਏ। ਥੋੜ੍ਹੇ ਸਮੇਂ ਮਗਰੋਂ ਉਸ ਦਾ ਇਹ ਪਤੀ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਗਿਆ। ਇਸ ਵਿਧਵਾ ਦਾ ਰੋਣਾ ਝੱਲਿਆ ਨਹੀਂ ਜਾ ਰਿਹਾ ਸੀ। ਉਸ ਦਾ ਕਹਿਣਾ ਸੀ ਕਿ ਉਸ ਦੀ ਜ਼ਿੰਦਗੀ ਤਾਂ ਵਾਰ ਵਾਰ ਲੁੱਟੀ ਗਈ। ਉਸ ਨੇ ਦੱਸਿਆ ਕਿ ਉਸ ਦੇ ਦਿਓਰ ਦੀ ਵੀ ਭਰੀ ਜਵਾਨੀ ਵਿੱਚ ਮੌਤ ਹੋ ਗਈ।  ਵਿਧਵਾ ਮੁਖਤਿਆਰ ਕੌਰ ਹੁਣ ਕੱਪੜਿਆਂ ਦੀ ਸਿਲਾਈ ਕਰਕੇ ਬੱਚੇ ਪਾਲ ਰਹੀ ਹੈ। ਉਹ ਵਰ੍ਹਿਆਂ ਤੋਂ ਸਰਕਾਰੀ ਰਾਸ਼ੀ ਦੀ ਉਡੀਕ ਵਿੱਚ ਹੈ। ਇਨ੍ਹਾਂ ਔਰਤਾਂ ਦੇ ਜ਼ਖ਼ਮ ਤਾਂ ਅੱਜ ਵੀ ਅੱਲੇ ਹਨ। ਪਿੰਡ ਜੇਠੂਕੇ ਦੀ ਅਮਰਜੀਤ ਕੌਰ ਕੋਲ ਸਿਰਫ਼ ਕਰਜ਼ਾ ਬਚਿਆ ਹੈ। ਜਦੋਂ ਉਸ ਦੇ ਪਤੀ ਦੀ ਮੌਤ ਹੋਈ ਤਾਂ ਉਸ ਦਾ ਬੱਚਾ ਮਸਾਂ 7 ਮਹੀਨੇ ਦਾ ਸੀ। ਵਿਆਹ ਤੋਂ ਥੋੜ੍ਹੇ ਸਮੇਂ ਮਗਰੋਂ ਹੀ ਜ਼ਿੰਦਗੀ ਨੇ ਅਮਰਜੀਤ ਦੇ ਪੈਰ ਉਖਾੜ ਦਿੱਤੇ। ਮਾਪਿਆਂ ਨੇ ਲੜਕੀ ਦਾ ਘਰ ਵਸਾਉਣ ਲਈ ਉਸ ਦਾ ਵਿਆਹ ਮੁੜ ਪਿੰਡ ਜੇਠੂਕੇ ਵਿਖੇ ਕਰ ਦਿੱਤਾ। ਉਸ ਦਾ ਦੂਜਾ ਪਤੀ ਜੁਗਰਾਜ ਸਿੰਘ ਵੀ ਇਸ ਦੁਨੀਆ ਵਿੱਚ ਨਹੀਂ ਰਿਹਾ ਹੈ। ਉਸ ਦੇ ਸਿਰ ਸਹਿਕਾਰੀ ਸਭਾ ਦਾ ਕਰਜ਼ਾ ਹੈ। ਪਿੰਡ ਕੇਸਰ ਸਿੰਘ ਵਾਲਾ ਦੀ ਵਿਧਵਾ ਗੁਰਮੇਲ ਕੌਰ ਦਾ ਪਤੀ ਮਿੱਠੂ ਸਿੰਘ ਜਦੋਂ ਦੁਨੀਆ ਤੋਂ ਰੁਖ਼ਸਤ ਹੋ ਗਿਆ ਤਾਂ ਉਸ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਜ਼ਿੰਦਗੀ ਉਖੜ ਗਈ ਪਰ ਉਹ ਸੰਭਲੀ।
                 ਮਾਪਿਆਂ ਨੇ ਉਸ ਨੂੰ ਮਿੱਠੂ ਸਿੰਘ ਦੇ ਛੋਟੇ ਭਰਾ ਹਰਦੀਪ ਸਿੰਘ ਦੇ ਲੜ ਲਾ ਦਿੱਤਾ। ਗੁਰਮੇਲ ਕੌਰ ਨੂੰ ਜਦੋਂ ਪੁਰਾਣੇ ਦੁੱਖ ਭੁੱਲਣ ਲੱਗੇ ਤਾਂ ਅੰਮ੍ਰਿਤ ਵੇਲੇ ਹੀ ਉਸ ਦਾ ਪਤੀ ਹਰਦੀਪ ਸਿੰਘ ਵੀ ਸਲਫਾਸ ਖਾ ਕੇ ਸਦਾ ਲਈ ਸੌਂ ਗਿਆ। ਉਸ ਦੇ ਛੋਟੇ ਬੱਚੇ ਦੀ ਪੰਜ ਸਾਲ ਦੀ ਉਮਰ ਵਿੱਚ ਬਾਂਹ ਕੱਟੀ ਗਈ। ਸੱਸ ਚੂਲਾ ਟੁੱਟਣ ਕਰਕੇ ਮੰਜੇ ਵਿੱਚ ਪਈ ਹੈ ਅਤੇ ਸਹੁਰੇ ਨੂੰ ਅੱਖਾਂ ਤੋਂ ਦਿੱਸਦਾ ਨਹੀਂ ਹੈ। ਉਹ ਦਿਹਾੜੀ ਕਰਕੇ ਬੱਚੇ ਪਾਲ ਰਹੀ ਹੈ। ਉਹ ਆਖਦੀ ਹੈ ਕਿ ਹੁਣ ਕੋਈ ਸਹਾਰਾ ਨਹੀਂ ਬਚਿਆ। ਉਹ ਹਰ ਧਰਨੇ ਮੁਜ਼ਾਹਰੇ ਵਿੱਚ ਜਾਂਦੀ ਹੈ ਕਿ ਸ਼ਾਇਦ ਸਰਕਾਰ ਦੇ ਮਨ ਵਿੱਚ ਹੀ ਰਹਿਮ ਜਾਗ ਪਏ। ਇਸ ਤਰ੍ਹਾਂ ਦਰਦ ਹਰ ਵਿਧਵਾ ਦੇ ਹਨ, ਜਿਨ੍ਹਾਂ ਦੇ ਪਤੀ ਖੇਤਾਂ 'ਤੇ ਝੁੱਲੇ ਝੱਖੜ ਦੀ ਮਾਰ ਹੇਠ ਆ ਗਏ ਹਨ।
                                                       'ਸਰਕਾਰ ਨੂੰ ਕੋਈ ਸਰੋਕਾਰ ਨਹੀਂ'
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਵਿਧਵਾਵਾਂ  ਸਮਾਜਿਕ ਸੰਤਾਪ ਵੀ ਝੱਲਦੀਆਂ ਅਤੇ ਨਿਹੋਰੇ ਵੀ ਝੱਲਣੇ ਪੈਂਦੇ ਹਨ ਪਰ ਉਨ੍ਹਾਂ ਨੂੰ ਕਿਧਰੇ ਕੋਈ ਦਰਦ ਵੰਡਾਉਣ ਵਾਲਾ ਨਹੀਂ ਦਿੱਸਦਾ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਸਰਕਾਰ ਨੂੰ ਇਨ੍ਹਾਂ ਵਿਧਵਾਵਾਂ ਨਾਲ ਕੋਈ ਸਮਾਜਿਕ ਸਰੋਕਾਰ ਨਹੀਂ ਹੈ। ਸਰਕਾਰਾਂ ਚਾਹੁਣ ਤਾਂ ਇਨ੍ਹਾਂ ਵਿਧਵਾਵਾਂ ਨੂੰ ਮੁੜ ਖੜ੍ਹਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਅ ਸਕਦੀਆਂ ਹਨ।

Thursday, September 26, 2013

                                ਤਸਕਰ ਬਚੇ
                 ਜੇਲ੍ਹਾਂ ਵਿੱਚ ਤੂੜੇ ਅਮਲੀ
                              ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਦੀਆਂ ਜੇਲ੍ਹਾਂ ਵਿੱਚ ਇਕਦਮ ਘੜਮੱਸ ਪੈ ਗਿਆ ਹੈ। ਤਿੰਨ ਮਹੀਨੇ ਵਿੱਚ ਤਕਰੀਬਨ ਸੱਤ ਹਜ਼ਾਰ ਨਵੇਂ ਬੰਦੀ ਆ ਗਏ ਹਨ। ਛੋਟੇ ਅਮਲੀਆਂ ਦੀ ਗਿਣਤੀ ਜੇਲ੍ਹਾਂ ਵਿੱਚ ਵਧ ਗਈ ਹੈ। ਉਪਰੋਂ ਮਾਲੀ ਸੰਕਟ ਕਰਕੇ ਜੇਲ੍ਹ ਫੰਡਾਂ 'ਤੇ ਕੱਟ ਲੱਗ ਗਿਆ ਹੈ। ਪੰਜਾਬ ਪੁਲੀਸ ਵੱਲੋਂ ਵੱਡੀ ਗਿਣਤੀ ਵਿੱਚ ਛੋਟੇ ਅਮਲੀ ਵੀ ਫੜ ਕੇ ਜੇਲ੍ਹ ਭੇਜ ਦਿੱਤੇ ਗਏ ਹਨ ਜਦੋਂਕਿ ਤਸਕਰੀ ਕਰਨ ਵਾਲੇ ਹਾਲੇ ਵੀ ਬਾਹਰ ਹਨ। ਹਾਸਲ ਜਾਣਕਾਰੀ ਅਨੁਸਾਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਇਸ ਵੇਲੇ ਤਕਰੀਬਨ 27,000 ਬੰਦੀ (ਹਵਾਲਾਤੀ ਤੇ ਕੈਦੀ) ਬੰਦ ਹਨ ਜਦੋਂਕਿ ਸਾਲ 2012-13 ਵਿੱਚ ਇਹ ਗਿਣਤੀ 20,000 ਤੋਂ ਘੱਟ ਸੀ। ਸਾਲ 2011-12 ਦੌਰਾਨ ਜੇਲ੍ਹਾਂ ਵਿੱਚ ਬੰਦੀਆਂ ਦੀ ਗਿਣਤੀ 18,000 ਹੀ ਸੀ। ਜੇਲ੍ਹਾਂ ਵਿੱਚ ਬੰਦੀਆਂ ਦੀ ਗਿਣਤੀ ਵਿੱਚ ਕਦੇ ਵੀ 2000 ਤੋਂ ਜ਼ਿਆਦਾ ਨਹੀਂ ਵਧੀ ਸੀ ਪਰ ਐਤਕੀਂ ਲੰਘੇ ਤਿੰਨ ਮਹੀਨਿਆਂ ਦੌਰਾਨ ਹੀ ਬੰਦੀਆਂ ਦੀ ਗਿਣਤੀ ਵਿੱਚ 7000 ਦਾ ਵਾਧਾ ਹੋ ਗਿਆ ਹੈ। ਇਸ ਵਾਧੇ ਨੇ ਜੇਲ੍ਹ ਵਿਭਾਗ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਪੰਜਾਬ ਵਿੱਚ 26 ਜੇਲ੍ਹਾਂ ਹਨ ਜਿਨ੍ਹਾਂ ਵਿੱਚ ਅੱਠ ਕੇਂਦਰੀ ਜੇਲ੍ਹਾਂ ਤੇ ਅੱਠ ਜ਼ਿਲ੍ਹਾ ਜੇਲ੍ਹਾਂ ਹਨ।
                    ਹਾਸਲ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਜੇਲ੍ਹ ਵਿਭਾਗ ਨੂੰ ਐਤਕੀਂ 20 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ ਜਦੋਂਕਿ ਪਿਛਲੇ ਸਾਲ 28 ਕਰੋੜ ਰੁਪਏ ਦਾ ਸੀ। ਪਿਛਲੇ ਮਾਲੀ ਸਾਲ ਬੰਦੀਆਂ ਦੀ ਗਿਣਤੀ 20,000 ਦੇ ਕਰੀਬ ਸੀ ਤੇ ਬਜਟ ਵੀ ਪੂਰਾ ਸੀ। ਐਤਕੀਂ ਬੰਦੀਆਂ ਦੀ ਗਿਣਤੀ ਵਧ ਗਈ ਹੈ ਪਰ ਬਜਟ ਘਟਾ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਮਾਲੀ ਸੰਕਟ ਦਾ ਪਰਛਾਵਾਂ ਜੇਲ੍ਹ ਵਿਭਾਗ 'ਤੇ ਵੀ ਪਿਆ ਹੈ। ਜੇਲ੍ਹਾਂ ਵਿੱਚ ਸਨਅਤਾਂ ਦਾ ਕੰਮ ਠੱਪ ਪਿਆ ਹੈ। ਆਉਂਦੇ ਦਿਨਾਂ ਵਿੱਚ ਬਜਟ ਦੀ ਕਮੀ ਕਰਕੇ ਬੰਦੀਆਂ ਦੇ ਰਾਸ਼ਨ ਪਾਣੀ 'ਤੇ ਵੀ ਕੱਟ ਲੱਗ ਸਕਦਾ ਹੈ। ਪਤਾ ਲੱਗਾ ਹੈ ਕਿ ਬੰਦੀਆਂ ਨੂੰ ਦਿੱਤੀ ਜਾਣ ਵਾਲੀ ਰੋਟੀ ਦੇ ਵਜ਼ਨ ਵਿੱਚ ਥੋੜੀ ਕਮੀ ਕੀਤੀ ਗਈ ਹੈ ਜਿਸ ਬਾਰੇ ਕੋਈ ਲਿਖਤੀ ਹਦਾਇਤ ਨਹੀਂ। ਜੇਲ੍ਹਾਂ ਨੂੰ ਮੈਡੀਸਨ ਵਾਸਤੇ ਬਜਟ ਵੀ ਪਹਿਲਾਂ ਜਿਨ੍ਹਾਂ ਨਹੀਂ ਮਿਲ ਰਿਹਾ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੁਲੀਸ ਅਫਸਰਾਂ ਨਾਲ ਬੀਤੇ ਦਿਨੀਂ ਮੀਟਿੰਗ ਦੌਰਾਨ ਸਖ਼ਤ ਹਦਾਇਤ ਕੀਤੀ ਗਈ ਸੀ ਕਿ ਜਿਸ ਵਿਅਕਤੀ ਕੋਲੋਂ 100 ਗਰਾਮ ਭੁੱਕੀ ਵੀ ਮਿਲਦੀ ਹੈ, ਉਸ 'ਤੇ ਵੀ ਕੇਸ ਦਰਜ ਕੀਤਾ ਜਾਵੇ।
                    ਮਾਲਵਾ ਪੱਟੀ ਦੇ ਅਮਲੀ ਬੱਸਾਂ ਰਾਹੀਂ ਡੱਬਵਾਲੀ ਜਾਂਦੇ ਹਨ ਤੇ ਰਾਜਸਥਾਨ ਦੇ ਭੁੱਕੀ ਦੇ ਠੇਕਿਆਂ ਤੋਂ ਭੁੱਕੀ ਲੈ ਕੇ ਆਉਂਦੇ ਹਨ। ਹੁਣ ਪੁਲੀਸ ਨੇ ਇਨ੍ਹਾਂ ਬੱਸਾਂ ਦੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ ਤੇ ਜਿਸ ਅਮਲੀ ਕੋਲੋਂ ਢਾਈ ਸੌ ਗਰਾਮ ਵੀ ਭੁੱਕੀ ਮਿਲਦੀ ਹੈ, ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਤਹਿਤ ਛੋਟੇ ਅਮਲੀ ਰਗੜੇ ਹੇਠ ਆ ਗਏ ਹਨ ਜਦੋਂਕਿ ਨਸ਼ਿਆਂ ਦਾ ਕਾਰੋਬਾਰ ਚਲਾਉਣ ਵਾਲੇ ਪੁਲੀਸ ਦੀ ਪਕੜ ਤੋਂ ਬਾਹਰ ਹਨ। ਸੂਤਰਾਂ ਅਨੁਸਾਰ ਅਸਲ ਵਿੱਚ ਪੰਜਾਬ ਸਰਕਾਰ ਦੀ ਰਾਜਸਥਾਨ ਦੇ ਭੁੱਕੀ ਦੇ ਠੇਕੇਦਾਰਾਂ ਨਾਲ ਕਿਸੇ ਗੱਲੋਂ ਨਰਾਜ਼ਗੀ ਹੈ ਜਿਸ ਕਰਕੇ ਪੰਜਾਬ ਸਰਕਾਰ ਨੇ ਰਾਜਸਥਾਨੀ ਠੇਕੇਦਾਰਾਂ ਨੂੰ ਸਬਕ ਸਿਖਾਉਣ ਖਾਤਰ ਵਿਸ਼ੇਸ਼ ਮੁਹਿੰਮ ਤੋਰੀ ਹੈ।
                   ਜ਼ਿਲ੍ਹਾ ਜੇਲ੍ਹ ਬਠਿੰਡਾ ਵਿੱਚ 1500 ਦੇ ਕਰੀਬ ਬੰਦੀ ਹਨ ਜਦੋਂਕਿ ਜੇਲ੍ਹ ਦੀ ਸਮਰੱਥਾ 1150 ਬੰਦੀਆਂ ਦੀ ਹੈ। ਜੇਲ੍ਹ ਸੁਪਰਡੈਂਟ ਰਾਜਮਹਿੰਦਰ ਸਿੰਘ ਦਾ ਕਹਿਣਾ ਸੀ ਕਿ ਹੁਣ ਰੋਜ਼ਾਨਾ 15 ਦੇ ਕਰੀਬ ਬੰਦੀ ਆਉਣ ਲੱਗੇ ਹਨ ਜਦੋਂਕਿ ਪਹਿਲਾਂ ਇਹ ਔਸਤਨ 10 ਕੁ ਬੰਦੀਆਂ ਦੀ ਸੀ। ਉਨ੍ਹਾਂ ਆਖਿਆ ਕਿ ਰਾਸ਼ਨ ਵਗੈਰਾ 'ਤੇ ਕੋਈ ਕੱਟ ਨਹੀਂ ਲਾਇਆ ਗਿਆ। ਸੰਗਰੂਰ ਜੇਲ੍ਹ ਵਿੱਚ ਬੰਦੀਆਂ ਦੀ ਗਿਣਤੀ ਇਸ ਵੇਲੇ 1344 ਹੋ ਗਈ ਹੈ ਜਦੋਂਕਿ ਇਸ ਜੇਲ੍ਹ ਦੀ ਸਮਰੱਥਾ 550 ਬੰਦੀਆਂ ਦੀ ਹੈ। ਇਸ ਜੇਲ੍ਹ ਦੇ ਸੁਪਰਡੈਂਟ ਜਗਵੰਤ ਸਿੰਘ ਦਾ ਕਹਿਣਾ ਸੀ ਕਿ ਤਿੰਨ ਚਾਰ ਮਹੀਨੇ ਤੋਂ ਬੰਦੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿੱਚ ਰੋਜ਼ਾਨਾ ਔਸਤਨ 15 ਤੋਂ 25 ਬੰਦੀ ਆ ਰਹੇ ਹਨ ਜਦੋਂਕਿ ਪਹਿਲਾਂ ਇਹ ਔਸਤਨ ਅੱਠ ਤੋਂ 10 ਬੰਦੀਆਂ ਸੀ। ਇਸੇ ਤਰ੍ਹਾਂ ਫਿਰੋਜ਼ਪੁਰ ਤੇ ਪਟਿਆਲਾ ਜੇਲ੍ਹ ਵਿੱਚ ਬੰਦੀਆਂ ਦੀ ਗਿਣਤੀ ਜ਼ਿਆਦਾ ਵਧੀ ਹੈ।
                                            ਨਸ਼ਿਆਂ ਖ਼ਿਲਾਫ਼ ਮੁਹਿੰਮ ਦਾ ਨਤੀਜਾ: ਆਈਜੀ
ਜੇਲ੍ਹ ਵਿਭਾਗ ਪੰਜਾਬ ਦੇ ਆਈਜੀ ਜਗਜੀਤ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਵਿਸ਼ੇਸ਼ ਮੁਹਿੰਮ ਕਰਕੇ ਜੇਲ੍ਹਾਂ ਵਿੱਚ ਬੰਦੀਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਤਰਫ਼ੋਂ ਬਜਟ ਤਾਂ ਠੀਕ ਮਿਲ ਰਿਹਾ ਹੈ ਪਰ ਬੰਦੀਆਂ ਦੀ ਗਿਣਤੀ ਦੇ ਹਿਸਾਬ ਮੁਤਾਬਕ ਘੱਟ ਪੈ ਗਿਆ

Monday, September 23, 2013

                                        ਫਤਹਿ ਦੇ ਪਟੇ
                     ਪੰਜਾਬ ਪੁਲੀਸ ਤੀਜੇ ਨੰਬਰ ਤੇ
                                       ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਹੁਣ ਧੱਕੇਸ਼ਾਹੀ ਦੇ ਮਾਮਲੇ ਤੇ ਦੇਸ਼ ਭਰ ਚੋਂ ਨੰਬਰ ਵਨ ਨੇੜੇ ਪੁੱਜ ਗਈ ਹੈ। ਦੋ ਵਰਿ•ਆਂ ਤੋਂ ਪੰਜਾਬ ਪੁਲੀਸ ਦਾ ਜਿਆਦਤੀ ਕਰਨ ਵਿੱਚ ਮੁਲਕ ਭਰ ਚੋਂ ਤੀਸਰਾ ਨੰਬਰ ਹੈ। ਪੰਜਾਬ ਸਰਕਾਰ ਨੇ ਵੀ ਧੱਕਾ ਕਰਨ ਵਾਲੇ ਅਫਸਰਾਂ ਤੇ ਮੁਲਾਜ਼ਮਾਂ ਖ਼ਿਲਾਫ਼ ਸਿਰਫ਼ ਅੱਖਾਂ ਪੂੰਝਣ ਵਾਲੀ ਕਾਰਵਾਈ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਪੁਲੀਸ ਅਫਸਰਾਂ ਤੇ ਮੁਲਾਜ਼ਮਾਂ ਖ਼ਿਲਾਫ਼ ਆਈਆਂ ਸ਼ਿਕਾਇਤਾਂ ਤੋਂ ਇਹ ਨਤੀਜਾ ਕੱਢਿਆ ਗਿਆ ਹੈ। ਮੱਧ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ਦੀ ਪੁਲੀਸ ਦਰਮਿਆਨ ਪੁਲੀਸ ਜਿਆਦਤੀ ਦੇ ਮਾਮਲੇ ਤੇ ਮੁਕਾਬਲਾ ਸਖ਼ਤ ਹੈ। ਪੰਜਾਬ ਪੁਲੀਸ ਦੋ ਵਰਿ•ਆਂ ਤੋਂ ਤੀਸਰੇ ਸਥਾਨ ਤੇ ਹੀ ਹੈ। ਕਰੀਬ ਇੱਕ ਦਹਾਕਾ ਪਹਿਲਾਂ ਇਹ ਪੰਜਾਬ ਪੁਲੀਸ ਦਾ ਇਸ ਮਾਮਲੇ ਵਿੱਚ ਦੇਸ਼ ਭਰ ਚੋਂ 10 ਵਾਂ ਸਥਾਨ ਹੁੰਦਾ ਸੀ। ਪਿਛਲੇ ਵਰਿ•ਆਂ ਵਿੱਚ ਲਗਾਤਾਰ ਪੰਜਾਬ ਪੁਲੀਸ ਨੇ ਲੋਕਾਂ ਤੇ ਜਿਆਦਤੀ ਵਿੱਚ ਵਾਧਾ ਕਰਕੇ ਉਪਰਲੇ ਸਥਾਨ ਵੱਧ ਵਧਣਾ ਸ਼ੁਰੂ ਕੀਤਾ ਹੈ। ਹਰ ਵਰੇ• ਆਮ ਲੋਕਾਂ ਵਲੋਂ ਪੁਲੀਸ ਦੀ ਜਿਆਦਤੀ ਅਤੇ ਧੱਕੇਸ਼ਾਹੀ ਖ਼ਿਲਾਫ਼ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ ਜਿਨ•ਾਂ ਚੋ ਬਹੁਤੀਆਂ ਸ਼ਿਕਾਇਤਾਂ ਦਾ ਤਾਂ ਕੁਝ ਬਣਦਾ ਹੀ ਨਹੀਂ ਹੈ।
                   ਕੇਂਦਰੀ ਗ੍ਰਹਿ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਸਾਲ 2012 ਵਿੱਚ ਪੰਜਾਬ ਪੁਲੀਸ ਦੇ ਅਫਸਰਾਂ ਅਤੇ ਮੁਲਾਜ਼ਮਾਂ ਖ਼ਿਲਾਫ਼ 3654 ਸ਼ਿਕਾਇਤਾਂ ਦਰਜ ਹੋਈਆਂ ਹਨ। ਇਸ ਵਰੇ• ਵਿੱਚ ਦੇਸ਼ ਭਰ ਚੋਂ ਪਹਿਲੇ ਨੰਬਰ ਤੇ ਮੱਧ ਪ੍ਰਦੇਸ਼ ਦੀ ਪੁਲੀਸ ਆਈ ਹੈ ਜਿਸ ਖ਼ਿਲਾਫ਼ 12412 ਸ਼ਿਕਾਇਤਾਂ ਦਰਜ ਹੋਈਆਂ ਹਨ। ਦੂਸਰਾ ਨੰਬਰ ਯੂ.ਪੀ ਦੀ ਪੁਲੀਸ ਦਾ ਹੈ ਜਿਸ ਖ਼ਿਲਾਫ਼ 8440 ਸ਼ਿਕਾਇਤਾਂ ਦਰਜ ਹੋਈਆਂ ਹਨ। ਤੀਸਰਾ ਨੰਬਰ ਪੰਜਾਬ ਦਾ ਹੈ। ਗੁਆਂਢੀ ਸੂਬਿਆਂ ਦੀ ਗੱਲ ਕਰੀਏ ਤਾਂ ਹਰਿਆਣਾ ਪੁਲੀਸ ਖ਼ਿਲਾਫ਼ ਸਿਰ 1434 ਸ਼ਿਕਾਇਤਾਂ,ਰਾਜਸਥਾਨ ਦੀ ਪੁਲੀਸ ਖ਼ਿਲਾਫ਼ 2665,ਹਿਮਾਚਲ ਪ੍ਰਦੇਸ਼ ਦੀ ਪੁਲੀਸ ਖ਼ਿਲਾਫ਼ 403 ਅਤੇ ਜੰਮੂ ਕਸ਼ਮੀਰ ਦੀ ਪੁਲੀਸ ਖ਼ਿਲਾਫ਼ 403 ਸ਼ਿਕਾਇਤਾਂ ਦਰਜ ਹੋਈਆਂ ਹਨ। ਪੰਜਾਬ ਪੁਲੀਸ ਦਾ ਰਿਕਾਰਡ ਦੇਖੀਏ ਤਾਂ ਸਾਲ 2012 ਦੌਰਾਨ ਧੱਕਾ ਕਰਨ ਵਾਲੇ ਅਫਸਰਾਂ ਤੇ ਮੁਲਾਜ਼ਮਾਂ ਖ਼ਿਲਾਫ਼ 102 ਪੁਲੀਸ ਕੇਸ ਦਰਜ ਕੀਤੇ ਹਨ। ਦਰਜ ਕੁੱਲ 3654 ਸ਼ਿਕਾਇਤਾਂ ਦੇ ਅਧਾਰ ਤੇ 1102 ਅਫਸਰਾਂ ਤੇ ਮੁਲਾਜ਼ਮਾਂ ਖ਼ਿਲਾਫ਼ ਸਿਰਫ਼ ਵਿਭਾਗੀ ਕਾਰਵਾਈ ਹੀ ਕੀਤੀ।
                    ਅਦਾਲਤਾਂ ਵਲੋਂ ਸਾਲ 2012 ਦੌਰਾਨ ਸਿਰਫ਼ ਪੰਜ ਪੁਲੀਸ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਅਦਾਲਤਾਂ ਨੇ ਸਜ਼ਾ ਸੁਣਾਈ ਗਈ ਹੈ। ਇਸੇ ਵਰ•ੇ ਵਿੱਚ ਹੀ ਪੰਜਾਬ ਸਰਕਾਰ ਨੇ 179 ਪੁਲੀਸ ਅਫਸਰਾਂ ਅਤੇ ਮੁਲਾਜ਼ਮਾਂ ਖ਼ਿਲਾਫ਼ ਦਰਜ ਕੇਸ ਵਾਪਸ ਲਏ ਹਨ। ਏਦਾ ਹੀ ਇਸੇ ਵਰੇ• ਵਿੱਚ 84 ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਮੁਅੱਤਲ ਕੀਤਾ ਗਿਆ ਹੈ। ਇਸ ਇੱਕ ਸਾਲ ਵਿੱਚ 506 ਪੁਲੀਸ ਮੁਲਾਜ਼ਮਾਂ ਅਤੇ ਅਫਸਰਾਂ ਨੂੰ ਸਖ਼ਤ ਸਜ਼ਾ ਪੰਜਾਬ ਸਰਕਾਰ ਨੇ ਦਿੱਤੀ ਜਦੋਂ ਕਿ 956 ਅਫਸਰਾਂ ਤੇ ਮੁਲਾਜ਼ਮਾਂ ਨੂੰ ਮਾਮੂਲੀ ਸਜ਼ਾ ਦੇ ਕੇ ਬਖ਼ਸ਼ ਦਿੱਤਾ ਹੈ। ਪੰਜਾਬ ਸਰਕਾਰ ਵਲੋਂ ਇੱਕ ਵਰੇ• ਦੌਰਾਨ 21 ਮਾਮਲਿਆਂ ਵਿੱਚ ਮੈਜਿਸਟਰੇਟੀ ਜਾਂਚ ਕਰਾਈ ਗਈ ਅਤੇ 8 ਨਿਆਇਕ ਪੜਤਾਲਾਂ ਹੋਈਆਂ ਹਨ ਜਿਨ•ਾਂ ਦੇ ਕੀ ਨਤੀਜੇ ਸਾਹਮਣੇ ਆਏ, ਇਹ ਸੂਚਨਾ ਪ੍ਰਾਪਤ ਨਹੀਂ ਹੋ ਸਕੀ ਹੈ। ਸਾਲ 2012 ਵਿੱਚ ਦੇਸ਼ ਭਰ ਦੇ ਸੂਬਿਆਂ ਦੀ ਪੁਲੀਸ ਖ਼ਿਲਾਫ਼ ਕੁੱਲ 44459 ਸ਼ਿਕਾਇਤਾਂ ਦਰਜ ਹੋਈਆਂ ਹਨ ਜਿਨ•ਾਂ ਚੋਂ 2273 ਪੁਲੀਸ ਕੇਸ ਦਰਜ ਹੋਏ ਹਨ। ਸਿਰਫ਼ 29 ਪੁਲੀਸ ਅਫਸਰਾਂ ਤੇ ਮੁਲਾਜ਼ਮਾਂ ਨੂੰ ਅਦਾਲਤਾਂ ਚੋ ਸਜ਼ਾਵਾਂ ਹੋਈਆਂ ਹਨ। ਦੇਸ਼ ਭਰ ਚੋਂ 6145 ਅਧਿਕਾਰੀਆਂ ਤੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸਾਂ ਨੂੰ ਵਾਪਸ ਲਿਆ ਗਿਆ ਹੈ ਜਦੋਂ ਕਿ 494 ਅਧਿਕਾਰੀ ਤੇ ਮੁਲਾਜ਼ਮ ਮੁਅੱਤਲ ਕੀਤੇ ਗਏ ਹਨ।
                  ਗ੍ਰਹਿ ਮੰਤਰਾਲੇ ਦੇ ਵੇਰਵੇ ਗਵਾਹ ਹਨ ਕਿ ਸਾਲ 2011 ਦੌਰਾਨ ਪੰਜਾਬ ਪੁਲੀਸ ਖ਼ਿਲਾਫ਼ 5767 ਸ਼ਿਕਾਇਤਾਂ ਦਰਜ ਹੋਈਆਂ ਸਨ। ਸਾਲ 2011 ਵਿੱਚ ਦੇਸ਼ ਭਰ ਚੋ ਇਸ ਮਾਮਲੇ ਵਿੱਚ ਪਹਿਲਾਂ ਨੰਬਰ ਯੂ.ਪੀ ਦੀ ਪੁਲੀਸ ਦਾ ਸੀ ਜਿਸ ਖ਼ਿਲਾਫ਼ 11971 ਸ਼ਿਕਾਇਤਾਂ ਦਰਜ ਹੋਈਆਂ ਸਨ। ਗੁਆਂਢ ਦੀ ਰਿਕਾਰਡ ਦੇਖੀਏ ਤਾਂ ਹਰਿਆਣਾ ਪੁਲੀਸ ਖ਼ਿਲਾਫ਼ 3058, ਰਾਜਸਥਾਨ ਪੁਲੀਸ ਖ਼ਿਲਾਫ਼ 2550 ਸ਼ਿਕਾਇਤਾਂ, ਹਿਮਾਚਲ ਪ੍ਰਦੇਸ਼ ਪੁਲੀਸ ਖ਼ਿਲਾਫ਼ 373 ਅਤੇ ਜੰਮੂ ਕਸ਼ਮੀਰ ਦੀ ਪੁਲੀਸ ਖ਼ਿਲਾਫ਼ 595 ਸ਼ਿਕਾਇਤਾਂ ਦਰਜ ਹੋਈਆਂ ਸਨ। ਪੰਜਾਬ ਪੁਲੀਸ ਖ਼ਿਲਾਫ਼ ਦਰਜ 5767 ਸ਼ਿਕਾਇਤਾਂ ਦੇ ਅਧਾਰ ਤੇ 2057 ਅਧਿਕਾਰੀਆਂ ਤੇ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਪੜਤਾਲ ਸ਼ੁਰੂ ਕੀਤੀ ਗਈ ਅਤੇ 1844 ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਗਈ। ਸਾਲ 2011 ਵਿੱਚ 142 ਐਫ.ਆਈ.ਆਰਜ ਪੁਲੀਸ ਅਫਸਰਾਂ ਤੇ ਮੁਲਾਜ਼ਮਾਂ ਖ਼ਿਲਾਫ਼ ਦਰਜ ਹੋਈਆਂ ਸਨ। ਪੰਜਾਬ ਸਰਕਾਰ ਵਲੋਂ ਸਾਲ 2011 ਵਿੱਚ ਚਾਰ ਮਾਮਲਿਆਂ ਵਿੱਚ ਮੈਜਿਸਟਰੇਟੀ ਜਾਂਚ ਕਰਾਈ ਗਈ ਸੀ।
                  ਪੰਜਾਬ ਸਰਕਾਰ ਵਲੋਂ ਸਾਲ 2011 ਵਿੱਚ 268 ਪੁਲੀਸ ਅਫਸਰਾਂ ਤੇ ਮੁਲਾਜ਼ਮ ਖ਼ਿਲਾਫ਼ ਕੇਸ ਵਾਪਸ ਲਏ ਗਏ ਜਦੋਂ ਕਿ 98 ਅਧਿਕਾਰੀ ਤੇ ਮੁਲਾਜ਼ਮ ਨੌਕਰੀ ਤੋਂ ਮੁਅੱਤਲ ਕੀਤੇ ਗਏ। ਪੰਜਾਬ ਪੁਲੀਸ ਨੇ 569 ਅਫਸਰਾਂ ਤੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਅਤੇ 1688 ਪੁਲੀਸ ਖ਼ਿਲਾਫ਼ ਮਾਮੂਲੀ ਐਕਸ਼ਨ ਹੀ ਹੋਇਆ। ਪੂਰੇ ਮੁਲਕ ਤੇ ਨਜ਼ਰ ਮਾਰੀਏ ਤਾਂ ਦੇਸ਼ ਵਿੱਚ ਸਾਲ 2011 ਦੌਰਾਨ ਪੁਲੀਸ ਖ਼ਿਲਾਫ਼ 48321 ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿਨ•ਾਂ ਦੇ ਅਧਾਰ ਤੇ 11155 ਪੁਲੀਸ ਕੇਸ ਦਰਜ ਕੀਤੇ ਗਏ ਅਤੇ 705 ਪੁਲੀਸ ਅਧਿਕਾਰੀ ਅਤੇ ਮੁਲਾਜ਼ਮ ਨੌਕਰੀ ਤੋਂ ਬਾਹਰ ਕੀਤੇ ਗਏ। ਦੇਸ਼ ਵਿੱਚ 13080 ਅਫਸਰਾਂ ਤੇ ਮੁਲਾਜ਼ਮਾਂ ਖ਼ਿਲਾਫ਼ ਸਿਰਫ਼ ਮਾਮੂਲੀ ਐਕਸ਼ਨ ਲਿਆ ਗਿਆ ਜਦੋਂ ਕਿ 3597 ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ।
     

Thursday, September 19, 2013

                             ਸਰਕਾਰੀ ਲੁੱਟ
     ਆਪਣਿਆਂ ਨੂੰ ਵੰਡੇ ਵਿਦੇਸ਼ੀ ਹਥਿਆਰ
                            ਚਰਨਜੀਤ ਭੁੱਲਰ
ਬਠਿੰਡਾ : ਅਕਾਲੀ-ਭਾਜਪਾ ਸਰਕਾਰ ਵੱਲੋਂ ਕੌਡੀਆਂ ਦੇ ਭਾਅ ਵਿਦੇਸ਼ੀ ਹਥਿਆਰ ਅਲਾਟ ਕੀਤੇ ਗਏ ਹਨ। ਗ੍ਰਹਿ ਵਿਭਾਗ, ਪੰਜਾਬ ਨੇ ਸਾਲ 2012-13 ਦੌਰਾਨ ਕਰੀਬ ਢਾਈ ਸੌ ਵੀ.ਆਈ.ਪੀਜ਼ ਨੂੰ ਲੱਖਾਂ ਰੁਪਏ ਦੀ ਕੀਮਤ ਵਾਲੇ ਹਥਿਆਰ ਹਜ਼ਾਰਾਂ ਰੁਪਏ ਵਿੱਚ ਅਲਾਟ ਕੀਤੇ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਆਪਣੇ ਰਾਜ ਭਾਗ ਦੌਰਾਨ ਵੀ ਇਸੇ ਤਰ੍ਹਾਂ ਹੀ ਕੀਤਾ ਸੀ। ਉਦੋਂ ਕਾਂਗਰਸੀ ਨੇਤਾਵਾਂ ਨੂੰ ਹਥਿਆਰ ਸਸਤੇ ਭਾਅ ਦਿੱਤੇ ਗਏ ਸਨ। ਪੁਲੀਸ ਅਕਾਦਮੀ, ਫਿਲੌਰ ਵੱਲੋਂ ਆਰ.ਟੀ.ਆਈ ਤਹਿਤ ਜੋ ਜਾਣਕਾਰੀ ਦਿੱਤੀ ਗਈ ਹੈ, ਉਸ ਤੋਂ ਸਾਫ ਹੈ ਕਿ ਹਾਕਮ ਧਿਰ ਦੇ ਜ਼ਿਆਦਾ ਨੇੜਲਿਆਂ ਨੂੰ ਇੱਕ ਇੱਕ ਨਹੀਂ ਬਲਕਿ ਦੋ ਦੋ ਹਥਿਆਰ ਅਲਾਟ ਕੀਤੇ ਗਏ ਹਨ। ਆਈ.ਪੀ.ਐਸ ਅਤੇ ਆਈ.ਏ.ਐਸ ਅਫਸਰਾਂ ਨੂੰ ਵੀ ਕਾਫੀ ਹਥਿਆਰ ਮਿਲੇ ਹਨ। ਇਸੇ ਤਰ੍ਹਾਂ ਸਿਆਸੀ ਨੇਤਾਵਾਂ ਨੇ ਵੀ ਹਥਿਆਰ ਅਲਾਟ ਕਰਾਏ ਹਨ। ਸੂਚਨਾ ਅਨੁਸਾਰ ਵੀ.ਆਈ.ਪੀ ਲੋਕਾਂ ਨੂੰ ਚੀਨ ਦੇ 51 ਪਿਸਟਲ, ਜਰਮਨੀ ਦੇ 6 ਪਿਸਟਲ, ਇੰਗਲੈਂਡ ਦੇ ਦੋ, ਚੈਕੋਸਲਵਾਕੀਆ ਦੇ ਤਿੰਨ, ਇਟਲੀ ਦੇ ਚਾਰ, ਯੂ.ਐਸ.ਏ ਦੇ 2 ਅਤੇ ਸਪੇਨ ਦਾ ਇੱਕ ਪਿਸਟਲ ਅਲਾਟ ਕੀਤਾ ਗਿਆ। ਬਾਕੀ ਭਾਰਤੀ ਹਥਿਆਰ ਹਨ। 15 ਵਿਅਕਤੀਆਂ ਨੂੰ 315 ਬੋਰ ਰਾਈਫਲ ਅਲਾਟ ਕੀਤੀ ਗਈ ਹੈ ਜਦੋਂ ਕਿ 8 ਵਿਅਕਤੀਆਂ ਨੇ ਰਿਵਾਲਵਰ ਲਏ। ਦੋ ਜਣਿਆਂ ਨੇ ਬਾਰਾਂ ਬੋਰ ਗੰਨ ਲਈ ਹੈ। ਇੱਕ ਵਿਅਕਤੀ ਨੇ ਮਾਊਜ਼ਰ ਲਿਆ।
                 ਵੇਰਵਿਆਂ ਅਨੁਸਾਰ ਉਦਯੋਗ ਮੰਤਰੀ ਅਨਿਲ ਜੋਸ਼ੀ ਨੇ ਜਰਮਨੀ ਦਾ ਬਣਿਆ ਪਿਸਟਲ 55 ਹਜ਼ਾਰ ਵਿੱਚ ਲਿਆ ਹੈ ਜਦੋਂ ਕਿ ਮੁੱਖ ਸੰਸਦੀ ਸਕੱਤਰ (ਉਚੇਰੀ ਸਿੱਖਿਆ) ਅਵਿਨਾਸ਼ ਚੰਦਰ ਨੇ ਰਿਵਾਲਵਰ 45,500 ਰੁਪਏ ਵਿੱਚ ਅਲਾਟ ਕਰਾਇਆ। ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਲੜਕੇ ਜਸਜੀਤ ਸਿੰਘ ਨੂੰ ਚੀਨੀ ਪਿਸਟਲ 30 ਹਜ਼ਾਰ ਰੁਪਏ ਵਿੱਚ ਹੀ ਮਿਲ ਗਿਆ। ਮਾਰਕੀਟ ਵਿੱਚ ਚੀਨੀ ਪਿਸਟਲ ਦੀ ਕੀਮਤ 5 ਲੱਖ ਤੋਂ ਉਪਰ ਹੈ। ਵਿਧਾਨ ਸਭਾ ਦੇ ਸਾਬਕਾ ਸਪੀਕਰ  ਨਿਰਮਲ ਸਿੰਘ ਕਾਹਲੋਂ ਨੇ ਖੁਦ 45 ਹਜ਼ਾਰ ਵਿੱਚ ਰਿਵਾਲਵਰ ਲਿਆ, ਜਦੋਂ ਕਿ ਉਨ੍ਹਾਂ ਦੇ ਲੜਕੇ ਰਵੀਕਰਨ ਸਿੰਘ ਨੇ ਚੀਨੀ ਪਿਸਟਲ (7.62 ਐਮ.ਐਮ) 30 ਹਜ਼ਾਰ ਰੁਪਏ ਵਿੱਚ ਲਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਓ.ਐਸ.ਡੀ (ਰਿਹਾਇਸ਼) ਬਲਕਰਨ ਸਿੰਘ ਵਾਸੀ ਬਣਵਾਲਾ ਨੂੰ 30 ਹਜ਼ਾਰ ਵਿੱਚ ਪਿਸਟਲ ਦਿੱਤਾ   ਗਿਆ। ਜਦੋਂ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਬਕਾ ਓਐਸਡੀ ਗੁਰਵਿੰਦਰ ਸਿੰਘ ਵਾਸੀ ਬਣਵਾਲਾ ਨੇ 30 ਹਜ਼ਾਰ ਵਿੱਚ ਪਿਸਟਲ ਅਲਾਟ ਕਰਾ ਲਿਆ ਹੈ। ਵਿਧਾਇਕ ਸਰਬਜੀਤ ਸਿੰਘ ਮੱਕੜ ਨੂੰ ਚੀਨੀ ਪਿਸਟਲ 29 ਹਜ਼ਾਰ ਵਿੱਚ ਦਿੱਤਾ ਗਿਆ ਜਦੋਂ ਕਿ ਸਾਬਕਾ ਵਿਧਾਇਕ ਦਿਲਬਾਗ ਸਿੰਘ ਨੇ 30 ਹਜ਼ਾਰ ਵਿੱਚ ਪਿਸਟਲ ਲਿਆ। ਅਕਾਲੀ ਦਲ ਦੇ ਸੀਨੀਅਰ ਵਿਧਾਇਕ ਹਰੀ ਸਿੰਘ ਜ਼ੀਰਾ ਦੇ ਲੜਕੇ ਅਵਤਾਰ ਸਿੰਘ ਨੂੰ ਸਿਰਫ਼ 20 ਹਜ਼ਾਰ ਰੁਪਏ ਵਿੱਚ ਪਿਸਟਲ ਅਲਾਟ ਕੀਤਾ ਗਿਆ।
                ਸਾਬਕਾ ਮੰਤਰੀ ਗੁਲਜ਼ਾਰ ਸਿੰਘ (ਜ਼ਿਲ੍ਹਾ ਬਠਿੰਡਾ) ਨੇ 44,500 ਰੁਪਏ ਵਿਚ ਰਿਵਾਲਵਰ ਅਤੇ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਨੂੰ 70 ਹਜ਼ਾਰ ਰੁਪਏ ਵਿੱਚ ਪਿਸਟਲ ਅਲਾਟ ਕੀਤਾ ਗਿਆ। ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਅਤੇ ਕਾਂਗਰਸੀ ਵਿਧਾਇਕ ਅਜੈਬ ਸਿੰਘ ਭੱਟੀ ਨੂੰ ਵੀ ਹਥਿਆਰ ਮਿਲੇ। ਹਲਕਾ ਲੰਬੀ ਦੇ ਬਾਦਲ ਪਰਿਵਾਰ ਦੇ ਨੇੜਲੇ ਤੇਜਿੰਦਰ ਸਿੰਘ ਮਿੱਡੂਖੇੜਾ ਨੂੰ ਤਾਂ ਦੋ ਹਥਿਆਰ ਅਲਾਟ ਕੀਤੇ ਗਏ। ਉਨ੍ਹਾਂ ਨੂੰ ਖੁਦ ਨੂੰ ਚੀਨ ਦਾ ਪਿਸਟਲ 29 ਹਜ਼ਾਰ ਰੁਪਏ ਵਿੱਚ ਮਿਲ ਗਿਆ ਹੈ ਜਦੋਂ ਕਿ ਉਨ੍ਹਾਂ ਦੀ ਪਤਨੀ ਦੇ ਨਾਮ 'ਤੇ ਵੀ 30 ਹਜ਼ਾਰ ਰੁਪਏ ਦਾ ਚੀਨੀ ਪਿਸਟਲ ਅਲਾਟ ਹੋਇਆ ਹੈ। ਜ਼ਿਲ੍ਹਾ ਮੁਕਤਸਰ ਦੇ ਅਕਾਲੀ ਦਲ ਦੇ ਸੀਨੀਅਰ ਨੇਤਾ ਰੋਜ਼ੀ ਬਰਕੰਦੀ ਨੇ ਖੁਦ ਚੀਨੀ ਪਿਸਟਲ 30 ਹਜ਼ਾਰ ਵਿੱਚ ਲਿਆ ਹੈ ਜਦੋਂ ਕਿ ਉਨ੍ਹਾਂ ਦੇ ਭਰਾ ਸ਼ਮਿੰਦਰਜੀਤ ਸਿੰਘ ਨੂੰ ਵੀ ਚੀਨੀ ਪਿਸਟਲ 30 ਹਜ਼ਾਰ ਵਿੱਚ ਮਿਲਿਆ। ਹਥਿਆਰਾਂ ਦੀ ਅਲਾਟਮੈਂਟ ਦਾ ਮੇਲਾ ਅਫਸਰਾਂ ਨੇ ਵੀ ਲੁੱਟਿਆ ਹੈ। ਆਈ.ਪੀ.ਐਸ ਅਧਿਕਾਰੀ ਰੋਹਿਤ ਚੌਧਰੀ ਨੇ ਤਾਂ ਦੋ ਹਥਿਆਰ ਅਲਾਟ ਕਰਾਏ। ਉਨ੍ਹਾਂ ਨੇ ਖੁਦ ਜਰਮਨੀ ਦਾ ਪਿਸਟਲ 65 ਹਜ਼ਾਰ ਅਤੇ ਉਨ੍ਹਾਂ ਦੀ ਪਤਨੀ ਸਪਨਾ ਚੌਧਰੀ ਨੇ ਪਿਸਟਲ 50 ਹਜ਼ਾਰ ਰੁਪਏ ਵਿੱਚ ਅਲਾਟ ਕਰਾਇਆ ਹੈ। ਆਈ.ਪੀ.ਐਸ ਅਧਿਕਾਰੀ ਸੰਜੀਵ ਗੁਪਤਾ, ਪ੍ਰਮੋਦ ਬਾਨ, ਅਸ਼ੀਸ਼ ਚੌਧਰੀ, ਪਰਮਜੀਤ ਸਿੰਘ, ਮਹਾਂਬੀਰ ਸਿੰਘ,ਲੋਕ ਨਾਥ ਆਂਗਰਾ ਤੇ ਸ਼ਾਮ ਲਾਲ ਗੱਖੜ ਨੂੰ ਵੀ ਅਸਲਾ ਮਿਲਿਆ। ਸਾਬਕਾ ਆਈ.ਪੀ.ਐਸ ਹਰਿੰਦਰ ਸਿੰਘ ਚਾਹਲ ਨੇ ਵੀ 28 ਹਜ਼ਾਰ ਦਾ ਪਿਸਟਲ ਲਿਆ ਹੈ।
                ਆਈ.ਏ.ਐਸ ਅਧਿਕਾਰੀ ਵਰੁਣ ਰੂਜ਼ਮ ਅਤੇ ਰਜਤ ਅਗਰਵਾਲ ਨੇ ਵੀ ਤੀਹ ਤੀਹ ਹਜ਼ਾਰ ਰੁਪਏ ਵਿੱਚ ਪਿਸਟਲ ਅਲਾਟ ਕਰਾਏ। ਪੀ.ਸੀ.ਐਸ ਅਧਿਕਾਰੀ ਸੰਦੀਪ ਰਿਸ਼ੀ ਅਤੇ ਰਾਹੁਲ ਗੁਪਤਾ ਨੇ ਖੁਦ ਹਥਿਆਰ ਅਲਾਟ ਕਰਾਏ ਹਨ ਜਦੋਂ ਕਿ ਯਸ਼ਪਾਲ ਸਿੰਘ, ਐਨ.ਐਸ.ਬਰਾੜ ਅਤੇ ਪ੍ਰੀਤਮ ਸਿੰਘ ਦੇ ਲੜਕਿਆਂ ਨੇ ਹਥਿਆਰ ਲਏ ਹਨ।  ਜਿਨ੍ਹਾਂ ਸਾਧਾਰਨ ਲੋਕਾਂ ਨੂੰ ਅਲਾਟਮੈਂਟ ਹੋਈ ਹੈ, ਉਹ ਸਿਰਫ਼ ਗੰਨ ਜਾਂ ਬਾਰਾਂ ਬੋਰ ਬੰਦੂਕਾਂ ਦੀ ਰਹੀ। ਦੱਸਣਯੋਗ ਹੈ ਕਿ ਪੰਜਾਬ ਪੁਲੀਸ ਕੋਲ ਇਹ ਪੁਰਾਣਾ ਫੜਿਆ ਹੋਇਆ ਅਸਲਾ ਹੈ ਜਿਸ ਨੂੰ ਹੁਣ ਸਰਕਾਰ ਵੱਲੋਂ ਅਲਾਟ ਕੀਤਾ ਗਿਆ ਹੈ। ਮਾਰਕੀਟ ਵਿੱਚ ਇਨ੍ਹਾਂ ਹਥਿਆਰਾਂ ਦੀ ਕੀਮਤ ਲੱਖਾਂ ਵਿੱਚ ਹੈ ਜਦੋਂ ਕਿ ਅਲਾਟ ਹਜ਼ਾਰਾਂ ਵਿੱਚ ਕੀਤਾ ਗਿਆ ਹੈ। ਸਰਕਾਰੀ ਪੱਖ ਹੈ ਕਿ ਇਨ੍ਹਾਂ ਹਥਿਆਰਾਂ ਦੀ ਅਲਾਟਮੈਂਟ ਲਈ ਬਾਕਾਇਦਾ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ ਅਤੇ ਅਪਲਾਈ ਕਰਨ ਵਾਲਿਆਂ ਨੂੰ ਮੈਰਿਟ ਦੇ ਅਧਾਰ 'ਤੇ ਅਸਲਾ ਅਲਾਟ ਕੀਤਾ ਗਿਆ ਹੈ।
                                                   ਔਰਤਾਂ ਨੇ ਵੀ ਲਏ ਸਸਤੇ ਹਥਿਆਰ
ਗ੍ਰਹਿ ਵਿਭਾਗ ਵੱਲੋਂ ਔਰਤਾਂ ਨੂੰ ਵੀ ਅਸਲਾ ਅਲਾਟ ਕੀਤਾ ਗਿਆ ਹੈ। ਕਰੀਬ ਸੱਤ ਔਰਤਾਂ ਨੇ ਵੀ ਇਸ ਅਲਾਟਮੈਂਟ ਤਹਿਤ ਹਥਿਆਰ ਲਏ ਹਨ। ਤਰਨ ਤਾਰਨ ਦੀ ਰਾਜਵਿੰਦਰ ਕੌਰ ਨੇ 15 ਹਜ਼ਾਰ ਵਿੱਚ ਅਤੇ ਇਸੇ ਜ਼ਿਲ੍ਹੇ ਦੀ ਦਲਜੀਤ ਕੌਰ ਨੇ 16 ਹਜ਼ਾਰ ਵਿੱਚ ਹਥਿਆਰ ਲਿਆ ਹੈ ਜਦੋਂ ਕਿ ਫਿਰੋਜ਼ਪੁਰ ਦੀ ਬਖਸ਼ੀਸ਼ ਕੌਰ ਨੇ 30 ਹਜ਼ਾਰ ਵਿੱਚ ਪਿਸਟਲ ਲਿ

Tuesday, September 17, 2013

                                                                                  
                                                                   ਹੰਝੂਆਂ ਦੀ ਰਮਜ਼
                                                ਬੱਸ ਇੱਕ ਤਸਵੀਰ ਹੀ ਬਚੀ ਹੈ...
                                                                    ਚਰਨਜੀਤ ਭੁੱਲਰ
ਬਠਿੰਡਾ : ਬਿਰਧ ਔਰਤ ਗੁਰਮੇਲ ਕੌਰ ਕੋਲ ਹੁਣ ਕੁਝ ਨਹੀਂ ਬਚਿਆ।ਜਦੋਂ ਖੇਤ ਹੀ ਨਹੀਂ ਰਹੇ ਤਾਂ ਉਹ ਨਸੀਬ ਕਿਥੋਂ ਫਰੋਲੇ। ਘਰਾਂ ਦੀ ਬਰਕਤ ਹੀ ਰੁੱਸ ਗਈ, ਉਹ ਕਿਥੋਂ ਧਰਵਾਸ ਲਵੇ। ਪੈਲੀ ਦੇ ਵਾਰਸ ਹੁਣ ਖ਼ਾਲੀ ਹੱਥ ਹੋ ਗਏ ਹਨ। ਖੇਤੀ ਕਰਜ਼ੇ ਨੇ ਇਨ੍ਹਾਂ ਵਾਰਸਾਂ ਤੋਂ ਖੇਤ ਖੋਹ ਲਏ ਹਨ। ਇੱਥੋਂ ਤੱਕ ਕਿ ਕਰਜ਼ੇ ਨੇ ਇਸ ਵਿਧਵਾ ਨੂੰ ਘਰ ਦੀ ਦੇਹਲੀ ਤੋਂ ਵੀ ਬਾਹਰ ਕਰ ਦਿੱਤਾ। ਖੇਤੀ ਕਰਜ਼ੇ ਵਿੱਚ ਟਰੈਕਟਰ ਵਿਕ ਗਿਆ ਅਤੇ ਮਗਰੋਂ ਪਸ਼ੂ ਵੀ ਵੇਚਣੇ ਪੈ ਗਏ।ਨਾ ਘਰ ਬਚਿਆ ਤੇ ਨਾ ਹੀ ਜ਼ਮੀਨ। ਵਿਧਵਾ ਗੁਰਮੇਲ ਕੌਰ ਕੋਲ ਹੁਣ ਸਿਰਫ਼ ਸਿਰ ਦੇ ਸਾਈਂ ਦੀ ਇਕ ਤਸਵੀਰ ਬਚੀ ਹੈ, ਜੋ ਇਸ ਕਰਜ਼ੇ ਤੋਂ ਹਾਰ ਕੇ ਖ਼ੁਦਕੁਸ਼ੀ ਕਰ ਗਿਆ ਸੀ। ਜੇ ਹਕੂਮਤ ਸਭ ਕੁਝ ਗੁਆ ਬੈਠੀ ਇਸ ਵਿਧਵਾ ਦੇ ਹੰਝੂਆਂ ਦੀ ਰਮਜ਼ ਸਮਝਦੀ ਤਾਂ ਅੱਜ ਉਸ ਨੂੰ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਸਰਕਾਰੀ ਕੋਠੀ ਅੱਗੇ ਪਤੀ ਦੀ ਤਸਵੀਰ ਦੀ ਤਖ਼ਤੀ ਬਣਾ ਕੇ ਲਹਿਰਾਉਣਾ ਨਾ ਪੈਂਦਾ। ਪਿੰਡ ਅਕਲੀਆ ਦੀ 65 ਵਰ੍ਹਿਆਂ ਦੀ ਗੁਰਮੇਲ ਕੌਰ ਨੇ ਸਿਰਫ਼ ਏਨਾ ਆਖਿਆ ਕਿ ਬੱਸ ਏਹ ਤਸਵੀਰ ਹੀ ਬਚੀ ਹੈ, ਹੋਰ ਕੁਝ ਨਹੀਂ। ਉਸ ਨੇ ਭਰੇ ਮਨ ਨਾਲ ਆਖਿਆ ਕਿ ਸਰਕਾਰ ਨੇ ਉਨ੍ਹਾਂ ਦੀ ਕਦੇ ਬਾਂਹ ਨਹੀਂ ਫੜੀ, ਸ਼ਾਇਦ ਇਹ ਤਸਵੀਰ ਹੀ ਸਰਕਾਰ ਨੂੰ ਜਗਾ ਦੇਵੇ। ਉਸ ਦਾ ਪਤੀ ਗੁਰਮੇਲ ਸਿੰਘ ਵਿਤੋਂ ਬਾਹਰ ਹੋਏ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਗਿਆ ਸੀ। ਹੁਣ ਇਹ ਪਰਿਵਾਰ ਕਿਰਾਏ ਦੇ ਮਕਾਨ ਵਿੱਚ ਬੈਠਾ ਹੈ। ਗੁਰਮੇਲ ਕੌਰ ਦੇ ਦੋ ਲੜਕੇ ਹਨ, ਜੋ ਦਿਹਾੜੀ ਕਰਨ ਵਾਸਤੇ ਮਜਬੂਰ ਹਨ। ਇਕਲੌਤੀ ਲੜਕੀ ਨੂੰ ਇਸ ਵਿਧਵਾ ਦੇ ਪੇਕਿਆਂ ਨੇ ਬੂਹੇ ਤੋਂ ਉਠਾਇਆ ਹੈ।
                 ਪਿੰਡ ਕੇਸਰ ਸਿੰਘ ਵਾਲਾ ਦੀ ਵਿਧਵਾ ਹਰਪਾਲ ਕੌਰ ਦਾ ਖੇਤਾਂ ਦੇ ਕਰਜ਼ੇ ਨੇ ਮਾਨਸਿਕ ਤਵਾਜ਼ਨ ਵਿਗਾੜ ਦਿੱਤਾ ਹੈ। ਘਰ ਦੀ ਸਾਰੀ 9 ਏਕੜ ਜ਼ਮੀਨ ਖੇਤੀ ਕਰਜ਼ੇ ਨੇ ਖਾ ਲਈ। ਜਦੋਂ ਇਸ ਔਰਤ ਦਾ ਪਤੀ ਮੱਖਣ ਸਿੰਘ ਖ਼ੁਦਕੁਸ਼ੀ ਕਰ ਗਿਆ ਤਾਂ ਉਹ ਇਕੱਲੀ ਹੋ ਗਈ। ਉਹ ਦੱਸਦੀ ਹੈ ਕਿ ਉਹ ਹੁਣ ਮਾਨਸਿਕ ਤੌਰ ਤੇ ਠੀਕ ਨਹੀਂ ਤੇ ਜ਼ਿੰਦਗੀ ਦੀ ਗੱਡੀ ਦਵਾਈ ਸਹਾਰੇ ਚੱਲਦੀ ਹੈ। ਇਸ ਔਰਤ ਨੇ ਦੱਸਿਆ ਕਿ ਆਮਦਨ ਦਾ ਕੋਈ ਜ਼ਰੀਆ ਨਹੀਂ ਬਚਿਆ। ਉਸ ਨੇ ਆਪਣੀ ਪਤੀ ਦੀ ਤਸਵੀਰ ਦਿਖਾਈ ਤੇ ਆਖਿਆ ਸਿਰਫ਼ ਇਹ ਇਕ ਯਾਦ ਬਚੀ ਹੈ। ਉਸ ਦੇ ਬੱਚੇ ਵੀ ਹਾਲੇ ਸਕੂਲਾਂ ਵਿੱਚ ਪੜ੍ਹ ਰਹੇ ਹਨ। ਉਹ ਆਖਦੀ ਹੈ ਕਿ ਪੇਕਿਆਂ ਤੋਂ ਸਹਾਰਾ ਨਾ ਮਿਲਦਾ ਤਾਂ ਸ਼ਾਇਦ ਬੱਚਿਆਂ ਨੂੰ ਸਕੂਲ ਵੇਖਣਾ ਵੀ ਨਸੀਬ ਨਹੀਂ ਹੋਣਾ ਸੀ। ਉਹ ਖ਼ੁਦ ਆਂਗਨਵਾੜੀ ਕੇਂਦਰ ਵਿੱਚ ਕੰਮ ਕਰਦੀ ਹੈ। ਇਹ ਔਰਤ ਵੀ ਆਪਣੇ ਪਤੀ ਦੀ ਤਸਵੀਰ ਨੂੰ ਬਠਿੰਡਾ ਵਿੱਚ ਵਿਧਵਾ ਔਰਤਾਂ ਦੇ ਹੋਏ ਇਕੱਠ ਵਿੱਚ ਚੁੱਕ ਕੇ ਵਾਰ ਵਾਰ ਦਿਖਾ ਰਹੀ ਸੀ।ਪਿੰਡ ਸਿਰੀਏ ਵਾਲਾ ਦੀ ਵਿਧਵਾ ਸੁਰਜੀਤ ਕੌਰ ਕੋਲੋਂ ਪਤੀ ਵੀ ਖੁਸ ਗਿਆ ਅਤੇ ਜ਼ਮੀਨ ਵੀ। ਕਰਜ਼ੇ ਨੇ ਸਭ ਕੁਝ ਖੋਹ ਲਿਆ। ਕਿਸਾਨ ਬਲਦੇਵ ਸਿੰਘ ਦੇ ਸਿਰ 9 ਲੱਖ ਦਾ ਕਰਜ਼ਾ ਸੀ। ਉਸ ਦੀ ਵਿਧਵਾ ਸੁਰਜੀਤ ਕੌਰ ਦੇ ਤਿੰਨ ਧੀਆਂ ਹਨ। ਅੱਜ ਇਨ੍ਹਾਂ ਨੰਨ੍ਹੀਆਂ ਛਾਂਵਾਂ ਦੀ ਮਾਂ ਖ਼ੁਦ ਧੁੱਪ ਵਿੱਚ ਬੈਠ ਕੇ ਆਪਣੇ ਦੁੱਖਾਂ ਦੀ ਪੋਟਲੀ ਫਰੋਲ ਰਹੀ ਸੀ। ਇਸ ਉਮੀਦ ਨਾਲ ਕਿ ਸਰਕਾਰੀ ਦਰਬਾਰ ਵਿੱਚੋਂ ਸ਼ਾਇਦ ਕੋਈ ਠੰਢਾ ਬੁੱਲਾ ਆ ਜਾਵੇ।
                   ਪਿੰਡ ਕੋਠਾ ਗੁਰੂ ਦੇ ਕਿਸਾਨ ਸੁਖਦੇਵ ਸਿੰਘ ਦੀ ਜ਼ਿੰਦਗੀ ਨੂੰ ਵੀ ਵਕਤ ਨੇ ਹਲੂਣ ਦਿੱਤਾ। ਜਦੋਂ ਕਰਜ਼ੇ ਵਿੱਚ ਇਕ ਏਕੜ ਜ਼ਮੀਨ ਵਿਕ ਗਈ ਤਾਂ ਉਸ ਦੀ ਪਤਨੀ ਸੁਖਪ੍ਰੀਤ ਕੌਰ ਸਦਮੇ ਵਿੱਚ ਖ਼ੁਦਕੁਸ਼ੀ ਕਰ ਗਈ। ਸੁਖਪ੍ਰੀਤ ਕੌਰ ਦੀ ਸੱਸ ਕੋਲ ਹੁਣ ਸਿਰਫ਼ ਸੁਫਨੇ ਹੀ ਬਚੇ ਹਨ, ਜੋ ਦਿਨ ਰਾਤ ਡਰਾਉਂਦੇ ਹਨ।ਨੌਜਵਾਨ ਭਾਰਤ ਸਭਾ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਿਰਧ ਬੱਸ ਹੁਣ ਪਿੰਡ ਵਿੱਚ ਸਰਦਾਰਾਂ ਦੇ ਘਰਾਂ ਵਿੱਚ ਪੋਚੇ ਲਾਉਣ ਲਈ ਮਜਬੂਰ ਹਨ। ਪਿੰਡ ਕੇਸਰ ਸਿੰਘ ਵਾਲਾ ਦੇ ਮਜ਼ਦੂਰ ਪਰਿਵਾਰ ਦੀ ਵੀਰਪਾਲ ਕੌਰ ਦਾ ਪਤੀ ਵੀ ਇਸ ਦੁਨੀਆ ਵਿੱਚ ਨਹੀਂ ਰਿਹਾ। ਉਸ ਦੇ ਤਿੰਨ ਛੋਟੇ ਬੱਚੇ ਹਨ, ਜਿਨ੍ਹਾਂ ਨੂੰ ਪੜ੍ਹਾਉਣ ਲਈ ਉਹ ਪਾਪੜ ਵੇਲ ਰਹੀ ਹੈ। ਪਿੰਡ ਦੇ ਆਂਗਨਵਾੜੀ ਕੇਂਦਰ ਵਿੱਚ ਉਹ ਕੰਮ ਕਰਦੀ ਹੈ, ਜਿਸ ਕਰ ਕੇ ਸਰਕਾਰ ਨੇ ਉਸ ਦੀ ਵਿਧਵਾ ਪੈਨਸ਼ਨ ਕੱਟ ਦਿੱਤੀ ਹੈ ਅਤੇ ਨਾਲ ਹੀ ਬੱਚਿਆਂ ਨੂੰ ਮਿਲਦੀ ਮਾਲੀ ਇਮਦਾਦ ਵੀ ਬੰਦ ਹੋ ਗਈ ਹੈ। ਏਦਾਂ ਦੀ ਕਹਾਣੀ ਹਰ ਵਿਧਵਾ ਔਰਤ ਦੀ ਹੈ, ਜਿਨ੍ਹਾਂ ਦੇ ਪਤੀ ਖੇਤਾਂ ਦੇ ਸੰਕਟ ਨੇ ਖ਼ੁਦਕਸ਼ੀ ਦੇ ਰਾਹ ਪਾ ਦਿੱਤੇ ਸਨ। ਕਈ ਬਿਰਧ ਔਰਤਾਂ ਦੇ ਹੱਥਾਂ ਵਿੱਚ ਜਵਾਨ ਪੁੱਤਾਂ ਦੀ ਤਸਵੀਰ ਵੀ ਫੜੀ ਹੋਈ ਸੀ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਇਨ੍ਹਾਂ ਵਿਧਵਾ ਔਰਤਾਂ ਦੇ ਦੁੱਖ ਵੰਡਾਏ ਹਨ ਅਤੇ ਇਨ੍ਹਾਂ ਦੀ ਲਾਮਬੰਦੀ ਕਰ ਕੇ ਸਰਕਾਰ ਤੋਂ ਹੱਕ ਮੰਗਣ ਵਾਸਤੇ ਸੰਘਰਸ਼ੀ ਰਾਹ ਤਿਆਰ ਕੀਤੇ ਹਨ।
                                                            ਨੰਨ੍ਹੀ ਛਾਂ ਨੂੰ ਲੱਗੇ ਰਗੜੇ  
ਨੰਨ੍ਹੀ ਛਾਂ ਮੁਹਿੰਮ ਦੀ ਸੰਸਥਾਪਕ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵਿਧਵਾ ਔਰਤਾਂ ਨੇ ਚੰਗੇ ਰਗੜੇ ਲਾਏ। ਮਹਿਲਾ ਬੁਲਾਰਿਆਂ ਨੇ ਤਾਂ ਗੱਲ ਗੱਲ 'ਤੇ ਨੰਨ੍ਹੀ ਛਾਂ ਆਖ ਕੇ ਸੰਬੋਧਨ ਕੀਤਾ। ਸੰਸਦ ਮੈਂਬਰ ਨੂੰ ਸੰਬੋਧਨ ਹੁੰਦੇ ਹਰਿੰਦਰ ਕੌਰ ਬਿੰਦੂ ਨੇ ਆਖਿਆ ਕਿ ਨੰਨ੍ਹੀ ਛਾਂ ਦਾ ਰੌਲਾ ਪਾਉਣ ਵਾਲੀ ਆਗੂ ਅੱਜ ਧੁੱਪ ਵਿੱਚ ਬੈਠੀਆਂ ਇਨ੍ਹਾਂ ਨੰਨ੍ਹੀਆਂ ਛਾਂਵਾਂ ਦੇ ਚਿਹਰੇ ਪੜ੍ਹੇ, ਜਿਨ੍ਹਾਂ ਦੇ ਬਾਬਲ ਉਨ੍ਹਾਂ ਦੇ ਹੋਸ਼ ਸੰਭਾਲਣ ਤੋਂ ਪਹਿਲਾਂ ਹੀ ਜ਼ਿੰਦਗੀ ਤੋਂ ਵਿਦਾ ਹੋ ਗਏ। ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਘਰ ਅੱਗੇ ਕੀਤੇ ਮੁਜ਼ਾਹਰੇ ਵਿੱਚ ਵਿਧਵਾ ਔਰਤਾਂ ਦੇ ਨਾਲ ਉਨ੍ਹਾਂ ਦੇ ਛੋਟੇ ਬੱਚੇ ਵੀ ਸਨ, ਜਿਨ੍ਹਾਂ ਦੇ ਹੱਥਾਂ ਵਿੱਚ ਪਿਤਾ ਦੀ ਤਸਵੀਰ ਵਾਲੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ।
                                                       ਚੋਣਾਂ ਨੇ ਅਫ਼ਸਰਾਂ ਦੇ ਹੱਥ ਬੰਨ੍ਹੇ
ਲੋਕ ਸਭਾ ਚੋਣਾਂ ਨੇ ਬਠਿੰਡਾ ਦੇ ਅਫਸਰਾਂ ਦੇ ਹੱਥ ਬੰਨ੍ਹ ਦਿੱਤੇ ਹਨ। ਬਠਿੰਡਾ ਦੇ ਵੱਡੇ ਸਿਵਲ ਤੇ ਪੁਲੀਸ ਅਫਸਰ ਜੋ ਮਿੰਨੀ ਸਕੱਤਰੇਤ ਲਾਗੇ ਕਿਸੇ ਸੰਘਰਸ਼ੀ ਨੂੰ ਫਟਕਣ ਨਹੀਂ ਦਿੰਦੇ ਸਨ, ਅੱਜ ਉਨ੍ਹਾਂ ਖ਼ੁਦ ਕਿਸਾਨਾਂ ਦੀਆਂ ਵਿਧਵਾਵਾਂ ਨੂੰ ਮੁਜ਼ਾਹਰੇ ਕਰਨ ਵਾਸਤੇ ਮਿੰਨੀ ਸਕੱਤਰੇਤ ਦੇ ਨਾਲ ਜਗ੍ਹਾ ਦੀ ਚੋਣ ਕਰ ਕੇ ਦਿੱਤੀ। ਜ਼ਿਲ੍ਹਾ ਮੈਜਿਸਟਰੇਟ ਨੇ ਦਫ਼ਾ 144 ਲਾਈ ਹੋਈ ਹੈ ਅਤੇ ਪ੍ਰਸ਼ਾਸਨ ਨੇ ਧਰਨਿਆਂ-ਮੁਜ਼ਾਹਰਿਆਂ ਵਾਸਤੇ ਸ਼ਹਿਰ ਤੋਂ ਦੂਰ ਜਗ੍ਹਾ ਵੀ ਅਲਾਟ ਕੀਤੀ ਹੋਈ ਹੈ। ਪਹਿਲਾਂ ਤਾਂ ਸੰਘਰਸ਼ੀ ਲੋਕਾਂ ਨੂੰ ਇਥੇ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਹੁਣ ਸਰਕਾਰ ਲੋਕ ਸਭਾ ਚੋਣਾਂ ਕਰ ਕੇ ਕਿਸੇ ਨਵੇਂ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦੀ।

Monday, September 16, 2013

                                ਵਕਤ ਦੀ ਗਰਦਸ਼
     ਕਰੋੜਾਂ ਦੀ ਕਬੱਡੀ, ਮਸਕਟਮੈਨ ਫਾਡੀ
                                 ਚਰਨਜੀਤ ਭੁੱਲਰ
ਬਠਿੰਡਾ : ਕਰੋੜਾਂ ਦੀ ਕਬੱਡੀ ਵਿੱਚੋਂ ਮਸਕਟਮੈਨ ਨੌਜਵਾਨ ਹਰਬੰਸ ਸਿੰਘ ਨੂੰ ਧੇਲਾ ਨਹੀਂ ਮਿਲਿਆ। ਤੀਜੇ ਵਿਸ਼ਵ ਕਬੱਡੀ ਕੱਪ ਵਿੱਚ ਮਸਕਟ ਮੈਨ ਬਣੇ ਬਠਿੰਡਾ ਦੇ ਇਸ ਨੌਜਵਾਨ ਨੂੰ ਮਿਹਨਤ ਦਾ ਮੁੱਲ ਵੀ ਨਹੀਂ ਮਿਲਿਆ। ਇਹ ਮਸਕਟਮੈਨ ਹੁਣ ਬਠਿੰਡਾ ਦੇ ਟੀਚਰਜ਼ ਹੋਮ ਦੀ ਕੰਟੀਨ 'ਤੇ ਆਪਣੇ ਪਿਤਾ ਦਰਸ਼ਨ ਸਿੰਘ ਦੀ ਮਦਦ ਲਈ ਭਾਂਡੇ ਮਾਂਜਦਾ ਹੈ। 17 ਵਰ੍ਹਿਆਂ ਦਾ ਹਰਬੰਸ ਸਿੰਘ ਹੁਣ ਬਾਰ੍ਹਵੀਂ ਜਮਾਤ ਵਿੱਚ ਸਥਾਨਕ ਦੇਸ ਰਾਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦਾ ਹੈ। ਖੇਡ ਵਿਭਾਗ ਦੇ ਅਫਸਰਾਂ ਨੇ ਇਸ ਮਸਕਟਮੈਨ ਨਾਲ ਪੰਜ ਸੌ ਰੁਪਏ ਦਿਹਾੜੀ ਦਾ ਵਾਅਦਾ ਕੀਤਾ ਸੀ। 14 ਦਿਨਾਂ ਦੇ ਸੱਤ ਹਜ਼ਾਰ ਰੁਪਏ ਇਸ ਦਾ ਮਿਹਨਤਾਨਾ ਬਣਦਾ ਹੈ। ਜਦੋਂ ਵਿਸ਼ਵ ਕਬੱਡੀ ਕੱਪ ਚੱਲ ਰਿਹਾ ਸੀ ਤਾਂ ਉਦੋਂ ਇਹ ਮਸਕਟਮੈਨ ਹੀਰੋ ਬਣ ਕੇ ਉਭਰਿਆ ਸੀ। ਹਰ ਸਟੇਡੀਅਮ ਵਿੱਚ ਉਸ ਨਾਲ ਤਸਵੀਰਾਂ ਖਿਚਵਾਉਣ ਵਾਲਿਆਂ ਦੀ ਭੀੜ ਲੱਗ ਜਾਂਦੀ ਸੀ। ਹੁਣ ਉਹ ਫਿਰ ਵਕਤ ਦੀ ਗਰਦਸ਼ ਵਿੱਚ ਗੁਆਚ ਗਿਆ ਹੈ। ਹਰਬੰਸ ਸਿੰਘ ਨੇ ਦੱਸਿਆ ਕਿ ਉਸ ਨਾਲ ਪ੍ਰਤੀ ਦਿਨ 500 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਕੋਈ ਪੈਸਾ ਨਹੀਂ ਮਿਲਿਆ। ਉਸ ਦਾ ਕਹਿਣਾ ਸੀ ਕਿ ਉਸ ਤੋਂ ਮਹੀਨਾ ਪਹਿਲਾਂ ਖੇਡ ਵਿਭਾਗ ਬਠਿੰਡਾ ਨੇ ਆਪਣੇ ਦਫਤਰ ਵਿੱਚ ਇਕ ਹਜ਼ਾਰ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਕਾਗ਼ਜ਼ਾਂ 'ਤੇ ਦਸਤਖ਼ਤ ਤਾਂ ਕਰਾ ਲਏ ਪਰ ਹਾਲੇ ਤੱਕ ਉਸ ਨੂੰ ਕੋਈ ਰਾਸ਼ੀ ਨਹੀਂ ਦਿੱਤੀ ਗਈ। 
              ਹਰਬੰਸ ਸਿੰਘ ਦੇ ਪਿਤਾ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਉਹ ਤਾਂ ਸਰਕਾਰ ਤੋਂ ਆਸ ਲਾਈ ਬੈਠੇ ਸਨ ਕਿ ਮਸਕਟਮੈਨ ਬਣਨ ਨਾਲ ਬੱਚੇ ਦੀ ਕਿਸਮਤ ਖੁੱਲ੍ਹ ਜਾਵੇਗੀ ਅਤੇ ਨੌਕਰੀ ਵਗੈਰਾ ਦੀ ਮਿਹਰ ਸਰਕਾਰ ਕਰੇਗੀ ਪਰ ਉਨ੍ਹਾਂ ਨੂੰ ਤਾਂ ਦਿਹਾੜੀ ਵੀ 10 ਮਹੀਨੇ ਮਗਰੋਂ ਨਹੀਂ ਮਿਲੀ। ਵਿਸ਼ਵ ਕਬੱਡੀ ਕੱਪ ਦੇ ਜਿਥੇ ਵੀ ਮੈਚ ਹੁੰਦੇ ਸਨ, ਉਥੇ ਇਸ ਮਸਕਟਮੈਨ ਨੂੰ ਲਿਜਾਣ ਵਾਸਤੇ ਗੱਡੀ ਤੇ ਹੈਲਪਰ ਦਿੱਤੇ ਹੋਏ ਸਨ। ਮਸਕਟਮੈਨ ਬਣੇ ਨੌਜਵਾਨ ਦੀ ਗੁਰਬਤ ਦੀ ਆਪਣੀ ਹੀ ਕਹਾਣੀ ਹੈ, ਜੋ ਦਿਲ ਹਿਲਾ ਦੇਣ ਵਾਲੀ ਹੈ। ਉਹ ਆਖਦਾ ਹੈ ਕਿ ਉਸ ਨੂੰ ਕਦੇ ਨਵੇਂ ਕੱਪੜੇ ਨਸੀਬ ਨਹੀਂ ਹੋਏ। ਕਬਾੜੀਆਂ ਤੋਂ ਖ਼ਰੀਦੇ ਕੱਪੜੇ ਹੀ ਉਸ ਦਾ ਤਨ ਢਕਦੇ ਹਨ। ਉਹ ਵਾਲੀਬਾਲ ਦੀ ਲਗਾਤਾਰ ਪ੍ਰੈਕਟਿਸ ਕਰਦਾ ਹੈ ਅਤੇ ਪੁਰਾਣੇ ਟਰੈਕ ਸੂਟ ਨਾਲ ਖੇਡ ਮੈਦਾਨ ਵਿੱਚ ਜਾਂਦਾ ਹੈ। ਉਸ ਦੇ ਬਾਪ ਨੇ ਦੱਸਿਆ ਕਿ ਉਸ ਨੇ ਤਾਂ ਜ਼ਿੰਦਗੀ ਵਿੱਚ ਖ਼ੁਦ ਬਹੁਤ ਪਾਪੜ ਵੇਲੇ ਹਨ। ਉਸ ਨੇ ਚਾਹ ਵਾਲੀ ਰੇਹੜੀ 'ਤੇ ਕੰਮ ਕੀਤਾ ਅਤੇ ਕਬਾੜੀਆ ਬਣ ਕੇ ਵੀ ਘਰ ਚਲਾਇਆ ਹੈ। ਉਸ ਦਾ ਕਹਿਣਾ ਹੈ ਕਿ ਉਹ ਆਪਣੇ ਲੜਕੇ ਨੂੰ ਚੰਗਾ ਖਿਡਾਰੀ ਬਣਾਉਣਾ ਚਾਹੁੰਦਾ ਹੈ ਤਾਂ ਜੋ ਉਸ ਨੂੰ ਮੁੜ ਕਦੇ ਭਾਂਡੇ ਨਾ ਮਾਂਜਣੇ ਪੈਣ। ਨੌਜਵਾਨ ਹਰਬੰਸ ਸਿੰਘ ਦੱਸਦਾ ਹੈ ਕਿ ਜਦੋਂ ਮਸਕਟਮੈਨ ਦੀ ਪੇਸ਼ਕਸ਼ ਹੋਈ ਸੀ ਤਾਂ ਉਸ ਤੋਂ ਖ਼ੁਸ਼ੀ ਸਾਂਭੀ ਨਹੀਂ ਜਾ ਰਹੀ ਸੀ ਪਰ ਹੁਣ ਇਹ ਖ਼ੁਸ਼ੀ ਖੰਭ ਲਾ ਕੇ ਉਡ ਗਈ ਹੈ।
                ਉਸ ਦਾ ਕਹਿਣਾ ਸੀ ਕਿ ਉਸ ਨੇ ਸੁਫਨੇ ਤਾਂ ਸਰਕਾਰ ਤੋਂ ਰੁਜ਼ਗਾਰ ਦੇ ਲਏ ਸਨ ਪਰ ਉਸ ਨੂੰ ਤਾਂ ਹਾਲੇ ਤਕ ਦਿਹਾੜੀ ਵੀ ਨਸੀਬ ਨਹੀਂ ਹੋਈ। ਇਸ ਵਾਲੀਬਾਲ ਖਿਡਾਰੀ ਦੀ ਮਹਿਲਾ ਕੋਚ ਕਾਫੀ ਮਦਦ ਕਰਦੀ ਹੈ। ਜਦੋਂ ਇਸ ਬਾਰੇ ਜ਼ਿਲ੍ਹਾ ਖੇਡ ਅਫਸਰ ਕਰਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਏਨਾ ਹੀ ਪਤਾ ਨਹੀਂ ਸੀ ਕਿ ਮਸਕਟਮੈਨ ਬਠਿੰਡਾ ਦਾ ਹੈ। ਉਨ੍ਹਾਂ ਆਖਿਆ ਕਿ ਜੇ ਕਿਤੇ ਦਸਤਖ਼ਤ ਕਰਾਏ ਗਏ ਹਨ ਤਾਂ ਉਸ ਵਿਦਿਆਰਥੀ ਨੂੰ ਅਦਾਇਗੀ ਕਰ ਦਿੱਤੀ ਗਈ ਹੋਵੇਗੀ। ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਨਾਲ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ।
                                                            ਕਰੋੜਾਂ ਦੇ ਬਕਾਏ ਅੜੇ
ਤੀਜੇ ਵਿਸ਼ਵ ਕਬੱਡੀ ਦੇ ਹਾਲੇ ਕਰੀਬ ਇਕ ਕਰੋੜ ਰੁਪਏ ਦੇ ਬਕਾਏ ਖੜ੍ਹੇ ਹਨ। ਇਨ੍ਹਾਂ ਵਿੱਚ ਹੋਟਲ ਮਾਲਕਾਂ ਦੇ ਕਾਫੀ ਬਕਾਏ ਹਨ। ਖੇਡ ਵਿਭਾਗ ਨੇ ਪੰਜਾਬ ਸਰਕਾਰ ਤੋਂ ਫੰਡਾਂ ਦੀ ਮੰਗ ਕੀਤੀ ਹੈ, ਜੋ ਹਾਲੇ ਪ੍ਰਾਪਤ ਨਹੀਂ ਹੋਏ। ਪਤਾ ਲੱਗਿਆ ਹੈ ਕਿ ਖ਼ਜ਼ਾਨਾ ਸੰਕਟ ਵਿੱਚ ਹੋਣ ਕਰ ਕੇ ਫੰਡ ਪ੍ਰਾਪਤ ਨਹੀਂ ਹੋਏ। ਏਦਾਂ ਦੇ ਹਾਲਾਤ ਰਹੇ ਤਾਂ ਖੇਡ ਵਿਭਾਗ ਨੂੰ ਚੌਥੇ ਵਿਸ਼ਵ ਕਬੱਡੀ ਕੱਪ ਦਾ ਪ੍ਰਬੰਧ ਕਰਨਾ ਔਖਾ ਹੋ ਜਾਵੇਗਾ। ਕੁਝ ਬਕਾਏ ਕਲੀਅਰ ਕਰਨ ਵਾਸਤੇ ਤਾਂ ਦੂਜੇ ਵਿਸ਼ਵ ਕਬੱਡੀ ਕੱਪ ਵਿੱਚੋਂ ਬਚੇ ਫੰਡ ਵਰਤੇ ਗਏ ਹਨ।

Saturday, September 14, 2013

                                     ਲਗਜ਼ਰੀ ਸਫਰ
        ਇੰਡੋ-ਕੈਨੇਡੀਅਨ ਬੱਸਾਂ ਵਲੋਂ ਟੈਕਸ ਚੋਰੀ
                                     ਚਰਨਜੀਤ ਭੁੱਲਰ
ਬਠਿੰਡਾ : ਲਗਜ਼ਰੀ ਬੱਸਾਂ ਨੇ ਸਰਕਾਰੀ ਖ਼ਜ਼ਾਨੇ ਨੂੰ ਕਰੀਬ 34 ਲੱਖ ਰੁਪਏ ਦਾ ਰਗੜਾ ਲਾ ਦਿੱਤਾ ਹੈ। ਇਨ੍ਹਾਂ ਵਿੱਚ ਪ੍ਰਮੁੱਖ ਇੰਡੋ-ਕੈਨੇਡੀਅਨ ਬੱਸ ਸਰਵਿਸ ਹੈ ਜੋ ਦਿੱਲੀ ਦੇ ਹਵਾਈ ਅੱਡੇ ਤੱਕ ਚੱਲਦੀ ਹੈ। ਪਤਾ ਲੱਗਾ ਹੈ ਕਿ ਇੰਡੋ-ਕੈਨੇਡੀਅਨ ਟੀ.ਪੀ.ਟੀ ਜਲੰਧਰ ਅਤੇ ਬਠਿੰਡਾ ਦੀ ਚਾਬੀ ਹੁਣ ਇੱਕ ਵੱਡੇ ਸਿਆਸੀ ਘਰਾਣੇ ਕੋਲ ਹੈ। ਇਹ ਲਗਜ਼ਰੀ ਟੂਰਿਸਟ ਬੱਸਾਂ ਹਨ ਜਿਨ੍ਹਾਂ ਵੱਲੋਂ ਮੋਟਰ ਵਹੀਕਲ ਟੈਕਸ ਦੀ ਕਥਿਤ ਤੌਰ 'ਤੇ ਚੋਰੀ ਕੀਤੀ ਗਈ। ਕਰੀਬ ਪੰਜਾਹ ਫੀਸਦੀ ਤੋਂ ਉਪਰ ਟੈਕਸ ਇਕੱਲਾ ਇੰਡੋ-ਕੈਨੇਡੀਅਨ ਬੱਸ ਕੰਪਨੀ ਦਾ ਬਣਦਾ ਹੈ। ਇਨ੍ਹਾਂ ਲਗਜ਼ਰੀ ਬੱਸਾਂ ਦੇ ਮਾਲਕ ਵੱਲੋਂ ਸਾਲ 2012-13 ਦੌਰਾਨ ਮੋਟਰ ਵਹੀਕਲ ਟੈਕਸ ਨਹੀਂ ਭਰਿਆ ਗਿਆ ਹੈ। ਇਸ ਕੰਪਨੀ ਨੂੰ ਹੁਣ ਜੁਰਮਾਨੇ ਵੀ ਪਾਏ ਗਏ ਹਨ ਅਤੇ ਨਾਲ ਹੀ ਇਨ੍ਹਾਂ ਤੋਂ ਬਕਾਇਆ ਟੈਕਸ ਉਪਰ ਵਿਆਜ ਵੀ ਪਾ ਦਿੱਤਾ ਗਿਆ ਹੈ। ਇੰਡੋ-ਕੈਨੇਡੀਅਨ ਬੱਸ ਸਰਵਿਸ ਲੁਧਿਆਣਾ ਅਤੇ ਜਲੰਧਰ ਤੋਂ ਨਵੀਂ ਦਿੱਲੀ ਤੱਕ ਦੀ ਹੈ। ਵਿਦੇਸ਼ ਆਉਣ- ਜਾਣ ਵਾਲੇ ਐਨਆਰਆਈ ਲੋਕ ਇਨ੍ਹਾਂ ਬੱਸਾਂ ਵਿੱਚ ਹੀ ਦਿੱਲਿਓ ਸਫ਼ਰ ਕਰਦੇ ਹਨ।
                  ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਤੋਂ ਆਰ.ਟੀ.ਆਈ. ਤਹਿਤ ਤਾਜ਼ਾ ਹੋਏ ਆਡਿਟ ਦੀ ਜੋ ਫੋਟੋ ਕਾਪੀ ਦਿੱਤੀ ਗਈ ਹੈ, ਉਸ ਵਿੱਚ ਉਪਰੋਕਤ ਤੱਥ ਸਾਹਮਣੇ ਆਏ ਹਨ। ਆਡਿਟ ਵਿਭਾਗ ਵੱਲੋਂ 9 ਜੁਲਾਈ 2013 ਨੂੰ ਆਡਿਟ ਰਿਪੋਰਟ ਜਾਰੀ ਕੀਤੀ ਗਈ ਹੈ। ਸਟੇਟ ਟਰਾਂਸਪੋਰਟ ਕਮਿਸ਼ਨਰ ਵਲੋਂ ਇਨ੍ਹਾਂ ਲਗਜ਼ਰੀ ਬੱਸਾਂ ਤੋਂ ਵਸੂਲੀ ਲਈ ਫਿਲਹਾਲ ਕੋਈ ਹੱਥ-ਪੈਰ ਨਹੀਂ ਮਾਰੇ ਗਏ। ਹੁਣ ਟਰਾਂਸਪੋਰਟ ਵਿਭਾਗ ਨੂੰ ਇਸ ਟੈਕਸ ਵਸੂਲੀ ਲਈ ਕਦਮ ਚੁੱਕਣੇ ਪੈਣੇ ਹਨ। ਸਰਕਾਰੀ ਵੇਰਵਿਆਂ ਅਨੁਸਾਰ ਇੰਡੋ-ਕੈਨੇਡੀਅਨ ਟੀਪੀਟੀ, ਜਲੰਧਰ ਅਤੇ ਬਠਿੰਡਾ ਦੀਆਂ 11 ਟੂਰਿਸਟ ਬੱਸਾਂ ਨੇ ਮੋਟਰ ਵਹੀਕਲ ਟੈਕਸ ਦੀ ਚੋਰੀ ਕੀਤੀ ਹੈ। ਇਹ ਰਕਮ 17.23 ਲੱਖ ਰੁਪਏ ਬਣਦਾ ਹੈ। ਇੰਡੋ-ਕੈਨੇਡੀਅਨ ਟੂਰਿਸਟ ਬੱਸ ਕੰਪਨੀ ਬਠਿੰਡਾ ਦੀ ਬੱਸ (ਪੀ.ਬੀ. 01 5091) ਵੱਲ ਹੁਣ ਆਡਿਟ ਵਿੱਚ 2,30,320 ਰੁਪਏ ਬਕਾਇਆ ਕੱਢਿਆ ਗਿਆ ਹੈ ਜਿਸ ਵਿੱਚ 10 ਹਜ਼ਾਰ ਰੁਪਏ ਜੁਰਮਾਨੇ ਅਤੇ 19,920 ਰੁਪਏ ਵਿਆਜ ਦੀ ਰਕਮ ਵੀ ਸ਼ਾਮਲ ਹੈ। ਇੰਡੋ-ਕੈਨੇਡੀਅਨ ਕੰਪਨੀ ਜਲੰਧਰ ਦੀਆਂ 8 ਟੂਰਿਸਟ ਬੱਸਾਂ ਵੱਲੋਂ 10.82 ਲੱਖ ਰੁਪਏ ਦਾ ਮੋਟਰ ਵਹੀਕਲ ਟੈਕਸ ਨਹੀਂ ਭਰਿਆ ਗਿਆ ਹੈ। ਆਡਿਟ ਵਿੱਚ ਛੇ ਬੱਸਾਂ ਨੂੰ ਪ੍ਰਤੀ ਬੱਸ 1,59,927 ਰੁਪਏ ਸਮੇਤ ਜੁਰਮਾਨੇ ਅਤੇ ਵਿਆਜ ਦੇ ਪਾਏ ਗਏ ਹਨ ਜਦੋਂ ਕਿ ਦੋ ਬੱਸਾਂ ਨੂੰ ਪ੍ਰਤੀ ਬੱਸ 1,23,750 ਰੁਪਏ ਸਮੇਤ ਵਿਆਜ ਅਤੇ ਜੁਰਮਾਨੇ ਦੇ ਪਾ ਦਿੱਤੇ ਗਏ ਹਨ।
                ਇੰਡੋ-ਕੈਨੇਡੀਅਨ ਕੰਪਨੀ ਜਲੰਧਰ ਦੀਆਂ ਦੋ ਇਟੈਗਰਲ ਕੋਚ ਬੱਸਾਂ ਵੀ ਹਨ ਜੋ ਦਿੱਲੀ ਹਵਾਈ ਅੱਡੇ ਤੱਕ ਆਉਂਦੀਆਂ-ਜਾਂਦੀਆਂ ਹਨ। ਇਨ੍ਹਾਂ ਬੱਸਾਂ ਵੱਲੋਂ ਵੀ ਮੋਟਰ ਵਹੀਕਲ ਟੈਕਸ ਦੀ ਚੋਰੀ ਕੀਤੀ ਗਈ ਹੈ। ਇਨ੍ਹਾਂ ਬੱਸਾਂ ਨੂੰ 4,36,506  ਰੁਪਏ ਪਾਏ ਗਏ ਹਨ। ਸੂਤਰ ਆਖਦੇ ਹਨ ਕਿ ਵੱਡੇ ਘਰਾਂ ਦਾ ਮਾਮਲਾ ਹੋਣ ਕਰਕੇ ਸਟੇਟ ਟਰਾਂਸਪੋਰਟ ਵਿਭਾਗ ਜੁਰਮਾਨੇ ਅਤੇ ਵਿਆਜ ਦੀ ਮੁਆਫ਼ੀ ਵੀ ਕਰ ਸਕਦਾ ਹੈ। ਇਸੇ ਤਰ੍ਹਾਂ ਹੀ ਹਰਗੋਬਿੰਦ ਟਰੈਵਲ ਪ੍ਰਾਈਵੇਟ ਲਿਮਟਿਡ ਫਰੀਦਕੋਟ ਵੱਲੋਂ ਵੀ ਮੋਟਰ ਵਹੀਕਲ ਟੈਕਸ ਦੀ ਚੋਰੀ ਕੀਤੀ ਗਈ ਹੈ। ਹੁਣ ਆਡਿਟ ਹੋਣ ਮਗਰੋਂ ਇਸ ਕੰਪਨੀ ਨੂੰ ਦੋ ਬੱਸਾਂ ਦਾ ਬਕਾਇਆ 5,73,612 ਰੁਪਏ ਪਾਇਆ ਗਿਆ ਹੈ। ਇਸ ਵਿੱਚ 20 ਹਜ਼ਾਰ ਰੁਪਏ ਜੁਰਮਾਨਾ ਅਤੇ 47280 ਰੁਪਏ ਵਿਆਜ ਦੇ ਵੀ ਸ਼ਾਮਲ ਕੀਤੇ ਗਏ ਹਨ। ਅੰਮ੍ਰਿਤਸਰ ਦੀ ਹੋਲੀ ਸਿਟੀ ਟੂਰ ਕੰਪਨੀ ਦੀ ਇੱਕ ਬੱਸ ਨੇ ਵੀ ਟੈਕਸ ਚੋਰੀ ਕੀਤਾ ਹੈ ਜਿਸ ਨੂੰ ਹੁਣ 2,13,558 ਰੁਪਏ ਪਾਏ ਗਏ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਦੀ ਹੀ ਨਿਸ਼ਾਤ ਟੂਰ ਐਂਡ ਟਰੈਵਲ ਕੰਪਨੀ ਨੂੰ ਵੀ ਇੱਕ ਬੱਸ ਦਾ 2,30,320 ਰੁਪਏ ਦਾ ਬਕਾਇਆ ਪਾਇਆ ਗਿਆ ਹੈ, ਜਿਸ ਵਿੱਚ ਜੁਰਮਾਨੇ ਅਤੇ ਵਿਆਜ ਦੀ 19,820 ਰੁਪਏ ਦੀ ਰਾਸ਼ੀ ਵੀ ਸ਼ਾਮਲ ਹੈ। ਅੰਮ੍ਰਿਤਸਰ ਦੀ ਕ੍ਰਿਸ਼ਨ ਸਿੰਘ ਪੁੱਤਰ ਪਿਆਰਾ ਸਿੰਘ ਕੰਪਨੀ ਦੀ ਬੱਸ ਨੂੰ ਵੀ 1,11,571 ਰੁਪਏ ਪਾਏ ਗਏ ਹਨ ਜਦੋਂ ਕਿ ਮਨੀਸ਼ ਕੁਮਾਰ ਅੰਮ੍ਰਿਤਸਰ ਦੀ ਕੰਪਨੀ ਨੂੰ 24091 ਰੁਪਏ ਸਤਲੁਜ ਮੋਟਰ ਜਲੰਧਰ ਨੂੰ 1,75,798 ਰੁਪਏ ਪਾਏ ਗਏ ਹਨ।
                 ਇਨ੍ਹਾਂ ਬੱਸਾਂ ਵੱਲੋਂ ਸਮੇਂ ਸਿਰ ਮੋਟਰ ਵਹੀਕਲ ਟੈਕਸ ਨਹੀਂ ਭਰਿਆ ਗਿਆ ਹੈ। ਇਨ੍ਹਾਂ ਲਗਜ਼ਰੀ ਬੱਸਾਂ ਵੱਲੋਂ 33.81 ਲੱਖ ਰੁਪਏ ਦੇ ਟੈਕਸਾਂ ਦੀ ਚੋਰੀ ਕੀਤੀ ਗਈ ਹੈ। ਇੰਡੋ-ਕੈਨੇਡੀਅਨ ਬੱਸਾਂ ਤੋਂ ਬਿਨਾਂ ਬਾਕੀ ਨੇ ਤਾਂ ਟਰਾਂਸਪੋਰਟ ਵਿਭਾਗ ਕੋਲ ਆਥੋਰਾਈਜੇਸ਼ਨ ਫੀਸ ਨਹੀਂ ਭਰੀ ਹੈ। ਆਥੋਰਾਈਜੇਸ਼ਨ ਫੀਸ ਤਾਂ ਗੁਰਦਾਸਪੁਰ, ਹੁਸ਼ਿਆਰਪੁਰ, ਮੁਹਾਲੀ ਅਤੇ ਰਾਜਪੁਰਾ ਦੀਆਂ ਬੱਸ ਕੰਪਨੀਆਂ ਵਲੋਂ ਵੀ ਭਰੀ ਨਹੀਂ ਗਈ ਹੈ। ਇਹ ਫੀਸ ਸਾਲ 2011 ਤੋਂ ਬਕਾਇਆ ਖੜ੍ਹੀ ਹੈ। ਮੋਟਰ ਵਹੀਕਲ ਐਕਟ ਅਨੁਸਾਰ ਡਿਫਾਲਟਰਾਂ ਨੂੰ ਘੱਟੋ ਘੱਟ 1000 ਰੁਪਏ ਅਤੇ ਵੱਧ ਤੋਂ ਵੱਧ ਪੰਜ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਮੋਟਰ ਵਹੀਕਲ ਐਕਟ 1924 ਜਿਸ ਨੂੰ ਨਵੰਬਰ 2007 ਵਿੱਚ ਸੋਧਿਆ ਗਿਆ, ਅਨੁਸਾਰ ਸਾਲਾਨਾ ਆਧਾਰ ਤੇ ਇਨ੍ਹਾਂ ਵਹੀਕਲਾਂ ਨੂੰ ਮੋਟਰ ਵਹੀਕਲ ਟੈਕਸ ਲਗਾਇਆ ਜਾਂਦਾ ਹੈ। ਟੂਰਿਸਟ ਬੱਸਾਂ ਲਈ ਟੈਕਸ ਵਿੱਚ ਸਤੰਬਰ 2012 ਤੋਂ ਵਾਧਾ ਕੀਤਾ ਗਿਆ ਹੈ।
                                                  ਮੈਕਸੀ ਕੈਬਜ਼ ਵੀ ਹੋਈਆਂ ਡਿਫਾਲਟਰ
ਇਕੱਲੀਆਂ ਲਗਜ਼ਰੀ ਬੱਸਾਂ ਨਹੀਂ ਬਲਕਿ ਮੈਕਸੀ ਕੈਬਜ ਨੇ ਵੀ ਟੈਕਸ ਨਹੀਂ ਭਰਿਆ ਹਨ ਅਤੇ ਉਹ ਵੀ ਡਿਫਾਲਟਰ ਹਨ। ਮੈਕਸੀ ਕੈਬਜ਼ ਤੋਂ ਪਹਿਲਾਂ ਪ੍ਰਤੀ ਸੀਟ 400 ਰੁਪਏ ਟੈਕਸ ਸਲਾਨਾ ਲਿਆ ਜਾਂਦਾ ਸੀ ਅਤੇ ਹੁਣ ਇਸ ਵਿੱਚ ਵਾਧਾ ਕਰਕੇ 750 ਰੁਪਏ ਕਰ ਦਿੱਤਾ ਗਿਆ ਹੈ। ਇਨ•ਾਂ ਲਈ ਵੀ ਜੁਰਮਾਨੇ ਦੀ ਰਾਸ਼ੀ ਘੱਟੋ ਘੱਟ 1000 ਅਤੇ ਵੱਧ ਤੋਂ ਵੱਧ 5 ਹਜ਼ਾਰ ਰੁਪਏ ਰੱਖੀ ਗਈ ਹੈ। ਆਡਿਟ ਵਿੱਚ 37 ਮੈਕਸੀ ਕੈਬਜ ਡਿਫਾਲਟਰ ਨਿਕਲੀਆਂ ਹਨ ਜਿਨ•ਾਂ ਵਲੋਂ 1,17,672 ਰੁਪਏ ਦਾ ਟੈਕਸ ਨਹੀਂ ਭਰਿਆ ਗਿਆ ਹੈ। ਇਸ ਮੈਕਸੀ ਕੈਬਜ ਵਿੱਚ ਇੰਡੀਕਾ,ਟਾਟਾ ਵਿੰਗਰ,ਟਵੇਰਾ,ਇੰਡੀਗੋ ਆਦਿ ਗੱਡੀਆਂ ਹਨ। ਇਹ ਮੈਕਸੀ ਕੈਬਜ ਕਈ ਸ਼ਹਿਰਾਂ ਦੀਆਂ ਹਨ।

Friday, September 13, 2013

                            ਪੰਥਕ ਪ੍ਰਾਹੁਣਚਾਰੀ
     ਦੀਪ ਮਲਹੋਤਰਾ ਵਲੋਂ ਸ਼ਰਾਬ ਦੀ ਸੇਵਾ
                               ਚਰਨਜੀਤ ਭੁੱਲਰ
ਬਠਿੰਡਾ : ਐਤਕੀਂ ਅਕਾਲੀ ਵਿਧਾਇਕ ਦੀਪ ਮਲਹੋਤਰਾ ਕੋਲ ਪੰਜਾਬ ਦੇ ਕਰੀਬ ਇੱਕ-ਤਿਹਾਈ ਠੇਕੇ ਹਨ। ਚਾਲੂ ਮਾਲੀ ਵਰ੍ਹੇ ਦੌਰਾਨ ਸ਼ਰਾਬ ਦੇ ਠੇਕੇ ਲੈਣ ਪੱਖੋਂ ਸਭ ਤੋਂ ਵੱਧ ਕਿਸਮਤ ਇਸ ਵਿਧਾਇਕ ਦੀ ਚਮਕੀ ਹੈ। ਉਂਜ ਵੀ ਇਸ ਵਾਰ ਸ਼ਰਾਬ ਦੇ ਜ਼ਿਆਦਾ ਠੇਕੇ ਅਕਾਲੀ-ਭਾਜਪਾ ਸਰਕਾਰ ਦੇ ਨੇੜਲਿਆਂ ਨੇ ਹੀ ਮੱਲੇ ਹਨ। ਦੀਪ ਮਲਹੋਤਰਾ ਦੇ ਸੱਤ ਜ਼ਿਲ੍ਹਿਆਂ ਵਿੱਚ ਠੇਕੇ ਹਨ। ਚਾਲੂ ਮਾਲੀ ਸਾਲ ਦੌਰਾਨ ਸ਼ਰਾਬ ਦੇ ਠੇਕੇ ਲੈਣ ਖਾਤਰ 40949 ਲੋਕਾਂ ਨੇ ਅਪਲਾਈ ਕੀਤਾ ਸੀ, ਪ੍ਰੰਤੂ ਜਦੋਂ ਕਰ ਅਤੇ ਆਬਕਾਰੀ ਵਿਭਾਗ ਵੱਲੋਂ ਲਾਟਰੀ ਕੱਢੀ ਗਈ ਤਾਂ ਇਹ ਲਾਟਰੀ ਅਕਾਲੀ ਭਾਜਪਾ ਸਰਕਾਰ ਦੇ ਨੇੜਲਿਆਂ ਦੀ ਹੀ ਨਿਕਲੀ। ਆਮ ਠੇਕੇਦਾਰ ਤਾਂ ਇਸ ਕਾਰੋਬਾਰ ਵਿੱਚੋਂ ਬਾਹਰ ਹੋ ਗਏ ਹਨ। ਅਕਾਲੀ ਵਿਧਾਇਕ ਨੇ ਪਰਦਾ ਰੱਖਣ ਵਾਸਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਪਤੇ ਟਿਕਾਣੇ ਦੇ ਕੇ ਅਪਲਾਈ ਕੀਤਾ ਸੀ। ਇਸ ਵਿਧਾਇਕ ਕੋਲ ਲੁਧਿਆਣਾ, ਫਰੀਦਕੋਟ, ਨਵਾਂ ਸ਼ਹਿਰ, ਤਰਨਤਾਰਨ, ਅੰਮ੍ਰਿਤਸਰ, ਜਲੰਧਰ, ਕਪੂਰਥਲਾ ਜ਼ਿਲ੍ਹਿਆਂ ਦੇ ਠੇਕੇ ਹਨ। ਵਿਧਾਇਕ ਦੇ ਲੜਕੇ ਗੌਰਵ ਮਲਹੋਤਰਾ ਵਾਸੀ ਫਰੀਦਕੋਟ ਦੇ ਨਾਮ 'ਤੇ ਫਰੀਦਕੋਟ, ਕੋਟਕਪੂਰਾ ਅਤੇ ਸਾਦਿਕ ਇਲਾਕੇ ਦੇ ਸ਼ਰਾਬ ਦੇ ਠੇਕੇ ਹਨ।
                  ਕਰ ਅਤੇ ਆਬਕਾਰੀ ਵਿਭਾਗ ਵੱਲੋਂ ਆਰ.ਟੀ.ਆਈ. ਤਹਿਤ ਜੋ ਸੂਚਨਾ ਦਿੱਤੀ ਗਈ ਹੈ, ਉਸ ਅਨੁਸਾਰ ਲੁਧਿਆਣਾ ਸ਼ਹਿਰ ਦੇ ਸੱਤ ਜ਼ੋਨਾਂ ਦੇ ਠੇਕੇ ਵੀ ਇਸੇ ਵਿਧਾਇਕ ਕੋਲ ਹਨ। ਇਸ ਸ਼ਹਿਰ ਵਿੱਚ ਗੌਰਵ ਮਲਹੋਤਰਾ ਵਾਸੀ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਮ 'ਤੇ ਤਿੰਨ ਜ਼ੋਨਾਂ ਦੇ ਠੇਕੇ ਹਨ ਜਦੋਂ ਕਿ ਬਠਿੰਡਾ ਜ਼ਿਲ੍ਹੇ ਦੀ ਸੰਗਤ ਮੰਡੀ ਦਾ ਐਡਰੈਸ ਦੇ ਕੇ ਇਸ ਜ਼ੋਨ ਦੇ ਠੇਕੇ ਦੀਪ ਮਲਹੋਤਰਾ ਨੇ ਲਏ ਹਨ। ਜ਼ੋਨ ਨੰਬਰ ਪੰਜ ਦੇ ਠੇਕੇ ਓਮ ਸੰਜ਼ ਵਾਸੀ ਸੰਗਤ ਮੰਡੀ ਦੇ ਨਾਮ ਹੇਠ ਲਏ ਗਏ ਹਨ। ਜ਼ੋਨ ਨੰਬਰ 3 ਦੇ ਠੇਕੇ ਮੈਲਬਰੌਸ ਦੇ ਨਾਮ ਹੇਠ ਲਏ ਹਨ। ਇਸ ਜ਼ਿਲ੍ਹੇ ਵਿੱਚ ਇਕ ਕਾਂਗਰਸੀ ਨੇਤਾ ਦੀ ਕੰਪਨੀ ਢਿੱਲੋਂ ਡਿਸਟਰੀਬਿਊਟਰਜ਼ ਦਾ ਹੱਥ ਵੀ ਉਪਰ ਹੈ। ਨਵਾਂ ਸ਼ਹਿਰ ਵਿੱਚ ਦੀਪ ਮਲਹੋਤਰਾ ਕੋਲ ਚਾਰ ਸਰਕਲਾਂ ਵਿੱਚੋਂ ਦੋ ਸਰਕਲਾਂ ਦੇ ਠੇਕੇ ਹਨ ਜੋ ਕਿ ਮੈਸਰਜ਼ ਵਿਜੇਤਾ ਵਾਸੀ ਜੈਪੁਰ ਅਤੇ ਮੈਲਬਰੌਸ ਕੰਪਨੀ ਫਿਰੋਜ਼ਪੁਰ ਦੇ ਨਾਮ ਹੇਠ ਹਨ। ਕਪੂਰਥਲਾ ਸ਼ਹਿਰ ਦੇ ਠੇਕੇ ਗੌਰਵ ਮਲਹੋਤਰਾ  ਦੇ ਨਾਮ 'ਤੇ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸੱਤ ਜ਼ੋਨਾਂ ਦੇ ਠੇਕੇ ਦੀਪ ਮਲਹੋਤਰਾ ਕੋਲ ਹਨ। ਛੇਹਰਟਾ ਜ਼ੋਨ ਦੇ ਠੇਕੇ ਗੌਰਵ ਵਾਸੀ ਜੈਪੁਰ ਦੇ ਨਾਮ 'ਤੇ ਹਨ ਜਦੋਂ ਕਿ ਬਟਾਲਾ ਰੋਡ ਜ਼ੋਨ ਦੇ ਠੇਕੇ ਗੌਤਮ ਵਾਸੀ ਪਿੰਡ ਸੰਗਤ ਮੰਡੀ ਜ਼ਿਲ੍ਹਾ ਬਠਿੰਡਾ ਦੇ ਨਾਮ 'ਤੇ ਹਨ। ਮਲਹੋਤਰਾ ਦੀ ਕੰਪਨੀ ਵਿਜੇਤਾ ਅਤੇ ਓਮ ਸੰਜ਼ ਦੇ ਨਾਮ 'ਤੇ ਵੀ ਇੱਥੇ ਠੇਕੇ ਹਨ।
                   ਜ਼ਿਲ੍ਹਾ ਜਲੰਧਰ ਵਿੱਚ ਵੀ ਦੀਪ ਮਲਹੋਤਰਾ ਦੇ ਵਿਜੇਤਾ, ਓਅਸਿਸ ਅਤੇ ਓਮ ਸੰਜ਼ ਦੇ ਨਾਮ ਹੇਠ ਸ਼ਰਾਬ ਦੇ ਠੇਕੇ ਹਨ। ਇਸੇ ਤਰ੍ਹਾਂ ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਸਰਕਲ ਦੇ ਠੇਕੇ ਵੀ ਦੀਪ ਮਲਹੋਤਰਾ ਦੇ ਵਿਜੇਤਾ ਕੰਪਨੀ ਦੇ ਨਾਮ 'ਤੇ ਹਨ। ਦੀਪ ਮਲਹੋਤਰਾ ਦੀ ਇੱਕ ਸ਼ਰਾਬ ਫੈਕਟਰੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੈ ਅਤੇ ਦੂਸਰੀ ਸ਼ਰਾਬ ਫੈਕਟਰੀ ਬਠਿੰਡਾ ਦੇ ਪਿੰਡ ਸੰਗਤ ਮੰਡੀ ਵਿੱਚ ਲਗਾਈ ਜਾ ਰਹੀ ਹੈ। ਉਧਰ, ਜ਼ਿਲ੍ਹਾ ਮੋਗਾ ਵਿੱਚ ਨਿਹਾਲ ਸਿੰਘ ਵਾਲਾ ਸਰਕਲ ਦੇ ਠੇਕਿਆਂ ਵਿੱਚ ਅਕਾਲੀ ਨੇਤਾ ਨਵਦੀਪ ਸੰਘਾ ਹਿੱਸੇਦਾਰ ਹੈ ਜਿਸ ਨੂੰ ਉਪ ਮੁੱਖ ਮੰਤਰੀ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਸੀ। ਫਰੀਦਕੋਟ ਜ਼ਿਲ੍ਹੇ ਦੇ ਕਰੀਬ ਇੱਕ ਦਰਜਨ ਪਿੰਡਾਂ ਦੇ ਠੇਕੇ ਭਗਤਾ ਭਾਈ ਦੀ ਮਾਰਕੀਟ ਕਮੇਟੀ ਦੇ ਸਾਬਕਾ ਅਕਾਲੀ ਚੇਅਰਮੈਨ ਗੁਰਮੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸਲਾਬਤਪੁਰਾ (ਬਠਿੰਡਾ) ਕੋਲ ਹਨ। ਬਠਿੰਡਾ ਜ਼ਿਲ੍ਹੇ ਦੇ ਸਾਰੇ ਠੇਕੇ ਸੁਪਰੀਮ ਕੰਪਨੀ ਕੋਲ ਹੈ ਜਿਸ ਵਿੱਚ ਹਿੱਸੇਦਾਰ ਜਸਵਿੰਦਰ ਸਿੰਘ ਅਤੇ ਰਾਹੁਲ ਕਾਂਸਲ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ ਕਾਫੀ ਠੇਕੇ ਭਾਜਪਾ ਨੇਤਾਵਾਂ ਕੋਲ ਹਨ।                
                   ਫਤਹਿਗੜ੍ਹ ਸਾਹਿਬ ਦੇ ਸਰਹਿੰਦ ਜ਼ੋਨ ਦੇ ਠੇਕੇ ਵੀ ਇਕ ਭਾਜਪਾ ਨੇਤਾ ਕੋਲ ਹਨ। ਉਪ ਮੁੱਖ ਮੰਤਰੀ ਦੇ ਨੇੜਲੇ ਅਰਵਿੰਦ ਸਿੰਗਲਾ ਵਾਸੀ ਚੰਡੀਗੜ੍ਹ ਕੋਲ ਕਈ ਜ਼ਿਲ੍ਹਿਆਂ ਦਾ ਸ਼ਰਾਬ ਦਾ ਕਾਰੋਬਾਰ ਹੈ। ਇਸ ਵਪਾਰੀ ਵਲੋਂ ਮਾਨਸਾ ਦੀ ਸਪਿੰਨਿੰਗ ਮਿੱਲ ਵਾਲੀ ਜਗ੍ਹਾ ਤੇ ਅਰਵਿੰਦ ਨਗਰ ਨਾਮ ਦੀ ਕਲੋਨੀ ਵੀ ਕੱਟੀ ਗਈ ਹੈ। ਇਸ ਵਿਅਕਤੀ ਕੋਲ ਮਾਨਸਾ ਤੇ ਫਤਹਿਗੜ੍ਹ ਸਾਹਿਬ ਦੇ ਵੀ ਠੇਕੇ ਹਨ। ਗਗਨ ਵਾਈਨ ਨਾਮ ਦੀ ਕੰਪਨੀ ਦੇ ਹੱਥ ਵੀ ਕਾਫੀ ਕੁਝ ਠੇਕੇ ਲੱਗੇ ਹਨ। ਸਰਕਾਰੀ ਤਰਕ ਹੈ ਕਿ ਐਤਕੀਂ ਲੋਕਾਂ ਨੇ ਸ਼ਰਾਬ ਦੇ ਠੇਕੇ ਲੈਣ ਤੋਂ ਪਾਸਾ ਵੱਟਿਆ ਹੈ ਜਿਸ ਕਰਕੇ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਘਟੀ ਹੈ। ਠੇਕੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰੀ ਦਬਾਓ ਹੇਠ ਅਪਲਾਈ ਕਰਨ ਹੀ ਨਹੀਂ ਦਿੱਤਾ ਗਿਆ ਹੈ।
                  ਠੇਕਿਆਂ ਦੇ ਚਾਹਵਾਨ ਅਤੇ ਠੇਕੇ ਲੈਣ ਦੇ ਚਾਹਵਾਨਾਂ ਦੀ ਗਿਣਤੀ ਵਿੱਚ ਐਤਕੀਂ ਕਮੀ ਹੋਣ ਦੇ ਲੁਕਵੇਂ ਕਾਰਨ ਹਨ। ਇੱਕ ਨਜ਼ਰ ਮਾਰੀਏ ਤਾਂ ਬਠਿੰਡਾ, ਫਰੀਦਕੋਟ ਅਤੇ ਮਾਨਸਾ ਜ਼ਿਲ੍ਹੇ ਵਿੱਚ ਪਿਛਲੇ ਸਾਲ 3297 ਵਿਅਕਤੀ ਠੇਕੇ ਲੈਣ ਦੇ ਚਾਹਵਾਨ ਸਨ ਜਦੋਂ ਕਿ ਐਤਕੀਂ ਇਹ ਗਿਣਤੀ ਸਿਰਫ 407 ਰਹਿ ਗਈ ਹੈ। ਫਰੀਦਕੋਟ ਵਿੱਚ ਪਿਛਲੇ ਸਾਲ 149 ਦੇ ਮੁਕਾਬਲੇ ਐਤਕੀਂ 55 ਵਿਅਕਤੀਆਂ ਨੇ ਹੀ ਅਪਲਾਈ ਕੀਤਾ। ਮਾਲਵੇ ਦੇ ਨੌਂ ਜ਼ਿਲ੍ਹਿਆਂ ਦੀ ਸਥਿਤੀ ਦੇਖੀਏ ਤਾਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਿਛਲੇ ਸਾਲ 14235 ਵਿਅਕਤੀ ਠੇਕੇ ਲੈਣ ਦੇ ਚਾਹਵਾਨ ਸਨ ਜਦੋਂ ਕਿ ਇਸ ਵਾਰ ਇਹ ਗਿਣਤੀ 6682 ਹੀ ਰਹਿ ਗਈ ਹੈ। ਬਠਿੰਡਾ ਜ਼ਿਲ੍ਹੇ ਵਿੱਚ ਪਿਛਲੇ ਸਾਲ 1112 ਲੋਕਾਂ ਨੇ ਅਪਲਾਈ ਕੀਤਾ ਅਤੇ ਐਤਕੀਂ ਮੈਦਾਨ ਵਿੱਚ ਸਿਰਫ਼ 54 ਵਿਅਕਤੀ ਹੀ ਸਨ। ਮਾਨਸਾ ਵਿੱਚ 5147 ਦੇ ਮੁਕਾਬਲੇ ਐਤਕੀਂ 2860 ਹੀ ਰਹਿ ਗਏ। ਅਜਿਹੇ ਰੁਝਾਨ ਤੋਂ ਸੰਕੇਤ ਮਿਲਦੇ ਹਨ ਕਿ ਕਿਤੇ ਨਾ ਕਿਤੇ ਕੋਈ ਗੜਬੜ ਜ਼ਰੂਰ ਹੋਈ ਜਿਸ ਦੇ ਨਤੀਜੇ ਵਜੋਂ ਹਾਕਮ ਧਿਰ ਦੇ ਨੇੜਲਿਆਂ ਦੀ ਹੀ ਠੇਕਿਆਂ ਦੀ ਲਾਟਰੀ ਨਿਕਲੀ।
                                           ਜ਼ਬਰਦਸਤ ਮੁਕਾਬਲੇ ਵਿੱਚ ਠੇਕੇ ਮਿਲੇ: ਦੀਪ ਮਲਹੋਤਰਾ   
ਅਕਾਲੀ ਵਿਧਾਇਕ ਦੀਪ ਮਲਹੋਤਰਾ ਦਾ ਕਹਿਣਾ ਸੀ ਕਿ ਐਤਕੀਂ ਠੇਕਿਆਂ ਦਾ ਜ਼ਬਰਦਸਤ ਮੁਕਾਬਲਾ ਸੀ ਪ੍ਰੰਤੂ ਉਨ੍ਹਾਂ ਵੱਲੋਂ ਜ਼ਿਆਦਾ ਗਿਣਤੀ ਵਿੱਚ ਅਪਲਾਈ ਕੀਤਾ ਗਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਲਾਟਰੀ ਵਿੱਚ ਜ਼ਿਆਦਾ ਠੇਕੇ ਮਿਲੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੱਕਾ ਐਡਰੈਸ ਤਾਂ ਫਰੀਦਕੋਟ ਦਾ ਹੀ ਹੈ ਪ੍ਰੰਤੂ ਉਨ੍ਹਾਂ ਦੇ ਕਾਰੋਬਾਰ ਵੱਖ- ਵੱਖ ਥਾਵਾਂ 'ਤੇ ਹਨ ਜਿਸ ਕਰਕੇ ਵੱਖ- ਵੱਖ ਪਤਿਆਂ ਦੇ ਠੇਕੇ ਲੈਣ ਵੇਲੇ ਅਪਲਾਈ ਕੀਤਾ ਗਿਆ ਜੋ ਕਿ ਗ਼ਲਤ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਾਲ ਸ਼ਰਾਬ ਦੇ ਠੇਕੇਦਾਰ ਘਾਟੇ ਵਿੱਚ ਰਹੇ ਹਨ ਜਿਸ ਕਰਕੇ ਐਤਕੀਂ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਘਟੀ ਹੈ। ਉਨ੍ਹਾਂ ਆਖਿਆ ਕਿ ਠੇਕਿਆਂ ਦੀ ਸਰਕਾਰੀ ਨੀਤੀ ਪੂਰੀ ਤਰ੍ਹਾਂ ਪਾਰਦਰਸ਼ਤਾ ਵਾਲੀ ਹੈ ਜਿਸ ਵਿੱਚ ਕੋਈ ਹੇਰ ਫੇਰ ਨਹੀਂ ਹੋਈ ਹੈ।

Tuesday, September 10, 2013

                                                                     ਵੱਡੇ ਘਰਾਂ ਨੇ 
                         ਸਰਕਾਰੀ ਏ.ਸੀ. ਬੱਸਾਂ ਨੂੰ ਕੀਤਾ  'ਮੁੜ੍ਹਕੋ-ਮੁੜ੍ਹਕੀ'
                                                                     ਚਰਨਜੀਤ ਭੁੱਲਰ
ਬਠਿੰਡਾ :  ਬਠਿੰਡਾ ਪੱਟੀ ਵਿੱਚ ਵੱਡੇ ਘਰਾਂ ਦੀ ਟਰਾਂਸਪੋਰਟ ਨੇ ਸਰਕਾਰੀ ਏ.ਸੀ. ਬੱਸਾਂ ਨੂੰ ਲੰਮੇ ਰੂਟਾਂ ਤੋਂ ਲਾਹ ਦਿੱਤਾ ਹੈ। ਹੁਣ ਪੀ.ਆਰ.ਟੀ.ਸੀ. ਲਿੰਕ ਸੜਕਾਂ 'ਤੇ ਏ.ਸੀ. ਬੱਸਾਂ ਚਲਾਉਣ ਲੱਗੀ ਹੈ। ਬਠਿੰਡਾ ਡਿੱਪੂ ਕੋਲ 13 ਏ.ਸੀ. ਬੱਸਾਂ ਹਨ, ਜਿਨ੍ਹਾਂ ਵਿੱਚੋਂ ਚਾਰ ਬੱਸਾਂ ਤਾਂ ਡਿੱਪੂ ਵਿੱਚ ਹੀ ਖੜ੍ਹੀਆਂ ਹਨ। ਬਠਿੰਡਾ-ਚੰਡੀਗੜ੍ਹ ਦੇ ਜੋ ਮਲਾਈ ਵਾਲੇ ਟਾਈਮ ਹਨ, ਉਨ੍ਹਾਂ 'ਤੇ ਵੱਡੇ ਘਰਾਣੇ ਦੀਆਂ ਏ.ਸੀ. ਬੱਸਾਂ ਚੱਲਦੀਆਂ ਹਨ। ਔਰਬਿਟ ਕੰਪਨੀ ਦੀਆਂ ਇੰਟੈਗ੍ਰਲ ਕੋਚ ਬੱਸਾਂ ਸਵੇਰ ਸਵਾ ਪੰਜ ਵਜੇ ਤੋਂ ਚੰਡੀਗੜ੍ਹ ਲਈ ਚੱਲਣਾ ਸ਼ੁਰੂ ਹੁੰਦੀਆਂ ਹਨ ਅਤੇ ਸਵਾ ਦੋ ਵਜੇ ਤੱਕ ਇਨ੍ਹਾਂ ਬੱਸਾਂ ਦੇ ਟਾਈਮ ਬਠਿੰਡਾ-ਚੰਡੀਗੜ੍ਹ ਦੇ ਹਨ। ਸਵੇਰ ਤੋਂ ਦੁਪਹਿਰ ਤੱਕ ਔਰਬਿਟ ਕੰਪਨੀ ਦੇ ਟਾਈਮ ਕਰੀਬ ਇਕ ਇਕ ਘੰਟੇ ਬਾਅਦ ਹਨ। ਪੀ.ਆਰ.ਟੀ.ਸੀ. ਬਠਿੰਡਾ ਡਿੱਪੂ ਦੀ ਪਹਿਲੀ ਏ.ਸੀ. ਬੱਸ ਬਠਿੰਡਾ-ਚੰਡੀਗੜ੍ਹ ਲਈ ਸਵੇਰ 4.05 ਵਜੇ ਚੱਲਦੀ ਹੈ। ਵੇਰਵਿਆਂ ਅਨੁਸਾਰ ਪੀ.ਆਰ.ਟੀ.ਸੀ. ਦੀ ਦਿਨ ਚੜ੍ਹਨ ਮਗਰੋਂ ਜੋ ਬਠਿੰਡਾ-ਚੰਡੀਗੜ੍ਹ ਬੱਸ ਚੱਲਦੀ ਹੈ, ਉਸ ਦਾ ਸਮਾਂ ਸਵੇਰ ਪੌਣੇ ਨੌ ਵਜੇ ਦਾ ਹੈ। ਇਸ ਏ.ਸੀ. ਬੱਸ ਨੂੰ ਵਾਇਆ ਮਾਨਸਾ ਚੰਡੀਗੜ੍ਹ ਤੋਰਿਆ ਜਾਂਦਾ ਹੈ ਜਦੋਂ ਕਿ ਔਰਬਿਟ ਦੀ ਏ.ਸੀ. ਬੱਸ ਪਹਿਲਾਂ 8 ਵਜੇ ਅਤੇ ਉਸ ਮਗਰੋਂ 8.50 ਤੇ ਚੰਡੀਗੜ੍ਹ ਲਈ ਵਾਇਆ ਸੰਗਰੂਰ ਚੱਲਦੀ ਹੈ। ਪੀ.ਆਰ.ਟੀ.ਸੀ. ਦੀ ਬਠਿੰਡਾ ਅੱਡੇ ਵਿੱਚੋਂ ਇਕ ਬੱਸ ਚੰਡੀਗੜ੍ਹ ਲਈ ਵਾਇਆ ਮਾਨਸਾ ਬਾਅਦ ਦੁਪਹਿਰ 2.37 ਵਜੇ ਚੱਲਦੀ ਹੈ।
                   ਪੀ.ਆਰ.ਟੀ.ਸੀ. ਦੀ ਬਠਿੰਡਾ ਤੋਂ ਸਿੱਧੀ ਚੰਡੀਗੜ੍ਹ ਵਾਇਆ ਸੰਗਰੂਰ ਬੱਸ ਪੌਣੇ ਨੌ ਵਜੇ ਮਗਰੋਂ 11.23 ਵਜੇ ਚੱਲਦੀ ਹੈ। ਇਸ ਸਮੇਂ ਦਰਮਿਆਨ ਔਰਬਿਟ ਦੀ 8.50 ਵਜੇ ਅਤੇ ਫਿਰ 9.53 ਵਜੇ ਚੰਡੀਗੜ੍ਹ ਲਈ ਏ.ਸੀ. ਬੱਸ ਚੱਲਦੀ ਹੈ। ਉਸ ਮਗਰੋਂ 11 ਵਜੇ ਚੰਡੀਗੜ੍ਹ ਲਈ ਔਰਬਿਟ ਜਾਂਦੀ ਹੈ। ਪੀ.ਆਰ.ਟੀ.ਸੀ. ਦੀ 12.27 ਵਜੇ ਚੰਡੀਗੜ੍ਹ ਲਈ ਇਕ ਬੱਸ ਜਾਂਦੀ ਹੈ ਅਤੇ ਆਖਰੀ ਬੱਸ 3.40 ਵਜੇ ਚੰਡੀਗੜ੍ਹ ਲਈ ਚੱਲਦੀ ਹੈ। ਸਰਕਾਰੀ ਸੂਤਰ ਆਖਦੇ ਹਨ ਕਿ ਚੰਡੀਗੜ੍ਹ ਵਾਲੇ ਏ.ਸੀ. ਬੱਸਾਂ ਦੇ ਰੂਟ ਘਾਟੇ ਵਾਲੇ ਨਹੀਂ ਹਨ ਪਰ ਫਿਰ ਵੀ ਜ਼ਿਆਦਾ ਸਵਾਰੀ ਚੁੱਕਣ ਦਾ ਮੌਕਾ ਪ੍ਰਾਈਵੇਟ ਘਰਾਣੇ ਦੀਆਂ ਬੱਸਾਂ ਨੂੰ ਮਿਲ ਜਾਂਦਾ ਹੈ।ੀ.ਆਰ.ਟੀ.ਸੀ. ਵੱਲੋਂ ਬਠਿੰਡਾ-ਅੰਮ੍ਰਿਤਸਰ ਰੂਟ 'ਤੇ ਦੋ ਏ.ਸੀ. ਬੱਸਾਂ ਚਲਾਈਆਂ ਜਾ ਰਹੀਆਂ ਸਨ। ਇਨ੍ਹਾਂ ਵਿੱਚੋਂ ਇਕ ਬੱਸ ਬੰਦ ਕਰ ਦਿੱਤੀ ਗਈ ਹੈ, ਜਦੋਂ ਕਿ ਇਕ ਏ.ਸੀ. ਬੱਸ 8.07 ਵਜੇ ਬਠਿੰਡਾ-ਅੰਮ੍ਰਿਤਸਰ ਚੱਲਦੀ ਹੈ। ਏਦਾਂ ਦੀ ਸਥਿਤੀ ਵਿੱਚ ਪੀ.ਆਰ.ਟੀ.ਸੀ. ਬਠਿੰਡਾ-ਡੱਬਵਾਲੀ ਰੂਟ 'ਤੇ ਦੋ ਏ.ਸੀ. ਬੱਸਾਂ ਚਲਾ ਰਹੀ ਹੈ, ਜਦੋਂ ਕਿ ਪਹਿਲਾਂ ਇਸ ਰੂਟ 'ਤੇ ਏ.ਸੀ. ਬੱਸਾਂ ਨਹੀਂ ਚੱਲਦੀਆਂ ਸਨ। ਇਹ ਛੋਟਾ ਰੂਟ ਹੈ, ਜਿਥੇ ਵੱਡੇ ਘਰਾਣਿਆਂ ਦੀ ਕੋਈ ਬੱਸ ਨਹੀਂ ਚੱਲਦੀ। ਬਠਿੰਡਾ ਡਿੱਪੂ ਨੇ ਆਪਣੀ ਏ.ਸੀ. ਬੱਸ ਲੰਮੇ ਰੂਟ ਤੋਂ ਉਤਾਰ ਕੇ ਹੁਣ ਬਠਿੰਡਾ-ਭਗਤਾ ਰੂਟ 'ਤੇ ਚਲਾਉਣੀ ਸ਼ੁਰੂ ਕਰ ਦਿੱਤੀ ਹੈ। ਲਿੰਕ ਸੜਕਾਂ 'ਤੇ ਪ੍ਰਾਈਵੇਟ ਏ.ਸੀ. ਬੱਸਾਂ ਨਹੀਂ ਚੱਲ ਰਹੀਆਂ ਹਨ।
                     ਪੀ.ਆਰ.ਟੀ.ਸੀ. ਵੱਲੋਂ ਭਲਕ ਤੋਂ ਬਠਿੰਡਾ-ਮੁਕਤਸਰ ਰੂਟ 'ਤੇ ਵੀ ਏ.ਸੀ. ਬੱਸ ਸ਼ੁਰੂ ਕੀਤੀ ਜਾ ਰਹੀ ਹੈ। ਪੀ.ਆਰ.ਟੀ.ਸੀ. ਵੱਲੋਂ ਇਕ ਏ.ਸੀ. ਬੱਸ ਬਠਿੰਡਾ-ਸਰਦੂਲਗੜ੍ਹ ਚਲਾਈ ਗਈ ਸੀ। ਇਹ ਏ.ਸੀ ਬੱਸ ਹੁਣ ਬੰਦ ਹੋ ਗਈ ਹੈ ਕਿਉਂਕਿ ਇਕ ਤਾਂ ਸਟਾਫ ਦੀ ਕਮੀ ਹੈ ਅਤੇ ਦੂਜਾ ਬੱਸਾਂ ਦੀ ਹਾਲਤ ਮਾੜੀ ਬਣੀ ਹੋਈ ਹੈ। ਬਠਿੰਡਾ ਡਿੱਪੂ ਦੀ ਇਕ ਏ.ਸੀ. ਬੱਸ ਡੇਰਾ ਵਿਵਾਦ ਦੀ ਭੇਟ ਵੀ ਚੜ੍ਹ ਗਈ ਸੀ। ਜੋ ਬਾਕੀ ਏ.ਸੀ. ਬੱਸਾਂ ਹਨ, ਉਨ੍ਹਾਂ ਦੀ ਕੋਈ ਸਾਂਭ ਸੰਭਾਲ ਨਹੀਂ ਹੈ। ਬਠਿੰਡਾ ਡਿੱਪੂ ਦੀ ਵਰਕਸ਼ਾਪ ਵਿੱਚ ਇਹ ਬੱਸਾਂ ਸ਼ਿੰਗਾਰ ਬਣੀਆਂ ਖੜ੍ਹੀਆਂ ਹਨ। ਇਨ੍ਹਾਂ ਬੱਸਾਂ ਲਈ ਸਪੇਅਰ ਪਾਰਟਸ ਦੀ ਵੀ ਸਮੱਸਿਆ ਹੈ। ਸਵਾਰੀਆਂ ਇਨ੍ਹਾਂ ਬੱਸਾਂ ਵਿੱਚ ਚੜ੍ਹਨੋਂ ਪਾਸਾ ਵੱਟਦੀਆਂ ਹਨ।
                                      ਛੋਟੇ ਰੂਟਾਂ 'ਤੇ ਤਜਰਬਾ ਕੀਤਾ ਜਾ ਰਿਹਾ ਹੈ: ਜਨਰਲ ਮੈਨੇਜਰ
ਪੀ.ਆਰ.ਟੀ.ਸੀ. ਬਠਿੰਡਾ ਡਿੱਪੂ ਦੇ ਜਨਰਲ ਮੈਨੇਜਰ ਵਿਨੋਦ ਜਿੰਦਲ ਦਾ ਕਹਿਣਾ ਸੀ ਕਿ ਬਠਿੰਡਾ-ਚੰਡੀਗੜ੍ਹ ਦੇ ਰੂਟ ਘਾਟੇ ਵਾਲੇ ਨਹੀਂ ਹਨ। ਉਨ੍ਹਾਂ ਆਖਿਆ ਕਿ ਜਿਨ੍ਹਾਂ ਏ.ਸੀ. ਬੱਸਾਂ ਦਾ ਖਰਚਾ ਜ਼ਿਆਦਾ ਪੈ ਰਿਹਾ ਸੀ, ਉਨ੍ਹਾਂ ਨੂੰ ਰੂਟ ਤੋਂ ਹਟਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਜਰਬੇ ਦੇ ਤੌਰ 'ਤੇ ਛੋਟੇ ਰੂਟਾਂ 'ਤੇ ਏ.ਸੀ. ਬੱਸਾਂ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ-ਡਬਵਾਲੀ ਰੂਟ 'ਤੇ ਇਕ ਹੋਰ ਏ.ਸੀ. ਬੱਸ ਚਲਾਈ ਜਾਣੀ ਹੈ। ਉਨ੍ਹਾਂ ਆਖਿਆ ਕਿ ਛੋਟੇ ਰੂਟਾਂ 'ਤੇ ਜੋ ਆਮ ਬੱਸਾਂ ਚੱਲ ਰਹੀਆਂ ਹਨ, ਉਨ੍ਹਾਂ ਨੂੰ ਪੇਂਡੂ ਰੂਟਾਂ 'ਤੇ ਚਲਾਇਆ ਜਾਵੇਗਾ।
                                                    ਵੱਡੀਆਂ ਏ.ਸੀ. ਬੱਸਾਂ ਦਾ ਟੈਕਸ ਵੀ ਘੱਟ
ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਬੱਸ ਕਿਰਾਏ ਵਿੱਚ ਵਾਧਾ ਕੀਤਾ ਗਿਆ ਹੈ। ਨਾਲ ਹੀ ਸਰਕਾਰ ਨੇ ਟੈਕਸ ਵੀ ਵਧਾ ਦਿੱਤੇ ਹਨ। ਇਸ ਵੇਲੇ ਆਮ ਬੱਸਾਂ ਦੇ ਟੈਕਸ ਜ਼ਿਆਦਾ ਹੈ, ਜਦੋਂ ਕਿ ਇੰਟੈਗ੍ਰਲ ਕੋਚ ਦੇ ਟੈਕਸ ਘੱਟ ਹਨ। ਆਮ ਬੱਸਾਂ ਦਾ ਟੈਕਸ ਪ੍ਰਤੀ ਕਿਲੋਮੀਟਰ ਪਹਿਲਾਂ 2.25 ਰੁਪਏ ਸੀ, ਜਿਸ ਵਿੱਚ ਚਾਰ ਕੁ ਮਹੀਨੇ ਪਹਿਲਾਂ ਵਾਧਾ ਕਰ ਕੇ ਪੌਣੇ ਤਿੰਨ ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ। ਹੁਣ ਫਿਰ ਸਰਕਾਰ ਨੇ ਇਨ੍ਹਾਂ ਬੱਸਾਂ ਦੇ ਟੈਕਸ ਵਿੱਚ 25 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕਰ ਦਿੱਤਾ ਹੈ। ਟੈਕਸ ਵਾਧੇ ਮਗਰੋਂਆਮ ਬੱਸਾਂ ਦਾ ਟੈਕਸ ਪ੍ਰਤੀ ਕਿਲੋਮੀਟਰ 3 ਰੁਪਏ ਹੋ ਗਿਆ ਹੈ, ਜਦੋਂ ਕਿ ਇੰਟੈਗ੍ਰਲ ਕੋਚ ਦਾ ਟੈਕਸ ਪ੍ਰਤੀ ਕਿਲੋਮੀਟਰ ਪੌਣੇ ਦੋ ਰੁਪਏ ਹੈ।

Monday, September 9, 2013

                             ਹੁਣ ਕੀ ਕਰੀਏ  
ਪਾਰਲੀਮੈਂਟ ਚੋਂ ਗਾਇਬ ਹੋਏ ਨਵਜੋਤ ਸਿੱਧੂ
                              ਚਰਨਜੀਤ ਭੁੱਲਰ
ਬਠਿੰਡਾ :  ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਆਪਣੇ ਸੰਸਦੀ ਹਲਕੇ ਅੰਮ੍ਰਿਤਸਰ 'ਚੋਂ ਹੀ ਨਹੀਂ ਬਲਕਿ ਪਾਰਲੀਮੈਂਟ 'ਚੋਂ ਵੀ ਗਾਇਬ ਰਹੇ ਹਨ। ਪੰਜਾਬ ਦੇ ਮੌਜੂਦਾ ਸੰਸਦ ਮੈਂਬਰਾਂ 'ਚੋਂ ਸਭ ਤੋਂ ਘੱਟ ਹਾਜ਼ਰੀ ਭਾਜਪਾ ਦੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਰਹੀ ਹੈ। ਲੋਕ ਸਭਾ ਦਾ ਹਾਜ਼ਰੀ ਰਜਿਸਟਰ ਗਵਾਹੀ ਭਰਦਾ ਹੈ ਕਿ ਸ੍ਰੀ ਸਿੱਧੂ ਪਾਰਲੀਮੈਂਟ ਵਿੱਚ ਵੀ ਘੱਟ ਹੀ ਦਿੱਖੇ ਹਨ। 15 ਵੀਂ ਲੋਕ ਸਭਾ ਦੇ ਹੁਣ ਤੱਕ 14 ਸੈਸ਼ਨ ਹੋਏ ਹਨ ਜਿਨ੍ਹਾਂ ਦੀਆਂ ਕੁੱਲ 332 ਬੈਠਕਾਂ ਹੋਈਆਂ ਹਨ। ਸ੍ਰੀ ਸਿੱਧੂ ਨੇ ਸਿਰਫ਼ 91 ਬੈਠਕਾਂ ਵਿੱਚ ਹੀ ਹਾਜ਼ਰੀ ਭਰੀ ਹੈ। ਲੰਘੇ ਮੌਨਸੂਨ ਸੈਸ਼ਨ ਦੌਰਾਨ ਨਵਜੋਤ ਸਿੰਘ ਸਿੱਧੂ ਸਿਰਫ਼ 7 ਦਿਨ ਹੀ ਹਾਜ਼ਰ ਹੋਏ ਜਦੋਂ ਕਿ ਇਸ ਸੈਸ਼ਨ ਦੀਆਂ 18 ਬੈਠਕਾਂ ਹੋਈਆਂ ਹਨ। ਇਸੇ ਤਰ੍ਹਾਂ ਲੋਕ ਸਭਾ ਵਿੱਚ ਨਵਜੋਤ ਸਿੱਧੂ ਦੀ ਹਾਜ਼ਰੀ ਦਰ ਸਿਰਫ਼ 27.40 ਫੀਸਦੀ ਹੀ ਰਹੀ ਹੈ।ਅੰਮ੍ਰਿਤਸਰ ਹਲਕੇ 'ਚੋਂ ਗੈਰਹਾਜ਼ਰੀ ਪਿੱਛੇ ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਅਣਦੇਖੀ ਨੂੰ ਕਾਰਨ ਦੱਸਿਆ ਹੈ। ਪਾਰਲੀਮੈਂਟ ਦੇ ਸੈਸ਼ਨਾਂ ਦੌਰਾਨ ਵੀ ਸ੍ਰੀ ਸਿੱਧੂ ਨੇ ਆਪਣੇ ਕਾਰੋਬਾਰੀ ਕੰਮਾਂ ਨੂੰ ਤਰਜੀਹ ਦਿੱਤੀ ਹੈ। ਮੌਨਸੂਨ ਸੈਸ਼ਨ ਵਿੱਚ ਸਭ ਤੋਂ ਘੱਟ ਹਾਜ਼ਰੀ ਨਵਜੋਤ ਸਿੱਧੂ ਦੀ ਸੀ ਜਦੋਂ ਕਿ ਦੂਸਰੇ ਨੰਬਰ ਤੇ ਪ੍ਰਤਾਪ ਸਿੰਘ ਬਾਜਵਾ ਸਨ ਜਿਨ੍ਹਾਂ ਨੇ 18 ਬੈਠਕਾਂ 'ਚੋਂ 9 ਬੈਠਕਾਂ ਵਿੱਚ ਸ਼ਮੂਲੀਅਤ ਕੀਤੀ।
                  ਸੰਸਦ ਮੈਂਬਰ ਸੰਤੋਸ਼ ਚੌਧਰੀ ਅਤੇ ਸੁਖਦੇਵ ਸਿੰਘ ਲਿਬੜਾ ਨੇ 100 ਫੀਸਦੀ ਬੈਠਕਾਂ ਅਟੈਂਡ ਕੀਤੀਆਂ ਹਨ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਡਾ.ਰਤਨ ਸਿੰਘ ਅਜਨਾਲਾ ਅਤੇ ਮਹਿੰਦਰ ਸਿੰਘ ਕੇ ਪੀ ਨੇ 18 ਚੋਂ 17 ਬੈਠਕਾਂ ਵਿੱਚ ਹਾਜ਼ਰੀ ਭਰੀ ਹੈ। ਮੌਨਸੂਨ ਸੈਸ਼ਨ ਵਿੱਚ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਵਿਜੇ ਇੰਦਰ ਸਿੰਗਲਾ ਵੀ ਸਿਰਫ਼ 10 ਦਿਨ ਹੀ ਪਾਰਲੀਮੈਂਟ ਵਿੱਚ ਹਾਜ਼ਰ ਹੋਏ ਜਦੋਂ ਕਿ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਅਤੇ ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੀ ਹਾਜ਼ਰੀ 18 ਬੈਠਕਾਂ 'ਚੋਂ ਸਿਰਫ਼ 12 ਬੈਠਕਾਂ ਦੀ ਰਹੀ ਹੈ।ਨਵਜੋਤ ਸਿੰਘ ਸਿੱਧੂ ਨੇ ਪਾਰਲੀਮੈਂਟ ਦੇ ਸੱਤਵੇਂ ਸੈਸ਼ਨ ਵਿੱਚ ਸਿਰਫ਼ ਇੱਕ ਦਿਨ ਹੀ ਹਾਜ਼ਰੀ ਭਰੀ ਸੀ ਜਦੋਂ ਕਿ 22 ਦਿਨ ਉਹ ਗ਼ੈਰਹਾਜ਼ਰ ਰਹੇ। ਇਹ ਸੱਤਵਾਂ ਸੈਸ਼ਨ 21 ਫਰਵਰੀ 2011 ਤੋਂ 25 ਮਾਰਚ 2011 ਤੱਕ ਚੱਲਿਆ ਸੀ। ਸਿੱਧੂ ਦਾ ਮਾੜਾ ਰਿਕਾਰਡ ਦਸਵੇਂ ਸੈਸ਼ਨ (12 ਮਾਰਚ 2012 ਤੋਂ 22 ਮਈ 2012 ਤੱਕ) ਦੌਰਾਨ ਰਿਹਾ। ਇਸ ਸੈਸ਼ਨ ਦੀਆਂ 35 ਬੈਠਕਾਂ 'ਚੋਂ ਨਵਜੋਤ ਸਿੱਧੂ 33 ਦਿਨ ਗੈਰਹਾਜ਼ਰ ਰਹੇ। ਉਨ੍ਹਾਂ ਸਿਰਫ਼ ਦੋ ਦਿਨ ਹੀ ਪਾਰਲੀਮੈਂਟ ਵਿੱਚ ਹਾਜ਼ਰੀ ਭਰੀ। ਪਾਰਲੀਮੈਂਟ ਦੇ 12ਵੇਂ ਸੈਸ਼ਨ (22 ਨਵੰਬਰ 2012 ਤੋਂ 20 ਦਸੰਬਰ 2012 ਤੱਕ) ਨਵਜੋਤ ਸਿੱਧੂ ਨੇ 20 ਬੈਠਕਾਂ ਚੋਂ ਸਿਰਫ਼ ਤਿੰਨ ਦਿਨ ਹੀ ਹਾਜ਼ਰੀ ਭਰੀ।
                 ਪੰਜਾਬ ਵਿਧਾਨ ਸਭਾ ਵੱਲੋਂ ਬੈਸਟ ਵਿਧਾਇਕ ਐਲਾਨੇ ਗਏ ਸਾਬਕਾ ਵਿਧਾਇਕ ਅਤੇ ਕਮਿਊਨਿਸਟ ਆਗੂ ਹਰਦੇਵ ਅਰਸ਼ੀ ਦਾ ਕਹਿਣਾ ਸੀ ਕਿ ਵਿਧਾਇਕ ਜਾਂ ਸੰਸਦ ਮੈਂਬਰ ਦਾ ਅਸਲ ਕੰਮ ਤਾਂ ਵਿਧਾਨ ਸਭਾ ਜਾਂ ਪਾਰਲੀਮੈਂਟ ਵਿੱਚ ਹੀ ਹੁੰਦਾ ਹੈ ਜਿਥੇ ਉਹ ਆਪਣੇ ਹਲਕੇ ਦੇ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੋਇਆ ਦੁੱਖ ਤਕਲੀਫ਼ਾਂ ਰੱਖ ਸਕਦਾ ਹੈ। ਉਨ੍ਹਾਂ ਆਖਿਆ ਕਿ ਮੌਜੂਦਾ ਢਾਂਚੇ ਵਿੱਚ ਵਿਧਾਇਕ ਅਤੇ ਸੰਸਦ ਮੈਂਬਰ ਆਪਣੀ ਅਸਲੀ ਡਿਊਟੀ ਭੁੱਲ ਬੈਠੇ ਹਨ। ਉਨ੍ਹਾਂ ਆਖਿਆ ਕਿ ਕਾਨੂੰਨ ਬਣਾਉਣਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦਾ ਕੰਮ ਹੈ ਪਰ ਬਹੁਤੇ ਵਿਧਾਇਕ ਜਾਂ ਸੰਸਦ ਮੈਂਬਰ ਬਿਨਾਂ ਤਿਆਰੀ ਤੋਂ ਹੀ ਸੈਸ਼ਨ ਵਿੱਚ ਜਾਂਦੇ ਹਨ।
                                               ਨਵਜੋਤ ਸਿੱਧੂ ਦਾ ਹਾਜ਼ਰੀ ਰਿਕਾਰਡ
ਪਾਰਲੀਮੈਂਟ                            ਕੁੱਲ                                                 ਬੈਠਕਾਂ ਵਿੱਚ
ਦਾ ਸੈਸ਼ਨ                             ਬੈਠਕਾਂ                                                  ਹਾਜ਼ਰੀ
ਪਹਿਲਾ ਸੈਸ਼ਨ                         07                                                      04
ਦੂਸਰਾ ਸੈਸ਼ਨ                          26                                                      06
ਤੀਸਰਾ ਸੈਸ਼ਨ                         21                                                      08
ਚੌਥਾ ਸੈਸ਼ਨ                            32                                                       07
ਪੰਜਵਾਂ ਸੈਸ਼ਨ                          26                                                      14
ਛੇਵਾਂ ਸੈਸ਼ਨ                            23                                                      09
ਸੱਤਵਾਂ ਸੈਸ਼ਨ                         23                                                      01
ਅੱਠਵਾਂ ਸੈਸ਼ਨ                        26                                                       09
ਨੌਵਾਂ ਸੈਸ਼ਨ                           24                                                       05
ਦਸਵਾਂ ਸੈਸ਼ਨ                        35                                                       02
ਗਿਆਰਵਾਂ ਸੈਸ਼ਨ                   19                                                       09
ਬਾਰ੍ਹਵਾਂ ਸੈਸ਼ਨ                       20                                                        03
ਤੇਰ੍ਹਵਾਂ ਸੈਸ਼ਨ                        32                                                        07
ਹੌਦਵਾਂ ਸੈਸ਼ਨ                       18                                                         07

Sunday, September 8, 2013

                                 ਪੇਂਡੂ ਸਿਹਤ                  
                 ਹੁਣ ਤਾਂ ਰੱਬ ਹੀ ਰਾਖਾ ਹੈ...
                              ਚਰਨਜੀਤ ਭੁੱਲਰ
ਬਠਿੰਡਾ  :  ਮਾਲਵਾ ਖ਼ਿੱਤੇ ਵਿੱਚ ਕਰੀਬ 3500 ਪਿੰਡ ਏਦਾ ਦੇ ਹਨ ਜਿਨ•ਾਂ ਵਿੱਚ ਨਾ ਕੋਈ ਸਰਕਾਰੀ ਡਿਸਪੈਂਸਰੀ ਹੈ ਅਤੇ ਨਾ ਹੀ ਕੋਈ ਹਸਪਤਾਲ ਹੈ। ਇਸ ਖ਼ਿੱਤੇ ਵਿੱਚ 6276 ਪਿੰਡ ਪੈਂਦੇ ਹਨ ਜਿਨ•ਾਂ ਚੋਂ ਸਿਰਫ਼ 2813 ਪਿੰਡਾਂ ਵਿੱਚ ਹੀ ਸਿਹਤ ਕੇਂਦਰ ਦੀ ਸਹੂਲਤ ਹੈ। ਇਨ•ਾਂ 2813 ਪਿੰਡਾਂ ਚੋਂ ਵੀ 1627 ਪਿੰਡ ਉਹ ਹਨ ਜਿਨ•ਾਂ ਵਿੱਚ ਡਾਕਟਰ ਦੀ ਕੋਈ ਅਸਾਮੀ ਹੀ ਪ੍ਰਵਾਨਿਤ ਨਹੀਂ ਹੈ। ਬਾਕੀ ਚੋਂ ਸਿਰਫ਼ 674 ਪਿੰਡਾਂ ਦੇ ਸਿਹਤ ਕੇਂਦਰਾਂ ਕੋਲ ਇੱਕ ਡਾਕਟਰ ਦੀ ਅਸਾਮੀ ਹੈ। ਮਾਲਵੇ ਦੇ ਕਰੀਬ ਪੰਜਾਹ ਫੀਸਦੀ ਪਿੰਡਾਂ ਕੋਲ ਤਾਂ ਇਲਾਜ ਦੀ ਸਰਕਾਰੀ ਸੁਵਿਧਾ ਹੀ ਨਹੀਂ ਹੈ। ਇਨ•ਾਂ ਪਿੰਡਾਂ ਦੇ ਲੋਕਾਂ ਨੂੰ ਪ੍ਰਾਈਵੇਟ ਡਾਕਟਰਾਂ ਤੇ ਨਿਰਭਰ ਹੋਣਾ ਪੈਂਦਾ ਹੈ। ਪੰਜਾਬ ਸਰਕਾਰ ਏਨੇ ਵਰਿ•ਆਂ ਮਗਰੋਂ ਵੀ ਇਨ•ਾਂ ਪਿੰਡਾਂ ਦੇ ਲੋਕਾਂ ਨੂੰ ਕੋਈ ਸਿਹਤ ਸਹੂਲਤ ਨਹੀਂ ਦੇ ਸਕੀ ਹੈ। ਸਿਹਤ ਸੁਵਿਧਾ ਤੋਂ ਵਾਂਝੇ ਇਨ•ਾਂ ਪਿੰਡ ਵਿੱਚ ਕਦੇ ਕਦਾਈਂ ਕੋਈ ਸਿਹਤ ਵਰਕਰ ਚੱਕਰ ਲਗਾਉਂਦਾ ਹੈ। ਇਨ•ਾਂ ਪਿੰਡਾਂ ਨੂੰ ਤਾਂ ਕਦੇ ਸਿਹਤ ਲਈ ਕੋਈ ਫੰਡ ਵੀ ਨਹੀਂ ਮਿਲਿਆ ਹੈ। ਵੇਰਵਿਆਂ ਅਨੁਸਾਰ ਮਾਲਵਾ ਖ਼ਿੱਤੇ ਦੇ 13 ਜ਼ਿਲਿ•ਆਂ ਵਿੱਚ 6400 ਦੇ ਕਰੀਬ ਪੰਚਾਇਤਾਂ ਹਨ ਜਦੋਂ ਕਿ ਪਿੰਡਾਂ ਦੀ ਗਿਣਤੀ 6276 ਹੈ। ਇਨ•ਾਂ ਸਾਰੇ ਜ਼ਿਲਿ•ਆਂ ਵਿੱਚ 5547 ਲੋਕਾਂ ਦੇ ਹਿੱਸੇ ਔਸਤਨ ਇੱਕ ਸਿਹਤ ਕੇਂਦਰ ਆਉਂਦਾ ਹੈ।
              ਮਾਲਵੇ ਦੇ ਇਨ•ਾਂ ਜ਼ਿਲਿ•ਆਂ ਦੀ ਆਬਾਦੀ 1.56 ਕਰੋੜ ਹੈ ਜਿਨ•ਾਂ ਨੂੰ ਪ੍ਰਾਈਵੇਟ ਡਾਕਟਰਾਂ ਦਾ ਸਹਾਰਾ ਤੱਕਣਾ ਪੈਂਦਾ ਹੈ। ਦੂਸਰੀ ਤਰਫ਼ ਨਜ਼ਰ ਮਾਰੀਏ ਤਾਂ ਇਨ•ਾਂ ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਬਿਨ•ਾਂ ਮੰਗ ਤੋਂ ਸਰਕਾਰ ਨੇ ਖੋਲ•ੇ ਹੋਏ ਹਨ। ਜ਼ਿਲ•ਾ ਬਠਿੰਡਾ ਦੇ 284 ਪਿੰਡਾਂ ਚੋਂ ਸਿਰਫ਼ 186 ਪਿੰਡਾਂ ਵਿੱਚ ਹੀ ਸਿਹਤ ਕੇਂਦਰ ਹਨ ਜਦੋਂ ਕਿ ਇਸ ਜ਼ਿਲੇ• ਵਿੱਚ ਸਰਾਬ ਦੇ ਠੇਕਿਆਂ ਦੀ ਗਿਣਤੀ 522 ਹੈ। ਔਸਤਨ ਹਰ ਪਿੰਡ ਵਿੱਚ ਦੋ ਦੋ ਠੇਕੇ ਹਨ। ਜ਼ਿਲ•ੇ ਦੇ 98 ਪਿੰਡਾਂ ਵਿੱਚ ਕੋਈ ਸਿਹਤ ਸਹੂਲਤ ਨਹੀਂ ਹੈ ਲੇਕਿਨ ਇਨ•ਾਂ ਪਿੰਡਾਂ ਵਿੱਚ ਸਰਕਾਰ ਨੇ ਠੇਕਾ ਜ਼ਰੂਰ ਖੋਲਿ•ਆ ਹੋਇਆ ਹੈ। ਸਰਹੱਦੀ ਜ਼ਿਲ•ੇ ਫਿਰੋਜ਼ਪੁਰ ਦੀ ਸਥਿਤੀ ਕਾਫ਼ੀ ਨਾਜ਼ਕ ਹੈ। ਇਸ ਜ਼ਿਲ•ੇ ਦੇ 1001 ਪਿੰਡ ਹਨ ਜਿਨ•ਾਂ ਚੋਂ ਸਿਰਫ਼ 352 ਪਿੰਡਾਂ ਵਿੱਚ ਹੀ ਡਿਸਪੈਂਸਰੀ ਜਾਂ ਹਸਪਤਾਲ ਹੈ। ਬਾਕੀ 649 ਪਿੰਡਾਂ ਵਿੱਚ ਕੋਈ ਸਰਕਾਰੀ ਸਿਹਤ ਸਹੂਲਤ ਨਹੀਂ ਹੈ। ਜ਼ਿਲ•ਾ ਮਾਨਸਾ ਦੇ 88 ਪਿੰਡਾਂ ਨੂੰ ਹਾਲੇ ਤੱਕ ਸਿਹਤ ਸੁਵਿਧਾ ਨਸੀਬ ਨਹੀਂ ਹੋਈ ਹੈ ਜਦੋਂ ਕਿ ਇਸ ਜ਼ਿਲੇ• ਵਿੱਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ 293 ਹੋ ਗਈ ਹੈ। ਮਾਲਵੇ ਦੇ ਇਨ•ਾਂ ਪਿੰਡਾਂ ਚੋਂ 1627 ਪਿੰਡਾਂ ਵਿੱਚ ਸਿਹਤ ਵਿਭਾਗ ਦੇ ਸਬ ਸੈਂਟਰ ਬਣੇ ਹੋਏ ਹਨ ਜਦੋਂ ਕਿ 674 ਪਿੰਡਾਂ ਵਿੱਚ ਡਿਸਪੈਂਸਰੀਆਂ ਹਨ।
               ਮਾਲਵਾ ਦੇ ਤਿੰੰਨ ਤਿੰਨ ਜਾਂ ਚਾਰ ਚਾਰ ਪਿੰਡਾਂ ਨੂੰ ਇੱਕ ਇੱਕ ਸਿਹਤ ਕੇਂਦਰ ਨਾਲ ਜੋੜਿਆ ਹੋਇਆ ਹੈ। ਜੋ ਸਬ ਸੈਂਟਰ ਹਨ,ਉਥੇ ਤਾਂ ਸਿਰਫ਼ ਸਿਹਤ ਵਰਕਰ ਦੀ ਹੀ ਡਿਊਟੀ ਹੁੰਦੀ ਹੈ। ਜੋ ਹੁਣ ਜ਼ਿਲ•ਾ ਪ੍ਰੀਸਦਾਂ ਅਧੀਨ ਸਿਹਤ ਕੇਂਦਰ ਕੀਤੇ ਗਏ ਹਨ,ਉਨ•ਾਂ ਵਿੱਚ ਇੱਕ ਇੱਕ ਡਾਕਟਰ, ਫਰਮਾਸਿਸਟ  ਅਤੇ ਦਰਜਾ ਚਾਰ ਦੀ ਅਸਾਮੀ ਹੈ। ਬਹੁਤੇ ਪਿੰਡਾਂ ਤਾਂ ਏਦਾ ਦੇ ਹਨ ਕਿ ਉਨ•ਾਂ ਕੋਲ ਸਿਹਤ ਕੇਂਦਰ ਤਾਂ ਹੈ ਪ੍ਰੰਤੂ ਸਟਾਫ ਨਹੀਂ। ਪੰਜਾਬੀ ਸੂਬੇ ਦੇ ਨਿਰਮਾਤਾ ਸੰਤ ਫ਼ਤਿਹ ਸਿੰਘ ਦੀ ਯਾਦ ਵਿੱਚ ਪਿੰਡ ਬਦਿਆਲਾ ਵਿੱਚ ਪੇਂਡੂ ਹਸਪਤਾਲ ਬਣਿਆ ਹੋਇਆ ਹੈ। 25 ਬੈਡ ਦੇ ਇਸ ਹਸਪਤਾਲ ਵਿੱਚ ਸਿਰਫ਼ ਚਾਰ ਬੈਡ ਹਨ। ਦੋ ਡਾਕਟਰਾਂ,ਰੇਡੀਓਗਰਾਫਰ,ਲੈਬ ਤਕਨੀਕੀਸਨ,ਦੋ ਨਰਸਾਂ ਦੀਆਂ ਅਸਾਮੀਆਂ ਖ਼ਾਲੀ ਹਨ। ਛੱਤਾਂ ਦੇ ਖਲੇਪੜ ਡਿੱਗ ਰਹੇ ਹਨ। ਕੌਮੀ ਦਿਹਾਤੀ ਸਿਹਤ ਮਿਸ਼ਨ ਵੀ ਪਿੰਡਾਂ ਦੇ ਲੋਕਾਂ ਦੀ ਸਿਹਤ ਠੀਕ ਨਹੀਂ ਕਰ ਸਕਿਆ ਹੈ। ਮਾਲਵਾ ਖ਼ਿੱਤੇ ਦੇ ਸਿਹਤ ਸਹੂਲਤਾਂ ਤੋਂ ਵਾਂਝੇ ਇਨ•ਾਂ ਪਿੰਡਾਂ ਵਿੱਚ ਪ੍ਰਾਈਵੇਟ ਸਿਹਤ ਸਹੂਲਤਾਂ ਦਾ ਜਾਲ ਵਿਛਣ ਲੱਗਾ ਹੈ। ਪ੍ਰਾਈਵੇਟ ਹਸਪਤਾਲਾਂ ਤੋਂ ਇਲਾਵਾ ਇਨ•ਾਂ 13 ਜ਼ਿਲਿ•ਆਂ ਵਿੱਚ 2184 ਆਰ.ਐਮ.ਪੀ ਡਾਕਟਰ ਕੰਮ ਕਰ ਰਹੇ ਹਨ ਜਦੋਂ 4269 ਅਣਰਜਿਸਟਿਡ ਪ੍ਰੈਕਟਸੀਨਰਜ਼ ਕੰਮ ਕਰ ਰਹੇ ਹਨ। 4125 ਦਾਈਆਂ ਇਨ•ਾਂ ਪਿੰਡਾਂ ਵਿੱਚ ਕੰਮ ਕਰ ਰਹੀਆਂ ਹਨ।
                  ਸੰਗਰੂਰ ਜ਼ਿਲ•ੇ ਵਿੱਚ ਸਭ ਤੋਂ ਜਿਆਦਾ 1073 ਪ੍ਰਾਈਵੇਟ ਪ੍ਰੈਕਟਸੀਨਰਜ਼ ਹਨ ਜਦੋਂ ਕਿ ਫਿਰੋਜ਼ਪੁਰ ਜ਼ਿਲੇ• ਵਿੱਚ ਇਨ•ਾਂ ਦੀ ਗਿਣਤੀ 759 ਹੈ। ਬਠਿੰਡਾ ਜ਼ਿਲ•ੇ ਵਿੱਚ 202 ਆਰ.ਐਮ.ਪੀ ਅਤੇ 514 ਪ੍ਰਾਈਵੇਟ ਪ੍ਰੈਕਟਸੀਨਰਜ ਕੰਮ ਕਰ ਰਹੇ ਹਨ। ਜ਼ਿਲ•ੇ ਵਿੱਚ ਦਾਈਆਂ ਦੀ ਗਿਣਤੀ 412 ਹੈ। ਦੂਸਰੇ ਪਾਸੇ ਸ਼ਹਿਰੀ ਖੇਤਰ ਵਿੱਚ ਡਾਕਟਰਾਂ ਦੀ ਗਿਣਤੀ ਜਿਆਦਾ ਹੈ। ਪੇਂਡੂ ਖੇਤਰਾਂ ਦੇ ਸਿਹਤ ਕੇਂਦਰਾਂ ਵਿੱਚ ਕੋਈ ਡਾਕਟਰ ਰਹਿਣ ਨੂੰ ਤਿਆਰ ਹੀ ਨਹੀਂ ਹੈ। ਜੋ ਵੀ.ਆਈ.ਪੀ ਪਿੰਡ ਹਨ,ਉਨ•ਾਂ ਵਿੱਚ ਵੀ ਸਿਹਤ ਸਹੂਲਤਾਂ ਚੰਗੀਆਂ ਹਨ। ਬਾਕੀਆਂ ਦਾ ਰੱਬ ਰਾਖਾ ਹੈ।
                                                        ਸਿਹਤ ਸਹੂਲਤ ਤੇ ਇੱਕ ਝਾਤ
ਜ਼ਿਲ•ਾ              ਕੁੱਲ ਪਿੰਡਾਂ ਦੀ ਗਿਣਤੀ                 ਸਿਹਤ ਸੁਵਿਧਾ ਤੋਂ ਕੋਰੇ ਪਿੰਡਾਂ ਦੀ ਗਿਣਤੀ
ਬਠਿੰਡਾ                                   284                                                  98
ਮੁਕਤਸਰ                                234                                                  55
ਬਰਨਾਲਾ                                125                                                  18
ਫਿਰੋਜ਼ਪੁਰ                             1001                                                 649
ਲੁਧਿਆਣਾ                               915                                                 520
ਮੋਗਾ                                      329                                                 130
ਪਟਿਆਲਾ                               914                                                 656
ਰੋਪੜ                                     613                                                 486
ਸੰਗਰੂਰ                                  571                                                 285
ਮੋਹਾਲੀ                                  433                                                  224
ਮਾਨਸਾ                                  240                                                   88
ਫਤਹਿਗੜ ਸਾਹਿਬ                  446                                                  332
 
     

Saturday, September 7, 2013

                                                                 ਵਾਹ ਵਿਜੀਲੈਂਸ ਵਾਹ
                                          ਪੰਜਾਹ ਹਜ਼ਾਰ ਦਿਓ, ਖਹਿੜਾ ਛੁਡਾਓ
                                                                     ਚਰਨਜੀਤ ਭੁੱਲਰ
ਬਠਿੰਡਾ :  ਰਿਤੂ ਬੇਟਾ, ਇਸ ਆਦਮੀ ਨੂੰ ਪਰਚੀ ਦੇਖ ਕੇ 50 ਹਜ਼ਾਰ ਰੁਪਏ ਦੇ ਦੇਣੇ, ਇਹ ਰਿਸ਼ਵਤ ਹੈ ਨਾ ਮਾਰਨ ਦੀ, ਤੇਰਾ ਪਾਪਾ ਦੇਵ ਰਾਜ। ਇਹ ਲਫਜ਼ ਉਸ ਵਪਾਰੀ ਬਾਪ ਦੇਵ ਰਾਜ ਦੇ ਹਨ ਜਿਸ ਨੇ ਵਿਜੀਲੈਂਸ ਦੀ ਹਿਰਾਸਤ 'ਚੋਂ ਹੀ ਵਿਜੀਲੈਂਸ ਨੂੰ ਰਿਸ਼ਵਤ ਦੇਣ ਦੀ ਇੱਕ ਪਰਚੀ ਬਣਾ ਕੇ ਆਪਣੀ ਧੀ ਨੂੰ ਵਿਜੀਲੈਂਸ ਹੌਲਦਾਰ ਦੇ ਹੱਥ ਘੱਲੀ ਹੈ। ਵਿਜੀਲੈਂਸ ਦਾ ਇੱਕ ਹੌਲਦਾਰ ਜਦੋਂ ਮੁਲਜ਼ਮ ਦੇਵ ਰਾਜ ਦੀ ਲੜਕੀ ਤੋਂ ਇਹ ਪਰਚੀ ਦਿਖਾ ਕੇ ਰਿਸ਼ਵਤ ਲੈਣ ਪੁੱਜਾ ਤਾਂ ਉਥੋਂ ਕਹਾਣੀ ਵਿਗੜ ਗਈ। ਹੁਣ ਮਾਮਲਾ ਪੁੱਠਾ ਪੈ ਗਿਆ ਹੈ ਅਤੇ ਵਿਜੀਲੈਂਸ ਰੇਂਜ ਦੇ ਅਫਸਰ ਮੁੜ ਵਿਵਾਦਾਂ ਵਿੱਚ ਘਿਰ ਗਏ ਹਨ। ਵਿਜੀਲੈਂਸ ਅਫਸਰ ਵੱਲੋਂ ਇੱਕ ਚੌਲ ਮਿੱਲ ਵਪਾਰੀ ਦੇਵ ਰਾਜ ਨੂੰ ਡਰਾ ਧਮਕਾ ਕੇ 50 ਹਜ਼ਾਰ ਦੀ ਵੱਢੀ ਲੈਣ ਦੇ ਮਾਮਲੇ ਦੀ ਹੁਣ ਪੜਤਾਲ ਹੋਵੇਗੀ। ਅਹਿਮ ਸੂਤਰਾਂ ਅਨੁਸਾਰ ਵਿਜੀਲੈਂਸ ਨੇ ਮੁਲਜ਼ਮ ਵਪਾਰੀ ਨਾਲ ਸੌਦਾ ਤੈਅ ਕੀਤਾ ਕਿ ਉਹ ਉਨ੍ਹਾਂ ਨੂੰ 50 ਹਜ਼ਾਰ ਦੇ ਦੇਵੇ ਅਤੇ ਉਹ ਉਸ ਦਾ ਪੁਲੀਸ ਰਿਮਾਂਡ ਨਹੀਂ ਲੈਣਗੇ। ਵਿਜੀਲੈਂਸ ਦੀ ਕੁੱਟ ਮਾਰ ਤੋਂ ਬਚਣ ਅਤੇ ਰਿਮਾਂਡ ਤੋਂ ਬਚਣ ਖਾਤਰ ਮੁਲਜ਼ਮ ਦੇਵ ਰਾਜ ਨੇ ਵਿਜੀਲੈਂਸ ਹੌਲਦਾਰ ਨੂੰ ਪਰਚੀ ਬਣਾ ਕੇ ਦੇ ਦਿੱਤੀ ਤਾਂ ਜੋ ਹੌਲਦਾਰ ਉਸ ਦੀ ਲੜਕੀ ਤੋਂ ਰਿਸ਼ਵਤ ਦੇ 50 ਹਜ਼ਾਰ ਰੁਪਏ ਲੈ ਲਵੇ।
                ਵਪਾਰੀ ਦੇਵ ਰਾਜ ਨੂੰ ਇੱਕ ਚੌਲ ਘਪਲੇ ਦੇ ਸਬੰਧ ਵਿੱਚ 31 ਅਗਸਤ 2013 ਨੂੰ ਵਿਜੀਲੈਂਸ ਨੇ ਹਿਰਾਸਤ ਵਿੱਚ ਲਿਆ ਸੀ। ਅੱਜ ਵਪਾਰੀ ਦੇਵ ਰਾਜ ਨੂੰ ਫੂਲ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਮੁਲਜ਼ਮ ਦੇਵ ਰਾਜ ਦੀ ਲੜਕੀ ਰਿਤੂ ਸੇਤੀਆ ਇੱਕ ਬੈਂਕ ਵਿੱਚ ਨੌਕਰੀ ਕਰਦੀ ਹੈ। ਇੱਕ ਵਿਜੀਲੈਂਸ ਅਧਿਕਾਰੀ ਨੇ ਜਦੋਂ ਰਿਸ਼ਵਤ ਦੀ ਰਾਸ਼ੀ ਲੈਣ ਵਾਸਤੇ ਦੇਵ ਰਾਜ ਦੀ ਹੱਥ ਲਿਖਤ ਰਿਸ਼ਵਤ ਵਾਲੀ ਪਰਚੀ ਦੇ ਕੇ ਮੁਲਜ਼ਮ ਦੀ ਲੜਕੀ ਕੋਲ ਹੌਲਦਾਰ ਨੂੰ ਬੈਂਕ ਵਿੱਚ ਭੇਜ ਦਿੱਤਾ ਤਾਂ ਉਥੇ ਮੌਜੂਦ ਮੁਲਜ਼ਮ ਦੇ ਲੜਕੇ ਪੁਨੀਤ ਮਿਗਲਾਨੀ ਨੇ ਇਹ ਪਰਚੀ ਹੌਲਦਾਰ ਕੋਲੋਂ ਖੋਹ ਲਈ ਅਤੇ ਉਸ ਨੇ ਭੱਜ ਕੇ ਫੂਲ ਅਦਾਲਤ ਵਿੱਚ ਰਿਸ਼ਵਤ ਵਾਲੀ ਪਰਚੀ ਪੇਸ਼ ਕਰ ਦਿੱਤੀ। ਮੁਲਜ਼ਮ ਦੇ ਵਕੀਲ ਸਤਪਾਲ ਗਰਗ ਨੇ ਦੱਸਿਆ ਕਿ ਫੂਲ ਅਦਾਲਤ ਦੇ ਮਾਣਯੋਗ ਜੱਜ ਅਜੀਤਪਾਲ ਸਿੰਘ ਨੇ ਪੁਨੀਤ ਮਿਗਲਾਨੀ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਦੇ ਹੁਕਮ ਐਸ.ਐਸ.ਪੀ. (ਵਿਜੀਲੈਂਸ) ਨੂੰ ਕਰ ਦਿੱਤੇ ਹਨ। ਅਦਾਲਤ ਨੇ ਦੋਸ਼ੀ ਦੇਵ ਰਾਜ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਅਤੇ ਮੁਲਜ਼ਮ ਦਾ ਮੈਡੀਕਲ ਕਰਾਉਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਵਿਜੀਲੈਂਸ ਦਾ ਇੱਕ ਇੰਸਪੈਕਟਰ ਪਹਿਲਾਂ ਵੀ ਪੀ.ਆਰ.ਟੀ.ਸੀ. ਤੋਂ ਮੁਫ਼ਤ ਦਾ ਤੇਲ ਭਰਾਉਣ ਦੇ ਮਾਮਲੇ ਵਿੱਚ ਚਰਚਾ ਵਿੱਚ ਆ ਗਿਆ ਸੀ।
                    ਦੱਸਣਯੋਗ ਹੈ ਕਿ ਥਾਣਾ ਫੂਲ ਵਿੱਚ 18 ਦਸੰਬਰ 2012 ਨੂੰ ਜੈ ਮਾਂ ਕਾਲੀ ਰਾਈਸ ਮਿੱਲ ਦੇ ਮਾਲਕ ਦੇਵ ਰਾਜ ਤੇ ਚੌਲਾਂ ਵਿੱਚ ਘਪਲੇ ਦਾ ਪੁਲੀਸ ਕੇਸ ਦਰਜ ਹੋਇਆ ਸੀ। ਮੁਲਜ਼ਮ ਉਸ ਮਗਰੋਂ ਫਰਾਰ ਹੋ ਗਿਆ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦੇਵ ਰਾਜ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ 7 ਅਗਸਤ 2013 ਨੂੰ ਰੱਦ ਕਰ ਦਿੱਤੀ ਸੀ ਅਤੇ ਉਸ ਮਗਰੋਂ ਦੇਵ ਰਾਜ ਬਠਿੰਡਾ ਅਦਾਲਤ ਵਿੱਚ 30 ਅਗਸਤ ਨੂੰ ਖੁਦ ਹੀ ਪੇਸ਼ ਹੋ ਗਿਆ ਸੀ। ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਜਦੋਂ ਮੁੜ ਉਸ ਨੂੰ ਅਗਲੇ ਦਿਨ ਫਿਰ ਫੂਲ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਵਿਜੀਲੈਂਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਮੁਲਜ਼ਮ ਦੇਵ ਰਾਜ ਨੂੰ ਚਾਰ ਦਿਨਾਂ ਪੁਲੀਸ ਰਿਮਾਂਡ ਉਤੇ ਲੈ ਲਿਆ ਕਿਉਂਕਿ ਵਿਜੀਲੈਂਸ ਵੱਲੋਂ ਚੌਲ ਘਪਲੇ ਦੀ ਪੜਤਾਲ ਵੱਖਰੀ ਕੀਤੀ ਜਾ ਰਹੀ ਸੀ। ਵਿਜੀਲੈਂਸ ਨੇ 4 ਸਤੰਬਰ ਨੂੰ ਮੁੜ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਦੋ ਦਿਨਾਂ ਦਾ ਪੁਲੀਸ ਰਿਮਾਂਡ ਲੈ ਲਿਆ। ਮੁਲਜ਼ਮ ਦੇ ਲੜਕੇ ਪੁਨੀਤ ਮਿਗਲਾਨੀ ਨੇ ਅੱਜ ਅਦਾਲਤ ਵਿੱਚ ਦੁਪਹਿਰ ਮਗਰੋਂ ਦਰਖਾਸਤ ਦਿੱਤੀ ਕਿ ਅੱਜ ਵਿਜੀਲੈਂਸ ਦਾ ਇੱਕ ਹੌਲਦਾਰ ਉਸ ਦੀ ਚਚੇਰੀ ਭੈਣ ਰਿਤੂ ਸੇਤੀਆ ਤੋਂ ਰਿਸ਼ਵਤ ਦੇ 50 ਹਜ਼ਾਰ ਰੁਪਏ ਲੈਣ ਆਇਆ ਸੀ। ਉਸ ਤੋਂ ਪਹਿਲਾਂ ਵੀ ਵਿਜੀਲੈਂਸ ਨੇ ਉਸ ਦੇ ਬਾਪ ਤੋਂ ਪੁਲੀਸ ਹਿਰਾਸਤ 'ਚੋਂ ਹੀ ਵਿਜੀਲੈਂਸ ਨੂੰ ਰਿਸ਼ਵਤ ਦੇਣ ਲਈ ਫੋਨ ਕਰਾਏ ਸਨ ਜਿਨ੍ਹਾਂ ਦੀ ਰਿਕਾਰਡਿੰਗ ਉਸ ਕੋਲ ਮੌਜੂਦ ਹੈ।
               ਅਦਾਲਤ ਵਿੱਚ ਪੁਨੀਤ ਮਿਗਲਾਨੀ ਨੇ ਜੋ ਦਰਖਾਸਤ ਨਾਲ ਸਬੂਤ ਲਗਾਏ ਹਨ, ਉਨ੍ਹਾਂ ਵਿੱਚ ਪੁਲੀਸ ਮੁਲਾਜ਼ਮਾਂ ਵਾਲੀ ਬੱਸ ਟਿਕਟ ਵੀ ਹੈ ਜਿਸ ਦੇ ਪਿੱਛੇ ਦੋਸ਼ੀ ਦੇਵ ਰਾਜ ਨੇ ਆਪਣੀ ਲੜਕੀ ਨੂੰ ਸੰਬੋਧਨ ਕਰਕੇ ਵਿਜੀਲੈਂਸ ਮੁਲਾਜ਼ਮ ਨੂੰ ਰਿਸ਼ਵਤ ਦੇਣ ਲਈ ਹਦਾਇਤ ਕੀਤੀ ਸੀ। ਇਹ ਬੱਸ ਟਿਕਟ ਹੌਲਦਾਰ ਕਿੱਕਰ ਸਿੰਘ ਦੇ ਨਾਂ 'ਤੇ ਹੈ ਅਤੇ ਟਿਕਟ ਨੰਬਰ 294723 ਹੈ। ਪੁਨੀਤ ਮਿਗਲਾਨੀ ਨੇ ਦੱਸਿਆ ਕਿ ਉਸ ਦੇ ਬਾਪ ਤੋਂ ਵਿਜੀਲੈਂਸ ਨੇ ਬੱਸ ਟਿਕਟ ਦੇ ਪਿੱਛੇ ਹੀ ਹੱਥ ਲਿਖਤ ਪਰਚੀ ਬਣਵਾ ਲਈ ਸੀ ਤਾਂ ਜੋ 50 ਹਜ਼ਾਰ ਰੁਪਏ ਲਏ ਜਾ ਸਕਣ। ਉਨ੍ਹਾਂ ਮੰਗ ਕੀਤੀ ਕਿ ਅਧਿਕਾਰੀਆਂ 'ਤੇ ਵੱਢੀਖੋਰੀ ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਜਾਣਕਾਰੀ ਅਨੁਸਾਰ ਅੱਜ ਮੁਲਜ਼ਮ ਦੇ ਲੜਕੇ ਨੇ ਫੂਲ ਅਦਾਲਤ ਦੇ ਜੱਜ ਨੂੰ ਵਿਜੀਲੈਂਸ ਹਿਰਾਸਤ 'ਚੋਂ ਦੇਵ ਰਾਜ ਵੱਲੋਂ ਵਿਜੀਲੈਂਸ ਨੂੰ ਰਿਸ਼ਵਤ ਦੇਣ ਵਾਸਤੇ ਕਰਾਏ ਫੋਨਾਂ ਦੀ ਰਿਕਾਰਡਿੰਗ ਵੀ ਸੁਣਾਈ ਹੈ ਅਤੇ ਰਿਸ਼ਵਤ ਵਾਲੀ ਪਰਚੀ ਵੀ ਦਿਖਾਈ ਹੈ। ਪਤਾ ਲੱਗਾ ਹੈ ਕਿ ਅਦਾਲਤ ਵਿੱਚ ਵਿਜੀਲੈਂਸ ਅਧਿਕਾਰੀਆਂ ਨੇ ਇਹ ਵੀ ਤਰਕ ਦਿੱਤਾ ਕਿ ਦੋਸ਼ ਲਗਾਉਣ ਵਾਲਾ ਪੁਨੀਤ ਮਿਗਲਾਨੀ ਤਾਂ ਬਾਪ ਨੇ ਬੇਦਖਲ ਕੀਤਾ ਹੋਇਆ ਹੈ।
                                              ਮਾਮਲੇ ਦੀ ਪੜਤਾਲ ਹੋਵੇਗੀ: ਐਸ.ਐਸ.ਪੀ.
ਵਿਜੀਲੈਂਸ ਰੇਂਜ ਬਠਿੰਡਾ ਦੇ ਐਸ.ਐਸ.ਪੀ. ਸੁਖਦੇਵ ਸਿੰਘ ਚਹਿਲ ਦਾ ਕਹਿਣਾ ਸੀ ਕਿ ਚੌਲ ਘਪਲੇ ਵਿੱਚ ਦੋਸ਼ੀ ਦੇਵ ਰਾਜ ਨੂੰ ਹਿਰਾਸਤ ਵਿੱਚ ਜ਼ਰੂਰ ਲਿਆ ਹੈ ਪਰ ਇਸ ਤੋਂ ਇਲਾਵਾ ਉਨ੍ਹਾਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਕਿ ਕਿਸੇ ਅਧਿਕਾਰੀ ਨੇ ਮੁਲਜ਼ਮ ਤੋਂ ਕੋਈ ਰਿਸ਼ਵਤ ਮੰਗੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅਦਾਲਤ ਤਰਫੋਂ ਵੀ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ ਹੈ। ਉਨ੍ਹਾਂ ਆਖਿਆ ਕਿ ਉਹ ਆਪਣੇ ਪੱਧਰ 'ਤੇ ਮਾਮਲੇ ਦੀ ਪੂਰੀ ਪੜਤਾਲ ਕਰਨਗੇ। ਅਗਰ ਕੋਈ ਅਧਿਕਾਰੀ ਜਾਂ ਮੁਲਜ਼ਮ ਕਸੂਰਵਾਰ ਨਿਕਲਿਆ ਤਾਂ ਉਹ ਸਖ਼ਤ ਕਾਰਵਾਈ ਕਰਨਗੇ।

Friday, September 6, 2013

                                      ਮਾਇਕ ਤੰਗੀ
         ਹੁਣ ਨਗਰ ਨਿਗਮ ਵੇਚਣਗ ਜ਼ਮੀਨਾਂ                                     ਚਰਨਜੀਤ ਭੁੱਲਰ
ਬਠਿੰਡਾ :  ਹੁਣ ਪੰਜਾਬ ਦੇ ਨਗਰ ਨਿਗਮਾਂ ਨੇ ਜ਼ਮੀਨਾਂ ਨਿਲਾਮ ਕਰਨ ਦੀ ਤਿਆਰੀ ਕਰ ਲਈ ਹੈ। ਇਹ ਨਗਰ ਨਿਗਮ ਕਰਜ਼ੇ ਨਾਲ ਸਾਹ ਲੈ ਰਹੇ ਹਨ।  ਨਗਰ ਨਿਗਮਾਂ ਵੱਲੋਂ ਉਨ੍ਹਾਂ ਜ਼ਮੀਨਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਜਿਨ੍ਹਾਂ ਨੂੰ ਦੇਰ ਸਵੇਰ ਨਿਲਾਮ ਕੀਤਾ ਜਾਣਾ ਹੈ। ਆਰਟੀਆਈ ਤਹਿਤ ਜੋ ਵੇਰਵੇ ਪ੍ਰਾਪਤ ਹੋਏ ਹਨ, ਉਨ੍ਹਾਂ ਤੋਂ ਨਗਰ ਨਿਗਮਾਂ ਦੀ ਮਾਲੀ ਸਥਿਤੀ ਉਜਾਗਰ ਹੁੰਦੀ ਹੈ। ਨਗਰ ਨਿਗਮ ਲੁਧਿਆਣਾ ਨੇ 20 ਕਰੋੜ ਰੁਪਏ ਦਾ ਕਰਜ਼ਾ ਸੜਕਾਂ ਵਾਸਤੇ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਤੋਂ ਚੁੱਕਿਆ ਹੈ। ਹੁਣ ਇਸ ਕਰਜ਼ੇ ਦੀ ਰਕਮ ਵਿਆਜ ਸਮੇਤ 25.08 ਕਰੋੜ ਰੁਪਏ ਹੋ ਚੁੱਕੀ ਹੈ। ਨਗਰ ਨਿਗਮ ਨੇ ਇਹ ਕਰਜ਼ਾ 16 ਅਕਤੂਬਰ 2008 ਨੂੰ ਲਿਆ ਸੀ। ਇਸ ਦੀ ਕੋਈ ਕਿਸ਼ਤ ਹਾਲੇ ਤੱਕ ਵਾਪਸ ਨਹੀਂ ਕੀਤੀ ਗਈ ਹੈ। ਬਠਿੰਡਾ ਨਗਰ ਨਿਗਮ ਨੇ ਵੀ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਤੋਂ 52.45 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਸੀ ਜਿਸ ਦੀ ਵਿਆਜ ਸਮੇਤ ਰਾਸ਼ੀ ਹੁਣ 64.42 ਕਰੋੜ ਰੁਪਏ ਹੋ ਚੁੱਕੀ ਹੈ। ਨਗਰ ਨਿਗਮ ਨੇ 17 ਮਾਰਚ 2011 ਨੂੰ ਸੀਵਰੇਜ ਅਤੇ ਵਿਕਾਸ ਕੰਮਾਂ ਖਾਤਰ 12.45 ਕਰੋੜ ਰੁਪਏ ਦਾ ਕਰਜ਼ਾ ਇਸ ਅਦਾਰੇ ਤੋਂ ਲਿਆ ਸੀ। ਹਾਲੇ ਤੱਕ ਨਿਗਮ ਇਹ ਕਰਜ਼ਾ ਵਾਪਸ ਨਹੀਂ ਕਰ ਸਕਿਆ ਹੈ। ਨਗਰ ਨਿਗਮ  ਨੇ ਆਪਣੀ ਕੀਮਤੀ ਜਾਇਦਾਦ ਬਲਿਊ ਫੌਕਸ ਨਗਰ ਸੁਧਾਰ ਟਰੱਸਟ ਬਠਿੰਡਾ ਨੂੰ ਦੇ ਦਿੱਤੀ  ਹੈ ਅਤੇ ਟਰੱਸਟ ਨੇ ਅੱਗੇ ਕਰਜ਼ਾ ਚੁੱਕ ਕੇ ਇਹ ਜਗ੍ਹਾ ਖਰੀਦੀ ਹੈ। ਨਗਰ ਨਿਗਮ ਨੇ ਹੋਰ ਜਾਇਦਾਦਾਂ ਵੀ ਸ਼ਨਾਖ਼ਤ ਕੀਤੀ ਹੈ ਜਿਨ੍ਹਾਂ ਨੂੰ ਨਿਲਾਮ ਕੀਤਾ ਜਾਣਾ ਹੈ।
                    ਪਟਿਆਲਾ ਨਗਰ ਨਿਗਮ ਨੇ  ਦੱਸਿਆ ਹੈ ਕਿ ਇਸ ਨੇ ਐਨਸੀਆਰ ਪਲੈਨਿੰਗ ਬੋਰਡ, ਨਵੀਂ ਦਿੱਲੀ ਤੋਂ ਜਲ ਸਪਲਾਈ, ਸੀਵਰੇਜ ਅਤੇ ਸੌਲਿਡ ਵੇਸਟ ਮੈਨੇਜਮੈਂਟ ਲਈ 44.94 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਜਿਸ 'ਚੋਂ 95 ਫੀਸਦੀ ਕਰਜ਼ਾ ਵਾਪਸ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪਟਿਆਲਾ ਨਗਰ ਨਿਗਮ  ਨੇ ਨਗਰ ਸੁਧਾਰ ਟਰੱਸਟ ਤੋਂ ਵਿਕਾਸ ਕੰਮਾਂ ਖਾਤਰ 25 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਜਿਸ ਦੀ ਰਕਮ ਹਾਲੇ ਤੱਕ ਵਾਪਸ ਨਹੀਂ ਕੀਤੀ ਗਈ । ਨਗਰ ਨਿਗਮ ਨੇ ਕਰੀਬ 58 ਸੰਪਤੀਆਂ ਤਾਂ ਹੁਣ ਤੱਕ ਵੇਚ ਦਿੱਤੀਆਂ ਹਨ ਜਿਨ੍ਹਾਂ ਵਿੱਚ ਜ਼ਿਆਦਾ ਗਿਣਤੀ ਪਲਾਟਾਂ ਦੀ ਹੈ। ਨਗਰ ਨਿਗਮ ਨੇ ਹੋਰ ਅੱਠ ਵੇਚਣਯੋਗ ਸੰਪਤੀਆਂ ਦੀ ਸੂਚੀ ਵੀ ਤਿਆਰ ਕੀਤੀ ਹੈ।  ਇਨ੍ਹਾਂ ਸੰਪਤੀਆਂ ਤੋਂ ਕਰੀਬ 13 ਕਰੋੜ ਰੁਪਏ ਦੀ ਕਮਾਈ ਹੋਣ ਦੀ ਨਿਗਮ ਨੂੰ ਉਮੀਦ ਹੈ।  ਮੁਹਾਲੀ ਨਗਰ ਨਿਗਮ ਨੇ ਵੀ ਆਪਣਾ ਦਫ਼ਤਰ ਕਰਜ਼ਾ ਚੁੱਕ ਕੇ ਬਣਾਇਆ ਹੈ। ਇਸ ਨਿਗਮ ਨੇ ਪੰਜਾਬ ਨੈਸ਼ਨਲ ਬੈਂਕ ਤੋਂ 1.93 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਜਿਸ ਦਾ ਵਿਆਜ 59.66 ਲੱਖ ਰੁਪਏ ਬਣਿਆ ਸੀ। ਇਹ ਰਕਮ ਵਾਪਸ ਕਰ ਦਿੱਤੀ ਗਈ ਹੈ।  ਜਲੰਧਰ ਨਗਰ ਨਿਗਮ  ਨੇ ਵੀ ਕਰੀਬ 19 ਜਾਇਦਾਦਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਇਨ੍ਹਾਂ  ਵਿਚੋਂ 12 ਕਨਾਲ 8 ਮਰਲੇ ਜਾਇਦਾਦ ਉਤੇ ਤਾਂ ਧੋਬੀਆਂ ਦਾ ਕਬਜ਼ਾ ਹੈ ਜਦੋਂ ਕਿ ਚਾਰ ਜਾਇਦਾਦਾਂ ਦਾ ਹਾਈਕੋਰਟ ਵਿੱਚ ਕੇਸ ਚੱਲ ਰਿਹਾ ਹੈ। ਇਸ ਤਰ੍ਹਾਂ 10 ਕਨਾਲ 2 ਮਰਲੇ ਜਗ੍ਹਾ ਬਿਜਲੀ ਬੋਰਡ ਅਤੇ ਪੁਲੀਸ ਵਿਭਾਗ ਨੂੰ ਵੇਚਣ ਵਾਸਤੇ ਸ਼ਨਾਖ਼ਤ ਕੀਤੀ ਹੈ। ਪਿੰਡ ਚੱਕਜਿੰਦਾ ਅਤੇ ਧੰਨੋਵਾਲੀ ਵਿੱਚ ਦੋ ਛੱਪੜ ਹਨ ਜੋ ਕਿ ਨਿਗਮ ਦੀ ਮਲਕੀਅਤ ਹਨ। ਇੱਕ 6 ਕਨਾਲ 6 ਮਰਲੇ ਦਾ ਛੱਪੜ ਪਿੰਡ ਮਿੱਠਾਪੁਰ ਵਿੱਚ ਹੈ। ਇਨ੍ਹਾਂ ਤੋਂ ਹੋਣ ਵਾਲੀ ਕਮਾਈ ਦਾ ਅੰਦਾਜ਼ਾ ਵੀ ਨਿਗਮ ਨੇ ਲਗਾ ਲਿਆ ਹੈ।
                   ਲੁਧਿਆਣਾ ਨਗਰ ਨਿਗਮ  ਨੇ ਪਿੰਡ ਲੁਹਾਰਾ ਦੇ ਖਸਰਾ ਨੰਬਰ 17 ਵਾਲੀ ਜਾਇਦਾਦ ਨਿਲਾਮ ਕਰਨ ਦਾ ਫੈਸਲਾ ਕੀਤਾ ਹੈ। ਨਿਗਮ ਨੇ ਇਸ ਜਾਇਦਾਦ ਦੇ ਰਕਬੇ ਵਗੈਰਾ ਦੀ ਸੂਚਨਾ ਨਹੀਂ ਦਿੱਤੀ ਹੈ। ਅੰਮ੍ਰਿਤਸਰ ਨਗਰ ਨਿਗਮ  ਨੇ 9 ਸਰਕਾਰੀ ਜਾਇਦਾਦਾਂ ਦੀ ਸ਼ਨਾਖ਼ਤ ਕੀਤੀ ਹੈ ਜਿਨ੍ਹਾਂ ਨੂੰ ਨਿਲਾਮ ਕਰਨ ਵਾਸਤੇ ਕੇਸ ਪੰਜਾਬ ਸਰਕਾਰ ਕੋਲ ਭੇਜੇ ਗਏ ਹਨ। ਨਗਰ ਨਿਗਮ ਨੇ ਇਨ੍ਹਾਂ ਜਾਇਦਾਦਾਂ ਨੂੰ ਨਿਲਾਮ ਕਰਨ ਦੇ ਮਤੇ ਪਾਸ ਕਰ ਦਿੱਤੇ ਹਨ। ਨਗਰ ਨਿਗਮ ਨੇ 6 ਅਪਰੈਲ 2011 ਨੂੰ ਇਹ ਮਤੇ ਪਾਸ ਕਰ ਦਿੱਤੇ ਸਨ। ਇਨ੍ਹਾਂ ਜਾਇਦਾਦਾਂ ਤੋਂ ਨਗਰ ਨਿਗਮ ਅੰਮ੍ਰਿਤਸਰ ਨੂੰ ਕਰੀਬ 23 ਕਰੋੜ ਰੁਪਏ ਦੀ ਆਮਦਨ ਹੋਣ ਦੀ ਆਸ ਹੈ। ਇਨ੍ਹਾਂ ਜਾਇਦਾਦਾਂ ਦਾ ਕੁਲੈਕਟਰ ਰੇਟ 14.68 ਲੱਖ ਰੁਪਏ ਬਣਦਾ ਹੈ। ਨਿਗਮ ਵਲੋਂ 1127 ਦੁਕਾਨਾਂ ਕਿਰਾਏ 'ਤੇ ਦਿੱਤੀਆਂ ਹੋਈਆਂ ਹਨ ਜਿਨ੍ਹਾਂ 'ਚੋਂ 510 ਦੁਕਾਨਾਂ ਨਿਗਮ ਦੀ ਜ਼ਮੀਨ ਉਪਰ ਹਨ ਜਿਨ੍ਹਾਂ ਨੂੰ ਵੇਚਣ ਵਾਸਤੇ ਮਤਾ ਪਾਸ ਕੀਤਾ ਜਾ ਚੁੱਕਾ ਹੈ। ਨਗਰ ਨਿਗਮ ਅੰਮ੍ਰਿਤਸਰ ਨੇ ਰੱਖ ਸ਼ਿਕਾਰਗਾਹ ਵੇਚਣ ਦਾ ਫੈਸਲਾ ਕੀਤਾ ਹੈ ਜਿਸ ਦਾ ਰਕਬਾ 26 ਕਨਾਲ ਦੇ ਕਰੀਬ ਹੈ। ਇਸ ਜਾਇਦਾਦ ਤੋਂ 6.80 ਕਰੋੜ ਰੁਪਏ ਦੀ ਆਮਦਨ ਦਾ ਅਨੁਮਾਨ ਲਗਾਇਆ ਗਿਆ ਹੈ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਮਾਰਕੀਟ,ਲੋਹਗੜ੍ਹ ਗੇਟ ਦੇ ਵਪਾਰਕ ਬੂਥ ਵੀ ਵੇਚੇ ਜਾਣੇ ਹਨ।

Tuesday, September 3, 2013

                              ਟੱਲੀ ਪੰਜਾਬ
ਸ਼ਰਾਬ ਨੇ ਸਰਕਾਰੀ  'ਪਿਆਲਾ ਭਰਿਆ'
                             ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਵਿੱਚ ਸ਼ਰਾਬ ਤੋਂ ਕਮਾਈ ਛੜੱਪੇ ਮਾਰ ਕੇ ਵਧ ਰਹੀ ਹੈ। ਲੰਘੇ ਤਿੰਨ ਵਰ੍ਹਿਆਂ ਤੋਂ ਪੰਜਾਬ ਵਿੱਚ ਸ਼ਰਾਬ ਦੀ ਕਮਾਈ ਲਗਾਤਾਰ ਵਧ ਰਹੀ ਹੈ। ਪੰਜਾਬ ਸਰਕਾਰ ਨੇ ਲੰਘੇ ਇਕ ਦਹਾਕੇ ਵਿੱਚ ਸ਼ਰਾਬ ਵੇਚ ਕੇ 21521 ਕਰੋੜ ਰੁਪਏ ਕਮਾਏ ਹਨ। ਇਕ ਦਹਾਕੇ ਵਿੱਚ ਸ਼ਰਾਬ ਤੋਂ ਆਮਦਨੀ ਦੁੱਗਣੀ ਤੋਂ ਜ਼ਿਆਦਾ ਹੋ ਗਈ ਹੈ।ਅਕਾਲੀ ਭਾਜਪਾ ਸਰਕਾਰ ਦੌਰਾਨ ਸ਼ਰਾਬ ਦੀ ਆਮਦਨੀ ਨੇ ਖਜ਼ਾਨੇ ਦੀ ਬੱਲ•ੇ ਬੱਲੇ• ਕਰਾ ਦਿੱਤੀ ਹੈ। ਕਾਂਗਰਸ ਦੇ ਰਾਜ ਭਾਗ ਵਿੱਚ ਸ਼ਰਾਬ ਦੀ ਆਮਦਨ ਵਿੱਚ ਬਹੁਤਾ ਵਾਧਾ ਨਹੀਂ ਹੋਇਆ ਹੈ। ਸਰਕਾਰ ਨੇ ਹੁਣ ਤਾਂ ਸ਼ਰਾਬ ਦੀ ਬੋਤਲ ਦੀ ਘੱਟੋ ਘੱਟ ਕੀਮਤ ਵੀ ਨਿਸ਼ਚਿਤ ਕੀਤੀ ਹੋਈ ਹੈ ਲੇਕਿਨ ਠੇਕੇਦਾਰਾਂ ਵਲੋਂ ਮਨਮਰਜ਼ੀ ਦੇ ਭਾਅ ਵਸੂਲੇ ਜਾਂਦੇ ਹਨ। ਪੰਜਾਬ ਵਿੱਚ ਠੇਕਿਆਂ ਦਾ ਵੱਡਾ ਜਾਲ ਵਿੱਛ ਗਿਆ ਹੈ। ਚਮਕਾਂ ਮਾਰਦੇ ਬੋਰਡਾਂ ਨਾਲ ਠੇਕੇ ਵੀ ਹੁਣ ਸਿੰਗਾਰੇ ਹੋਏ ਹਨ। ਪੰਜਾਬ ਸਰਕਾਰ ਨੇ ਆਮਦਨੀ ਦੇ ਲਾਲਚ ਵਿੱਚ ਠੇਕੇਦਾਰਾਂ ਨੂੰ ਪੂਰੀ ਖੁੱਲ• ਦਿੱਤੀ ਹੈ। ਸਿਆਸੀ ਲੋਕਾਂ ਕੋਲ ਇਸ ਵੇਲੇ ਸ਼ਰਾਬ ਦੇ ਠੇਕੇ ਹਨ। ਐਤਕੀਂ ਤਾਂ ਛੋਟੇ ਅਤੇ ਦਰਮਿਆਨੇ ਠੇਕੇਦਾਰਾਂ ਨੂੰ ਸਰਕਾਰ ਨੇ ਖੰਗਣ ਵੀ ਨਹੀਂ ਦਿੱਤਾ ਹੈ। ਤਾਹੀਓ ਸਰਾਬੀ ਲੋਕਾਂ ਨੂੰ ਠੇਕੇਦਾਰ ਠੱਗਣ ਦੇ ਰਾਹ ਪਏ ਹੋਏ ਹਨ। ਕਰ ਅਤੇ ਆਬਕਾਰੀ ਮਹਿਕਮੇ ਦੀ ਸੂਚਨਾ ਅਨੁਸਾਰ ਪੰਜਾਬ ਸਰਕਾਰ ਨੇ ਸਾਲ 2002-03 ਵਿੱਚ ਠੇਕਿਆਂ ਤੋਂ 1431 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਦੋਂ ਕਿ ਦਹਾਕੇ ਮਗਰੋਂ ਭਾਵ 2012-13 ਵਿੱਚ ਇਹ ਕਮਾਈ 3324 ਕਰੋੜ ਰੁਪਏ ਹੋ ਗਈ ਹੈ। ਸਾਲ 2009-10 ਵਿੱਚ ਸ਼ਰਾਬ ਤੋਂ ਸਰਕਾਰ ਨੂੰ 2100 ਕਰੋੜ ਰੁਪਏ ਦੀ ਆਮਦਨ ਹੋਈ ਸੀ, ਜੋ ਉਸ ਤੋਂ ਪਹਿਲੇ ਸਾਲ ਨਾਲੋਂ 289 ਕਰੋੜ ਰੁਪਏ ਜ਼ਿਆਦਾ ਸੀ।
                  ਸਾਲ 2010-11 ਵਿੱਚ ਸ਼ਰਾਬ ਤੋਂ ਆਮਦਨੀ ਵਿੱਚ 271 ਕਰੋੜ ਰੁਪਏ ਦਾ ਵਾਧਾ ਹੋਇਆ ਅਤੇ ਸਰਕਾਰ ਨੇ ਸ਼ਰਾਬ ਤੋਂ 2372 ਕਰੋੜ ਰੁਪਏ ਕਮਾਏ। ਸਾਲ 2011-12 ਵਿੱਚ ਸ਼ਰਾਬ ਤੋਂ ਆਮਦਨੀ 2726 ਕਰੋੜ ਰੁਪਏ ਦੀ ਹੋ ਗਈ ਅਤੇ ਸਾਲ 2012-13 ਵਿੱਚ ਆਮਦਨੀ 3324 ਕਰੋੜ ਰੁਪਏ ਦੀ ਹੋਈ, ਜੋ ਪਿਛਲੇ ਸਾਲ ਨਾਲੋਂ 597 ਕਰੋੜ ਰੁਪਏ ਵੱਧ ਸੀ। ਚਾਲੂ ਮਾਲੀ ਸਾਲ ਦੌਰਾਨ ਸਰਕਾਰ ਨੇ ਸ਼ਰਾਬ ਤੋਂ ਆਮਦਨੀ ਦਾ ਟੀਚਾ 4000 ਕਰੋੜ ਦਾ ਰੱਖਿਆ ਹੈ। ਮਾਲਵਾ ਪੱਟੀ ਵਿੱਚ ਤਾਂ ਹੁਣ ਵੱਡੇ ਪਿੰਡਾਂ ਵਿੱਚ ਅੰਗਰੇਜ਼ੀ ਸ਼ਰਾਬ ਦੇ ਠੇਕੇ ਵੀ ਖੋਲ੍ਹ ਦਿੱਤੇ ਗਏ ਹਨ। ਪਿੰਡ-ਪਿੰਡ ਠੰਢੀ ਬੀਅਰ ਤਾਂ ਹੁਣ ਆਮ ਮਿਲਣ ਲੱਗੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਹਰ ਸਾਲ ਵਿਸ਼ਵ ਕਬੱਡੀ ਕੱਪ ਵੀ ਕਰਾ ਰਹੀ ਹੈ ਅਤੇ ਨਾਲ ਨਾਲ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵੀ ਵਧਾ ਰਹੀ ਹੈ। ਸਰਕਾਰ ਇਕ ਪਾਸੇ ਨਸ਼ਾ ਛੁਡਾਊ ਹਸਪਤਾਲ ਖੋਲ੍ਹਣ ਅਤੇ ਇਲਾਜ ਵਾਸਤੇ ਵੱਖਰਾ ਫੰਡ ਸਥਾਪਤ ਕਰ ਰਹੀ ਹੈ ਅਤੇ ਦੂਜੇ ਬੰਨੇ ਪੰਜਾਬ ਵਿੱਚ ਨਵੀਆਂ ਸ਼ਰਾਬ ਸਨਅਤਾਂ ਲਾ ਰਹੀ ਹੈ। ਪੰਜਾਬ ਵਿੱਚ ਸਾਲ 2006 ਤੋਂ ਪਹਿਲਾਂ ਠੇਕਿਆਂ ਦੀ ਨਿਲਾਮੀ ਹੁੰਦੀ ਸੀ ਪਰ ਉਸ ਮਗਰੋਂ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਲਈ ਲਾਟਰੀ ਸਿਸਟਮ ਸ਼ੁਰੂ ਕਰ ਦਿੱਤਾ ਗਿਆ। ਸ਼ੁਰੂ-ਸ਼ੁਰੂ ਵਿੱਚ ਛੋਟੇ ਕਾਰੋਬਾਰੀਆਂ ਦੀ ਕਿਸਮਤ ਵੀ ਚਮਕ ਗਈ ਸੀ ਪਰ ਹੁਣ ਦੋ-ਤਿੰਨ ਵਰ੍ਹਿਆਂ ਤੋਂ ਤਾਂ ਵੱਡੇ ਕਾਰੋਬਾਰੀ ਹੀ ਮੈਦਾਨ ਵਿੱਚ ਰਹਿ ਗਏ ਹਨ। ਦਰਮਿਆਨੇ ਠੇਕੇਦਾਰ ਵੀ ਕਾਰੋਬਾਰ ਤੋਂ ਬਾਹਰ ਕਰ ਦਿੱਤੇ ਗਏ ਹਨ। ਪੰਜਾਬ ਵਿੱਚ ਕੁਝ ਸਾਲਾਂ ਤੋਂ ਸ਼ਰਾਬ ਦੀ ਬੋਤਲ ਦੀ ਘੱਟੋ ਘੱਟ ਕੀਮਤ ਤੈਅ ਹੈ ਪਰ ਠੇਕੇਦਾਰ ਮਨਮਰਜ਼ੀ ਕਰ ਰਹੇ ਹਨ। ਇਸ ਵੇਲੇ ਦੇਸੀ ਸ਼ਰਾਬ ਦੀ ਬੋਤਲ ਦੀ ਘੱਟੋ ਘੱਟ ਕੀਮਤ 126 ਰੁਪਏ ਤੈਅ ਕੀਤੀ ਹੋਈ ਹੈ।
                  ਪੰਜਾਬ ਵਿੱਚ ਸਾਲ 2004 ਤੋਂ ਪਹਿਲਾਂ ਸਿਰਫ ਚਾਰ ਸ਼ਰਾਬ ਸਨਅਤਾਂ ਸਨ, ਜਦੋਂ ਕਿ ਇਸ ਵੇਲੇ 14 ਸ਼ਰਾਬ ਸਨਅਤਾਂ ਪੰਜਾਬ ਦੀ ਧਰਤੀ 'ਤੇ ਚੱਲ ਰਹੀਆਂ ਹਨ। ਜੋ ਹਾਲੇ ਉਸਾਰੀ ਅਧੀਨ ਹਨ, ਉਨ੍ਹਾਂ ਦੀ ਗਿਣਤੀ ਵੱਖਰੀ ਹੈ। ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੌਰਾਨ ਅੱਧੀ ਦਰਜਨ ਸ਼ਰਾਬ ਸਨਅਤਾਂ ਚਾਲੂ ਹੋਈਆ ਹਨ, ਜਦੋਂ ਕਿ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਚਾਰ ਸ਼ਰਾਬ ਸਨਅਤਾਂ ਚਾਲੂ ਹੋਈਆਂ ਸਨ।ਪੰਜਾਬ ਵਿੱਚ ਸਭ ਤੋਂ ਪੁਰਾਣੀ ਸ਼ਰਾਬ ਸਨਅਤ ਸਾਲ 1947 ਵੇਲੇ ਦੀ ਹੈ, ਜੋ ਅੰਮ੍ਰਿਤਸਰ ਦੀ ਖਾਸਾ ਡਿਸਟਿਲਰੀ ਹੈ। ਸਾਲ 1955 ਵਿੱਚ ਦੂਜੀ ਸ਼ਰਾਬ ਸਨਅਤ ਜਗਤਜੀਤ ਇੰਡਸਟਰੀਜ਼ ਹਮੀਰਾ ਚਾਲੂ ਹੋਈ, ਜਦੋਂ ਕਿ ਤੀਜੀ ਸ਼ਰਾਬ ਸਨਅਤ ਸਾਲ 1979 ਵਿੱਚ ਪਟਿਆਲਾ ਡਿਸਟਿਲਰੀ ਸ਼ੁਰੂ ਹੋਈ। ਸਾਲ 1991 ਵਿੱਚ ਚੰਡੀਗੜ੍ਹ ਡਿਸਟਿਲਰੀ ਬਨੂੜ ਚਾਲੂ ਹੋਈ ਸੀ। ਕੈਪਟਨ ਸਰਕਾਰ ਵੇਲੇ ਸਭ ਤੋਂ ਪਹਿਲੀ ਡਿਸਟਿਲਰੀ ਸਾਲ 2004 ਵਿੱਚ ਪਿਕਾਡਲੀ ਸ਼ੂਗਰ ਪਾਤੜਾਂ ਸ਼ੁਰੂ ਹੋਈ। ਆਉਂਦੇ ਵਰ੍ਹਿਆਂ ਵਿੱਚ ਤਾਂ ਪੰਜਾਬ ਵਿੱਚ ਸ਼ਰਾਬ ਸਨਅਤਾਂ ਦਾ ਪੂਰਾ ਜਾਲ ਵਿਛ ਜਾਣਾ ਹੈ।
                                             ਸ਼ਰਾਬ ਤੋਂ ਖਜ਼ਾਨੇ ਨੂੰ ਆਮਦਨੀ (ਕਰੋੜਾਂ ਵਿੱਚ)
ਸਾਲ                              ਸ਼ਰਾਬ ਤੋਂ ਆਮਦਨ                   ਪਿਛਲੇ ਸਾਲ ਨਾਲੋ ਆਮਦਨ ਵਿੱਚ ਵਾਧਾ
2002-03                            1431.14                                             80.62
2003-04                            1462.49                                             31.35
2004-05                            1498.95                                             36.46
2005-06                            1570.30                                             71.35
2006-07                            1363.37                                           236.93  ਕਮੀ
2007-08                            1860.99                                           497.62
2008-09                            1810.72                                            50.27  ਕਮੀ
2009-10                            2100.57                                           289.85
2010-11                            2372.02                                           271.45
2011-12                            2726.62                                           354.60
2012-13                            3324.22                                            597.6
ਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ
                                   ਦਸ ਵਰਿ•ਆਂ ਵਿੱਚ ਆਮਦਨ   : 21521.39 ਕਰੋੜ
ਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ

Sunday, September 1, 2013

                             ਇਨਾਮੀ ਰਾਸ਼ੀ
ਮੁਖ਼ਬਰਾਂ ਦੀ ਕਮਾਈ,ਅਫ਼ਸਰਾਂ ਨੇ ਪਚਾਈ
                             ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਸਰਕਾਰ ਦੇ ਵੱਡੇ ਅਫ਼ਸਰ ਹੁਣ ਮੁਖਬਰਾਂ ਨੂੰ ਠੱਗਣ ਲੱਗੇ ਹਨ। ਹਾਲਾਂਕਿ ਇਹ ਮੁਖਬਰ ਸਰਕਾਰੀ ਖਜ਼ਾਨੇ ਦੀ ਮਦਦ ਕਰਦੇ ਹਨ। ਏਦਾ ਦੀ ਸਥਿਤੀ ਵਿੱਚ ਬਹੁਤੇ ਮੁਖਬਰਾਂ ਨੇ ਸਰਕਾਰ ਤੋਂ ਮੂੰਹ ਫੇਰ ਲਿਆ ਹੈ। ਕਰ ਅਤੇ ਆਬਾਕਾਰੀ ਵਿਭਾਗ ਪੰਜਾਬ ਵੱਲੋਂ ਟੈਕਸ ਚੋਰੀ ਰੋਕਣ ਵਾਸਤੇ ਇਨਾਮੀ ਯੋਜਨਾ ਸ਼ੁਰੂ ਕੀਤੀ ਹੋਈ ਹੈ, ਜਿਸ ਤਹਿਤ ਟੈਕਸ ਚੋਰੀ ਰੋਕਣ ਵਿੱਚ ਮਦਦ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਤੋਂ ਇਲਾਵਾ ਟੈਕਸ ਚੋਰੀ ਦੀ ਸੂਹ ਦੇਣ ਵਾਲਿਆਂ ਨੂੰ ਵੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ। ਮੁਖਬਰਾਂ ਨੂੰ ਗਿਲ੍ਹਾ ਹੈ ਕਿ ਟੈਕਸ ਚੋਰੀ ਦੀ ਸੂਹ ਉਹ ਦਿੰਦੇ ਹਨ ਅਤੇ ਇਨਾਮੀ ਰਾਸ਼ੀ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਮਿਲ ਜਾਂਦੀ ਹੈ। ਕਰ ਅਤੇ ਆਬਕਾਰੀ ਮਹਿਕਮੇ ਵੱਲੋਂ ਰਿਵਾਰਡ ਪਾਲਿਸੀ ਤਹਿਤ ਹੁਣ ਹਰ ਸਾਲ 25 ਲੱਖ ਦਾ ਬਜਟ ਰੱਖਿਆ ਜਾਂਦਾ ਹੈ। ਇਕੱਲਾ ਮੁਖਬਰ ਹੀ ਨਹੀਂ ਬਲਕਿ ਕਈ ਅਧਿਕਾਰੀ ਵੀ ਇਹ ਸ਼ਿਕਵਾ ਕਰਦੇ ਹਨ ਕਿ ਉਨ੍ਹਾਂ ਨੂੰ ਇਨਾਮੀ ਰਾਸ਼ੀ 'ਚੋਂ ਹਿੱਸਾ ਨਹੀਂ ਮਿਲਦਾ। ਪ੍ਰਾਪਤ ਜਾਣਕਾਰੀ ਅਨੁਸਾਰ ਕਰ ਅਤੇ ਆਬਕਾਰੀ ਮਹਿਕਮੇ ਵੱਲੋਂ ਇਨਾਮੀ ਰਾਸ਼ੀ ਤਹਿਤ ਬਜਟ ਤਾਂ ਹਰ ਸਾਲ ਰੱਖਿਆ ਜਾਂਦਾ ਹੈ ਪਰ ਇਸ ਬਜਟ ਨੂੰ ਕਈ ਵਾਰੀ ਖਰਚ ਹੀ ਨਹੀਂ ਕੀਤਾ ਜਾਂਦਾ। ਜਾਣਕਾਰੀ ਮੁਤਾਬਕ ਪਹਿਲੀ ਅਪਰੈਲ, 2005 ਤੋਂ 9 ਦਸੰਬਰ, 2008 ਤੱਕ ਕਿਸੇ ਵੀ ਮੁਖਬਰ ਨੂੰ ਕੋਈ ਇਨਾਮੀ ਰਾਸ਼ੀ ਨਹੀਂ ਦਿੱਤੀ ਗਈ।
                  ਸਾਲ 2009 ਤੋਂ  2012-13 ਦੌਰਾਨ ਇਨਾਮੀ ਯੋਜਨਾ ਤਹਿਤ 58.45 ਲੱਖ ਰੁਪਏ ਦੀ ਰਾਸ਼ੀ ਵੰਡੀ ਗਈ ਹੈ, ਜਿਸ 'ਚੋਂ ਮੁਖਬਰਾਂ ਨੂੰ ਸਿਰਫ 29 ਲੱਖ ਰੁਪਏ ਹੀ ਮਿਲੇ ਹਨ ਅਤੇ ਬਾਕੀ ਰਾਸ਼ੀ ਕਰ ਅਤੇ ਆਬਕਾਰੀ ਮਹਿਕਮੇ ਦੇ ਅਫਸਰਾਂ ਅਤੇ ਮੁਲਾਜ਼ਮਾਂ ਦੇ ਹਿੱਸੇ ਆਈ ਹੈ। ਕਰ ਅਤੇ ਆਬਕਾਰੀ ਮਹਿਕਮੇ ਦੇ ਨਿਯਮ ਬੜੇ ਸਖਤ ਹਨ ਜਿਸ ਕਾਰਨ ਮੁਖਬਰਾਂ ਨੂੰ ਕਾਫੀ ਮਾਰ ਝੱਲਣੀ ਪੈਂਦੀ ਹੈ। ਜੇਕਰ ਕਰ ਅਤੇ ਆਬਕਾਰੀ ਮਹਿਕਮੇ ਵੱਲੋਂ ਸੂਹ ਦਿੱਤੇ ਗਏ ਕੇਸ ਵਿੱਚ ਜੁਰਮਾਨਾ ਪਾਇਆ ਜਾਂਦਾ ਹੈ ਤਾਂ ਹੀ ਮੁਖਬਰ ਨੂੰ ਉਸ 'ਚੋਂ ਹਿੱਸਾ ਮਿਲਦਾ ਹੈ। ਆਬਕਾਰੀ ਅਤੇ ਕਰ ਕਮਿਸ਼ਨਰ ਪੰਜਾਬ ਵੱਲੋਂ ਸਾਲ 2012-13 ਅਤੇ ਸਾਲ 2013-14 ਲਈ ਇਨਾਮੀ ਰਾਸ਼ੀ ਵਾਸਤੇ ਸਾਲਾਨਾ 25 ਲੱਖ ਰੁਪਏ ਦਾ ਬਜਟ ਰੱਖਿਆ ਹੈ ਪਰ ਇਹ ਬਜਟ ਖਰਚ ਨਹੀਂ ਕੀਤਾ ਗਿਆ ਹੈ। ਸਾਲ 2005-06 ਵਿੱਚ ਮਹਿਕਮੇ ਨੇ 4.42 ਲੱਖ ਰੁਪਏ ਦਾ ਬਜਟ ਇਨਾਮੀ ਰਾਸ਼ੀ ਵਾਸਤੇ ਰੱਖਿਆ ਸੀ ਅਤੇ ਸਾਰਾ ਬਜਟ ਖਰਚ ਕੀਤਾ ਗਿਆ ਸੀ। ਸਾਲ 2006-07 ਵਿੱਚ 20 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਪਰ ਇਸ 'ਚੋਂ 8.92 ਲੱਖ ਰੁਪਏ ਹੀ ਖਰਚ ਕੀਤੇ ਗਏ। ਕਰ ਅਤੇ ਆਬਕਾਰੀ ਵਿਭਾਗ ਦੇ ਮੋਬਾਈਲ ਵਿੰਗ ਨਾਲ ਜੋ ਸੁਰੱਖਿਆ ਦਸਤਾ ਹੁੰਦਾ ਹੈ, ਉਨ੍ਹਾਂ ਦੇ ਅਧਿਕਾਰੀ ਵੀ ਮਹਿਕਮੇ ਨੂੰ ਪੱਤਰ ਲਿਖ ਕੇ ਆਪਣਾ ਹਿੱਸਾ ਮੰਗ ਰਹੇ ਹਨ। ਇਨ੍ਹਾਂ ਸੁਰੱਖਿਆ ਅਫਸਰਾਂ ਦਾ ਕਹਿਣਾ ਹੈ ਕਿ ਉਹ ਵੀ ਸਰਕਾਰੀ ਟੈਕਸ ਦੀ ਚੋਰੀ ਰੋਕਣ ਵਿੱਚ ਮਦਦ ਕਰਦੇ ਹਨ। ਸੂਤਰਾਂ ਮੁਤਾਬਕ ਮੁਖਬਰਾਂ ਨੂੰ ਪੂਰਾ ਮਾਣ ਸਨਮਾਨ ਨਾ ਮਿਲਣ ਕਰਕੇ ਮਹਿਕਮੇ ਨੂੰ ਮੁਖਬਰਾਂ ਦੀ ਕਮੀ ਵੀ ਰੜਕਣ ਲੱਗੀ ਹੈ।
                   ਇਸ ਬਾਰੇ ਕਰ ਅਤੇ ਆਬਕਾਰੀ ਵਿਭਾਗ ਪੰਜਾਬ ਦੇ ਡਿਪਟੀ ਕਰ ਅਤੇ ਆਬਕਾਰੀ ਅਫਸਰ ਜਸਪਾਲ ਗਰਗ ਨੇ ਕਿਹਾ ਕਿ ਮਹਿਕਮੇ ਦੀ ਇਨਾਮ ਯੋਜਨਾ ਤਹਿਤ ਨਿਯਮਾਂ ਅਨੁਸਾਰ ਇਨਾਮੀ ਰਾਸ਼ੀ ਵੰਡੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜੋ ਮੁਖਬਰ ਹੁੰਦੇ ਹਨ, ਉਨ੍ਹਾਂ ਨੂੰ ਤਾਂ ਹੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਵੱਲੋਂ ਦਿੱਤੀ ਸੂਹ ਦੇ ਆਧਾਰ 'ਤੇ ਫੜੀ ਟੈਕਸ ਚੋਰੀ ਵਿੱਚ ਕੋਈ ਜੁਰਮਾਨਾ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਇਨਾਮੀ ਰਾਸ਼ੀ ਦੇਣ ਲਈ ਸ਼ਰਤਾਂ ਵੀ ਸਖਤ ਹਨ। ਇਨ੍ਹਾਂ ਸ਼ਰਤਾਂ ਅਨੁਸਾਰ ਹੀ ਇਨਾਮੀ ਰਾਸ਼ੀ ਵੰਡੀ ਜਾਂਦੀ ਹੈ ਅਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ।
                                                      ਮੋਹਰੀ ਕਰਦਾਤਾਵਾਂ ਦਾ ਸਨਮਾਨ
ਪੰਜਾਬ ਦੇ ਜੋ ਵਪਾਰੀ ਟੈਕਸ ਭਰਨ ਵਿੱਚ ਅੱਵਲ ਹਨ,ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਸਨਮਾਨ ਦੇਣ ਦਾ ਫੈਸਲਾ ਕੀਤਾ ਹੈ। ਕਰ ਅਤੇ ਆਬਕਾਰੀ ਮਹਿਕਮੇ ਵੱਲੋਂ ਵੱਖ ਵੱਖ ਸ਼੍ਰੇਣੀਆਂ ਬਣਾਈਆਂ ਗਈਆਂ ਹਨ ਅਤੇ ਹਰ ਸ਼੍ਰੇਣੀ ਤਹਿਤ ਜ਼ਿਲ੍ਹਾ ਪੱਧਰ ਅਤੇ ਸਟੇਟ ਪੱਧਰ 'ਤੇ ਸਨਮਾਨ ਦਿੱਤਾ ਜਾਵੇਗਾ। ਮਹਿਕਮੇ ਵੱਲੋਂ ਅਜਿਹੇ ਵਪਾਰੀਆਂ ਅਤੇ ਕਾਰੋਬਾਰੀਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਸ਼ਰਤ ਇਹ ਹੈ ਕਿ ਵਪਾਰੀ ਦਾ ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਧ ਟੈਕਸ ਭਰਿਆ ਹੋਵੇ ਅਤੇ ਉਸ ਨੂੰ ਕਦੇ ਮਹਿਕਮੇ ਨੇ ਜੁਰਮਾਨਾ ਨਾ ਲਾਇਆ ਹੋਵੇ। ਮੋਹਰੀ ਕਰਦਾਤਾਵਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਇਸੇ ਸਾਲ ਤੋਂ ਲਾਗੂ ਕੀਤਾ ਜਾ ਰਿਹਾ ਹੈ।