Tuesday, April 15, 2025

                                         ਕੋਹ ਕੋਹ ਕੂਕ ਸੁਣੇ..! 
                                                        ਚਰਨਜੀਤ ਭੁੱਲਰ 

ਚੰਡੀਗੜ੍ਹ : ਚੇਤਨ ਸਿੰਘ ਜੌੜਾਮਾਜਰਾ, ਨਾਮ ਹੀ ਕਾਫ਼ੀ ਨਹੀਂ, ਡੀਲ-ਡੌਲ ਵੀ ਕਾਫ਼ੀ ਹੈ। ਭਲਿਓ! ਜੌੜਾਮਾਜਰਾ ਨਹੀਂ, ਹੁਣ ਚੌੜਾਮਾਜਰਾ ਕਹੋ। ‘ਦਾਸ’ ਨੇ ਜਦੋਂ ਤੋਂ ਸਮਾਣੇ ਆਲੇ ਅਧਿਆਪਕਾਂ ਦਾ ‘ਆਦਰ-ਮਾਣ’ ਕੀਤੈ, ਚੰਗੀ ਭੱਲ ਖੱਟ ਗਏ ਨੇ। ਅਜਿਹਾ ਸੁਭਾਗ ਟਾਵਿਆਂ ਨੂੰ ਮਿਲਦੈ। ਨਿੱਕੇ ਹੁੰਦਿਆਂ ਅਧਿਆਪਕਾਂ ਨੇ ਕਿਤੇ ਕੰਨ ਪੁੱਟੇ ਹੁੰਦੇ ਤਾਂ ਜੌੜਾਮਾਜਰਾ ਇੰਜ ਨਾ ਕਰਦੇ। ਮਾਰ ਕੇ ‘ਸਿੱਖਿਆ ਕ੍ਰਾਂਤੀ’ ਦੇ ਘੋੜੇ ਨੂੰ ਅੱਡੀ, ਪੁੱਜ ਗਏ ‘ਸਕੂਲ ਆਫ਼ ਐਮੀਨੈਂਸ’। ਪਹਿਲੋਂ ਸਕੂਲ ’ਚ ਚਰਨ ਕਮਲ ਪਾਏ, ਰਿਬਨ ਵੀ ਕਰ ਕਮਲਾਂ ਨਾਲ ਕੱਟਿਆ, ਸਟੇਜ ਤੋਂ ਫਿਰ ਮੁੱਖ ਕਮਲ ਚੋਂ ਜੋ ਫ਼ਰਮਾਏ, ਤੁਸੀਂ ਜਾਣੀ ਜਾਣ ਹੋ।

ਅਮਿਤਾਭ ਬਚਨ ‘ਸਰਕਾਰ’ ਫ਼ਿਲਮ ’ਚ ਆਖਦੈ, ‘ਜੋ ਮੁਝ ਕੋ ਸਹੀ ਲਗਤਾ ਹੈ, ਵੋਹ ਮੈਂ ਕਰਤਾ ਹੂੰ।’ਜੌੜਾਮਾਜਰਾ ਜੀ! ਲੱਲੀ-ਛੱਲੀ ਦੀ ਪ੍ਰਵਾਹ ਨਹੀਓਂ ਕਰਨੀ। ਜਦ ਚੇਤਨ ਸਿਓ ਨੇ ਸਮਾਣੇ ਆਲੇ ਸਕੂਲ ’ਚ ਤਿੰਨ ਮੇਲ ਦੇ ਪ੍ਰਸ਼ਾਦ ਦੇ ਗੱਫੇ ਵਰਤਾਏ ਤਾਂ ਅਧਿਆਪਕਾਂ ਦੇ ਹੱਥ ਸੜ ਗਏ, ਬੱਚਿਆਂ ਨੇ ਤਾਂ ਹੱਸਣਾ ਹੀ ਸੀ। ਮਾਹੌਲ ਏਨਾ ਤੱਤਾ ਸੀ, ਜੇ ਕੋਈ ਸਟੇਜ ਤੋਂ ਨਾਅਰਾ ਵੀ ਮਾਰ ਦਿੰਦਾ, ‘ਦੇਸ਼ ਦਾ ਨੇਤਾ ਕੈਸਾ ਹੋ’, ਬੱਚਿਆਂ ਨੇ ਦੂਣੀ ਦੇ ਪਹਾੜੇ ਵਾਂਗੂ ਗੱਜਣਾ ਸੀ, ‘ਜੌੜਾਮਾਜਰਾ ਜੈਸਾ ਹੋ।’ ਚੇਤਨਵੀਰ ਦਾ ਜਜ਼ਬਾ ਵੀ ਉਬਲਦੇ ਦੁੱਧ ਵਰਗੈ।

       ‘ਕਾਬਾ ਕਿਸ ਮੂੰਹ ਸੇ ਜਾਓਗੇ ਗ਼ਾਲਿਬ, ਸ਼ਰਮ ਤੁਮਕੋ ਮਗਰ ਆਤੀ ਨਹੀਂ।’  ਮੂੰਹਾਂ ਨੂੰ ਮੁਲਾਹਜ਼ੇ, ਸਿਰਾਂ ਨੂੰ ਸਲਾਮਾਂ। ਜਿਵੇਂ ਜੌੜਾਮਾਜਰਾ ਦੇ ਮੁਖਾਰਬਿੰਦ ਚੋਂ ਫੁੱਲ ਕਿਰੇ, ਗਾਰਡ ਆਫ਼ ਆਨਰ ਤਾਂ ਦੇਣਾ ਹੀ ਬਣਦੈ। ਚੁੱਪ ਸਿੰਘ ਬੜਬੋਲਾ ਆਖਦੈ ਕਿ ਨੇਕ ਕੰਮ ਲਈ ਦੇਰੀ ਕਾਹਦੀ, ਆਉਂਦੇ ‘ਅਧਿਆਪਕ ਦਿਵਸ’ ’ਤੇ ਲੱਦ ਦਿਓ ਫੁੱਲਾਂ ਨਾਲ ਪਿਆਰੇ ਚੇਤਨ ਨੂੰ। ਭਲਾ ਉਸ ਵਿਧਾਇਕੀ ਨੂੰ ਕੀ ਚੱਟਣੈ, ਜਿਹੜੀ ਖਰੀ ਹੀ ਨਾ ਕੀਤੀ। ਨਛੱਤਰ ਸੱਤਾ ਗਾਉਂਦਾ ਮਰ ਗਿਆ, ‘ਮੰਦੜੇ ਬੋਲ ਨਾ ਬੋਲ ਵੇ ਸੱਜਣਾ..।’ ਹਲਦੀ ਘਾਟੀ ਦੀ ਲੜਾਈ ’ਚ ਮਹਾਰਾਣਾ ਪ੍ਰਤਾਪ ਦਾ ਘੋੜਾ ‘ਚੇਤਕ’ ਅੰਨ੍ਹੇਵਾਹ ਦੌੜਿਆ ਸੀ। ਪੰਜਾਬ ਦਾ ਚੇਤਨ ਉਹਤੋਂ ਵੀ ਵੱਧ ਤੇਜ਼ੀ ਨਾਲ ਦੌੜਿਆ, ਜਦੋਂ ਗੰਦੇ ਗੱਦਿਆਂ ਦੀ ਸੂਹ ਮਿਲੀ, ਜਾ ਪੁੱਜਿਆ ਫ਼ਰੀਦਕੋਟ ਦੇ ਹਸਪਤਾਲ।

       ਜਨਾਬ ਨੇ ਜਾਂਦਿਆਂ ਹੀ ਰੀੜ੍ਹ ਦੀ ਹੱਡੀ ਦੇ ਮਸ਼ਹੂਰ ਡਾ. ਰਾਜ ਬਹਾਦੁਰ ਨੂੰ ਭਰੀ ਪੰਚਾਇਤ ’ਚ ਗੰਦੇ ਗੱਦੇ ’ਤੇ ਲੰਮਾ ਪਾ ਲਿਆ। ਜਿਨ੍ਹਾਂ ਵੀਸੀ ਨੂੰ ਲਮਲੇਟ ਕਰ ਲਿਆ, ਉਨ੍ਹਾਂ ਅੱਗੇ ਸਮਾਣੇ ਆਲੇ ਟੀਚਰ ਕਿਹੜੇ ਬਾਗ਼ ਦੀ ਮੂਲੀ ਨੇ। ਜਿਨ੍ਹਾਂ ਨੇ ਸਕੂਲ ਪੜ੍ਹਦੇ ਫ਼ੀਸ ਮੁਆਫ਼ੀ ਦੀ ਅਰਜ਼ੀ ਲਿਖੀ ਹੁੰਦੀ ਐ, ਉਨ੍ਹਾਂ ਨੂੰ ਜ਼ਿੰਦਗੀ ’ਚ ਮੁਆਫ਼ੀ ਮੰਗਣ ਦੀ ਨੌਬਤ ਨਹੀਂ ਆਉਂਦੀ। ਖ਼ੈਰ, ਜੌੜਾਮਾਜਰਾ ਦੀ ਪਿੱਠ ਪਈ ਸੁਣਦੀ ਐ, ਵੱਡਾ ਦਿਲ ਰੱਖਦੇ ਨੇ, ਅੱਖ ਦੇ ਫੋਰੇ ਮੁਆਫ਼ੀਵੀਰ ਬਣ ਗਏ। ਕੇਰਾਂ ਬਿੱਲ ਕਲਿੰਟਨ ਆਪਣੇ ਦਫ਼ਤਰ ਦੀ ਕੱਚੀ ਮੁਲਾਜ਼ਮ ਮੋਨਿਕਾ ਲੇਵਿੰਸਕੀ ਨੂੰ ਛੇੜ ਬੈਠਾ। ਕਲਿੰਟਨ ਨੇ ਜਨਤਿਕ ਮੁਆਫ਼ੀ ਮੰਗ ਕੇ ਖਹਿੜਾ ਛੁਡਵਾਇਆ।

       ਭਲਾ ਦੱਸੋ! ਅਮਰੀਕਾ ਦਾ ਥਾਣੇਦਾਰ ਕਲਿੰਟਨ ਮੁਆਫ਼ੀ ਮੰਗ ਸਕਦੈ, ਫਿਰ ਜੌੜਾਮਾਜਰਾ ਕਲਿੰਟਨ ਤੋਂ ਵੱਡਾ ਤਾਂ ਨਾ ਹੋਇਆ। ਸ਼ਮਸ਼ੇਰ ਲਹਿਰੀ ਵੀ ਇਹੋ ਹਾਮੀ ਭਰ ਰਿਹੈ, ‘ਕਿਸੇ ਤੋਂ ਮੁਆਫ਼ੀ ਮੰਗ ਲਈਏ, ਕਿਸੇ ਨੂੰ ਮੁਆਫ਼ ਕਰੀਏ।’ ਅੱਜ ਕੱਲ੍ਹ ਜੌੜਾਮਾਜਰਾ ਕੌਂਕਿਆਂ ਆਲੇ ਮੋਦਨ ਨਾਲੋਂ ਵੱਧ ਮਸ਼ਹੂਰ ਹੋਇਆ ਪਿਐ। ਸਕੂਲੇ ਪੜ੍ਹਦਿਆਂ ਜ਼ਰੂਰ ਕਿਤਾਬਾਂ ਨਾਲ ਅਣਬਣ ਰਹੀ ਹੋਊ। ਅਧਿਆਪਕਾਂ ਨੇ ਐਂ ਰੌਲਾ ਪਾਇਆ ਜਿਵੇਂ ਸਮਾਣੇ ਦੀ ਸੀਮਾ ’ਤੇ ਪ੍ਰਮਾਣੂ ਬੰਬ ਡਿੱਗ ਪਿਆ ਹੋਵੇ। ਅਧਿਆਪਕ ਜਗਤ ਕੈੜ ਅੱਖ ਨਾਲ ਝਾਕਣ ਲੱਗ ਪਿਆ। ਚਾਚਾ ਚੰਡੀਗੜ੍ਹੀਆ ਆਖਦਾ ਹੁੰਦਾ ਸੀ, ‘ਘੂਰ-ਘੂਰ ਕੇ ਦੇਖਦੇ ਹੋ, ਮੈਂ ਕੋਈ ਗੱਦੀਓ ਲੱਥਾ ਵਜ਼ੀਰ ਤਾਂ ਨਹੀਂ।’ 

       ‘ਨੱਥਾ ਸਿੰਘ ਐਂਡ ਪ੍ਰੇਮ ਸਿੰਘ, ਵਨ ਐਂਡ ਦੀ ਸੇਮ ਥਿੰਗ।’ ਜੌੜਾਮਾਜਰਾ ਨੇ ਜ਼ਰੂਰ ਕਿਤੇ ਕਾਂਗਰਸੀ ਨੇਤਾ ਭਾਰਤ ਭੂਸ਼ਨ ਆਸ਼ੂ ਦਾ ਜੂਠਾ ਖਾ ਲਿਆ ਹੋਊ। ਜਦੋਂ ਆਸ਼ੂ ਜੀ ਪਟਿਆਲੇ ਆਲੇ ਰਾਜੇ ਦੀ ਸਰਕਾਰ ’ਚ ਮੰਤਰੀ ਸਨ, ਉਦੋਂ ਮਹਿਲਾ ਡੀਈਓ ਆਸ਼ੂ ਦੇ ਸਮਾਗਮਾਂ ’ਚ ਲੇਟ ਆਉਣ ਦੀ ਗੁਸਤਾਖ਼ੀ ਕਰ ਬੈਠੀ। ਆਸ਼ੂ ਨੇ ਭਰੇ ਮੇਲੇ ’ਚ ਬੀਬੀ ਦਾ ‘ਇੱਜ਼ਤ-ਮਾਣ’ ਕਰ’ਤਾ ਸੀ। ਗੁਣਾਂ ਦੀ ਗੁਥਲੀ, ਮੇਰੀ ਮੁਰਾਦ ਆਸ਼ੂ ਲੁਧਿਆਣਵੀਂ ਤੋਂ ਹੈ, ਜਿਹਦੇ ਹੁਣ ਕਹਿੰਦੇ ਫਿਰਦੇ ਨੇ, ‘ਮੈਂ ਤਾਂ ਬੋਲਦਾ ਹੀ ਬਹੁਤ ਘੱਟ ਹਾਂ।’ ਭਾਰਤੀ ਸਿਆਸਤ ’ਚ ਨੇਤਾ ਝੂਠ ਬੋਲਣ ’ਚ ਭੋਰਾ ਕੰਜੂਸੀ ਨਹੀਂ ਕਰਦੇ। ਰਾਜ ਕੁਮਾਰ ਦਾ ਡਾਇਲਾਗ ਤਾਂ ਸੁਣਿਆ ਹੋਊ, ‘ਹਮ ਕੋ ਮਿਟਾ ਸਕੇ, ਜ਼ਮਾਨੇ ਮੇਂ ਦਮ ਨਹੀਂ।’

ਅਮਲੋਹ ਆਲੇ ਸਾਧੂ ਸਿੰਘ ਧਰਮਸੋਤ ਦਾ ਜ਼ੁਬਾਨ ਰਸ ਵੀ ਨਾਭੇ ਦੀ ਗਲੀ ਗਲੀ ’ਚ ਚੋਇਆ ਸੀ। ਮੰਤਰੀ ਹੁੰਦਿਆਂ ਇੱਕ ਮਹਿਲਾ ਪ੍ਰਿੰਸੀਪਲ ਨੂੰ ਪੈ ਨਿਕਲੇ ਸਨ। ਪ੍ਰਿੰਸੀਪਲ ਬੀਬੀ ਨੂੰ ਧਰਮਸੋਤ ਦੀ ਸਾਧੂਗਿਰੀ ਚੋਂ ਅਰਜੁਨ ਵੈਲੀ ਦਾ ਝਉਲਾ ਪਿਆ। ਸਿਆਣੇ ਆਖਦੇ ਨੇ, ਬਈ! ਬੱਚੇ ਨੂੰ ਬੋਲਣ ਸਿੱਖਣ ਲਈ ਦੋ ਸਾਲ ਲੱਗਦੇ ਨੇ, ਜ਼ੁਬਾਨ ਸੰਭਾਲਣੀ ਸਿੱਖਣ ਲਈ ਸੱਠ ਸਾਲ ਲੱਗ ਜਾਂਦੇ ਨੇ। ਇਨ੍ਹਾਂ ਖ਼ਾਮੋਸ਼ ਰੂਹਾਂ ਨੂੰ ਦੇਖ ਇਹੋ ਦਿਮਾਗ਼ ’ਚ ਘੁੰਮਦੈ, ‘ਦੁਨੀਆ ਬਨਾਣੇ ਵਾਲੇ, ਕਿਆ ਤੇਰੇ ਮਨ ਮੇਂ ਸਮਾਈ..।’ ਕਈ ਵਾਰੀ ਜ਼ੁਬਾਨ ਵਾਂਗੂ ਗੱਲ ਵੀ ਕਿਧਰੇ ਹੋਰ ਪਾਸੇ ਹੀ ਤਿਲਕ ਜਾਂਦੀ ਹੈ। 

‘ਦੁਨੀਆ ਬਣਾਉਣ ਵਾਲਿਆ ਤੇਰੇ ਸੰਦਾਂ ਦਾ ਭੇਤ ਨਾ ਆਇਆ।’ ਬੰਦੇ ਨੂੰ ਸਮਝਣਾ ਸੌਖਾ, ਰੱਬ ਨੂੰ ਔਖੈ। ਪ੍ਰੋ. ਮੋਹਨ ਸਿੰਘ ਲਿਖਦੇ ਨੇ, ‘ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ-ਧੰਦਾ..।’ ਅਸੀਂ ਪੁੱਛਦੇ ਪਏ ਹਾਂ ਕਿ ਯੇ ਮਾਜਰਾ ਕਿਆ ਹੈ। ਰੱਬ ਕੋਲ ਏਨੇ ਦੇਵਤੇ ਨਹੀਂ ਹੋਣੇ ਜਿੰਨੇ ਅਸਾਂ ਦੇ ਕੋਲ ਮਾਜਰੇ ਨੇ। ਜੀਹਤੋਂ ਟੀਚਰ ਥਰ-ਥਰ ਕੰਬਣ, ਓਹ ਜੌੜਾਮਾਜਰਾ ਅਖਵਾਉਂਦੈ, ਜਿਹਨੂੰ ਦੇਖ ਹਿੰਦੀ ਨੂੰ ਛਿੜੇ ਕਾਂਬਾ ਉਹ ਚੰਦੂਮਾਜਰਾ, ਰੰਗੀਨ ਤਬੀਅਤ ਆਲਾ ਪਠਾਨਮਾਜਰਾ ਤੇ ਜੀਹਦੇ ਘਰ ਅੱਗੇ ਗੱਜੇ ਈਡੀ, ਉਹ ਗੱਜਣਮਾਜਰਾ ਅਖਵਾਉਂਦੈ...ਇਹ ਸਾਰੇ ਮਾਜਰੇ ਇੱਕ ਸ਼ੀਸ਼ਾ ਹਨ ਜਿਨ੍ਹਾਂ ਚੋਂ ਪੰਜਾਬ ਦਾ ਮਾਜਰਾ (ਹਾਲ) ਸੌਖੇ ਹੀ ਜਾਣ ਸਕਦੇ ਹਾਂ।

       ਪੰਜਾਬ ਕਿੰਨਾ ਭਾਗਾਂ ਵਾਲੈ, ਜਿਹਨੂੰ ਥੋਕ ’ਚ ਕ੍ਰਾਂਤੀਵੀਰ ਮਿਲੇ ਨੇ। ਮਾਜਰਾ ਆਪੇ ਨੌ ਬਰ ਨੌ ਹੋਜੂ। ਕੋਈ ਵੀ ਮੰਗਲ ਪਾਂਡੇ ਤੋਂ ਘੱਟ ਨਹੀਂ ਸਮਝਦਾ। ਨਹੀਂ ਯਕੀਨ ਤਾਂ ਟਰੇਲਰ ਦੇਖ ਲਓ। ਔਹ ਦੇਖੋ! ‘ਸਿੱਖਿਆ ਕ੍ਰਾਂਤੀ’ ਸਕੂਲਾਂ ’ਚ ਧੁੱਸ ਦੇ ਕੇ ਵੜੀ ਹੈ। ਸਿੱਖਿਆ ਕ੍ਰਾਂਤੀ ਦਾ ਲਾੜਾ ਹਰਜੋਤ ਬੈਂਸ ਬਣਿਐ। ਪਖਾਨੇ ਲੋਕ ਅਰਪਣ ਕਾਹਦੇ ਕੀਤੇ, ਲਾਭ ਸਿੰਘ ਉਗੋਕੇ ਸਰਵਾਲਾ ਬਣਦਾ ਫੜਿਆ ਗਿਆ। ‘ਕਾਹਲੀ ਦੀ ਘਾਣੀ, ਅੱਧਾ ਤੇਲ ਅੱਧਾ ਪਾਣੀ।’ 

      ਪੁਰਾਣੀ ਫਿਲਮ ਕ੍ਰਾਂਤੀ ’ਚ ਹੇਮਾ ਮਾਲਿਨੀ ਨੇ ਸੁਰ ਲਾ ਪੁੱਛਿਐ, ‘ਦਿਲ ਵਾਲੇ-ਦਿਲ ਵਾਲੇ ਤੇਰਾ ਸਪਨਾ ਕਿਆ ਹੈ, ਜੁਆਬ ਮਿਲਦੈ, ‘ਕ੍ਰਾਂਤੀ-ਕ੍ਰਾਂਤੀ’। ਸਿਹਤ ਮਹਿਕਮਾ ਜੌੜਾਮਾਜਰਾ ਤੋਂ ਸਰਕਾਰ ਵਾਪਸ ਨਾ ਲੈਂਦੀ ਤਾਂ ਅੱਜ ਸਿਹਤ ਕ੍ਰਾਂਤੀ ਨੇ ਵੀ ਪੰਜਾਬ ਦੇ ਘਰ ਘਰ ਜਾ ਕੰਜਕਾਂ ਖਾ ਆਉਣੀਆਂ ਸਨ। ਵਿਰੋਧੀ ਆਗੂ ਲੱਖ ਪਏ ਸੰਘ ਪਾੜਨ। ‘ਕ੍ਰਾਂਤੀ’ ਕਿੱਲੋਮੀਟਰ ਸਕੀਮ ਆਲੀਆਂ ਬੱਸਾਂ ਵਾਂਗੂ ਰੁਕਣੀ ਨਹੀਂ ਚਾਹੀਦੀ। ਜਿਵੇਂ ਸੂਟਾਂ ਵਾਲੀ ਦੁਕਾਨ ’ਚ ਭਾਰਤੀ ਨਾਰੀ ਖਿੜਦੀ ਹੈ, ਉਵੇਂ ਉਦਘਾਟਨੀ ਪੱਥਰਾਂ ਨੂੰ ਦੇਖ ਵਿਧਾਇਕਾਂ ਦਾ ਅੰਦਰਲਾ ਬਾਘੀਆਂ ਪਾਉਂਦੈ। ‘ਦੋ ਗਿੱਠਾਂ ਦੀ ਵੰਝਲੀ, ਕੋਹ ਕੋਹ ਕੂਕ ਸੁਣੇ।’ ਓਹ ਦਿਨ ਵੀ ਯਾਦ ਕਰੋ, ਜਦੋਂ ਅਕਾਲੀਆਂ ਦੇ ਰਾਜ ’ਚ ਪਖਾਨਿਆਂ ’ਤੇ ‘ਰਾਜ ਨਹੀਂ ਸੇਵਾ’ ਵਾਲੀਆਂ ਤਸਵੀਰਾਂ ਲੱਗੀਆਂ ਸਨ। 

       ਬੈਂਸ ਸਾਹਬ! ਅੱਗੇ ਵਧੋ, ਹਮ ਤੁਮਾਰੇ ਸਾਥ ਹੈ। ਜਿਵੇਂ ਕਿਊਬਾ ਦੀ ਕ੍ਰਾਂਤੀ ਦਾ ਸਿਹਰਾ ਚੀ-ਗਵੇਰਾ ਸਿਰ ਸਜਿਆ, ਰੂਸ ਦੀ ਕ੍ਰਾਂਤੀ ਦਾ ਤਾਜ ਲੈਨਿਨ ਸਿਰ ਟਿਕਿਆ, ਫਰਾਂਸ ਦੀ ਕ੍ਰਾਂਤੀ ਦਾ ਰਾਹ ਦਸੇਰਾ ਨਪੋਲੀਅਨ ਬਣਿਆ, ਉਵੇਂ ਜਦੋਂ ਸਦੀਆਂ ਬਾਅਦ ਕਦੇ ਕੋਈ ਪੰਜਾਬ ਦਾ ਇਤਿਹਾਸ ਫੋਲੇਗਾ ਤਾਂ ਹਰਜੋਤ ਸਿੰਘ ਬੈਂਸ ਦਾ ਨਾਮ ਸਿੱਖਿਆ ਕ੍ਰਾਂਤੀ ਦੇ ਨਾਇਕ ਵਜੋਂ ਅੰਕਿਤ ਹੋਵੇਗਾ। ਅਗਲੀਆਂ ਪੀੜੀਆਂ ਵੀ ਯਾਦ ਰੱਖਣਗੀਆਂ ਕਿਵੇਂ ਸਾਡੇ ਪੁਰਖਿਆਂ ਨੇ ਜਾਨ ਧਲੀ ’ਤੇ ਧਰ ਅਜੂਬਿਆਂ ਵਰਗੇ ਪਖਾਨੇ ਬਣਾਏ। ਸਦੀਆਂ ਬਾਅਦ ਜਦੋਂ ਕਦੇ ਖੰਡਰਾਤ ਹੋਏ ਪੰਜਾਬ ਦੀ ਖ਼ੁਦਾਈ ਹੋਈ ਤਾਂ ਸਿੰਧ ਘਾਟੀ ਦੀ ਸਭਿਅਤਾ ਵਾਂਗੂ ਉਦਘਾਟਨੀ ਪੱਥਰਾਂ ਦੇ ਟੁਕੜੇ ਲੱਭਿਆ ਕਰਨਗੇ। 

      ਅਖੀਰ ’ਚ ਇੱਕ ਲਤੀਫ਼ਾ। ਸਕੂਲ ਦੀ ਕਲਾਸ ’ਚ ਮਾਸਟਰ ਜੀ ਪੁੱਛਣ ਲੱਗੇ, ਬੱਚਿਓ! ਰਾਜਾ ਰਾਮ ਮੋਹਨ ਰਾਏ ਕੌਣ ਸਨ? ਬੱਚੇ ਇੱਕੋ ਸੁਰ ’ਚ ਬੋਲੇ, ਮਾਸਟਰ ਜੀ! ਚਾਰੋ ਹੀ ਪੱਕੇ ਦੋਸਤ ਸਨ। ਲਤੀਫ਼ਾ ਸੁਣ ਇੰਜ ਲੱਗਦੇ ਕਿ ਜਿਵੇਂ ਇਹੋ ਬੱਚੇ ਵੱਡੇ ਹੋ ਕੇ ‘ਕ੍ਰਾਂਤੀਵੀਰ’ ਬਣ ਗਏ।

(15 ਅਪਰੈਲ 2025)





Sunday, April 13, 2025

                                           ਅਸਾਡਾ ਇੰਦਰ, ਤੇਰਾ ਖੁਆਜਾ
                                                           ਚਰਨਜੀਤ ਭੁੱਲਰ 

ਚੰਡੀਗੜ੍ਹ: ਸਿਆਣਪ ਕਿਤੋਂ ਵੀ ਮਿਲੇ, ਲੈ ਲੈਣੀ ਚਾਹੀਦੀ ਹੈ। ਸਿੰਜਾਈ ਮੰਤਰੀ ਬਰਿੰਦਰ ਗੋਇਲ ਨੇ ਵਿਧਾਨ ਸਭਾ ’ਚ ਗਿਆਨ ਦੀ ਗੰਗਾ ਵਗਾ ਦਿੱਤੀ। ਜੇ ਕੋਈ ਵਗਦੀ ਗੰਗਾ ’ਚ ਹੱਥ ਨਾ ਧੋਵੇ, ਫਿਰ ਗੋਇਲ ਵਿਚਾਰਾ ਕੀ ਕਰੇ? ਮੰਤਰੀ ਜਨ ਇੰਜ ਫ਼ਰਮਾਏ, ‘‘ਮੈਂ ਤੀਹ ਸਾਲਾਂ ਤੋਂ ਅੱਧੀ ਬਾਲਟੀ ਪਾਣੀ ਨਾਲ ਨਹਾਉਂਦਾ, ਹਫ਼ਤੇ ’ਚੋਂ ਇੱਕ ਦਿਨ ਸਾਬਣ ਲਾਈਦੀ ਐ, ਓਦਣ ਪੌਣੀ ਬਾਲਟੀ ਨਾਲ ਨਹਾਉਂਦਾ।’’ ‘‘ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ’’, ਪਾਤਰ ਨੂੰ ਧਿਆ ਕੇ ਗੋਇਲ ਸਾਹਿਬ ‘ਬਾਲਟੀ ਨੁਸਖਾ’ ਰੱਖ ਤੁਰਦੇ ਬਣੇ। ਨਾਲੇ ਪਾਣੀ ਦੀ ਬੱਚਤ, ਨਾਲੇ ਸਾਬਣ ਦੀ।

       ਲੇਖਕ ਗੁਲਜ਼ਾਰ ਸੰਧੂ ਆਖਦੇ ਨੇ, ‘‘ਸਾਡੀ ਬੇਬੇ ਇੱਕ ਗੜਵੀ ਪਾਣੀ ਨਾਲ ਨਹਾ ਲੈਂਦੀ ਸੀ।’’ ਅਸੀਂ ਆਪਣਾ ਖ਼ਾਸਾ ਹੀ ਭੁੱਲ ਬੈਠੇ ਹਾਂ। ਪਿਛਾਂਹ ਚੱਲਦੇ ਹਾਂ ਜਦੋਂ ਗੂੰਜ ਪੈਂਦੀ ਹੁੰਦੀ ਸੀ: ਸ਼ਰਬਤ ਵਰਗਾ ਪਾਣੀ, ਸੰਤਾਂ ਦੀ ਖੂਹੀ ਦਾ। ਪਾਣੀ ਘੱਟ ਡੂੰਘੇ ਸਨ, ਸੋਚ ਡੂੰਘੀ ਸੀ। ਗੁਰਦਾਸ ਮਾਨ ਨੇ ਸੱਚ ਗਾਇਆ, ‘ਮੱਝਾਂ ਦੀਆਂ ਪੂਛਾਂ ਫੜ ਕੇ ਤਾਰੀ ਲਾਉਣ ਦੀਆਂ’। ਛੱਪੜਾਂ ’ਚ ਨਾਲੇ ਮਸਤੀ, ਨਾਲੋ ਨਾਲ ਨਹਾਉਣ ਹੋ ਜਾਂਦਾ। ਜਿਨ੍ਹਾਂ ਨੂੰ ਮੂੰਹ-ਹੱਥ ਧੋਣ ਦਾ ਵੈਲ ਸੀ ਉਹ ਆਖਦੇ, ‘‘ਨ੍ਹਾਵੇ ਨਰਕ ਨੂੰ ਜਾਵੇ।’’ ਗ਼ਰੀਬ ਬੰਦੇ ਆਖਦੇ, ‘‘ਮੂੰਹ ਧੋਵੇ, ਰੋਜੀ ਖੋਵੇ।’’

        ਸੁਸਤ ਪ੍ਰਸ਼ਾਦ ਦੋਵੇਂ ਪੈਰ ਤੇ ਦੋਵੇਂ ਹੱਥ ਧੋ ਕੇ, ਮੂੰਹ ’ਤੇ ਛਿੱਟੇ ਮਾਰ ਆਖਦੇ ਨੇ, ‘‘ਪੰਜ ਇਸ਼ਨਾਨਾਂ ਕਿਹੜਾ ਸੌਖੈ।’’ ਪੰਜ ਇਸ਼ਨਾਨਾਂ-ਮਹਾਂ ਗਿਆਨਾ, ਨਿੱਤ ਨ੍ਹਾਵੇ ਦਲਿੱਦਰੀ। ਇਕੇਰਾਂ ਮੀਂਹ ਪੁਆਉਣ ਲਈ ਬੀਬੀ ਰਾਜਿੰਦਰ ਕੌਰ ਭੱਠਲ ਨੇ ਔਰਤਾਂ ਨੂੰ ਨਾਲ ਲੈ ਕੇ ਗੁੱਡੀ ਫੂਕੀ ਸੀ। ਇੰਦਰ ਦੇਵਤਾ ਮਿਹਰਬਾਨ ਹੋਇਆ ਜਾਂ ਨਹੀਂ ਇਹ ਤਾਂ ਪਤਾ ਨਹੀਂ, ਪਰ ਬਰਿੰਦਰ ਗੋਇਲ ਨੇ ਲਹਿਰੇਗਾਗੇ ਤੋਂ ਬੀਬੀ ਦੀ ਝੋਲੀ ਆਪਣੇ ਕਰ ਕਮਲਾਂ ਨਾਲ ‘ਹਾਰ’ ਪਾਈ। ਛੁਪੇ ਰੁਸਤਮ ਨਹੀਂ, ਗੋਇਲ ਸਾਹਬ ਬੱਚਤਖੋਰੇ ਜ਼ਰੂਰ ਨਿਕਲੇ ਜਿਨ੍ਹਾਂ ਦੀ ਘਾਲਣਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਹੁਣ ‘ਤੁਪਕਾ ਨਹਾਈ ਯੋਜਨਾ’ ਸ਼ੁਰੂ ਕਰਨੀ ਚਾਹੀਦੀ ਹੈ।

       ਪਾਣੀ ਖਾਰੇ ਤੇ ਕਾਲੇ ਹੋਏ ਨੇ। ਕਦੇ ਇਹ ਪਾਣੀ ਨਹਿਰੀ ਹੁੰਦੇ ਸਨ। ਸਤਿੰਦਰ ਸਰਤਾਜ ਵੀ ਇਹੋ ਆਖਦੈ, ‘ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ…।’ ਹਮਾਮ ’ਚ ਸਭ ਨੰਗ ਧੜੰਗੇ ਨੇ, ਜਿਹੜੇ ਅਕਲ ਦੇ ਵੈਰੀ ਨੇ ਉਹ ਸਰੀਰ ਦੇ ਵੀ ਨੇ। ਮਲ ਮਲ ਕੇ ਨਹਾਉਂਦੇ ਨੇ, ਹੜ੍ਹ ਵਾਂਗ ਪਾਣੀ ਵਹਾਉਂਦੇ ਨੇ। ‘ਪਾਣੀ ਭਗਤ’ ਨਾ ਬਣੇ ਤਾਂ ਲਹਿਰਾਗਾਗਾ ਵਾਲਾ ਬਰਿੰਦਰ ਚੇਤੇ ਆਇਆ ਕਰੂ। ਸਰਕਾਰ ਜੀ! ਲੱਗਦੇ ਹੱਥ ਇੱਕ ‘ਗੜਵੀ ਗਾਰੰਟੀ’ ਵੀ ਸ਼ੁਰੂ ਕਰੋ। ਗੜਵੀ ਪਾਣੀ ਨਾਲ ਨਹਾਓ, ਸਰਕਾਰੀ ਘਰੋਂ ਮੁਫ਼ਤ ’ਚ ਗੜਵੀ ਪਾਓ।

       ਜੇ ਸਰਕਾਰ ਟੇਲਾਂ ਤੱਕ ਪਾਣੀ ਪਹੁੰਚਾਉਂਦੀ ਐ ਤਾਂ ਸਿਆਣਾ ਬੰਦਾ ਗੜਵੀ ਪਾਣੀ ਦੀ ਗਿੱਟਿਆਂ ਤੱਕ ਤਾਂ ਪਹੁੰਚਾ ਹੀ ਸਕਦੈ। ਕਿਤੇ ਗੜਵੀ ਯੁੱਗ ਆ ਗਿਆ ਤਾਂ ਯੁਗਾਂਤਰਾਂ ਤੱਕ ਸਰਕਾਰ ਦੀ ਬੱਲੇ ਬੱਲੇ ਹੋਊ। ਅਮਿਤਾਭ ਬਚਨ ਇੱਕ ਮਸ਼ਹੂਰੀ ’ਚ ਆਖਦੈ, ‘‘ਇਨਸਾਨ ਪਾਣੀ ਬਨਾ ਤੋ ਨਹੀਂ ਸਕਤਾ, ਬਚਾ ਸਕਤਾ ਹੈ।’’ ਅਕਲਾਂ ਬਾਝੋਂ ਖੂਹ ਖ਼ਾਲੀ। ਬਰਿੰਦਰ ਗੋਇਲ ਨੇ ਸਦਨ ’ਚ ਅਕਲਾਂ ਦੇ ਖੁੱਲ੍ਹੇ ਗੱਫੇ ਵਰਤਾਏ। ਜੇ ਕਿਸੇ ਨੇ ਹੱਥ ਪਿੱਛੇ ਖਿੱਚ ਲਏ ਤਾਂ ਗੋਇਲ ਦਾ ਕੀ ਕਸੂਰ? ਗੱਲ ਹੈ ਤਾਂ ਸੋਲ੍ਹਾਂ ਆਨੇ ਸੱਚ ਪਰ ਕੋਈ ਕਦਰ ਵੀ ਤਾਂ ਕਰੇ।

       ਆਹ ਗਾਣਾ ਠੀਕ ਢੁਕਦੈ, ‘ਬੇਕਦਰੇ ਲੋਕਾਂ ਵਿੱਚ ਕਦਰ ਗੁਆ ਲੇਂਗਾ’। ਵਿਸ਼ਵੀ ਪੁਰਖੇ ਦੱਸਦੇ ਹਨ ਕਿ ਵਿਗਿਆਨੀ ਆਇੰਸਟਾਈਨ ਕਈ-ਕਈ ਦਿਨ ਨਹਾਉਂਦਾ ਨਹੀਂ ਸੀ, ‘ਮੋਨਾਲਿਜ਼ਾ’ ਤਸਵੀਰ ਦਾ ਰਚੇਤਾ ਲਿਓਨਾਰਡੋ ਦਿ ਵਿੰਚੀ ਤਾਂ ਅਕਸਰ ਨਹਾਉਣਾ ਭੁੱਲ ਜਾਂਦਾ ਸੀ। ਬਰਨਾਰਡ ਸ਼ਾਅ ਆਖਦਾ ਹੁੰਦਾ ਸੀ ਕਿ ਯਾਦ ਨਹੀਂ ਆਖ਼ਰੀ ਵਾਰ ਕਦੋਂ ਨ੍ਹਾਇਆ ਸੀ। ਜਦੋਂ ਠੰਢ ਸਿਖ਼ਰਾਂ ’ਤੇ ਹੁੰਦੀ ਹੈ, ਵੈਸੇ ਉਦੋਂ ਅਸਾਡੇ ਬਹੁਤੇ ਪੰਜਾਬੀ ਵੀ ‘ਬਰਨਾਰਡ ਸ਼ਾਅ’ ਹੀ ਬਣੇ ਹੁੰਦੇ ਨੇ। ‘ਜੱਟ ਐਂਡ ਜੂਲੀਅਟ’ ’ਚ ਦਿਲਜੀਤ ਦੁਸਾਂਝ ਆਖਦੈ, ‘‘ਬਈ! ਗੋਰੇ ਬਰਫ਼ ਪੈਣ ਕਰਕੇ ਨ੍ਹੀਂ ਨਹਾਉਂਦੇ, ਇੱਧਰ ਸਾਡੇ ਬਰਫ਼ ਵੀ ਨ੍ਹੀਂ ਪੈਂਦੀ ਅਸੀਂ ਫੇਰ ਵੀ ਨ੍ਹੀਂ ਨਹਾਉਂਦੇ।’ ਗਿਆਨੀ ਲੋਕ ਨਸੀਹਤਾਂ ਦੇ ਰਹੇ ਨੇ ‘ਠੰਡੇ ਠੰਡੇ ਪਾਨੀ ਸੇ ਨਹਾਨਾ ਚਾਹੀਏ…।’

        ਭਾਰਤੀ ਸੰਸਕ੍ਰਿਤੀ ’ਚ ਇਸ਼ਨਾਨ ਨੂੰ ‘ਪਵਿੱਤਰ ਕਾਰਜ’ ਸਮਝਿਆ ਜਾਂਦਾ ਹੈ। ਬੁੱਲੇ ਸ਼ਾਹ ਦੀ ਮਸੀਤ ਵੱਖਰੀ ਹੈ, ’‘ਜੇ ਰੱਬ ਮਿਲਦਾ ਨ੍ਹਾਤਿਆਂ ਧੋਤਿਆਂ, ਮਿਲਦਾ ਡੱਡੂਆਂ ਮੱਛੀਆਂ…।’’ ਅਧਿਆਤਮ ’ਚ ਕਿਹਾ ਜਾਂਦਾ ਹੈ ਕਿ ਇਸ਼ਨਾਨ ਨਾਲ ਸਰੀਰ ਦੀ ਮੈਲ ਹੀ ਨਹੀਂ, ਮਨ ਦੀ ਮੈਲ ਵੀ ਧੋਤੀ ਜਾਂਦੀ ਹੈ, ਤਾਂ ਹੀ ਲੋਕ ਕੁੰਭ ਨਹਾਉਣ ਜਾਂਦੇ ਨੇ। ਸਿਆਸਤ ’ਚ ਮਾਇਆ ਦੀ ਨਦੀ ’ਚ ਚੁੱਭੀਆਂ ਲਾਉਣ ਦਾ ਰੋਗ ਪੁਰਾਣਾ ਹੈ। ਟਾਵੇਂ ਵਿਰਲੇ ਹੁੰਦੇ ਨੇ, ਜਿਹੜੇ ਮਾਇਆ ਦੇ ਸਮੁੰਦਰ ਕਿਨਾਰੇ ਤੋਂ ਫੋਕੀਆਂ ਲਹਿਰਾਂ ਦੇਖ ਪਰਤ ਆਉਂਦੇ ਨੇ। ਸਿਆਸੀ ਪੱਤਣਾਂ ਦੇ ਤਾਰੂ ਜਦ ਮਾਇਆ ਦੀ ਨਦੀ ਦੇ ਚਿੱਕੜ ’ਚ ਫਸ ਜਾਂਦੇ ਨੇ ਤਾਂ ਵਿਜੀਲੈਂਸ ਨੂੰ ਉਨ੍ਹਾਂ ਦੇ ਹੱਥ ਧੁਆਉਣੇ ਪੈਂਦੇ ਨੇ।

        ਵਿਜੀਲੈਂਸ ਦੇ ਗਲਾਸ ਦਾ ਪਾਣੀ ਰੰਗ ਬਦਲਦੈ। ‘ਪਾਨੀ ਰੇ ਪਾਨੀ ਤੇਰਾ ਰੰਗ ਕੈਸਾ..।’ ਸਦਨ ’ਚ ਮੰਤਰੀ ਗੋਇਲ ‘ਬਾਲਟੀ ਗੁਰ’ ਤਾਂ ਦੱਸ ਗਏ ਪਰ ਇਹ ਨ੍ਹੀਂ ਦੱਸ ਕੇ ਗਏ ਕਿ ਸਿਆਸੀ ਛੱਪੜ ’ਚੋਂ ਸੁੱਟੇ ਜਾਂਦੇ ਚਿੱਕੜ ਨੂੰ ਅੱਧੀ ਬਾਲਟੀ ਨਾਲ ਕਿਵੇਂ ਧੋਈਏ। ਜਿਸ ਹਮਾਮ ’ਚ ਨੇਤਾ ਨਹਾਉਂਦੇ ਨੇ, ਉਸ ਪਾਣੀ ਦਾ ਰੰਗ ਦੇਖ ਆਪਮੁਹਾਰੇ ਮੂੰਹੋਂ ਨਿਕਲਦੈ, ‘‘ਪਾਣੀ ਦਾ ਰੰਗ ਵੇਖ ਕੇ, ਅੱਖੀਆਂ ’ਚੋਂ ਹੰਝੂ ਰੁੜ੍ਹ ਗਏ।’’ ਜੇ ਹਾਲੇ ਵੀ ਨਾ ਸਮਝੇ ਤਾਂ ਕੁਦਰਤ ਸਮਝਾ ਦੇਵੇਗੀ। ਭਵਿੱਖ ਦੇ ਲੋਕ ਸਾਹਿਤ ਦਾ ਇਹ ਨਵਾਂ ਰੰਗ ਹੋਵੇਗਾ, ‘‘ਮਾਹੀ ਮੇਰੇ ਦੀ ਇਹੋ ਨਿਸ਼ਾਨੀ, ਮੋਢੇ ਪਰਨਾ ਲੱਭੇ ਪਾਣੀ।’’ ਨੇਤਾ ਲੋਕ ਅਕਸਰ ਹਰਿਆਣਾ ਵੱਲ ਮੂੰਹ ਕਰ ਆਖਦੇ ਨੇ, ‘‘ਇੱਕ ਬੂੰਦ ਪਾਣੀ ਨਹੀਂ ਜਾਣ ਦਿਆਂਗੇ।’’ ਵੈਸੇ ਡੁੱਬ ਮਰਨ ਲਈ ਚੂਲੀ ਭਰ ਪਾਣੀ ਹੀ ਕਾਫ਼ੀ ਹੁੰਦਾ ਹੈ। ਦੱਰਾ ਖ਼ੈਬਰ ਤੋਂ ਮਾਊਂਟ ਐਵਰੈਸਟ ਤੱਕ ਜਿੰਨੇ ਵੀ ਨੇਤਾ ਨੇ, ਸਭ ਦੀ ਰਾਸ਼ੀ ਇੱਕੋ ਹੈ।

         ਜਿਸ ਦਿਨ ਬਰਿੰਦਰ ਗੋਇਲ ਹੋਰਾਂ ਨੇ ‘ਬਾਲਟੀ ਮੰਤਰ’ ਦੱਸਿਆ, ਉਸ ਦਿਨ ਅਸਾਂ ਨੂੰ ਛੱਜੂ ਰਾਮ ਆਖਣ ਲੱਗਿਆ ਕਿ ਮੰਤਰੀ ਨੂੰ ਪੁੱਛ ਕੇ ਦੱਸਣਾ ਕਿ ਉਨ੍ਹਾਂ ’ਚ ਬਾਲਟੀ ’ਚੋਂ ਚਮਚੇ ਭਰ ਭਰ ਕੇ ਡੋਲ੍ਹਣ ਦੀ ਹਿੰਮਤ ਕਿੱਥੋਂ ਆਉਂਦੀ ਹੈ? ਬਚਪਨ ’ਚ ਚਮਚਾਗਿਰੀ ਦੀਆਂ ਦੋ ਬੂੰਦਾਂ ਛਕੀਆਂ ਹੁੰਦੀਆਂ ਤਾਂ ਸੰਘਰਸ਼ੀ ਲੋਕ ਵੀ ਨਹਾਉਣਾ ਨਾ ਭੁੱਲਦੇ। ਤਾਹੀਓਂ ਪੁਲੀਸ ਨੂੰ ਹੁਣ ਬੁਛਾੜਾਂ ਮਾਰ ਕੇ ‘ਸਮੂਹਿਕ ਇਸ਼ਨਾਨ’ ਕਰਾਉਣਾ ਪੈਂਦੈ। ਫਿਰ ਇਕੱਲੇ ਬੈਰੀਕੇਡ ਨਹੀਂ ਭਿੱਜਦੇ, ਹੱਕ ਵੀ ਜਲ ਪ੍ਰਵਾਹ ਹੋ ਜਾਂਦੇ ਨੇ। ਕੱਪੜੇ ਨਿਚੋੜ ਕੇ ਮੁੜ ਸੰਘਰਸ਼ੀ ਸੱਜਣ ਨਿੱਤ ਨਵੇਂ ਇਸ਼ਨਾਨ ਲਈ ਨਿਕਲ ਪੈਂਦੇ ਨੇ। ਲਤਾ ਦੇ ਬੋਲ ਹਿੰਮਤ ਦਿੰਦੇ ਨੇ, ‘‘ਜ਼ਿੰਦਗੀ ਹਰ ਕਦਮ ਇਕ ਨਈ ਜੰਗ ਹੈ…।’’

       ਲੰਮੀਆਂ ਸੋਚਾਂ ਵਾਲੇ ਆਖਦੇ ਨੇ ਕਿ ਅਗਲੀ ਜੰਗ ਪਾਣੀ ਨੂੰ ਲੈ ਕੇ ਹੋਵੇਗੀ। ਕੈਂਸਰ ਕਾਹਦਾ ਆਇਆ, ਗਿਆਨੀ ਦੇ ਡਿਪੂ ’ਤੇ ਚਿੱਟੀਆਂ ਚੁੰਨੀਆਂ ਦੀ ਵਿਕਰੀ ਹੀ ਵਧ ਗਈ। ਰੱਬ ਖ਼ੈਰ ਕਰੇ! ਯਾਦ ਆਇਆ, ਰੱਬ ਕਿਉਂ ਮਿਹਰਬਾਨ ਹੋਊ। ਮੰਤਰੀ ਗੋਇਲ ਤਾਂ ਇੰਦਰ ਦੇਵਤਾ ਦਾ ਕਾਰੋਬਾਰ ਠੱਪ ਕਰਨ ਨੂੰ ਫਿਰਦੇ ਨੇ। ਭਲਿਆ ਲੋਕਾ, ਜੇ ਸਭ ਮੰਤਰੀ ਸੰਤਰੀ ਅੱਧੀ ਬਾਲਟੀ ਨਾਲ ਪਿੰਡਾ ਧੋਣ ਲੱਗ ਗਏ ਤਾਂ ਇੰਦਰ ਦੇਵਤਾ ਦੇ ਹਾੜੇ ਕੱਢਣ ਦੀ ਲੋੜ ਹੀ ਨਹੀਂ ਪੈਣੀ। ਹੈ ਨਾ ਰੱਬ ਦੇ ਕੰਮ ’ਚ ਸਿੱਧੀ ਦਖਲ-ਅੰਦਾਜ਼ੀ। ਪਾਣੀਓ-ਪਾਣੀ ਹੋਣ ਦੀ ਥਾਂ ਹੁਣ ਬੱਚਤੋ-ਬੱਚਤੀ ਹੋਣ ਦਾ ਸਮਾਂ ਹੈ।

       ਅਖੀਰ ’ਚ ਦੋ ਭੰਡਾਂ ਦਾ ਮਜਮਾ ਦੇਖਦੇ ਹਾਂ। ‘‘ਓ ਨਿਆਰੇ, ਅਸਾਂ ਦਾ ਜਦ ਵਿਆਹ ਹੋਇਆ ਤਾਂ ਵਟਣਾ ਮਲਣ ਸਾਡੀਆਂ ਚਾਚੀਆਂ ਆਈਆਂ, ਤਾਈਆਂ ਆਈਆਂ, ਆਂਢ ਗੁਆਂਢੋਂ ਵੀ ਆਈਆਂ।’’ ਨਿਆਰਾ ਪੁੱਛਣ ਲੱਗਾ, ‘‘ਹਲਾ ਵੀ ਫੇਰ?’’ ਪਿਆਰਾ ਬੋਲਿਆ, ‘‘ਦੱਬ ਦੱਬ ਵਟਣਾ ਮਲੀ ਗਈਆਂ… ਮਲੀ ਗਈਆਂ… ਮਲੀ ਗਈਆਂ।’’ ‘‘ਓ ਫੇਰ ਕੀ ਹੋਇਆ?’’ ‘‘ਹੋਣਾ ਕੀ ਸੀ, ਥੱਲਿਓ ਬਨੈਣ ਨਿਕਲ ਆਈ।’’

(13 ਅਪਰੈਲ 2025)


Saturday, April 12, 2025

                                                        ਪੰਜਾਬ ਕੈਬਨਿਟ 
                    ‘ਇੱਕ ਵਿਧਾਇਕ-ਇੱਕ ਬਲਾਕ’ ਨੀਤੀ ਨੂੰ ਹਰੀ ਝੰਡੀ 
                                                        ਚਰਨਜੀਤ ਭੁੱਲਰ  

ਚੰਡੀਗੜ੍ਹ :ਪੰਜਾਬ ਕੈਬਨਿਟ ਨੇ ਅੱਜ ‘ਇੱਕ ਵਿਧਾਇਕ-ਇੱਕ ਬਲਾਕ’ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਬਲਾਕਾਂ ਦੇ ਪੁਨਰਗਠਨ ਦੇ ਨਾਮ ਹੇਠ ਪੇਸ਼ ਏਜੰਡੇ ਅਨੁਸਾਰ ਇੱਕ ਵਿਧਾਨ ਸਭਾ ਹਲਕੇ ਅਧੀਨ ਹੀ ਮੁਕੰਮਲ ਬਲਾਕ ਆਵੇਗਾ ਜਦੋਂ ਕਿ ਪਹਿਲਾਂ ਇੱਕ ਬਲਾਕ ’ਚ ਇੱਕ ਤੋਂ ਜ਼ਿਆਦਾ ਅਸੈਂਬਲੀ ਹਲਕਿਆਂ ਦੇ ਪਿੰਡ ਆਉਂਦੇ ਸਨ। ਹਾਲਾਂਕਿ ਏਜੰਡੇ ’ਚ ‘ਇੱਕ ਵਿਧਾਇਕ-ਇੱਕ ਬਲਾਕ’ ਦਾ ਸਿੱਧੇ ਤੌਰ ’ਤੇ ਜ਼ਿਕਰ ਨਹੀਂ ਕੀਤਾ ਗਿਆ ਪ੍ਰੰਤੂ ਏਜੰਡੇ ਦੀ ਮੂਲ ਭਾਵਨਾ ਇਹੋ ਵਿਅਕਤ ਕਰਦੀ ਹੈ ਕਿ ਇੱਕ ਬਲਾਕ ’ਤੇ ਇੱਕ ਹੀ ਵਿਧਾਇਕ ਦੀ ਰਾਜਸੀ ਪਕੜ ਰਹੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਮੰਤਰੀ ਮੰਡਲ ਦੀ ਮੀਟਿੰਗ ’ਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪੇਸ਼ ਉਪਰੋਕਤ ਏਜੰਡੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਨਵੀਂ ਨੀਤੀ ਮਗਰੋਂ ਇੱਕ ਬਲਾਕ ’ਚ ਇੱਕ ਹੀ ਵਿਧਾਇਕ ਦਾ ਮੁਕੰਮਲ ਕੰਟਰੋਲ ਹੋਵੇਗਾ। 

         ਚੇਤੇ ਰਹੇ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਸਾਲ 2010 ਵਿੱਚ ਪੁਨਰਗਠਨ ਕਰਕੇ ਅਸੈਂਬਲੀ ਹਲਕਾ ਵਾਈਜ਼ ਡੀਐਸਪੀਜ਼ ਦੇ ਦਫ਼ਤਰ ਸਥਾਪਿਤ ਕਰ ਦਿੱਤੇ ਸਨ ਜਿਸ ਦਾ ਵਿਰੋਧੀ ਧਿਰਾਂ ਨੇ ਸਖ਼ਤ ਵਿਰੋਧ ਕੀਤਾ ਸੀ।ਅਮਰਿੰਦਰ ਸਰਕਾਰ ਨੇ ਮਗਰੋਂ ਇਹ ਫ਼ੈਸਲਾ ਪਲਟ ਦਿੱਤਾ ਸੀ ਅਤੇ ਤਰਕ ਦਿੱਤਾ ਸੀ ਕਿ ਦਫ਼ਤਰਾਂ ਦਾ ਸਿੱਧੇ ਤੌਰ ’ਤੇ ਸਿਆਸੀਕਰਨ ਕੀਤਾ ਗਿਆ ਹੈ। ਹੁਣ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਏਜੰਡੇ ਅਨੁਸਾਰ ਵਿਧਾਨ ਸਭਾ ਹਲਕੇ ਤੇ ਬਲਾਕ ਇਕਸਾਰ ਹੋਣਗੇ। ਸਿਆਸੀ ਮਾਹਿਰ ਆਖਦੇ ਹਨ ਕਿ ਆਗਾਮੀ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਮੱਦੇਨਜ਼ਰ ਇਹ ਏਜੰਡਾ ਆਇਆ ਹੈ। ਨਵੀਂ ਨੀਤੀ ਨਾਲ ਵਿਧਾਨਿਕ ਤਾਲਮੇਲ ਬਿਹਤਰ ਹੋਣ ਦੀ ਗੱਲ ਕਹੀ ਗਈ ਹੈ। ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 99 ਅਨੁਸਾਰ ਵਿਧਾਇਕ, ਪੰਚਾਇਤ ਸਮਿਤੀ ਦਾ ਮੈਂਬਰ ਹੁੰਦਾ ਹੈ ਜਿਸ ਕਰਕੇ ਵਿਧਾਨ ਸਭਾ ਹਲਕਿਆਂ ਅਨੁਸਾਰ ਬਲਾਕਾਂ ਨੂੰ ਸੰਯੋਜਿਤ ਕਰਨਾ ਲਾਭਕਾਰੀ ਦੱਸਿਆ ਗਿਆ ਹੈ। 

        ਪੰਜਾਬ ਵਿੱਚ ਇਸ ਵੇਲੇ 154 ਬਲਾਕ ਹਨ ਜਦੋਂ ਕਿ ਸਾਲ 1994 ’ਚ ਬਲਾਕਾਂ ਦੀ ਗਿਣਤੀ 118 ਹੁੰਦੀ ਸੀ। ਪੰਜਾਬ ’ਚ ਇਸ ਵੇਲੇ 13,236 ਪੰਚਾਇਤਾਂ ਹਨ ਅਤੇ ਇੱਕ ਬਲਾਕ ਦੀ ਔਸਤ 86 ਪੰਚਾਇਤਾਂ ਦੀ ਬਣਦੀ ਹੈ। ਨਵੀਂ ਨੀਤੀ ਮੁਤਾਬਿਕ ਹੁਣ ਹਰੇਕ ਬਲਾਕ ਇੱਕ ਜ਼ਿਲ੍ਹੇ ਦੇ ਅੰਦਰ ਆਵੇਗਾ। ਮਿਸਾਲ ਦੇ ਤੌਰ ’ਤੇ ਰਾਜਪੁਰਾ ਬਲਾਕ ਦੀਆਂ 22 ਪੰਚਾਇਤਾਂ ਇਸ ਵੇਲੇ ਮੁਹਾਲੀ ਜ਼ਿਲ੍ਹੇ ਵਿੱਚ ਵੀ ਪੈਂਦੀਆਂ ਹਨ। ਨਵੀਂ ਨੀਤੀ ਅਨੁਸਾਰ ਹਰੇਕ ਬਲਾਕ ’ਚ ਕਰੀਬ 100 ਗਰਾਮ ਪੰਚਾਇਤਾਂ ਹੋਣਗੀਆਂ ਜਿਨ੍ਹਾਂ ਵਿੱਚ 20 ਫ਼ੀਸਦੀ ਤੱਕ ਤਬਦੀਲੀ ਵੀ ਹੋ ਸਕੇਗੀ। ਇਸ ਦੇ ਨਾਲ ਹੀ ਪੰਚਾਇਤ ਸਮਿਤੀਆਂ ਦੇ ਜ਼ੋਨਾਂ ਦੀ ਹੱਦਬੰਦੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਪ੍ਰਸ਼ਾਸਕੀ ਬੋਝ ਘਟਾਉਣ ਹਿਤ ਪੰਜਾਬ ਸਰਕਾਰ ਬਲਾਕਾਂ ਦੀ ਗਿਣਤੀ ਘਟਾ ਵੀ ਸਕਦੀ ਹੈ।ਨਵੀਂ ਨੀਤੀ ’ਚ ਤਰਕ ਦਿੱਤਾ ਗਿਆ ਹੈ ਕਿ ਮੌਜੂਦਾ ਬਲਾਕਾਂ ਦਾ ਅਸੰਤੁਲਿਤ ਅਕਾਰ ਹੈ ਜਿਵੇਂ ਬਠਿੰਡਾ ਜ਼ਿਲ੍ਹੇ ਦੇ ਬਲਾਕ ਫੂਲ ’ਚ 25 ਪੰਚਾਇਤਾਂ ਹਨ ਜਦੋਂਕਿ ਹÇੁਸਆਰਪੁਰ-1 ਬਲਾਕ ’ਚ 189 ਪੰਚਾਇਤਾਂ ਹਨ। 

        ਕੈਬਨਿਟ ਨੇ ਭੂਗੋਲਿਕ ਅਤੇ ਪ੍ਰਸ਼ਾਸਕੀ ਪਹੁੰਚ ਵਧਾਉਣ, ਕਾਰਜ ਕੁਸ਼ਲਤਾ ਵਧਾਉਣ, ਖ਼ਰਚੇ ਘਟਾਉਣ ਅਤੇ ਵਿਧਾਨਿਕ ਤਾਲਮੇਲ ਬਣਾਈ ਰੱਖਣ ਲਈ ਸੂਬੇ ਵਿੱਚ ਮੌਜੂਦਾ ਬਲਾਕਾਂ ਦੇ ਪੁਨਰਗਠਨ ਅਤੇ ਇਸ ਨੂੰ ਤਰਕਸੰਗਤ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਹੈ।ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਲਈ ਸਮੁੱਚੇ ਬਲਾਕਾਂ ਦਾ ਥੋੜ੍ਹੇ ਸਮੇਂ ਵਿੱਚ ਪੁਨਰਗਠਨ ਇੱਕ ਵੱਡੀ ਚੁਣੌਤੀ ਹੋਵੇਗਾ ਕਿਉਂਕਿ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵੀ ਮਈ ਮਹੀਨੇ ਤੱਕ ਕਰਾਈਆਂ ਜਾਣੀਆਂ ਹਨ। ਇਸੇ ਤਰ੍ਹਾਂ ਹੀ ਮੰਤਰੀ ਮੰਡਲ ਨੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਅਧੀਨ ਮੈਡੀਕਲ ਕਾਲਜਾਂ ਵਿੱਚ ਸੇਵਾ-ਮੁਕਤੀ ਦੀ ਉਮਰ ਮੌਜੂਦਾ 62 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਹੈ। ਮੰਤਰੀ ਮੰਡਲ ਨੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਨਾਲ ਨਿਪਟਣ ਲਈ ਸੇਵਾ-ਮੁਕਤ ਡਾਕਟਰਾਂ ਦੀਆਂ ਸੇਵਾਵਾਂ ਹਾਸਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

        ਜਨਤਕ ਹਿਤ ਵਿੱਚ ਲੋੜ ਪੈਣ ’ਤੇ ਹਰੇਕ ਸਾਲ ਇਨ੍ਹਾਂ ਡਾਕਟਰਾਂ ਦੀਆਂ ਸੇਵਾਵਾਂ ਹਾਸਲ ਕੀਤੀਆਂ ਜਾਣਗੀਆਂ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮਾਹਿਰ ਡਾਕਟਰਾਂ ਦੀ ਸੇਵਾ ਮੁਕਤ 58 ਸਾਲ ’ਤੇ ਹੁੰਦੀ ਹੈ ਅਤੇ ਹੁਣ ਸੇਵਾ ਮੁਕਤੀ ਮਗਰੋਂ ਇਨ੍ਹਾਂ ਡਾਕਟਰਾਂ ਨੂੰ ਠੇਕਾ ਅਧਾਰਿਤ ਪ੍ਰਣਾਲੀ ਤਹਿਤ ਹਾਇਰ ਕੀਤਾ ਜਾ ਸਕੇਗਾ। ਪੰਜਾਬ ਕੈਬਨਿਟ ਨੇ ਅੱਜ ਐਸਸੀ/ਐਸਟੀ ਦੇ ਰਾਖਵੇਂਕਰਨ ਤਹਿਤ ਲਾਅ ਅਫ਼ਸਰਾਂ ਨੂੰ ਠੇਕੇ ਉੱਤੇ ਭਰਤੀ ਵਿੱਚ ਢੁਕਵੀਂ ਨੁਮਾਇੰਦਗੀ ਮੁਹੱਈਆ ਕਰਨ ਲਈ ਆਰਡੀਨੈਂਸ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਕੈਬਨਿਟ ਨੇ ਪੰਜਾਬ ਲਾਅ ਆਫ਼ੀਸਰਜ਼ (ਇੰਗੇਜਮੈਂਟ) ਐਕਟ, 2017 ਵਿੱਚ ਸੋਧ ਲਈ ਆਰਡੀਨੈਂਸ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ। ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਿਤ ਲਾਅ ਅਫ਼ਸਰਾਂ ਦੀ ਠੇਕੇ ਉੱਤੇ ਨਿਯੁਕਤੀ ਲਈ ਆਮਦਨ ਦੇ ਮਾਪਦੰਡਾਂ ਵਿੱਚ ਢਿੱਲ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

                              ਅਲਾਟੀਆਂ ਲਈ ਯਕਮੁਸ਼ਤ ਸਕੀਮ ਨੂੰ ਪ੍ਰਵਾਨਗੀ

ਮੰਤਰੀ ਮੰਡਲ ਨੇ ਸੂਬੇ ਦੇ ਇੰਪਰੂਵਮੈਂਟ ਟਰੱਸਟਾਂ ਦੇ ਅਲਾਟੀਆਂ ਲਈ ਗੈਰ-ਨਿਰਮਾਣ ਫ਼ੀਸ ਅਤੇ ਬਕਾਇਆ ਅਲਾਟਮੈਂਟ ਰਕਮ ਸਬੰਧੀ ਯਕਮੁਸ਼ਤ ਰਾਹਤ (ਓ.ਟੀ.ਆਰ.) ਦੇਣ ਦੀ ਨੀਤੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫ਼ੈਸਲਾ ਅਲਾਟੀਆਂ ਨੂੰ ਵੱਡੀ ਰਾਹਤ ਦੇਵੇਗਾ ਕਿਉਂਕਿ ਉਨ੍ਹਾਂ ਦਾ ਵਿਆਜ ਮੁਆਫ਼ ਹੋਵੇਗਾ।

                                                         ਸਿੱਖਿਆ ਕ੍ਰਾਂਤੀ
                      ਅਸੀਂ ਪਲਕਾਂ ਵਿਛਾਈਆਂ, ਤੁਸੀਂ ਖ਼ਫ਼ਾ ਹੋ ਗਏ..!
                                                        ਚਰਨਜੀਤ ਭੁੱਲਰ 

ਚੰਡੀਗੜ੍ਹ : ਸਮਾਣਾ ਦਾ ‘ਸਕੂਲ ਆਫ਼ ਐਮੀਨੈਂਸ’ ਹੱਕਦਾਰ ਤਾਂ ਸਨਮਾਨ ਦਾ ਸੀ ਪਰ ਇਸ ਸਕੂਲ ਦੀ ਝੋਲੀ ਅਪਮਾਨ ਪਿਆ। ਇਹ ਸਕੂਲ ਸ਼ਹੀਦ ਫਲਾਈਟ ਲੈਫ਼ਟੀਨੈਂਟ ਮੋਹਿਤ ਕੁਮਾਰ ਗਰਗ ਦੇ ਨਾਮ ’ਤੇ ਹੈ। ਤਿੰਨ ਦਿਨ ਪਹਿਲਾਂ ਜਦੋਂ ‘ਆਪ’ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਸਕੂਲ ਦੀ ਚਾਰਦੀਵਾਰੀ ਦਾ ਉਦਘਾਟਨ ਕਰਨ ਪੁੱਜੇ ਤਾਂ ਅਧਿਆਪਕਾਂ ਨੇ ਪਲਕਾਂ ਵਿਛਾ ਵਿਧਾਇਕ ਨੂੰ ਸਨਮਾਨ ਦਿੱਤਾ। ਜਦੋਂ ਸਟੇਜ ਤੋਂ ਜੌੜਾਮਾਜਰਾ ਨੇ ਅਧਿਆਪਕਾਂ ਨੂੰ ਤਲਖ਼ ਰੋਹ ’ਚ ਝਿੜਕਾਂ ਦਿੱਤੀਆਂ ਤਾਂ ਸਮੁੱਚੇ ਅਧਿਆਪਕ ਵਰਗ ਨੂੰ ਹੇਠੀ ਮਹਿਸੂਸ ਹੋਈ। ਵਿਧਾਇਕ ਜੌੜਾਮਾਜਰਾ ਨੇ ਸਮੁੱਚੇ ਅਧਿਆਪਕ ਜਗਤ ਤੋਂ ਅੱਜ ਮੁਆਫ਼ੀ ਮੰਗੀ ਹੈ ਪਰ ਇਹ ਸਕੂਲ ਸ਼ਰਮਸਾਰ ਹੈ। ਹਰ ਅਧਿਆਪਕ ਖ਼ੌਫ਼ ਵਿੱਚ ਹੈ ਤੇ ਕੋਈ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ। ਤਸਵੀਰ ਦਾ ਪਹਿਲਾ ਪਾਸਾ ਦੇਖਦੇ ਹਾਂ। 

       ਜਦੋਂ ਪੰਚਾਇਤੀ ਰਾਜ ਵੱਲੋਂ 44 ਲੱਖ ਦੀ ਲਾਗਤ ਨਾਲ ਬਣਾਈ ਸਕੂਲ ਦੀ ਚਾਰਦੀਵਾਰੀ ਦਾ ਉਦਘਾਟਨ ਕਰਨ ਵਿਧਾਇਕ ਪੁੱਜੇ ਤਾਂ ਸਕੂਲ ਪ੍ਰਬੰਧਕਾਂ ਨੇ ਢੋਲ ਦਾ ਪ੍ਰਬੰਧ ਕੀਤਾ ਹੋਇਆ ਸੀ। ਸਕੂਲ ਦੇ ਮੁੱਖ ਗੇਟ ’ਤੇ ਜਦ ਵਿਧਾਇਕ ਨੇ ਰਿਬਨ ਕੱਟਿਆ ਤਾਂ ਤਾੜੀਆਂ ਦੀ ਗੂੰਜ ਪਈ, ਸਕੂਲੀ ਬੱਚੀਆਂ ਨੇ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਅਤੇ ਮੂੰਹ ਮਿੱਠਾ ਕਰਾਇਆ। ਸਟੇਜ ’ਤੇ ਸੋਫ਼ੇ ਵੀ ਨਵੇਂ ਸਜਾਏ ਗਏ। ਸਟੇਜ ਤੋਂ ਸਕੂਲ ਦੀ ਪ੍ਰਿੰਸੀਪਲ ਨੇ ਸਕੂਲ ਦੀਆਂ ਪ੍ਰਾਪਤੀਆਂ ਦਾ ਵਿਖਿਆਨ ਕੀਤਾ। ਵਿਧਾਇਕ ਸਕੂਲ ’ਚ ‘ਬਿਜ਼ਨਸ ਬਲਾਸਟਰ’ ਵਾਲੇ ਸਟਾਲਾਂ ’ਤੇ ਗਏ ਅਤੇ ਵਿਅੰਜਨਾਂ ਨੂੰ ਵੀ ਚੱਖਿਆ। ਸੂਤਰ ਦੱਸਦੇ ਹਨ ਕਿ 11.30 ਵਜੇ ਦੀ ਥਾਂ ਵਿਧਾਇਕ ਘੰਟਾ ਲੇਟ ਪੁੱਜੇ ਤਾਂ ਬੱਚਿਆਂ ਦੇ ਮਾਪੇ ਪੰਡਾਲ ਵਿੱਚੋਂ ਚਲੇ ਗਏ। ਵਿਧਾਇਕ ਪੰਡਾਲ ’ਚ ਇਕੱਲੇ ਬੱਚੇ ਦੇਖ ਕੇ ਖ਼ਫ਼ਾ ਹੋ ਗਏ। 

       ਬਾਕੀ ਜੋ ਸਟੇਜ ਤੋਂ ਤਲਖ਼ੀ ਵਿੱਚ ਜੌੜਾਮਾਜਰਾ ਨੇ ਕਿਹਾ, ਉਸ ਦੀ ਵੀਡੀਓ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਘੁੰਮ ਰਹੀ ਹੈ। ਜੌੜਾਮਾਜਰਾ ਨੇ ਇਸ ਸਕੂਲ ਦੇ ਅਧਿਆਪਕਾਂ ਨੂੰ ਇੰਜ ਪੇਸ਼ ਕੀਤਾ ਜਿਵੇਂ ਉਹ ਕਿਸੇ ਕੰਮ ਦੇ ਨਾ ਹੋਣ। ਹੁਣ ਤਸਵੀਰ ਦਾ ਦੂਜਾ ਪਾਸਾ ਦੇਖਦੇ ਹਾਂ। ਇਸ ਸਕੂਲ ਨੂੰ ‘ਸਕੂਲ ਆਫ਼ ਐਮੀਨੈਂਸ’ ਤਾਂ ਐਲਾਨਿਆ ਹੋਇਆ ਪ੍ਰੰਤੂ ਉਸਾਰੀ ਆਦਿ ਦਾ ਕੰਮ ਤੀਜੇ ਪੜਾਅ ’ਚ ਸ਼ੁਰੂ ਹੋਣਾ ਹੈ। ਸਕੂਲ ਦੇ ਚਾਰਦੀਵਾਰੀ ਡਿੱਗੀ ਹੋਈ ਸੀ ਅਤੇ ਇੱਕ ਪ੍ਰਾਈਵੇਟ ਵਿਅਕਤੀ ਨੇ ਕਰੀਬ 800 ਗਜ਼ ਜਗ੍ਹਾ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਸਕੂਲ ਦੀ ਪ੍ਰਿੰਸੀਪਲ ਤੇ ਅਧਿਆਪਕਾਂ ਨੇ ਆਪਣੇ ਪੱਧਰ ’ਤੇ ਪਹੁੰਚ ਕਰਕੇ ਕਬਜ਼ਾ ਹਟਾਇਆ ਅਤੇ ਚਾਰਦੀਵਾਰੀ ਮੁਕੰਮਲ ਕਰਾਈ। ਥੋੜ੍ਹੇ ਦਿਨ ਪਹਿਲਾਂ ਇਸ ਸਕੂਲ ਦਾ ਅੱਠਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਆਇਆ।

        ਸਕੂਲ ਦਾ ਬੱਚਾ ਅਰਸ਼ਦੀਪ ਬਿਨਾਂ ਟਿਊਸ਼ਨ ਤੋਂ ਜੇਈ ਮੇਨ ਵਿੱਚੋਂ 93.8 ਫ਼ੀਸਦੀ ਅੰਕ ਲੈ ਗਿਆ। ਸਮਾਣਾ ਦੇ ਇਸ ਸਕੂਲ ’ਚ ਬੱਚਿਆਂ ਦੀ ਗਿਣਤੀ 700 ਨੂੰ ਪਾਰ ਕਰ ਗਈ ਹੈ ਅਤੇ ਦਾਖ਼ਲੇ 10 ਫ਼ੀਸਦੀ ਵਧੇ ਹਨ। ਸਕੂਲ ਵਿੱਚ 11 ਲੈਕਚਰਾਰ ਹਨ ਅਤੇ ਬਾਇਓਲੋਜੀ ਦੀ ਅਸਾਮੀ ਖ਼ਾਲੀ ਹੈ। ਤਿੰਨ ਮਾਸਟਰ ਕਾਡਰ ਦੀਆਂ ਅਸਾਮੀਆਂ ਖ਼ਾਲੀ ਹਨ। ਮੈਡੀਕਲ ਗਰੁੱਪ ਵਿੱਚ ਬੱਚਿਆਂ ਦੀ ਗਿਣਤੀ ਵਧ ਰਹੀ ਹੈ। ਸਕੂਲ ਦੇ 8-9 ਕਮਰਿਆਂ ਦਾ ਇਹ ਹਾਲ ਹੈ ਕਿ ਉਹ ਬਾਰਸ਼ ਆਉਣ ’ਤੇ ਚੋਣ ਲੱਗ ਜਾਂਦੇ ਹਨ। ਸਕੂਲ ਵਿੱਚ ਅਨੇਕਾਂ ਦਿੱਕਤਾਂ ਹਨ ਪ੍ਰੰਤੂ ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਸਕੂਲ ਦੇ ਅਧਿਆਪਕ ਚੰਗੇ ਨਤੀਜੇ ਦੇ ਰਹੇ ਹਨ। ਅਧਿਆਪਕ ਉਮੀਦ ਕਰਦੇ ਸਨ ਕਿ ਜਦੋਂ ਉਹ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਉਣਗੇ ਤਾਂ ਵਿਧਾਇਕ ਉਨ੍ਹਾਂ ਦੀ ਝੋਲੀ ਸਨਮਾਨ ਨਾਲ ਭਰ ਦੇਣਗੇ ਪ੍ਰੰਤੂ ਵਿਧਾਇਕ ਦੀ ਬੋਲ ਬਾਣੀ ਕਰਕੇ ਸਮਾਗਮ ਸਮਾਪਤੀ ਮਗਰੋਂ ਅਧਿਆਪਕਾਂ ਦਾ ਹੌਸਲਾ ਟੁੱਟ ਗਿਆ।

Tuesday, April 8, 2025

                                                        ਪਸ਼ੂ-ਧਨ ਗਣਨਾ 
                                       ਪੰਜਾਬ ’ਚ ਮੱਝਾਂ ਦੀ ਗਿਣਤੀ ਘਟੀ
                                                        ਚਰਨਜੀਤ ਭੁੱਲਰ

ਚੰਡੀਗੜ੍ਹ : ਪੰਜਾਬ ’ਚ ਪਸ਼ੂਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ। ਕਰੀਬ ਤਿੰਨ ਦਹਾਕਿਆਂ ’ਚ ਮੱਝਾਂ ਦੀ ਗਿਣਤੀ ’ਚ ਕਰੀਬ 25 ਲੱਖ ਦੀ ਕਮੀ ਆ ਗਈ ਹੈ। ਪਸ਼ੂ ਪਾਲਣ ਵਿਭਾਗ ਦੀ 21ਵੀਂ ਪਸ਼ੂ-ਧਨ ਗਣਨਾ ਦੇ ਮੁੱਢਲੇ ਤੱਥ ਸਮੁੱਚੇ ਪਸ਼ੂ-ਧਨ ’ਚ 5.78 ਲੱਖ ਦੀ ਗਿਰਾਵਟ ਦਰਜ ਕੀਤੇ ਜਾਣ ਦੀ ਗਵਾਹੀ ਭਰਦੇ ਹਨ। ਪੇਂਡੂ ਅਰਥਚਾਰੇ ’ਚ ਰੋਜ਼ੀ-ਰੋਟੀ ਦੇ ਵਸੀਲੇ ਵਜੋਂ ਪਸ਼ੂ ਪਾਲਣ ਦਾ ਧੰਦਾ ਅਹਿਮ ਭੂਮਿਕਾ ਨਿਭਾਉਂਦਾ ਹੈ। ਮੁੱਢਲੀ ਰਿਪੋਰਟ ਅਨੁਸਾਰ ਪੰਜਾਬ ’ਚ ਕੁੱਲ ਪਸ਼ੂ ਧਨ 68.03 ਲੱਖ ਰਹਿ ਗਿਆ ਹੈ ਜੋ ਸਾਲ 2019 ਵਿੱਚ 73.81 ਲੱਖ ਸੀ। ਪੰਜਾਬ ਵਿਚ ਇਸ ਵੇਲੇ 34.93 ਲੱਖ ਮੱਝਾਂ ਰਹਿ ਗਈਆਂ ਹਨ ਜਦੋਂ ਕਿ ਸਾਲ 2019 ਵਿੱਚ 40.15 ਲੱਖ ਮੱਝਾਂ ਸਨ। ਮੱਝਾਂ ਦੀ ਹਰ ਸਾਲ ਔਸਤਨ ਇੱਕ ਲੱਖ ਗਿਣਤੀ ਘਟ ਰਹੀ ਹੈ। ਹਾਲਾਂਕਿ ਪੰਜਾਬ ਦੀ ਪਛਾਣ ਦੁੱਧ ਤੇ ਦੇਸੀ ਘਿਓ ਨਾਲ ਹੈ। ਮੁੱਢਲੇ ਅੰਕੜੇ ਅਨੁਸਾਰ ਸਾਲ 1992 ਵਿੱਚ ਪੰਜਾਬ ’ਚ 60.08 ਲੱਖ ਮੱਝਾਂ ਸਨ। ਸਾਲ 1997 ਵਿੱਚ ਉਨ੍ਹਾਂ ਦੀ ਗਿਣਤੀ ਥੋੜ੍ਹੀ ਵਧ ਕੇ 61.71 ਹੋ ਗਈ ਸੀ।

         ਉਸ ਮਗਰੋਂ ਸਾਲ 2003 ਵਿੱਚ ਸੂਬੇ ਵਿੱਚ 59.94 ਲੱਖ ਮੱਝਾਂ ਅਤੇ ਸਾਲ 2007 ਵਿੱਚ 50.01 ਲੱਖ ਮੱਝਾਂ ਰਹਿ ਗਈਆਂ ਸਨ। ਦੂਸਰੀ ਤਰਫ਼ ਬੱਕਰੀਆਂ ਪਾਲਣ ਦਾ ਰੁਝਾਨ ਵਧਿਆ ਹੈ। ਮੌਜੂਦਾ ਸਮੇਂ ਸੂਬੇ ਵਿੱਚ 4.47 ਲੱਖ ਬੱਕਰੀਆਂ ਦਾ ਅੰਕੜਾ ਸਾਹਮਣੇ ਆਇਆ ਹੈ। ਸਾਲ 2019 ਵਿੱਚ 3.47 ਲੱਖ ਬੱਕਰੀਆਂ ਸਨ। ਇਸੇ ਤਰ੍ਹਾਂ ਸੂਬੇ ਵਿੱਚ ਭੇਡਾਂ ਦੀ ਗਿਣਤੀ ਹੁਣ 1.06 ਲੱਖ ਹੋ ਗਈ ਹੈ ਜੋ ਛੇ ਸਾਲ ਪਹਿਲਾਂ 85,560 ਸੀ। ਬਠਿੰਡਾ ਜ਼ਿਲ੍ਹੇ ਦੇ ਪਸ਼ੂ ਵਪਾਰੀ ਪਰਮਜੀਤ ਸਿੰਘ ਮੌੜ ਮੰਡੀ ਨੇ ਕਿਹਾ ਕਿ ਮੱਝਾਂ ਪਾਲਣ ਦੇ ਲਾਗਤ ਖ਼ਰਚੇ ਕਾਫ਼ੀ ਵਧ ਗਏ ਹਨ ਅਤੇ ਹੁਣ ਆਮ ਪਸ਼ੂ ਪਾਲਕਾਂ ’ਚ ਮੱਝਾਂ ਨੂੰ ਪਾਲ ਕੇ ਵੇਚਣ ਦਾ ਰੁਝਾਨ ਘਟਿਆ ਹੈ। ਉਨ੍ਹਾਂ ਕਿਹਾ ਕਿ ਮੱਝਾਂ ਦੇ ਦੁੱਧ ਦਾ ਵਪਾਰਕ ਕੰਮ ਜ਼ਿਆਦਾ ਹੈ। ਦੱਸਣਯੋਗ ਹੈ ਕਿ ਕੇਂਦਰੀ ਪਸ਼ੂ ਪਾਲਣ ਮੰਤਰਾਲੇ ਵੱਲੋਂ ਹਰ ਪੰਜ ਸਾਲ ਬਾਅਦ ਪਸ਼ੂਆਂ ਦੀ ਗਿਣਤੀ ਕਰਵਾਈ ਜਾਂਦੀ ਹੈ। ਪੰਜਾਬ ਵਿੱਚ ਪਸ਼ੂਆਂ ਦੀ ਗਿਣਤੀ ਦਾ ਕੰਮ ਨਵੰਬਰ 2024 ਤੋਂ ਸ਼ੁਰੂ ਹੋਇਆ ਸੀ ਜੋ ਹੁਣ ਅੰਤਿਮ ਪੜਾਅ ’ਤੇ ਹੈ। ਕੇਂਦਰ ਸਰਕਾਰ ਨੇ 15 ਅਪਰੈਲ ਤੱਕ ਇਹ ਗਿਣਤੀ ਮੁਕੰਮਲ ਕਰਨ ਵਾਸਤੇ ਕਿਹਾ ਹੈ। 

         ਵੇਰਵਿਆਂ ਅਨੁਸਾਰ ਪੰਜਾਬ ਵਿੱਚ ਕੁੱਤਿਆਂ ਦੀ ਗਿਣਤੀ ਵਧ ਕੇ ਹੁਣ ਕਰੀਬ 3.85 ਲੱਖ ਹੋ ਗਈ ਹੈ ਜਦੋਂ ਕਿ ਸਾਲ 2019 ਵਿੱਚ 3.28 ਲੱਖ ਕੁੱਤੇ ਸਨ। ਘੋੜਿਆਂ ਦਾ ਅੰਕੜਾ ਵੀ ਵਧਿਆ ਹੈ। ਮੁੱਢਲੇ ਤੱਥਾਂ ਮੁਤਾਬਕ ਇਸ ਵੇਲੇ ਸੂਬੇ ’ਚ ਕਰੀਬ 19,963 ਘੋੜੇ ਹਨ। ਛੇ ਸਾਲਾਂ ਵਿੱਚ 5720 ਘੋੜੇ ਵਧੇ ਹਨ। ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸਾਬਕਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ ਨੇ ਕਿਹਾ ਕਿ ਅਸਲ ਵਿੱਚ ਸੂਬੇ ’ਚ ਬਰੀਡਿੰਗ ਨੀਤੀ ਜ਼ਮੀਨ ’ਤੇ ਕਿਧਰੇ ਨਜ਼ਰ ਨਹੀਂ ਆ ਰਹੀ ਹੈ ਅਤੇ ਪ੍ਰਾਈਵੇਟ ਸਿਖਾਂਦਰੂਆਂ ਦੀ ਬਦੌਲਤ ਪਸ਼ੂ ਧਨ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਅਰੀ ਦਾ ਧੰਦਾ ਹੁਣ ਘਾਟੇ ਵਿੱਚ ਜਾ ਰਿਹਾ ਹੈ। ਦੇਖਿਆ ਜਾਵੇ ਤਾਂ ਪਿਛਲੇ ਸਮੇਂ ਦੌਰਾਨ ਤੂੜੀ ਦਾ ਭਾਅ ਇੱਕ ਹਜ਼ਾਰ ਰੁਪਏ ਕੁਇੰਟਲ ਨੂੰ ਛੂਹ ਗਿਆ ਸੀ। ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਕਿਹਾ ਕਿ ਸੂਬੇ ’ਚ ਦੁੱਧ ਦੀ ਪੈਦਾਵਾਰ ’ਚ ਕੋਈ ਕਮੀ ਨਹੀਂ ਆਈ ਹੈ ਕਿਉਂਕਿ ਪਸ਼ੂ ਪਾਲਕ ਹੁਣ ਵੱਧ ਦੁੱਧ ਦੇਣ ਵਾਲੀ ਨਸਲ ਦੇ ਪਸ਼ੂ ਪਾਲਣ ਲੱਗੇ ਹਨ।

                                               ਊਠ ਹੋਇਆ ਗ਼ਾਇਬ

ਮਾਰੂਥਲ ਦੀ ਸਵਾਰੀ ਪੰਜਾਬ ’ਚੋਂ ਗ਼ਾਇਬ ਹੋ ਗਈ ਹੈ ਅਤੇ ਹੁਣ ਮੇਲਿਆਂ ’ਤੇ ਹੀ ਊਠ ਨਜ਼ਰ ਆਉਂਦੇ ਹਨ। ਸੂਬੇ ਵਿੱਚ ਇਸ ਵੇਲੇ ਸਿਰਫ਼ 80 ਊਠ ਬਾਕੀ ਬਚੇ ਹਨ ਜਦੋਂ ਕਿ ਸਾਲ 1997 ਵਿੱਚ ਪੰਜਾਬ ਵਿੱਚ ਊਠਾਂ ਦੀ ਗਿਣਤੀ 29,708 ਸੀ। ਸਾਲ 2003 ਵਿੱਚ ਹੀ 3467 ਊਠ ਸਨ। ਅਸਲ ਵਿੱਚ ਪੰਜਾਬ ਵਿੱਚ ਜਦੋਂ ਤੋਂ ਸੜਕੀ ਜਾਲ ਵਿਛਿਆ ਹੈ, ਊਠ ਲਈ ਪੰਜਾਬ ਹੁਣ ਅਨੁਕੂਲ ਨਹੀਂ ਰਿਹਾ ਹੈ।

                                                ਨਹੀਂ ਦਿਸ ਰਹੇ ਗਧੇ 

ਪੰਜਾਬ ਵਿੱਚ ਤੇਜ਼ੀ ਨਾਲ ਗਧਿਆਂ ਦੀ ਗਿਣਤੀ ਘਟੀ ਹੈ। ਇਸ ਵੇਲੇ ਸੂਬੇ ਵਿੱਚ ਸਿਰਫ਼ 127 ਗਧੇ ਰਹਿ ਗਏ ਹਨ ਜਦੋਂ ਕਿ 1997 ਵਿੱਚ ਉਨ੍ਹਾਂ ਦੀ ਗਿਣਤੀ 22486 ਸੀ। ਸਾਲ 2003 ਵਿੱਚ ਪੰਜਾਬ ਵਿੱਚ 5352 ਗਧੇ ਰਹਿ ਗਏ ਸਨ। ਅਸਲ ਵਿੱਚ ਪਹਿਲਾਂ ਖੱਚਰਾਂ ਆਦਿ ਦੀ ਵਰਤੋਂ ਭੱਠਿਆਂ ’ਤੇ ਹੁੰਦੀ ਸੀ ਜੋ ਕੰਮ ਹੁਣ ਟਰੈਕਟਰਾਂ ਨੇ ਸੰਭਾਲ ਲਿਆ ਹੈ। ਰੇਹੜੀਆਂ ਅੱਗੇ ਹੁਣ ਲੋਕਾਂ ਨੇ ਮੋਟਰ ਸਾਈਕਲ ਜੋੜ ਲਏ ਹਨ ਅਤੇ ਸਿਰਫ਼ ਟਾਵੇਂ ਰੇਹੜੀਆਂ ਵਾਲਿਆਂ ਕੋਲ ਖੱਚਰ ਹਨ।

                                                             ਜਲ-ਸੰਕਟ
                              ਗੁਆਂਢੀ ਸੂਬਿਆਂ ਦੀ ਟੇਕ ਪੰਜਾਬ ’ਤੇ
                                                          ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਦੇ ਗੁਆਂਢੀ ਸੂਬਿਆਂ ਦੀ ਟੇਕ ਹੁਣ ਪੰਜਾਬ ’ਤੇ ਜਾਪਦੀ ਹੈ ਕਿਉਂਕਿ ਹਰਿਆਣਾ ਤੇ ਰਾਜਸਥਾਨ ਦਰਿਆਈ ਪਾਣੀਆਂ ’ਚੋਂ ਆਪਣੇ ਹਿੱਸੇ ਤੋਂ ਵੱਧ ਪਾਣੀ ਪਹਿਲਾਂ ਹੀ ਲੈ ਚੁੱਕੇ ਹਨ। ਪੰਜਾਬ ਨੇ ਮਨੁੱਖਤਾ ਦੇ ਆਧਾਰ ’ਤੇ ਪੀਣ ਵਾਲੇ ਪਾਣੀ ਦੀਆਂ ਲੋੜਾਂ ਦੀ ਪੂਰਤੀ ਲਈ ਰਾਜਸਥਾਨ ਨੂੰ ਥੋੜ੍ਹਾ ਪਾਣੀ ਛੱਡਿਆ ਵੀ ਸੀ। ਪੰਜਾਬ ਸਰਕਾਰ ਨੇ ਜਦ ਹੁਣ ਪਾਣੀ ਦੇਣ ਤੋਂ ਹੱਥ ਪਿਛਾਂਹ ਖਿੱਚ ਲਿਆ ਹੈ ਤਾਂ ਰਾਜਸਥਾਨ ਵਿੱਚ ਬਿਪਤਾ ਖੜ੍ਹੀ ਹੋ ਗਈ ਹੈ। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਭਲਕੇ 8 ਅਪਰੈਲ ਨੂੰ ਪੰਜਾਬ ’ਚ ਹਰੀਕੇ ਹੈੱਡ ਵਰਕਸ ਦਾ ਦੌਰਾ ਕਰਨਗੇ। ਦਰਿਆਈ ਪਾਣੀਆਂ ’ਚੋਂ ਰਾਜਸਥਾਨ ਹੁਣ ਤੱਕ 109 ਫ਼ੀਸਦੀ ਹਿੱਸਾ ਲੈ ਚੁੱਕਾ ਹੈ। ਹਾਲਾਂਕਿ ਪਿਛਲੇ ਵਰ੍ਹਿਆਂ ਵਿੱਚ ਰਾਜਸਥਾਨ 125 ਫ਼ੀਸਦੀ ਤੱਕ ਪਾਣੀ ਵਰਤਦਾ ਰਿਹਾ ਹੈ। 21 ਸਤੰਬਰ 2024 ਤੋਂ 20 ਮਈ 2025 ਤੱਕ ਰਾਜਸਥਾਨ 9 ਫ਼ੀਸਦੀ ਵੱਧ ਪਾਣੀ ਵਰਤ ਚੁੱਕਾ ਹੈ।

    ਹਰਿਆਣਾ ਵੀ ਦਰਿਆਈ ਪਾਣੀਆਂ ਵਿਚਲੀ ਆਪਣੀ ਹਿੱਸੇਦਾਰੀ ’ਚੋਂ 101 ਫ਼ੀਸਦੀ ਪਾਣੀ ਵਰਤ ਚੁੱਕਾ ਹੈ। ਪੰਜਾਬ ਸਰਕਾਰ ਇਸ ਬਾਰੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਕੋਲ ਵੀ ਇਤਰਾਜ਼ ਦਰਜ ਕਰਵਾ ਚੁੱਕਾ ਹੈ। ਸੂਤਰ ਦੱਸਦੇ ਹਨ ਕਿ ਯਮੁਨਾ ’ਤੇ ਕਈ ਪ੍ਰਾਜੈਕਟ ਚੱਲਦੇ ਹੋਣ ਕਾਰਨ ਹਰਿਆਣਾ ਨੂੰ ਪਾਣੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਨੇ ਇਸ ਮਾਮਲੇ ’ਤੇ ਰੌਲਾ ਪਾਇਆ ਤਾਂ ਰਾਜਸਥਾਨ ’ਚ ਪਾਣੀਆਂ ਦਾ ਮਸਲਾ ਭਖ ਗਿਆ। ਰਾਜਸਥਾਨ ਦੇ ਕਈ ਜ਼ਿਲ੍ਹਿਆਂ ਜਿਵੇਂ ਸੀਕਰ, ਭਰਤਪੁਰ ਕਰੌਲੀ ਆਦਿ ਵਿਚ ਪੀਣ ਵਾਲੇ ਪਾਣੀ ਦਾ ਸੰਕਟ ਬਣਿਆ ਹੋਇਆ ਹੈ ਅਤੇ ਲੋਕ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਮਗਰੋਂ ਹੁਣ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਭਲਕੇ 8 ਵਜੇ ਬਠਿੰਡਾ ਹਵਾਈ ਅੱਡੇ ’ਤੇ ਪੁੱਜਣਗੇ ਜਿੱਥੋਂ ਉਹ ਹਰੀਕੇ ਹੈੱਡ ਵਰਕਸ ’ਤੇ ਮੁਆਇਨਾ ਕਰਨ ਲਈ ਜਾਣਗੇ। 

     ਮੁੱਖ ਮੰਤਰੀ ਸ਼ਰਮਾ ਉਸ ਮਗਰੋਂ ਫ਼ਿਰੋਜ਼ਪੁਰ ਫੀਡਰ, ਬੀਕਾਨੇਰ ਕੈਨਾਲ, ਇੰਦਰਾ ਗਾਂਧੀ ਕੈਨਾਲ, ਮੱਲੇਵਾਲਾ ਹੈੱਡ ਅਤੇ ਬੱਲੇਵਾਲਾ ਹੈੱਡ ਦਾ ਹਵਾਈ ਸਰਵੇਖਣ ਕਰਨਗੇ। ਉਸ ਮਗਰੋਂ ਹਰਿਆਣਾ ਵਿਚਲੇ ਲੋਹਗੜ੍ਹ ਹੈੱਡ ’ਤੇ ਜਾਣਗੇ। ਰਾਜਸਥਾਨ ਸਰਕਾਰ ਵੱਲੋਂ ਹੁਣ ਮੁੜ ਪੰਜਾਬ ਸਰਕਾਰ ’ਤੇ ਪਾਣੀ ਲਈ ਦਬਾਅ ਬਣਾਇਆ ਜਾ ਰਿਹਾ ਹੈ ਪਰ ਸੂਬਾ ਸਰਕਾਰ ਨੇ ਹਾਲੇ ਤੱਕ ਕੋਈ ਹੱਥ ਪੱਲਾ ਨਹੀਂ ਫੜਾਇਆ ਹੈ। ਵੇਰਵਿਆਂ ਅਨੁਸਾਰ ਪੰਜਾਬ ਨੇ ਦਰਿਆਈ ਪਾਣੀਆਂ ਵਿਚਲੇ ਆਪਣੇ ਹਿੱਸੇ ਦਾ 81 ਫ਼ੀਸਦੀ ਹਿੱਸਾ ਵਰਤਿਆ ਹੈ। ਰਾਜਸਥਾਨ ਚਾਹੁੰਦਾ ਹੈ ਕਿ ਜਲ ਘਰਾਂ ਵਾਸਤੇ ਪਾਣੀ ਪੰਜਾਬ ਦੇਵੇ। ਪੰਜਾਬ ਸਰਕਾਰ ਦਾ ਤਰਕ ਹੈ ਕਿ ਅੱਗੇ ਗਰਮੀਆਂ ’ਚ ਪੰਜਾਬ ’ਚ ਖ਼ੁਦ ਪਾਣੀ ਦੀ ਮੰਗ ਵੱਧ ਜਾਣੀ ਹੈ ਜਿਸ ਕਰਕੇ ਅਜਿਹਾ ਨਹੀਂ ਕੀਤਾ ਜਾ ਸਕਦਾ ਹੈ। ਅੱਗੇ ਸਾਉਣੀ ਦੀ ਫ਼ਸਲ ਦੀ ਬਿਜਾਈ ਵੀ ਸ਼ੁਰੂ ਹੋਣੀ ਹੈ।

                                  ਪੰਜਾਬ ਕੋਲ ਵਾਧੂ ਪਾਣੀ ਨਹੀਂ: ਗੋਇਲ

ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਕਹਿਣਾ ਸੀ ਕਿ ਰਾਜਸਥਾਨ ਦੇ ਮੁੱਖ ਮੰਤਰੀ ਭਲਕੇ ਪੰਜਾਬ ਆ ਰਹੇ ਹਨ ਪਰ ਉਨ੍ਹਾਂ ਆਪਣਾ ਮੰਤਵ ਸਪੱਸ਼ਟ ਨਹੀਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਾਜਸਥਾਨ ਨੂੰ ਪੀਣ ਵਾਲੇ ਪਾਣੀ ਵਾਸਤੇ ਪਹਿਲਾਂ ਪਾਣੀ ਦਿੱਤਾ ਸੀ ਪਰ ਪੰਜਾਬ ਕੋਲ ਹੁਣ ਕੋਈ ਵਾਧੂ ਪਾਣੀ ਨਹੀਂ ਹੈ ਅਤੇ ਡੈਮਾਂ ਵਿੱਚ ਵੀ ਪਾਣੀ ਇਸ ਵਾਰ 18 ਫ਼ੀਸਦੀ ਘੱਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪਾਣੀ ਦੀ ਮੰਗ ਤਰਜੀਹੀ ਹੈ।

Friday, April 4, 2025

                                                       ਸਿੱਖਿਆ ਕ੍ਰਾਂਤੀ 
                              ਰਿਬਨਾਂ ਦਾ ਹੜ੍ਹ, ਪੱਥਰਾਂ ਦੀ ਹਨੇਰੀ..! 
                                                       ਚਰਨਜੀਤ ਭੁੱਲਰ 

ਚੰਡੀਗੜ੍ਹ :ਪੰਜਾਬ ਸਰਕਾਰ ਹੁਣ ਸਰਕਾਰੀ ਸਕੂਲਾਂ ’ਚ ‘ਪੰਜਾਬ ਸਿੱਖਿਆ ਕ੍ਰਾਂਤੀ’ ਪ੍ਰੋਗਰਾਮ ਤਹਿਤ ਉਦਘਾਟਨੀ ਪੱਥਰਾਂ ਦੀ ਹਨੇਰੀ ਲਿਆਏਗੀ। ਸੱਤ ਅਪਰੈਲ ਤੋਂ ਸ਼ੁਰੂ ਹੋਣ ਵਾਲੇ ਇਹ ਪ੍ਰੋਗਰਾਮ 31 ਮਈ ਤੱਕ ਸਕੂਲਾਂ ’ਚ ਚੱਲਣਗੇ ਅਤੇ ਇਨ੍ਹਾਂ 55 ਦਿਨਾਂ ’ਚ ਸਰਕਾਰੀ ਸਕੂਲਾਂ ’ਚ ਮੁੱਖ ਮਹਿਮਾਨਾਂ ਵੱਲੋਂ ਰਿਬਨ ਕੱਟੇ ਜਾਣਗੇ, ਉਦਘਾਟਨੀ ਪੱਥਰਾਂ ਤੋਂ ਪਰਦੇ ਹਟਣਗੇ ਅਤੇ ਸਕੂਲਾਂ ’ਚ ਉਤਸਵੀ ਮਾਹੌਲ ਬੱਝੇਗਾ। ਲੰਘੇ ਤਿੰਨ ਵਰਿ੍ਹਆਂ ’ਚ ਜਿੰਨੇ ਕੰਮ ਵੀ ਸਕੂਲਾਂ ਵਿੱਚ ਹੋਏ ਹਨ, ਉਨ੍ਹਾਂ ਦੇ ਉਦਘਾਟਨੀ ਦਾ ਮਹੂਰਤ 7 ਅਪਰੈਲ ਤੋਂ ਹੋਵੇਗਾ। ਮੁੱਖ ਮੰਤਰੀ, ਕੈਬਨਿਟ ਮੰਤਰੀ, ਸੰਸਦ ਮੈਂਬਰ, ਵਿਧਾਇਕ, ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਅਤੇ ਮੇਅਰ ਆਦਿ ਇਨ੍ਹਾਂ ਸਮਾਗਮਾਂ ਦੇ ਮੁੱਖ ਮਹਿਮਾਨ ਹੋਣਗੇ।

    ਸਿੱਖਿਆ ਵਿਭਾਗ ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਇਸ ਬਾਰੇ ਪੱਤਰ ਜਾਰੀ ਕਰ ਦਿੱਤਾ ਹੈ। ਉਪਰੋਕਤ 55 ਦਿਨਾਂ ’ਚ 10,500 ਸਕੂਲਾਂ ਵਿੱਚ ਸਮਾਗਮ ਹੋਣਗੇ ਜਿਨ੍ਹਾਂ ’ਚ ਕਰੀਬ 25 ਹਜ਼ਾਰ ਕੰਮਾਂ ਦੇ ਉਦਘਾਟਨ ਹੋਣਗੇ। ਛੇ ਹਜ਼ਾਰ ਐਲੀਮੈਂਟਰੀ ਸਕੂਲ ਹਨ। ਕੇਂਦਰੀ ਅਤੇ ਸੂਬਾਈ ਫ਼ੰਡਾਂ ਨਾਲ ਲੰਘੇ ਤਿੰਨ ਵਰਿ੍ਹਆਂ ’ਚ ਕਰੀਬ ਇੱਕ ਹਜ਼ਾਰ ਕਰੋੜ ਦੇ ਫ਼ੰਡਾਂ ਨਾਲ ਸਕੂਲਾਂ ਵਿੱਚ ਕੰਮ ਹੋਏ ਹਨ। ਉਦਘਾਟਨੀ ਪੱਥਰ ਲਈ ਪੰਜ ਹਜ਼ਾਰ ਰੁਪਏ ਵੱਖਰੇ ਦਿੱਤੇ ਜਾਣਗੇ। ਮਿਸਾਲ ਦੇ ਤੌਰ ’ਤੇ ਅਗਰ ਇੱਕ ਸਕੂਲ ’ਚ ਤਿੰਨ ਵੱਖ ਵੱਖ ਕੰਮ ਹੋਏ ਹਨ ਤਾਂ ਤਿੰਨ ਵੱਖੋ ਵੱਖਰੇ ਕੰਮਾਂ ਦੇ ਪੱਥਰ ਰੱਖੇ ਜਾਣਗੇ।

     ਸੂਤਰ ਦੱਸਦੇ ਹਨ ਕਿ ਇਨ੍ਹਾਂ ਸਮਾਗਮਾਂ ਲਈ ਕਰੀਬ 25 ਕਰੋੜ ਦੇ ਫ਼ੰਡ ਰੱਖੇ ਗਏ ਹਨ। ਪੱਤਰ ਅਨੁਸਾਰ ਸੀਨੀਅਰ ਸੈਕੰਡਰੀ ਸਕੂਲ ਨੂੰ 20 ਹਜ਼ਾਰ ਰੁਪਏ, ਸੈਕੰਡਰੀ ਸਕੂਲ ਨੂੰ 10 ਹਜ਼ਾਰ ਰੁਪਏ ਅਤੇ ਐਲੀਮੈਂਟਰੀ ਸਕੂਲ ਨੂੰ ਪੰਜ ਹਜ਼ਾਰ ਰੁਪਏ ਮਿਲਣਗੇ। ਇਸ ਤੋਂ ਇਲਾਵਾ ਪ੍ਰਤੀ ਪੱਥਰ ਪੰਜ ਹਜ਼ਾਰ ਰੁਪਏ ਵੱਖਰੇ ਰੱਖੇ ਗਏ ਹਨ। ਸਟੈਂਡਰਡ ਸਾਈਜ਼ ’ਤੇ ਗ੍ਰੇਨਾਈਟ ਪੱਥਰ ਹੋਣਗੇ। ਉਦਘਾਟਨੀ ਸਮਾਗਮਾਂ ਲਈ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲੀਸ ਕਪਤਾਨਾਂ ਦੀ ਵੀ ਡਿਊਟੀ ਲਗਾਈ ਗਈ ਹੈ। ਇਨ੍ਹਾਂ ਸਮਾਗਮਾਂ ਵਾਲੇ ਸਕੂਲ ਦਾ ਮਾਹੌਲ ਉਤਸਵੀ ਬਣਾਉਣ ਲਈ ਕਿਹਾ ਗਿਆ ਹੈ।

    ਸਮਾਗਮਾਂ ਵਾਲੇ ਦਿਨ ਰਿਬਨ ਕੱਟਣ ਦੀ ਰਸਮ ਹੋਵੇਗੀ। ਜਗ੍ਹਾ ਸਜਾਈ ਜਾਵੇਗੀ ਅਤੇ ਰੰਗੋਲੀ ਬਣਾਉਣ ਲਈ ਕਿਹਾ ਗਿਆ ਹੈ। ਫੁੱਲ ਤੇ ਬੈਨਰ ਮਾਹੌਲ ’ਚ ਰੰਗ ਭਰਨਗੇ। ਚੰਗੀ ਕੁਆਲਿਟੀ ਦੇ ਸਪੀਕਰ ਅਤੇ ਸਾਊਂਡ ਸਿਸਟਮ ਸਮੇਤ ਮਾਈਕ੍ਰੋਫ਼ੋਨ ਦਾ ਪ੍ਰਬੰਧ ਕਰਨ ਦੀ ਹਦਾਇਤ ਹੈ। ਸਮਾਗਮਾਂ ਦੀਆਂ ਹਾਈ ਕੁਆਲਿਟੀ ਤਸਵੀਰਾਂ ਅਤੇ ਵੀਡੀਓਜ਼ ਤਿਆਰ ਕਰਨ ਲਈ ਕਿਹਾ ਗਿਆ ਹੈ। ਇਸ ਮੌਕੇ ਗਰੁੱਪ ਫ਼ੋਟੋ ਵੀ ਹੋਵੇਗੀ। ਸਕੂਲ ਮੁਖੀ ਨੂੰ ਸਮਾਗਮ ਦੇ ਸਮੁੱਚੇ ਪ੍ਰਚਾਰ ਕਰਨ ਦੀ ਡਿਊਟੀ ਵੀ ਲਗਾਈ ਗਈ ਹੈ। ਸਮਾਗਮਾਂ ਦੌਰਾਨ ਵਿਦਿਆਰਥੀ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕਰਨਗੇ ਅਤੇ ਇਸ ਮੌਕੇ ਰਿਫਰੈਸ਼ਮੈਂਟ ਵੀ ਦਿੱਤੀ ਜਾਣੀ ਹੈ।

    ਇਨ੍ਹਾਂ ਸਮਾਗਮਾਂ ਦੀ ਭੱਲ ਬਣਾਉਣ ਲਈ ਸਕੂਲ ਮੁਖੀ ਬੱਚਿਆਂ ਦੇ ਮਾਪਿਆਂ ਜਾਂ ਗਰੈਂਡ ਪੇਰੈਂਟਸ ਦੀ ਹਾਜ਼ਰੀ ਯਕੀਨੀ ਬਣਾਉਣਗੇ। ਇਲਾਕੇ ਦੇ ਪੰਚ ਸਰਪੰਚ, ਕੌਂਸਲਰ ਅਤੇ ਹੋਰ ਹਸਤੀਆਂ ਦੀ ਸ਼ਮੂਲੀਅਤ ਕਰਾਉਣ ਦੀ ਵੀ ਹਦਾਇਤ ਹੈ। ਸਮਾਗਮ ਤੋਂ ਇੱਕ ਦਿਨ ਪਹਿਲਾਂ ਸਕੂਲ ਅਧਿਆਪਕ ਬੱਚਿਆਂ ਦੇ ਮਾਪਿਆਂ ਨੂੰ ਫ਼ੋਨ ਕਾਲ ਕਰਕੇ ਵੀ ਸਮਾਗਮ ਦਾ ਚੇਤਾ ਵੀ ਕਰਾਉਣਗੇ। ਸਮਾਗਮਾਂ ਵਾਲੇ ਦਿਨ ‘ਮਾਪੇ ਅਧਿਆਪਕ ਮਿਲਣੀ’ ਪ੍ਰੋਗਰਾਮ ਕਰਨ ਦੀ ਵੀ ਹਦਾਇਤ ਹੈ।

       ਪੱਤਰ ਅਨੁਸਾਰ ਲੰਘੇ ਤਿੰਨ ਸਾਲਾਂ ’ਚ 6812 ਸਕੂਲਾਂ ’ਚ ਨਵੀਂ ਚਾਰਦੀਵਾਰੀ ਜਾਂ ਚਾਰਦੀਵਾਰੀ ਦੀ ਮੁਰੰਮਤ ਹੋਈ ਹੈ ਅਤੇ 5399 ਨਵੇਂ ਕਲਾਸ ਰੂਮ ਤਿਆਰ ਕੀਤੇ ਗਏ ਹਨ।  2934 ਸਕੂਲਾਂ ਵਿੱਚ 2976 ਪਖਾਨੇ ਬਣਾਏ ਗਏ ਹਨ ਜਦੋਂ ਕਿ 7166 ਪਖਾਨੇ ਮੁਰੰਮਤ ਕੀਤੇ ਗਏ ਹਨ। ਇਸੇ ਤਰ੍ਹਾਂ 1.16 ਲੱਖ ਡਬਲ ਡੈਸਕ, ਟੇਬਲ ਅਤੇ ਕੁਰਸੀਆਂ ਦਿੱਤੀਆਂ ਗਈਆਂ ਹਨ। 359 ਸਕੂਲਾਂ ਵਿਚ ਖੇਡ ਦੇ ਮੈਦਾਨ ਬਣਾਏ ਗਏ ਹਨ। ਜਾਣਕਾਰੀ ਅਨੁਸਾਰ ਪਹਿਲੀ ਵਾਰ ਏਨੀ ਵੱਡੀ ਪੱਧਰ ’ਤੇ ਸਰਕਾਰ ਵੱਲੋਂ ਉਦਘਾਟਨੀ ਪੱਥਰ ਰੱਖੇ ਜਾਣੇ ਹਨ।

                  ਮਾਹੌਲ ਨੂੰ ਸਿਆਸੀ ਪੁੱਠ ਚੜ੍ਹੇਗੀ : ਡੀਟੀਐਫ

ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦਾ 55 ਦਿਨ ਦਾ ਪ੍ਰੋਗਰਾਮ ਵੀਆਈਪੀ ਕਲਚਰ ਦੀ ਮਿਸਾਲ ਬਣੇਗੀ ਅਤੇ ਸਕੂਲਾਂ ਦੇ ਵਿੱਦਿਅਕ ਮਾਹੌਲ ਨੂੰ ਸਿਆਸੀ ਪੁੱਠ ਚੜ੍ਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਕੂਲ ਮੁਖੀਆਂ ਅਤੇ ਪ੍ਰਿੰਸੀਪਲਾਂ ਨੂੰ ਇੱਕ ਤਰੀਕੇ ਨਾਲ ‘ਈਵੈਂਟ ਮੈਨੇਜਰ’ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫ਼ਜ਼ੂਲ ਖ਼ਰਚੀ ਦੀ ਥਾਂ ਸਕੂਲੀ ਭਲਾਈ ਲਈ ਫ਼ੰਡ ਦੇਣੇ ਚਾਹੀਦੇ ਹਨ।


Thursday, April 3, 2025

                                                       ਵਿਧਾਨ ਸਭਾ ਕਮੇਟੀ 
                              ਖੰਡ ਮਿੱਲਾਂ ਮੁੜ ਚਲਾਉਣ ਦੀ ਯੋਜਨਾ
                                                         ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਕਮੇਟੀ ਨੇ ਬੰਦ ਪਈਆਂ ਤਿੰਨ ਖੰਡ ਮਿੱਲਾਂ ਮੁੜ ਚਲਾਉਣ ਦੀ ਸਿਫ਼ਾਰਸ਼ ਕੀਤੀ ਹੈ। ਰੱਖੜਾ, ਜ਼ੀਰਾ ਅਤੇ ਤਰਨ ਤਾਰਨ ਖੰਡ ਮਿੱਲਾਂ ਸਾਲ 2006 ਤੋਂ ਬੰਦ ਹਨ, ਜਿਨ੍ਹਾਂ ਨੂੰ ਦੁਬਾਰਾ ਚਲਾਉਣ ਲਈ ਕਿਹਾ ਗਿਆ ਹੈ। ਕਮੇਟੀ ਨੇ ਇਨ੍ਹਾਂ ਤਿੰਨਾਂ ਮਿੱਲਾਂ ਨੂੰ ਲੰਮੇ ਸਮੇਂ ਲਈ ਲੀਜ਼ ’ਤੇ ਦੇਣ ਅਤੇ ਪਬਲਿਕ ਪ੍ਰਾਈਵੇਟ ਹਿੱਸੇਦਾਰੀ (ਪੀਪੀਪੀ ਮੋਡ) ਤਹਿਤ ਚਲਾਉਣ ਦੀ ਸਿਫਾਰਸ਼ ਕੀਤੀ ਹੈ। ਇਨ੍ਹਾਂ ਮਿੱਲਾਂ ਨੂੰ ਕਿਸੇ ਵੀ ਕੰਪਨੀ ਨੂੰ 25 ਜਾਂ 50 ਸਾਲਾਂ ਲਈ ਲੀਜ਼ ’ਤੇ ਦੇਣ ਲਈ ਕਿਹਾ ਗਿਆ ਹੈ। ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਬਾਰੇ ਕਮੇਟੀ 2024-25 ਦੇ ਚੇਅਰਮੈਨ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਲੰਘੇ ਬਜਟ ਸੈਸ਼ਨ ’ਚ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਸੀ, ਜਿਸ ਵਿੱਚ ਇਹ ਤੱਥ ਉੱਭਰੇ ਹਨ। ਕਮੇਟੀ ਨੇ ਕਿਹਾ ਹੈ ਕਿ ਇਹ ਮਿੱਲਾਂ ਸਕਰੈਪ ਵਿੱਚ ਨਹੀਂ ਜਾਣੀਆਂ ਚਾਹੀਦੀਆਂ। 

         ਇਨ੍ਹਾਂ ਦੇ ਮੁੜ ਚਾਲੂ ਹੋਣ ਨਾਲ ਖੇਤੀ ਵਿਭਿੰਨਤਾ ਨੂੰ ਵੀ ਹੁੰਗਾਰਾ ਮਿਲੇਗਾ ਅਤੇ ਸਰਕਾਰੀ ਸੰਪਤੀ ਵੀ ਬਚੀ ਰਹੇਗੀ। ਇਨ੍ਹਾਂ ਤਿੰਨ ਮਿੱਲਾਂ ਦੇ ਬੰਦ ਹੋਣ ਨਾਲ ਗੰਨੇ ਦੀ ਪੈਦਾਵਾਰ ਘਟ ਗਈ ਹੈ, ਜਿਸ ਨੂੰ ਮੁੜ ਬਹਾਲ ਕੀਤਾ ਜਾ ਸਕਦਾ ਹੈ। ਕਮੇਟੀ ਨੂੰ ਵਿਭਾਗੀ ਅਫ਼ਸਰਾਂ ਨੇ ਦੱਸਿਆ ਕਿ ਸ਼ੂਗਰਫੈੱਡ ਦੇ 90 ਫ਼ੀਸਦ ਮੁਲਾਜ਼ਮ ਆਊਟਸੋਰਸ ’ਤੇ ਹਨ ਅਤੇ ਤਕਨੀਕੀ ਸਟਾਫ਼ ਨਹੀਂ ਹੈ। ਨੌਂ ਜਨਰਲ ਮੈਨੇਜਰਾਂ ’ਚੋਂ ਕੋਈ ਵੀ ਰੈਗੂਲਰ ਨਹੀਂ ਹੈ। ਫ਼ਰੀਦਕੋਟ ਅਤੇ ਜਗਰਾਉਂ ਮਿੱਲ ਦੇ ਅਸੈਟਸ ਪਹਿਲਾਂ ਹੀ ਖ਼ਤਮ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਮੇਟੀ ਨੇ ਖੰਡ ਮਿੱਲਾਂ ਦੀ ਜ਼ਮੀਨ ਸ਼ੂਗਰਫੈੱਡ ਨੂੰ ਵਾਪਸ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਦੋ ਖੰਡ ਮਿੱਲਾਂ ਦੀ ਜ਼ਮੀਨ ਪੁਡਾ ਅਤੇ ਖ਼ੁਰਾਕ ਤੇ ਸਪਲਾਈ ਵਿਭਾਗ ਨੂੰ ਦਿੱਤੀ ਗਈ ਸੀ। ਫ਼ਰੀਦਕੋਟ ਖੰਡ ਮਿੱਲ ਦੀ ਜ਼ਮੀਨ ਪੁਡਾ ਨੂੰ ਦਿੱਤੀ ਗਈ ਸੀ, ਜਿਸ ਦੇ 91 ਕਰੋੜ ਰੁਪਏ ਸ਼ੂਗਰਫੈੱਡ ਨੂੰ ਦਿੱਤੇ ਜਾਣੇ ਸਨ।

         ਪੁਡਾ ਨੇ ਸਿਰਫ਼ 27 ਕਰੋੜ ਰੁਪਏ ਹੀ ਦਿੱਤੇ ਹਨ ਅਤੇ ਬਾਕੀ ਰਾਸ਼ੀ 64 ਕਰੋੜ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਸ ਖੰਡ ਮਿੱਲ ਦੀ ਟਰਾਂਸਫ਼ਰ ਕੀਤੀ 101 ਏਕੜ ਜ਼ਮੀਨ ’ਚੋਂ 65 ਏਕੜ ਜ਼ਮੀਨ ਖ਼ਾਲੀ ਪਈ ਹੈ। ਰਿਪੋਰਟ ਵਿੱਚ ਖੰਡ ਮਿੱਲਾਂ ਨੂੰ ਮੁੜ ਚਾਲੂ ਕਰਨ ਅਤੇ ਸ਼ੂਗਰਫੈੱਡ ਨੂੰ ਪੈਰਾਂ ਸਿਰ ਕਰਨ ਲਈ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ। ਰਿਪੋਰਟ ਅਨੁਸਾਰ ਤਰਨ ਤਾਰਨ ਖੰਡ ਮਿੱਲ ਦੀ 88 ਏਕੜ ਜ਼ਮੀਨ ਖ਼ੁਰਾਕ ਤੇ ਸਪਲਾਈਜ਼ ਵਿਭਾਗ ਨੂੰ ‘ਫੂਡ ਪਾਰਕ’ ਬਣਾਉਣ ਵਾਸਤੇ ਤਬਦੀਲ ਹੋਈ ਸੀ। ਖ਼ੁਰਾਕ ਤੇ ਸਪਲਾਈਜ਼ ਵਿਭਾਗ ਨੇ ਇਸ ਜ਼ਮੀਨ ’ਤੇ ਕੋਈ ਫੂਡ ਪਾਰਕ ਨਹੀਂ ਬਣਾਇਆ। ਮਗਰੋਂ ਇਸ ਜ਼ਮੀਨ ’ਤੇ ਸੋਲਰ ਪ੍ਰਾਜੈਕਟ ਲਾਏ ਜਾਣ ਬਾਰੇ ਵੀ ਮੀਟਿੰਗਾਂ ਹੋਈਆਂ ਸਨ। ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ ਕਿ ਫ਼ਰੀਦਕੋਟ ਖੰਡ ਮਿੱਲ ਦੀ ਜ਼ਮੀਨ ਦੀ ਕੁੱਲ ਰਾਸ਼ੀ ਵਾਪਸ ਕੀਤੀ ਜਾਵੇ ਅਤੇ ਤਰਨ ਤਾਰਨ ਮਿੱਲ ਦੀ 88 ਏਕੜ ਜ਼ਮੀਨ ਵਾਪਸ ਕੀਤੀ ਜਾਵੇ।

        ਇਸੇ ਤਰ੍ਹਾਂ ਭੋਗਪੁਰ ਖੰਡ ਮਿੱਲ ਵਿੱਚ ਗੰਨੇ ਦੀ ਰਿਕਵਰੀ ਡਾਊਨ ਹੋਣ ਬਾਰੇ ਵੀ ਮਾਹਿਰਾਂ ਨਾਲ ਮਸ਼ਵਰਾ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਨਵਾਂ ਸ਼ਹਿਰ ਦੀ ਖੰਡ ਮਿੱਲ ਨੂੰ ਸ਼ਹਿਰ ’ਚੋਂ ਬਾਹਰ ਲਿਜਾਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਕਮੇਟੀ ਨੇ ਸ਼ੂਗਰਫੈੱਡ ਨੂੰ ਨੁਕਸਾਨ ਤੋਂ ਬਚਾਉਣ ਲਈ ਠੋਸ ਨੀਤੀ ਬਣਾਉਣ ਦੀ ਸਿਫ਼ਾਰਸ਼ ਕੀਤੀ ਹੈ। ਬਟਾਲਾ ਦੀ ਖੰਡ ਮਿੱਲ ਨੂੰ ਘਾਟੇ ਦਾ ਸੌਦਾ ਕਰਾਰ ਦਿੱਤਾ ਗਿਆ ਹੈ। ਬਟਾਲਾ ਖੰਡ ਮਿੱਲ ਨੂੰ ਅਪਗਰੇਡ ਕਰਨ ਲਈ ਸਰਕਾਰ ਨੇ 700 ਕਰੋੜ ਲਾਏ ਸਨ, ਜਿਸ ਕਰਕੇ ਪ੍ਰਤੀ ਸਾਲ 100-150 ਕਰੋੜ ਰੁਪਏ ਦਾ ਵਾਧੂ ਖਰਚਾ ਵੀ ਪੈ ਰਿਹਾ ਹੈ। ਕਮੇਟੀ ਨੇ ਕਿਹਾ ਹੈ ਕਿ ਇਹ ਫ਼ੈਸਲਾ ਸਰਕਾਰੀ ਪੱਧਰ ’ਤੇ ਗ਼ਲਤ ਲਿਆ ਗਿਆ ਹੈ, ਜਦਕਿ ਇਹ ਫ਼ੰਡ ਕਿਸੇ ਉਸਾਰੂ ਕੰਮ ’ਤੇ ਲੱਗ ਸਕਦੇ ਸਨ। ਜਿਨ੍ਹਾਂ ਅਫ਼ਸਰਾਂ ਨੇ ਇਹ ਫ਼ੈਸਲਾ ਲਿਆ, ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਕਰਨ ਵਾਸਤੇ ਕਾਰਵਾਈ ਸ਼ੁਰੂ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।

                                     ਡਿਫਾਲਟਰ ਨਹੀਂ ਲੜ ਸਕਣਗੇ ਚੋਣਾਂ

ਸਹਿਕਾਰੀ ਬੈਂਕਾਂ ਦੇ ਡਿਫਾਲਟਰ ਚੋਣਾਂ ਨਾ ਲੜ ਸਕਣ, ਇਸ ’ਤੇ ਵੀ ਕਮੇਟੀ ਨੇ ਮੰਥਨ ਸ਼ੁਰੂ ਕੀਤਾ ਹੈ। ਕਮੇਟੀ ਨੇ ਸਹਿਕਾਰਤਾ ਵਿਭਾਗ ਨੂੰ ਕਿਹਾ ਹੈ ਕਿ ਇਸ ਬਾਰੇ ਕਾਨੂੰਨੀ ਅੜਚਣਾਂ ’ਤੇ ਮਸ਼ਵਰਾ ਕਰਨ ਲਈ ਕਾਨੂੰਨੀ ਮਾਹਿਰਾਂ ਦੀ ਰਾਇ ਲਈ ਜਾਵੇ। ਕਿਸੇ ਕਿਸਮ ਦੀਆਂ ਚੋਣਾਂ ਲੜਨ ਤੋਂ ਪਹਿਲਾਂ ਕੇਂਦਰੀ ਸਹਿਕਾਰੀ ਬੈਂਕ ਅਤੇ ਖੇਤੀ ਵਿਕਾਸ ਬੈਂਕਾਂ ਤੋਂ ਐੱਨਓਸੀ ਲੈਣਾ ਲਾਜ਼ਮੀ ਕਰਾਰ ਦਿੱਤਾ ਜਾਵੇ।

                              ਦੁੱਧ ’ਚ ਮਿਲਾਵਟ ਰੋਕਣ ਲਈ ਨਵਾਂ ਕਾਨੂੰਨ ਬਣੇ

ਕਮੇਟੀ ਨੇ ਦੁੱਧ ਅਤੇ ਦੁੱਧ ਉਤਪਾਦਾਂ ’ਚ ਮਿਲਾਵਟ ਨੂੰ ਰੋਕਣ ਲਈ ਨਵਾਂ ਕਾਨੂੰਨ ਬਣਾਏ ਜਾਣ ਦੀ ਸਿਫ਼ਾਰਸ਼ ਕੀਤੀ ਹੈ, ਜਿਸ ਵਿੱਚ ਸਖ਼ਤ ਸਜ਼ਾਵਾਂ ਦੇ ਉਪਬੰਧ ਹੋਣ। ਮਿਲਾਵਟਖੋਰੀ ਜ਼ਿਆਦਾ ਪਿੰਡਾਂ ਤੋਂ ਦੁੱਧ ਪਲਾਂਟ ਤੱਕ ਦੀ ਢੋਆ ਢੁਆਈ ਦੌਰਾਨ ਹੁੰਦੀ ਹੈ। ਅਜਿਹੇ ਟਰਾਂਸਪੋਰਟਰਾਂ ਨੂੰ ਸਹਿਕਾਰੀ ਸੰਗਠਨਾਂ ਦਾ ਕੰਮ ਕਰਨ ਤੋਂ ਰੋਕਣ ਅਤੇ ਧੋਖਾਧੜੀ ਵਿੱਚ ਸ਼ਾਮਲ ਅਫ਼ਸਰਾਂ ਨੂੰ ਮੁੱਖ ਅਹੁਦਿਆਂ ’ਤੇ ਤਾਇਨਾਤ ਨਾ ਕਰਨ ਲਈ ਵੀ ਕਿਹਾ ਗਿਆ ਹੈ।

                                                      ਨਵਾਂ ਬਿੱਲ,ਨਵੇਂ ਡਰ
                                ਵਕਫ਼ ਸੰਪਤੀ ਰਸੂਖਵਾਨਾਂ ਨੇ ਨੱਪੀ
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ’ਚ ਵਕਫ਼ ਬੋਰਡ ਦੀ ਹਜ਼ਾਰਾਂ ਏਕੜ ਜ਼ਮੀਨ ਰਸੂਖਵਾਨਾਂ ਨੇ ਨੱਪ ਲਈ ਹੈ। ਹੁਣ ਨਵੇਂ ਵਕਫ਼ (ਸੋਧ) ਬਿੱਲ ਨੇ ਇਨ੍ਹਾਂ ਵਕਫ਼ ਸੰਪਤੀਆਂ ਨੂੰ ਲੈ ਕੇ ਕਈ ਤੌਖਲੇ ਖੜ੍ਹੇ ਕਰ ਦਿੱਤੇ ਹਨ। ਉੱਤਰੀ ਭਾਰਤ ’ਚ ਸਭ ਤੋਂ ਵੱਧ ਵਕਫ਼ ਜਾਇਦਾਦਾਂ ਹਨ, ਜਿਨ੍ਹਾਂ ਲਈ ਨਵਾਂ ਵਕਫ਼ ਸੋਧ ਬਿੱਲ ਖ਼ਤਰਾ ਦੱਸਿਆ ਜਾ ਰਿਹਾ ਹੈ। ਇਕੱਲਾ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ਵਕਫ਼ ਸੰਪਤੀਆਂ ’ਤੇ ਸਭ ਤੋਂ ਵੱਧ ਨਾਜਾਇਜ਼ ਕਬਜ਼ੇ ਹਨ। ਪਤਾ ਲੱਗਿਆ ਹੈ ਕਿ ਪੰਜਾਬ ਵਕਫ਼ ਬੋਰਡ ਨੇ ਨਾਜਾਇਜ਼ ਕਾਬਜ਼ਕਾਰਾਂ ਨੂੰ ਨੋਟਿਸ ਦੇਣੇ ਸ਼ੁਰੂ ਕੀਤੇ ਹਨ। ‘ਵਕਫ਼ ਐਸੈੱਟਸ ਮੈਨੇਜਮੈਂਟ ਸਿਸਟਮ’ ਅਨੁਸਾਰ ਪੰਜਾਬ ਵਿੱਚ ਇਸ ਵੇਲੇ ਵਕਫ਼ ਦੀਆਂ 75,957 ਸੰਪਤੀਆਂ ਹਨ ਜਿਨ੍ਹਾਂ ’ਚੋਂ 42,684 ਸੰਪਤੀਆਂ ’ਤੇ ਨਾਜਾਇਜ਼ ਕਬਜ਼ੇ ਹਨ ਜਿਸ ਦਾ ਮਤਲਬ ਹੈ ਕਿ 56 ਫ਼ੀਸਦੀ ਸੰਪਤੀ ਨੱਪੀ ਹੋਈ ਹੈ। ਗੁਆਂਢੀ ਸੂਬੇ ਹਰਿਆਣਾ ’ਚ 23,267 ਵਕਫ਼ ਸੰਪਤੀਆਂ ਹਨ ਜਿਨ੍ਹਾਂ ’ਚੋਂ ਸਿਰਫ਼ 183 ਸੰਪਤੀਆਂ (0.78 ਫ਼ੀਸਦੀ) ’ਤੇ ਨਾਜਾਇਜ਼ ਕਬਜ਼ੇ ਹਨ। ਇਵੇਂ ਹਿਮਾਚਲ ਪ੍ਰਦੇਸ਼ ’ਚ 5,343 ਸੰਪਤੀਆਂ ’ਚੋਂ 1269 ਜਾਇਦਾਦਾਂ (23.75 ਫ਼ੀਸਦੀ) ’ਤੇ ਨਾਜਾਇਜ਼ ਕਬਜ਼ੇ ਹਨ।

         ਉੱਤਰ ਪ੍ਰਦੇਸ਼ ’ਚ ਕੁੱਲ 2,22,555 ਵਕਫ਼ ਸੰਪਤੀਆਂ ਹਨ ਅਤੇ ਇਨ੍ਹਾਂ ’ਚੋਂ ਸਿਰਫ਼ 2,164 (0.97 ਫ਼ੀਸਦੀ) ਨਾਜਾਇਜ਼ ਕਬਜ਼ਿਆਂ ਹੇਠ ਹਨ। ਰਾਜਸਥਾਨ ਵਿੱਚ 33,341 ਸੰਪਤੀਆਂ ’ਚੋਂ ਕਿਸੇ ਵੀ ਸੰਪਤੀ ’ਤੇ ਨਾਜਾਇਜ਼ ਕਬਜ਼ਾ ਨਹੀਂ ਹੈ। ਦੇਖਿਆ ਜਾਵੇ ਤਾਂ ਪੰਜਾਬ ’ਚ ਜਿੰਨੇ ਵੱਧ ਨਾਜਾਇਜ਼ ਕਬਜ਼ੇ ਹਨ, ਓਨੇ ਵੱਡੇ ਹੀ ਤੌਖਲੇ ਹਨ। ਪੰਜਾਬ ’ਚ ਜ਼ਿਆਦਾ ਵਕਫ਼ ਸੰਪਤੀ ਸਰਕਾਰ ਨੇ ਹੀ ਨੱਪੀ ਹੋਈ ਹੈ। ਸੂਤਰਾਂ ਅਨੁਸਾਰ ਵਕਫ਼ ਸੰਪਤੀ ਨੱਪਣ ਵਾਲਿਆਂ ’ਚ ਸਿਵਲ ਤੇ ਪੁਲੀਸ ਦੇ ਅਫ਼ਸਰਾਂ ਤੋਂ ਇਲਾਵਾ ਵੱਡੇ ਸਿਆਸੀ ਨੇਤਾ ਵੀ ਸ਼ਾਮਲ ਹਨ। ਪੰਜਾਬ ਵਿੱਚ ਮੁਸਲਮਾਨਾਂ ਦੀ ਆਬਾਦੀ 1.93 ਫ਼ੀਸਦੀ ਹੈ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਆਖਦੇ ਹਨ ਕਿ ਚੰਗਾ ਹੁੰਦਾ ਕਿ ਸਰਕਾਰ ਵਕਫ਼ ਬੋਰਡ ਐਕਟ ’ਚ ਸੋਧ ਕਰਦੀ, ਮੁਸਲਮਾਨਾਂ ਲਈ ਨਵੇਂ ਵਿੱਦਿਅਕ ਅਦਾਰੇ ਤੇ ਸਿਹਤ ਸਹੂਲਤਾਂ ਲਾਜ਼ਮੀ ਬਣਾਉਂਦੀ ਜਾਂ ਬੋਰਡ ਵਿੱਚ ਭ੍ਰਿਸ਼ਟਾਚਾਰ ਰੋਕਦੀ। ਉਨ੍ਹਾਂ ਕਿਹਾ ਕਿ ਜੇ ਬੋਰਡ ਵਿੱਚ ਕਿਸੇ ਗੈਰ ਮੁਸਲਿਮ ਨੂੰ ਸ਼ਾਮਲ ਕੀਤਾ ਜਾਵੇਗਾ ਤਾਂ ਇਹ ਧਾਰਮਿਕ ਆਜ਼ਾਦੀ ਦੀ ਉਲੰਘਣਾ ਹੋਵੇਗੀ।

         ਪ੍ਰਾਪਤ ਵੇਰਵਿਆਂ ਅਨੁਸਾਰ ਸਮੁੱਚੇ ਦੇਸ਼ ਵਿੱਚ 8.72 ਲੱਖ ਵਕਫ਼ ਸੰਪਤੀਆਂ ਹਨ ਅਤੇ ਇਕੱਲੇ ਪੰਜਾਬ ’ਚ 8 ਫ਼ੀਸਦੀ ਤੋਂ ਜ਼ਿਆਦਾ ਸੰਪਤੀ ਹੈ। ਪੰਜਾਬੀ ’ਵਰਸਿਟੀ ਦੇ ਸਾਬਕਾ ਪ੍ਰੋਫੈਸਰ ਜਮਸ਼ੇਦ ਅਲੀ ਖ਼ਾਨ ਆਖਦੇ ਹਨ ਕਿ ਨਵੇਂ ਵਕਫ਼ ਸੋਧ ਬਿੱਲ ਨਾਲ ਸਮੁੱਚੇ ਵਕਫ਼ ਬੋਰਡ ਦੀ ਬਣਤਰ ਤਬਦੀਲ ਹੋ ਜਾਵੇਗੀ, ਜਿਸ ਨਾਲ ਬੋਰਡ ਦਾ ਕੰਮਕਾਰ ਵੀ ਪ੍ਰਭਾਵਿਤ ਹੋਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਵਕਫ਼ ਬੋਰਡ ’ਚ ਵੱਡੇ ਬਦਲਾਅ ਹੋਣਗੇ ਤਾਂ ਵਕਫ਼ ਸੰਪਤੀਆਂ ਵੀ ਖ਼ਤਰੇ ’ਚ ਪੈ ਜਾਣਗੀਆਂ ਕਿਉਂਕਿ ਇੱਕ ਖ਼ਾਸ ਏਜੰਡੇ ਤਹਿਤ ਨਵਾਂ ਬਿੱਲ ਆਇਆ ਹੈ। ਪੰਜਾਬ ਭਰ ’ਚੋਂ ਸਭ ਤੋਂ ਵੱਧ ਵਕਫ਼ ਸੰਪਤੀਆਂ 10,504 ਬਠਿੰਡਾ ਜ਼ਿਲ੍ਹੇ ਵਿੱਚ ਹਨ ਜਿੱਥੇ 9,405 ਸੰਪਤੀਆਂ ਨੱਪੀਆਂ ਹੋਈਆਂ ਹਨ ਜੋ ਕਰੀਬ 90 ਫ਼ੀਸਦ ਬਣਦੀਆਂ ਹਨ। ਬਠਿੰਡਾ ਜ਼ਿਲ੍ਹੇ ਵਿਚ ਇੱਕ ਹਜ਼ਾਰ ਤੋਂ ਜ਼ਿਆਦਾ ਪ੍ਰਾਈਵੇਟ ਲੋਕਾਂ ਨੇ ਵਕਫ਼ ਸੰਪਤੀਆਂ ਨੱਪੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਸਿਆਸੀ ਲੋਕ ਵੀ ਸ਼ਾਮਲ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿੱਚ 52.89 ਫ਼ੀਸਦੀ ਸੰਪਤੀਆਂ ’ਤੇ ਕਬਜ਼ੇ ਹਨ ਜਦਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 74.41 ਫ਼ੀਸਦੀ ਸੰਪਤੀਆਂ ’ਤੇ ਨਾਜਾਇਜ਼ ਕਬਜ਼ੇ ਹਨ।

         ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਵਿੱਚ 6,799 ਸੰਪਤੀਆਂ ’ਚੋਂ 1,910 ਸੰਪਤੀਆਂ ’ਤੇ ਨਾਜਾਇਜ਼ ਕਬਜ਼ੇ ਹਨ।ਪੰਜਾਬ ਵਿੱਚ 2409 ਸੰਪਤੀਆਂ ਕਿਸੇ ਨਾ ਕਿਸੇ ਤਰ੍ਹਾਂ ਅਦਾਲਤੀ ਕੇਸਾਂ ਵਿੱਚ ਪਈਆਂ ਹਨ। ਪੰਜਾਬ ਵਕਫ਼ ਬੋਰਡ ਨੂੰ ਵਕਫ਼ ਸੰਪਤੀਆਂ ਤੋਂ ਇਸ ਵੇਲੇ ਸਾਲਾਨਾ 50 ਤੋਂ 60 ਕਰੋੜ ਦੀ ਆਮਦਨ ਆ ਰਹੀ ਹੈ ਜਦਕਿ ਅਨੁਮਾਨ ਸਾਲਾਨਾ 200 ਕਰੋੜ ਰੁਪਏ ਤੋਂ ਜ਼ਿਆਦਾ ਦਾ ਦੱਸਿਆ ਜਾ ਰਿਹਾ ਹੈ। ਪੰਜਾਬ ’ਚ ਸਭ ਤੋਂ ਜ਼ਿਆਦਾ ਸੰਪਤੀਆਂ 19,886 ਘਰਾਂ ਦੀਆਂ ਹਨ ਜਦਕਿ 14,427 ਕਬਰਿਸਤਾਨਾਂ ਦੀ ਸੰਪਤੀ ਹੈ। 8771 ਵਕਫ਼ ਸੰਪਤੀਆਂ ਖੇਤੀ ਅਧੀਨ ਹਨ ਜਦਕਿ 8875 ਸੰਪਤੀਆਂ ਮਸਜਿਦਾਂ ਦੀਆਂ ਹਨ। ਪੂਰੇ ਦੇਸ਼ ਵਿੱਚ 8.70 ਲੱਖ ਏਕੜ ਵਕਫ਼ ਸੰਪਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਆਖ ਚੁੱਕੇ ਹਨ ਕਿ ‘ਆਪ’ ਸੰਸਦ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਵਿੱਚ ਵੀ ਬਿੱਲ ਦਾ ਜ਼ੋਰਦਾਰ ਵਿਰੋਧ ਕਰੇਗੀ ਅਤੇ ਅਕਾਲੀ ਦਲ ਦੇ ਡਾ. ਦਲਜੀਤ ਸਿੰਘ ਚੀਮਾ ਨੇ ਵੀ ਇਸ ਬਿੱਲ ਦਾ ਵਿਰੋੋਧ ਕੀਤਾ ਸੀ।

                                      ਹਰ ਸੰਪਤੀ ਖ਼ਤਰੇ ’ਚ ਪਵੇਗੀ: ਮਲਿਕ

ਵਕਫ਼ ਬੋਰਡ ਪੰਜਾਬ ਅਤੇ ਹਰਿਆਣਾ ਦੇ ਐਡਵੋਕੇਟ ਗੁਲਾਮ ਨਬੀ ਮਲਿਕ ਆਖਦੇ ਹਨ ਕਿ ਪੰਜਾਬ ’ਚ ਵਕਫ਼ ਸੰਪਤੀਆਂ ’ਚੋਂ ਜ਼ਿਆਦਾ ਥਾਵਾਂ ’ਤੇ ਸਰਕਾਰੀ ਕਬਜ਼ੇ ਹਨ ਅਤੇ ਵਕਫ਼ ਸੰਪਤੀਆਂ ਨੂੰ ਖ਼ਾਲੀ ਕਰਾਉਣ ਲਈ ਹੁਣ ਨੋਟਿਸ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵਾਂ ਵਕਫ਼ ਸੋਧ ਬਿੱਲ ਨਾਜਾਇਜ਼ ਕਬਜ਼ਾਕਾਰਾਂ ਦਾ ਮਦਦਗਾਰ ਬਣੇਗਾ ਅਤੇ ਵਕਫ਼ ਬੋਰਡ ਕੋਲੋਂ ਸੰਪਤੀ ਖੁੱਸਣ ਦਾ ਰਾਹ ਪੱਧਰਾ ਹੋਣ ਦਾ ਡਰ ਹੈ। ਨਵੇਂ ਸੋਧ ਬਿੱਲ ਨਾਲ ਹਰ ਪ੍ਰਾਪਰਟੀ ਦਾ ਵਿਵਾਦ ਖੜ੍ਹਾ ਹੋ ਜਾਵੇਗਾ।

Sunday, March 30, 2025

                                                      ਸਿਆਸੀ ਹਿਸਾਬ
                          ਤੋਹਮਤਾਂ ਦੀ ਝੜੀ ’ਚ ਭਿੱਜਦਾ ਰਿਹਾ ਸਦਨ !
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਕਰੀਬ ਹਫ਼ਤੇ ਭਰ ਦੇ ਬਜਟ ਸੈਸ਼ਨ ਦੌਰਾਨ ‘ਤੋਹਮਤਾਂ ਅਤੇ ਮਿਹਣੇ’ ਹੀ ਛਾਏ ਰਹੇ, ਜਦੋਂ ਕਿ ਗੰਭੀਰ ਤੇ ਭਖਦੇ ਮੁੱਦੇ ਹਾਸ਼ੀਏ ’ਤੇ ਧੱਕੇ ਰਹੇ। ‘ਆਪ’ ਵਿਧਾਇਕਾਂ ਨੇ ਲੋਕ ਮੁੱਦਿਆਂ ’ਤੇ ਆਪਣੀ ਹੀ ਸਰਕਾਰ ਦੇ ਪਾਜ ਖੋਲ੍ਹੇ ਅਤੇ ਵਿਰੋਧੀ ਧਿਰ ਦੀ ਆਪਸੀ ਧੜੇਬੰਦੀ ਵੀ ਸੈਸ਼ਨ ’ਚ ਗੁੱਝੀ ਨਹੀਂ ਰਹਿ ਸਕੀ। ਬਜਟ ਅਤੇ ਬਿੱਲਾਂ ’ਤੇ ਬਹਿਸ ਲਈ ਨਾ ਹਾਕਮ ਧਿਰ ਅਤੇ ਨਾ ਹੀ ਵਿਰੋਧੀ ਧਿਰ ਸੰਜੀਦਾ ਸੀ। ਜਦੋਂ ਜ਼ਮੀਨੀ ਪਾਣੀ ’ਤੇ ਸਦਨ ’ਚ ਬਹਿਸ ਹੋਈ ਤਾਂ ਕੁੱਲ 31 ਵਿਧਾਇਕ ਹਾਜ਼ਰ ਸਨ। ਉਂਜ ਤਾਂ ਸੂਬਾ ਸਰਕਾਰ ਜ਼ਮੀਨੀ ਪਾਣੀ ਨੂੰ ਲੈ ਕੇ ਫ਼ਿਕਰਮੰਦੀ ਜ਼ਾਹਰ ਕਰਦੀ ਹੈ ਪ੍ਰੰਤੂ ਮੁੱਖ ਮੰਤਰੀ ਇਸ ’ਤੇ ਬਹਿਸ ਮੌਕੇ ਗੈਰ-ਹਾਜ਼ਰ ਰਹੇ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤਾਂ ਜ਼ਮੀਨੀ ਪਾਣੀ ਤੋਂ ਇਲਾਵਾ ਬਜਟ ’ਤੇ ਬਹਿਸ ਮੌਕੇ ਵੀ ਗੈਰ-ਹਾਜ਼ਰ ਰਹੇ ਸਨ। ਵਿਰੋਧੀ ਧਿਰ ਦੇ ਮੈਂਬਰ ਸਦਨ ’ਚ ਘੱਟ ਤੇ ਸਦਨ ਦੇ ਬਾਹਰ ਜ਼ਿਆਦਾ ਬੋਲੇ। ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਭਾਸ਼ਣ ਨਾਲ ਸੈਸ਼ਨ ਦਾ ਆਗਾਜ਼ ਹੋਇਆ ਅਤੇ ਇਸ ਮੌਕੇ ਸਰਕਾਰ ਤੇ ਰਾਜ ਭਵਨ ਵਿਚਾਲੇ ਬਿਹਤਰ ਰਿਸ਼ਤਾ ਤੇ ਤਾਲਮੇਲ ਦੇਖਣ ਨੂੰ ਮਿਲਿਆ। 

        ‘ਆਪ’ ਵਿਧਾਇਕਾਂ ਨੇ ਪ੍ਰਸ਼ਨ ਕਾਲ ਤੇ ਸਿਫ਼ਰ ਕਾਲ ਦੌਰਾਨ ਸੂਬੇ ਦੇ ਸਿਹਤ ਅਤੇ ਸਿੱਖਿਆ ਢਾਂਚੇ ਦੇ ਹੀ ਬਖ਼ੀਏ ਉਧੇੜੇ। ਮੁੱਖ ਮੰਤਰੀ ਭਗਵੰਤ ਮਾਨ ਨੇ ਬਜਟ ਬਾਰੇ ਸੰਕੋਚਵੀਂ ਗੱਲ ਕੀਤੀ ਪ੍ਰੰਤੂ ਬਹਿਸ ਦੌਰਾਨ ਬਾਜਵਾ ਸਮੇਤ ਸਮੁੱਚੀ ਕਾਂਗਰਸ ਨੂੰ ਨਿਸ਼ਾਨੇ ’ਤੇ ਵੱਧ ਲਿਆ। ਉਹ ਭਾਸ਼ਣ ’ਚ ਪਰਗਟ ਸਿੰਘ ਤੇ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਤਾਰੀਫ਼ ਕਰਦੇ ਵੀ ਨਜ਼ਰ ਆਏ। ਸੈਸ਼ਨ ਦੇ ਦੋ ਦਿਨ ’ਚੋਂ ਕਾਫ਼ੀ ਸਮਾਂ ਤਾਂ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਖ਼ਿਲਾਫ਼ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੀ ਗਈ ਟਿੱਪਣੀ ’ਚ ਆਜਾਈਂ ਚਲਾ ਗਿਆ। ਹਾਲਾਂਕਿ ਬਾਜਵਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਲਈ ਮਤੇ ਦੀ ਮੰਗ ਕੀਤੀ ਪ੍ਰੰਤੂ ਹਾਕਮ ਧਿਰ ਨੇ ਸੀਚੇਵਾਲ ਮੁੱਦੇ ਨੂੰ ਲੋੜੋਂ ਵੱਧ ਖ਼ੁਦ ਹੀ ਉਛਾਲਨ ’ਚ ਰੁਚੀ ਦਿਖਾਈ। ਹਰ ਕੋਈ ਇਹ ਮੁੱਦਾ ਉਛਾਲ ਕੇ ਨੰਬਰ ਗੇਮ ਵਿੱਚ ਉਲਝਿਆ ਰਿਹਾ। ਅਖੀਰ ਬਾਜਵਾ ਖ਼ਿਲਾਫ਼ ਨਿੰਦਾ ਪ੍ਰਸਤਾਵ ਪਾਸ ਹੋਣ ਮਗਰੋਂ ਮਾਹੌਲ ਸ਼ਾਂਤ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਤਾਪ ਸਿੰਘ ਬਾਜਵਾ ਦਰਮਿਆਨ ਐਤਕੀਂ ਸਿੱਧਾ ਸ਼ਬਦੀ ਟਕਰਾਅ ਹੋਣ ਤੋਂ ਬਚਾਅ ਰਿਹਾ। 

         ਆਖ਼ਰੀ ਦਿਨ ਜਦੋਂ ਤਿੰਨ ਅਹਿਮ ਬਿੱਲ ਪਾਸ ਹੋ ਰਹੇ ਸਨ ਤਾਂ ਕਿਸੇ ਨੇ ਬਹਿਸ ਕਰਨ ਦੀ ਮੰਗ ਤੱਕ ਵੀ ਨਹੀਂ ਕੀਤੀ। ਬੇਸ਼ੱਕ ਸੈਸ਼ਨ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਭੂਪੇਸ਼ ਬਘੇਲ ਨੇ ਏਕਤਾ ਦੀਆਂ ਨਸੀਹਤਾਂ ਦਿੱਤੀਆਂ ਸਨ ਪ੍ਰੰਤੂ ਸਦਨ ਵਿੱਚ ਇਹ ਨਸੀਹਤਾਂ ਹਵਾਈ ਹੋ ਕੇ ਰਹਿ ਗਈਆਂ। ਇਸੇ ਕਰਕੇ ਸਦਨ ’ਚੋਂ ਵਾਕਆਊਟ ਸਮੇਂ ਕਾਂਗਰਸੀ ਮੈਂਬਰਾਂ ਦੇ ਨਾ ਤਾਂ ਨਾਅਰਿਆਂ ’ਚ ਜਾਨ ਦਿਖੀ ਅਤੇ ਨਾ ਹੀ ਇਕੱਠੀਆਂ ਬਾਹਾਂ ਉੱਠੀਆਂ। ਵੱਡਾ ਰੌਲਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸਦਨ ’ਚ ਬੋਲਣ ਦਾ ਸਮਾਂ ਨਾ ਦਿੱਤੇ ਜਾਣ ਤੋਂ ਵੀ ਪਿਆ। ਸਪੀਕਰ ਕੁਲਤਾਰ ਸਿੰਘ ਸੰਧਵਾਂ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਰਹੇ ਪ੍ਰੰਤੂ ਸੰਧਵਾਂ ਨੇ ਖਹਿਰਾ ਦੀ ਕੋਈ ਵਾਹ ਨਹੀਂ ਚੱਲਣ ਦਿੱਤੀ। ਬਾਅਦ ’ਚ ਖਹਿਰਾ ਸੈਸ਼ਨ ’ਚ ਮੁੜ ਦਿਖਾਈ ਨਹੀਂ ਦਿੱਤੇ। ਰਾਣਾ ਗੁਰਜੀਤ ਸਿੰਘ ਅਤੇ ਰਾਣਾ ਇੰਦਰ ਪ੍ਰਤਾਪ ਸਿੰਘ ਇੱਕੋ ਸੁਰ ਵਿੱਚ ਨਜ਼ਰ ਆਏ। ਦੋਵਾਂ ਨੇ ਪਾਣੀਆਂ ਦੇ ਮੁੱਦੇ ’ਤੇ ਚੰਗੀ ਬਹਿਸ ਵੀ ਕੀਤੀ। ਕਾਂਗਰਸ ਵਿਧਾਇਕ ਅਵਤਾਰ ਸਿੰਘ ਜੂਨੀਅਰ ਹੈਨਰੀ ਸ਼ਬਦੀ ਮਰਯਾਦਾ ਵਿੱਚ ਵੀ ਰਹੇ ਅਤੇ ਉਨ੍ਹਾਂ ਦੀ ਮੁੱਦਿਆਂ ਪ੍ਰਤੀ ਪਹੁੰਚ ਵੀ ਉਸਾਰੂ ਰਹੀ।

         ਵਿਧਾਇਕਾ ਅਰੁਣਾ ਚੌਧਰੀ ਨੇ ਮੁੱਦਿਆਂ ’ਤੇ ਗੱਲ ਸੀਮਿਤ ਰੱਖੀ। ਇੱਕ ਸਰਕਾਰੀ ਮਤੇ ਦਾ ਵਿਰੋਧ ਕਰਨ ਵਾਲੇ ਇਕੱਲੇ ਹੈਨਰੀ ਹੀ ਸਨ। ਵਿਰੋਧੀ ਧਿਰ ਦੇ ਨੇਤਾ ਬਾਜਵਾ ’ਤੇ ਹਾਕਮ ਧਿਰ ’ਚੋਂ ਸਭ ਤੋਂ ਤਿੱਖੇ ਹਮਲੇ ਵਿਧਾਇਕ ਗੁਰਪ੍ਰੀਤ ਸਿੰਘ ਵਣਾਂਵਾਲੀ ਨੇ ਕੀਤੇ। ਖ਼ਾਸ ਗੱਲ ਦੇਖਣ ਨੂੰ ਮਿਲੀ ਕਿ ਮੁੱਖ ਮੰਤਰੀ ਨੇ ਖ਼ੁਫ਼ੀਆ ਰਿਪੋਰਟ ਦੇ ਹਵਾਲੇ ਨਾਲ ਬਾਜਵਾ ਤੇ ਪਰਗਟ ਸਿੰਘ ਦੀ ਦਿੱਲੀ ਵਿਖੇ ਭੂਪੇਸ਼ ਬਘੇਲ ਦੀ ਮੀਟਿੰਗ ਵਿੱਚ ਹੋਈ ਤਲਖ਼ੀ ਦੀ ਗੱਲ ਕੀਤੀ ਅਤੇ ਕਿਹਾ ਕਿ ‘ਪਰਗਟ ਸਿੰਘ ਨੇ ਮੀਟਿੰਗ ’ਚ ਕਿਹਾ ਸੀ ਕਿ ਮੈਂ ਕਪਤਾਨੀ ਕੀਤੀ ਹੈ, ਤਸਕਰੀ ਨਹੀਂ।’ ਮੁੱਖ ਮੰਤਰੀ ਦੇ ਇਸ ਨੁਕਤੇ ਦਾ ਪਰਗਟ ਸਿੰਘ ਨੇ ਖੜ੍ਹੇ ਹੋ ਕੇ ਵਿਰੋਧ ਕਰਨ ਦੀ ਥਾਂ ਇਸ ਨੂੰ ਸਵੀਕਾਰ ਕਰ ਲਿਆ। ਇਹ ਮੌਕਾ ਕਾਂਗਰਸੀ ਵਿਧਾਇਕਾਂ ਦੀ ਆਪਸੀ ਅੰਦਰੂਨੀ ਫੁੱਟ ਨੂੰ ਦਰਸਾਉਂਦਾ ਹੈ। ਵਿਰੋਧੀ ਧਿਰ ਦੇ ਆਗੂ ਉਂਜ ਤਾਂ ਸਦਨ ਦੇ ਬਾਹਰ ਪੰਜਾਬ ਸਰਕਾਰ ਵਿੱਚ ਦਿੱਲੀ ਦੇ ਦਖ਼ਲ ਬਾਰੇ ਹੁੱਬ-ਹੁੱਬ ਕੇ ਗੱਲਾਂ ਕਰਦੇ ਰਹੇ ਪ੍ਰੰਤੂ ਸਦਨ ਵਿੱਚ ਕੋਈ ਆਗੂ ਇਹ ਮੁੱਦਾ ਚੁੱਕਣ ਦੀ ਹਿੰਮਤ ਨਹੀਂ ਦਿਖਾ ਸਕਿਆ।

        ਸਿਫ਼ਰ ਕਾਲ ’ਚ ਪਰਗਟ ਸਿੰਘ ਨੇ ਮਲਵੀ ਜੀਭ ਨਾਲ ਸਿਰਫ਼ ਏਨਾ ਪੁੱਛਿਆ ਸੀ ਕਿ ਜੋ ਦਿੱਲੀ ਸਰਕਾਰ ਨਾਲ ਨੌਲੇਜ ਸ਼ੇਅਰਿੰਗ ਸਮਝੌਤਾ ਹੋਇਆ ਸੀ, ਉਸ ਦਾ ਕੀ ਬਣਿਆ ਜਾਂ ਫਿਰ ਝੋਨੇ ਦੀ ਖ਼ਰੀਦ ’ਚ ਹੋਈ ਲੁੱਟ ਦੇ ਪੈਸੇ ਦਿੱਲੀ ਜਾਣ ਦੀ ਗੱਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਹਲਕੇ ਸੁਰ ਵਿੱਚ ਛੇੜੀ ਸੀ। ਦਿਲਚਸਪ ਗੱਲ ਇਹ ਵੀ ਸੀ ਕਿ ਵਿਰੋਧੀ ਵਿਧਾਇਕਾਂ ਨੇ ਸੈਸ਼ਨ ਦਾ ਸਮਾਂ ਵਧਾਏ ਜਾਣ ਦੀ ਮੰਗ ਕੋਈ ਉੱਭਰਵੇਂ ਰੂਪ ਵਿੱਚ ਨਹੀਂ ਕੀਤੀ। ਹਾਕਮ ਧਿਰ ’ਚੋਂ ਇੰਦਰਬੀਰ ਸਿੰਘ ਨਿੱਝਰ, ਗੁਰਪ੍ਰੀਤ ਸਿੰਘ ਵਣਾਂਵਾਲੀ, ਪ੍ਰਿੰਸੀਪਲ ਬੁੱਧ ਰਾਮ, ਅੰਮ੍ਰਿਤਪਾਲ ਸੁੱਖਾਨੰਦ ਆਦਿ ਦੀ ਸਦਨ ’ਚ ਭੂਮਿਕਾ ਵਧੀਆ ਰਹੀ।

Saturday, March 29, 2025

                                                         ਸਦਨ ਖ਼ਾਮੋਸ਼
                                       ਪੰਜਾਬ ਦੇ ਜਾਏ, ਨਜ਼ਰ ਨਾ ਆਏ..!
                                                        ਚਰਨਜੀਤ ਭੁੱਲਰ  

ਚੰਡੀਗੜ੍ਹ :ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਸਦਨ ਵਿੱਚ ਮੁੱਦੇ ਗੰਭੀਰ ਸਨ ਪਰ ਅੱਜ ਬਹੁਤੇ ਮੈਂਬਰ ਗੰਭੀਰ ਨਜ਼ਰ ਨਹੀਂ ਆਏ। ਹਾਕਮ ਧਿਰ ਅਤੇ ਵਿਰੋਧੀ ਧਿਰ ਦੇ ਮੈਂਬਰ ਇਸ ਮਾਮਲੇ ’ਚ ਇੱਕੋ ਕਿਸ਼ਤੀ ’ਚ ਸਵਾਰ ਦਿਖਾਈ ਦਿੱਤੇ। ਜਿੰਨਾ ਸਮਾਂ ਸਦਨ ’ਚ ਪੰਜਾਬ ਦੇ ਡਿੱਗ ਰਹੇ ਜ਼ਮੀਨ ਹੇਠਲੇ ਪਾਣੀ ਵਰਗੇ ਗੰਭੀਰ ਮੁੱਦੇ ’ਤੇ ਬਹਿਸ ਹੋਈ, ਮੈਂਬਰਾਂ ਦੀ ਗ਼ੈਰਹਾਜ਼ਰੀ ਕਾਰਨ ਸਦਨ ’ਚ ਸੰਨਾਟਾ ਛਾਇਆ ਰਿਹਾ। ਸਦਨ ’ਚੋਂ ਖਾਸ ਤੌਰ ’ਤੇ ਸੀਨੀਅਰ ਮੈਂਬਰ ਗੈਰਹਾਜ਼ਰ ਰਹੇ ਜਦਕਿ ਟਾਵੇਂ-ਟਾਵੇਂ ਮੈਂਬਰ ਹੀ ਇਸ ਮੁੱਦੇ ਨਾਲ ਭਾਵੁਕ ਤੌਰ ’ਤੇ ਜੁੜੇ ਨਜ਼ਰ ਆਏ। ‘ਆਪ’ ਵਿਧਾਇਕ ਗੁਰਦੇਵ ਮਾਨ ਨੇ ਸਦਨ ’ਚ ਅੱਜ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਅਤੇ ਵਾਤਾਵਰਨ ਦੀ ਸੰਭਾਲ ਲਈ ਤੁਰੰਤ ਅਸਰਦਾਰ ਕਦਮ ਚੁੱਕੇ ਜਾਣ ਦਾ ਗ਼ੈਰ-ਸਰਕਾਰੀ ਮਤਾ ਪੇਸ਼ ਕੀਤਾ। ਅੱਜ ਸਦਨ ’ਚ ਬੋਲਣ ਲਈ ਸਭ ਲਈ ਸਮ੍ਹਾਂ ਖੁੱਲ੍ਹਾ ਸੀ ਪਰ ਪੰਜਾਬ ਦੇ ਜਾਏ ਕਿਧਰੇ ਨਜ਼ਰ ਨਾ ਆਏ। ਦਰਜਨ ਕੁ ਵਿਧਾਇਕ ਅਜਿਹੇ ਸਨ ਜਿਨ੍ਹਾਂ ਨੇ ਨੀਝ ਲਾ ਕੇ ਸਮੁੱਚੀ ਬਹਿਸ ਨੂੰ ਸੁਣਿਆ।

        ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਵਿੱਚ ਇੱਕ ਕਾਲਜ ਦੀ ਸਾਲਾਨਾ ਕਨਵੋਕੇਸ਼ਨ ’ਚ ਗਏ ਹੋਏ ਸਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਇਸ ਬਹਿਸ ਮੌਕੇ ਟਾਲਾ ਵੱਟ ਗਏ ਤੇ ਪ੍ਰਗਟ ਸਿੰਘ ਵੀ ਗ਼ਾਇਬ ਰਹੇ। ਸਮਾਂ ਨਾ ਮਿਲਣ ਦੀ ਸ਼ਿਕਾਇਤ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਨੂੰ ਅੱਜ ਸਪੀਕਰ ਸੰਧਵਾਂ ਹਾਕਾਂ ਮਾਰਦੇ ਰਹੇ। ਜਿਨ੍ਹਾਂ ਮੈਂਬਰਾਂ ਨੇ ਬਹਿਸ ਵਿੱਚ ਹਿੱਸਾ ਲਿਆ, ਉਨ੍ਹਾਂ ਦੇ ਤੱਥਾਂ ਵਿਚ ਬਹੁਤਾ ਨਵਾਂਪਣ ਤਾਂ ਨਹੀਂ ਸੀ ਪਰ ਉਹ ਗੱਲ ਕਹਿਣ ’ਚ ਸਫਲ ਰਹੇ। ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਬਹਿਸ ’ਚ ਹਿੱਸਾ ਵੀ ਲਿਆ ਤੇ ਸਮੁੱਚੀ ਬਹਿਸ ਨੂੰ ਸਮਾਪਤੀ ਤੱਕ ਨਿਠ ਕੇ ਸੁਣਿਆ ਵੀ। ਵਿਰੋਧੀ ਧਿਰ ’ਚੋਂ ਅਵਤਾਰ ਸਿੰਘ ਜੂਨੀਅਰ ਹੈਨਰੀ ਤੇ ਬਰਿੰਦਰਮੀਤ ਪਾਹੜਾ ਵੀ ਹਾਜ਼ਰ ਰਹੇ। ਜਦੋਂ ਕਰੀਬ ਪੌਣੇ ਦੋ ਵਜੇ ਬਹਿਸ ਸਿਖਰ ’ਤੇ ਸੀ ਤਾਂ ਉਸ ਵਕਤ ਸਦਨ ’ਚ 31 ਮੈਂਬਰ ਹੀ ਹਾਜ਼ਰ ਸਨ ਜਿਨ੍ਹਾਂ ’ਚ ਪੰਜ ਵਜ਼ੀਰਾਂ ਸਣੇ 25 ਹਾਕਮ ਧਿਰ ਦੇ ਅਤੇ ਛੇ ਵਿਰੋਧੀ ਧਿਰ ਦੇ ਮੈਂਬਰ ਸਨ। ਜਦੋਂ ਬਹਿਸ ਸਮਾਪਤ ਹੋਈ ਤਾਂ ਉਸ ਵੇਲੇ ਹਾਕਮ ਧਿਰ ਦੇ ਪੰਜ ਵਜ਼ੀਰਾਂ ਸਣੇ 28 ਮੈਂਬਰ ਤੇ ਵਿਰੋਧੀ ਧਿਰ ਦੇ ਪੰਜ ਮੈਂਬਰ ਮੌਜੂਦ ਸਨ। 

         ਭਾਜਪਾ ਦੇ ਅਸ਼ਵਨੀ ਸ਼ਰਮਾ ਬਹਿਸ ਦੀ ਸਮਾਪਤੀ ਮੌਕੇ ਪੁੱਜੇ। ਔਰਤਾਂ ’ਚੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ, ਇੰਦਰਜੀਤ ਕੌਰ ਮਾਨ, ਨਰਿੰਦਰ ਕੌਰ ਭਰਾਜ ਅਤੇ ਨੀਨਾ ਮਿੱਤਲ ਅਖੀਰ ਤੱਕ ਸਦਨ ’ਚ ਨਜ਼ਰ ਆਈਆਂ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੂੰ ਸਮਾਂ ਨਾ ਮਿਲਣ ਕਰਕੇ ਕਾਂਗਰਸ ਨੇ ਲੰਘੇ ਦਿਨ ਦੋ ਵਾਰ ਵਾਕਆਊਟ ਕੀਤਾ, ਅੱਜ ਸਦਨ ’ਚ ਨਹੀਂ ਪਹੁੰਚੇ। ਸਦਨ ’ਚ ਬਹਿਸ ਮੌਕੇ ਕੁੱਝ ਵਿਧਾਇਕ ਰੀਲਾਂ ਦੇਖਦੇ ਰਹੇ ਅਤੇ ਕੁਝ ਉਬਾਸੀਆਂ ਦੇ ਸਤਾਏ ਹੋਣ ਦੇ ਬਾਵਜੂਦ ਵੀ ਬੈਠੇ ਰਹੇ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਵਿਰੋਧੀ ਧਿਰ ਨੂੰ ਵਾਰ ਵਾਰ ਪੁੱਛਿਆ ਕਿ ਸਮੇਂ ਦੀ ਕੋਈ ਕਮੀ ਤਾਂ ਨਹੀਂ।

                                      ਥੱਕੇ ਥੱਕੇ ਨਜ਼ਰ ਆਏ ਕਾਂਗਰਸੀ..

ਸਦਨ ’ਚ ਅੱਜ ਵਿਰੋਧੀ ਧਿਰ ਆਪਣੀ ਸੁਸਤੀ ਨਹੀਂ ਭੰਨ ਸਕੀ। ਜਦੋਂ ਸਿਫ਼ਰ ਕਾਲ ਚੱਲ ਰਿਹਾ ਸੀ ਤਾਂ ਪ੍ਰਤਾਪ ਸਿੰਘ ਬਾਜਵਾ ਕੋਈ ਵੀ ਮੁੱਦਾ ਚੁੱਕਣ ਲਈ ਖੜ੍ਹੇ ਨਹੀਂ ਹੋਏ। ਜਦੋਂ ਥੋੜ੍ਹੇ ਸਮੇਂ ’ਚ ਸਿਫ਼ਰ ਕਾਲ ਖ਼ਤਮ ਹੋ ਗਿਆ ਤਾਂ ਬਾਜਵਾ ਨੇ ਸਿਫ਼ਰ ਕਾਲ ਦਾ ਸਮਾਂ ਵਧਾਏ ਜਾਣ ਦੀ ਮੰਗ ਕੀਤੀ। ਸਮਝ ਨਹੀਂ ਪਈ ਕਿ ਵਿਰੋਧੀ ਧਿਰ ਅੱਜ ਢਹਿੰਦੀ ਕਲਾ ਵਾਲੇ ਰੌਂਅ ਵਿੱਚ ਕਿਉਂ ਸੀ। ਲੰਮੇ ਸੈਸ਼ਨ ਦੀ ਮੰਗ ਕਰਨ ਵਾਲੀ ਵਿਰੋਧੀ ਧਿਰ ਕੋਲ ਅੱਜ ਛੋਟੇ ਮੁੱਦੇ ਵੀ ਮੁੱਕੇ ਹੋਏ ਜਾਪੇ।

                                                         ਬਜਟ ਇਜਲਾਸ
                                   ਦਸ ਮਿੰਟਾਂ ’ਚ ਤਿੰਨ ਬਿੱਲ ਪਾਸ
                                                          ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ’ਚ ਬਜਟ ਇਜਲਾਸ ਦੇ ਆਖ਼ਰੀ ਦਿਨ ਸਦਨ ਨੇ ਮਹਿਜ਼ ਦਸ ਮਿੰਟਾਂ ’ਚ ਹੀ ਬਿਨਾਂ ਕਿਸੇ ਬਹਿਸ ਤੋਂ ਤਿੰਨ ਅਹਿਮ ਬਿੱਲ ਪਾਸ ਕਰ ਦਿੱਤੇ। ਨਾ ਹਾਕਮ ਧਿਰ ਦੇ ਮੈਂਬਰਾਂ ਨੇ ਬਿੱਲਾਂ ’ਤੇ ਚਰਚਾ ਕੀਤੀ ਅਤੇ ਨਾ ਹੀ ਵਿਰੋਧੀ ਧਿਰ ਨੇ ਬਹਿਸ ਕਰਨ ਦੀ ਮੰਗ ਕੀਤੀ। ਸਿਰਫ਼ ਇੱਕ ਸਰਕਾਰੀ ਮਤੇ ’ਤੇ ਕਾਂਗਰਸੀ ਵਿਧਾਇਕ ਅਵਤਾਰ ਸਿੰਘ ਜੂਨੀਅਰ ਹੈਨਰੀ ਨੇ ਬਹਿਸ ਕੀਤੀ ਅਤੇ ਮਤੇ ਦਾ ਵਿਰੋਧ ਕੀਤਾ। ਇਸ ਮਗਰੋਂ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।ਸੈਸ਼ਨ ਦੀ ਸਮਾਪਤੀ ਮਗਰੋਂ ਇੱਕ ਸੀਨੀਅਰ ਕਾਂਗਰਸੀ ਵਿਧਾਇਕ ਨੇ ਨਿੱਜੀ ਤੌਰ ’ਤੇ ਕਿਹਾ ਕਿ ਉਨ੍ਹਾਂ ਨੂੰ ਬਿੱਲਾਂ ਦੀਆਂ ਹਾਰਡ ਕਾਪੀਆਂ ਨਹੀਂ ਦਿੱਤੀਆਂ ਜਾਂਦੀਆਂ ਤੇ ਸਿਰਫ਼ ਆਨਲਾਈਨ ਹੀ ਉਪਲਬਧ ਹੁੰਦੀਆਂ ਹਨ ਜਿਨ੍ਹਾਂ ਨੂੰ ਪੜ੍ਹਨਾ ਔਖਾ ਹੈ। ਦੂਜੇ ਪਾਸੇ ਸਦਨ ’ਚ ਅਜਿਹਾ ਇਤਰਾਜ਼ ਕਿਸੇ ਵੀ ਵਿਧਾਇਕ ਵੱਲੋਂ ਨਹੀਂ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵਿਧਾਇਕ ਮਨਪ੍ਰੀਤ ਇਆਲੀ ਅਤੇ ਡਾ. ਸੁਖਵਿੰਦਰ ਸੁੱਖੀ ਨੇ ਵੀ ਬਿੱਲਾਂ ’ਤੇ ਬਹਿਸ ਲਈ ਸਮਾਂ ਨਹੀਂ ਮੰਗਿਆ।

         ਸਦਨ ਨੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪੇਸ਼ ‘ਦਿ ਟਰਾਂਸਫ਼ਰ ਆਫ਼ ਪ੍ਰਿਜ਼ਨਰਜ਼ (ਪੰਜਾਬ ਸੋਧ) ਬਿੱਲ 2025’ ਪਾਸ ਕੀਤਾ। ਇਸ ਬਿੱਲ ਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਮਿਲਣ ਮਗਰੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਦਹਿਸ਼ਤਗਰਦਾਂ, ‘ਏ’ ਕੈਟਾਗਰੀ ਗੈਂਗਸਟਰਾਂ, ਤਸਕਰਾਂ ਅਤੇ ਖ਼ਤਰਨਾਕ ਅਪਰਾਧੀਆਂ ਨੂੰ ਦੂਜੇ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਭੇਜਣ ਦਾ ਰਾਹ ਪੱਧਰਾ ਹੋ ਜਾਵੇਗਾ। ਦੂਜੇ ਸੂਬਿਆਂ ’ਚੋਂ ਵੀ ਵਿਚਾਰ ਅਧੀਨ ਕੈਦੀ ਇੱਥੋਂ ਦੀਆਂ ਜੇਲ੍ਹਾਂ ਵਿੱਚ ਤਬਦੀਲ ਕੀਤੇ ਜਾ ਸਕਣਗੇ। ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆ ਵੱਲੋਂ ਪੇਸ਼ ‘ਦਿ ਇੰਡੀਅਨ ਸਟੈਂਪ (ਪੰਜਾਬ ਸੋਧ) ਬਿੱਲ 2025’ ਪਾਸ ਕਰ ਦਿੱਤਾ ਗਿਆ। ਇਸ ਬਿੱਲ ਅਨੁਸਾਰ ਜੇ ਕੋਈ ਵਿਅਕਤੀ ਪਹਿਲਾਂ ਹੀ ਕਰਜ਼ੇ ’ਤੇ ਸਟੈਂਪ ਡਿਊਟੀ ਦਾ ਭੁਗਤਾਨ ਕਰ ਚੁੱਕਾ ਹੈ ਅਤੇ ਬਾਅਦ ਵਿੱਚ ਗਹਿਣੇ ਰੱਖੀ ਜਾਇਦਾਦ ਨੂੰ ਬਿਨਾਂ ਮਾਰਗੇਜ਼ ਪ੍ਰਾਪਰਟੀ ਬਦਲੇ ਬਿਨਾਂ ਕਿਸੇ ਹੋਰ ਬੈਂਕ ਜਾਂ ਵਿੱਤੀ ਸੰਸਥਾ ਵਿੱਚ ਤਬਦੀਲ ਕਰਦਾ ਹੈ ਤਾਂ ਕੋਈ ਵਾਧੂ ਅਸ਼ਟਾਮ ਡਿਊਟੀ ਨਹੀਂ ਲਈ ਜਾਵੇਗੀ, ਜਦੋਂ ਤੱਕ ਕਿ ਨਵੀਂ ਕਰਜ਼ੇ ਦੀ ਰਕਮ ਪਿਛਲੀ ਰਕਮ ਤੋਂ ਵੱਧ ਨਾ ਹੋਵੇ।

         ਇਸ ਸਥਿਤੀ ਵਿੱਚ ਡਿਊਟੀ ਸਿਰਫ਼ ਵਾਧੂ ਰਕਮ ’ਤੇ ਹੀ ਲਗਾਈ ਜਾਵੇਗੀ। ਖਣਨ ਮੰਤਰੀ ਬਰਿੰਦਰ ਗੋਇਲ ਵੱਲੋਂ ਪੇਸ਼ ‘ਦਿ ਪੰਜਾਬ ਰੈਗੂਲੇਸ਼ਨ ਆਫ਼ ਕਰੱਸ਼ਰ ਯੂਨਿਟਜ਼ ਐਂਡ ਸਟਾਕਿਸਟਸ ਐਂਡ ਰਿਟੇਲਰਜ਼ ਬਿੱਲ 2025’ ਵੀ ਬਿਨਾਂ ਚਰਚਾ ਤੋਂ ਪਾਸ ਹੋ ਗਿਆ। ਇਸ ਬਿੱਲ ਦਾ ਸਬੰਧ ਕਰੱਸ਼ਰ ਯੂਨਿਟਾਂ ਦੀ ਰਜਿਸਟ੍ਰੇਸ਼ਨ, ਸਟਾਕਿਸਟਾਂ ਅਤੇ ਰਿਟੇਲਰਾਂ ਨਾਲ ਅਤੇ ਗੈਰਕਾਨੂੰਨੀ ਵਪਾਰ ਰੋਕਣ ਨਾਲ ਹੈ। ਇਸ ਬਿੱਲ ਤਹਿਤ ਵਾਤਾਵਰਣ ਮੈਨੇਜਮੈਂਟ ਫ਼ੰਡ ਦੀ ਸਥਾਪਨਾ ਵੀ ਕੀਤੀ ਜਾਣੀ ਹੈ। ਅੱਜ ਸਦਨ ’ਚ ਵਿਧਾਨ ਸਭਾ ਦੀਆਂ ਕਮੇਟੀਆਂ ਦੀ ਰਿਪੋਰਟਾਂ ਨੂੰ ਪ੍ਰਵਾਨਗੀ ਮਿਲੀ ਅਤੇ ਸਾਲ 2025-26 ਲਈ ਕਮੇਟੀਆਂ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਗਈ। ਸਦਨ ’ਚ ਅੱਜ ਵੱਖ-ਵੱਖ ਕਮੇਟੀਆਂ ਦੀਆਂ ਰਿਪੋਰਟਾਂ ਪੇਸ਼ ਕੀਤੀਆਂ ਗਈਆਂ। ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਕਮੇਟੀ ਦੀ 49ਵੀਂ ਰਿਪੋਰਟ ਕਮੇਟੀ ਦੇ ਚੇਅਰਮੈਨ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਪੇਸ਼ ਕੀਤੀ। 

          ਸਰਕਾਰੀ ਵਾਅਦਿਆਂ ਸਬੰਧੀ ਕਮੇਟੀ ਦੀ 53ਵੀਂ ਰਿਪੋਰਟ ਕਮੇਟੀ ਦੇ ਚੇਅਰਮੈਨ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਅਧੀਨ ਵਿਧਾਨ ਕਮੇਟੀ ਦੀ 46ਵੀਂ ਰਿਪੋਰਟ ਕਮੇਟੀ ਦੇ ਚੇਅਰਮੈਨ ਅਮਰਪਾਲ ਸਿੰਘ ਤੇ ਕੁਐਸਚਨਜ਼ ਅਤੇ ਰੈਫਰੈਂਸਿਜ਼ ਕਮੇਟੀ ਦੀ 17ਵੀਂ ਰਿਪੋਰਟ ਕਮੇਟੀ ਦੇ ਚੇਅਰਮੈਨ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਰਿਪੋਰਟ ਪੇਸ਼ ਕੀਤੀ। ਇਸੇ ਤਰ੍ਹਾਂ ਖੇਤੀਬਾੜੀ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸਬੰਧੀ ਕਮੇਟੀ ਦੀ ਤੀਜੀ ਰਿਪੋਰਟ ਕਮੇਟੀ ਦੇ ਚੇਅਰਮੈਨ ਵਿਧਾਇਕ ਸਰਵਣ ਸਿੰਘ ਧੁੰਨ ਤੇ ਪਟੀਸ਼ਨ ਕਮੇਟੀ ਦੀ ਪਹਿਲੀ ਰਿਪੋਰਟ ਕਮੇਟੀ ਦੇ ਚੇਅਰਮੈਨ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪੇਸ਼ ਕੀਤੀ।

                                       ਵਿਰੋਧੀ ਧਿਰ ਦੀ ਚੁੱਪ ਭੇਤ ਬਣੀ

ਵਿਰੋਧੀ ਧਿਰ ਦੀ ਅਹਿਮ ਬਿੱਲਾਂ ਦੇ ਪਾਸ ਹੋਣ ਮੌਕੇ ਚੁੱਪ ਨੂੰ ਲੈ ਕੇ ਕਈ ਸੁਆਲ ਖੜ੍ਹੇ ਹੋ ਗਏ ਹਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਬਿੱਲ ਪਾਸ ਹੋਣ ਵੇਲੇ ਸਮੁੱਚੇ ਮਾਹੌਲ ਨੂੰ ਨੇੜਿਓਂ ਦੇਖਦੇ ਤਾਂ ਰਹੇ ਪਰ ਉਨ੍ਹਾਂ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਖੜ੍ਹਾ ਨਹੀਂ ਕੀਤਾ। ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਬਸਪਾ ਅਤੇ ਆਜ਼ਾਦ ਉਮੀਦਵਾਰ ਨੇ ਵੀ ਇਨ੍ਹਾਂ ਬਿੱਲਾਂ ਨੂੰ ਸਮੁੱਚਤਾ ਵਿੱਚ ਪ੍ਰਵਾਨ ਕਰ ਲਿਆ ਅਤੇ ਕਿਸੇ ਤਰ੍ਹਾਂ ਦੀ ਬਹਿਸ ਦੀ ਕੋਈ ਮੰਗ ਨਹੀਂ ਕੀਤੀ।

                                      ਅਸਮਾਨੀਂ ਗੁੱਡੀ ਚੜ੍ਹਾ ਖਿੱਚੀ ਡੋਰ 

ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ‘ਮੁੱਖ ਮੰਤਰੀ ਸਿਹਤ ਬੀਮਾ ਸਕੀਮ’ ਨੂੰ ਲੈ ਕੇ ਅੱਜ ਸਦਨ ’ਚ ਪਹਿਲਾਂ ਸਰਕਾਰ ਦੀ ਗੁੱਡੀ ਚੜ੍ਹਾਈ ਤੇ ਮਗਰੋਂ ਡੋਰ ਖਿੱਚ ਲਈ। ਆਜ਼ਾਦ ਵਿਧਾਇਕ ਨੇ 65 ਲੱਖ ਪਰਿਵਾਰਾਂ ਲਈ 10 ਲੱਖ ਤੱਕ ਦੀ ਬੀਮਾ ਸਕੀਮ ਦੀ ਤਾਰੀਫ਼ ਕੀਤੀ। ਵਿਧਾਇਕ ਦੇ ਕਹਿਣ ’ਤੇ ਹਾਕਮ ਧਿਰ ਨੇ ਮੇਜ਼ ਥਪਥਪਾਏ। ਆਜ਼ਾਦ ਵਿਧਾਇਕ ਨੇ ਪ੍ਰਤਾਪ ਬਾਜਵਾ ਨੂੰ ਮੁਖ਼ਾਤਬ ਹੁੰਦੇ ਕਿਹਾ ਕਿ ‘ਚਾਚਾ ਜੀ ਤੁਸੀਂ ਵੀ ਥਪਥਪਾਓ।’ ਪਰ ਹਾਕਮ ਧਿਰ ਉਦੋਂ ਹੱਕੀ-ਬੱਕੀ ਰਹਿ ਗਈ ਜਦੋਂ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸੁਆਲ ਖੜ੍ਹਾ ਕਰ ਦਿੱਤਾ ਕਿ 65 ਲੱਖ ਪਰਿਵਾਰਾਂ ਨੂੰ 10 ਲੱਖ ਤੱਕ ਦੇ ਇਲਾਜ ਦੀ ਸਹੂਲਤ ਲਈ 6.5 ਲੱਖ ਕਰੋੜ ਰੁਪਏ ਦੀ ਲੋੜ ਪਵੇਗੀ। ਜੇ 30 ਫ਼ੀਸਦੀ ਲੋਕਾਂ ਨੇ ਵੀ ਇਲਾਜ ਕਰਾਇਆ ਤਾਂ ਦੋ ਢਾਈ ਲੱਖ ਕਰੋੜ ਦੀ ਲੋੜ ਪਵੇਗੀ, ਕਿੱਥੋਂ ਆਵੇਗਾ ਏਨਾ ਪੈਸਾ। ਬਜਟ ’ਚ ਬੀਮਾ ਸਕੀਮ ਲਈ ਸਿਰਫ਼ 778 ਕਰੋੜ ਰੱਖੇ ਹਨ, ਉਸ ਨਾਲ ਤਾਂ .12 ਫ਼ੀਸਦੀ ਦਾ ਹੀ ਇਲਾਜ ਹੋ ਸਕੇਗਾ। ਸਿਹਤ ਮੰਤਰੀ ਨੇ ਸਫ਼ਾਈ ਦਿੱਤੀ ਕਿ ਉਨ੍ਹਾਂ ਨੇ ਮਾਹਿਰਾਂ ਤੋਂ ਮਸ਼ਵਰਾ ਲੈ ਕੇ ਅਗਾਊਂ ਪ੍ਰਬੰਧ ਕੀਤੇ ਹੋਏ ਹਨ।


Wednesday, March 19, 2025

                                                       ਤਕਨੀਕੀ ਕ੍ਰਿਸ਼ਮਾ
                                ਸੜਕਾਂ ਤੋਂ ਲੱਭੇ 142 ਕਰੋੜ ਰੁਪਏ
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਸ ਰਕਾਰ ਨੇ ਲਿੰਕ ਸੜਕਾਂ ਦੀ ਮੁਰੰਮਤ ਦੇ ਨਵੇਂ ਪ੍ਰਾਜੈਕਟ ’ਚ ਕਰੀਬ 142 ਕਰੋੜ ਰੁਪਏ ਦੀ ਕਥਿਤ ਚੋਰ ਮੋਰੀ ਫੜੀ ਹੈ। ਮਸਨੂਈ ਬੌਧਿਕਤਾ (ਏਆਈ) ਤਕਨੀਕ ਸਦਕਾ ਅਜਿਹਾ ਸੰਭਵ ਹੋਇਆ ਹੈ। ਏਆਈ ਤਕਨੀਕ ਦਾ ਕ੍ਰਿਸ਼ਮਾ ਹੈ ਕਿ ਪਠਾਨਕੋਟ ਜ਼ਿਲ੍ਹੇ ’ਚ ਅਜਿਹੀਆਂ ਤਿੰਨ ਸੜਕਾਂ ਲੱਭੀਆਂ ਹੀ ਨਹੀਂ, ਜਿਨ੍ਹਾਂ ਦੀ ਮੁਰੰਮਤ ਦੇ ਅਨੁਮਾਨ ਤਿਆਰ ਕੀਤੇ ਗਏ ਸਨ। ਏਆਈ ਤਕਨੀਕ ਜ਼ਰੀਏ ਜਦੋਂ ਸੱਚ ਸਾਹਮਣੇ ਆਇਆ ਤਾਂ ਪਠਾਨਕੋਟ ਪ੍ਰਸ਼ਾਸਨ ਨੇ ਇਸ ਨੂੰ ਕਲੈਰੀਕਲ ਗਲਤੀ ਆਖ ਕੇ ਪੱਲਾ ਝਾੜ ਲਿਆ। ਪਹਿਲੇ ਗੇੜ ਤਹਿਤ ਸਾਲ 2022-23 ’ਚ ਏਆਈ ਤਕਨੀਕ ਜ਼ਰੀਏ 60 ਕਰੋੜ ਰੁਪਏ ਦੇ ਖ਼ਜ਼ਾਨੇ ਦੀ ਬੱਚਤ ਹੋਈ ਸੀ। ਪੰਜਾਬ ਸਰਕਾਰ ਵੱਲੋਂ ਹੁਣ ਸਾਲ 2024-25 ਲਈ ਲਿੰਕ ਸੜਕਾਂ ਦੀ ਮੁਰੰਮਤ ਲਈ 2400 ਕਰੋੜ ਕਰੋੜ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। 

          ਡਿਪਟੀ ਕਮਿਸ਼ਨਰਾਂ ਵੱਲੋਂ ਹਰ ਜ਼ਿਲ੍ਹੇ ’ਚੋਂ ਸੜਕੀ ਮੁਰੰਮਤ ਦੇ ਐਸਟੀਮੇਟ ਸਿਫ਼ਾਰਸ਼ ਕਰਕੇ ਭੇਜੇ ਗਏ ਹਨ। ਪੰਜਾਬ ਮੰਡੀ ਬੋਰਡ ਏਆਈ ਤਕਨੀਕ ਵਰਤ ਰਿਹਾ ਹੈ ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਮੁੱਢਲੇ ਪੜਾਅ ’ਤੇ ਹੁਣ ਦਸ ਜ਼ਿਲ੍ਹਿਆਂ ’ਚ ਜਦੋਂ 5,303 ਕਿਲੋਮੀਟਰ ਸੜਕਾਂ ਦੇ 2,131 ਕੰਮਾਂ ਦਾ ਏਆਈ ਤਕਨੀਕ ਰਾਹੀਂ ਸਰਵੇਖਣ ਕੀਤਾ ਗਿਆ ਤਾਂ 142 ਕਰੋੜ ਰੁਪਏ ਦੀ ਜਾਅਲਸਾਜ਼ੀ ਫੜੀ ਗਈ। ਦਸ ਜ਼ਿਲ੍ਹਿਆਂ ’ਚੋਂ ਸੜਕੀ ਪ੍ਰਾਜੈਕਟ ਦੀ ਲਾਗਤ ਦਾ ਐਸਟੀਮੇਟ 1,029 ਕਰੋੜ ਰੁਪਏ ਬਣਾਇਆ ਗਿਆ ਸੀ। ਏਆਈ ਤਕਨੀਕ ਨਾਲ ਜਦੋਂ ਸਰਵੇਖਣ ਕੀਤਾ ਗਿਆ ਤਾਂ ਇਹ ਲਾਗਤ ਖਰਚਾ ਘੱਟ ਕੇ 877 ਕਰੋੜ ਰੁਪਏ ਰਹਿ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ 3 ਜੁਲਾਈ 2023 ਨੂੰ ਉੱਚ ਪੱਧਰੀ ਮੀਟਿੰਗ ਵਿਚ ਫ਼ੈਸਲਾ ਕੀਤਾ ਸੀ ਕਿ ਸੜਕੀ ਮੁਰੰਮਤ ਤੋਂ ਪਹਿਲਾਂ ਏਆਈ ਸਰਵੇਖਣ ਕੀਤਾ ਜਾਵੇ।

          ਏਆਈ ਸਰਵੇਖਣ ’ਚ ਸਾਹਮਣੇ ਆਇਆ ਹੈ ਕਿ ਜਿੱਥੇ ਸੜਕਾਂ ’ਤੇ ਮੋਟੇ ਪੱਥਰ ਦੀ ਲੋੜ ਹੀ ਨਹੀਂ ਸੀ, ਉੱਥੇ ਪੱਥਰ ਦੀ ਲੋੜ ਦਰਸਾਈ ਗਈ ਅਤੇ ਇਸੇ ਤਰ੍ਹਾਂ ਕਿਸੇ ਲਿੰਕ ਸੜਕ ਦੀ ਅਸਲ ਲੰਬਾਈ ਵੱਧ ਦਿਖਾਈ ਗਈ, ਜਦਕਿ ਸਰਵੇਖਣ ਦੌਰਾਨ ਲੰਬਾਈ ਘੱਟ ਨਿਕਲੀ। ਹਾਲੇ ਬਾਕੀ ਜ਼ਿਲ੍ਹਿਆਂ ’ਚ ਏਆਈ ਸਰਵੇਖਣ ਦਾ ਕੰਮ ਚੱਲ ਰਿਹਾ ਹੈ ਸਰਵੇਖਣ ਅਧੀਨ ਆਏ ਦਸ ਜ਼ਿਲ੍ਹਿਆਂ ’ਚੋਂ ਸਭ ਤੋਂ ਵੱਧ ਜ਼ਿਲ੍ਹਾ ਬਠਿੰਡਾ ’ਚ 34.75 ਕਰੋੜ ਦੀ ਕਥਿਤ ਚੋਰ ਮੋਰੀ ਫੜੀ ਗਈ ਹੈ, ਜਦਕਿ ਦੂਜੇ ਨੰਬਰ ’ਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ 29.32 ਕਰੋੜ ਦੀ ਜਾਅਲਸਾਜ਼ੀ ਬੇਪਰਦ ਹੋਈ ਹੈ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ’ਚ 17.62 ਕਰੋੜ, ਪਠਾਨਕੋਟ ਵਿੱਚ 12.74 ਕਰੋੜ, ਪਟਿਆਲਾ ਵਿੱਚ 14.56 ਕਰੋੜ ਦੀ ਚੋਰ ਮੋਰੀ ਫੜੀ ਗਈ ਹੈ। ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਮੰਡੀ ਬੋਰਡ ਨੇ ਸਾਲ 2022 ਵਿੱਚ ਪਾਇਲਟ ਪ੍ਰਾਜੈਕਟ ਤਹਿਤ ਦੋ ਜ਼ਿਲ੍ਹਿਆਂ ਵਿੱਚ ਏਆਈ ਸਰਵੇਖਣ ਕੀਤਾ ਸੀ ਜਿਸ ਦੌਰਾਨ 4.50 ਲੱਖ ਰੁਪਏ ਦੀ ਬਚਤ ਹੋਈ ਸੀ।

                                    ਭਾਈਆ ਜੀ ! ਥੋਡੀ ਖ਼ੈਰ ਹੋਵੇ..
                                                         ਚਰਨਜੀਤ ਭੁੱਲਰ

ਚੰਡੀਗੜ੍ਹ : ਜੱਟਾਂ ਆਲੇ ਘਾਲੇ-ਮਾਲੇ ’ਚ ਜਿਵੇਂ ‘ਭਾਈਆ ਜੀ’ ਉਲਝੇ ਪਏ ਨੇ, ਠੀਕ ਉਵੇਂ ਪੰਥ ਵੀ ਗੁੰਝਲਾਂ ’ਚ ਫਸਿਆ ਪਿਐ। ਹਰਦਿਲ ਅਜ਼ੀਜ਼, ਸੰਗਤ ਦੇ ਚਰਨਾਂ ਦੀ ਧੂੜ, ਜਥੇਦਾਰ ਸੁਖਬੀਰ ਸਿੰਘ ਬਾਦਲ ਨੇ ਜੇ ਕਿਤੇ ਪੁਰਾਣੇ ਕਾਵਿ-ਕਿੱਸੇ ਪੜ੍ਹੇ ਹੁੰਦੇ ਤਾਂ ਆਹ ਨੌਬਤ ਨਾ ਆਉਂਦੀ। ਪੰਜਾਬੀ ਪਰੰਪਰਾ ’ਚ ਮਕਬੂਲ ਕਿੱਸੇ ‘ਜੀਜਾ-ਸਾਲੀ’ ਦੀ ਮੋਹ-ਮੁਹੱਬਤ ਨਾਲ ਭਰੇ ਪਏ ਨੇ। ਕੋਈ ਵੀ ਕਿੱਸਾ ‘ਜੀਜੇ-ਸਾਲੇ’ ਦੇ ਪਿਆਰ ਦੀ ਬਾਤ ਨਹੀਂ ਪਾਉਂਦਾ। ਗੁਰਮੁਖੋ! ਸੋ ਇਹੋ ਸਿੱਖਿਆ ਮਿਲਦੀ ਹੈ ਕਿ ‘ਜੀਜੇ-ਸਾਲੇ’ ਦੇ ਰਿਸ਼ਤੇ ’ਚ ਮੁੱਢ ਕਦੀਮ ਤੋਂ ਹੀ ਕੌੜ ਬਣਿਆ ਹੋਇਆ ਹੈ।

        ਯਮਲਾ ਜੱਟ ਠੀਕ ਫ਼ਰਮਾ ਰਿਹੈ, ‘ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ...’ ਆਓ ਮਾਜਰਾ ਸਮਝੀਏ! ਅਸਾਂ ਜਥੇਦਾਰ ਕੀ ਹਟਾਏ, ਤੁਸਾਂ ਪੰਥ ਦੀ ਛੱਤ ਹੀ ਸਿਰ ’ਤੇ ਚੁੱਕ ਲਈ। ਵੱਡੇ ਬਾਦਲ ਨੂੰ ਅੱਜ ਪੰਥ ‘ਮਿਸ ਯੂ’ ਆਖ ਰਿਹੈ। ਰੌਲਾਪੁਰੀਓ, ਪਹਿਲੋਂ ਜਦ ਜਥੇਦਾਰ ਹਟਦੇ ਸਨ, ਉਦੋਂ ਤੁਸਾਂ ਚੂੰ ਨਹੀਂ ਕੀਤੀ, ਹੁਣ ਚੀਕ ਚਿਹਾੜਾ ਪਾਇਐ। ਸ਼੍ਰੋਮਣੀ ਅਕਾਲੀ ਦਲ, ਸੁਖਬੀਰ ਬਾਦਲ ਦੀ ਮਾਂ ਪਾਰਟੀ ਵੀ ਹੈ ਅਤੇ ਪਿਓ ਪਾਰਟੀ ਵੀ। ਵੱਡਿਆਂ ਦੀ ਸੋਚ ’ਤੇ ਪਹਿਰਾ ਦੇਣਾ ਕਦੋਂ ਤੋਂ ਗੁਨਾਹ ਹੋ ਗਿਆ।

        ਅਮਿਤਾਭ ਬੱਚਨ ਨਿੱਤ ਟੇਵੇ ਲਾਉਂਦੈ, ‘ਕੌਣ ਬਣੇਗਾ ਕਰੋੜਪਤੀ’। ਲੰਬੂ ਭਾਈ! ਅਸਾਨੂੰ ਵੀ ਦੱਸ ਛੱਡੋ, ਅਕਾਲੀ ਦਲ ਦੀ ‘ਹੌਟ ਸੀਟ’ ’ਤੇ ਕੌਣ ਸਜੇਗਾ।  ਮਜੀਠੀਆ ਪਰਿਵਾਰ ਨੂੰ ਪੁਰਾਣੀ ਪੰਥਕ ਗੁੜ੍ਹਤੀ ਐ। ‘ਟੈਮ ਹੋ ਗਿਆ, ਬਦਲ ਗਏ ਕਾਂਟੇ’, ਜਦੋਂ ਪੰਥ ’ਚ ਤਿੰਨ ਜਥੇਦਾਰਾਂ ਨੂੰ ਲਾਹੇ ਜਾਣ ਦੀ ਗੂੰਜ ਪਈ ਤਾਂ ਬਿਕਰਮ ਸਿੰਘ ਮਜੀਠੀਆ ਪੰਥ ਆਲੀ ਗੱਡੀ ਚੜ੍ਹ ਗਏ, ਭਾਈਆ ਜੀ ਟੇਸ਼ਨ ’ਤੇ ਖੜ੍ਹੇ ਰਹਿ ਗਏ। ਜ਼ਮੈਟੋ ਆਲੀ ਡਲਿਵਰੀ ਵਾਂਗੂੰ ਬਲਵਿੰਦਰ ਸਿੰਘ ਭੂੰਦੜ ਨੇ ਭੱਥੇ ਵਿੱਚੋਂ ਝੱਟ ਬਿਆਨ ਕੱਢ ਮਾਰਿਆ, ਅਖੇ ਮਜੀਠੀਆ ਨੇ ਸੁਖਬੀਰ ਦੀ ਪਿੱਠ ’ਚ ਛੁਰਾ ਮਾਰਿਐ।

         ਲੰਮੇ ਬੰਦਿਆਂ ਨਾਲ ਵੀਰ ਸੁਖਬੀਰ ਦੀ ਰਾਸ਼ੀ ਘੱਟ ਹੀ ਮਿਲਦੀ ਹੈ। ਪਹਿਲੋਂ ਮਨਪ੍ਰੀਤ ਬਾਦਲ ਨੇ ਛੁਰਾ ਮਾਰਿਆ ਸੀ, ਹੁਣ ਮਜੀਠੀਆ ਨੇ। ਅਕਾਲੀ ਦਲ ਦੇ ਵਿਹੜੇ ’ਚ ਖ਼ਾਲੀ ਘੋੜੀ ਹਿਣਕੀ ਹੈ, ਚਾਹੇ ਮੁਹੰਮਦ ਸਦੀਕ ਨੂੰ ਪੁੱਛ ਲਓ,‘ ਖ਼ਾਲੀ ਘੋੜੀ ਹਿਣਕਦੀ, ਉੱਤੇ ਨਾ ਦੀਂਹਦਾ ਵੀਰ।’ ਇੱਕ ਵੇਲਾ ਉਹ ਸੀ ਜਦੋਂ ਰੇਡੀਓ ਦੇ ਦਿਹਾਤੀ ਪ੍ਰੋਗਰਾਮ ’ਚ ‘ਭਾਈਆ ਜੀ’ ਰੰਗ ਬੰਨ੍ਹਦੇ ਸਨ। ਸੁਖਬੀਰ ਬਾਦਲ ਉਰਫ਼ ‘ਭਾਈਆ ਜੀ’ ਦੇ ਰੰਗ ’ਚ ਤਾਂ ਮਜੀਠੀਆ ਜੀ ਭੰਗ ਪਾ ਗਏ। ਉੱਪਰੋਂ ਪੁੱਛਦੇ ਪਏ ਨੇ, ‘ਹਮ ਆਪ ਕੇ ਹੈਂ ਕੌਨ!’

       ‘ਮੂੰਹਾਂ ਨੂੰ ਮੁਲਾਹਜ਼ੇ, ਸਿਰਾਂ ਨੂੰ ਸਲਾਮਾਂ’। ਵਿਰੋਧੀਆਂ ਨੇ ਪੱਥਰ ਚੁੱਕੇ, ਸੁਖਬੀਰ ਨੂੰ ਰਤਾ ਪੀੜ ਨਾ ਹੋਈ। ਮਜੀਠੀਆ ਇੰਜ ਕਰੇਗਾ, ਚਿੱਤ ਚੇਤੇ ਨਹੀਂ ਸੀ, ‘ਸੱਜਣਾ ਨੇ ਫੁੱਲ ਮਾਰਿਆ..।’ ਸਰਦੂਲ ਸਿਕੰਦਰ ਮਜੀਠੀਏ ਦਾ ਵਕੀਲ ਬਣਿਐ , ‘ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ..।’ ਜਥੇਦਾਰ ਟੌਹੜਾ ਆਖਦੇ ਹੁੰਦੇ ਸਨ, ਖ਼ਾਲਸਾ ਜੀ! ਅਕਾਲੀ ਤਾਂ ਹੱਥ ’ਚ ਆਇਆ ਕੜਾਹ ਆਲਾ ਕੌਲਾ ਨੀ ਛੱਡਦੇ, ਪ੍ਰਧਾਨਗੀ ਤਾਂ ਦੂਰ ਦੀ ਗੱਲ। ਸੁਖਬੀਰ ਦੀ ਪਿੱਠ ਸੁਣਦੀ ਪਈ ਐ, ਉਹਨੇ ਪੰਜਾਬ ਖ਼ਾਤਰ ਪਹਿਲਾਂ ਨਹੁੰ ਮਾਸ ਦਾ ਰਿਸ਼ਤਾ ਛੱਡਿਆ, ਫਿਰ ਵਜ਼ੀਰੀ ਵਗਾਹ ਮਾਰੀ।

        ਪ੍ਰਧਾਨਗੀ ਨੂੰ ਲੱਤ ਮਾਰ’ਤੀ, ਸਿਰ ਨਿਵਾ ਗੁਨਾਹ ਕਬੂਲ ਲਏ। ਚੰਦੂਮਾਜਰਾ ਹਾਲੇ ਵੀ ਖੁਸ਼ ਨਹੀਂ। ਨਵੇਂ ਪ੍ਰਿੰਟਾਂ ’ਚ ਆਇਆ ਸੁੱਚਾ ਸਿੰਘ ਲੰਗਾਹ ਬਾਗੋ ਬਾਗ਼ ਹੈ, ਅਕਾਲੀ ਦਲ ਦਾ ਵਕੀਲ ਜੋ ਬਣਿਐ। ਅਕਾਲੀ ਦਲ ਦੀ ਛੱਤ ਹੇਠ ਥੰਮ੍ਹੀਆਂ ਦੇ ਰਿਹਾ ਹੈ। ਛੁਰੇ ਕਰਕੇ ਸੁਖਬੀਰ ਦੇ ਚੀਸ ਪਈ ਹੈ। ਪੁਰਾਣੇ ਸਮਿਆਂ ’ਚ ਖ਼ਾਲਸਾਈ ਫ਼ੌਜਾਂ ਬਚਾਅ ਲਈ ਗੈਂਡੇ ਦੀ ਖੱਲ ਦੀ ਢਾਲ ਰੱਖਦੀਆਂ ਸਨ। ਕਿਤੇ ਸੁਖਬੀਰ ਜੀ ਪਹਿਲੇ ਦਿਨੋਂ ‘ਖ਼ਾਲਸਾਈ ਢਾਲ’ ਪਹਿਨ ਕੇ ਰੱਖਦੇ, ਵਾਲ ਵਿੰਗਾ ਨਹੀਂ ਹੋਣਾ ਸੀ। ਸੋਨੇ ’ਤੇ ਸੁਹਾਗਾ ਹੋਣਾ ਸੀ ਪਰ ਕਰੀਏ ਕੀ, ਬਹੁਤੇ ਅਕਾਲੀ ਤਾਂ ਸੁਹਾਗੇ ਦੇ ਡਰੋਂ ਹੀ ਤਾਂ ਲੀਡਰ ਬਣੇ ਨੇ। ਵੈਸੇ ਇੱਕ ਗੱਲ ਮੰਨਣੀ ਪਊ, ਪੰਜਾਬ ’ਚ ਨਾਂ ਸੁਖਬੀਰ ਦਾ ਹੀ ਚੱਲਦੈ। ਹਰਜੀਤ ਹਰਮਨ ਵੀ ਹਾਮੀ ਭਰ ਰਿਹੈ, ‘ਮਿੱਤਰਾਂ ਦਾ ਨਾਂ ਚੱਲਦੈ..।’

        ਪੰਜਾਬ ਸਾਧ ਦੀ ਭੂਰੀ ’ਤੇ ’ਕੱਠਾ ਹੋਇਐ। ਵਡਾਲਾ ਨੇ ਪਤਾ ਨੀ ਕੀ ਨਿੰਮ ਦੇ ਪੱਤੇ ਘੋਟ ਕੇ ਪੀਤੇ ਨੇ, ਇੱਕੋ ਰਟ ਲਾਈ ਹੈ, ਪੰਥਕ ਮਰਯਾਦਾ ’ਤੇ ਪਹਿਰਾ ਦਿਆਂਗੇ। ਧੰਨ ਨੇ ਉਹ ਜਿਹੜੇ ਹਾਲੇ ਵੀ ਸੁਖਬੀਰ ਦੀ ਸੋਚ ’ਤੇ ਪਹਿਰਾ ਦੇ ਰਹੇ ਨੇ। ਢੀਂਡਸਾ ਟਰਾਂਸਪੋਰਟ ਸੁਖਬੀਰ ਦੇ ਪਿੱਛੇ ਪਈ ਐ, ‘ਇੱਕ ਤੇਰੀ ਅੜ ਭੰਨਣੀ..।’ ਸਿਆਣੇ ਆਖਦੇ ਨੇ, ‘ਧੁਨ ਦਾ ਪੱਕਾ ਸਵਰਗ ਹਿਲਾ ਸਕਦਾ ਹੈ।’ ਸੁਖਬੀਰ ਸਾਹਬ ਪਿਛਾਂਹ ਨਾ ਹਟਿਓ ਪੰਥ ਦੀ ਸੇਵਾ ਤੋਂ, ਚਾਹੇ ’ਕੱਲੇ ਰਹਿ ਜਾਓ।

        ਬਾਦਲ ਵਿਰੋਧੀ ਆਖਦੇ ਨੇ, ਤਿੰਨੋਂ ਜਥੇਦਾਰਾਂ ਨੂੰ ਹਟਾਉਣ ਪਿੱਛੇ ਸੁਖਬੀਰ ਦਾ ਹੱਥ ਹੈ। ਭਲੇਮਾਣਸੋਂ, ਜਥੇਦਾਰ ਸੁਖਬੀਰ ਦਾ ਹੱਥ ਕਿਵੇਂ ਹੋ ਸਕਦੈ, ਉਹ ਤਾਂ ਕਈ ਦਿਨਾਂ ਬਾਂਹ ਬੰਨ੍ਹੀ ਫਿਰਦੈ। ਵੈਸੇ ਪੰਥ ਗ਼ੁੱਸੇ ’ਚ ਲਾਲ ਸੁਰਖ਼ ਹੋਇਆ ਪਿਐ। ਪੰਥ ਦਰਦੀ ਠੀਕ ਫ਼ਰਮਾ ਰਹੇ ਨੇ ਕਿ ਬਈ! ਇਵੇਂ ਤਾਂ ਕੋਈ ਕਿਸੇ ਨੂੰ ਵੀ ਨੀ ਹਟਾਉਂਦਾ, ਜਿਵੇਂ ਜਥੇਦਾਰਾਂ ਦੀ ਛੁੱਟੀ ਕੀਤੀ ਹੈ। ਆਮ ਸਿੱਖ ਵੀ ਚਾਹੁੰਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਤੇ ਮਾਣ ਮਰਯਾਦਾ ਕਾਇਮ ਰਹੇ।

        ਹੱਲਾ ਵੱਡਾ ਹੈ, ਤਾਹੀਂ ਪੰਥ ਹੁਣ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਮੂੰਹ ਵੱਲ ਵੇਖ ਰਿਹੈ ਪਰ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਜ਼ਮੀਰ ਦੀ ਵਾਰੰਟੀ ਕੁੰਭਕਰਨ ਦੇਈ ਜਾ ਰਿਹੈ। ਸ਼ਾਹ ਮੁਹੰਮਦ ਦੀ ਰੂਹ ਨੇ ਜ਼ਰੂਰ ਮੱਥੇ ’ਤੇ ਹੱਥ ਮਾਰਿਆ ਹੋਊ। ‘ਸਭ ਜੱਗ ਰੂਠੇ, ਇੱਕ ਰਾਮ ਨਾ ਰੂਠੇ’, ਅਸਾਨੂੰ ਤਾਂ ਸੁਖਬੀਰ ਪਿਆਰਾ ਐ। ਸੱਜਣਾ ਕਿਵੇਂ ਭੁੱਲੀਏ, ਤੇਰੀਆਂ ਬੰਬਾਂ ਵਾਲੀਆਂ ਸੜਕਾਂ, ਪਾਣੀ ’ਚ ਚੱਲਦੀਆਂ ਬੱਸਾਂ, ਨਾਲੇ ਚੰਨ ’ਤੇ ਰੈਲੀ ਕਰਨ ਦਾ ਜਜ਼ਬਾ। ਵਿਸ਼ਵ ਕਬੱਡੀ ਕੱਪ ਤਾਂ ਚੇਤਿਆਂ ਚੋਂ ਨਹੀਂ ਨਿਕਲਦਾ, ਕਿੰਨੇ ਰੰਗਲੇ ਦਿਨ ਸਨ ਜਦੋਂ ਸੁਖਬੀਰ ਜੀ ਪੰਥ ਨੂੰ ਕਦੇ ਪ੍ਰਿਅੰਕਾ ਚੋਪੜਾ ਦੇ ਦਰਸ਼ਨ ਕਰਾਉਂਦੇ ਸਨ ਤੇ ਕਦੇ ਕੈਟਰੀਨਾ ਕੈਫ਼ ਦੇ।

        ‘ਮਿੱਠੇ ਬੇਰ ਨੀ ਬੇਰੀਏ ਤੇਰੇ, ਸੰਗਤਾਂ ਨੇ ਇੱਟ ਮਾਰਨੀ।’ ਸੁਖਬੀਰ ਜੀ, ਪ੍ਰਵਾਹ ਨਹੀਂ ਕਰਨੀ, ਸੱਚ ਨੂੰ ਹਮੇਸ਼ਾ ਸੂਲੀ ਚੜ੍ਹਨਾ ਹੀ ਪੈਂਦੈ। ਓਹ ਗਾਣਾ ਤਾਂ ਸੁਣਿਆ ਹੋਊ, ‘ਆਉਣ ਵਾਲਾ ਟਾਈਮ ਤੇਰੇ ਬਾਈ ਦਾ..।’ ਸ਼੍ਰੋਮਣੀ ਅਕਾਲੀ ਦਲ ਦਾ ਮਾਣਮੱਤਾ ਇਤਿਹਾਸ ਐ ਭਾਈ। ਜਦੋਂ ਵੀ ਪੰਥ ਖ਼ਤਰੇ ’ਚ ਪਿਐ, ਮੋਰਚਿਆਂ ’ਚ ਅਕਾਲੀ ਲੱਕ ਬੰਨ੍ਹ ਕੁੱਦਦੇ ਸਨ। ਕੇਰਾਂ ਵੱਡੇ ਬਾਦਲ ਨੇ ਗੱਲ ਸੁਣਾਈ। ਅਕਾਲੀ ਸਰਕਾਰ ਹਾਲੇ ਬਣੀ ਹੀ ਸੀ, ਬਾਦਲ ਨੂੰ ਇੱਕ ਪੇਂਡੂ ਜਥੇਦਾਰ ਆਖਣ ਲੱਗਿਆ, ਮੋਰਚਾ ਕਦੋਂ ਲਾਉਣਾ ਜੀ?

         ਬਾਦਲ ਨੇ ਜੁਆਬ ਦਿੱਤਾ, ਹਾਲੇ ਤਾਂ ਆਪਣੀ ਸਰਕਾਰ ਐ, ਜਦੋਂ ਟਾਈਮ ਆਇਆ, ਉਦੋਂ ਦੱਸਾਂਗੇ। ਲੱਗਦੇ ਹੱਥ ਚਾਚਾ ਚੰਡੀਗੜ੍ਹੀਏ ਦਾ ਲਤੀਫ਼ਾ ਵੀ ਸੁਣ ਲਓ। ਦੋ ਔਰਤਾਂ ਲੜ ਪਈਆਂ, ਇੱਕ ਔਰਤ ਦੂਜੀ ਨੂੰ ਕਹਿੰਦੀ , ‘ਰੱਬ ਕਰੇ ਤੂੰ ਵਿਧਵਾ ਹੋ’ਜੇ’, ਦੂਜੀ ਮੋੜਵੇਂ ਜੁਆਬ ’ਚ ਬੋਲੀ, ‘ਮੈਂ ਤਾਂ ਕਹਿਣੀ ਆ ਕਿ ਤੇਰਾ ਘਰ ਆਲਾ ਅਕਾਲੀ ਹੋ’ਜੇ।’ ਉਨ੍ਹਾਂ ਦਿਨਾਂ ’ਚ ਅਕਾਲੀ ਜ਼ਿਆਦਾ ਸਮਾਂ ਜੇਲ੍ਹਾਂ ’ਚ ਗੁਜ਼ਾਰਦੇ ਸਨ। ਗੱਲ ਹੋਰ ਪਾਸੇ ਹੀ ਤਿਲਕ ਗਈ, ਗੱਲ ਚੱਲੀ ਭਾਈਆ ਜੀ ਤੋਂ ਸੀ। ਹੁਣ ਚੀਮਾ ਐਂਡ ਕੰਪਨੀ ਮਜੀਠੀਆ ਨੂੰ ਮਨਾਉਂਦੀ ਫਿਰਦੀ ਹੈ। ਸੁਖਬੀਰ ਹਮਾਇਤੀ ਆਖਦੇ ਨੇ ਕਿ ਭਰਾਵੋ ! ਕੇਂਦਰ ਦੀ ਚਾਲ ਸਮਝੋ ਜੋ ਚੂਲਾਂ ਹਿਲਾਉਣ ਨੂੰ ਫਿਰਦੈ।

          ਹੰਸ ਰਾਜ ਹੰਸ ਮਸ਼ਵਰਾ ਦੇ ਰਿਹੈ, ‘ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ।’ ਅਸਲ ’ਚ ਰੱਬ ਪੰਥ ਦੀ ਸੇਵਾ ਸੁਖਬੀਰ ਹੱਥੋਂ ਕਰਾਉਣਾ ਚਾਹੁੰਦਾ ਹੈ। ਉਹ ਭਲਾ ਲੋਕ ਮਹਾਂ ਤਪੱਸਵੀ ਐ, ਕਿੰਨੇ ਤਪ ਕੀਤੇ ਨੇ, ਛੇਤੀ ਡੋਲਣ ਵਾਲਾ ਨਹੀਂ। ਲੋਕ ਚਾਹੇ ਲੱਖ ਨਘੋਚਾਂ ਕੱਢਣ ਕਿ ਭੱਦਰ ਪੁਰਸ਼ ਨੇ ਪੰਥ ਤਾਂ ਨਿਹੰਗਾਂ ਦੇ ਡੋਲੂ ਵਾਂਗੂ ਮਾਂਜ ਧਰਿਐ। ਆਖ਼ਰੀ ਗੱਲ ਆਖ ਕੇ ਖ਼ਿਮਾ ਚਾਹਾਂਗੇ। 1998 ’ਚ ਪੰਚਾਇਤ ਚੋਣਾਂ ਸਨ, ਸੁਖਬੀਰ ਦੇ ਦੋਵੇਂ ਮਾਮੇ ਆਪਣੇ ‘ਭਾਈਆ ਜੀ’ ਦੀ ਕਚਹਿਰੀ ਪੇਸ਼ ਹੋਏ, ਆਖਣ ਲੱਗੇ, ‘ਅਸਾਂ ਤਾਂ ਸਰਪੰਚ ਬਣਨੈ।’ ਪਿੰਡ ਇੱਕ, ਮਾਮੇ ਦੋ। ਮਾਮਿਆਂ ਖ਼ਾਤਰ ਚੱਕ ਫ਼ਤਿਹ ਸਿੰਘ ਵਾਲਾ ਨੂੰ ਦੋ ਟੋਟਿਆਂ ’ਚ ਵੰਡ’ਤਾ ਸੀ। ਦੇਖਦੇ ਹਾਂ ਕਿ ਹੁਣ ਪੰਥ ਦਾ ਕੀ ਬਣਦੈ।

(15 ਮਾਰਚ, 2025)


Thursday, March 13, 2025

                                                             ਅੰਗਰੇਜ਼ੀ ਮੋਹ
                                        ਮੁੱਖ ਸਕੱਤਰ ’ਤੇ ਉਂਗਲ
                                                           ਚਰਨਜੀਤ ਭੁੱਲਰ  

ਚੰਡੀਗੜ੍ਹ : ਉੱਚ ਅਫ਼ਸਰਾਂ ਦੀਆਂ ਬਦਲੀਆਂ ਦੇ ਹੁਕਮ ਅੰਗਰੇਜ਼ੀ ਭਾਸ਼ਾ ’ਚ ਜਾਰੀ ਕਰਨ ’ਤੇ ਭਾਸ਼ਾ ਵਿਭਾਗ ਪੰਜਾਬ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਭਾਸ਼ਾ ਵਿਭਾਗ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਕਿ ਵਿਭਾਗ ਵੱਲੋਂ ਮੁੱਖ ਸਕੱਤਰ ’ਤੇ ਉਂਗਲ ਚੁੱਕੀ ਗਈ ਹੈ। ਮੁੱਖ ਸਕੱਤਰ ਵੱਲੋਂ 3 ਮਾਰਚ ਨੂੰ 43 ਆਈਏਐੱਸ/ਪੀਸੀਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਸਨ ਅਤੇ ਇਹ ਹੁਕਮ ਅੰਗਰੇਜ਼ੀ ਭਾਸ਼ਾ ’ਚ ਜਾਰੀ ਹੋਏ ਸਨ। ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੇ ਮੁੱਖ ਸਕੱਤਰ ਕੇਏਪੀ ਸਿਨਹਾ ਨੂੰ ਕੱਲ੍ਹ ਪੱਤਰ ਲਿਖ ਕੇ ਅੰਗਰੇਜ਼ੀ ਵਿੱਚ ਜਾਰੀ ਹੁਕਮਾਂ ’ਤੇ ਇਤਰਾਜ਼ ਖੜ੍ਹਾ ਕੀਤਾ ਹੈ। 

       ਕੁਝ ਦਿਨ ਪਹਿਲਾਂ ਹੀ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰੈੱਸ ਕਾਨਫਰੰਸ ਕਰ ਕੇ ਪੰਜਾਬ ਸਰਕਾਰ ਦੀ ਪੰਜਾਬੀ ਭਾਸ਼ਾ ਪ੍ਰਤੀ ਵਚਨਬੱਧਤਾ ਦਰਸਾਈ ਸੀ। ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਲਿਖਿਆ ਹੈ ਕਿ ਮੁੱਖ ਸਕੱਤਰ ਵੱਲੋਂ ਅੰਗਰੇਜ਼ੀ ਭਾਸ਼ਾ ’ਚ ਬਦਲੀਆਂ ਦੇ ਹੁਕਮ ਰਾਜ ਭਾਸ਼ਾ ਐਕਟ 1967 ਅਤੇ 2008 ਵਿੱਚ ਕੀਤੇ ਉਪਬੰਧ ਦੀ ਉਲੰਘਣਾ ਹੈ। ਐਕਟ ਮੁਤਾਬਕ ਪ੍ਰਸ਼ਾਸਨ ਦਾ ਸਮੁੱਚਾ ਦਫ਼ਤਰੀ ਕੰਮ-ਕਾਜ ਰਾਜ ਭਾਸ਼ਾ ਪੰਜਾਬੀ ਵਿੱਚ ਕੀਤਾ ਜਾਣਾ ਲਾਜ਼ਮੀ ਹੈ। ਡਾਇਰੈਕਟਰ ਨੇ ਮੁੱਖ ਸਕੱਤਰ ਨੂੰ ਕਿਹਾ ਕਿ ਅੱਗੇ ਤੋਂ ਹੁਕਮ ਪੰਜਾਬੀ ਭਾਸ਼ਾ ਵਿੱਚ ਜਾਰੀ ਕੀਤੇ ਜਾਣ। 

        ਇਹ ਵੀ ਕਿਹਾ ਹੈ ਕਿ ਸੂਬੇ ਦੇ ਪ੍ਰਸ਼ਾਸਨਿਕ ਮੁਖੀ ਹੋਣ ਦੇ ਨਾਤੇ ਸਕੱਤਰੇਤ ਵਿੱਚ ਕੰਮ ਕਰਕੇ ਸਾਰੇ ਲੋਕ ਸੇਵਕਾਂ ਨੂੰ ਸਰਕਾਰ ਦਾ ਕੰਮਕਾਜ ਰਾਜ ਦੀ ਪ੍ਰਵਾਨਿਤ ਭਾਸ਼ਾ ਪੰਜਾਬੀ ਵਿੱਚ ਕਰਨ ਲਈ ਪਾਬੰਦ ਕੀਤਾ ਜਾਵੇ। ਭਾਸ਼ਾ ਵਿਭਾਗ ਨੇ ਮੁੱਖ ਸਕੱਤਰ ਨੂੰ ਸੁਵਿਧਾ ਲਈ ਅੰਗਰੇਜ਼ੀ/ਪੰਜਾਬੀ ਪ੍ਰਬੰਧਕ ਸ਼ਬਦਾਵਲੀ ਪੁਸਤਕ ਵੀ ਨਾਲ ਭੇਜੀ ਹੈ। ਵਿਭਾਗ ਨੇ ਇਸ ਪੱਤਰ ਦਾ ਉਤਾਰਾ ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਦੇ ਸਕੱਤਰ ਨੂੰ ਵੀ ਭੇਜਿਆ ਹੈ। ਸੂਤਰ ਦੱਸਦੇ ਹਨ ਕਿ ਕਈ ਸੀਨੀਅਰ ਅਧਿਕਾਰੀ ਆਪਣੇ ਦਸਤਖ਼ਤ ਅੰਗਰੇਜ਼ੀ ਜਾਂ ਹਿੰਦੀ ਵਿੱਚ ਕਰਦੇ ਹਨ।

                                                        ਗੋਲਡਨ ਜਸ਼ਨ
                                     ਪੰਜਾਬ ਨੇ ਬਚਾਇਆ ‘ਡੁੱਬਦਾ’ ਖਜ਼ਾਨਾ
                                                         ਚਰਨਜੀਤ ਭੁੱਲਰ 

ਚੰਡੀਗੜ੍ਹ :ਪੰਜਾਬ ਸਰਕਾਰ ਨੇ ਪੌਂਗ ਡੈਮ ਦੇ ਪ੍ਰਸਤਾਵਿਤ ਗੋਲਡਨ ਜੁਬਲੀ ਜਸ਼ਨਾਂ ਦਾ ਕਰੋੜਾਂ ਰੁਪਏ ਦਾ ਖ਼ਰਚਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਵੱਲੋਂ ਪੌਂਗ ਡੈਮ ਦੇ 50 ਸਾਲ ਮੁਕੰਮਲ ਹੋਣ ’ਤੇ ਜਸ਼ਨ ਮਨਾਏ ਜਾਣ ਦੀ ਯੋਜਨਾ ਵਿਉਂਤੀ ਗਈ ਹੈ। ਬੀਬੀਐੱਮਬੀ ਨੇ ਇਨ੍ਹਾਂ ਜਸ਼ਨਾਂ ’ਤੇ ਕਰੋੜਾਂ ਰੁਪਏ ਖ਼ਰਚਣ ਦਾ ਬਜਟ ਵੀ ਤਿਆਰ ਕੀਤਾ ਹੈ ਪ੍ਰੰਤੂ ਇਨ੍ਹਾਂ ਜਸ਼ਨਾਂ ਦਾ ਖ਼ਰਚਾ ਪੰਜਾਬ ਅਤੇ ਹਰਿਆਣਾ ’ਤੇ ਪੈਣਾ ਹੈ। ਬੀਬੀਐੱਮਬੀ ਨੇ 17 ਫਰਵਰੀ ਨੂੰ ਪੌਂਗ ਡੈਮ ਦੇ ਅਧਿਕਾਰੀਆਂ ਨੂੰ ਇਨ੍ਹਾਂ ਜਸ਼ਨਾਂ ਅਤੇ ਉਸ ’ਤੇ ਆਉਣ ਵਾਲੇ ਖ਼ਰਚੇ ਬਾਰੇ ਜਾਣਕਾਰੀ ਦਿੱਤੀ ਹੈ। ਬੀਬੀਐੱਮਬੀ ਵੱਲੋਂ ਜਸ਼ਨਾਂ ਦਾ ਅੰਦਾਜ਼ਨ ਖ਼ਰਚਾ ਕਰੀਬ 5.74 ਕਰੋੜ ਰੁਪਏ ਲਾਇਆ ਗਿਆ ਹੈ। ਪੌਂਗ ਡੈਮ ਨੂੰ ਬਿਆਸ ਡੈਮ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ 1961 ’ਚ ਇਸ ਡੈਮ ਦੀ ਉਸਾਰੀ ਸ਼ੁਰੂ ਹੋਈ ਸੀ ਜੋ 1974 ਵਿੱਚ ਚਾਲੂ ਹੋ ਗਿਆ ਸੀ। 

        ਇਸ ਡੈਮ ਦੀ ਉਸਾਰੀ ਨਾਲ 339 ਪਿੰਡ ਅਤੇ 90 ਹਜ਼ਾਰ ਲੋਕ ਪ੍ਰਭਾਵਿਤ ਹੋਏ ਸਨ, ਜਿਨ੍ਹਾਂ ਦਾ ਮੁੜ ਵਸੇਬਾ ਕੀਤਾ ਗਿਆ ਸੀ। ਬੀਬੀਐੱਮਬੀ ਵੱਲੋਂ ਅਕਤੂਬਰ 2013 ਵਿੱਚ ਭਾਖੜਾ ਡੈਮ ਦੇ ਵੀ ਗੋਲਡਨ ਜੁਬਲੀ ਜਸ਼ਨ ਮਨਾਏ ਗਏ ਸਨ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੂੰ ਪੌਂਗ ਡੈਮ ਦੇ ਗੋਲਡਨ ਜੁਬਲੀ ਸਮਾਰੋਹ ਮਨਾਏ ਜਾਣ ’ਤੇ ਕੋਈ ਇਤਰਾਜ਼ ਨਹੀਂ ਹੈ ਪਰ ਦਿੱਕਤ ਇਨ੍ਹਾਂ ਜਸ਼ਨਾਂ ’ਤੇ ਆਉਣ ਵਾਲੇ ਕਰੋੜਾਂ ਰੁਪਏ ਦੇ ਖ਼ਰਚੇ ’ਤੇ ਹੈ। ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਬੀਬੀਐੱਮਬੀ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਜਸ਼ਨਾਂ ’ਤੇ ਹੋਣ ਵਾਲੇ ਖ਼ਰਚੇ ਨੂੰ ਫ਼ਜ਼ੂਲਖ਼ਰਚੀ ਦੱਸਿਆ ਅਤੇ ਇਸ ਮਾਮਲੇ ਨੂੰ ਮੁੜ ਵਿਚਾਰਨ ਲਈ ਕਿਹਾ ਹੈ। ਉਨ੍ਹਾਂ ਸਲਾਹ ਦਿੱਤੀ ਹੈ ਕਿ ਇਹ ਤਜਵੀਜ਼ ਅਗਲੀ ਬੋਰਡ ਮੀਟਿੰਗ ਵਿੱਚ ਲਿਆਂਦੀ ਜਾਵੇ। 

        ਪੱਤਰ ’ਚ ਲਿਖਿਆ ਗਿਆ ਹੈ ਕਿ ਇਨ੍ਹਾਂ ਸਮਾਰੋਹਾਂ ’ਤੇ ਕਰੀਬ 5 ਕਰੋੜ ਰੁਪਏ ਤੋਂ ਵੱਧ ਖ਼ਰਚੇ ਦਾ ਅਨੁਮਾਨ ਹੈ ਜਿਸ ਦਾ ਹਿੱਸੇਦਾਰ ਸੂਬਿਆਂ ’ਤੇ ਵਿੱਤੀ ਬੋਝ ਪਵੇਗਾ ਅਤੇ ਇਸ ਫ਼ਜ਼ੂਲ ਖ਼ਰਚੇ ਨੂੰ ਟਾਲਿਆ ਜਾ ਸਕਦਾ ਹੈ। ਚੇਤੇ ਰਹੇ ਕਿ ਇਸ ਕੁੱਲ ਖ਼ਰਚੇ ’ਚੋਂ 60 ਫ਼ੀਸਦੀ ਪੰਜਾਬ ਅਤੇ 40 ਫ਼ੀਸਦੀ ਖ਼ਰਚਾ ਹਰਿਆਣਾ ਨੂੰ ਚੁੱਕਣਾ ਪਵੇਗਾ। ਪੰਜਾਬ ਸਰਕਾਰ ਨੇ ਲਿਖਿਆ ਹੈ ਕਿ ਪਤਾ ਲੱਗਿਆ ਹੈ ਕਿ ਬੀਬੀਐੱਮਬੀ ਵੱਲੋਂ ਆਪਣੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਦੋ ਮਹੀਨੇ ਦੀ ਵਾਧੂ ਤਨਖ਼ਾਹ ਦੇਣ ਦੀ ਵੀ ਤਜਵੀਜ਼ ਹੈ ਜੋ ਪੰਜਾਬ ਨੂੰ ਪ੍ਰਵਾਨ ਨਹੀਂ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਜੋ ਜਸ਼ਨਾਂ ਦਾ ਅਨੁਮਾਨਿਤ ਖ਼ਰਚਾ ਦੱਸਿਆ ਗਿਆ ਹੈ, ਉਸ ਅਨੁਸਾਰ 2.74 ਕਰੋੜ ਰੁਪਏ ਟੈਂਟ ਅਤੇ ਡੈਕੋਰੇਸ਼ਨ ਤੇ ਖ਼ਰਚ ਆਉਣੇ ਹਨ ਜਦੋਂ ਕਿ 92.80 ਲੱਖ ਰੁਪਏ ਫੂਡ ਅਤੇ ਕੇਟਰਿੰਗ ’ਤੇ ਖ਼ਰਚੇ ਜਾਣੇ ਹਨ।

         ਇਸੇ ਤਰ੍ਹਾਂ ਸਮਾਰੋਹਾਂ ਦੀ ਤਿਆਰੀ ’ਤੇ 69.59 ਲੱਖ ਰੁਪਏ ਦਾ ਖ਼ਰਚਾ ਆਵੇਗਾ ਅਤੇ 38.20 ਲੱਖ ਰੁਪਏ ਤੋਹਫ਼ਿਆਂ ਅਤੇ ਯਾਦਗਾਰੀ ਚਿੰਨ੍ਹਾਂ ’ਤੇ ਖ਼ਰਚ ਕੀਤੇ ਜਾਣੇ ਹਨ। 12 ਲੱਖ ਰੁਪਏ ਟੈਂਟ ਵਿੱਚ ਏਸੀ ਦੀ ਸਹੂਲਤ ਦੇਣ ’ਤੇ ਖ਼ਰਚਣ ਦੀ ਯੋਜਨਾ ਹੈ। 18 ਫ਼ੀਸਦੀ ਜੀਐੱਸਟੀ ਸਮੇਤ ਕੁੱਲ ਖ਼ਰਚਾ 5.74 ਲੱਖ ਰੁਪਏ ਬਣ ਜਾਵੇਗਾ। ਚੇਤੇ ਰਹੇ ਕਿ ਪਿਛਲੇ ਕੁੱਝ ਅਰਸੇ ਤੋਂ ਬੀਬੀਐੱਮਬੀ ਦੀ ਮਨਮਾਨੀ ਵਧਣ ਕਰਕੇ ਪੰਜਾਬ ਸਰਕਾਰ ਮੁਸਤੈਦ ਵੀ ਹੈ ਅਤੇ ਇਤਰਾਜ਼ ਵੀ ਖੜ੍ਹੇ ਕਰ ਰਹੀ ਹੈ। ਦੂਸਰਾ, ਹੁਣ ਪੰਜਾਬ ਦੀ ਵਿੱਤੀ ਸਿਹਤ ਬਹੁਤੀ ਠੀਕ ਨਹੀਂ ਹੈ ਜੋ ਕਰੋੜਾਂ ਰੁਪਏ ਦਾ ਖ਼ਰਚ ਇਕੱਲੇ ਜਸ਼ਨ ਸਮਾਰੋਹਾਂ ’ਤੇ ਹੀ ਰੋੜ੍ਹ ਦੇਵੇ।

Tuesday, March 11, 2025

                                                          ਸੰਜਮੀ ਪੈਂਤੜਾ
                       ਵੀਆਈਪੀ ਗੱਡੀਆਂ ਨੂੰ ਲੰਮੀ ਉਮਰ ‘ਬਖ਼ਸ਼ੀ’..! 
                                                         ਚਰਨਜੀਤ ਭੁੱਲਰ 

ਚੰਡੀਗੜ੍ਹ  :ਪੰਜਾਬ ਸਰਕਾਰ ਨੇ ਸਰਕਾਰੀ ਖ਼ਜ਼ਾਨੇ ਦੀ ਕਿਫ਼ਾਇਤ ਲਈ ਅਹਿਮ ਫ਼ੈਸਲਾ ਲੈਂਦਿਆਂ ਵੀਆਈਪੀ ਗੱਡੀਆਂ ਨੂੰ ਲੰਮੇਰੀ ਉਮਰ ‘ਬਖ਼ਸ਼’ ਦਿੱਤੀ ਹੈ ਜਿਸ ਮਗਰੋਂ ਹੁਣ ਵਿਧਾਇਕ/ਵਜ਼ੀਰ ਅਤੇ ਸੰਸਦ ਮੈਂਬਰ ਸਰਕਾਰੀ ਗੱਡੀ ਨੂੰ ਲੰਮੀ ਮਿਆਦ ਤੱਕ ਚਲਾ ਸਕਣਗੇ। ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਮੋਟਰ ਵਹੀਕਲ ਬੋਰਡ ਦੀ 6 ਮਾਰਚ ਨੂੰ ਹੋਈ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ। ਮੌਜੂਦਾ ਸਮੇਂ ਵਿਧਾਇਕਾਂ/ਵਜ਼ੀਰਾਂ ਤੇ ਸੰਸਦ ਮੈਂਬਰਾਂ ਨੂੰ ਜੋ ਸਰਕਾਰੀ ਗੱਡੀ ਅਲਾਟ ਹੁੰਦੀ ਹੈ, ਉਸ ਦੀ ਮਿਆਦ ਤਿੰਨ ਲੱਖ ਕਿੱਲੋਮੀਟਰ ਜਾਂ ਪੰਜ ਸਾਲ ਦੀ ਹੁੰਦੀ ਹੈ। 

      ਬਹੁਤੇ ਵਿਧਾਇਕਾਂ/ਵਜ਼ੀਰਾਂ ਕੋਲ ਅਜਿਹੇ ਵਾਹਨ ਵੀ ਹਨ, ਜੋ ਤਿੰਨ ਲੱਖ ਕਿੱਲੋਮੀਟਰ ਤੋਂ ਵੱਧ ਚੱਲ  ਚੁੱਕੇ ਹਨ। ਮੋਟਰ ਵਹੀਕਲ ਬੋਰਡ ਨੇ ਹੁਣ ਵਿਧਾਇਕਾਂ /ਵਜ਼ੀਰਾਂ ਤੇ ਸੰਸਦ ਮੈਂਬਰਾਂ ਦੀਆਂ ਗੱਡੀਆਂ ਦੀ ਮਿਆਦ ਤਿੰਨ ਲੱਖ ਕਿੱਲੋਮੀਟਰ ਤੋਂ ਵਧਾ ਕੇ ਚਾਰ ਲੱਖ ਕਿੱਲੋਮੀਟਰ ਜਾਂ ਪੰਜ ਸਾਲ ਕਰ ਦਿੱਤੀ ਗਈ ਹੈ। ਜਿਸ ਦਾ ਭਾਵ ਹੈ ਕਿ ਵਿਧਾਇਕ/ਵਜ਼ੀਰਾਂ ਤੇ ਸੰਸਦ ਮੈਂਬਰਾਂ ਨੂੰ ਮਿਲੇ ਵਾਹਨ ਚਾਰ ਲੱਖ ਕਿੱਲੋਮੀਟਰ ਤੱਕ ਚੱਲਣ ’ਤੇ ਵੀ ਖਟਾਰਾ ਜਾਂ ਮਿਆਦ ਪੁਗਾ ਚੁੱਕੇ ਨਹੀਂ ਮੰਨੇ ਜਾਣਗੇ। ਇਸ ਦਾ ਅਧਾਰ ਕੀ ਹੈ, ਇਹ ਤਾਂ ਪਤਾ ਨਹੀਂ ਲੱਗਿਆ ਪ੍ਰੰਤੂ ਪੰਜਾਬ ਸਰਕਾਰ ਨੇ ਆਪਣੇ ਖ਼ਜ਼ਾਨੇ ਦਾ ਸਰਫ਼ਾ ਕਰਨ ਲਈ ਇਹ ਕਦਮ ਚੁੱਕਿਆ ਹੈ। 

      ਸੂਤਰ ਆਖਦੇ ਹਨ ਕਿ ਪੰਜਾਬ ਸਰਕਾਰ ਵਿਧਾਇਕਾਂ ਅਤੇ ਵਜ਼ੀਰਾਂ ਵਾਸਤੇ ਨਵੇਂ ਵਾਹਨ ਖ਼ਰੀਦਣ ਦੇ ਰੌਂਅ ਵਿੱਚ ਨਹੀਂ ਹੈ ਜਿਸ ਕਰਕੇ ਮੌਜੂਦਾ ਵਾਹਨਾਂ ਦੀ ਹੀ ਉਮਰ ਲੰਮੇਰੀ ਕਰ ਦਿੱਤੀ ਗਈ ਹੈ। ਵਿਧਾਇਕ ਜਾਂ ਵਜ਼ੀਰ ਹੁਣ ਆਪਣੀ ਗੱਡੀ ਪੁਰਾਣੀ ਹੋਣ ਦਾ ਰੋਣਾ ਨਹੀਂ ਰੋ ਸਕਣਗੇ। ਟਰਾਂਸਪੋਰਟ ਵਿਭਾਗ ਵੱਲੋਂ ਪੇਸ਼ ਏਜੰਡੇ ‘ਲਾਈਫ਼ ਨਿਰਧਾਰਿਤ ਕਰਨ ਸਬੰਧੀ’ ਨੂੰ ਪ੍ਰਵਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਮੀਟਿੰਗ ਵਿੱਚ ਵੀਆਈਪੀ ਗੱਡੀਆਂ ਦੀ ਐਵਰੇਜ਼ ਫਿਕਸ ਕਰਨ ਦਾ ਏਜੰਡਾ ਵੀ ਪਾਸ ਕੀਤਾ ਗਿਆ ਹੈ। ਬੋਰਡ ਦੀ ਮੀਟਿੰਗ ਵਿੱਚ ਪੰਜਾਬ ਪੁਲੀਸ ਵੱਲੋਂ 2908 ਗੱਡੀਆਂ ਦੀ ਮੰਗ ਕੀਤੀ ਗਈ ਹੈ ਜਿਸ ਨੂੰ ਹਾਲੇ ਲੰਬਿਤ ਰੱਖਿਆ ਗਿਆ ਹੈ। ਪਤਾ ਲੱਗਿਆ ਹੈ ਕਿ ਬੋਰਡ ਨੇ ਇਸ ਬਾਰੇ ਫ਼ੈਸਲਾ ਲੈਣ ਲਈ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਜਿਸ ਵਿਚ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। 

      ਤੱਥ ਸਾਹਮਣੇ ਆਏ ਕਿ ਮਾਲ, ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ ’ਚ 67 ਆਈਏਐੱਸ/ਪੀਸੀਐੱਸ ਅਫ਼ਸਰਾਂ ਕੋਲ ਗੱਡੀਆਂ ਹੀ ਨਹੀਂ ਹਨ ਜਿਨ੍ਹਾਂ ਵਾਸਤੇ ਕੇਂਦਰੀ ਸਕੀਮ ਅਧੀਨ ਗੱਡੀਆਂ ਦੀ ਖ਼ਰੀਦ ਕਰਨ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਮੋਟਰ ਵਹੀਕਲ ਬੋਰਡ ਦੀ ਮੀਟਿੰਗ ਵਿੱਚ ਪੰਜਾਬ ਰੋਡਵੇਜ਼ ਦੀਆਂ ਗੱਡੀਆਂ ਦੀ ਮੌਜੂਦਾ ਫਲੀਟ ਸਟਰੈਂਥ 32 ਤੋਂ ਵਧਾ ਕੇ 43 ਕਰਨ ’ਤੇ ਵੀ ਮੋਹਰ ਲੱਗੀ ਹੈ। ਜੇਲ੍ਹ ਵਿਭਾਗ ਨੂੰ ਦਾਨ ਵਿੱਚ ਮਿਲੀਆਂ ਚਾਰ ਐਂਬੂਲੈਂਸਾਂ ਦਾ ਵੀ ਸੋਧਿਆ ਹੋਇਆ ਏਜੰਡਾ ਪੇਸ਼ ਹੋਇਆ ਸੀ। 

        ਸੂਤਰ ਦੱਸਦੇ ਹਨ ਕਿ ਵੱਖ ਵੱਖ ਸਰਕਾਰੀ ਵਿਭਾਗਾਂ ਵੱਲੋਂ ਜੋ ਗੱਡੀਆਂ ਦੀ ਮੰਗ ਕੀਤੀ ਗਈ ਸੀ, ਉਸ ਚੋਂ ਕਈ ਵਿਭਾਗਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸੇ ਤਰ੍ਹਾਂ ਹੀ ਪ੍ਰਾਈਵੇਟ ਗੱਡੀਆਂ ਨੂੰ ਕਿਰਾਏ ’ਤੇ ਲੈਣ ਸਬੰਧੀ ਰੇਟਾਂ ਨੂੰ ਵੀ ਰਿਵਾਈਜ਼ ਕਰ ਦਿੱਤਾ ਗਿਆ ਹੈ। ਜੋ ਗੱਡੀਆਂ ਪਹਿਲਾਂ ਹੀ ਖ਼ਰੀਦ ਕੀਤੀਆਂ ਜਾ ਚੁੱਕੀਆਂ ਹਨ, ਉਨ੍ਹਾਂ ਨੂੰ ਕਾਰਜ ਬਾਅਦ ਪ੍ਰਵਾਨਗੀ ਵੀ ਦਿੱਤੀ ਗਈ ਹੈ। ਇਸੇ ਤਰ੍ਹਾਂ ਇਲੈਕਟ੍ਰਿਕ ਗੱਡੀਆਂ ਦੀ ਖ਼ਰੀਦ ਦੀਆਂ ਕੀਮਤਾਂ ਨਿਰਧਾਰਿਤ ਕੀਤੇ ਜਾਣ ਦਾ ਏਜੰਡਾ ਵੀ ਪੇਸ਼ ਹੋਇਆ ਸੀ। 


Friday, March 7, 2025

                                     ਜੈਲੀ ਮਲੰਗ, ਵੈਲੀ ਟਰੰਪ
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਅਮਰੀਕਾ ’ਚੋਂ ਹੁਣ ‘ਵੈਲੀਫੋਰਨੀਆ’ ਦਾ ਝਉਲਾ ਪੈਂਦੈ। ਇੰਜ ਜਾਪਦੈ ਜਿਵੇਂ ਟਰੰਪ ’ਚ ਬਠਿੰਡੇ ਵਾਲਾ ਦਿਓ ਪ੍ਰਵੇਸ਼ ਕਰ ਗਿਆ ਹੋਵੇ। ਜਦੋਂ ਤੋਂ ਟਰੰਪ ਤਸ਼ਰੀਫ਼ ਲਿਆਏ ਨੇ, ਸਭ ਆਪੋ ਆਪਣੇ ਡੰਗਰ ਵੱਛੇ ਸਾਂਭਣ ਲੱਗੇ ਨੇ। ਟਰੰਪ ਦਾ ਸੁਭਾਅ ਉਸ ਵੈਲੀ ਵਰਗੈ ਜਿਹੜਾ ਜਣੇ ਖਣੇ ਦੇ ਗਲ ਪੈਂਦਾ ਫਿਰਦੈ। ਅਮਰੀਕੀ ਹੰਕਾਰ ਜਮਾਂਦਰੂ ਹੈ, ਤਾਹੀਓਂ ਕਦੇ ਵੀਅਤਨਾਮ ਤੇ ਕਦੇ ਇਰਾਕ ’ਚ ਟਕੂਏ ’ਤੇ ਟਕੂਏ ਖੜਕਿਆ। ਵਿਸ਼ਵ ਦੇ ‘ਥਾਣੇਦਾਰ’ ਨੂੰ ਵੀਅਤਨਾਮ ’ਚ ਮੂੰਹ ਦੀ ਖਾਣੀ ਪਈ। ਅਮਰੀਕਪੁਰੀ ਨੇ ਜੰਗ ਮੌਕੇ ਆਪਣੇ ਸੈਨਿਕਾਂ ਲਈ ਥਾਈਲੈਂਡ ਨੂੰ ਐਸ਼ਗਾਹ ਬਣਾ ਧਰਿਆ।

        ਸੱਜਣ ਜਣੋ! ਆਓ ਵਾਈਟ ਹਾਊਸ ਚੱਲੀਏ। ਔਹ ਦੇਖੋ, ਪੀੜ੍ਹੀ ’ਤੇ ਬੈਠਾ ਟਰੰਪ ਮੁਹੰਮਦ ਸਦੀਕ ਦੇ ਗਾਣੇ ’ਤੇ ਕਿਵੇਂ ਮਸਤੀ ’ਚ ਝੂਮਦਾ ਪਿਐ, ‘ਅਸੀਂ ਵੈਲੀਆਂ ਨੇ ਵੈਲ ਕਮਾਉਣੇ, ਸਾਡੀ ਕਿਹੜਾ ਮੰਗ ਛੁੱਟ ਜੂ।’ ਬਈ! ਸਦਕੇ ਜਾਈਏ ਇਹੋ ਜੇਹੇ ਵੈਲੀ ਦੇ। ਦੁਨੀਆ ਦੇ ਵਿਹੜੇ ’ਚ ਲਲਕਾਰੇ ਮਾਰਨੋ ਨੀਂ ਹਟ ਰਿਹਾ। ‘ਅਕਲਾਂ ਬਾਝੋਂ, ਅਮਰੀਕਾ ਖ਼ਾਲੀ।’ ਭਲਵਾਨ ਜੀ! ਜੇ ਕੋਈ ਪੰਜ ਤਿੰਨ ਕਰੇ ਤਾਂ ‘ਜੱਟ ਐਂਡ ਜੂਲੀਅਟ’ ਵਾਲੇ ਹੌਲਦਾਰ ਦਿਲਜੀਤ ਦੁਸਾਂਝ ਨੂੰ ਜ਼ਰੂਰ ਦੱਸਣਾ, ਉਹਨੂੰ ‘ਪਟਾਤੰਤਰ’ ਦੀ ਖਾਸ ਮੁਹਾਰਤ ਐ। 

       ਇਬਰਾਹਿਮ ਲਿੰਕਨ ਕੱਦ ਦਾ ਲੰਮਾ ਸੀ, ਟਰੰਪ ਦੀ ਜੀਭ ਲੰਮੀ ਹੈ। ‘ਵਾਸ਼ਿੰਗਟਨ ਪੋਸਟ’ ਵਾਲੇ ਆਖਦੇ ਹਨ ਕਿ ਟਰੰਪ ਝੂਠ ਬਹੁਤ ਬੋਲਦੈ। ਭਲਿਓ, ਇਹ ਤਾਂ ਮਾਣ ਵਾਲੀ ਗੱਲ ਹੈ। ‘ਗਪੌੜਸੰਖ’ ਵਾਲਾ ਨੋਬੇਲ ਪੁਰਸਕਾਰ ਸਿੱਧਾ ਥੋਡੀ ਝੋਲੀ ਪਊ। ਸਿਆਣੇ ਜੋ ਮਰਜ਼ੀ ਆਖੀ ਜਾਣ ਕਿ ‘ਚੰਗੇ ਫਲਾਂ ਦੀ, ਮਾੜੇ ਰੁੱਖਾਂ ਤੋਂ ਆਸ ਨਾ ਕਰੋ।’ ਆਓ ਹੁਣ ਮਲੰਗਾਂ ਦੇ ਵਿਹੜੇ ਚੱਲੀਏ। ਯੂਕਰੇਨ, ਤਿੰਨ ਵਰਿ੍ਹਆਂ ਤੋਂ ਰੂਸ ਆਲਾ ਪੂਤਿਨ ਲਤਾੜੀ ਜਾ ਰਿਹੈ। ਪਹਿਲੋਂ ਕਾਮੇਡੀਅਨ ਸੀ, ਹੁਣ ਯੂਕਰੇਨ ਦਾ ਰਾਸ਼ਟਰਪਤੀ ਐ ਜ਼ੇਲੈਂਸਕੀ, ਤਿੰਨ ਵਰਿ੍ਹਆਂ ਤੋਂ ਨੰਗੇ ਧੜ ਡਟਿਐ। 

       ਜਿਵੇਂ ਸਾਹਿਬਾਂ ਦੇ ਭਰਾਵਾਂ ਨੇ ਮਿਰਜ਼ੇ ਨੂੰ ਜੰਡ ਹੇਠਾਂ ਘੇਰਿਆ ਸੀ, ਉਵੇਂ ਰੂਸ ਨੇ ਜ਼ੇਲੈਂਸਕੀ ਨਾਲ ਕੀਤੀ। ਜ਼ੇਲੈਂਸਕੀ ਦਾ ਮੜੰ੍ਹਗਾ ਪਿੰਡ ਆਲੇ ਜੈਲੀ ਮਲੰਗ ’ਤੇ ਪੈਂਦੈ, ਜੀਹਦੇ ਕੋਲ ਮਲੰਗਪੁਣਾ ਵੀ ਹੈ, ਦੀਵਾਨਗੀ ਵੀ, ਨਾਲੇ ਫ਼ਕੀਰੀ ਵਾਲਾ ਝੋਲਾ ਵੀ। ‘ਮਰਨ ਗ਼ਰੀਬਾਂ ਦੀ, ਡਾਢੇ ਦੀ ਸਰਦਾਰੀ।’ ਜ਼ੇਲੈਂਸਕੀ ਉਰਫ਼ ‘ਜੈਲੀ ਮਲੰਗ’, ਅਣਖ ਦੀ ਸਲੀਬ ਮੋਢੇ ’ਤੇ ਚੁੱਕ ਸਿੱਧਾ ਵਾਈਟ  ਹਾਊਸ ਆਣ ਵੜਿਆ। ਲਓ ਜੀ! ਫਿਰ ਕੀ ਸੀ, ‘ਲੜ ਗਿਆ ਪੇਚਾ, ਸੋਹਣੇ ਸੱਜਣਾਂ ਦੇ ਨਾਲ।’ ਇੱਕ ਪੀੜ੍ਹੀ ’ਤੇ ਵੈਲੀ ਬੈਠਾ ਸੀ, ਦੂਜੀ ’ਤੇ ਮਲੰਗ। 

       ਟਰੰਪ ਫ਼ਰਮਾਏ, ਕਾਕਾ! ਤੂੰ ਸ਼ੁਕਰ ਕਰ ਅਸਾਡਾ। ਕਿਉਂ ਕਰਾਂ, ਅੱਗਿਓਂ ਜੁਆਬ ਮਿਲਿਆ। ਪੱਤੇ ਥੋਡੇ ਹੱਥ ਨਹੀਂ, ਬਾਬਾ ਟਰੰਪ ਬੋਲੇ। ਮਲੰਗ ਜੀ ਤਪ ਗਏ, ‘ਮੈਂ ਯੁੱਧ ਦੀ ਸਥਿਤੀ ’ਚ ਹਾਂ, ਕੋਈ ਪੱਤੇ ਨਹੀਂ ਖੇਡ ਰਿਹਾ।’ ਕਿੰਨਾ ਸਮਾਂ ਨਹਿਲੇ ’ਤੇ ਦਹਿਲਾ ਵੱਜਦਾ ਰਿਹਾ, ਦੁਨੀਆ ਦੇਖਦੀ ਰਹੀ। ਜੈਲੀ ਮਲੰਗ ਨੇ ਵੈਲੀ ਦੀ ਅੱਖ ’ਚ ਅੱਖ ਪਾਈ। ਨਾ ਸੌਰੀ ਕਿਹਾ, ਨਾ ਥੈਂਕ ਯੂ। ਰੂਸ ਆਲੇ ਬੋਲੇ, ‘ਅਸੀਂ ਹੈਰਾਨ ਹਾਂ, ਟਰੰਪ ਨੇ ਮਲੰਗ ਦੇ ਥੱਪੜ ਕਿਉਂ ਨਹੀਂ ਮਾਰਿਆ।’ ਟਰੰਪ ਦੀ ਧੌਂਸ ਤੇ ਮਲੰਗ ਦੀ ਅਣਖ, ਵਾਈਟ ਹਾਊਸ ’ਚ ਗੁੱਥਮਗੁੱਥਾ ਹੋ ਗਈਆਂ। 

       ਜੈਲੀ ਦਾ ਮੜਕ ਸ਼ਾਸਤਰ, ਵੈਲੀ ਦੇ ਅਰਥਸ਼ਾਸਤਰ ਦੇ ਕੰਨ ਰਗੜਦਾ ਰਿਹਾ। ਟਰੰਪ ਨੂੰ ਹੰਕਾਰ ਦੇ ਦੌਰੇ ਵਾਰ ਵਾਰ ਪਏ, ਜੈਲੀ ਵੈਲੀ ਜੁੱਤੀ ਸੁੰਘਾਉਂਦਾ ਰਿਹਾ। ਯੂਰਪ ਦੇ ਚੁਬਾਰੇ ’ਤੇ ਗਾਣਾ ਵੱਜਿਆ, ‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ..।’ ਸਾਹਿਰ ਲੁਧਿਆਣਵੀ ਫ਼ਰਮਾ ਰਹੇ ਨੇ, ‘ਏਕ ਸਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇ ਕਰ, ਹਮ ਗਰੀਬੋਂ ਦੀ ਮੁਹੱਬਤ ਕਾ ਉਡਾਇਆ ਹੈ ਮਜ਼ਾਕ।’ ਐਰੇ ਗੈਰੇ ਦੀ ਇਹ ਮਜਾਲ! ਅਮਰੀਕਾ ਨੇ ਇਹ ਸੋਚ ਯੂਕਰੇਨੀ ਮਦਦ ਲਈ ਦਰਵਾਜ਼ੇ ਬੰਦ ਕਰ ਦਿੱਤੇ। ਭਾਈ ਟਰੰਪ ‘ਟੈਰਿਫ਼ ਕਿੰਗ’ ਹੈ, ਚਾਹੇ ਕੈਨੇਡਾ ਤੇ ਚੀਨ ਨੂੰ ਪੁੱਛ ਕੇ ਦੇਖ ਲਵੋ। 

        ਜੈਲੀ ਕਹਿੰਦਾ, ‘ਮੈਂ ਵੀ ਕੋਈ ਗੁੜ ਦੀ ਰੋੜੀ ਨਹੀਂ।’ ਜੈਲੀ ਦੇ ਮਨ ’ਚ ਗੂੰਜ ਪਈ, ‘ਚੱਲ ਉੱਡ ਜਾ ਰੇ ਪੰਛੀ, ਯੇਹ ਦੇਸ਼ ਹੂਆ ਬੇਗਾਨਾ..।’ ਟਰੰਪ ਦੀ ਸ਼ਬਦਾਂ ਨਾਲ ਛਿਤਰੌਲ ਕਰ ਜੈਲੀ ਬੇਰੰਗ ਚਿੱਠੀ ਵਾਂਗੂ ਮੁੜ ਆਇਆ। ਵੈਲੀ ਨੂੰ ਇੱਕ ਚੜ੍ਹੇ, ਇੱਕ ਉੱਤਰੇ, ਕਿਤੇ ਬਿੰਨੂ ਢਿੱਲੋਂ ਕੋਲ ਹੁੰਦਾ ਤਾਂ ਜ਼ਰੂਰ ਆਖਦਾ, ‘ਬਾਹਲਾ ਕੱਬਾ ਸੁਭਾਅ ਚੁੱਕੀ ਫਿਰਦੈ।’ ਕਈ ਜੈਲੀ ਨੂੰ ਨਿੰਦ ਵੀ ਰਹੇ ਨੇ, ਅਖੇ! ਯੂਕਰੇਨ ਨੂੰ ਬਲਦੀ ਦੇ ਬੂਥੇ ਦੇ ਦਿੱਤਾ। ਉਂਜ, ਅਮਰੀਕਾ ਨੂੰ ਅੱਖਾਂ ਦਿਖਾ ਦੁਨੀਆ ਦੇ ਕਾਲਜੇ ਠੰਢ ਪਾ ਗਿਆ ਜੈਲੀ। 

        ਸਿਆਣੇ ਆਖਦੇ ਨੇ, ‘ਤਲਵਾਰ ਦਾ ਫੱਟ ਭਰ ਜਾਂਦੈ, ਜੀਭ ਦਾ ਨਹੀਂ।’ ਕਿਸੇ ਨੇ ਸਹੇ ਨੂੰ ਪੁੱਛਿਆ ਕਿ ਮਾਸ ਖਾਣੈ, ਅੱਗਿਓਂ ਸਹੇ ਨੇ ਹੱਥ ਜੋੜ ਕਿਹਾ, ਭਰਾਵਾ ! ਆਪਦਾ ਹੀ ਬਚਿਆ ਰਹੇ, ਇਹੋ ਕਾਫ਼ੀ ਐ। ਜੈਲੀ ਮਲੰਗ ਨੇ ਸਾਈਕਲ ਚੁੱਕਿਆ, ਯੂਰਪ ਦੇ ਪਹੇ ’ਤੇ ਪਾ ਲਿਆ ਤੇ ਰੇਡੀਓ ਕਰ ਲਿਆ ਆਨ,..‘ਬੇਕਦਰੇ ਲੋਕਾਂ ’ਚ ਕਦਰ ਗੁਆ ਲਏਂਗਾ..।’ ਯੂਰਪ ਆਲਿਆਂ ਨੇ ਪਹਿਲੋਂ ਤੇਲ ਚੋਇਆ, ਫਿਰ ਜੈਲੀ ਮਲੰਗ ਦੇ ਸਿਰ ’ਤੇ ਹੱਥ ਰੱਖ ਆਖਿਆ, ‘ਹਮੇ ਤੁਮਸੇ ਪਿਆਰ ਕਿਤਨਾ..।’ ਪੋਲੈਂਡ ਵਾਲੇ ਨੇ ਮੱਥਾ ਚੁੰਮ ਇੱਥੋਂ ਤਕ ਆਖ ਦਿੱਤਾ, ‘ਨਾ ਰੋ ਧੀਏ ਸੱਸੀਏ, ਪੰਨੂ ਵਰਗੇ ਬਲੋਚ ਬਥੇਰੇ।’ 

       ਜੈਲੀ ਅੱਖਾਂ ਭਰ ਆਇਆ, ‘ਮੇਰੇ ਲਹਿਜ਼ੇ ਮੇਂ ਜੀ ਹਜ਼ੂਰ ਨਾ ਥਾ, ਔਰ ਮੇਰਾ ਕਸੂਰ ਨਾ ਥਾ।’ ਓਹ ਦਿਨ ਵੀ ਹੁਣ ਕਿਵੇਂ ਭੁੱਲੀਏ, ਜਦੋਂ ਨਾਅਰੇ ਦੀ ਗੂੰਜ ਪਈ ਸੀ, ‘ਅਬਕੀ ਬਾਰ ਟਰੰਪ ਸਰਕਾਰ’। ਟਰੰਪ ਪਹਿਲੀ ਵਾਰ ਰਾਸ਼ਟਰਪਤੀ ਸਜੇ ਤਾਂ ਨਰਿੰਦਰ ਮੋਦੀ ਨਾਲ ਘਿਓ ਖਿਚੜੀ ਹੋਏ ਸਨ। ‘ਸ਼ੋਅਲੇ’ ਫ਼ਿਲਮ ਵਾਲੇ ਬੰਬੂਕਾਟ ’ਚ ਬੈਠ ਗੇੜੀ ਵੀ ਲਾਈ, ‘ਯੇ ਦੋਸਤੀ, ਹਮ ਨਹੀਂ ਛੋੜੇਗੇ।’ ਟਰੰਪ ਨੇ ਆਪਣੀ ਬੀਵੀ ਮਿਲੇਨੀਆ ਨਾਲ ਅਹਿਮਦਾਬਾਦ ’ਚ ਵੀ ਚਰਨ ਕਮਲ ਪਾਏ ਸਨ। ਗ਼ਰੀਬੀ ਲੁਕੋਣ ਲਈ ਜਿਵੇਂ ਮੋਦੀ ਨੇ ਗ਼ਰੀਬ ਬਸਤੀ ਅੱਗੇ ਕੰਧ ਕੱਢੀ ਸੀ, ਉਹੀ ਹਾਲ ਹੁਣ ਮੈਕਸਿਕੋ ਦੀ ਕੰਧ ਦਾ ਹੈ। 

       ਟਰੰਪ ਬੰਦਿਆ! ਹੁਣ ਕਿਉਂ ਅੱਖਾਂ ਫੇਰ ਗਿਆ। ਤੇਰਾ ਕੀ ਘਟਣਾ ਸੀ, ਜੇ ‘ਵਿਸ਼ਵ ਗੁਰੂ’ ਨੂੰ ਸਹੁੰ ਚੁੱਕ ਸਮਾਗਮਾਂ ’ਤੇ ਬੁਲਾ ਲੈਂਦਾ। ਉਦੋਂ ਪੱਗ ਵੱਟ ਭਰਾ ਬਣੇ ਸਨ, ਹੁਣ ਮੂੰਹ ਫੱਟ ਭਰਾ ਲੱਗਦੇ ਨੇ। ਪੰਜਾਬੀ ਫ਼ਿਲਮ ਦਾ ਡਾਇਲਾਗ ਢੁਕਵਾਂ ਜਾਪਦੈ, ‘ਉਨ੍ਹਾਂ ਰੱਜ ਕੇ ਜਲੀਲ ਕੀਤਾ, ਅਸਾਂ ਮਾਸਾ ਨਾ ਫ਼ੀਲ ਕੀਤਾ।’ ਅਮਰੀਕੀ ਜਹਾਜ਼ ਜਦੋਂ ਅੰਮ੍ਰਿਤਸਰ ਲੈਂਡ ਹੋਏ ਤਾਂ ਪੈਰਾਂ ’ਚ ਬੇੜੀਆਂ ਤੇ ਹੱਥਕੜੀਆਂ ’ਚ ਜਕੜੇ ਮੁੰਡੇ, ਜਲਾਲਤ ਦਾ ਸਿਖਰ ਸੀ। ਡਿਪੋਰਟ ਹੋਏ ਗੁਜਰਾਤੀ ਰਾਤੋ ਰਾਤ ‘ਗੁਜਰਾਤ ਮਾਡਲ’ ਦੇ ਕੰਧਾੜੇ ਚੜ੍ਹ ਮਾਪਿਆਂ ਕੋਲ ਜਾ ਪੁੱਜੇ। 

       ਸਭ ਕੁੱਝ ਦੇਖ ਦਿੱਲੀ ਵਿਯੋਗ ’ਚ ਕੂਕਣ ਲੱਗੀ, ‘ਅਸੀਂ ਤੇਰੇ ਨਾਲ ਲਾਈਆਂ ਸੀ ਨਿਭਾਉਣ ਵਾਸਤੇ...।’ ਔਹ ਕਾਕਾ ਰਾਹੁਲ ਗਾਂਧੀ ਐਵੇਂ ਖ਼ੁਸ਼ੀਆਂ ਲੱਭਦਾ ਫਿਰਦੈ। ਪਾਰਕ ’ਚ ਬੈਠਾ ਦਿਲ ਬਹਿਲਾ ਰਿਹਾ ਹੈ, ‘ਜਿਨ੍ਹਾਂ ਪਿੱਛੇ ਤੂੰ ਫਿਰਦੈ, ਸਾਡੀ ਜੁੱਤੀ ਦੀਆਂ ਨੋਕਾਂ ਨੇ।’ ਭੇਤੀ ਦੱਸਦੇ ਨੇ ਕਿ ਜਦੋਂ ਰੱਬ ਅਕਲ ਦੇ ਗੱਫੇ ਵਰਤਾ ਰਿਹਾ ਸੀ ਤਾਂ ਰਾਹੁਲ ਗਾਂਧੀ ਰੁੱਸ ਕੇ ਚੰਦ ਭਾਨ ਦੇ ਟੇਸ਼ਨ ’ਤੇ ਜਾ ਬੈਠਾ ਸੀ। ‘ਸਬ ਕੋ ਸਨਮਤੀ ਦੇ ਭਗਵਾਨ।’ ਆਪਾਂ ਗੱਲ ਅਮਰੀਕਾ ਦੀ ਕਰਦੇ ਪਏ ਸੀ ਕਿ ਕਿਵੇਂ ਹਾਸਰਸ ਕਲਾਕਾਰ ਜੈਲੀ ਦੁਨੀਆ ਨੂੰ ਆਪਣੀ ਹਸਤੀ ਦਿਖਾ ਗਿਆ। ਪੰਜਾਬ ਦੇ ਨੇਤਾਵਾਂ ਦਾ ਜਦੋਂ ਵੀ ਕਿਸੇ ਟਰੰਪ ਵਰਗੇ ਨਾਲ ਵਾਹ ਪਏ, ਬੱਸ ਜੈਲੀ ਮਲੰਗ ਨੂੰ ਧਿਆ ਲਿਆ ਕਰਨ।

       ਕਾਮਰੇਡ ਆਖਦੇ ਨੇ ਕਿ ਹੱਲਾ ਵੱਡਾ ਐ, ਲੜਾਈ ਸਾਮਰਾਜੀ ਤੇ ਪੂੰਜੀਵਾਦੀ ਤਾਕਤਾਂ ਦੀ ਹੈ। ਸਭ ਇੱਕੋ ਥਾਲੀ ਦੇ ਚੱਟੇ ਵੱਟੇ ਨੇ। ਅਖੀਰ ’ਚ ਇੱਕ ਲਤੀਫ਼ਾ। ਅੱਧੀ ਰਾਤ ਦਾ ਵੇਲਾ ਸੀ, ਟਰੇਨ ’ਚ ਪੰਜ ਸੱਤ ਕਾਮਰੇਡ ਗੰਭੀਰ ਸੰਵਾਦ ’ਚ ਉਲਝੇ ਹੋਏ ਸਨ। ਇੱਕ ਆਖਦਾ ਪਿਆ ਸੀ ਕਿ ਏਹ ਸਾਮਰਾਜਵਾਦ ਹੈ, ਦੂਜਾ ਆਖਣ ਲੱਗਾ, ਪੁਆੜਾ ਪੂੰਜੀਵਾਦ ਹੈ, ਤੀਜਾ ਬੋਲਿਆ ਇਹ ਦੌਰ ਫਾਸ਼ੀਵਾਦ ਦਾ ਹੈ, ਚੌਥਾ ਆਖਣ ਲੱਗਾ ਤਾਂ ਫਿਰ ਸਮਾਜਵਾਦ ਕਿਥੇ ਹੈ। ਉਪਰਲੇ ਬਰਥ ’ਚ ਸੁੱਤਾ ਪਿਆ ਯਾਤਰੀ ਅੱਖਾਂ ਮੱਲਦਾ ਉੱਠਿਆ, ਆਖਣ ਲੱਗਾ, ਸਾਥੀਓ! ਜਦੋਂ ਗਾਜ਼ੀਆਬਾਦ ਆਇਆ ਤਾਂ ਉਦੋਂ ਜ਼ਰੂਰ ਦੱਸਣਾ, ਮੈਂ ਉਤਰਨੈ।

(5 ਮਾਰਚ 2025)

                                                             ਹਰੀ ਝੰਡੀ
                                    ਨਹਿਰਾਂ ’ਚ ਚੱਲਣਗੇ ‘ਕਰੂਜ਼’
                                                          ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਦੀਆਂ ਨਹਿਰਾਂ ’ਚ ਹੁਣ ‘ਕਰੂਜ਼’ ਚੱਲਣਗੇ ਤਾਂ ਜੋ ਸੈਰ ਸਪਾਟੇ ਨੂੰ ਹੁਲਾਰਾ ਦਿੱਤਾ ਜਾ ਸਕੇ। ਕਈ ਨਹਿਰਾਂ ’ਚ ਬੋਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਕਰੀਬ ਦਰਜਨ ਨਹਿਰਾਂ ਦੀ ਸ਼ਨਾਖ਼ਤ ਹੋਈ ਹੈ ਜਿਨ੍ਹਾਂ ’ਚ ਬੋਟਿੰਗ ਸ਼ੁਰੂ ਕੀਤੇ ਜਾਣ ਦੀ ਯੋਜਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਰੋਤ ਮਹਿਕਮੇ ਨੂੰ ਸੈਰ ਸਪਾਟੇ ਦੇ ਪੁਆਇੰਟ ਵਿਕਸਤ ਕਰਨ ਲਈ ਹਰੀ ਝੰਡੀ ਦਿੱਤੀ ਸੀ। ਨਵੇਂ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਜਿੱਥੇ ਲੋਕਾਂ ਨੂੰ ਆਪਣੇ ਪਿੰਡਾਂ ਸ਼ਹਿਰਾਂ ਦੇ ਨੇੜੇ ਹੀ ਬੋਟਿੰਗ ਦੇ ਮੌਕੇ ਮਿਲ ਸਕਣਗੇ, ਉੱਥੇ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਵੀ ਇਸ ਤੋਂ ਲਾਹਾ ਮਿਲੇਗਾ। ਜਲ ਸਰੋਤ ਮਹਿਕਮੇ ਵੱਲੋਂ 11 ਨਹਿਰਾਂ ’ਚ ਬੋਟਿੰਗ/ਕਰੂਜ਼ ਚਲਾਏ ਜਾਣ ਦੇ ਟੈਂਡਰ ਕੀਤੇ ਗਏ ਸਨ ਜਿਨ੍ਹਾਂ ’ਚੋਂ ਤਿੰਨ ਥਾਵਾਂ ’ਤੇ ਬੋਟਿੰਗ ਦਾ ਕੰਮ ਸ਼ੁਰੂ ਹੋ ਚੁੱਕਾ ਹੈ। 

       ਦੋਰਾਹਾ ਲਾਗੇ ਕੰਬਾਈਂਡ ਬਰਾਂਚ, ਜਿੱਥੋਂ ਅਬੋਹਰ ਤੇ ਬਠਿੰਡਾ ਬਰਾਂਚ ਨਿਕਲਦੀ ਹੈ, ’ਚ ਕਰੂਜ਼ ਚੱਲੇਗਾ ਜੋ ਕਰੀਬ 30 ਸੀਟਾਂ ਦਾ ਹੋਵੇਗਾ। ਮਹਿਕਮੇ ਤਰਫ਼ੋਂ ਇਸ ਦਾ ਟੈਂਡਰ ਮੁਕੰਮਲ ਕਰ ਲਿਆ ਗਿਆ ਹੈ ਅਤੇ ਪ੍ਰਾਈਵੇਟ ਕੰਪਨੀ ਨੇ ਕਿਸ਼ਤੀਆਂ ਤੇ ਕਰੂਜ਼ ਦਾ ਆਰਡਰ ਦੇ ਦਿੱਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਤਲਵਾੜਾ ਨੇੜੇ ਸ਼ਾਹ ਨਹਿਰ ਬੈਰਾਜ ’ਚ ਬੋਟਿੰਗ ਸ਼ੁਰੂ ਹੋ ਗਈ ਹੈ ਅਤੇ ਇਸੇ ਤਰ੍ਹਾਂ ਸੰਗਰੂਰ ਦੇ ਨਦਾਮਪੁਰ ਲਾਗੇ ਘੱਗਰ ਬਰਾਂਚ ’ਚ ਬੋਟਿੰਗ ਸ਼ੁਰੂ ਹੋ ਚੁੱਕੀ ਹੈ। ਨਿਦਾਮਪੁਰ ਪ੍ਰਾਜੈਕਟ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਦੋ ਮੈਂਬਰਾਂ ਤੋਂ 400 ਰੁਪਏ ਵਸੂਲਦੇ ਹਨ ਅਤੇ ਇੱਕ ਕਿਲੋਮੀਟਰ ਦੀ 10 ਮਿੰਟ ਤੱਕ ਦੀ ਬੋਟਿੰਗ ਕਰਾਉਂਦੇ ਹਨ। ਪ੍ਰੀ-ਵੈਡਿੰਗ ਸ਼ੂਟ ਲਈ ਵੱਖਰੇ ਚਾਰਜਿਜ਼ ਲਏ ਜਾਂਦੇ ਹਨ। ਇਸ ਪ੍ਰਾਜੈਕਟ ਤੋਂ ਸਰਕਾਰ ਨੂੰ ਆਮਦਨ ਹੋਵੇਗੀ।

       ਰੋਪੜ ਹੈੱਡ ਵਰਕਸ ’ਤੇ ਵੀ ਬੋਟਿੰਗ ਸ਼ੁਰੂ ਕਰਨ ਦੇ ਟੈਂਡਰ ਹੋ ਚੁੱਕੇ ਹਨ। ਰੋਪੜ ਹੈੱਡ ਵਰਕਸ ਦੇ ਬੋਟਿੰਗ ਪ੍ਰਾਜੈਕਟ ਤੋਂ ਸਰਕਾਰ ਨੂੰ 10,77,777 ਰੁਪਏ ਸਾਲਾਨਾ ਆਮਦਨ ਹੋਵੇਗੀ ਅਤੇ ਹਰ ਸਾਲ 10 ਫ਼ੀਸਦੀ ਦਾ ਵਾਧਾ ਹੋਵੇਗਾ। ਇਸੇ ਤਰ੍ਹਾਂ ਚਮਕੌਰ ਸਾਹਿਬ ਵਿਖੇ ਸਰਹਿੰਦ ਨਹਿਰ ਵਿੱਚ ਬੋਟਿੰਗ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਹਫ਼ਤੇ ਵਿੱਚ ਚਾਲੂ ਹੋਣ ਦੀ ਸੰਭਾਵਨਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਇਸ ਪ੍ਰਾਜੈਕਟ ਤੋਂ ਮਾਲੀਆ ਹਾਸਲ ਹੋਵੇਗਾ ਤੇ ਲੋਕਾਂ ਨੂੰ ਮਨੋਰੰਜਨ ਲਈ ਘਰ ਦੇ ਨੇੜੇ ਸੈਰ-ਸਪਾਟੇ ਵਾਲੀ ਥਾਂ ਮਿਲ ਜਾਵੇਗੀ। ਬਹੁਤੇ ਪ੍ਰਾਜੈਕਟਾਂ ਦੇ ਸਮਝੌਤੇ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਕੰਪਨੀਆਂ ਨੇ ਇਸ ’ਚ ਕਾਫ਼ੀ ਦਿਲਚਸਪੀ ਦਿਖਾਈ ਹੈ।

                                   ਰੈਸਟ ਹਾਊਸਾਂ ’ਚ ਖੋਲ੍ਹੇ ਜਾ ਰਹੇ ਨੇ ਕੈਫੇਟੇਰੀਆ

ਨਹਿਰ ਮਹਿਕਮੇ ਵੱਲੋਂ ਪੁਰਾਣੀਆਂ ਥਾਵਾਂ ’ਤੇ ਕੈਫੇਟੇਰੀਆ ਵੀ ਖੋਲ੍ਹੇ ਜਾ ਰਹੇ ਹਨ। ਰੋਪੜ ਹੈੱਡਵਰਕਸ ਅਤੇ ਹੁਸ਼ਿਆਰਪੁਰ ਵਿੱਚ ਕੈਫ਼ੇ ਖੋਲ੍ਹੇ ਜਾ ਰਹੇ ਹਨ ਜਦਕਿ ਹੁਸੈਨੀਵਾਲਾ ਰੈਸਟ ਹਾਊਸ ਨੂੰ ਵੀ (ਹਰ ਸਾਲ 10 ਫ਼ੀਸਦੀ ਦਾ ਵਾਧਾ) ਕਿਰਾਏ ’ਤੇ ਦਿੱਤਾ ਗਿਆ ਹੈ। ਲਹਿਲ ਰੈਸਟ ਹਾਊਸ ਨੂੰ ਫਿਸ਼ ਫਾਰਮਿੰਗ ਲਈ ਸੱਤ ਸਾਲ ਲਈ ਲੀਜ਼ ’ਤੇ ਦਿੱਤਾ ਗਿਆ ਹੈ।

Monday, March 3, 2025

                                                         ਰੁਝਾਨ ਨੂੰ ਮੋੜਾ
                               ਪਾਸਪੋਰਟ ਦੀ ਹਨੇਰੀ ਨੂੰ ਹੁਣ ਠੱਲ੍ਹ 
                                                        ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ’ਚ ਹੁਣ ਨਵੇਂ ਪਾਸਪੋਰਟ ਬਣਾਉਣ ਦੇ ਰੁਝਾਨ ਨੂੰ ਮੋੜਾ ਪਿਆ ਹੈ। ਲੰਘੇ ਵਰ੍ਹਿਆਂ ਤੋਂ ਜੋ ਪਾਸਪੋਰਟ ਬਣਾਉਣ ਦੀ ਹਨੇਰੀ ਚੱਲੀ ਸੀ, ਉਸ ਨੂੰ ਹੁਣ ਠੱਲ੍ਹ ਪੈਣ ਲੱਗੀ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਨੇ ਜੋ ਜਨਵਰੀ 2025 ਤੱਕ ਦਾ ਵੇਰਵਾ ਜਨਤਕ ਕੀਤਾ ਹੈ, ਉਹ ਪੰਜਾਬ ਲਈ ਖੁਸ਼ਖਬਰ ਵਾਂਗ ਹੈ। ਪੰਜਾਬ ਵਿੱਚ ਸਾਲ 2023 ਵਿੱਚ ਪਾਸਪੋਰਟ ਬਣਾਏ ਜਾਣ ਦੇ ਸਭ ਰਿਕਾਰਡ ਟੁੱਟ ਗਏ ਸਨ ਅਤੇ ਉਸ ਇੱਕੋ ਸਾਲ ’ਚ 11.94 ਲੱਖ ਪਾਸਪੋਰਟ ਬਣੇ ਸਨ। ਨਵੇਂ ਤੱਥਾਂ ਅਨੁਸਾਰ ਸਾਲ 2024 ਵਿੱਚ 10.60 ਲੱਖ ਨਵੇਂ ਪਾਸਪੋਰਟ ਬਣੇ ਹਨ ਜੋ ਕਟੌਤੀ ਹੋਣ ਵੱਲ ਸੰਕੇਤ ਕਰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ‘ਵਤਨ ਵਾਪਸੀ’ ਦਾ ਨਾਅਰਾ ਦਿੱਤਾ ਸੀ ਅਤੇ ਉੱਪਰੋਂ ਕੈਨੇਡਾ ਨੇ ਪਹਿਲਾਂ ਹੀ ਵੀਜ਼ੇ ਦੇਣ ਤੋਂ ਹੱਥ ਘੁੱਟਣਾ ਸ਼ੁਰੂ ਕਰ ਦਿੱਤਾ ਸੀ। 

       ਅਮਰੀਕਾ ’ਚੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਦੀ ਹੱਡ-ਬੀਤੀ ਅੱਖਾਂ ਖੋਲ੍ਹਣ ਵਾਲੀ ਹੈ। ਜਨਵਰੀ 2025 ਦੇ ਮਹੀਨੇ ’ਚ ਪੰਜਾਬ ’ਚ 59,907 ਪਾਸਪੋਰਟ ਬਣੇ ਹਨ। ਮਤਲਬ ਕਿ ਰੋਜ਼ਾਨਾ ਔਸਤਨ 1932 ਪਾਸਪੋਰਟ ਬਣੇ ਹਨ। ਸਾਲ 2023 ਵਿੱਚ ਸੂਬੇ ਵਿੱਚ ਰੋਜ਼ਾਨਾ ਔਸਤਨ 3271 ਜਦਕਿ ਸਾਲ 2024 2906 ਪਾਸਪੋਰਟ ਬਣੇ ਸਨ। ਪੰਜਾਬ ਵਿੱਚ ਸਾਲ 2014 ਤੋਂ ਇਹ ਰੁਝਾਨ ਸ਼ੁਰੂ ਹੋਇਆ ਸੀ ਜਦਕਿ ਇੱਕੋ ਸਾਲ ’ਚ 5.48 ਲੱਖ ਪਾਸਪੋਰਟ ਬਣੇ ਸਨ। ਸਾਲ 2016 ਇਹ ਅੰਕੜਾ 9.73 ਲੱਖ ’ਤੇ ਪਹੁੰਚ ਗਿਆ ਸੀ। ਸਿਰਫ਼ ਕਰੋਨਾ ਵਾਲੇ ਦੋ ਵਰ੍ਹਿਆਂ ’ਚ ਪਾਸਪੋਰਟਾਂ ’ਚ ਕਮੀ ਆਈ ਸੀ ਪਰ ਉਸ ਮਗਰੋਂ ਤੇਜ਼ ਰਫ਼ਤਾਰ ਨਾਲ ਪਾਸਪੋਰਟ ਵਧੇ ਸਨ।

       ਕਰੀਬ ਇੱਕ ਦਹਾਕੇ ਮਗਰੋਂ ਹੁਣ ਪਾਸਪੋਰਟਾਂ ਦੇ ਰੁਝਾਨ ਨੂੰ ਮੋੜਾ ਪਿਆ ਹੈ ਜੋ ਸੰਕੇਤ ਕਰਦਾ ਹੈ ਕਿ ਪੰਜਾਬੀਆਂ ਦੇ ਸਿਰ ’ਤੇ ਜੋ ਵਿਦੇਸ਼ ਜਾਣ ਦਾ ‘ਜਨੂੰਨ’ ਸਵਾਰ ਸੀ, ਉਹ ਹੁਣ ਉਤਰਨ ਲੱਗਾ ਹੈ। ਪੰਜਾਬ ’ਚ ਸਾਲ 2014 ਤੋਂ ਹੁਣ ਤੱਕ 92.40 ਲੱਖ ਪਾਸਪੋਰਟ ਬਣ ਚੁੱਕੇ ਹਨ। ਹਰਿਆਣਾ ’ਚ ਵੀ ਪਾਸਪੋਰਟ ਬਣਾਉਣ ਦਾ ਰੁਝਾਨ ਘਟਿਆ ਹੈ ਜਿੱਥੇ ਸਾਲ 2023 ਵਿੱਚ 5.82 ਲੱਖ ਜਦਕਿ ਸਾਲ 2024 ਵਿੱਚ 5.49 ਲੱਖ ਪਾਸਪੋਰਟ ਬਣੇ ਸਨ। ਪਾਸਪੋਰਟ ਬਣਾਉਣ ਦੇ ਮਾਮਲੇ ’ਚ ਕੇਰਲਾ ਦਾ ਪਹਿਲਾ ਸਥਾਨ ਹੈ ਜਿੱਥੇ ਸਾਲ 2023 ’ਚ 15.07 ਲੱਖ ਜਦਕਿ 2024 ਵਿਚ 15.93 ਲੱਖ ਪਾਸਪੋਰਟ ਬਣੇ। ਪੰਜਾਬ ਵਿੱਚ ਹੁਣ ਆਈਲੈਟਸ ਕੇਂਦਰਾਂ ਦਾ ਕਾਰੋਬਾਰ ਵੀ ਚੌਪਟ ਹੋਣ ਲੱਗਾ ਹੈ ਅਤੇ ਇਨ੍ਹਾਂ ਕੇਂਦਰਾਂ ਨੂੰ ਤੇਜ਼ੀ ਨਾਲ ਤਾਲੇ ਲੱਗੇ ਹਨ। 

       ਅਸਲ ਵਿੱਚ ਪੰਜਾਬ ਚੋਂ ਨੌਜਵਾਨ ਪਿਛਲੇ ਵਰ੍ਹਿਆਂ ’ਚ ਕੈਨੇਡਾ ਗਏ ਹਨ, ਉਹ ਉੱਥੇ ਪੀਆਰ ਹੋ ਚੁੱਕੇ ਹਨ ਅਤੇ ਪਿੱਛੇ ਉਨ੍ਹਾਂ ਦੇ ਮਾਪੇ ਵੀ ਕੈਨੇਡਾ ਚਲੇ ਗਏ ਹਨ। ਪੰਜਾਬ ’ਚ ਇਸ ਵੇਲੇ ਕਰੀਬ 55 ਲੱਖ ਘਰ ਹਨ ਜਦਕਿ ਪਾਸਪੋਰਟਾਂ ਦਾ ਅੰਕੜਾ 92.40 ਲੱਖ ਹੈ। ਇੱਕ ਦਹਾਕੇ ’ਚ ਕਰੀਬ 30 ਹਜ਼ਾਰ ਪੰਜਾਬੀ ਵਿਦੇਸ਼ ’ਚ ਨਾਗਰਿਕਤਾ ਮਿਲਣ ਮਗਰੋਂ ਪੰਜਾਬ ਨੂੰ ਪੱਕੇ ਤੌਰ ’ਤੇ ਅਲਵਿਦਾ ਵੀ ਆਖ ਚੁੱਕੇ ਹਨ। ਪੰਜਾਬ ਦੇ ਐੱਨਆਰਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ‘ਵਤਨ ਵਾਪਸੀ’ ਦਾ ਨਾਅਰਾ ਦਿੱਤਾ ਗਿਆ ਸੀ, ਉਹ ਰੰਗ ਦਿਖਾਉਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੱਕਾ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਜਿਸ ਨਾਲ ਨੌਜਵਾਨਾਂ ਨੂੰ ਸੂਬੇ ਵਿੱਚ ਨੌਕਰੀਆਂ ਦੇ ਮੌਕੇ ਮਿਲਣ ਲੱਗੇ ਹਨ। ਇਸੇ ਦਾ ਅਸਰ ਹੁਣ ਸਾਹਮਣੇ ਆਉਣ ਲੱਗਿਆ ਹੈ।