Friday, April 29, 2011

                                          ਬੱਚੇ ਹੁਣ ਸਕੂਲ ਨਹੀਂ,ਬੀਕਾਨੇਰ ਜਾਂਦੇ ਹਨ
                                                                        ਚਰਨਜੀਤ ਭੁੱਲਰ
ਬਠਿੰਡਾ  : ਦੱਖਣੀ ਪੰਜਾਬ 'ਚ ਏਦਾ ਦੇ ਸੈਂਕੜੇ ਬੱਚੇ ਹਨ ਜੋ ਹੁਣ ਸਕੂਲ ਨਹੀਂ, ਬੀਕਾਨੇਰ ਜਾਂਦੇ ਹਨ। ਇਨ੍ਹਾਂ ਬੱਚਿਆਂ ਨਾਲ ਇਕੱਲੀ ਜ਼ਿੰਦਗੀ ਨਹੀਂ,ਚਾਅ ਮਲਾਰ ਵੀ ਰੁੱਸੇ ਹਨ। ਮਾਪਿਆਂ ਹੱਥੋਂ ਜ਼ਮੀਨ ਖਿਸਕੀ ਹੈ ਤਾਂ ਇਨ੍ਹਾਂ ਬੱਚਿਆਂ ਹੱਥੋਂ ਸੁਪਨੇ। ਪਿੰਡ ਬਰਕੰਦੀ ਦਾ ਬੱਚਾ ਜਸਵਿੰਦਰ ਸਿੰਘ ਹੁਣ ਸਕੂਲ ਨਹੀਂ ਜਾਂਦਾ ਹੈ। ਇਲਾਜ ਲਈ ਬੀਕਾਨੇਰ ਜਾਣਾ ਮਜਬੂਰੀ ਹੈ। ਕੈਂਸਰ ਨੇ ਉਸ ਤੋਂ ਤਿੰਨ ਵਰ੍ਹੇ ਪਹਿਲਾਂ ਸਕੂਲ ਛੁਡਵਾ ਦਿੱਤਾ। ਉਸ ਤੋਂ ਪਹਿਲਾਂ ਉਸ ਦਾ ਬਾਪ ਦਰਸ਼ਨ ਸਿੰਘ ਵੀ ਇਸ ਭੈੜੀ ਬਿਮਾਰੀ ਹੱਥੋਂ ਹਾਰ ਗਿਆ ਸੀ। ਮਾਂ ਹੁਣ ਆਪਣੇ ਬੱਚੇ ਦੀ ਜ਼ਿੰਦਗੀ ਬਚਾਉਣ ਖਾਤਰ ਪਾਪੜ ਵੇਲ ਰਹੀ ਹੈ। ਇਸ ਪਿੰਡ ਦੇ ਵੀਰ ਸਿੰਘ ਦੀ 12 ਵਰ੍ਹਿਆਂ ਦੀ ਧੀ ਰਾਜ ਕੌਰ ਵੀ ਇਸ ਬਿਮਾਰੀ ਕੋਲੋਂ ਨਹੀਂ ਬਚ ਸਕੀ ਹੈ। ਪਿੰਡ ਕੋਟਸ਼ਮੀਰ ਦੀ ਗੁਰਜੀਤ ਕੌਰ ਨੂੰ ਸਕੂਲੋਂ ਹਟਾ ਲਿਆ ਗਿਆ ਹੈ। ਦਾਦੀ ਦੇ ਇਲਾਜ 'ਚ ਜਦੋਂ ਸਾਰੀ ਜ਼ਮੀਨ ਖੁਸ ਗਈ ਤਾਂ ਮਾਪਿਆਂ ਕੋਲ ਉਸ ਨੂੰ ਪੜਾਉਣ ਦੀ ਪਹੁੰਚ ਵੀ ਨਹੀਂ ਬਚੀ ਸੀ। ਪਿੰਡ ਗਹਿਰੀ ਭਾਗੀ ਦਾ ਹਰਜੀਤ ਹੁਣ ਮਾਪਿਆਂ ਦੀ ਦੁੱਖਾਂ ਦੀ ਵਹਿੰਗੀ ਚੁੱਕ ਰਿਹਾ ਹੈ। ਜਦੋਂ ਉਸ ਦੇ ਬਾਪ ਨੂੰ ਕੈਂਸਰ ਹੋ ਗਿਆ ਤਾਂ ਉਸ ਨੂੰ ਸਕੂਲ ਛੱਡਣਾ ਪਿਆ। ਬੀਕਾਨੇਰ ਉਸ ਲਈ ਓਪਰਾ ਨਹੀਂ ਰਿਹਾ ਹੈ। ਬਠਿੰਡਾ ਤੋਂ ਬੀਕਾਨੇਰ ਨੂੰ ਜੋ ਟਰੇਨ ਚੱਲਦੀ ਹੈ,ਉਸ 'ਚ ਕੈਂਸਰ ਮਰੀਜ਼ਾਂ ਦੀ ਕੋਈ ਕਮੀ ਨਹੀਂ ਹੁੰਦੀ। ਸਸਤਾ ਇਲਾਜ ਹੋਣ ਕਰਕੇ ਮਰੀਜ਼ ਬੀਕਾਨੇਰ ਜਾਂਦੇ ਹਨ। 'ਕੈਂਸਰ ਐਕਸਪ੍ਰੈਸ' ਦੇ ਇਨ੍ਹਾਂ ਯਾਤਰੀਆਂ ਦੇ ਦੁੱਖਾਂ ਨੂੰ ਸਰਕਾਰ ਆਪਣਾ ਮੰਨਦੀ ਤਾਂ ਇਨ੍ਹਾਂ ਘਰਾਂ ਨਾਲ ਏਦਾ ਜੱਗੋ ਤੇਹਰਵੀਂ ਨਹੀਂ ਹੋਣੀ ਸੀ।
          ਬੀਕਾਨੇਰ ਬਹੁਤੇ ਖੁਦ ਦੁੱਖ ਭੋਗਣ ਵਾਲੇ ਬੱਚੇ ਜਾਂਦੇ ਹਨ। ਜਾਂ ਫਿਰ ਉਹ ਬੱਚੇ ਜਾਂਦੇ ਹਨ ਜਿਨ੍ਹਾਂ ਦੇ ਮਾਪੇ ਕੈਂਸਰ ਨਾਲ ਲੜ ਰਹੇ ਹਨ। ਪਿੰਡ ਮਾਨਸਾ ਕਲਾਂ ਦੇ ਇੱਕ 15 ਵਰ੍ਹਿਆਂ ਦੇ ਬੱਚੇ ਨੂੰ ਵੀ ਸਕੂਲ ਤੋਂ ਪਹਿਲਾਂ ਬੀਕਾਨੇਰ ਦਾ ਹੀ ਮੂੰਹ ਦੇਖਣਾ ਪਿਆ ਹੈ। ਪਿੰਡ ਸੰਗਤ ਦਾ 12 ਵਰ੍ਹਿਆਂ ਦਾ ਧਰਮਪ੍ਰੀਤ ਵੀ ਕੈਂਸਰ ਦੇ ਦਰਦ ਸਹਿ ਰਿਹਾ ਹੈ। ਪਿੰਡ ਗੰਗਾ ਦਾ 13 ਵਰ੍ਹਿਆਂ ਦਾ ਖੁਸਵਿੰਦਰ ਸਿੰਘ ਤਾਂ ਕੈਂਸਰ ਹੱਥੋਂ ਜਾਨ ਹੀ ਗੁਆ ਬੈਠਾ ਹੈ। ਜਿਨ੍ਹਾਂ ਦੇ ਮਾਪਿਆਂ ਨੂੰ ਕੈਂਸਰ ਹੈ, ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਵੀ ਬਿਮਾਰੀ ਦੀ ਭੇਟ ਹੀ ਚੜ ਗਿਆ ਹੈ। ਪਿੰਡ ਗਹਿਰੀ ਭਾਗੀ ਦੇ ਸੰਦੀਪ ਸਿੰਘ ਦੀ ਦਾਦੀ ਅਤੇ ਬਾਪ ਦੀ ਮੌਤ ਕੈਂਸਰ ਨਾਲ ਹੋ ਚੁੱਕੀ ਹੈ। ਹੁਣ ਉਸ ਦੀ ਮਾਂ ਵੀ ਕੈਂਸਰ ਤੋਂ ਪੀੜਤ ਹੈ। ਸੰਦੀਪ ਸਕੂਲੋਂ ਹਟ ਗਿਆ ਹੈ ਅਤੇ ਹੁਣ ਮਾਂ ਨੂੰ ਬਚਾਉਣਾ ਹੀ ਉਸ ਦਾ ਇਮਤਿਹਾਨ ਬਣ ਗਿਆ ਹੈ। ਬਾਪ ਨੂੰੰ ਬਚਾਉਣ ਲਈ ਉਸ ਨੂੰ ਇੱਕ ਏਕੜ ਜ਼ਮੀਨ ਵੀ ਵੇਚਣੀ ਪਈ ਸੀ। ਇਸੇ ਤਰ੍ਹਾਂ ਹੋਰ ਬਹੁਤੇ ਬੱਚੇ ਹਨ ਜਿਨ੍ਹਾਂ ਨੂੰ ਸਕੂਲੋਂ ਹਟਣਾ ਪਿਆ ਹੈ ਕਿਉਂਕਿ ਕੈਂਸਰ ਦੇ ਕਹਿਰ ਨੇ ਉਨ੍ਹਾਂ ਦੇ ਘਰਾਂ ਨੂੰ ਕਿਤੋਂ ਦਾ ਨਹੀਂ ਛੱਡਿਆ ਹੈ। ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਸ੍ਰੀ ਜਗਮੋਹਨ ਕੌਸ਼ਲ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਕੈਂਸਰ ਮਰੀਜ਼ਾਂ ਦੇ ਇਲਾਜ ਲਈ ਕੋਈ ਦਰਿਆ ਦਿਲੀ ਦਿਖਾਉਂਦੀ ਤਾਂ ਘੱਟੋ ਘੱਟ ਇਨ੍ਹਾਂ ਬੱਚਿਆਂ ਦਾ ਭਵਿੱਖ ਤਾਂ ਖਰਾਬ ਹੋਣੋਂ ਬਚ ਜਾਣਾ ਸੀ। ਉਨ੍ਹਾਂ ਆਖਿਆ ਕਿ ਸਰਕਾਰ ਦਾ ਖ਼ਜ਼ਾਨਾ ਇਨ੍ਹਾਂ ਗਰੀਬ ਮਰੀਜ਼ਾਂ ਦੀ ਵਾਰੀ 'ਤੇ ਕਿਉਂ ਖਾਲੀ ਰਿਹਾ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਬੱਚਿਆਂ ਦੇ ਚਾਅ ਖੋਹਣ ਲਈ ਸਰਕਾਰਾਂ ਜਿੰਮੇਵਾਰ ਹਨ।
           ਏਡਾ ਵੱਡਾ ਦਰਦ ਹੀ ਨੌਜਵਾਨ ਧੀਆਂ ਦਾ ਹੈ ਜਿਨ੍ਹਾਂ ਦੀ ਡੋਲੀ ਨਾਲ ਹੁਣ ਮਾਪਿਆਂ ਦੇ ਫਿਕਰਾਂ ਦੀ ਪੰਡ ਵੀ ਜਾਂਦੀ ਹੈ। ਕੈਂਸਰ ਨੇ ਇਕੱਲੀ ਜ਼ਿੰਦਗੀ ਨਹੀਂ ਖੋਹੀ,ਇਨ੍ਹਾਂ ਧੀਆਂ ਦੇ ਅਰਮਾਨ ਵੀ ਖੋਹੇ ਹਨ। ਕੈਂਸਰ ਨੇ ਸਭ ਤੋਂ ਵੱਧ ਨਿਸ਼ਾਨਾ ਔਰਤਾਂ ਨੂੰ ਬਣਾਇਆ ਹੈ। ਸਰਕਾਰੀ ਸਰਵੇ ਅਨੁਸਾਰ ਲੰਘੇ 9 ਵਰ੍ਹਿਆਂ 'ਚ ਕੈਂਸਰ ਨਾਲ 818 ਔਰਤਾਂ ਦੀ ਮੌਤ ਹੋਈ ਹੈ ਜਦੋਂ ਕਿ 731 ਪੁਰਸ਼ਾਂ ਦੀ। ਜੋ ਕੈਂਸਰ ਤੋਂ ਪੀੜਤ ਹਨ, ਉਨ੍ਹਾਂ 'ਚ ਵੀ ਔਰਤਾਂ ਦੀ ਗਿਣਤੀ 728 ਹੈ ਜਦਕਿ ਪੁਰਸ਼ਾਂ ਦੀ ਗਿਣਤੀ ਕੇਵਲ 274 ਹੈ। ਔਰਤਾਂ ਨੂੰ ਛਾਤੀ ਦਾ ਕੈਂਸਰ ਆਮ ਹੈ। ਪਿੰਡ ਪੱਕਾ ਕਲਾਂ ਦੀ ਧੀ ਪਰਮਜੀਤ ਕੌਰ ਦੀ ਡੋਲੀ ਤੋਂ ਪਹਿਲਾਂ ਹੀ ਕੈਂਸਰ ਨੇ ਉਸ ਦੇ ਅਰਮਾਨ ਮਧੋਲ ਦਿੱਤੇ ਹਨ। ਚਾਅ ਤਾਂ ਇਹ ਲੜਕੀ ਦੇ ਵੀ ਸਨ ਪ੍ਰੰਤੂ ਇਸ ਬਿਮਾਰੀ ਨੇ ਉਸ ਦੀ ਹਰ ਸੱਧਰ ਨੂੰ ਹੀ ਮਿੱਟੀ 'ਚ ਮਿਲਾ ਦਿੱਤਾ। ਪਿੰਡ ਗੰਗਾ ਅਬਲੂ ਕੀ ਦੀ ਲੜਕੀ ਰਣਜੀਤ ਕੌਰ ਨੂੰ ਤਾਂ ਕੈਂਸਰ ਨੇ 22 ਵਰ੍ਹਿਆਂ ਦੀ ਉਮਰ 'ਚ ਹੀ ਇਸ ਜਹਾਨੋਂ ਤੋਰ ਦਿੱਤਾ ਹੈ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕਾ ਗਿੱਦੜਬਹਾ ਦੇ ਪਿੰਡ ਹੁਸਨਰ ਦੀ ਅਮਨਦੀਪ ਕੌਰ 16  ਵਰ੍ਹਿਆਂ ਦੀ ਉਮਰ 'ਚ ਹੀ ਮੌਤ ਦੇ ਮੂੰਹ ਜਾ ਪਈ ਜਦੋਂ ਕਿ ਪਿੰਡ ਸੁਖਨਾ ਅਬਲੂ ਦੀ ਸਿਮਰਜੀਤ ਕੌਰ ਦੇ ਹਿੱਸੇ ਕੇਵਲ 17 ਸਾਲ ਦੀ ਉਮਰ ਹੀ ਆਈ। ਦੋਹਾਂ ਲੜਕੀਆਂ ਨੂੰ ਕੈਂਸਰ ਸੀ। ਸੈਂਕੜੇ ਹੋਰ ਕੁੜੀਆਂ ਹਨ ਜਿਨ੍ਹਾਂ ਨੂੰ ਇਸ ਬਿਮਾਰੀ ਨਾਲ ਜੰਗ ਲੜਨੀ ਪੈ ਰਹੀ ਹੈ।
         ਪਿੰਡ ਪੱਕਾ ਕਲਾਂ ਦੀਆਂ ਦੋ ਭੈਣਾਂ ਦੇ ਸੁਪਨੇ ਅਧੂਰੇ ਹੀ ਰਹਿ ਗਏ ਹਨ ਕਿਉਂਕਿ ਉਨ੍ਹਾਂ ਦੀ ਮਾਂ ਨੂੰ ਕੈਂਸਰ ਦੀ ਬਿਮਾਰੀ ਹੈ। ਲੜਕੀ ਹਰਬੀਰ ਕੌਰ ਬੀ.ਏ ਕਰਨ ਮਗਰੋਂ ਘਰ ਬੈਠ ਗਈ ਅਤੇ ਉਸ ਦੀ ਭੈਣ ਕਿਰਨਜੀਤ ਕੌਰ ਐਮ.ਐਸ.ਸੀ ਕਰਨ ਪਿਛੋਂ ਪੜ੍ਹਨੋਂ ਹਟ ਗਈ। ਉਨ੍ਹਾਂ ਦੀ ਮਾਂ ਜਸਵਿੰਦਰ ਕੌਰ ਨੇ ਦੱਸਿਆ ਕਿ ਦੋਹਾਂ ਲੜਕੀਆਂ ਨੂੰ ਮਜਬੂਰਨ ਪੜਾਈ ਛੱਡਣੀ ਪਈ ਹੈ। ਦੇਖਿਆ ਗਿਆ ਹੈ ਕਿ ਜਿਨ੍ਹਾਂ ਪਰਵਾਰਾਂ ਦਾ ਕੋਈ ਨਾ ਕੋਈ ਜੀਅ ਕੈਂਸਰ ਦੇ ਮੂੰਹ ਚਲਾ ਗਿਆ,ਉਨ੍ਹਾਂ ਦੇ ਬਾਕੀ ਬੱਚਿਆਂ ਨੂੰ ਕੋਈ ਰਿਸ਼ਤਾ ਕਰਨ ਨੂੰ ਵੀ ਤਿਆਰ ਨਹੀਂ ਹੈ। ਜਦੋਂ ਪਿੰਡ ਜੱਜਲ ਚੋਂ ਕੈਂਸਰ ਪੀੜਤਾਂ ਵਾਰੇ ਜਾਣਨਾ ਚਾਹਿਆ ਤਾਂ ਪਿੰਡ ਦੇ ਲੋਕਾਂ ਨੇ ਦੁੱਖ ਰੋਇਆ ਕਿ ਉਨ੍ਹਾਂ ਦੇ ਪਿੰਡ 'ਚ ਕੈਂਸਰ ਹੋਣ ਦਾ ਮਾਮਲਾ ਜਦੋਂ ਤੋਂ ਜੱਗ ਜ਼ਾਹਿਰ ਹੋਇਆ ਹੈ,ਉਦੋਂ ਤੋਂ ਉਨ੍ਹਾਂ ਦੇ ਬੱਚਿਆਂ ਨੂੰ ਰਿਸ਼ਤੇ ਕਰਨ ਕਰਾਉਣ ਦੀ ਮੁਸ਼ਕਲ ਬਣ ਗਈ ਹੈ। ਇਵੇਂ ਹੀ ਪਿੰਡ ਗਹਿਰੀ ਭਾਗੀ ਦੇ ਗੁਰਦੇਵ ਸਿੰਘ ਦੇ ਪ੍ਰਵਾਰ ਨੇ ਦੱਸਿਆ ਕਿ ਕੈਂਸਰ ਦਾ ਮਾਮਲਾ ਉੱਠਣ ਤੇ ਸਰਕਾਰ ਤਾਂ ਜਾਗਦੀ ਨਹੀਂ,ਉਲਟਾ ਉਨ੍ਹਾਂ ਦੇ ਚੰਗੇ ਭਲੇ ਬੱਚਿਆਂ ਨੂੰ ਰਿਸ਼ਤੇ ਦੀ ਦਿੱਕਤ ਬਣ ਗਈ ਹੈ। ਪਤਾ ਲੱਗਾ ਹੈ ਕਿ ਜ਼ਿਲ੍ਹਾ ਫਰੀਦਕੋਟ ਦੀ ਇੱਕ ਲੜਕੀ ਨੂੰ ਉਸ ਦੇ ਸਹੁਰਿਆਂ ਨੇ ਇਸ ਕਰਕੇ ਹੀ ਛੱਡ ਦਿੱਤਾ ਹੈ ਕਿ ਉਹ ਕੈਂਸਰ ਪੀੜਤ ਹੈ।  ਦੇਖਿਆ ਜਾਵੇ ਤਾਂ ਪੰਜਾਬ ਦੀ ਸਿਹਤ ਮੰਤਰੀ ਵੀ ਔਰਤ ਹੈ ਅਤੇ ਬਠਿੰਡਾ ਸੰਸਦੀ ਹਲਕੇ ਤੋਂ ਐਮ.ਪੀ ਵੀ ਔਰਤ ਹੀ ਹੈ। ਫਿਰ ਵੀ ਇਨ੍ਹਾਂ ਔਰਤਾਂ ਅਤੇ ਜਵਾਨ ਧੀਆਂ ਦੇ ਦੁੱਖਾਂ ਦਾ ਕੋਈ ਹੱਲ ਨਹੀਂ ਹੋ ਰਿਹਾ ਹੈ। ਸਰਕਾਰ ਤੋਂ ਲੋਕਾਂ ਦਾ ਭਰੋਸਾ ਏਨਾ ਉਠ ਗਿਆ ਹੈ ਕਿ ਹੁਣ ਤਾਂ ਕੈਂਸਰ ਪੀੜਤ ਮਾਲੀ ਮਦਦ ਵਾਸਤੇ ਸਰਕਾਰ ਨੂੰ ਦਰਖਾਸਤ ਦੇਣੋਂ ਹੀ ਹਟ ਗਏ ਹਨ।
ਬਾਕਸ ਲਈ :
                                ਵਾਢੀ ਮਗਰੋਂ ਮਰੀਜ਼ਾਂ ਨੂੰ ਚੈੱਕ ਦਿਆਂਗੇ- ਬੀਬੀ ਬਾਦਲ
   ਬਠਿੰਡਾ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਹੁਣ ਆਪਣੇ ਸੰਗਤ ਦਰਸ਼ਨਾਂ 'ਚ ਕੈਂਸਰ ਮਰੀਜ਼ਾਂ ਨੂੰ ਮਾਲੀ ਮਦਦ ਵਾਸਤੇ ਚੈੱਕ ਵੰਡਣ ਲੱਗੇ ਹਨ। ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ ਨੇ ਪੱਤਰ ਨੰਬਰ 677 ਮਿਤੀ 20 ਅਪ੍ਰੈਲ 2011 ਤਹਿਤ ਦੱਸਿਆ ਹੈ ਕਿ ਕੈਂਸਰ ਪੀੜਤਾਂ ਲਈ ਮੁੱਖ ਮੰਤਰੀ ਪੰਜਾਬ ਵਲੋਂ 14 ਫਰਵਰੀ 2011 ਨੂੰ ਚੈੱਕ ਨੰਬਰ 312752 ਤਹਿਤ 30 ਲੱਖ ਰੁਪਏ ਪ੍ਰਾਪਤ ਹੋਏ ਹਨ। ਇਸ ਚੋਂ ਕੇਵਲ 15 ਮਰੀਜ਼ਾਂ ਨੂੰ 3.05 ਲੱਖ ਰੁਪਏ ਦੀ ਰਾਸ਼ੀ ਵੰਡੀ ਗਈ ਹੈ ਜਿਨ੍ਹਾਂ ਚੋਂ ਦੋ ਚੈੱਕ ਵਾਪਸ ਆ ਗਏ ਕਿਉਂਕਿ ਦੋ ਕੈਂਸਰ ਪੀੜਤ ਚੈੱਕ ਪੁੱਜਣ ਤੋਂ ਪਹਿਲਾਂ ਹੀ ਮਰ ਚੁੱਕੇ ਸਨ। ਜ਼ਿਲ੍ਹਾ ਪ੍ਰਸ਼ਾਸਨ ਢਾਈ ਮਹੀਨੇ ਤੋਂ ਇਹ ਰਾਸ਼ੀ ਆਪਣੇ ਕੋਲ ਰੱਖੀ ਬੈਠਾ ਹੈ ਜਦੋਂ ਕਿ ਕੈਂਸਰ ਮਰੀਜ਼ ਇਲਾਜ ਬਿਨ੍ਹਾਂ ਮੌਤ ਦੇ ਨੇੜੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਸਰਕਾਰ ਇਹ ਚੈੱਕ ਵੰਡ ਕੇ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਜੋ ਚੈੱਕ ਵੰਡੇ ਗਏ ਹਨ, ਉਹ ਵੀ ਆਪਣੇ ਸੰਗਤ ਦਰਸ਼ਨ ਪ੍ਰੋਗਰਾਮਾਂ 'ਚ ਬੀਬੀ ਹਰਸਿਮਰਤ ਕੌਰ ਬਾਦਲ ਨੇ ਹੀ ਵੰਡੇ ਹਨ। ਬਠਿੰਡਾ 'ਚ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਲੱਖਾਂ ਰੁਪਏ ਦੀ ਰਾਸ਼ੀ ਦੀ ਵੰਡ ਵਾਰੇ ਪੁੱਛਿਆ ਤਾਂ ਉਨ੍ਹਾਂ ਆਖਿਆ ਕਿ ਜਦੋਂ ਵਾਢੀ ਦਾ ਕੰਮ ਮੁੱਕ ਗਿਆ, ਉਸ ਮਗਰੋਂ ਇਹ ਚੈੱਕ ਕੈਂਸਰ ਮਰੀਜ਼ਾਂ ਨੂੰ ਵੰਡ ਦਿੱਤੇ ਜਾਣਗੇ। ਇੱਧਰ ਕੈਂਸਰ ਮਰੀਜ਼ਾਂ ਦੇ ਪਰਵਾਰ ਆਖਦੇ ਹਨ ਕਿ ਵਾਢੀ ਮੁੱਕਣ ਤੋਂ ਪਹਿਲਾਂ ਉਨ੍ਹਾਂ ਦੇ ਮਰੀਜ਼ ਹੀ ਮੁੱਕ ਗਏ ਤਾਂ ਫਿਰ ਇਨ੍ਹਾਂ ਚੈੱਕਾਂ ਦਾ ਕੀ ਫਾਇਦਾ।
                                       ਖਾਸ ਮਰੀਜ਼ਾਂ ਲਈ ਹੀ ਫੰਡ ਆਮ - ਲੋਕ ਮੋਰਚਾ ਪੰਜਾਬ
 ਲੋਕ ਮੋਰਚਾ ਪੰਜਾਬ ਦੇ ਸਲਾਹਕਾਰ ਅਤੇ ਐਡਵੋਕੇਟ ਸ੍ਰੀ ਐਨ.ਕੇ.ਜੀਤ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਜਿਨ੍ਹਾਂ ਖਰਚਾ ਬੀਬੀ ਸੁਰਿੰਦਰ ਕੌਰ ਬਾਦਲ ਦੇ ਇਲਾਜ 'ਤੇ ਸਰਕਾਰੀ ਖ਼ਜ਼ਾਨੇ ਚੋਂ ਕੀਤਾ ਹੈ, ਉਨ੍ਹੀਂ ਹੀ ਰਾਸ਼ੀ ਨਾਲ ਬਠਿੰਡਾ ਜ਼ਿਲ੍ਹੇ ਦੇ ਸਾਰੇ ਕੈਂਸਰ ਪੀੜਤਾਂ ਨੂੰ ਰਾਹਤ ਮਿਲ ਜਾਣੀ ਸੀ। ਉਨ੍ਹਾਂ ਆਖਿਆ ਕਿ ਅਕਾਲੀ ਸਰਕਾਰ ਦੀ ਤਰਜੀਹ ਆਮ ਲੋਕ ਨਹੀਂ ਹਨ ਜਿਸ ਕਰਕੇ ਖਾਸ ਲੋਕਾਂ ਲਈ ਹੀ ਫੰਡ ਆਮ ਰਹਿੰਦੇ ਹਨ। ਉਨ੍ਹਾਂ ਆਖਿਆ ਕਿ ਜੋ ਰਾਸ਼ੀ ਬਠਿੰਡਾ ਪ੍ਰਸ਼ਾਸਨ ਕੋਲ ਪਈ ਹੈ, ਉਹ ਫੌਰੀ ਵੰਡਣੀ ਚਾਹੀਦੀ ਹੈ। ਜੋ ਦੋ ਮਰੀਜ਼ ਮੌਤ ਦੇ ਮੂੰਹ ਗਏ ਹਨ, ਉਨ੍ਹਾਂ ਲਈ ਪ੍ਰਸ਼ਾਸਨ ਜਿੰਮੇਵਾਰ ਹਨ ਕਿਉਂਕਿ ਉਨ੍ਹਾਂ ਦੇ ਚੈੱਕ ਹੀ ਉਦੋਂ ਭੇਜੇ ਗਏ ਜਦੋਂ ਉਹ ਰੱਬ ਨੂੰ ਪਿਆਰੇ ਹੋ ਗਏ ਸਨ।
       

Wednesday, April 27, 2011

                                 ਦੱਖਣੀ ਪੰਜਾਬ 'ਚ  ਇਲਾਜ ਮਹਿੰਗਾ, ਮੌਤ ਸਸਤੀ
                             
                  ਚਰਨਜੀਤ ਭੁੱਲਰ
ਬਠਿੰਡਾ ਬਠਿੰਡਾ ਪੱਟੀ 'ਚ ਸੈਂਕੜੇ ਬਦਨਸੀਬ  ਮੌਤ ਨੂੰ ਉਡੀਕ ਰਹੇ ਹਨ। ਕੈਂਸਰ ਵਰ੍ਹਿਆਂ ਤੋਂ ਸੱਥਰ ਵਿਛਾ ਰਿਹਾ ਹੈ,ਕੋਈ ਫਿਕਰ ਕਰਨ ਵਾਲਾ ਹੀ ਨਹੀਂ। ਗੁਰਬਤ ਭੰਨੇ ਲੋਕਾਂ ਨੂੰ ਹੁਣ ਮਹਿੰਗੇ ਇਲਾਜ ਨਾਲੋਂ ਮੌਤ ਸਸਤੀ ਲੱਗਦੀ ਹੈ। ਸਰਕਾਰੀ ਖਜ਼ਾਨਾ ਵਸੀਲਾ ਬਣ ਜਾਂਦਾ ਤਾਂ ਇਨ੍ਹਾਂ ਨਾਲ ਇੰਜ ਨਹੀਂ ਹੋਣੀ ਸੀ। ਜਿਨ੍ਹਾਂ ਨੂੰ ਇਲਾਜ ਲਈ ਪਾਈ ਵੀ ਨਹੀਂ ਜੁੜ ਸਕੀ,ਉਹ ਜਹਾਨੋਂ ਚਲੇ ਗਏ।  ਪਿੰਡ ਗਹਿਰੀ ਭਾਗੀ 'ਚ ਕੈਂਸਰ ਦੇ ਕਹਿਰ ਨੇ ਕਈ ਘਰ ਹਿਲਾ ਕੇ ਰੱਖ ਦਿੱਤੇ ਹਨ। ਇਸ ਪਿੰਡ ਦਾ ਬਲਵਿੰਦਰ ਸਿੰਘ 9 ਮਹੀਨੇ ਪਹਿਲਾਂ ਕੈਂਸਰ ਨਾਲ ਮੌਤ ਦੇ ਮੂੰਹ ਜਾ ਪਿਆ। ਉਸ ਮਗਰੋਂ ਉਸਦੀ ਮਾਂ ਸੁਰਜੀਤ ਕੌਰ ਤੋਂ ਵੀ ਕੈਂਸਰ ਨੇ ਜ਼ਿੰਦਗੀ ਖੋਹ ਲਈ। ਹੁਣ ਬਲਵਿੰਦਰ ਸਿੰਘ ਦੀ ਪਤਨੀ ਸਰਬਜੀਤ ਕੌਰ ਕੈਂਸਰ ਦਾ ਦੁੱਖ ਝੱਲ ਰਹੀ ਹੈ। ਉਹ ਦੱਸਦੀ ਹੈ ਕਿ ਇਲਾਜ 'ਚ ਇੱਕ ਏਕੜ ਜ਼ਮੀਨ ਵਿਕ ਗਈ ਹੈ। ਪਿਛੇ ਹੁਣ ਕੋਈ ਸਹਾਰਾ ਨਹੀਂ ਬਚਿਆ। ਇਸ ਅਭਾਗੀ ਔਰਤ ਨੇ ਦੁੱਖ ਦੱਸਿਆ'ਨਾ ਰਿਸ਼ਤੇਦਾਰਾਂ ਨੇ ਬਾਂਹ ਫੜੀ ਤੇ ਨਾ ਹੀ ਸਰਕਾਰ ਨੇ।'
             ਇਸ ਤੋਂ ਵੱਡਾ ਦੁੱਖ ਇਸ ਪਿੰਡ ਦੇ ਹੀ ਗੁਰਦੇਵ ਸਿੰਘ ਦੇ ਪਰਿਵਾਰ ਨੇ ਝੱਲਿਆ ਹੈ। 68 ਵਰ੍ਹਿਆਂ ਦੀ ਉਮਰ ਭੋਗ ਕੇ ਗੁਰਦੇਵ ਸਿੰਘ ਬੀਕਾਨੇਰ ਗੇੜੇ ਲਾਉਂਦਾ ਲਾਉਂਦਾ ਇਸ ਦੁਨੀਆਂ ਚੋਂ ਤੁਰ ਗਿਆ ਹੈ। ਇਸ ਬਜ਼ੁਰਗ ਦੇ ਚਾਰੋਂ ਪੁੱਤਰਾਂ ਦੇ ਘਰਾਂ ਨੂੰ ਕੈਂਸਰ ਨੇ ਕੱਖੋਂ ਹੌਲੇ ਕਰ ਦਿੱਤਾ। ਦੋ ਵਰ੍ਹੇ ਪਹਿਲਾਂ ਉਸ ਦਾ ਪੋਤਾ ਅੰਮ੍ਰਿਤਪਾਲ ਵੀ ਕੈਂਸਰ ਪਾਸੋਂ ਹਾਰ ਗਿਆ। ਬਜ਼ੁਰਗ ਦੇ ਇੱਕ ਲੜਕੇ ਰਾਜ ਸਿੰਘ ਨੂੰ ਅੱਖਾਂ ਦਾ ਕੈਂਸਰ ਹੈ। 12 ਵਰ੍ਹਿਆਂ ਦਾ ਪੋਤਾ ਹਰਮਨਦੀਪ ਵੀ ਕੈਂਸਰ ਦੀ ਪੀੜ ਝੱਲਣੋਂ ਬੇਵੱਸ ਹੈ ਜਦੋਂ ਕਿ 10 ਸਾਲਾਂ ਦੀ ਪੋਤਰੀ ਕਿਰਨਦੀਪ ਨੂੰ ਵੀ ਸੁਰਤ ਸੰਭਲਣ ਤੋਂ ਪਹਿਲਾਂ ਹੀ ਕੈਂਸਰ ਨੇ ਜਕੜ ਲਿਆ।
           9 ਵਰ੍ਹਿਆਂ ਦੀ ਅਮਨਦੀਪ ਕੌਰ ਵੀ ਆਪਣੇ ਬਾਬੇ ਵਾਂਗ ਕੈਂਸਰ ਤੋਂ ਪੀੜਤ ਹੈ। ਇਸ ਪਰਿਵਾਰ  ਦੀ ਔਰਤ ਕੁਲਵੰਤ ਕੌਰ ਦੱਸਦੀ ਹੈ ਕਿ ਕੈਂਸਰ ਕਾਰਨ ਬੱਚਿਆਂ ਦੀ ਇੱਕ ਇੱਕ ਅੱਖ ਹੀ ਕਢਵਾਉਣੀ ਪਈ ਹੈ। ਕਿਧਰੋਂ ਕੋਈ ਢਾਰਸ ਨਹੀਂ ਮਿਲੀ। ਉਹ ਆਖਦੀ ਹੈ 'ਏਸ ਬਿਮਾਰੀ ਨੇ ਤਾਂ ਘਰ ਹੀ ਮੂਧਾ ਮਾਰ ਦਿੱਤਾ ਹੈ।' 'ਕਿਸੇ ਨੇ ਵੀ ਕੋਈ ਸਹਾਰਾ ਨਹੀਂ ਦਿੱਤਾ।' ਇਕੱਲੇ ਇਸ ਇੱਕੋ ਪਿੰਡ 'ਚ ਲੰਘੇ ਨੌਂ ਵਰ੍ਹਿਆਂ 'ਚ 23 ਮਰੀਜ਼ ਕੈਂਸਰ ਦੀ ਲਪੇਟ ਦੌਰਾਨ ਆਏ ਹਨ ਜਿਨ੍ਹਾਂ ਚੋਂ 7 ਮਰੀਜ਼ ਹੁਣ ਇਸ ਦੁਨੀਆਂ 'ਚ ਨਹੀਂ ਰਹੇ। ਸਾਬਕਾ ਪੰਚਾਇਤ ਮੈਂਬਰ ਲੀਲਾ ਸਿੰਘ ਦੀ ਪਤਨੀ ਸੁਖਦੇਵ ਕੌਰ ਕੈਂਸਰ ਤੋਂ ਪੀੜਤ ਸੀ। ਉਸ ਦੇ ਇਲਾਜ ਲਈ ਡੇਢ ਲੱਖ ਰੁਪਏ ਦਾ ਕਰਜ਼ਾ ਸਾਹੂਕਾਰਾਂ ਅਤੇ ਸਹਿਕਾਰੀ ਸਭਾ ਤੋਂ ਚੁੱਕਣਾ ਪਿਆ। ਇਹ ਪਰਿਵਾਰ ਨਾ ਕਰਜ਼ਾ ਮੋੜ ਸਕਿਆ ਹੈ ਅਤੇ ਨਾ ਘਰ ਦੇ ਜੀਅ ਨੂੰ ਬਚਾ ਸਕਿਆ ਹੈ। ਲੀਲਾ ਸਿੰਘ ਦਾ ਭਰਾ ਜਗਰੂਪ ਸਿੰਘ ਅਤੇ ਭੈਣ ਅੰਗਰੇਜ ਕੌਰ ਵੀ ਕੈਂਸਰ ਦੀ ਭੇਂਟ ਚੜ੍ਹ ਚੁੱਕੇ ਹਨ।  ਪਿੰਡ ਕੋਟਸ਼ਮੀਰ ਦੇ ਦੋ ਕਿਸਾਨ ਭਰਾ ਇਕਬਾਲ ਸਿੰਘ ਤੇ ਕਰਮਜੀਤ ਸਿੰਘ ਤਾਂ ਆਪਣੇ ਮਾਂ ਦਲੀਪ ਕੌਰ ਨੂੰ ਕੈਂਸਰ ਤੋਂ ਬਚਾਉਣ ਖਾਤਰ ਚਾਰ ਏਕੜ ਜ਼ਮੀਨ ਹੱਥੋਂ ਗੁਆ ਬੈਠੇ ਹਨ। ਇਕਬਾਲ ਸਿੰਘ ਦੱਸਦਾ ਹੈ ਕਿ ਉਨ੍ਹਾਂ ਨੇ ਮਾਂ ਦੇ ਇਲਾਜ 'ਤੇ ਕਰੀਬ ਸੱਤ ਲੱਖ ਖਰਚ ਦਿੱਤੇ ਹਨ। ਇਲਾਜ ਲਈ ਸਾਹੂਕਾਰਾਂ ਤੋਂ ਕਰਜ਼ਾ ਚੁੱਕਦੇ ਰਹੇ ਤੇ ਜਦੋਂ ਕਰਜ਼ਾ ਮੋੜਿਆ ਨਾ  ਜਾ ਸਕਿਆ ਤਾਂ ਜ਼ਮੀਨ ਹੀ ਗਿਰਵੀ ਕਰਨੀ ਪਈ ਹੈ। ਇਹ ਭਰਾ ਹੁਣ ਸਰਕਾਰੀ ਮੱਦਦ ਉਡੀਕ ਰਹੇ ਹਨ।
            ਪਿੰਡ ਪੱਕਾ ਕਲਾਂ 'ਚ ਤਾਂ ਦਰਦਾਂ ਦਾ ਦਰਿਆ ਹੀ ਵਹਿਦਾ ਹੈ। ਸਰਕਾਰੀ ਰਿਪੋਰਟ ਗਵਾਹ ਹੈ ਕਿ ਇੱਕੋ ਪਿੰਡ 'ਚ 1 ਜਨਵਰੀ 2001 ਤੋਂ 31 ਦਸੰਬਰ 2009 ਤੱਕ 47 ਲੋਕਾਂ ਨੂੰ ਕੈਂਸਰ ਦੀ ਮਾਰ ਝੱਲਣੀ ਪਈ ਹੈ ਜਿਨ੍ਹਾਂ ਚੋਂ 27 ਮਰੀਜ਼ ਤਾਂ ਮੌਤ ਦੇ ਮੂੰਹ ਜਾ ਪਏ। ਬਾਕੀ 20 ਮਰੀਜ਼ ਜ਼ਿੰਦਗੀ ਮੌਤ ਲਈ ਲੜਾਈ ਲੜ ਰਹੇ ਹਨ। ਇਲਾਜ ਲਈ ਬੀਕਾਨੇਰ ਜਾਣਾ ਉਨ੍ਹਾਂ ਦੀ ਮਜ਼ਬੂਰੀ ਹੈ ਕਿਉਂਕਿ ਉਥੇ ਇਲਾਜ ਸਸਤਾ ਹੈ। ਪਿੰਡ ਦਾ 76 ਸਾਲਾ ਬੂਟਾ ਸਿੰਘ ਵੀ ਇਲਾਜ ਲਈ ਬੀਕਾਨੇਰ ਜਾਂਦਾ ਹੈ ਅਤੇ 8 ਵਰ੍ਹਿਆਂ ਦਾ ਇੰਦਰਜੀਤ ਵੀ। ਇੱਕੋ ਗਲੀ 'ਚ ਸੱਤ ਘਰਾਂ 'ਚ ਕੈਂਸਰ ਦੇ ਮਰੀਜ਼ ਹਨ। ਇਸ ਗਲੀ ਦੇ ਵਸਨੀਕ ਕਿਸਾਨ ਬਲਦੇਵ ਸਿੰਘ ਨੂੰ ਆਪਣੀ ਪਤਨੀ ਜਸਵਿੰਦਰ ਕੌਰ ਦਾ ਇਲਾਜ ਕਰਾਉਣ ਵਾਸਤੇ 1.20 ਲੱਖ ਰੁਪਏ ਦਾ ਕਰਜ਼ਾ ਬੈਂਕ ਤੋਂ ਚੁੱਕਣਾ ਪਿਆ ਹੈ। ਉਹ ਦੱਸਦਾ ਹੈ ਕਿ ਉਸ ਨੂੰ ਮਹੀਨੇ 'ਚ ਦੋ ਦਫਾ ਬੀਕਾਨੇਰ ਜਾਣਾ ਪੈਂਦਾ ਹੈ। ਪਰਚੂਨ ਦੀ ਜਿਹੜੀ ਦੁਕਾਨ ਉਹ ਕਰਦਾ ਸੀ, ਉਹ ਵੀ ਹੁਣ ਫੇਲ੍ਹ ਹੋ ਗਈ ਹੈ। ਉਸ ਦਾ ਕਹਿਣਾ ਸੀ ਕਿ ਡੇਢ ਵਰ੍ਹਾ ਪਹਿਲਾਂ ਮਾਲੀ ਮੱਦਦ ਲਈ ਦਰਖਾਸਤ ਦਿੱਤੀ ਸੀ। ਉਹ ਖਫਾ ਸੀ ਤੇ ਆਖ ਰਿਹਾ ਸੀ ਕਿ ' ਜਦੋਂ ਘਰ ਦਾ ਜੀਅ ਹੀ ਨਾ ਰਿਹਾ ਤਾਂ ਮਗਰੋਂ ਮੱਦਦ ਕਿਸ ਕੰਮ ਦੀ।' ਇਸੇ ਤਰ੍ਹਾਂ ਹੀ ਸੰਗਤ ਦੇ ਸੁਖਦੇਵ ਸਿੰਘ ਨੂੰ ਆਪਣੀ ਦੋ ਕਨਾਲ ਜ਼ਮੀਨ ਗਹਿਣੇ ਕਰਨੀ ਪਈ ਹੈ ਤਾਂ ਜੋ ਉਹ ਆਪਣੀ ਪਤਨੀ ਸੁਖਪਾਲ ਕੌਰ ਦੇ ਕੈਂਸਰ ਦਾ ਇਲਾਜ ਕਰਾ ਸਕੇ।
           ਪਿੰਡ ਭੋਖੜਾ ਦੀ ਨੌਜਵਾਨ ਮਹਿਲਾ ਕਰਮਜੀਤ ਕੌਰ ਨੂੰ ਕੈਂਸਰ ਨੇ ਅਪਾਹਜ ਕਰ ਦਿੱਤਾ ਹੈ। ਉਸ ਦੇ ਦਿਉਰ ਮੱਖਣ ਸਿੰਘ ਨੇ ਦੱਸਿਆ ਕਿ ਕੈਂਸਰ ਕਾਰਨ ਉਸ ਦੀ ਭਰਜਾਈ ਦੀ ਲੱਤ ਕੱਟਣੀ ਪਈ ਹੈ। ਉਸ ਨੇ ਦੱਸਿਆ ਕਿ ਕਰੀਬ ਚਾਰ ਲੱਖ ਰੁਪਏ ਇਲਾਜ 'ਤੇ ਖਰਚ ਆ ਚੁੱਕੇ ਹਨ। ਦੱਖਣੀ ਮਾਲਵੇ ਦੇ ਬਹੁਤੇ ਪਿੰਡਾਂ ਦੀ  ਇਹੋ ਕਹਾਣੀ ਹੈ। ਕਰੀਬ ਡੇਢ ਦਹਾਕੇ ਤੋਂ ਕੈਂਸਰ ਪੈਰ ਪਸਾਰ ਰਿਹਾ ਹੈ। ਪੰਜਾਬ ਸਰਕਾਰ ਹਾਲੇ ਤੱਕ ਕੈਂਸਰ ਦੇ ਕਾਰਨ ਹੀ ਨਹੀਂ ਲੱਭ ਸਕੀ ਹੈ। ਜ਼ਿਲ੍ਹਾ ਬਠਿੰਡਾ ਦੇ ਕਰੀਬ 500 ਕੈਂਸਰ ਮਰੀਜ਼ਾਂ ਨੇ ਸਰਕਾਰ ਕੋਲ ਇਲਾਜ ਵਾਸਤੇ ਪਿਛਲੇ ਸਮੇਂ ਦੌਰਾਨ  ਪਹੁੰਚ ਕੀਤੀ ਸੀ। ਇਨ੍ਹਾਂ ਚੋਂ ਕਰੀਬ 200 ਮਰੀਜ਼ ਸਰਕਾਰੀ ਮੱਦਦ ਉਡੀਕਦੇ ਉਡੀਕਦੇ ਹੀ ਰੱਬ ਨੂੰ ਪਿਆਰੇ ਹੋ ਗਏ।16 ਫਰਵਰੀ 2011 ਤੋਂ ਬਠਿੰਡਾ ਪ੍ਰਸ਼ਾਸਨ ਕੋਲ 30 ਲੱਖ ਰੁਪਏ ਮੱਦਦ ਲਈ ਪਏ ਹਨ ਜਿਨ੍ਹਾਂ ਨੂੰ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਖੁਦ ਮਰੀਜ਼ਾਂ ਨੂੰ ਵੰਡਣਾ ਚਾਹੁੰਦੇ ਹਨ। ਕੈਂਸਰ ਮਰੀਜ਼ ਹੁਣ ਬੀਬਾ ਬਾਦਲ ਦੀ ਬਠਿੰਡਾ ਫੇਰੀ ਉਡੀਕ ਰਹੇ ਹਨ। ਇਹੋ ਰਾਸ਼ੀ ਵੇਲੇ ਸਿਰ ਵੰਡੀ ਜਾਂਦੀ ਤਾਂ ਪਿੰਡ ਲਹਿਰਾ ਮੁਹੱਬਤ ਦੀ ਜਸਮੇਲ ਕੌਰ ਦੀ ਸ਼ਾਇਦ ਜਾਨ ਬਚ ਜਾਂਦੀ। ਜਸਮੇਲ ਕੌਰ ਕੋਲ ਤਾਂ ਚੈੱਕ ਪੁੱਜਣ ਤੋਂ ਪਹਿਲਾਂ ਮੌਤ ਪੁੱਜ ਗਈ। ਐਸ.ਡੀ.ਐਮ ਬਠਿੰਡਾ ਨੂੰ ਇਹ ਚੈੱਕ 9 ਮਾਰਚ 2011 ਨੂੰ ਪੱਤਰ ਨੰਬਰ 194 ਤਹਿਤ ਵਾਪਸ ਸਰਕਾਰ ਕੋਲ ਭੇਜਣਾ ਪਿਆ ਹੈ।
                                           ਹਰ ਪੀੜਤ ਦਾ ਦਰਦ ਪਤਾ ਹੈ: ਸੁਖਬੀਰ
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵਲੋਂ ਜੋ 'ਕੈਂਸਰ ਫੰਡ' ਕਾਇਮ ਕੀਤਾ ਗਿਆ ਹੈ, ਉਸ ਚੋਂ ਆਮ ਲੋਕਾਂ ਨੂੰ ਇਲਾਜ ਵਾਸਤੇ ਫੰਡ ਜਾਰੀ ਕੀਤੇ ਜਾਣਗੇ। ਇਹ ਫੰਡ 20 ਕਰੋੜ ਰੁਪਏ ਦਾ ਹੈ ਜਿਸ ਚੋਂ ਮੱਦਦ ਲੈਣ ਵਾਸਤੇ ਕੋਈ ਵੀ ਕੈਂਸਰ ਪੀੜਤ ਦਰਖਾਸਤ ਦੇ ਸਕੇਗਾ। ਹਰ ਕੈਂਸਰ ਪੀੜਤ ਦੀ ਮਾਲੀ ਮੱਦਦ ਕੀਤੀ ਜਾਵੇਗੀ। ਮਾਲਵੇ ਖਿੱਤੇ 'ਚ ਤਾਂ ਸਰਕਾਰ ਕੈਂਸਰ ਹਸਪਤਾਲ ਵੀ ਖੋਲ੍ਹ ਰਹੀ ਹੈ।  ਸਰਕਾਰ ਹਰ ਪੀੜਤ ਦੇ ਦਰਦ ਨੂੰ ਸਮਝਦੀ ਹੈ ਅਤੇ ਹਰ ਨਾਗਰਿਕ ਸਰਕਾਰ ਲਈ ਤਰਜੀਹੀ ਹੈ।
                                                    ਬੀਕਾਨੇਰ ਜਾਣ ਦੀ  ਮਜਬੂਰੀ
ਮਾਲਵਾ ਖਿੱਤੇ ਦੇ ਬਲਾਕ ਤਲਵੰਡੀ ਸਾਬੋ, ਸੰਗਤ, ਗਿੱਦੜਬਹਾ 'ਚ ਕੈਂਸਰ ਦੀ ਮਾਰ ਜ਼ਿਆਦਾ ਹੈ। ਕੌਮੀ ਪੱਧਰ 'ਤੇ ਇੱਕ ਲੱਖ ਪਿਛੇ 71 ਮਰੀਜ਼ ਔਸਤਨ ਕੈਂਸਰ ਦੇ ਹਨ ਜਦੋਂ ਕਿ ਮਾਲਵਾ ਖਿੱਤੇ 'ਚ ਇਹ ਦਰ 125 ਮਰੀਜ਼ਾਂ ਦੀ ਹੈ। ਸਰਕਾਰੀ ਸਰਵੇ ਅਨੁਸਾਰ ਸਾਲ 2001 ਤੋਂ 2009 ਤੱਕ ਜ਼ਿਲ੍ਹਾ ਬਠਿੰਡਾ 'ਚ 2551 ਲੋਕਾਂ ਨੂੰ ਕੈਂਸਰ ਦੀ ਮਾਰ ਪਈ ਜਿਨ੍ਹਾਂ ਚੋਂ 1549 ਵਿਅਕਤੀ ਤਾਂ ਮੌਤ ਦੇ ਮੂੰਹ ਜਾ ਪਏ ਹਨ। ਬਠਿੰਡਾ ਜ਼ਿਲ੍ਹੇ ਦੇ ਦੋ ਦਰਜਨ ਪਿੰਡਾਂ 'ਚ ਤਾਂ ਕੈਂਸਰ ਦੀ ਬਿਮਾਰੀ ਨੇ ਵੱਧ ਮਾਰ ਪਾਈ ਹੈ। ਪਿੰਡ ਭਗਵਾਨਗੜ੍ਹ 'ਚ 14 ਮਰੀਜ਼ ਕੈਂਸਰ ਦੇ ਹਨ ਜੋ ਬੀਕਾਨੇਰ ਜਾਂਦੇ ਹਨ। ਪਿੰਡ ਜੰਡੀਆ 'ਚ 25 ਮਰੀਜ਼,ਨੇਹੀਆ ਵਾਲਾ 'ਚ 35, ਕੋਟਗੁਰੂ 'ਚ 21 ਮਰੀਜ਼, ਬਾਜਕ ਪਿੰਡ 'ਚ 22 ਮਰੀਜ਼,ਬਹਿਮਣ ਦੀਵਾਨਾ 'ਚ 23 ਮਰੀਜ਼ ਅਤੇ ਮਲਕਾਣਾ 'ਚ 20 ਮਰੀਜ਼ ਹਨ ਜਿਨ੍ਹਾਂ ਚੋਂ ਕਾਫੀ ਮਰੀਜ਼ ਤਾਂ ਮਰ ਵੀ ਚੁੱਕੇ ਹਨ। ਇਨ੍ਹਾਂ ਮਰੀਜ਼ਾਂ ਲਈ ਤਾਂ ਬੀਕਾਨੇਰ ਹੀ ਮੱਕਾ ਹੈ ਕਿਉਂਕਿ ਇਲਾਜ ਸਸਤਾ ਹੋ ਜਾਂਦਾ ਹੈ
                                     ਦੂਜਿਆਂ ਦੇ ਦੁੱਖ ਵੀ ਸਮਝੇ ਸਰਕਾਰ: ਬੀਬੀ ਭੱਠਲ
ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਦਾ ਕਹਿਣਾ ਸੀ ਕਿ ਬਾਦਲਾਂ  ਨੂੰ ਕੈਂਸਰ ਪੀੜਤਾਂ ਦੇ ਇਲਾਜ ਦੇ ਮਾਮਲੇ 'ਚ ਕੇਵਲ ਆਪਣੇ ਪਰਿਵਾਰ ਤੱਕ ਹੀ ਨਹੀਂ ਸੀਮਿਤ ਨਹੀਂ ਰਹਿਣਾ ਚਾਹੀਦਾ ਬਲਕਿ ਉਨ੍ਹਾਂ ਨੂੰ ਆਮ ਲੋਕਾਂ ਦੇ ਦੁੱਖ ਵੀ ਸਮਝਣੇ ਚਾਹੀਦੇ ਹਨ। ਪੰਜਾਬ ਸਰਕਾਰ ਨੇ ਆਮ ਪੀੜਤਾਂ ਦੀ ਮਾਲੀ ਮੱਦਦ ਕਰਨ ਤੋਂ ਹੱਥ ਹੀ ਘੁੱਟਿਆ ਹੈ।

Tuesday, April 26, 2011

          ਠੱਗਾਂ ਦੇ ਸਿਰਾਂ 'ਤੇ ਲੱਖਾਂ ਦੇ ਇਨਾਮ
                                 ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਪੁਲੀਸ ਨੂੰ ਠੱਗਾਂ ਦੇ ਸਿਰਾਂ 'ਤੇ ਲੱਖਾਂ ਦੇ ਇਨਾਮ ਰੱਖਣੇ ਪਏ ਹਨ। ਇਨ੍ਹਾਂ ਠੱਗਾਂ ਨੇ ਤਾਂ ਸੂਹੀਏ ਵੀ ਫੇਲ੍ਹ ਕਰ ਦਿੱਤੇ ਹਨ। ਪੁਲੀਸ ਨੇ ਇਨ੍ਹਾਂ ਪੈੜ ਨੱਪਣ ਵਾਸਤੇ ਪਹਿਲਾਂ ਸੂਹੀਏ ਪਿਛੇ ਪਾਏ ਸਨ। ਹੁਣ ਇਨ੍ਹਾਂ ਦੇ ਸਿਰਾਂ 'ਤੇ ਇਨਾਮ ਰੱਖ ਦਿੱਤੇ ਗਏ ਹਨ।  ਇਨ੍ਹਾਂ ਟਰੈਵਲ ਏਜੰਟਾਂ ਵਲੋਂ ਵਿਦੇਸ਼ ਭੇਜਣ ਦੇ ਨਾਮ ਹੇਠ ਲੋਕਾਂ ਨਾਲ ਵੱਡੀ ਠੱਗੀ ਮਾਰੀ ਗਈ ਹੈ। ਠੱਗੀ ਮਾਰਨ ਮਗਰੋਂ ਇਹ ਟਰੈਵਲ ਏਜੰਟ ਰੂਪੋਸ਼ ਹੋ ਗਏ ਹਨ। ਅਦਾਲਤਾਂ ਵਲੋਂ ਇਨ੍ਹਾਂ ਨੂੰ ਭਗੌੜੇ ਕਰਾਰ ਦੇ ਦਿੱਤਾ ਗਿਆ ਹੈ। ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲੀਸ (ਇਟੈਂਲੀਜੈਂਸੀ) ਨੇ ਕਰੀਬ ਦੋ ਦਰਜਨ ਉਨ੍ਹਾਂ ਟਰੈਵਲ ਏਜੰਟਾਂ ਦੀ ਸੂਚੀ ਜਨਤਿਕ ਕੀਤੀ ਹੈ ਜਿਨ੍ਹਾਂ ਦੇ ਸਿਰਾਂ 'ਤੇ ਇਨਾਮ ਰੱਖੇ ਗਏ ਹਨ। ਪੰਜਾਬ ਪੁਲੀਸ ਨੇ 23 ਟਰੈਵਲ ਏਜੰਟਾਂ ਨੂੰ ਫੜਨ ਲਈ 5.90 ਲੱਖ ਰੁਪਏ ਦੇ ਇਨਾਮ ਰੱਖੇ ਹਨ। ਇਨ੍ਹਾਂ ਚੋਂ 22 ਭਗੌੜੇ ਹੋਏ ਟਰੈਵਲ ਏਜੰਟਾਂ ਦੇ ਸਿਰ 'ਤੇ 20-20 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਹੈ ਜਦੋਂ ਕਿ 'ਕਿੰਗ ਏਜੰਟ' ਦੇ ਸਿਰ 'ਤੇ ਸਭ ਤੋਂ ਜਿਆਦਾ 1.50 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਸਾਲ 2002 ਤੋਂ ਮਗਰੋਂ ਹੀ ਇਨ੍ਹਾਂ ਟਰੈਵਲ ਏਜੰਟਾਂ 'ਤੇ ਪੁਲੀਸ ਕੇਸ ਦਰਜ ਕੀਤੇ ਗਏ ਹਨ। ਪੜਤਾਲ 'ਚ ਇਨ੍ਹਾਂ ਵਲੋਂ ਮਾਰੀ ਠੱਗੀ ਸਾਬਤ ਹੋ ਗਈ ਹੈ। ਪੰਜਾਬ ਪੁਲੀਸ ਵਲੋਂ ਪਹਿਲੇ ਪੜਾਅ 'ਤੇ ਕੇਵਲ ਉਨ੍ਹਾਂ ਟਰੈਵਲ ਏਜੰਟਾਂ ਦੇ ਸਿਰ 'ਤੇ ਇਨਾਮ ਰੱਖਿਆ ਗਿਆ ਹੈ ਜਿਨ੍ਹਾਂ 'ਤੇ ਦੋ ਜਾਂ ਦੋ ਤੋਂ ਜਿਆਦਾ ਪੁਲੀਸ ਕੇਸ ਦਰਜ ਹਨ।
           ਪੰਜਾਬ ਪੁਲੀਸ ਦੇ ਏ.ਡੀ.ਜੀ.ਪੀ (ਇਟੈਂਲੀਜੈਂਸੀ) ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਅਗਰ ਕੋਈ ਵੀ ਵਿਅਕਤੀ ਇਨ੍ਹਾਂ ਭਗੌੜੇ ਲੋਕਾਂ ਦੀ ਸੂਹ ਦਿੰਦਾ ਹੈ ਜਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਾਉਂਦਾ ਹੈ ਤਾਂ ਉਸ ਨੂੰ ਪੁਲੀਸ 'ਨਗਦ ਰਾਸ਼ੀ' ਦਾ ਇਨਾਮ ਦੇਵੇਗੀ। ਇਹ ਬਦਨਾਮ ਟਰੈਵਲ ਏਜੰਟ ਹਨ ਜੋ ਕਿ ਪੁਲੀਸ ਦੇ ਹੱਥੋਂ ਬਚੇ ਹੋਏ ਹਨ। ਇਨ੍ਹਾਂ ਚੋਂ ਸਭ ਤੋਂ ਵੱਧ ਮਾਲਵਾ ਖ਼ਿੱਤੇ ਦੇ  ਹਨ ਜਦੋਂ ਕਿ ਬਾਕੀ ਮਾਝੇ ਅਤੇ ਦੁਆਬੇ ਤੋਂ ਹਨ। ਇਕੱਲੇ ਮਾਲਵਾ ਇਲਾਕੇ ਦੇ ਇੱਕ ਦਰਜਨ ਟਰੈਵਲ ਏਜੰਟ ਹਨ ਜੋ ਕਈ ਕਈ ਵਰ੍ਹਿਆਂ ਤੋਂ ਭਗੌੜੇ ਹਨ। ਸੂਚੀ ਅਨੁਸਾਰ ਇਨ੍ਹਾਂ ਭਗੌੜਿਆਂ 'ਚ ਤਿੰਨ ਔਰਤਾਂ ਵੀ ਸ਼ਾਮਲ ਹਨ ਜਿਨ੍ਹਾਂ ਚੋਂ ਹਰ ਇੱਕ ਦੇ ਸਿਰ 'ਤੇ ਪੁਲੀਸ ਨੇ 20 ਹਜ਼ਾਰ ਰੁਪਏ ਦਾ ਨਗਦ ਇਨਾਮ ਰੱਖਿਆ ਹੈ। ਬਠਿੰਡਾ ਜ਼ੋਨ ਅਧੀਨ ਪੈਂਦਾ ਜ਼ਿਲ੍ਹਾ ਫਰੀਦਕੋਟ ਇਸ ਮਾਮਲੇ 'ਚ ਪਹਿਲੇ ਨੰਬਰ 'ਤੇ ਹੈ ਜਿਥੋਂ ਦੇ ਪੰਜ ਭਗੌੜੇ ਟਰੈਵਲ ਏਜੰਟਾਂ ਸਿਰ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਨ੍ਹਾਂ ਚੋਂ ਦੋ ਭਗੌੜੇ ਕੋਟਕਪੂਰਾ ਦੇ ਹਨ ਜਦੋਂ ਕਿ ਤਿੰਨ ਭਗੌੜੇ ਜੈਤੋ ਮੰਡੀ ਦੇ ਹਨ। ਜੈਤੋ ਦੇ ਮਾਂ ਪੁੱਤ ਦੇ ਸਿਰ 'ਤੇ 20-20 ਹਜ਼ਾਰ ਰੁਪਏ ਦਾ ਇਨਾਮ ਰੱਖ ਦਿੱਤਾ ਗਿਆ ਹੈ। ਜੈਤੋ ਦੀ ਹਰਬੰਸ ਕੌਰ ਉਰਫ ਨੈਬੋ ਅਤੇ ਉਸ ਦੇ ਪੁੱਤਰ ਜਸਵਿੰਦਰ ਸਿੰਘ ਉਰਫ ਰਿੰਕੂ ਨੂੰ ਕਈ ਵਰ੍ਹਿਆਂ ਤੋਂ ਭਗੌੜੇ ਐਲਾਨਿਆ ਹੋਇਆ ਹੈ।
        ਪੰਜਾਬ ਪੁਲੀਸ ਵਲੋਂ ਲੰਮੇ ਸਮੇਂ ਮਗਰੋਂ ਭਗੌੜੇ ਟਰੈਵਲ ਏਜੰਟ ਫੜਨ ਲਈ ਇਨਾਮ ਰੱਖਿਆ ਹੈ। ਉਂਝ ਵੀ ਪੰਜਾਬ ਪੁਲੀਸ ਵਲੋਂ ਪਿਛਲੇ ਕੁਝ ਸਮੇਂ ਤੋਂ ਭਗੌੜਿਆਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਦੋ ਟਰੈਵਲ ਏਜੰਟ ਲੁਧਿਆਣਾ ਜ਼ਿਲ੍ਹੇ ਦੇ ਹਨ ਜਿਨ੍ਹਾਂ ਨੂੰ ਫੜਨ ਵਾਸਤੇ ਇਨਾਮ ਰੱਖਣ ਦੀ ਲੋੜ ਪਈ ਹੈ। ਜੈਤੋ ਦੇ ਜਸਵਿੰਦਰ ਸਿੰਘ ਉਰਫ ਰਿੰਕੂ 'ਤੇ ਚਾਰ ਪੁਲੀਸ ਕੇਸ ਇਕੱਲੇ ਜ਼ਿਲ੍ਹਾ ਮੁਕਤਸਰ 'ਚ ਦਰਜ ਹਨ ਜੋ ਕਿ 17 ਅਪ੍ਰੈਲ 2005 ਨੂੰ ਦਰਜ ਹੋਏ ਹਨ। ਇਵੇਂ ਹੀ ਸਿੰਧਵਾ ਬੇਟ ਥਾਨੇ 'ਚ ਸੁਖਵਿੰਦਰ ਸਿੰਘ 'ਤੇ ਦੋ ਪੁਲੀਸ ਕੇਸ ਦਰਜ ਹੋਏ ਹਨ ਜੋ ਕਿ ਧੋਖਾਧੜੀ ਦੇ ਹਨ। ਚਮਕੌਰ ਸਾਹਿਬ ਦੀ ਰੇਖਾ ਰਾਣੀ 'ਤੇ ਵੀ 20 ਹਜ਼ਾਰ ਰੁਪਏ ਦਾ ਇਨਾਮ ਪੁਲੀਸ ਨੇ ਰੱਖਿਆ ਹੈ ਅਤੇ ਇਸ ਤਰ੍ਹਾਂ ਜਲੰਧਰ ਦੀ ਪ੍ਰੀਤੀ 'ਤੇ ਵੀ ਨਗਦ ਇਨਾਮ ਰੱਖਣਾ ਪਿਆ ਹੈ। ਸੂਤਰ ਆਖਦੇ ਹਨ ਕਿ ਇਹ ਭਗੌੜੇ ਲੋਕ ਪੰਜਾਬ ਤੋਂ ਬਾਹਰ ਛੁਪੇ ਹੋਏ ਹਨ ਜਿਨ੍ਹਾਂ ਦਾ ਪੁਲੀਸ ਨੂੰ ਕੋਈ ਪਤਾ ਟਿਕਾਣਾ ਪਤਾ ਨਹੀਂ ਲੱਗ ਰਿਹਾ ਹੈ। ਪੁਲੀਸ ਵਲੋਂ ਸੂਹੀਏ ਵੀ ਇਨ੍ਹਾਂ ਦੀ ਭਾਲ 'ਚ ਲਗਾਏ ਗਏ ਸਨ ਪ੍ਰੰਤੂ ਪੁਲੀਸ ਫਿਰ ਵੀ ਇਨ੍ਹਾਂ ਨੂੰ ਫੜਨ 'ਚ ਅਸਫਲ ਰਹੀ ਹੈ। ਹੁਣ ਇਸੇ ਕਰਕੇ ਪੁਲੀਸ ਨੇ ਇਨ੍ਹਾਂ ਦੇ ਸਿਰਾਂ 'ਤੇ ਇਨਾਮ ਰੱਖੇ ਹਨ। ਦੇਖਣਾ ਇਹ ਹੈ ਕਿ ਹੁਣ ਪੁਲੀਸ ਇਸ ਮਾਮਲੇ 'ਚ ਕਿੰਨਾ ਕੁ ਸਫਲ ਹੁੰਦੀ ਹੈ।

                                           ਗਗਨ ਬਖਸ਼ੀ 'ਤੇ 76 ਪੁਲੀਸ ਕੇਸ ਦਰਜ
ਸਭ ਤੋਂ ਵੱਧ ਬਦਨਾਮ ਭਗੌੜਾ ਦੁਆਬੇ ਦਾ ਗਗਨ ਕੁਮਾਰ ਬਖਸ਼ੀ ਹੈ ਜਿਸ 'ਤੇ 76 ਪੁਲੀਸ ਕੇਸ ਦਰਜ ਹਨ। ਇਨ੍ਹਾਂ ਕੇਸਾਂ 'ਚ ਸਭ ਤੋਂ ਜਿਆਦਾ ਕੇਸ ਧੋਖਾਧੜੀ ਦੇ ਹਨ। ਇਹ ਲਾਂਬੜਾ ਦਾ ਵਸਨੀਕ ਹੈ ਜਿਸ ਦੇ ਸਿਰ 'ਤੇ ਸਭ ਤੋਂ ਜਿਆਦਾ 1.50 ਲੱਖ ਰੁਪਏ ਦਾ ਨਗਦ ਇਨਾਮ ਰੱਖਿਆ ਗਿਆ ਹੈ। ਦੁਆਬੇ ਅਤੇ ਮਾਝੇ ਦੇ ਤਕਰੀਬਨ ਹਰ ਜ਼ਿਲ੍ਹੇ 'ਚ ਇਸ ਟਰੈਵਲ ਏਜੰਟ 'ਤੇ ਪੁਲੀਸ ਕੇਸ ਦਰਜ ਹੈ। ਪਿਛਲੇ 10 ਸਾਲਾਂ 'ਚ ਉਸ 'ਤੇ ਇਹ ਪੁਲੀਸ ਕੇਸ ਦਰਜ ਹੋਏ ਹਨ। ਦਰਜਨਾਂ ਕੇਸਾਂ 'ਚ ਉਹ ਅਦਾਲਤ ਵਲੋਂ ਭਗੌੜਾ ਐਲਾਨਿਆ ਜਾ ਚੁੱਕਾ ਹੈ। ਸੂਤਰ ਆਖਦੇ ਹਨ ਕਿ ਸ਼ਾਇਦ ਉਹ ਪੰਜਾਬ ਦਾ ਪਹਿਲਾ ਅਜਿਹਾ ਵਿਅਕਤੀ ਹੋਵੇ ਜਿਸ 'ਤੇ ਸਭ ਤੋਂ
                                         ਭਗੌੜੇ ਫੜਨ ਲਈ ਸਪੈਸ਼ਲ ਅਪਰੇਸ਼ਨ ਸ਼ੁਰੂ- ਆਈ.ਜੀ
 ਬਠਿੰਡਾ ਜ਼ੋਨ ਦੇ ਆਈ.ਜੀ ਸ੍ਰੀ ਨਿਰਮਲ ਸਿੰਘ ਢਿਲੋਂ ਦਾ ਕਹਿਣਾ ਸੀ ਕਿ ਬਠਿੰਡਾ ਜ਼ੋਨ 'ਚ ਇਸੇ ਵਰ੍ਹੇ 'ਚ 300 ਦੇ ਕਰੀਬ ਭਗੌੜੇ ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜੋ ਵੀ ਵਿਅਕਤੀ ਭਗੌੜਿਆਂ ਨੂੰ ਫੜਾਉਣ 'ਚ ਮਦਦ ਕਰੇਗਾ,ਉਸ ਨੂੰ ਢੁਕਵਾਂ ਇਨਾਮ ਦਿੱਤਾ ਜਾਵੇਗਾ। ਜਿਨ੍ਹਾਂ ਭਗੌੜਿਆਂ ਦੇ ਸਿਰਾਂ 'ਤੇ ਹੁਣ ਇਨਾਮ ਰੱਖਿਆ ਗਿਆ ਹੈ, ਉਨ੍ਹਾਂ ਨੂੰ ਫੜਾਉਣ ਵਾਲਿਆਂ ਨੂੰ ਨਿਸ਼ਚਿਤ ਕੀਤੀ ਨਗਦ ਰਾਸ਼ੀ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਠਿੰਡਾ ਜ਼ੋਨ 'ਚ ਭਗੌੜੇ ਫੜਨ ਵਾਸਤੇ ਇੱਕ ਸਪੈਸ਼ਲ ਅਪਰੇਸ਼ਨ 24 ਅਪਰੈਲ ਤੋਂ ਸ਼ੁਰੂ ਕੀਤਾ ਗਿਆ ਹੈ ਜੋ ਕਿ ਇੱਕ ਮਈ ਤੱਕ ਚੱਲੇਗਾ। ਇਸ ਹਫਤੇ ਦੌਰਾਨ ਭਗੌੜਿਆਂ ਨੂੰ ਫੜਨ ਲਈ ਪੁਲੀਸ ਵਿਸ਼ੇਸ਼ ਅਪਰੇਸ਼ਨ ਤਹਿਤ ਕੰਮ ਕਰੇਗੀ।
        

Sunday, April 24, 2011


               ਰੋਂਦੀਆਂ ਨਾ ਜਾਣ ਝੱਲੀਆਂ...
                             ਚਰਨਜੀਤ ਭੁੱਲਰ
ਬਠਿੰਡਾ : ਵੀਰਪਾਲ ਕੌਰ ਦਾ ਤਾਂ ਰੋਣਾ ਵੀ ਝੱਲਣਾ ਮੁਸ਼ਕਲ ਹੈ। ਇਕੱਲੀ ਗੁਰਬਤ ਦੀ ਮਾਰ ਨਹੀਂ ਪਈ। ਬੇਕਾਰੀ ਦੀ ਸੱਟ ਨੇ ਵੀ ਘਰ ਦਾ ਬੂਹਾ ਮੂਧਾ ਮਾਰ ਦਿੱਤਾ ਹੈ। ਘਰ ਨੂੰ ਤਾਲਾ ਮਾਰ ਕੇ ਹੁਣ ਉਹ ਸੱਸ ਸਹੁਰੇ ਨਾਲ ਬਠਿੰਡਾ 'ਚ ਮੋਰਚੇ 'ਤੇ ਬੈਠ ਗਈ ਹੈ ਤਾਂ ਜੋ ਉਸ ਦੇ ਬੇਰੁਜ਼ਗਾਰ ਪਤੀ ਭੋਲਾ ਸਿੰਘ ਗੱਗੜਪੁਰ ਦੀ ਜੇਲ੍ਹ ਚੋਂ ਰਿਹਾਈ ਹੋ ਸਕੇ। ਰੁਜ਼ਗਾਰ ਤੋਂ ਪਹਿਲਾਂ ਇਹ ਪ੍ਰਵਾਰ ਆਪਣੇ ਆਪਣੇ ਪੁੱਤ ਦੀ ਰਿਹਾਈ ਮੰਗਦਾ ਹੈ। ਸੰਗਰੂਰ ਜੇਲ੍ਹ 'ਚ ਬੰਦ ਬੇਰੁਜ਼ਗਾਰ ਲਾਈਨਮੈਨ ਭੋਲਾ ਸਿੰਘ ਦਾ ਬਜ਼ੁਰਗ ਬਾਪ ਤਾਂ ਖੱਚਰ ਰੇਹੜੀ ਚਲਾਉਂਦਾ ਹੈ। ਉਹ ਦੱਸਦਾ ਹੈ ਕਿ ਖੂਨ ਪਸੀਨੇ ਦੀ ਕਮਾਈ ਨਾਲ ਪੁੱਤ ਨੂੰ ਜੇਲ ਭੇਜਣ ਲਈ ਨਹੀਂ ਪੜਾਇਆ ਸੀ। ਉਸ ਨੇ ਤਾਂ ਆਪਣੀ ਸਾਰੀ ਕਮਾਈ ਹੀ ਪੁੱਤ 'ਤੇ ਲਾ ਦਿੱਤੀ ਹੈ। ਇਸ ਬੇਰੁਜ਼ਗਾਰ ਪੁੱਤ ਦੀ ਮਾਂ ਜਸਵੰਤ ਕੌਰ ਦੀ ਅੱਖ ਵੀ ਗੱਲ ਗੱਲ 'ਤੇ ਨਮ ਹੋ ਰਹੀ ਸੀ। ਏਦਾ ਭੁੱਖ ਹੜਤਾਲਾਂ 'ਤੇ ਬੈਠਣਾ ਪਊ, ਇਨ੍ਹਾਂ ਬਿਰਧ ਔਰਤਾਂ ਨੇ ਸੋਚਿਆ ਵੀ ਨਹੀਂ ਸੀ। ਇਵੇਂ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਟਾਹਲੀਆ ਦੀ ਕਿਰਨਜੀਤ ਕੌਰ ਦਾ ਦੁੱਖ ਵੀ ਕੋਈ ਛੋਟਾ ਨਹੀਂ ਹੈ। ਉਹ ਆਪਣੇ ਪਤੀ ਗੁਰਮੇਲ ਸਿੰਘ ਦੇ ਰੁਜ਼ਗਾਰ ਖਾਤਰ ਇਕੱਲੀ ਸੰਘਰਸ਼ 'ਚ ਨਹੀਂ ਨਿੱਤਰੀ ਬਲਕਿ ਉਸ ਦੇ ਬੱਚੇ ਵੀ ਆਪਣੇ ਬਾਪ ਲਈ ਨਾਹਰੇ ਮਾਰ ਰਹੇ ਹਨ। ਬੇਰੁਜ਼ਗਾਰ ਲਾਈਨਮੈਨ ਗੁਰਮੇਲ ਸਿੰਘ ਦਾ ਤਾਂ ਆਪਣਾ ਘਰ ਵੀ ਨਹੀਂ ਹੈ।
           ਬੇਰੁਜ਼ਗਾਰ ਗੁਰਮੇਲ ਸਿੰਘ ਪ੍ਰਵਾਰ ਪਾਲਣ ਲਈ ਲੇਬਰ ਚੌਂਕ 'ਚ ਖੜ੍ਹਦਾ ਹੈ। ਉਸ ਦੀ ਨੌਵੀਂ ਜਮਾਤ 'ਚ ਪੜ੍ਹਦੀ ਬੱਚੀ ਜਸਪ੍ਰੀਤ ਕੌਰ ਲਈ ਪਿਤਾ ਦਾ ਇਹ ਹਾਲ ਝੱਲਣਾ ਸੌਖਾ ਨਹੀਂ ਹੈ। ਪਿੰਡ ਜਲੂਰ ਦੀ 55 ਵਰ੍ਹਿਆਂ ਦੀ ਮਾਂ ਸੁਖਪਾਲ ਕੌਰ ਨੂੰ ਇਹ ਵੱਡਾ ਦੁੱਖ ਹੈ ਕਿ ਪੁਸ਼ਤਾਂ 'ਚ ਕਦੇ ਕਿਸੇ ਜੀਅ ਨੇ ਥਾਣਾ ਤੱਕ ਨਹੀਂ ਦੇਖਿਆ ਸੀ, ਬੇਰੁਜ਼ਗਾਰੀ ਨੇ ਪੁੱਤ ਨੂੰ ਜੇਲ੍ਹ ਦਿਖਾ ਦਿੱਤੀ ਹੈ। ਉਸ ਦਾ ਕਹਿਣਾ ਸੀ ਕਿ ਬੁਢਾਪੇ 'ਚ ਪਤਾ ਨਹੀਂ ਪੁੱਤ ਦੀ ਬੇਰੁਜ਼ਗਾਰੀ ਕੀ ਕੀ ਦਿਨ ਵਿਖਾਏਗੀ। ਉਸ ਦਾ ਲੜਕਾ ਜਤਿੰਦਰ ਸਿੰਘ ਬਰਨਾਲਾ ਜੇਲ੍ਹ 'ਚ ਬੰਦ ਹੈ। ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਮੈਂਬਰਾਂ ਦੇ ਪਰਿਵਾਰਾਂ ਦੇ ਇਹ ਦੁੱਖ ਹਨ ਜਿਨ੍ਹਾਂ ਨੂੰ ਵਿਸਾਖੀ ਵਾਲੇ ਦਿਨ ਸਰਕਾਰ ਨੇ ਜੇਲ੍ਹ ਭੇਜ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਅਕਾਲੀ ਕਾਨਫਰੰਸ 'ਚ ਨਾਹਰੇ ਮਾਰਨ ਦੀ ਗੁਸਤਾਖ਼ੀ ਕੀਤੀ ਸੀ। ਪਿੰਡ ਰੂੜੇਕੇ ਕਲਾਂ ਦੀ ਸੁਖਜੀਤ ਕੌਰ ਨੇ ਜਦੋਂ ਬਠਿੰਡਾ ਜੇਲ੍ਹ 'ਚ ਆਪਣੇ ਪਤੀ ਸੁਖਵਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਤਾਂ ਉਸ ਦੀ ਚਾਰ ਵਰ੍ਹਿਆਂ ਦੀ ਬੱਚੀ ਬਾਪ ਵੱਲ ਟੁੱਟ ਪਈ। ਜੇਲ੍ਹ ਦੀਆਂ ਸਲਾਖਾ ਬਾਪ ਤੇ ਬੱਚੀ ਦਰਮਿਆਨ ਦੀਵਾਰ ਤੋਂ ਘੱਟ ਨਹੀਂ ਸਨ। ਸੁਖਜੀਤ ਦੀਆਂ ਅੱਖਾਂ ਭਰ ਆਈਆਂ। ਉਹ ਆਖਦੀ ਹੈ ਕਿ ਉਨ੍ਹਾਂ ਦੇ ਤਾਂ ਪਿਛੇ ਵੀ ਕੋਈ ਨਹੀਂ ਜੋ ਰਿਹਾਈ ਵਾਸਤੇ ਪੈਰਵੀ ਕਰ ਸਕੇ।
           ਪਿੰਡ ਭੋਤਨਾ ਦਾ ਬੇਰੁਜ਼ਗਾਰ ਜਸਵਿੰਦਰ ਸਿੰਘ ਬਰਨਾਲਾ ਜੇਲ੍ਹ 'ਚ ਬੰਦ ਹੈ। ਉਸ ਦੀ ਵਿਧਵਾ ਮਾਂ ਮੁਖਤਿਆਰ ਕੌਰ ਪੁੱਤ ਦੀ ਰਿਹਾਈ ਖਾਤਰ ਬਠਿੰਡਾ 'ਚ ਭੁੱਖ ਹੜਤਾਲ 'ਤੇ ਬੈਠੀ ਹੈ। ਇਸ ਬਿਰਧ ਮਾਂ ਦਾ ਕਹਿਣਾ ਸੀ ਕਿ ਇੱਕ ਨੌਕਰੀ ਨੇ ਪੁੱਤ ਦੇ ਮੱਥੇ 'ਤੇ ਜੇਲ੍ਹ ਦਾ ਦਾਗ ਲਾ ਦਿੱਤਾ ਹੈ ਜੋ ਪੂਰੀ ਜ਼ਿੰਦਗੀ ਲਈ ਕਲੰਕ ਬਣ ਗਿਆ ਹੈ। ਉਸ ਦਾ ਕਹਿਣਾ ਸੀ ਕਿ ਇਹੋ ਦਾਗ ਧੋਣ ਲਈ ਉਹ ਪੂਰੇ ਪ੍ਰਵਾਰ ਸਮੇਤ ਸਰਕਾਰ ਨਾਲ ਟੱਕਰ ਲਏਗੀ। ਇਸ ਬਜ਼ੁਰਗ ਦੀਆਂ ਅੱਖਾਂ ਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ ਪ੍ਰੰਤੂ ਉਸ ਦਾ ਭਰੋਸਾ ਵੀ ਏਨਾ ਸੀ ਕਿ ਸਰਕਾਰ ਕੁਝ ਮਰਜ਼ੀ ਕਰ ਲਵੇ,ਜਿੱਤ ਉਨ੍ਹਾਂ ਦੀ ਹੀ ਹੋਵੇਗੀ।
           ਬਠਿੰਡਾ 'ਚ ਮਰਨ ਵਰਤ 'ਤੇ ਬੈਠੀ ਬਿਰਧ ਮਾਂ ਰਣਜੀਤ ਕੌਰ ਨੇ ਪੰਜ ਦਿਨਾਂ ਤੋਂ ਕੁਝ ਵੀ ਖਾਧਾ ਪੀਤਾ ਨਹੀਂ ਹੈ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਦਾ ਕਹਿਣਾ ਸੀ ਕਿ 'ਸਰਕਾਰ ਨੌਕਰੀ ਨਹੀਂ ਦੇ ਸਕਦੀ ਤਾਂ ਸਾਨੂੰ ਜ਼ਹਿਰ ਹੀ ਦੇ ਦੇਵੇ।' ਉਸ ਦਾ ਪੁੱਤ ਪਿਰਮਲ ਸਿੰਘ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਸੂਬਾ ਪ੍ਰਧਾਨ ਹੈ ਜੋ ਕਿ ਸਰਕਾਰ ਦੀ ਅੱਖ 'ਚ ਸਭ ਤੋਂ ਵੱਧ ਰੜਕਦਾ ਹੈ। ਬਠਿੰਡਾ ਜੇਲ੍ਹ 'ਚ ਬੰਦ ਜਸਪਾਲ ਸਿੰਘ ਪ੍ਰਾਈਵੇਟ ਫੈਕਟਰੀ 'ਚ ਨੌਕਰੀ ਕਰਦਾ ਸੀ। ਉਸ ਨੇ ਥੋੜੇ ਥੋੜੇ ਪੈਸੇ ਜੋੜ ਕੇ ਇਕੱਠੇ ਕੀਤੇ ਸਨ ਤਾਂ ਜੋ ਮਾਂ ਲਾਭ ਕੌਰ ਦਾ ਅਪਰੇਸ਼ਨ ਕਰਾ ਸਕੇ। ਉਸ ਦੀ ਮਾਂ ਦਾ 17 ਅਪਰੈਲ ਨੂੰ ਅਪਰੇਸ਼ਨ ਹੋਣਾ ਸੀ। ਉਸ ਤੋਂ ਪਹਿਲਾਂ ਹੀ 15 ਅਪਰੈਲ ਨੂੰ ਪੁਲੀਸ ਨੇ ਜਸਪਾਲ ਸਿੰਘ ਨੂੰ ਬਾਕੀ ਬੇਰੁਜ਼ਗਾਰਾਂ ਦੇ ਨਾਲ ਜੇਲ੍ਹ ਡੱਕ ਦਿੱਤਾ। ਜੇਲ੍ਹ ਜਾਣ ਮਗਰੋਂ ਜਸਪਾਲ ਸਿੰਘ ਨੂੰ ਪ੍ਰਾਈਵੇਟ ਫੈਕਟਰੀ ਦੇ ਮਾਲਕ ਨੇ ਨੌਕਰੀ ਚੋਂ ਕੱਢ ਦਿੱਤਾ ਹੈ। ਇੱਧਰ ਮੰਜੇ 'ਚ ਬਿਮਾਰ ਪਈ ਮਾਂ ਲਾਭ ਕੌਰ ਪੁੱਤ ਨੂੰ ਉਡੀਕ ਰਹੀ ਹੈ। ਇਵੇਂ ਹੀ ਛੋਟੇ ਛੋਟੇ ਬੱਚੇ ਵੀ ਆਪਣੇ ਬਾਪ ਦੀ ਰਿਹਾਈ ਖਾਤਰ ਮੋਰਚੇ 'ਚ ਕੁੱਦ ਚੁੱਕੇ ਹਨ। ਬੇਸ਼ੱਕ ਉਹ ਸਭ ਵਰਤਾਰੇ ਤੋਂ ਅਣਜਾਣ ਹਨ ਪ੍ਰੰਤੂ ਉਨ੍ਹਾਂ ਦੇ ਅਣਭੋਲ ਚਿਹਰੇ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਨੂੰ ਭਾਪ ਰਹੇ ਹਨ। ਦੇਖਣਾ ਇਹ ਹੈ ਕਿ ਇਨ੍ਹਾਂ ਪ੍ਰਵਾਰਾਂ ਦੇ ਦੁੱਖਾਂ ਨੂੰ ਕਦੋਂ ਸਰਕਾਰ ਸਮਝਦੀ ਹੈ।

Friday, April 22, 2011

           ਪੰਜ ਕਰੋੜ ਦੇ ਛੋਲੇ ਛੱਕ ਗਏ ਕੈਦੀ
                                 ਚਰਨਜੀਤ ਭੁੱਲਰ
ਬਠਿੰਡਾ  : ਕੈਦੀਆਂ ਨੂੰ ਸਰਕਾਰ ਛੋਲੇ ਛਕਾਉਣਾ ਨਹੀਂ ਭੁੱਲੀ। ਤਾਹੀਓਂ ਤਾਂ ਕੈਦੀ ਪੰਜ ਕਰੋੜ ਦੇ ਇਕੱਲੇ ਛੋਲੇ ਹੀ ਛੱਕ ਗਏ ਹਨ। ਹਰ ਵਰ੍ਹੇ ਕੈਦੀਆਂ ਨੂੰ ਛੋਲਿਆਂ ਦੀ ਖੁਰਾਕ ਦੇਣ ਵਾਸਤੇ ਇੱਕ ਕਰੋੜ ਦਾ ਬਜਟ ਰੱਖਿਆ ਜਾਂਦਾ ਹੈ। ਹਾਲੇ ਤਾਂ ਪੰਜਾਬ ਸਰਕਾਰ ਵਲੋਂ ਛੋਲਿਆਂ ਦੀ ਮਾਤਰਾ ਘਟਾ ਦਿੱਤੀ ਗਈ ਹੈ। ਪਹਿਲਾਂ ਤਾਂ ਇਹੋ ਕੈਦੀ ਨਿੱਤ 20 ਕੁਇੰਟਲ ਛੋਲੇ ਹਜ਼ਮ ਕਰ ਜਾਂਦੇ ਸਨ। ਗੋਰਿਆਂ ਵਲੋਂ ਛੋਲਿਆਂ ਨੂੰ ਜੇਲ੍ਹਾਂ 'ਚ ਬੰਦ ਕੈਦੀਆਂ ਦੀ ਖੁਰਾਕ ਵਜੋਂ ਸ਼ੁਰੂ ਕੀਤਾ ਗਿਆ ਸੀ। ਅੰਗਰੇਜ਼ ਬੇਸ਼ੱਕ ਚਲੇ ਗਏ ਪ੍ਰੰਤੂ ਉਨ੍ਹਾਂ ਵਲੋਂ ਸ਼ੁਰੂ ਕੀਤੀ ਖੁਰਾਕ ਅੱਜ ਵੀ ਕੈਦੀਆਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਹਾਲਾਂ ਕਿ ਨਵੀਂ ਉਮਰ ਦੇ ਕੈਦੀ ਛੋਲੇ ਲੈਣ ਵੇਲੇ ਨੱਕ ਚੜ੍ਹਾਉਂਦੇ ਹਨ। ਫਿਰ ਵੀ ਜੇਲ੍ਹਾਂ 'ਚ ਰੋਜ਼ਾਨਾ 10.20 ਕੁਇੰਟਲ ਛੋਲੇ ਭੁੰਨੇ ਜਾਂਦੇ ਹਨ। ਪੰਜਾਬ ਸਰਕਾਰ ਤਰਫ਼ੋਂ ਹਰ ਕੈਦੀ ਤੇ ਹਵਾਲਾਤੀ ਨੂੰ ਸ਼ਾਮ ਵਕਤ ਜੇਲ੍ਹ 'ਚ ਚਾਹ ਦੇ ਨਾਲ 60 ਗਰਾਮ ਛੋਲੇ ਦਿੱਤੇ ਜਾਂਦੇ ਹਨ। ਪਹਿਲਾਂ 115 ਗਰਾਮ ਛੋਲੇ ਹਰ ਕੈਦੀ ਨੂੰ ਮਿਲਦੇ ਸਨ। ਸਰਕਾਰ ਨੇ ਮਗਰੋਂ ਇਸ ਦੀ ਮਾਤਰਾ ਘਟਾ ਦਿੱਤੀ ਸੀ। ਕੇਂਦਰੀ ਸੁਧਾਰ ਘਰਾਂ 'ਚ ਬੰਦ ਇਨ੍ਹਾਂ ਕੈਦੀਆਂ  ਨੂੰ ਪੂਰਾ ਪੌਸਟਿਕ ਭੋਜਨ ਮਿਲਦਾ ਹੈ ਪ੍ਰੰਤੂ ਸੁਧਾਰ ਘਰਾਂ 'ਚ  ਇਹ ਸੁਧਰਦੇ ਕਿੰਨੇ ਕੁ ਹਨ, ਇਹ ਵੱਖਰੀ ਗੱਲ ਹੈ।
          ਜੇਲ੍ਹ ਵਿਭਾਗ ਦੇ ਆਪਣੇ ਵੇਰਵੇ ਹਨ ਕਿ ਜੇਲ੍ਹਾਂ 'ਚ ਬੰਦ ਕੈਦੀ ਲੰਘੇ ਛੇ ਵਰ੍ਹਿਆਂ 'ਚ 19623 ਕੁਇੰਟਲ ਛੋਲੇ ਖਾ ਗਏ ਹਨ ਜਿਨ੍ਹਾਂ ਦੀ ਕੀਮਤ ਅੰਦਾਜ਼ਨ 4.90 ਕਰੋੜ ਰੁਪਏ ਬਣਦੀ ਹੈ। ਜੇਲ ਵਿਭਾਗ ਪੰਜਾਬ ਵਲੋਂ ਰੋਜ਼ਾਨਾ 3.50 ਲੱਖ ਰੁਪਏ ਦੇ ਛੋਲੇ ਜੇਲ੍ਹਾਂ 'ਚ ਵਰਤਾਏ ਜਾਂਦੇ ਹਨ। ਕਰੀਬ 17 ਹਜ਼ਾਰ ਕੈਦੀਆਂ ਤੇ ਹਵਾਲਾਤੀਆਂ ਨੂੰ ਨਿੱਤ ਤੋਲ ਤੋਲ ਕੇ ਛੋਲੇ ਮਿਲਦੇ ਹਨ। ਜੇਲ੍ਹ ਵਿਭਾਗ ਵਲੋਂ ਹਰ ਸਾਲ ਛੋਲਿਆਂ ਦਾ ਪੂਰਾ ਸਟਾਕ ਖਰੀਦ ਲਿਆ ਜਾਂਦਾ ਹੈ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਛੋਲਿਆਂ ਦੀ ਠੇਕੇਦਾਰ ਰਾਹੀਂ ਸਪਲਾਈ ਹੁੰਦੀ ਹੈ। ਸੂਤਰ ਦੱਸਦੇ ਹਨ ਕਿ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਹੀ ਛੋਲੇ ਕੈਦੀਆਂ ਦੀ ਖੁਰਾਕ ਦਾ ਹਿੱਸਾ ਹਨ। ਸਰਕਾਰ ਨੇ ਕਦੇ ਵੀ ਇਸ 'ਚ ਬਦਲਾਓ ਬਾਰੇ ਨਹੀਂ ਸੋਚਿਆ। 'ਵੱਡੀ ਉਮਰ ਦੇ ਕੈਦੀ ਤਾਂ ਹਰ ਵੇਲੇ ਛੋਲੇ ਜੇਬ 'ਚ ਰੱਖਦੇ ਹਨ, ਜਦੋਂ ਜੀਅ ਕਰਦੈ, ਫੱਕਾ ਮਾਰ ਲੈਂਦੇ ਹਨ',ਇੱਕ ਜੇਲ ਅਧਿਕਾਰੀ ਨੇ ਦੱਸਿਆ। ਅੱਜ ਕੱਲ੍ਹ ਦੇ ਮੁੰਡੇ ਛੋਲੇ ਲੈਂਦੇ ਤਾਂ ਹਨ ਲੇਕਿਨ ਉਹ ਛੋਲਿਆਂ ਦਾ ਬਦਲ ਚਾਹੁੰਦੇ ਹਨ।
            ਮਾਲਵਾ ਪੱਟੀ ਦੀਆਂ ਜੇਲ੍ਹਾਂ 'ਚ 12456 ਕੁਇੰਟਲ ਛੋਲਿਆਂ ਦੀ ਖਪਤ ਛੇ ਸਾਲਾਂ ਵਿੱਚ ਹੋਈ ਹੈ। ਜ਼ਿਲ੍ਹਾ ਬਠਿੰਡਾ ਦੀ ਕੇਂਦਰੀ ਜੇਲ੍ਹ 'ਚ 1334 ਦੇ ਕਰੀਬ ਕੈਦੀ ਅਤੇ ਹਵਾਲਾਤੀ ਹਨ। ਛੇ ਸਾਲਾਂ 'ਚ ਇਸ ਜੇਲ 'ਚ 2055 ਕੁਇੰਟਲ ਛੋਲਿਆਂ ਦੀ ਖਪਤ ਹੋਈ ਹੈ। ਛੋਲਿਆਂ ਦੀ ਸਭ ਤੋਂ ਵੱਧ ਖਪਤ 3273 ਕੁਇੰਟਲ ਅੰਮ੍ਰਿਤਸਰ ਜੇਲ 'ਚ ਹੋਈ ਹੈ। ਦੂਸਰਾ ਨੰਬਰ ਲੁਧਿਆਣਾ ਜੇਲ ਦਾ ਆਉਂਦਾ ਹੈ ਜਿਥੇ 2477 ਕੁਇੰਟਲ ਛੋਲੇ ਵਰਤਾਏ ਗਏ। ਜੋ ਸਬ ਜੇਲ੍ਹਾਂ ਹਨ,ਉਨ੍ਹਾਂ 'ਚ ਖਪਤ ਵੀ ਘੱਟ ਹੈ। ਇਸ ਵੇਲੇ ਸੱਤ ਕੇਂਦਰੀ ਜੇਲ੍ਹਾਂ ਅਤੇ ਛੇ ਜ਼ਿਲ੍ਹਾ ਜੇਲ੍ਹਾਂ ਹਨ। ਬਾਕੀ ਸਬ ਜੇਲ੍ਹਾਂ ਹਨ। ਸਭ ਨੂੰ ਸੁਧਾਰ ਘਰ ਆਖਿਆ ਜਾਂਦਾ ਹੈ। ਵਿਗੜਿਆਂ ਨੂੰ ਸੁਧਾਰਨ ਲਈ ਹੀ ਤਾਂ ਸਭ ਸਹੂਲਤ ਦਿੱਤੀ ਜਾਂਦੀ ਹੈ। ਤਾਂ ਜੋ ਕੋਈ ਕਮੀ ਨਾ ਰਹੇ। ਬਾਵਜੂਦ ਇਸ ਦੇ,ਜੇਲ੍ਹਾਂ ਨੱਕੋਂ ਨੱਕ ਭਰ ਰਹੀਆਂ ਹਨ। ਦੂਸਰੀ ਗੱਲ ਰੋਟੀ ਦੀ ਕਰੀਏ ਤਾਂ ਇਸ ਵੇਲੇ ਜੇਲ੍ਹਾਂ 'ਚ ਨਿੱਤ ਔਸਤਨ ਦੋ ਲੱਖ ਰੋਟੀ ਪੱਕਦੀ ਹੈ। ਨਿਯਮਾਂ ਅਨੁਸਾਰ ਹਰ ਕੈਦੀ ਜਾਂ ਹਵਾਲਾਤੀ ਨੂੰ ਦੋ ਵਕਤ ਛੇ ਛੇ ਰੋਟੀਆਂ ਮਿਲਦੀਆਂ ਹਨ। ਹਰ ਜੇਲ੍ਹ 'ਚ ਦਿਨ ਰਾਤ ਕਰੀਬ 12 ਤੋਂ 14 ਘੰਟੇ ਰੋਟੀ ਬਣਾਉਣ 'ਤੇ ਲੱਗਦੇ ਹਨ। ਕੈਦੀ ਆਪੋ ਆਪਣੀ ਵਾਰੀ ਮੁਤਾਬਿਕ ਖਾਣਾ ਤਿਆਰ ਕਰਦੇ ਹਨ। ਪਿਛਲੇ ਛੇ ਸਾਲ ਦਾ ਰਿਕਾਰਡ ਦੇਖੀਏ ਤਾਂ ਰੋਜ਼ਾਨਾ 1,73,700 ਰੋਟੀਆਂ ਪੱਕੀਆਂ ਹਨ। ਮਾਲਵੇ ਖ਼ਿੱਤੇ ਦੀਆਂ ਜੇਲ੍ਹਾਂ 'ਚ ਨਿੱਤ 1.15 ਲੱਖ ਰੋਟੀਆਂ ਬਣਦੀਆਂ ਹਨ।
             ਕੇਂਦਰੀ ਜੇਲ੍ਹ ਬਠਿੰਡਾ 'ਚ ਦਿਨ ਰਾਤ 'ਚ 16 ਹਜ਼ਾਰ ਰੋਟੀ ਪੱਕਦੀ ਹੈ। ਹਰ ਜੇਲ੍ਹ 'ਚ ਬਕਾਇਦਾ ਲੰਗਰ ਕਮੇਟੀ ਬਣੀ ਹੋਈ ਹੈ ਜੋ ਰੋਟੀਆਂ ਗਿਣ ਕੇ ਲੈਂਦੀ ਹੈ ਤੇ ਦਿੰਦੀ ਹੈ। ਮਰਦਾਂ ਲਈ 480 ਗਰਾਮ ਆਟੇ ਦੀਆਂ ਰੋਟੀਆਂ ਅਤੇ ਔਰਤਾਂ ਲਈ 460 ਗਰਾਮ ਆਟੇ ਦੀਆਂ ਰੋਟੀਆਂ ਦਿੱਤੀਆਂ ਜਾਂ ਦੀਆਂ ਹਨ। ਬਕਾਇਦਾ ਤੱਕੜੀ ਨਾਲ ਰੋਟੀਆਂ ਦੀ ਤੁਲਾਈ ਹੁੰਦੀ ਹੈ। ਲੁਧਿਆਣਾ ਜੇਲ੍ਹ 'ਚ ਨਿੱਤ 21600 ਅਤੇ ਅੰਮ੍ਰਿਤਸਰ ਜੇਲ੍ਹ 'ਚ ਰੋਜ਼ਾਨਾ 21600 ਰੋਟੀਆਂ ਬਣਾਉਣ ਲਈ ਚੁੱਲ੍ਹਾ ਤਪਦਾ ਹੈ। ਅਧਿਕਾਰੀ ਦੱਸਦੇ ਹਨ ਕਿ ਜੇਲ੍ਹ ਦਾ ਚੁੱਲ੍ਹਾ ਕਦੇ ਠੰਢਾ ਨਹੀਂ ਹੁੰਦਾ। ਰਾਤ ਨੂੰ 12 ਵਜੇ ਖਾਣੇ ਦੀ ਤਿਆਰੀ ਸ਼ੁਰੂ ਹੋ ਜਾਂਦੀ ਤੇ ਸਵੇਰ ਤੱਕ ਰੋਟੀ ਬਣਦੀ ਹੈ ਅਤੇ ਰਾਤ ਦੀ ਰੋਟੀ ਦੀ ਤਿਆਰੀ ਦਿਨ ਵੇਲੇ 10 ਵਜੇ ਸ਼ੁਰੂ ਹੋ ਜਾਂਦੀ ਤੇ ਸ਼ਾਮੀ ਪੰਜ ਵਜੇ ਤੱਕ ਕੰਮ ਚੱਲਦਾ ਹੈ। ਕੇਂਦਰੀ ਜੇਲ੍ਹਾਂ 'ਚ ਹਰ ਰੋਜ਼ 15 ਹਜ਼ਾਰ ਤੋਂ ਜਿਆਦਾ ਰੋਟੀ ਪੱਕਦੀ ਹੈ। ਸਰਕਾਰੀ ਸੂਤਰ ਆਖਦੇ ਹਨ ਕਿ ਛੋਲੇ ਕੈਦੀਆਂ ਦੀ ਖੁਰਾਕ ਦਾ ਹਿੱਸਾ ਹਨ ਅਤੇ ਅੱਜ ਵੀ ਕੈਦੀ ਛੋਲੇ ਖੁਸ਼ ਹੋ ਕੇ ਖਾ ਰਹੇ ਹਨ। ਸਾਲ ਭਰ ਦੀ ਖਰੀਦ ਨਿਯਮਾਂ ਅਨੁਸਾਰ ਇਕੱਠੀ ਕੀਤੀ ਜਾਂਦੀ ਹੈ। ਦੱਸਦੇ ਹਨ ਕਿ ਛੋਲਿਆਂ ਵਿੱਚ ਪੌਸਟਿਕ ਤੱਤ ਜਿਆਦਾ ਹੁੰਦੇ ਹਨ ਜਿਸ ਕਰਕੇ ਕਦੇ ਇਸ 'ਚ ਬਦਲਾਓ ਦੀ ਗੱਲ ਨਹੀਂ ਉੱਠੀ। Àਹ ਦੱਸਦੇ ਹਨ ਕਿ ਛੋਲਿਆਂ ਨੂੰ ਕਈ ਦਫ਼ਾ ਸਬਜ਼ੀ 'ਚ ਵਰਤ ਲਿਆ ਜਾਂਦਾ ਹੈ ਤੇ ਕੜੀ ਵੇਸਣ ਲਈ ਵੀ ਛੋਲੇ ਕੰਮ ਆ ਜਾਂਦੇ ਹਨ। ਉਨ੍ਹਾਂ ਆਖਿਆ ਕਿ ਕੁਝ ਸਮਾਂ ਪਹਿਲਾਂ ਛੋਲਿਆਂ ਦੀ ਮਾਤਰਾ ਜਰੂਰ ਘੱਟ ਕੀਤੀ ਗਈ ਸੀ।
                                                 ਜੇਲ੍ਹ ਦੀ ਰੋਟੀ ਦਾ ਮੁੱਲ ਪੈ ਗਿਆ
ਜੋਤਸ਼ੀਆਂ ਨੇ ਜੇਲ੍ਹ ਦੀ ਰੋਟੀ ਦਾ ਮੁੱਲ ਪਾ ਦਿੱਤਾ ਹੈ। ਇਕੱਲੇ ਕੈਦੀ ਨਹੀਂ ਬਲਕਿ ਖੁੱਲ੍ਹੇ 'ਪੰਛੀ' ਵੀ ਜੇਲ੍ਹ ਦੀ ਰੋਟੀ ਛਕਦੇ ਹਨ। ਜੋਤਸ਼ੀਆਂ ਵਲੋਂ ਵਹਿਮੀ ਲੋਕਾਂ ਨੂੰ ਜੇਲ ਯਾਤਰਾ ਤੋਂ ਬਚਾਉਣ ਲਈ ਜੇਲ ਦੀ ਰੋਟੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਫਿਰ ਕੀ ਹੁੰਦਾ ਹੈ ਕਿ ਭਰਮਾਂ ਦੇ ਪੱਟੇ ਲੋਕ ਜੇਲ੍ਹ ਦੀ ਰੋਟੀ ਖਾਣ ਲਈ ਜੇਲ੍ਹ ਅਫਸਰਾਂ ਦੇ ਮਿੰਨਤ ਤਰਲੇ ਵੀ ਕਰਦੇ ਹਨ। ਮਿੰਨਤਾਂ ਕਰਨ ਵਾਲਿਆਂ ਵਿੱਚ ਅਫਸਰ ਵੀ ਸ਼ਾਮਲ ਹਨ। ਸੂਤਰਾਂ ਅਨੁਸਾਰ ਕਰੀਬ ਪੰਜ ਰੋਟੀਆਂ ਦੀ ਖਪਤ ਬਾਹਰਲੇ ਲੋਕਾਂ ਦੀ ਹੈ। ਡੀ.ਆਈ.ਜੀ (ਜੇਲ੍ਹਾਂ) ਨੇ ਦੱਸਿਆ ਕਿ ਹਰ ਜੇਲ੍ਹ 'ਚ ਸਾਲ ਭਰ 'ਚ ਪੰਜ ਸੱਤ ਆਦਮੀ ਅਜਿਹੇ ਵੀ ਆਉਂਦੇ ਹਨ ਜੋ ਜੋਤਸ਼ੀ ਦੇ ਕਹੇ 'ਤੇ ਜੇਲ ਚੋਂ ਰੋਟੀ ਮੰਗਦੇ ਹਨ। ਉਨ੍ਹਾਂ ਆਖਿਆ ਕਿ ਬਹੁਤੇ ਚੋਰੀ ਛੁਪੇ ਹੀ ਜੇਲ੍ਹ ਚੋਂ ਰੋਟੀ ਮੰਗਵਾਉਂਦੇ ਹਨ। ਉਨ੍ਹਾਂ ਮਜ਼ਾਕ 'ਚ ਆਖਿਆ ਕਿ ਵਹਿਮੀ ਲੋਕਾਂ ਲਈ ਤਾਂ ਰੋਟੀ ਦੀ ਸਰਕਾਰੀ ਫੀਸ ਹੀ ਰੱਖ ਦੇਣੀ ਚਾਹੀਦੀ ਹੈ।

                                                                                                                                                      
               ਖੇਤਾਂ ਦੇ ਪੁੱਤ ਰੁਲ ਗਏ ਜੇਲ੍ਹੀਂ                                     ਚਰਨਜੀਤ ਭੁੱਲਰ
ਬਠਿੰਡਾ : ਜਿਨ੍ਹਾਂ ਕਿਸਾਨਾਂ ਦੇ ਪੁੱਤ ਜੇਲ੍ਹਾਂ 'ਚ ਰੁਲ ਰਹੇ ਹਨ, ਉਨ੍ਹਾਂ ਦੀ ਫਸਲ ਵੀ ਖੇਤਾਂ 'ਚ ਰੁਲ ਰਹੀ ਹੈ। ਇੱਕੋ ਵੇਲੇ ਦੋਹਰੀ ਮਾਰ ਇਹ ਕਿਸਾਨ ਝੱਲ ਰਹੇ ਹਨ। ਫਸਲਾਂ ਸਾਂਭਣ ਦੇ ਦਿਨਾਂ 'ਚ ਇਹ ਕਿਸਾਨ ਆਪਣੇ ਪੁੱਤਾਂ ਦੇ ਦੁੱਖ ਸਾਂਭ ਰਹੇ ਹਨ। ਇਨ੍ਹਾਂ ਕਿਸਾਨਾਂ ਦੇ ਪੁੱਤਰ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਮੈਂਬਰ ਹਨ ਜੋ ਕਿ ਵਿਸਾਖੀ ਮੇਲੇ 'ਤੇ ਸਰਕਾਰ ਤੋਂ ਆਪਣੇ ਹੱਕ ਮੰਗਣ ਗਏ ਸਨ। ਉਲਟਾ ਉਨ੍ਹਾਂ 'ਤੇ ਪੁਲੀਸ ਕੇਸ ਦਰਜ ਕਰਕੇ ਜੇਲ੍ਹਾਂ 'ਚ ਡੱਕ ਦਿੱਤਾ। ਪੰਜ ਜੇਲ੍ਹਾਂ 'ਚ ਤਿੰਨ ਸੌ ਤੋਂ ਉਪਰ ਬੇਰੁਜ਼ਗਾਰ ਨੌਜਵਾਨ ਬੰਦ ਹਨ। ਬਹੁਤੇ ਨੌਜਵਾਨ ਉਹ ਵੀ ਹਨ ਜਿਨ੍ਹਾਂ ਦੇ ਜੇਲ੍ਹੀਂ ਜਾਣ ਮਗਰੋਂ ਪਿਛੇ ਕੋਈ 'ਪੱਕੀ ਖੇਤੀ' ਦੀ ਵਾਢੀ ਵਾਲਾ ਵੀ ਨਹੀਂ ਬਚਿਆ ਹੈ। ਪੇਂਡੂ ਕਿਸਾਨ ਹਫਤੇ ਤੋਂ ਇਸੇ ਝੋਰੇ 'ਚ ਫਸੇ ਹੋਏ ਹਨ ਕਿ ਉਨ੍ਹਾਂ ਦੇ 'ਪੁੱਤ ਤੇ ਫਸਲ' ਕਦੋਂ ਘਰ ਆਉਣਗੇ। ਮਾਲਵਾ ਖ਼ਿੱਤੇ 'ਚ ਕਣਕ ਦੀ ਫਸਲ ਦੀ ਵਾਢੀ ਦਾ ਕੰਮ ਜ਼ੋਰਾਂ 'ਤੇ ਹੈ। ਕਿਸਾਨ ਆਪਣੇ ਪੁੱਤਾਂ ਦੀ ਜੇਲ੍ਹਾਂ ਚੋਂ ਰਿਹਾਈ ਲਈ ਜੱਦੋਜਹਿਦ 'ਚ ਜੁਟੇ ਹੋਏ ਹਨ। ਇਨ੍ਹਾਂ ਦੇ ਲੜਕੇ ਲੰਮੇ ਸਮੇਂ ਤੋਂ ਡਿਗਰੀਆਂ ਕਰਨ ਮਗਰੋਂ ਵੀ ਬੇਰੁਜ਼ਗਾਰ ਹਨ। ਉਹ ਕਈ ਵਰ੍ਹਿਆਂ ਤੋਂ ਰੁਜ਼ਗਾਰ ਲਈ ਲੜਾਈ ਲੜ ਰਹੇ ਹਨ।
         ਪਿੰਡ ਸੰਘੇੜਾ ਦੇ ਕਿਸਾਨ ਰਣਜੀਤ ਸਿੰਘ ਦਾ ਬੇਰੁਜ਼ਗਾਰ ਲੜਕਾ ਬਠਿੰਡਾ ਜੇਲ੍ਹ 'ਚ ਬੰਦ ਹੈ। ਬੇਰੁਜ਼ਗਾਰ ਲਾਈਨਮੈਨ ਅਵਤਾਰ ਸਿੰਘ ਦਾ ਏਨਾ ਕਸੂਰ ਸੀ ਕਿ ਉਸ ਨੇ ਵਿਸਾਖੀ ਮੇਲੇ 'ਤੇ ਅਕਾਲੀ ਕਾਨਫਰੰਸ 'ਚ ਨਾਹਰੇ ਮਾਰੇ ਸਨ। ਉਸ ਦੇ ਬਾਪ ਰਣਜੀਤ ਸਿੰਘ ਵਲੋਂ ਇੱਕ ਹਫਤੇ ਤੋਂ ਆਪਣੇ ਪੁੱਤ ਦੀ ਰਿਹਾਈ ਲਈ ਬਠਿੰਡਾ 'ਚ ਮੋਰਚਾ ਲਾਇਆ ਹੋਇਆ ਹੈ। ਇਸ ਕਿਸਾਨ ਨੇ ਦੱਸਿਆ ਕਿ ਉਸ ਦੀ ਪੱਕੀ ਕਣਕ ਖੇਤਾਂ 'ਚ ਭੁਰ ਰਹੀ ਹੈ ਜਿਸ ਨੂੰ ਪਿਛੇ ਕੋਈ ਕੱਟਣ ਵਾਲਾ ਨਹੀਂ। ਉਸ ਨੇ ਦੱਸਿਆ ਕਿ ਉਸ ਨੇ ਤਾਂ ਠੇਕੇ 'ਤੇ ਜ਼ਮੀਨ ਲੈ ਕੇ ਕਣਕ ਪਾਲੀ ਸੀ। ਉਸ ਦਾ ਕਹਿਣਾ ਸੀ ਕਿ ਵਾਢੀ ਕੁਝ ਦਿਨ ਹੋਰ ਨਾ ਕਰ ਸਕਿਆ ਤਾਂ ਉਸ ਦੇ ਹੱਥ ਪੱਲੇ ਕੁਝ ਨਹੀਂ ਪੈਣਾ। ਇਹ ਵੀ ਦੱਸਿਆ ਕਿ ਮੱਝਾਂ ਨੂੰ ਵੀ ਛੇ ਦਿਨਾਂ ਤੋਂ ਕੋਈ ਹਰਾ ਚਾਰਾ ਪਾਉਣ ਵਾਲਾ ਨਹੀਂ ਹੈ। ਉਸ ਦੇ ਸਾਥੀ ਕਿਸਾਨ ਨਾਹਰ ਸਿੰਘ ਦਾ ਲੜਕਾ ਲਾਭ ਸਿੰਘ ਵੀ ਬਠਿੰਡਾ ਜੇਲ੍ਹ 'ਚ ਬੰਦ ਹੈ। ਕਿਸਾਨ ਨਾਹਰ ਸਿੰਘ ਦਾ 10 ਦਿਨ ਪਹਿਲਾਂ ਹੀ ਅੱਖਾਂ ਦਾ ਅਪਰੇਸ਼ਨ ਹੋਇਆ ਸੀ। ਉਹ ਇਸ ਦੇ ਬਾਵਜੂਦ ਇੱਥੇ ਆਪਣੇ ਲੜਕੇ ਦੀ ਰਿਹਾਈ ਲਈ ਡਟਿਆ ਹੋਇਆ ਹੈ। ਉਸ ਨੇ ਦੱਸਿਆ ਕਿ ਉਸ ਦੀ ਅੱਠ ਏਕੜ ਕਣਕ ਦੀ ਪੱਕੀ ਫਸਲ ਖੇਤ ਖੜੀ ਹੈ ਜਿਸ ਚੋਂ ਕਾਫੀ ਫਸਲ ਤਾਂ ਡਿੱਗ ਵੀ ਚੁੱਕੀ ਹੈ। ਪਿਛੇ ਕੋਈ ਨਹੀਂ ਬਚਿਆ ਜੋ ਫਸਲ ਕੱਟ ਕੇ ਵੇਚ ਸਕੇ।
          ਬਠਿੰਡਾ ਜ਼ਿਲ੍ਹੇ ਦੇ ਪਿੰਡ ਗੰਗਾ ਅਬਲੂ ਕੀ ਦੇ ਬਜ਼ੁਰਗ ਬਲਵੀਰ ਸਿੰਘ ਕੋਲ ਕੋਈ ਆਸਰਾ ਨਹੀਂ ਬਚਿਆ। ਉਸ ਦੇ ਲੜਕੇ ਸਮਿੰਦਰ ਸਿੰਘ ਨੇ ਢਾਈ ਏਕੜ ਜ਼ਮੀਨ ਠੇਕੇ 'ਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ। ਹੁਣ ਸਮਿੰਦਰ ਸਿੰਘ ਤਾਂ ਬਾਕੀ ਮੁੰਡਿਆਂ ਨਾਲ ਸੰਗਰੂਰ ਜੇਲ੍ਹ 'ਚ ਬੰਦ ਹੈ। ਉਸ ਦੀ ਪਤਨੀ ਵੀਰਪਾਲ ਕੌਰ ਨੇ ਦੱਸਿਆ ਕਿ ਫਸਲ ਦਾ ਸਾਰਾ ਖਰਚਾ ਸਿਰ ਪੈ ਜਾਣਾ ਹੈ ਕਿਉਂਕਿ ਫਸਲ ਦੀ ਵਾਢੀ ਕਰਨ ਵਾਲੇ ਹੀ ਕੋਈ ਨਹੀਂ ਹੈ। ਉਸ ਨੇ ਦੱਸਿਆ ਕਿ ਫਸਲ ਦੇ ਸਿਰ ਤੇ ਹੀ ਘਰ ਦਾ ਗੁਜਾਰਾ ਚੱਲਦਾ ਸੀ। ਪਿੰਡ ਭਗਵਾਨਗੜ੍ਹ ਦੇ ਕਿਸਾਨ ਸੋਹਣ ਸਿੰਘ ਦੀ ਫਸਲ ਵੀ ਹੁਣ ਭਗਵਾਨ ਭਰੋਸੇ ਹੀ ਹੈ ਕਿਉਂਕਿ ਉਹ ਖੁਦ ਤਾਂ ਆਪਣੇ ਫਿਰੋਜ਼ਪੁਰ ਜੇਲ੍ਹ 'ਚ ਬੰਦ ਲੜਕੇ ਦੀ ਰਿਹਾਈ ਲਈ ਬਾਕੀ ਬੇਰੁਜ਼ਗਾਰ ਨੌਜਵਾਨਾਂ ਨਾਲ ਮੋਰਚੇ 'ਤੇ ਡਟਿਆ ਹੋਇਆ ਹੈ। ਉਸ ਨੇ ਦੱਸਿਆ ਕਿ ਉਸ ਕੋਲ ਚਾਰ ਏੇਕੜ ਪੈਲੀ ਹੈ। ਉਸ ਦਾ ਲੜਕਾ ਜਗਜੀਤ ਸਿੰਘ ਵੀ ਸਰਕਾਰ ਖ਼ਿਲਾਫ਼ ਨਾਹਰੇ ਮਾਰਨ 'ਚ ਦੋਸ਼ੀ ਹੈ। ਇਸ ਕਿਸਾਨ ਦੀ ਫਸਲ ਦੀ ਵਾਢੀ ਕਰਨ ਵਾਲਾ ਵੀ ਪਿਛੇ ਕੋਈ ਨਹੀਂ ਹੈ। ਉਸ ਦਾ ਕਹਿਣਾ ਸੀ ਕਿ 'ਮੈਨੂੰ ਪੁੱਤ ਤੇ ਫਸਲ ਦਾ ਇੱਕੋ ਜਿਨ੍ਹਾਂ ਹੀ ਫਿਕਰ ਹੈ।' ਉਸ ਦਾ ਕਹਿਣਾ ਸੀ ਕਿ ਉਸ ਨੇ ਤਾਂ ਪੁੱਤਾਂ ਵਾਂਗ ਹੀ ਫਸਲ ਪਾਲੀ ਸੀ ਜੋ ਰੁਲ ਗਈ ਹੈ। ਇਸ ਤਰ੍ਹਾਂ ਦੇ ਸੈਂਕੜੇ ਕਿਸਾਨ ਹਨ ਜਿਨ੍ਹਾਂ ਦੇ ਲੜਕੇ ਬਿਨ੍ਹਾਂ ਕਸੂਰੋਂ ਜੇਲ੍ਹੀਂ ਬੰਦ ਕੀਤੇ ਹੋਏ ਹਨ। ਪਿੰਡ ਮਹਿਰਾਜ ਦੇ ਬਲਵੰਤ ਸਿੰਘ ਦਾ ਲੜਕਾ ਜਸਦੀਪ ਸਿੰਘ ਵੀ ਸੰਗਰੂਰ ਜੇਲ੍ਹ 'ਚ ਬੰਦ ਹੈ। ਉਨ੍ਹਾਂ ਦਾ ਕਹਿਣਾ ਕਿ ਸੰਗਰੂਰ ਜੇਲ੍ਹ ਪ੍ਰਸ਼ਾਸਨ ਤਾਂ ਮਾਪਿਆਂ ਦੀ ਮੁਲਾਕਾਤ ਹੀ ਲੜਕਿਆਂ ਨਾਲ ਕਰਨ ਨਹੀਂ ਦੇ ਰਿਹਾ ਹੈ। ਕਿਸਾਨਾਂ ਨੇ ਫਿਕਰ ਜ਼ਾਹਰ ਕੀਤਾ ਕਿ ਉਨ੍ਹਾਂ ਦੇ ਪੁੱਤਰ ਜੇਲ੍ਹਾਂ 'ਚ ਭੁੱਖ ਹੜਤਾਲ 'ਤੇ ਬੈਠੇ ਹਨ, ਸਰਕਾਰ ਨੂੰ ਕੋਈ ਫਿਕਰ ਨਹੀਂ ਹੈ। ਉਨ੍ਹਾਂ ਆਖਿਆ ਕਿ 'ਸਾਡੇ ਬੱਚਿਆਂ ਲਈ ਤਾਂ ਰੁਜ਼ਗਾਰ ਮੰਗਣਾ ਹੀ ਗੁਨਾਹ ਬਣ ਗਿਆ ਹੈ।'

                                            'ਪੱਕੀ' ਦੀ ਝਾਕ 'ਚ 'ਕੱਚੀ' ਗੁਆ ਬੈਠੇ
  ਬੇਰੁਜ਼ਗਾਰ ਲਾਈਨਮੈਨ 'ਪੱਕੇ' ਰੁਜ਼ਗਾਰ ਲਈ ਕੱਚੀ ਨੌਕਰੀ ਵੀ ਗੁਆ ਬੈਠੇ ਹਨ। ਜੋ ਬਠਿੰਡਾ, ਸੰਗਰੂਰ, ਬਰਨਾਲਾ, ਮਲੇਰਕੋਟਲਾ ਅਤੇ ਫਿਰੋਜ਼ਪੁਰ ਜੇਲ੍ਹ 'ਚ 300 ਦੇ ਕਰੀਬ ਬੇਰੁਜ਼ਗਾਰ ਲਾਈਨਮੈਨ ਬੰਦ ਹਨ,ਉਨ੍ਹਾਂ ਚੋਂ ਕਈ ਦਰਜਨ ਪ੍ਰਾਈਵੇਟ ਕੰਪਨੀਆਂ 'ਚ 'ਕੱਚੀ' ਨੌਕਰੀ ਕਰਦੇ ਸਨ ਜਿਨ੍ਹਾਂ ਨਾਲ ਉਹ ਆਪਣਾ ਘਰ ਬਾਰ ਤੋਰ ਰਹੇ ਸਨ। ਜਦੋਂ ਸਰਕਾਰ ਨੇ ਉਨ੍ਹਾਂ 'ਤੇ ਪੁਲੀਸ ਕੇਸ ਦਰਜ ਕਰਕੇ ਜੇਲ੍ਹਾਂ 'ਚ ਭੇਜ ਦਿੱਤਾ, ਉਨ੍ਹਾਂ ਬੇਰੁਜ਼ਗਾਰਾਂ ਨੂੰ ਪ੍ਰਾਈਵੇਟ ਕੰਪਨੀਆਂ ਨੇ ਕੱਚੀ ਨੌਕਰੀ ਚੋਂ ਵੀ ਕੱਢ ਦਿੱਤਾ ਹੈ। ਪਿੰਡ ਭਗਵਾਨਗੜ ਦਾ ਜਗਜੀਤ ਸਿੰਘ ਇੱਕ ਪ੍ਰਾਈਵੇਟ ਕੰਪਨੀ 'ਚ 10 ਹਜ਼ਾਰ ਰੁਪਏ ਤਨਖਾਹ 'ਤੇ ਨੌਕਰੀ ਕਰਦਾ ਸੀ। ਜਦੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਤਾਂ ਪਿਛੋਂ ਪ੍ਰਾਈਵੇਟ ਕੰਪਨੀ ਨੇ ਵੀ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ। ਇਵੇਂ ਹੀ ਨੌਜਵਾਨ ਸਮਿੰਦਰ ਸਿੰਘ ਵੀ ਪ੍ਰਾਈਵੇਟ ਕੰਪਨੀ 'ਚ ਨੌਕਰੀ 'ਤੇ ਸੀ,ਜਿਸ ਤੋਂ ਉਹ ਹੱਥ ਧੋ ਬੈਠਾ ਹੈ। ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਭੁੱਲਰ (ਢਪਾਲੀ) ਨੇ ਦੱਸਿਆ ਕਿ ਜੇਲ੍ਹ 'ਚ ਬੰਦ ਦਰਜਨਾਂ ਨੌਜਵਾਨਾਂ ਨੂੰ ਪ੍ਰਾਈਵੇਟ ਕੰਪਨੀਆਂ ਨੇ ਨੋਟਿਸ ਜਾਰੀ ਕਰ ਦਿੱਤੇ ਹਨ ਜਿਨ੍ਹਾਂ 'ਚ ਉਹ ਕੱਚੀ ਨੌਕਰੀ ਕਰਦੇ ਸਨ। ਉਨ੍ਹਾਂ ਨੇ ਨੌਜਵਾਨ ਸਿਮਰਪ੍ਰੀਤ ਸਿੰਘ ਦੀ ਕੱਚੀ ਨੌਕਰੀ ਚਲੇ ਜਾਣ ਦਾ ਜ਼ਿਕਰ ਵੀ ਕੀਤਾ।
      

Tuesday, April 19, 2011

                                                           
....ਕਾਹਤੋਂ ਬੂਟ ਪਾਲਿਸ਼ਾਂ ਰੀਏ           
                    ਚਰਨਜੀਤ ਭੁੱਲਰ
ਬਠਿੰਡਾ  : ਜਲਸਿਆਂ 'ਚ ਲੁਕ ਲੁਕ ਕੇ ਬੈਠਣ ਵਾਲੇ ਇਹ ਕੌਣ ਹਨ ? ਏਨਾ ਸਾਫ ਹੈ ਕਿ ਇਹ ਕੋਈ ਚੋਰ ਜਾਂ ਠੱਗ ਤਾਂ ਨਹੀਂ ਹਨ।  ਫਿਰ ਇਹ ਕੌਣ ਹਨ ਤੇ ਕਿਉਂ ਛੁਪਦੇ ਹਨ ਹਕੂਮਤੀ ਰੈਲੀਆਂ 'ਚ। ਰਾਜ ਭਾਗ ਪਛਾਣ ਰੱਖਦਾ ਤਾਂ ਇਹ ਉਹੀ ਮੁੰਡੇ ਹਨ ਜਿਨ੍ਹਾਂ ਦੇ ਬਾਪ ਦਾਦੇ ਕਦੇ ਜ਼ਿੰਦਾਬਾਦ ਕਰਦੇ ਸਨ। ਏਨੀ ਕੁ ਉਮੀਦ ਨਾਲ ਕਿ ਭਲੇ ਦਿਨ ਆਉਣਗੇ। ਆਹ ਦਿਨ ਦੇਖਣੇ ਪੈ ਰਹੇ ਹਨ ਹੁਣ ਪੁੱਤ ਪੋਤਿਆ ਨੂੰ। ਹੱਕ ਮੰਗਣ ਲਈ ਵੀ ਲੁਕਣਾ ਪੈਂਦਾ ਹੈ। ਹਜ਼ਾਰਾਂ ਹਨ ਜੋ ਮੰਗਣ ਤਾਂ ਇਨ੍ਹਾਂ ਜਲਸਿਆਂ 'ਚ ਆਪਣਾ ਹੱਕ ਜਾਂਦੇ ਹਨ,ਬਦਲੇ 'ਚ ਮਿਲਦੀ ਹੈ ਪੁਲੀਸ ਦੀ ਡਾਂਗ। ਮੰਗਦੇ ਤਾਂ ਨੌਕਰੀ ਹਨ,ਮਿਲਦੀ ਹੈ ਐਫ.ਆਈ.ਆਰ। ਇਕੱਲਾ ਰੁਜ਼ਗਾਰ ਦਾ ਹੱਕ ਨਹੀਂ ਖੋਹਿਆ। ਇਨ੍ਹਾਂ ਤੋਂ ਤਾਂ ਰੁਜ਼ਗਾਰ ਮੰਗਣ ਦਾ ਵੀ ਹੱਕ ਖੋਹਿਆ ਜਾ ਰਿਹੈ। ਉਪਰੋਂ ਤਰਾਸ਼ਦੀ ਇਹ ਹੈ ਕਿ ਬਹੁਤੇ ਇਕੱਲੀ ਨੌਕਰੀ ਵਾਲੀ ਨਹੀਂ,ਵਿਆਹ ਵਾਲੀ ਉਮਰ ਦੀ ਟਪਾ ਬੈਠੇ ਹਨ। ਦਰਜਨਾਂ ਧਿਰਾਂ ਹਨ ਜਿਨ੍ਹਾਂ ਪੱਲੇ ਨਿਰੋਲ ਬੇਰੁਜ਼ਗਾਰੀ ਹੈ। ਦਮਦਮੇ ਦੀ ਵਿਸਾਖੀ 'ਤੇ ਬੇਰੁਜ਼ਗਾਰ ਲਾਈਨਮੈਨ ਏਨਾ ਕੁ ਕਸੂਰ ਕਰ ਬੈਠੇ ਕਿ ਅਕਾਲੀ ਕਾਨਫਰੰਸ 'ਚ ਮੁਰਦਾਬਾਦ ਕਰ ਬੈਠੇ। ਫਿਰ ਕੀ ਸੀ ,ਉਨ੍ਹਾਂ ਨੂੰ ਜੇਲ੍ਹੀਂ ਡੱਕ ਦਿੱਤਾ। ਜੇਲ੍ਹ ਵਾਲਿਆਂ 'ਚ ਮਹਿਰਾਜ ਵਾਲੇ ਬਲਵੰਤ ਦਾ ਮੁੰਡਾ ਵੀ ਹੈ। ਪਹਿਲਾ ਬਲਵੰਤ ਨੇ ਲੋਕ ਇਨਸਾਫ ਲਈ ਪੂਰੀ ਜ਼ਿੰਦਗੀ ਲਾ ਦਿੱਤੀ। ਹੁਣ ਰੁਜ਼ਗਾਰ ਮੰਗਣ ਗਿਆ ਮੁੰਡਾ ਜੇਲ੍ਹ ਬੈਠਾ ਹੈ। ਰੁਜ਼ਗਾਰ ਤਾਂ ਛੱਡੋ, ਇਥੇ ਇਹੋ ਚਰਚਾ ਬਣਦੀ ਹੈ ਕਿ ਹੱਕ ਮੰਗਣਾ ਕਿਵੇਂ ਗੁਨਾਹ ਹੋ ਗਿਆ। ਰਾਜ ਗੱਦੀ ਵਾਲੇ ਸੋਚਦੇ ਹਨ ਕਿ ਹੱਕਾਂ ਵਾਲੇ ਤਾਂ ਕੇਵਲ ਉਹੀ ਹੀ ਹਨ, ਪਰਜਾ ਤਾਂ ਕੇਵਲ ਫਰਜ਼ ਹੀ ਪੂਰੇ, ਉਹ ਵੀ ਵੋਟਾਂ ਪਾ ਪਾ ਕੇ।
           ਸਿਆਸੀ ਧਿਰਾਂ ਦੇ ਉਪਰੋਂ ਚਿਹਰੇ ਹੋਰ ਹੋ ਸਕਦੇ ਹਨ, ਅੰਦਰੋਂ ਕੋਈ ਭਿੰਨਤਾ ਨਹੀਂ ਹੈ। ਫਰਵਰੀ 2007 ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਸੈਂਕੜੇ ਡਾਂਗਾਂ ਦਾ ਇੰਤਜ਼ਾਮ ਕੀਤਾ ਸੀ। ਇਹੋ ਡਾਂਗਾਂ ਬੇਰੁਜ਼ਗਾਰਾਂ 'ਤੇ ਟੁੱਟੀਆਂ। ਅਕਾਲੀ ਹਕੂਮਤ ਬਣੀ ਤਾਂ ਉਦੋਂ ਇਹੋ ਡਾਂਗਾਂ ਡੇਰਾ ਸਿੱਖ ਵਿਵਾਦ 'ਚ ਟੁੱਟ ਗਈਆਂ। ਉਨ੍ਹਾਂ ਦਿਨਾਂ 'ਚ ਅਕਾਲੀ ਸਰਕਾਰ ਨੇ ਦੂਸਰੇ ਜ਼ਿਲ੍ਹਿਆਂ ਤੋਂ ਉਧਾਰ 'ਚ ਡਾਂਗਾਂ ਲੈਣੀਆਂ ਪਈਆਂ ਸਨ। ਹੁਣ ਅਗਲੀ ਚੋਣ ਫਿਰ ਸਿਰ 'ਤੇ ਹੈ। ਪਤਾ ਲੱਗਾ ਹੈ ਕਿ ਪੰਜਾਬ ਪੁਲੀਸ ਹੁਣ ਤੋਂ ਡਾਂਗਾਂ ਦੇ ਇੰਤਜ਼ਾਮ ਕਰਨ 'ਤੇ ਲੱਗੀ ਹੋਈ ਹੈ। ਬੇਕਾਰੀ ਦੇ ਭੰਨੇ ਮੁੰਡੇ ਕਦੇ ਕੈਪਟਨ ਦੀ ਪੁਲੀਸ ਤੋਂ ਕੁੱਟ ਖਾਂਦੇ ਰਹੇ ਹਨ ਤੇ ਹੁਣ ਬਾਦਲ ਸਰਕਾਰ ਦੀ ਪੁਲੀਸ ਤੋਂ ਪੱਗਾਂ ਲੁਹਾ ਰਹੇ ਹਨ। ਟੈਂਕੀਆਂ 'ਤੇ ਚੜ੍ਹਨਾ ਵੀ ਕਿਸੇ ਦਾ ਸ਼ੌਕ ਨਹੀਂ ਹੈ। ਫਰੀਦਕੋਟ ਦੀ ਕਿਰਨਜੀਤ ਕੌਰ ਐਵੇਂ ਟੈਂਕੀ 'ਤੇ ਨਹੀਂ ਚੜ ਗਈ ਸੀ। ਜਦੋਂ ਕੋਈ ਉਮੀਦ ਦੀ ਕਿਰਨ ਨਾ ਦਿਖੀ ਤਾਂ ਉਸ ਧੀ ਨੂੰ ਹੱਕ ਖਾਤਰ ਆਪਣੀ ਜਾਨ ਗੁਆਉਣੀ ਪਈ। ਸਰਕਾਰਾਂ ਦੀ ਅੱਖ ਹੁਣ ਉਦੋਂ ਹੀ ਖੁੱਲ੍ਹਦੀ ਹੈ ਜਦੋਂ ਕੋਈ ਆਪਣੀ ਜਾਨ ਦੇ ਬੈਠਦਾ ਹੈ। ਸੱਧਰਾਂ ਤਾਂ ਕਿਰਨਜੀਤ ਵੀ ਰੱਖਦੀ ਹੋਵੇਗੀ। ਇਵੇਂ ਹੀ ਬਾਕੀ ਧੀਆਂ ਦੇ ਵੀ ਤਾਂ ਅਰਮਾਨ ਹਨ। ਨਿੱਕੇ ਨਿੱਕੇ ਬੱਚੇ ਜਦੋਂ ਮਾਂਵਾਂ ਨਾਲ ਧਰਨੇ 'ਤੇ ਬੈਠਦੇ ਹਨ ਤਾਂ ਉਨ੍ਹਾਂ ਦੇ ਅਣਭੋਲ ਚਿਹਰੇ ਵੀ ਕਈ ਸੁਆਲ ਰੱਖਦੇ ਹਨ। ਸੱਭਿਅਕ ਸਮਾਜ 'ਚ ਕਿਧਰੇ ਵੀ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ 'ਤੇ ਪਾਬੰਦੀ ਨਹੀਂ ਲੱਗਦੀ। ਨਾ ਹੀ ਸ਼ਾਂਤਮਈ ਪ੍ਰਦਰਸ਼ਨ ਕਰਨ 'ਤੇ ਕੋਈ ਰੋਕ ਹੁੰਦੀ ਹੈ। ਹੁਣ ਇਹੋ ਅਧਿਕਾਰ ਤੇ ਹੱਕ ਸਰਕਾਰਾਂ ਨੇ ਖੋਹ ਕੇ ਆਪਣੇ ਬੋਝੇ ਪਾ ਲਏ ਹਨ।
         ਜਦੋਂ ਪਾਰਲੀਮੈਂਟ ਜਾਂ ਅਸੈਂਬਲੀ 'ਚ ਨੇਤਾ ਲੋਕ ਚੀਕਦੇ ਹਨ, ਭੰਨ ਤੋੜ ਕਰਦੇ ਹਨ, ਸੈਸ਼ਨ ਚੱਲਣਾ ਠੱਪ ਕਰ ਦਿੰਦੇ ਹਨ ਤਾਂ ਕਿਹਾ ਜਾਂਦਾ ਹੈ ਕਿ ਇਹ ਤਾਂ ਉਨ੍ਹਾਂ ਦਾ ਸੰਵਿਧਾਨਿਕ ਹੱਕ ਹੈ। ਉਨ੍ਹਾਂ ਵਲੋਂ ਕੀਤੀ ਕਾਰਵਾਈ ਜਾਇਜ਼ ਬਣ ਜਾਂਦੀ ਹੈ। ਜਦੋਂ ਸਿਆਸੀ ਜਲਸੇ 'ਚ ਕੋਈ ਮੁੰਡਾ ਰੁਜ਼ਗਾਰ ਖਾਤਰ ਉੱਚੀ ਬੋਲ ਪੈਂਦਾ ਹੈ ਤਾਂ ਪੁਲੀਸ ਉਸ ਨੂੰ ਖਿੱਚ ਧੂਹ ਕੇ ਪੰਡਾਲ ਚੋਂ ਬਾਹਰ ਲੈ ਜਾਂਦੀ ਹੈ। ਅਖੇ ਇਸ ਨਾਲ ਰੈਲੀ 'ਚ ਵਿਘਨ ਪੈਂਦਾ ਹੈ। ਜਦੋਂ ਉਹ ਪਾਰਲੀਮੈਂਟ ਜਾਂ ਅਸੈਂਬਲੀ 'ਚ ਆਪਣੀ ਸਿਰਫ਼ ਸਿਆਸਤ ਚਮਕਾਉਣ ਖਾਤਰ ਸੈਸ਼ਨ 'ਚ ਵਿਘਨ ਪਾਉਂਦੇ ਹਨ,ਤਾਂ ਉਦੋਂ ਕੋਈ ਪੁਲੀਸ ਨਹੀਂ ਆਉਂਦੀ। ਜਦੋਂ ਬੇਰੁਜ਼ਗਾਰ ਨੌਜਵਾਨ ਰੁਜ਼ਗਾਰ ਲਈ ਸੜਕ ਜਾਮ ਕਰਦੇ ਹਨ ਤਾਂ ਇਹੋ ਸਰਕਾਰ ਆਖਦੀ ਹੈ ਕਿ ਇਹ ਕੋਈ ਤਰੀਕਾ ਹੈ। ਸੜਕਾਂ ਜਾਮ ਕਰਕੇ ਇਹ ਨੌਜਵਾਨ ਆਮ ਲੋਕਾਂ ਦੀ ਪ੍ਰੇਸ਼ਾਨੀ ਵਧਾਉਂਦੇ ਨੇ, ਸਰਕਾਰਾਂ ਵਲੋਂ ਇਹ ਗੱਲ ਆਖੀ ਜਾਂਦੀ ਹੈ। ਜਦੋਂ ਸਿਆਸੀ ਧਿਰਾਂ ਆਪਣੇ ਮੁਫਾਦਾਂ ਖਾਤਰ ਦਿੱਲੀ ਜਾਮ ਕਰਦੀਆਂ ਹਨ ਤਾਂ ਉਦੋਂ ਆਮ ਲੋਕਾਂ ਦਾ ਫਿਕਰ ਨੇੜੇ ਵੀ ਨਹੀਂ ਢੁੱਕਦਾ। ਪਿਛਲੇ ਦਿਨ੍ਹੀ ਐਮ.ਪੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਹਾਜ਼ਰੀ 'ਚ ਬਠਿੰਡਾ ਵਿਖੇ ਜਥੇਦਾਰਾਂ ਅਤੇ ਪੁਲੀਸ ਨੇ ਮਿਲ ਕੇ ਬੇਰੁਜ਼ਗਾਰ ਮੁੰਡੇ ਕੁੱਟੇ। ਕੁੱਟਮਾਰ ਤੋਂ ਦੂਸਰੇ ਦਿਨ ਹੀ ਇੱਕ ਸੀਨੀਅਰ ਭਾਜਪਾ ਨੇਤਾ ਆਖ ਰਿਹਾ ਸੀ ਕਿ 'ਏਹ ਕੋਈ ਤਰੀਕਾ ਹੱਕ ਮੰਗਣ ਦਾ, ਚਾਰ ਕੁ ਕੱਠੇ ਹੋ ਕੇ ਹਰ ਥਾਂ ਪਹੁੰਚ ਜਾਂਦੇ ਨੇ।'  ਭਾਜਪਾ ਨੇਤਾ ਪੰਚਾਇਤੀ ਚੋਣਾਂ ਵਾਲੇ ਦਿਨ ਭੁੱਲ ਗਿਆ ਜਦੋਂ ਭਾਜਪਾ ਲੀਡਰਾਂ ਨੇ ਹੀ ਬਠਿੰਡਾ ਦੇ ਬੱਸ ਅੱਡੇ ਦੇ ਬਾਹਰ ਔਰਬਿਟ ਬੱਸਾਂ ਭੰਨ ਦਿੱਤੀਆਂ ਸਨ। ਕੀ ਉਹ ਤਰੀਕਾ ਠੀਕ ਸੀ।
             ਜਲੰਧਰ ਦੀ ਲਵਲੀ ਯੂਨੀਵਰਸਿਟੀ 'ਚ ਨੰਨ੍ਹੀ ਛਾਂ ਮੁਹਿੰਮ ਤਹਿਤ ਪ੍ਰੋਗਰਾਮ ਸੀ। ਜਦੋਂ ਉਥੇ ਬੇਰੁਜ਼ਗਾਰ ਮੁੰਡੇ ਹੱਕ ਮੰਗਣ ਪੁੱਜ ਗਏ। ਪੁਲੀਸ ਨੇ ਉਨ੍ਹਾਂ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮਾਂ ਤਹਿਤ ਧਾਰਾ 295 ਏ ਤਹਿਤ ਪੁਲੀਸ ਕੇਸ ਦਰਜ ਕਰ ਦਿੱਤਾ। ਹੁਣ ਇਹ ਲੀਡਰ ਹੀ ਦੱਸਣ ਕਿ ਹੱਕ ਮੰਗਣ ਨਾਲ ਧਾਰਮਿਕ ਭਾਵਨਾਵਾਂ ਭੜਕਣ ਦਾ ਕੀ ਸਬੰਧ ਹੈ। ਬਲਕਿ ਧਰਮ ਤਾਂ ਹੱਕਾਂ ਦੀ ਪ੍ਰੋੜ੍ਹਤਾ ਹੀ ਕਰਦਾ ਹੈ। ਜਦੋਂ ਇਹੋ ਅਕਾਲੀ ਨੇਤਾ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਲਾਉਂਦੇ ਹਨ ਤਾਂ ਸਭ ਕੁਝ ਜਾਇਜ਼ ਬਣ ਜਾਂਦਾ ਹੈ। ਜਦੋਂ ਇਹੋ ਮੋਰਚਾ ਬੇਰੁਜ਼ਗਾਰ ਲਾਉਂਦੇ ਹਨ ਤਾਂ ਉਹ ਗ਼ੈਰਕਨੂੰਨੀ ਕਿਵੇਂ ਬਣ ਜਾਂਦਾ ਹੈ। ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੱਕ ਸਭ ਦੇ ਬਰਾਬਰ ਹੁੰਦੇ ਹਨ। ਹਰ ਕਿਸੇ ਨੂੰ ਹੱਕ ਮੰਗਣ ਦਾ ਅਧਿਕਾਰ ਹੈ। ਹੁਣ ਚੋਣਾਂ 'ਚ ਇਕੱਲੇ ਸਬਜਬਾਗ ਦਿਖਾ ਕੇ ਨਹੀਂ ਸਰਨਾ,ਕੁਝ ਕਰਨਾ ਵੀ ਪੈਣਾ ਹੈ। ਇਹੋ ਰੋਣਾ ਇਹ ਬੇਕਾਰੀ ਦੇ ਭੰਨੇ ਰੋਂਦੇ ਹਨ। ਅੱਗੇ ਅਸੈਂਬਲੀ ਚੋਣਾਂ ਹਨ ਜਿਨ੍ਹਾਂ 'ਚ ਮੁੜ ਬੇਰੁਜ਼ਗਾਰਾਂ ਨੇ ਆਪਣੀ ਗੱਲ ਰੱਖਣੀ ਹੈ। ਜੁਆਬ 'ਚ ਹਾਕਮਾਂ ਨੇ ਉਹੋ ਡਾਂਗ ਵਰਾਉਣੀ ਹੈ ਜੋ ਪਹਿਲਾਂ ਕੈਪਟਨ ਸਰਕਾਰ ਨੇ ਵਰਾਈ ਸੀ। ਬੇਰੁਜ਼ਗਾਰਾਂ ਨੂੰ ਕੁਝ ਮਿਲਦਾ ਹੈ ਜਾਂ ਨਹੀਂ, ਇਹ ਵੱਖਰਾ ਮਾਮਲਾ ਹੈ ਪ੍ਰੰਤੂ ਇਨ੍ਹਾਂ ਨੌਜਵਾਨਾਂ ਨੂੰ ਡਾਂਗ ਪਛਾਣਨੀ ਜ਼ਰੂਰ ਆ ਗਈ ਹੈ। ਇੰਂਝ ਲੱਗਦਾ ਹੈ ਕਿ ਜਿਵੇਂ ਇਨ੍ਹਾਂ ਹੱਕ ਮੰਗਣ ਵਾਲਿਆਂ ਦੀ ਤਰਜਮਾਨੀ ਜਗਸੀਰ ਜੀਦਾ ਦਾ ਏਹ ਗੀਤ ਕਰ ਰਿਹਾ ਹੋਵੇ :
                                   'ਹੱਕ ਮੰਗੀਏ ਬਰਾਬਰ ਦੇ ,ਕਾਹਤੋਂ ਬੂਟ ਪਾਲਿਸ਼ਾਂ ਕਰੀਏ
                              ਪਾਲਿਸ਼ਾਂ ਕਰਦੇ ਮਰਜਾ ਗੇ, ਆਓ ਸੋਚਾਂ ਵਿੱਚ ਵਿੱਚ ਦਮ ਭਰੀਏ।'
   

Monday, April 18, 2011

 
              ਜ਼ਿੰਦਗੀ ਹੌਲੀ, ਪਾਣੀ 'ਭਾਰਾ'
                             ਚਰਨਜੀਤ ਭੁੱਲਰ
ਬਠਿੰਡਾ  : ਪੇਂਡੂ ਔਰਤਾਂ ਨੂੰ ਇਕੱਲਾ ਜ਼ਿੰਦਗੀ ਦਾ ਭਾਰ ਨਹੀਂ ਚੁੱਕਣਾ ਪੈਂਦਾ। ਵੱਡਾ ਬੋਝ 'ਪਾਣੀ' ਦਾ ਵੀ ਉਠਾਉਣਾ ਪੈਂਦਾ ਹੈ। ਪੂਰੀ ਪੂਰੀ ਉਮਰ ਪਾਣੀ ਢੋਂਹਣ 'ਚ ਹੀ ਇਨ੍ਹਾਂ ਨੇ ਗੁਜ਼ਾਰ ਦਿੱਤੀ ਹੈ। ਕੋਈ ਸਰਕਾਰ ਦੇਖੇ ਤਾਂ ਸਹੀ, ਇਨ੍ਹਾਂ ਔਰਤਾਂ ਦੇ ਸਿਰ ਘੜਿਆਂ ਨੇ ਗੰਜੇ ਕਰ ਦਿੱਤੇ ਹਨ। ਮਾਲਵਾ ਖਿੱਤੇ ਦੀ ਪੇਂਡੂ ਔਰਤ ਦੀ ਇਹ ਤਰਾਸਦੀ ਹੈ। ਉਸ ਨੂੰ ਪੀਣ ਵਾਲੇ ਪਾਣੀ ਲਈ ਕੋਹਾਂ ਦੂਰ ਜਾਣਾ ਪੈਂਦਾ ਹੈ। ਪੂਰੇ ਪਰਿਵਾਰ ਦੀ ਪਿਆਸ ਬੁਝਾਉਣ ਲਈ ਹੋਰ ਕੋਈ ਚਾਰਾ ਵੀ ਨਹੀਂ ਹੈ।ਫਖਰ ਨਹੀਂ ਬਲਕਿ ਸਰਕਾਰਾਂ ਲਈ ਸ਼ਰਮ ਵਾਲੀ ਗੱਲ ਹੈ। ਖਾਸ ਕਰਕੇ ਉਨ੍ਹਾਂ ਲਈ ,ਜੋ ਪੰਜਾਬ ਨੂੰ ਪੈਰਿਸ ਬਣਾਉਣ ਦੀ ਗੱਲ ਕਰਦੇ ਹਨ। ਪੇਂਡੂ ਲੋਕ ਆਖਦੇ ਹਨ ਕਿ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ, ਇਹੋ ਕਾਫੀ ਹੈ। ਖੁਦ ਸਰਕਾਰ ਦੀ ਇਹ ਸਰਕਾਰੀ ਰਿਪੋਰਟ ਹੈ ਕਿ ਪੀਣ ਵਾਲੇ ਪਾਣੀ ਲਈ ਲੋਕਾਂ ਨੂੰ ਕੀ ਕੀ ਦੁੱਖ ਝੱਲਣੇ ਪੈਂਦੇ ਹਨ। ਇਸ ਰਿਪੋਰਟ ਅਨੁਸਾਰ ਮਾਲਵਾ ਪੱਟੀ ਦੇ ਹਰ ਪੰਜਵੇਂ ਘਰ ਦੀ ਔਰਤ ਨੂੰ ਸਿਰ 'ਤੇ ਪਾਣੀ ਢੋਂਹਣਾ ਪੈਂਦਾ ਹੈ। ਇਲਾਕੇ ਦੇ 21 ਫੀਸਦੀ ਪੁਰਸ਼ ਵੀ ਪਾਣੀ ਢੋਂਹਣ 'ਚ ਔਰਤਾਂ ਦੀ ਮੱਦਦ ਕਰਦੇ ਹਨ। ਬਾਹਰੋਂ ਪਾਣੀ ਲਿਆਉਣ ਖਾਤਰ 40 ਫੀਸਦੀ ਔਰਤਾਂ ਨੂੰ ਤਾਂ ਚਾਰ ਚਾਰ ਚੱਕਰ ਲਾਉਣੇ ਪੈਂਦੇ ਹਨ। ਪੰਜਾਬ ਰੂਰਲ ਵਾਟਰ ਐਂਡ ਸੈਨੀਟੇਸ਼ਨ ਪ੍ਰੋਜੈਕਟ ਤਹਿਤ ਹੋਏ ਬੇਸਲਾਈਨ ਸਰਵੇ ਦੀ ਇਹ ਰਿਪੋਰਟ ਮਾਲਵੇ 'ਚ ਪੀਣ ਵਾਲੇ ਪਾਣੀ ਦੇ ਡੂੰਘੇ ਸੰਕਟ ਦੀ ਗਵਾਹੀ ਭਰਦੇ ਹਨ। ਮਾਲਵਾ ਖਿੱਤੇ ਦੇ ਹਰ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੇ ਕਰੀਬ 400 ਘਰਾਂ 'ਤੇ ਅਧਾਰਿਤ ਇਹ ਸਰਵੇ ਕੀਤਾ ਗਿਆ ਹੈ। ਕਈ ਪਿੰਡਾਂ 'ਚ ਉਹ ਔਰਤਾਂ ਹਨ ਜਿਨ੍ਹਾਂ ਨੇ ਸਿਰਾਂ 'ਤੇ ਪਾਣੀ ਢੋਂਹਦਿਆਂ ਢੋਂਹਦਿਆਂ ਹੀ ਉਮਰ ਕੱਢ ਲਈ ਹੈ। ਧਰਤੀ ਹੇਠਲਾ ਪਾਣੀ ਮਾੜਾ ਹੋਣ ਕਰਕੇ ਔਰਤਾਂ ਵਲੋਂ ਆਪਣੇ ਘਰਾਂ ਤੋਂ ਬਾਹਰੋਂ ਪੀਣ ਵਾਲਾ ਪਾਣੀ ਲਿਆਉਣਾ ਪੈਂਦਾ ਹੈ।
        ਸੰਸਦੀ ਹਲਕਾ ਬਠਿੰਡਾ ਦੇ ਅੱਧੇ ਹਿੱਸੇ, ਸੰਗਰੂਰ,ਮੋਗਾ,ਫਰੀਦਕੋਟ ਤੇ ਫਿਰੋਜਪੁਰ ਦੀ ਹਾਲਤ ਕਾਫੀ ਮਾੜੀ ਹੈ ਜਿਥੋਂ ਦੇ ਹਰ ਪੰਜਵੇਂ ਘਰ ਦੀ ਔਰਤ ਨੂੰ ਬਾਹਰੋਂ ਪੀਣ ਵਾਲਾ ਪਾਣੀ ਢੋਂਹਣਾ ਪੈਂਦਾ ਹੈ। ਔਰਤਾਂ ਵਲੋਂ ਘੜਿਆਂ 'ਚ ਪਾਣੀ ਲਿਆਂਦਾ ਜਾਂਦਾ ਹੈ। ਬਠਿੰਡਾ ਜ਼ਿਲ੍ਹੇ ਦੇ ਕਰੀਬ ਹਰ ਨੌਵੇਂ ਘਰ ਦੀ ਔਰਤ ਸਿਰ 'ਤੇ ਪਾਣੀ ਢੋਂਹਣ ਲਈ ਮਜ਼ਬੂਰ ਹੈ। ਇਸ ਜ਼ਿਲ੍ਹੇ ਦੇ 11.5 ਫੀਸਦੀ ਘਰਾਂ 'ਚ ਪੀਣ ਵਾਲੇ ਪਾਣੀ ਦਾ ਕੋਈ ਸਾਧਨ ਨਹੀਂ ਹੈ। ਘਰੇਲੂ ਲੋੜ ਪੂਰੀ ਕਰਨ ਲਈ ਔਰਤਾਂ ਬਾਹਰੋਂ ਪਾਣੀ ਲਿਆਉਂਦੀਆਂ ਹਨ। ਬੇਸਲਾਈਨ ਸਰਵੇ ਅਨੁਸਾਰ 88.9 ਫੀਸਦੀ ਔਰਤਾਂ ਵਲੋਂ ਬਾਹਰੋਂ ਪਾਣੀ ਲਿਆਂਦਾ ਜਾਂਦਾ ਹੈ। ਇਹ ਪਾਣੀ ਬਾਹਰੋਂ ਜਨਤਿਕ ਟੂਟੀ ਜਾਂ ਕਿਸੇ ਦੇ ਘਰੇਲੂ ਨਲਕੇ ਤੋਂ ਲਿਆਂਦਾ ਜਾਂਦਾ ਹੈ। 21.2 ਫੀਸਦੀ ਪੁਰਸ਼ ਵੀ ਬਾਹਰੋਂ ਪਾਣੀ ਢੋਂਹਦੇ ਹਨ। ਪਾਣੀ ਢੋਂਹਣ 'ਚ 4.2 ਫੀਸਦੀ ਬੱਚੀਆਂ ਵੀ ਮੱਦਦ ਕਰਦੀਆਂ ਹਨ ਜਦੋਂ ਕਿ 4.6 ਫੀਸਦੀ ਬੱਚੇ ਵੀ ਆਪਣੇ ਮਾਪਿਆਂ ਨਾਲ ਬਾਹਰੋਂ ਪਾਣੀ ਲਿਆਉਣ 'ਚ ਮੱਦਦ ਕਰਦੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲ੍ਹੇ ਮੁਕਤਸਰ 'ਚ 16.8 ਫੀਸਦੀ ਘਰਾਂ ਨੂੰ ਬਾਹਰੋਂ ਪੀਣ ਵਾਲੇ ਪਾਣੀ ਦਾ ਇੰਤਜਾਮ ਕਰਨਾ ਪੈਂਦਾ ਹੈ ਜਦੋਂ ਕਿ ਫਿਰੋਜਪੁਰ ਜ਼ਿਲ੍ਹੇ 'ਚ 41.3 ਫੀਸਦੀ ਘਰਾਂ ਦੀਆਂ ਔਰਤਾਂ ਨੂੰ ਪੀਣ ਵਾਲਾ ਪਾਣੀ ਲੈਣ ਲਈ ਘਰਾਂ ਤੋਂ ਬਾਹਰ ਜਾਣਾ ਪੈਂਦਾ ਹੈ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ 'ਚ 20.3 ਫੀਸਦੀ ਘਰਾਂ ਦੀਆਂ ਔਰਤਾਂ ਬਾਹਰੋਂ ਪਾਣੀ ਲਿਆਉਣ 'ਚ ਰੁੱਝੀਆਂ ਰਹਿੰਦੀਆਂ ਹਨ। ਫਰੀਦਕੋਟ 'ਚ ਵੀ 39.5 ਫੀਸਦੀ ਘਰਾਂ  ਦੀਆਂ ਔਰਤਾਂ ਘੜਿਆਂ ਨਾਲ ਬਾਹਰੋਂ ਪਾਣੀ ਭਰ ਕੇ ਲਿਆਉਂਦੀਆਂ ਹਨ। ਇਕੱਲੇ ਬਰਨਾਲੇ ਜ਼ਿਲ੍ਹੇ ਦੀ ਇਸ ਮਾਮਲੇ 'ਚ ਪੁਜੀਸ਼ਨ ਠੀਕ ਲੱਗਦੀ ਹੈ। ਜਾਣਕਾਰੀ ਅਨੁਸਾਰ ਬਹੁਤੀਆਂ ਔਰਤਾਂ ਤਾਂ ਨਹਿਰੀ ਰਜਬਾਹਿਆਂ ਤੋਂ ਵੀ ਪਾਣੀ ਭਰ ਕੇ ਲਿਆਉਂਦੀਆਂ ਹਨ। ਸਰਪੰਚ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਝੰਡੂਕੇ ਦਾ ਕਹਿਣਾ ਸੀ ਕਿ ਕਈ ਪੇਂਡੂ ਔਰਤਾਂ ਦੇ ਤਾਂ ਪਾਣੀ ਢੋਹ ਢੋਹ ਕੇ ਸਿਰ ਗੰਜੇ ਹੋਏ ਪਏ ਹਨ।
          ਉਨ੍ਹਾਂ ਦੱਸਿਆ ਕਿ ਇਨ੍ਹਾਂ ਔਰਤਾਂ ਦਾ ਬਹੁਤਾ ਸਮਾਂ ਤਾਂ ਪਾਣੀ ਢੋਂਹਣ 'ਚ ਹੀ ਲੰਘ ਜਾਂਦਾ ਹੈ। ਬੇਸਲਾਈਨ ਸਰਵੇ ਅਨੁਸਾਰ 19 ਫੀਸਦੀ ਘਰਾਂ ਵਲੋਂ ਇਹ ਦੱਸਿਆ ਗਿਆ ਕਿ ਉੁਨ੍ਹਾਂ ਨੂੰ ਪਾਣੀ ਢੋਂਹਣ ਲਈ ਦਿਨ 'ਚ ਇੱਕ ਗੇੜਾ ਲਾਉਣਾ ਪੈਂਦਾ ਹੈ ਜਦੋਂ ਕਿ 37.2 ਫੀਸਦੀ ਘਰਾਂ ਦੀਆਂ ਔਰਤਾਂ ਨੂੰ ਦਿਨ 'ਚ ਦੋ ਦਫਾ ਪਾਣੀ ਲੈਣ ਖਾਤਰ ਘਰੋਂ ਬਾਹਰ ਜਾਣਾ ਪੈਂਦਾ ਹੈ। 33.2 ਫੀਸਦੀ ਘਰਾਂ ਦੀਆਂ ਔਰਤਾਂ ਨੂੰ ਤਿੰਨ ਜਾਂ ਚਾਰ ਗੇੜੇ ਪਾਣੀ ਢੋਂਹਣ ਲਈ ਲਾਉਣੇ ਪੈਂਦੇ ਹਨ। ਇੱਥੋਂ ਤੱਕ ਕਿ 10.5 ਫੀਸਦੀ ਘਰਾਂ ਦੀਆਂ ਔਰਤਾਂ ਵਲੋਂ ਪੰਜ ਪੰਜ ਗੇੜੇ ਵੀ ਪਾਣੀ ਢੋਂਹਣ 'ਚ ਲਾਏ ਜਾਂਦੇ ਹਨ। ਬਠਿੰਡਾ ਜ਼ਿਲ੍ਹੇ 'ਚ 41.3 ਫੀਸਦੀ ਘਰਾਂ ਦੇ ਮੈਂਬਰਾਂ ਵਲੋਂ ਤਿੰਨ ਜਾਂ ਚਾਰ ਗੇੜੇ ਪਾਣੀ ਲਿਆਉਣ ਖਾਤਰ ਲਾਏ ਜਾਂਦੇ ਹਨ ਜਦੋਂ ਕਿ 52.2 ਫੀਸਦੀ ਘਰਾਂ ਦੇ ਮੈਂਬਰਾਂ ਨੂੰ ਦਿਨ 'ਚ ਦੋ ਵਾਰੀ ਪਾਣੀ ਲੈਣ ਲਈ ਘਰੋਂ ਬਾਹਰ ਜਾਣਾ ਪੈਂਦਾ ਹੈ। ਸਰਵੇ 'ਚ ਪਾਣੀ ਦੇ ਇੱਕ ਗੇੜਾ 'ਚ ਔਸਤਨ ਅੱਧਾ ਘੰਟਾ ਲੱਗਦਾ ਹੈ। ਕਰੀਬ 76.4 ਫੀਸਦੀ ਘਰਾਂ ਦੇ ਮੈਂਬਰਾਂ ਵਲੋਂ ਪਾਣੀ ਦਾ ਇੱਕ ਗੇੜਾ ਅੱਧੇ ਘੰਟੇ ਦਾ ਸਮਾਂ ਲਾਇਆ ਗਿਆ ਹੈ। 10.5 ਫੀਸਦੀ ਅਜਿਹੇ ਘਰ ਵੀ ਹਨ ਜਿਨ੍ਹਾਂ ਦੇ ਮੈਂਬਰਾਂ ਵਲੋਂ ਦਿਨ 'ਚ ਢਾਈ ਘੰਟੇ ਇਕੱਲਾ ਪਾਣੀ ਢੋਂਹਣ 'ਤੇ ਲਾ ਦਿੱਤੇ ਜਾਂਦੇ ਹਨ। 37.2 ਫੀਸਦੀ ਘਰਾਂ ਦਾ ਰੋਜ਼ਾਨਾਂ ਇੱਕ ਘੰਟਾ ਪਾਣੀ ਢੋਂਹਣ 'ਚ ਲੰਘ ਜਾਂਦਾ ਹੈ। 33.2 ਫੀਸਦੀ ਘਰਾਂ ਦਾ ਡੇਢ ਤੋਂ ਦੋ ਘੰਟੇ ਪਾਣੀ ਢੋਂਹਣ 'ਚ ਲੰਘਦੇ ਹਨ। ਬਾਕੀ ਪੰਜਾਬ ਨਾਲੋਂ ਮਾਲਵਾ ਇਲਾਕੇ 'ਚ ਇਸ ਤਰ੍ਹਾਂ ਦੇ ਹਾਲਾਤ ਹਨ। ਜਦੋਂ ਤੋਂ ਬਠਿੰਡਾ ਜ਼ਿਲ੍ਹੇ ਦੇ ਆਰ.ਓ.ਸਿਸਟਮ ਲੱਗੇ ਹਨ, ਉਦੋਂ ਤੋਂ ਹਰ ਘਰ ਨੂੰ ਹੀ ਆਰ.ਓ ਸਿਸਟਮ ਤੋਂ ਪਾਣੀ ਲਈ ਘਰਾਂ ਤੋਂ ਬਾਹਰ ਜਾਣਾ ਪੈਂਦਾ ਹੈ। ਸਰਵੇ 'ਚ ਆਰ.ਓ ਸਿਸਟਮ ਤੋਂ ਪਾਣੀ ਲੈਣ ਵਾਲੇ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਜਨ ਸਿਹਤ ਵਿਭਾਗ ਦੇ ਨਿਗਰਾਨ ਇੰਜਨੀਅਰ ਦਾ ਕਹਿਣਾ ਸੀ ਕਿ ਮਹਿਕਮੇ ਵਲੋਂ ਇਹ ਸਰਵੇ ਵੱਖ ਵੱਖ ਏਜੰਸੀਆਂ ਰਾਹੀਂ ਕਰਾਇਆ ਗਿਆ ਹੈ ਜਦੋਂ ਕਿ ਬਠਿੰਡਾ ਜ਼ਿਲੇ 'ਚ ਡਿਪਟੀ ਕਮਿਸ਼ਨਰ ਵਲੋਂ ਇਹ ਸਰਵੇ ਕਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਾਫੀ ਲੰਮਾ ਚੌੜਾ ਸਰਵੇ ਹੈ ਜਿਸ ਚੋਂ ਸਾਰੀ ਤਸਵੀਰ ਉਭਰਦੀ ਹੈ।

Saturday, April 16, 2011

                      ਕੁੱਤੀ ਰਲ ਗਈ ਚੋਰਾਂ ਨਾਲ...
                                    ਚਰਨਜੀਤ ਭੁੱਲਰ
ਬਠਿੰਡਾ : ਜਦੋਂ ਵਾੜ ਤੋਂ ਹੀ ਖਤਰਾ ਬਣ ਜਾਏ, ਫਿਰ ਖੇਤਾਂ ਦਾ ਰੱਬ ਹੀ ਰਾਖਾ ਹੁੰਦਾ ਹੈ। ਏਦਾ ਦਾ ਹਾਲ ਸਰਕਾਰੀ ਖ਼ਜ਼ਾਨੇ ਦਾ ਹੈ। ਭਰਨ ਵਾਲੇ ਹੀ ਖਾਲੀ ਕਰਨ 'ਤੇ ਤੁਲੇ ਹੋਏ ਹਨ। ਮਾਲਕਾਂ ਨੂੰ ਫਿਕਰ ਹੁੰਦਾ ਤਾਂ ਖ਼ਜ਼ਾਨੇ ਨੂੰ ਮਾੜੇ ਦਿਨ ਨਹੀਂ ਦੇਖਣੇ ਪੈਣੇ ਸਨ। ਨੌਕਰਾਂ ਨੂੰ ਵੀ ਹੁਣ ਕਾਹਦੀ ਪ੍ਰਵਾਹ ਹੈ। ਚੋਰ ਤੇ ਕੁੱਤੀ ਰਲ ਜਾਣ ਫਿਰ ਆਸ ਕਿਸ ਤੋਂ ਰੱਖੀਏ ? ਅਸੈਂਬਲੀ ਚੋਣਾਂ 'ਚ ਇੱਕ ਸਾਲ ਤੋਂ ਘੱਟ ਦਾ ਸਮਾਂ ਬਚਿਆ ਹੈ। ਇਸ ਦੌਰਾਨ ਰੈਲੀਆਂ ਵੀ ਹੋਣੀਆਂ ਹਨ ਤੇ ਰੈਲ਼ੇ ਵੇ। ਬਾਜ਼ਾਰ ਪੂਰਾ ਗਰਮ ਰਹੇਗਾ। ਜ਼ੋਰ ਇਹੋ ਰਹੇਗਾ ਕਿ ਇੱਕ ਦੂਜੇ ਤੋਂ ਵੱਧ ਕੇ ਇਕੱਠ ਕੀਤਾ ਜਾਵੇ। ਲੋਕ ਉਹੀ ਹਨ ਜੋ ਵਾਰੋ ਵਾਰੀ ਸਭ ਦੀ ਰੈਲੀ ਦੀ ਸੋਭਾ ਵਧਾਉਂਦੇ ਹਨ। ਅਸਲ ਗੱਲ ਮਹਿਕਮਾ ਟਰਾਂਸਪੋਰਟ ਦੀ ਕਰਦੇ ਹਾਂ। ਇਸ ਮਹਿਕਮੇ ਦੇ ਅਫਸਰਾਂ 'ਚ ਅਣਖ ਜਾਗ ਪਏ ਤਾਂ ਖ਼ਜ਼ਾਨੇ ਭਰਪੂਰ ਹੋ ਸਕਦੇ ਹਨ। ਚੋਣਾਂ ਵਾਲੇ ਵਰ੍ਹੇ 'ਚ ਵੱਡੀ ਕਮਾਈ ਖ਼ਜ਼ਾਨੇ ਨੂੰ ਹੋ ਸਕਦੀ ਹੈ। ਸੱਚ ਇਹ ਵੀ ਹੈ ਕਿ ਅਣਖਾਂ ਵਾਲਿਆਂ ਲਈ ਇਸ ਮਹਿਕਮਾ 'ਚ ਕੋਈ ਥਾਂ ਨਹੀਂ ਹੈ। ਉਨ੍ਹਾਂ ਨੂੰ ਖੁੱਡਿਆਂ 'ਚ ਬਿਠਾਇਆ ਜਾਂਦਾ ਹੈ। ਆਮ ਭਾਸ਼ਾ 'ਚ ਲੋਕੀ ਜਿਸ ਨੂੰ 'ਖੁੱਡੇ ਲਾਈਨ' ਵੀ ਆਖ ਦਿੰਦੇ ਹਨ। ਮੁੱਕਦੀ ਗੱਲ ਇਹੋ ਹੈ ਕਿ ਸਰਕਾਰੀ ਨਿਯਮ ਹਨ ਜੋ ਵੀ ਬੱਸ ਰੈਲੀਆਂ ਜਾਂ ਮੇਲਿਆਂ ਲਈ ਚੱਲਦੀ ਹੈ, ਉਸ ਨੂੰ ਵਿਸ਼ੇਸ਼ ਪਰਮਿਟ ਲੈਣਾ ਪੈਂਦਾ ਹੈ। ਇੱਕ ਦਿਨ ਦੇ ਪਰਮਿਟ ਵਾਸਤੇ ਪਰਮਿਟ ਫੀਸ,ਐਪਲੀਕੇਸ਼ਨ ਫੀਸ ਤੋਂ ਇਲਾਵਾ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ 2.25 ਰੁਪਏ ਟੈਕਸ ਵੀ ਲੱਗਦਾ ਹੈ। ਟਰਾਂਸਪੋਰਟ ਅਫਸਰਾਂ ਨੇ ਇਹ ਸਭ ਟੈਕਸ ਵਸੂਲਣੇ ਹੁੰਦੇ ਹਨ। ਚੈਕਿੰਗ ਕਰਨੀ ਹੁੰਦੀ ਹੈ ਕਿ ਕੋਈ ਕੋਤਾਹੀ ਤਾਂ ਨਹੀਂ ਕਰ ਰਿਹਾ।
           ਸਿਆਸੀ ਰੈਲੀਆਂ 'ਚ ਜੋ ਬੱਸਾਂ ਚੱਲਦੀਆਂ ਹਨ, ਉਨ੍ਹਾਂ ਵਲੋਂ ਕੋਈ ਪਰਮਿਟ ਨਹੀਂ ਲਿਆ ਜਾਂਦਾ। ਟੈਕਸ ਤਾਰਨੇ ਤਾਂ ਦੂਰ ਦੀ ਗੱਲ। ਭੁੱਲ ਬੱਸ ਮਾਲਕ ਨਹੀਂ ਕਰਦੇ ਬਲਕਿ ਅਫਸਰ ਕਰਦੇ ਹਨ। ਵੱਡੀ ਭੂਮਿਕਾ ਰਿਜ਼ਨਲ ਟਰਾਂਸਪੋਰਟ ਅਥਾਰਟੀ ਦੇ ਸਕੱਤਰਾਂ ਅਤੇ ਜ਼ਿਲ੍ਹਾ ਟਰਾਂਸਪੋਰਟ ਅਫਸਰਾਂ ਦੀ ਹੁੰਦੀ ਹੈ। ਅਸਲੀ ਡੰਡਾ ਡੀ.ਟੀ.ਓਜ ਦੇ ਗੰਨਮੈਨ ਚਲਾਉਂਦੇ ਹਨ। ਸਿਆਸੀ ਰੈਲੀਆਂ ਲਈ ਇਹ ਅਫਸਰ ਖੁਦ ਹਾਕਮ ਧਿਰ ਲਈ ਬੱਸਾਂ ਦਾ ਪ੍ਰਬੰਧ ਕਰਦੇ ਹਨ। ਡੰਡੇ ਦੇ ਜ਼ੋਰ 'ਤੇ ਕਦੇ ਵਗਾਰ ਲਈ ਜਾਂਦੀ ਹੈ। ਕਦੇ ਕਦਾਈ ਤੇਲ ਵੀ ਪਵਾ ਦਿੱਤਾ ਜਾਂਦਾ ਹੈ। ਤੇਲ ਵੀ ਇਹੋ ਅਫਸਰ ਪਵਾਉਂਦੇ ਹਨ ਜਿਸ ਦਾ ਕਦੇ ਕੋਈ ਸਰਕਾਰੀ ਬਜਟ ਨਹੀਂ ਹੁੰਦਾ। ਫਿਰ ਕਿਹੜੇ ਖਾਤੇ ਚੋਂ ਇਹ ਤੇਲ ਭਰਾਇਆ ਜਾਂਦਾ ਹੈ,ਇਹੋ ਜਾਣਦੇ ਹਨ। ਜਿਨ੍ਹਾਂ ਅਫਸਰਾਂ ਨੇ ਖ਼ਜ਼ਾਨੇ ਲਈ ਟੈਕਸ ਇਕੱਠਾ ਕਰਨਾ ਹੁੰਦਾ ਹੈ, ਉਹੋ ਹੀ ਏਦਾ ਕਰੀ ਜਾ ਰਹੇ ਹਨ। ਖੁਦ ਨਹੀਂ ਕਰਦੇ ਬਲਕਿ ਉਪਰੋਂ ਹੁਕਮ ਆਉਂਦੇ ਹਨ। ਸਰਕਾਰਾਂ ਦੇ ਮਾਲਕ ਉਂਝ ਬੇਸ਼ੱਕ ਆਖੀ ਜਾਣ ਕਿ ਟੈਕਸ ਚੋਰਾਂ ਨੂੰ ਨੱਥ ਮਾਰਾਂਗੇ ਲੇਕਿਨ ਅਸਲੀਅਤ ਇਹ ਨਹੀਂ ਹੁੰਦੀ। ਗੱਲ ਸਾਲ 2011 ਦੀ ਹੀ ਕਰਦੇ ਹਾਂ। ਸਭ ਤੋਂ ਵੱਡਾ ਮਾਘੀ ਮੇਲਾ ਆਇਆ ਜਿਥੇ ਸਭ ਸਿਆਸੀ ਧਿਰਾਂ ਨੇ ਪੂਰਾ ਤਾਣ ਲਾ ਦਿੱਤਾ। ਸ਼ਰੀਕਾਂ ਦੀ ਲੜਾਈ 'ਚ ਲੋਕਾਂ ਦਾ ਵੀ ਘਾਣ ਹੋ ਗਿਆ। ਸਿਰ ਇਕੱਠੇ ਕਰਨ ਦੇ ਚੱਕਰ 'ਚ ਕੋਈ ਧਿਰ ਪਿਛੇ ਨਹੀਂ ਰਹੀ। ਦੱਸਦੇ ਹਨ ਕਿ ਸਭ ਧਿਰਾਂ ਨੇ 6000 ਹਜ਼ਾਰ ਬੱਸਾਂ ਦਾ ਪ੍ਰਬੰਧ ਕੀਤਾ ਸੀ। ਹਰਿਆਣਾ ਤੇ ਰਾਜਸਥਾਨ ਚੋਂ ਵੀ ਵੱਡੀ ਪੱਧਰ 'ਤੇ ਟਰਾਂਸਪੋਰਟ ਆਈ ਸ। ਇੱਕ ਅੰਦਾਜ਼ੇ ਅਨੁਸਾਰ ਇੱਕ ਬੱਸ ਲਈ ਵਿਸ਼ੇਸ਼ ਪਰਮਿਟ ਸਮੇਤ ਇੱਕ ਹਜ਼ਾਰ ਰੁਪਏ ਦੇ ਟੈਕਸ ਤਾਰਨੇ ਪੈਂਦੇ ਹਨ।
          ਮਾਘੀ ਮੇਲੇ 'ਚ ਚੱਲੀਆਂ ਬੱਸਾਂ ਵਲੋਂ 60 ਲੱਖ ਰੁਪਏ ਦੇ ਟੈਕਸਾਂ ਦੀ ਚੋਰੀ ਕੀਤੀ ਗਈ। ਫਿਰ ਖਟਕੜ ਕਲਾਂ 'ਚ ਇਕੱਠ ਹੋਏ। ਅਕਾਲੀ ਤੇ ਕਾਂਗਰਸੀ ਲੀਡਰਾਂ ਵਲੋਂ ਪੰਜ ਹਜ਼ਾਰ ਬੱਸਾਂ ਦੇ ਪ੍ਰਬੰਧ ਦੀ ਗੱਲ ਐਲਾਨੀ ਸੀ। ਇੱਕੋ ਦਿਨ 'ਚ 50 ਲੱਖ ਦੇ ਟੈਕਸਾਂ ਦੀ ਚੋਰੀ ਹੋਈ। ਉਹ ਵੀ ਰਲ ਮਿਲ ਕੇ ਕੀਤੀ ਗਈ। ਜੋ ਸਟੇਜਾਂ ਤੋਂ ਖ਼ਜ਼ਾਨੇ ਦੀ ਫਿਕਰ ਕਰਦੇ ਹਨ, ਉਹ ਵੀ ਵਿੱਚੇ ਹੀ ਸ਼ਾਮਲ ਹਨ। ਜਦੋਂ ਲੁੱਟ ਹੀ ਪਈ ਹੋਈ ਹੈ ਤਾਂ ਬਾਕੀ ਧਿਰਾਂ ਕਿਉਂ ਪਿਛੇ ਰਹਿਣ। ਇਨ੍ਹਾਂ ਬੱਸਾਂ ਦਾ ਇੰਤਜ਼ਾਮ ਖੁਦ ਟਰਾਂਸਪੋਰਟ ਮਹਿਕਮੇ ਨੇ ਕੀਤਾ। ਬੱਸ ਮਾਲਕਾਂ ਨੂੰ ਖੁੱਲ੍ਹੀ ਛੁੱਟੀ ਮਿਲ ਜਾਂਦੀ ਹੈ। ਖੈਰ ਬੱਸ ਮਾਲਕ ਵੀ ਕਰਨ, ਬਹੁਤੇ ਤਾਂ ਵਗਾਰ ਹੀ ਝੱਲਦੇ ਹਨ। ਰੈਲੀਆਂ ਨੇ ਤਾਂ ਉਨ੍ਹਾਂ ਦਾ ਵੀ ਸਾਹ ਸੂਤ ਰੱਖੇ ਹਨ। ਵੱਡੇ ਲੀਡਰਾਂ ਦੀ ਟਰਾਂਸਪੋਰਟ ਕਿਸੇ ਰੈਲੀ 'ਤੇ ਨਹੀਂ ਜਾਂਦੀ। ਮਾਰ ਤਾਂ ਛੋਟੇ ਤੇ ਦਰਮਿਆਨੇ ਬੱਸ ਮਾਲਕਾਂ ਨੂੰ ਹੀ ਪੈਂਦੀ ਹੈ। ਗੱਲ ਅੱਗੇ ਤੋਰੀਏ ਕਿ ਖਟਕੜ ਕਲਾਂ 'ਚ ਮੁੜ ਇਕੱਠ ਕੀਤਾ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ। ਮਨਪ੍ਰੀਤ ਬਾਦਲ ਖੁਦ ਵੀ ਟੈਕਸਾਂ ਦੀ ਚੋਰੀ ਦੇ ਖ਼ਿਲਾਫ਼ ਹਨ। ਉਨ੍ਹਾਂ ਨੇ ਕਰਜ਼ੇ ਦੇ ਮੁੱਦੇ 'ਤੇ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕੀਤਾ ਹੈ। ਸਰਕਾਰੀ ਖ਼ਜ਼ਾਨੇ ਦਾ ਸਭ ਤੋਂ ਵੱਧ ਹੇਜ ਸਟੇਜਾਂ ਤੋਂ ਉਹ ਕਰਦੇ ਹਨ। ਉਨ੍ਹਾਂ ਤੋਂ ਖਾਲੀ ਖ਼ਜ਼ਾਨਾ ਝੱਲਿਆ ਨਹੀਂ ਜਾ ਰਿਹਾ ਹੈ। ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ ਖਟਕੜ ਰੈਲੀ 'ਚ 5 ਲੱਖ ਦਾ ਇਕੱਠ ਹੋਇਆ। ਜੇ ਤਿੰਨ ਲੱਖ ਆਦਮੀ ਵੀ ਬੱਸਾਂ 'ਚ ਆਇਆ ਹੋਵੇਗਾ ਤਾਂ 5500 ਬੱਸਾਂ ਚੱਲੀਆਂ ਹੋਣਗੀਆਂ। ਇਨ੍ਹਾਂ ਬੱਸਾਂ ਦਾ ਟੈਕਸ ਹੀ 55 ਲੱਖ ਬਣਦਾ ਹੈ ਜੋ ਨਹੀਂ ਤਾਰਿਆ ਗਿਆ। ਚੰਗੀ ਸੋਚ ਵਾਲੇ ਆਖਦੇ ਹਨ ਕਿ ਘੱਟੋ ਘੱਟ ਸਾਬਕਾ ਖ਼ਜ਼ਾਨਾ ਮੰਤਰੀ ਨੂੰ ਇੰਝ ਨਹੀਂ ਕਰਦਾ ਚਾਹੀਦਾ ਸੀ।
          ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੀਡੀਏ ਕੋਲ ਇਹ ਗੱਲ ਵੀ ਰੱਖੀ ਸੀ ਕਿ ਉਨ੍ਹਾਂ ਨੇ ਜੇ ਮਨਪ੍ਰੀਤ ਸਿੰਘ ਬਾਦਲ ਦੀ ਖਟਕੜ ਕਲਾਂ ਰੈਲੀ 'ਚ ਕੋਈ ਵਿਘਨ ਪਾਉਣਾ ਹੁੰਦਾ ਤਾਂ ਉਹ ਸਭ ਤੋਂ ਪਹਿਲਾਂ ਸਾਰੀਆਂ ਬੱਸਾਂ ਨੂੰ ਹੀ ਰੋਕ ਲੈਂਦੇ ਕਿਉਂਕਿ ਕਿਸੇ ਵੀ ਬੱਸ ਵਲੋਂ ਪਰਮਿਟ ਫੀਸ ਅਤੇ ਟੈਕਸ ਨਹੀਂ ਤਾਰੇ ਗਏ ਸਨ। ਨਾਲ ਹੀ ਉਨ੍ਹਾਂ ਆਖਿਆ ਕਿ ਮਨਪ੍ਰੀਤ ਦਾ ਬੱਸ ਰੋਕੇ ਜਾਣ ਵਾਲਾ ਰੌਲਾ ਰੱਪਾ ਫਜ਼ੂਲ ਸੀ, ਉਨ੍ਹਾਂ ਨੇ ਇਲਜ਼ਾਮਾਂ ਦੇ ਡਰੋਂ ਬੱਸਾਂ ਤੋਂ ਕੋਈ ਟੈਕਸ ਵੀ ਨਹੀਂ ਲਿਆ। ਉਪ ਮੁੱਖ ਮੰਤਰੀ ਇਹ ਗੱਲ ਉਦੋਂ ਭੁੱਲ ਗਏ ਸਨ ਕਿ ਜੋ ਉਨ੍ਹਾਂ ਨੇ ਸਿਆਸੀ ਇਕੱਠ ਕੀਤੇ ਸਨ, ਉਨ੍ਹਾਂ ਲਈ ਚੱਲੀਆਂ ਬੱਸਾਂ ਵੀ ਬਿਨ੍ਹਾਂ ਪਰਮਿਟ ਤੇ ਟੈਕਸਾਂ ਤੋਂ ਹੀ ਸਨ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਵਗਦੀ ਗੰਗਾ 'ਚ ਹੱਥ ਧੋਣ 'ਚ ਪਿਛੇ ਨਹੀਂ ਹਨ। ਸਟੇਜਾਂ ਤੋਂ ਉਹ ਵੀ ਸਰਕਾਰੀ ਖ਼ਜ਼ਾਨੇ ਦੇ ਖਾਲੀ ਹੋਣ ਦਾ ਫਿਕਰ ਕਰਦੇ ਹਨ। ਪ੍ਰੰਤੂ ਜੋ ਉਹ ਬੱਸਾਂ ਲੈਂਦੇ ਹਨ, ਉਨ੍ਹਾਂ ਦਾ ਵੀ ਕੋਈ ਪਰਮਿਟ ਨਹੀਂ ਲਿਆ ਜਾਂਦਾ। ਟੈਕਸ ਤਾਰਨ ਦੀ ਸੋਚ ਤਾਂ ਕੋਹਾਂ ਦੂਰ ਹੈ। ਸਿਆਸੀ ਧਿਰਾਂ ਦਾ ਪੂਰਾ ਜ਼ੋਰ ਖ਼ਜ਼ਾਨਾ ਲੁੱਟਣ 'ਤੇ ਹੀ ਲੱਗਾ ਹੋਇਆ ਹੈ। ਵਿਸਾਖੀ ਮੇਲਾ ਤਾਜ਼ਾ ਮਿਸਾਲ ਹੈ। ਅਕਾਲੀਆਂ ਨੇ 1500 ਬੱਸਾਂ ਦਾ ਇੰਤਜ਼ਾਮ ਕੀਤਾ ਜਦੋਂ ਕਿ ਕਾਂਗਰਸੀ 800 ਬੱਸਾਂ ਕਿਰਾਏ 'ਤੇ ਲੈਣ ਦੀ ਗੱਲ ਕਰਦੇ ਹਨ। ਦੋਹਾਂ ਨੇ ਟੈਕਸਾਂ ਦੇ ਰੂਪ 'ਚ 22 ਲੱਖ ਰੁਪਏ ਦੀ ਸੱਟ ਮਾਰ ਦਿੱਤੀ ਹੈ। ਕਾਂਗਰਸੀ ਲੀਡਰਾਂ ਨੇ ਪ੍ਰਾਈਵੇਟ ਬੱਸ ਮਾਲਕਾਂ ਨੂੰ ਪ੍ਰਤੀ ਬੱਸ 4500 ਰੁਪਏ ਭਾੜਾ ਤਾਂ ਦੇ ਦਿੱਤਾ ਪ੍ਰੰਤੂ ਟੈਕਸ ਫਿਰ ਵੀ ਬੱਸ ਮਾਲਕਾਂ ਨੇ ਨਹੀਂ ਤਾਰਿਆ। ਹਾਲਾਂ ਕਿ ਉਸ ਬੱਸ ਮਾਲਕ ਨੂੰ ਤਾਂ ਬਕਾਇਦਾ ਪਰਮਿਟ ਲੈਣਾ ਚਾਹੀਦਾ ਹੈ ਅਤੇ ਟੈਕਸ ਤਾਰਨੇ ਚਾਹੀਦੇ ਹਨ ਜਿਨ੍ਹਾਂ ਵਲੋਂ ਪੂਰਾ ਭਾੜਾ ਲਿਆ ਜਾਂਦਾ ਹੈ।
          ਸਾਲ 2011 'ਚ ਹੋਰ ਵੀ ਦਰਜਨਾਂ ਥਾਂਵਾਂ 'ਤੇ ਸਿਆਸੀ ਇਕੱਠ ਹੋ ਚੁੱਕੇ ਹਨ। ਆਉਂਦੇ 10 ਮਹੀਨਿਆਂ 'ਚ ਇਸ ਤਰ੍ਹਾਂ ਦੇ ਰੈਲ਼ੇ ਸੈਂਕੜੇ ਹੋਣੇ ਹਨ। ਪੂਰੇ ਪੰਜ ਵਰ੍ਹਿਆਂ ਦਾ ਲੇਖਾ ਜੋਖਾ ਕਰ ਲਈਏ ਤਾਂ ਖ਼ਜ਼ਾਨੇ ਦੇ ਹੱਥੋਂ ਕਰੋੜਾਂ ਰੁਪਏ ਟੈਕਸਾਂ ਦੇ ਰੂਪ 'ਚ ਨਿਕਲੇ ਹਨ। ਟਰਾਂਸਪੋਰਟ ਦੇ ਵੱਡੇ ਅਫਸਰਾਂ ਨੂੰ ਸਭ ਪਤਾ ਹੈ। ਬੱਸ ਮਾਲਕ ਕਿਉਂ ਟੈਕਸ ਤਾਰਨ। ਪੂਰਾ ਭਾੜਾ ਲੈਣ ਵਾਲੇ ਬੱਸ ਮਾਲਕ ਵੀ ਰੈਲੀਆਂ ਦੀ ਆੜ 'ਚ ਦਾਅ ਲਗਾ ਜਾਂਦੇ ਹਨ। ਮਸਲਾ ਇਹ ਹੈ ਕਿ ਖੁਦ ਸਰਕਾਰ ਟੈਕਸ ਚੋਰੀ ਕਰਾਉਣ ਦੀ ਅਗਵਾਈ ਕਰਦੀ ਹੈ ਅਤੇ ਅਫਸਰ ਟੈਕਸਾਂ ਚੋਰਾਂ ਦੀ ਪਹਿਰੇਦਾਰੀ ਕਰਦੇ ਹਨ। ਫਿਰ ਇਸ ਤਰ੍ਹਾਂ ਦੇ ਹਮਾਮ 'ਚ ਕਿਸ ਨੂੰ ਆਖੀਏ।

Thursday, April 14, 2011

                         ਦਮਦਮੇ ਜਾ ਆਈ ਵੇ ਖੌਰੇ ਕੱਟੀ ਜਾਵੇ ਦੁੱਖਾਂ ਵਾਲੀ ਰਾਤ…
                                                                ਚਰਨਜੀਤ ਭੁੱਲਰ
ਬਠਿੰਡਾ  : ਦਮਾਮੇ ਮਾਰਨ ਵਾਲਾ ਤਾਂ ਉਦਾਸ ਹੈ। ਤਾਹੀਓਂ ਹੁਣ ਉਹ ਮੇਲੀ ਨਹੀਂ ਬਣਦਾ। ਦਮਦਮੇ ਤਾਂ ਸੁੱਖ ਮੰਗਣ ਜਾਂਦਾ ਹੈ। ਬੱਸ ਇਹੋ ਖੈਰਾਂ ਕਿ ਜੋਬਨ ਰੁੱਤੇ ਕੋਈ ਪੈਲੀ ਨਾ ਮਰੇ। ਜਵਾਨ ਪੁੱਤ ਖਾਤਰ ਬੀਕਾਨੇਰ ਨਾ ਜਾਣਾ ਪਵੇ। ਖੇਤ ਵਾਲੀ ਬੇਰੀ ਖ਼ੁਦਕੁਸ਼ੀ ਨਾ ਵੰਡੇ। ਜਵਾਨ ਧੀ ਦੇ ਅਰਮਾਨ ਅਣਆਈ ਮੌਤ ਨਾ ਮਰਨ। ਸ਼ਾਹੂਕਾਰ ਤੋਂ ਪਹਿਲਾਂ ਫਸਲਾਂ ਦੇ ਬੋਹਲ਼ ਘਰੀਂ ਆਉਣ। ਨਿਆਣੀ ਉਮਰ ਦੇ ਪੋਤਿਆਂ ਤੋਂ ਓਹਲਾ ਰੱਖਣ ਲਈ, ਕਦੇ ਨਾ ਕਹਿਣਾ ਪਵੇ ਕਿ 'ਬਾਬਾ ਤਾਂ 'ਮੰਡੀ' ਗਿਐ।' ਜਦੋਂ ਬੈਂਕਾਂ ਵਾਲੇ 'ਹੱਥਕੜੀ' ਲੈ ਕੇ ਆਉਣਗੇ ਤਾਂ ਪੋਤਾ ਵੀ ਸਮਝ ਜਾਏਗਾ ਕਿ 'ਬਾਬੇ ਨੂੰ ਹੀ ਕਿਉਂ 'ਮੰਡੀ' ਜਾਣਾ ਪੈਂਦਾ ਸੀ'। ਆਖਰ ਪੋਤਿਆਂ ਨੂੰ ਉਸ ਭੈੜੀ 'ਮੰਡੀ' ਨਾ ਜਾਣਾ ਪਵੇ,ਇਹ ਵੀ ਹੁਣ ਉਹ ਸੁੱਖ ਮੰਗਦਾ ਹੈ। ਕੋਈ ਡੰਡੀ ਹੀ ਨਹੀਓਂ ਦਿੱਖਦੀ,ਜਿਧਰੋਂ ਖੁਸ਼ੀਆਂ ਦੀ ਪੈੜ ਚਾਲ ਸੁਣਦੀ ਹੋਵੇ। ਦਮਦਮੇ ਦੀ ਵਿਸਾਖੀ ਵੀ ਢਿੱਡੋਂ ਦੁੱਖੀ ਹੈ। ਉਸ ਨੂੰ 'ਆਪਣੇ' ਹੀ ਨਹੀਂ ਦਿਖਦੇ। ਦੂਰ ਦੂਰ ਤੱਕ 'ਨੀਲੇ ਚਿੱਟੇ' ਕੱਪੜੇ ਹੀ ਦਿੱਖਦੇ ਨੇ ਜਿਨ•ਾਂ ਨੇ ਉਸ ਤੋਂ 'ਮੇਲੀ' ਹੀ ਖੋਹ ਲਿਆ ਹੈ। ਦਮਾਮੇ ਤਾਂ ਹੁਣ 'ਲੋਕ ਨੇਤਾ' ਮਾਰਦੇ ਹਨ। ਦਮਾਮੇ ਵੀ ਨਹੀਂ, ਹੁਣ ਤਾਂ 'ਲਲਕਾਰੇ' ਮਾਰਦੇ ਨੇ। ਕਿਉਂਕਿ ਅਸੈਂਬਲੀ ਚੋਣਾਂ ਨੇੜੇ ਹਨ। ਇਹ 'ਲਲਕਾਰੇ' ਵੋਟਾਂ ਦੀ ਫਸਲ 'ਤੇ ਕਬਜ਼ਾ ਕਰਨ ਲਈ ਵੱਜ ਰਹੇ ਹਨ। ਮੌਜ ਮੇਲਾ ਤਾਂ ਇਨ•ਾਂ ਦਾ ਹੈ। ਉਂਝ ਤਾਂ ਇਹ ਸਦਾ ਮੇਲੇ ਦੇ ਰੰਗਾਂ 'ਚ ਹੀ ਰਹਿੰਦੇ ਹਨ। ਵਿਸਾਖੀ ਵੀ ਹੁਣ 'ਲੋਕ ਲੀਡਰਾਂ' ਦੇ ਭਰੇ ਢਿੱਡਾਂ ਤੋਂ ਅਚੰਭੇ 'ਚ ਹੈ। ਜਿਨ•ਾਂ ਦੀ ਵਿਸਾਖੀ ਹੈ,ਉਹ ਤਾਂ ਸਾਲ ਭਰ ਦੀ ਕਮਾਈ 'ਤੇ ਚਾਰ ਛਿੱਟੇ ਪੈਣ ਦੇ ਡਰੋਂ ਖੇਤੀਂ ਬੈਠੇ ਹਨ। ਇੱਧਰ ਵਿਸਾਖੀ 'ਤੇ ਬਾਘੀਆਂ ਪਾਉਣ ਵਾਲਿਆਂ ਨੂੰ ਪਤਾ ਨਹੀਂ ਕਾਹਦਾ ਚਾਅ ਚੜਿ•ਆ ਹੈ।
          ਵਿਧਾਇਕਾਂ ਦੀ ਵਿਸਾਖੀ ਵਧੇ ਭੱਤਿਆਂ ਨੇ ਐਤਕੀਂ ਰੰਗੀਨ ਕਰ ਦਿੱਤੀ ਹੈ,ਤਨਖ਼ਾਹਾਂ ਵੱਧ ਗਈਆਂ ਹਨ। ਅਸੈਂਬਲੀ 'ਚ ਇਸ ਵਾਧੇ ਵੇਲੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ। ਅਕਾਲੀ ਕਾਂਗਰਸੀ ਸਭ ਇੱਕਜੁੱਟ ਸਨ। ਸਿਆਸੀ ਪਾਰਟੀਆਂ ਨੂੰ ਮੁਫ਼ਤ 'ਚ ਸਰਕਾਰੀ ਜ਼ਮੀਨਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਉਹ ਦਫ਼ਤਰ ਬਣਾ ਸਕਣ। ਵਿਰੋਧੀ ਧਿਰ ਵੀ ਚੁੱਪ ਹੈ ਕਿਉਂਕਿ ਇਹ ਗੱਫਾ ਤਾਂ ਉਸ ਨੂੰ ਵੀ ਮਿਲਣਾ ਹੈ। ਜ਼ੁਬਾਨ ਨੂੰ ਤਾਲਾ ਲਾਉਣਾ ਤਾਂ ਕੋਈ ਪੰਜਾਬ ਦੀ ਵਿਰੋਧੀ ਧਿਰ ਤੋਂ ਸਿੱਖੇ। ਨਿੱਤ ਦਿਨ ਦੇ ਬੋਝ ਨੇ 'ਆਮ ਬੰਦਾ' ਪਸੀਜ ਦਿੱਤਾ ਹੈ,ਕੋਈ ਨਹੀਂ ਬੋਲਦਾ। ਜਦੋਂ ਸਿਆਸੀ ਲਾਹੇ ਲਈ ਪੰਜਾਬ ਨੂੰ 'ਨੰਬਰ ਵਨ' ਦਿਖਾਉਣਾ ਹੋਵੇ ਤਾਂ ਉਦੋਂ ਰਾਤੋਂ ਰਾਤ ਅੰਕੜੇ ਇਕੱਠੇ ਹੋ ਜਾਂਦੇ ਹਨ। ਪੰਜਾਬ ਦੇ ਜੋ ਕਿਸਾਨ ਖ਼ੁਦਕੁਸ਼ੀ ਕਰ ਗਏ ਹਨ, ਉਨ•ਾਂ ਦੀ ਗਿਣਤੀ ਕਰਨੀ ਸਰਕਾਰ ਦੇ ਵਿਤੋਂ ਬਾਹਰ ਹੈ। ਮਾਮਲਾ12 ਵਰਿ•ਆਂ ਤੋਂ ਲਟਕ ਰਿਹਾ ਹੈ। ਖ਼ੁਦਕੁਸ਼ੀ ਦੇ ਰਾਹ ਗਏ ਕਿਸਾਨਾਂ ਦੇ ਸਰਵੇ ਦਾ 6 ਮਹੀਨੇ ਪਹਿਲਾਂ ਫਿਰ ਐਲਾਨ ਹੋ ਗਿਆ ਹੈ। ਸਰਵੇ ਲਈ ਕੇਵਲ 32 ਲੱਖ ਦਾ ਫੰਡ ਲੋੜੀਦਾ ਸੀ ਪ੍ਰੰਤੂ ਸਰਕਾਰ ਨੇ ਕੇਵਲ ਪੰਜ ਲੱਖ ਰੁਪਏ ਹੀ ਜਾਰੀ ਕੀਤੇ ਹਨ। ਹੁਣ ਫੰਡ ਮੁੱਕੇ ਪਏ ਹਨ। ਸਰਕਾਰ ਕੋਈ ਅਣਜਾਣ ਨਹੀਂ ਹੈ ਕਿ ਇਸ ਗਿਣਤੀ ਮਿਣਤੀ 'ਚ ਤਾਂ ਸੈਂਕੜੇ ਹੋਰ ਕਿਸਾਨ  ਮੁੱਕ ਗਏ ਹਨ।  ਇੱਕੋ ਦਿਨ ਦੇ 'ਸੰਗਤ ਦਰਸ਼ਨ' ਪ੍ਰੋਗਰਾਮ 'ਤੇ 20 ਲੱਖ ਦਾ ਖਰਚ ਆ ਜਾਂਦਾ ਹੈ, ਇਹ ਤਾਂ ਸਰਕਾਰ ਵੀ ਜਾਣਦੀ ਹੈ। ਮੁੱਖ ਮੰਤਰੀ ਪੰਜਾਬ ਦੋ ਦਿਨ 'ਸੰਗਤਾਂ' ਦੇ ਦਰਸ਼ਨ ਨਾ ਕਰਨ,ਤਾਂ ਘੱਟੋ ਘੱਟ ਸਰਵੇ ਦਾ ਕੰਮ ਤਾਂ ਸਿਰੇ ਲੱਗ ਸਕਦਾ ਹੈ।
           ਬਿਹਾਰਾ ਸਿੰਘ ਖੁਦ ਇਸ ਜਹਾਨੋ ਚਲਾ ਗਿਆ ਹੈ। ਘਰ ਨੂੰ ਵੀ ਤਾਲਾ ਵੱਜ ਗਿਆ ਹੈ। ਪਿੰਡ ਮੌੜ ਚੜ•ਤ ਸਿੰਘ ਵਾਲਾ ਦੇ ਇਸ ਕਿਸਾਨ ਦੇ ਦੋ ਲੜਕੇ ਅਤੇ ਇੱਕ ਪੋਤਾ ਵੀ ਖ਼ੁਦਕੁਸ਼ੀ ਦੇ ਰਾਹ ਚਲੇ ਗਏ ਹਨ। ਕੋਈ ਪਿਛੇ ਨਹੀਂ ਬਚਿਆ। ਏਨਾ ਗੁਆ ਲਿਆ,ਫਿਰ ਵੀ ਸਰਕਾਰ ਨਹੀਂ ਜਾਗੀ। ਪਿੰਡ ਚਨਾਰਥਲ ਦੇ ਕਿਸਾਨ ਦਲਜੀਤ ਸਿੰਘ ਦੇ ਦੋ ਲੜਕੇ ਖੇਤੀ ਕਰਜ਼ਿਆਂ ਦੀ ਭੇਂਟ ਚੜ ਗਏ ਹਨ ਜਿਨ•ਾਂ ਚੋਂ ਇੱਕ ਲੜਕਾ ਵਿਆਹਿਆ ਹੋਇਆ ਸੀ ਜਿਸ ਦੀ ਪਤਨੀ ਵੀ ਇਸੇ ਰਾਹ ਚਲੀ ਗਈ। ਇਨ•ਾਂ ਲੜਕਿਆਂ ਦੀ ਚਾਚੀ ਗੁਰਦੀਪ ਕੌਰ ਵੀ ਇਨ•ਾਂ ਹਾਲਾਤਾਂ 'ਚ ਖ਼ੁਦਕੁਸ਼ੀ ਕਰ ਗਈ। ਕੋਈ ਸਾਰ ਲੈਣ ਵਾਲਾ ਨਹੀਂ। ਹਜ਼ਾਰਾਂ ਪ੍ਰਵਾਰ ਇਸ ਤਰ•ਾਂ ਦੇ ਹਨ। ਵਿਸਾਖੀ ਮਨਾਉਣੀ ਤਾਂ ਦੂਰ ਦੀ ਗੱਲ, ਇਨ•ਾਂ ਪਰਵਾਰਾਂ ਕੋਲ ਤਾਂ 'ਤੁਰ ਗਏ' ਜੀਆਂ ਦੀ ਬਰਸੀ ਮਨਾਉਣ ਜੋਗੀ ਪਹੁੰਚ ਨਹੀਂ। ਪਰ ਸਰਕਾਰ ਕੋਲ ਪਹੁੰਚ ਹੈ, ਵੱਡੇ ਵੱਡੇ ਸਮਾਗਮ ਕਰਨ ਦੀ, ਪਾਣੀ ਵਾਂਗ ਪੈਸਾ ਵਹਾਉਣ। ਬਠਿੰਡਾ ਥਰਮਲ ਦੀ ਝੀਲ ਦੇ ਪਾਣੀ 'ਚ 84 ਲੱਖ ਰੁਪਏ ਦੇ ਮੁੱਲ ਦਾ 'ਤੈਰਦਾ ਵਾਲਾ ਫੁਹਾਰਾ' ਲੱਗ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਬਠਿੰਡਾ ਵਿਕਾਸ ਅਥਾਰਟੀ 100 ਕਰੋੜ ਰੁਪਏ ਦਾ ਕਰਜ਼ਾ ਚੁੱਕ ਰਹੀ ਹੈ। ਗੱਲ ਭੁੱਲਣੀ ਨਹੀਂ ਚਾਹੀਦੀ ਕਿ ਇਸੇ ਕਰਜ਼ੇ ਨੇ ਤਾਂ ਕਿਸਾਨਾਂ ਨੂੰ ਲੇਬਰ ਚੌਂਕਾਂ' 'ਚ ਖੜ•ਨ ਲਾ ਦਿੱਤਾ ਹੈ। ਫਿਰ ਪੰਜਾਬ ਕਿਸ ਲੇਬਰ ਚੌਂਕ 'ਚ ਖੜੂ, ਸੋਚਣ ਦਾ ਮਸਲਾ ਹੈ। ਸੋਚਣ ਵਾਲੀ ਇਹ ਗੱਲ ਵੀ ਹੈ ਕਿ ਪਟਿਆਲੇ ਵਾਲੇ ਮਹਾਰਾਜੇ ਦਾ ਮੁੰਡਾ ਉਦੋਂ ਹੀ ਬਠਿੰਡਾ ਮਾਨਸਾ 'ਚ ਕਿਉਂ ਗੇੜਾ ਲਾਉਂਦਾ ਹੈ, ਜਦੋਂ ਕੋਈ ਸਿਆਸੀ ਇਕੱਠ ਕਰਨਾ ਹੁੰਦਾ ਹੈ। ਅੱਗੇ ਪਿਛੇ ਲੋਕਾਂ ਦੀ ਯਾਦ ਕਿਉਂ ਨਹੀਂ ਆਉਂਦੀ।
          ਪੰਜਾਬ ਦੇ ਲੋਕਾਂ ਦੀ ਯਾਦਾਸ਼ਤ ਏਨੀ ਵੀ ਮਾੜੀ ਨਹੀਂ। ਬੱਸ ਉਹ ਤਾਂ ਕਿਸੇ ਨਾ ਕਿਸੇ ਮਜਬੂਰੀ 'ਚ ਬੱਝੇ ਹੋਏ ਹਨ। ਕੋਈ ਲੱਖ ਕਹੇ ਕਿ ਉਨ•ਾਂ ਨੂੰ ਜਗਾਉਣ ਦੀ ਲੋੜ ਹੈ। ਜਗਾਉਣ ਵਾਲੇ ਖੁਦ ਅੰਦਰਲਾ ਜਗ•ਾ ਲੈਣ, ਇਹੋ ਕਾਫੀ ਹੈ। ਕਿਤੇ ਸ਼ਹੀਦਾਂ ਦੇ ਬੁੱਤ ਜਾਗ ਪਏ ਤਾਂ ਫਿਰ ਜਾਗੋ ਕੱਢਣ ਵਾਲਿਆਂ ਨੂੰ ਵੀ ਲੁਕਣ ਲਈ ਥਾਂ ਨਹੀਂ ਥਿਆਉਣੀ। ਕਦੋਂ ਤੱਕ ਲੋਕ ਬੇਵਕੂਫ਼ ਬਣਨਗੇ। ਕਦੇ ਕੋਈ ਆਖ ਦਿੰਦਾ ਹੈ ਕਿ 'ਪੰਥ ਨੂੰ ਖਤਰਾ' ਹੈ। ਕੋਈ ਸ਼ਹੀਦਾਂ ਦੇ ਪਿੰਡਾਂ ਦੀ ਮਿੱਟੀ ਜੇਬ 'ਚ ਪਾਈ ਫਿਰਦਾ ਹੈ। ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਨੂੰ 'ਪੁੱਠੇ ਟੰਗਣ' ਦੀ ਗੱਲ ਕਰਨ ਲੱਗੇ ਹਨ। ਕੋਈ ਸਿਰ ਕਲਮ ਕਰਨ ਦੀ ਗੱਲ ਆਖ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ ਵੱਡਾ ਖਤਰਾ ਇਨ•ਾਂ ਲੀਡਰਾਂ ਤੋਂ ਹੀ ਹੈ। ਜਿਨ•ਾਂ ਨੇ ਕਦੇ ਇਹ ਵੀ ਨਹੀਂ ਸੋਚਿਆ ਕਿ ਇਨ•ਾਂ ਲੋਕਾਂ ਦਾ ਵੀ ਤਾਂ 'ਮੇਲੀ' ਬਣਨ ਨੂੰ ਜੀਅ ਕਰਦਾ ਹੈ।  ਮੇਲੇ ਤਾਂ ਸਾਂਝੇ ਹੁੰਦੇ ਹਨ,ਖੁਸ਼ੀਆਂ ਮਨਾਉਣ ਲਈ। ਉਨ•ਾਂ ਨੌਜਵਾਨਾਂ ਦੀ ਗੱਲ ਵੀ ਠੀਕ ਹੈ ਜੋ ਆਖਦੇ ਹਨ ਕਿ ਉਹ ਕਿਹੜੇ ਮੂੰਹ ਵਿਸਾਖੀ ਮਨਾਉਣ। ਉਨ•ਾਂ ਨੇ ਵਿਸਾਖੀ 'ਤੇ ਆਉਣ ਦੀ ਗੱਲ ਆਖੀ ਹੈ। ਬੇਰੁਜ਼ਗਾਰਾਂ ਤੋਂ ਵੀ ਸਰਕਾਰ ਨੂੰ ਡਰ ਹੈ। ਇਸੇ ਕਰਕੇ ਇੱਕ ਐਸ.ਐਸ.ਪੀ ਦੀ ਡਿਊਟੀ ਇਕੱਲੇ ਬੇਰੁਜ਼ਗਾਰਾਂ ਨਾਲ ਨਜਿੱਠਣ 'ਤੇ ਲਾ ਦਿੱਤੀ ਗਈ ਹੈ। ਬੇਕਾਰੀ ਦੇ ਭੰਨੇ ਇਹ ਆਖਦੇ ਹਨ ਕਿ ਉਹ ਤਾਂ ਰੁਜ਼ਗਾਰ ਮੰਗਦੇ ਹਨ। ਇਨ•ਾਂ ਨੇ ਤਾਂ ਹਰ ਰਾਜੇ ਦਾ ਰਾਜ ਵੀ ਦੇਖ ਲਿਆ ਹੈ। ਜਦੋਂ ਕੈਪਟਨ ਦੇ ਰਾਜ 'ਚ ਡਾਂਗਾਂ ਪਈਆਂ ਤਾਂ ਚੋਣਾਂ ਵੇਲੇ ਅਕਾਲੀਆਂ ਨੇ ਕੁੱਟ ਮਾਰ ਦੀਆਂ ਤਸਵੀਰਾਂ ਪੋਸਟਰਾਂ 'ਤੇ ਛਾਪ ਦਿੱਤੀਆਂ। ਪਤਾ ਲੱਗਾ ਹੈ ਕਿ ਹੁਣ ਕੈਪਟਨ ਦੇ ਬੰਦੇ ਵੀ ਅਕਾਲੀ ਹਕੂਮਤ 'ਚ ਡਾਂਗਾਂ ਝੱਲਣ ਵਾਲੇ ਬੇਰੁਜ਼ਗਾਰਾਂ ਦੀਆਂ ਤਸਵੀਰਾਂ ਇਕੱਠੀਆਂ ਕਰ ਰਹੇ ਹਨ। ਕਿਉਂਕਿ ਅੱਗੇ ਵੋਟਾਂ ਵਾਲੇ ਦਿਨ ਹਨ। ਕੋਈ ਇਹ ਨਹੀਂ ਸੋਚਦਾ ਇਨ•ਾਂ ਤਸਵੀਰਾਂ ਵਾਲਿਆਂ ਨੂੰ ਰੁਜ਼ਗਾਰ ਵੀ ਦੇਣਾ ਹੈ।
         ਅੱਜ ਵਿਸਾਖੀ ਦਾ ਮੇਲਾ ਸਜਿਆ ਹੈ। ਜਿਸ 'ਚ ਸਿਆਸੀ ਸਟਾਲ ਸਭ ਤੋਂ ਵੱਧ ਸਜੇ ਹਨ। ਮੇਲਿਆਂ 'ਤੇ ਅਧਿਕਾਰ ਸਭਨਾਂ ਦਾ ਹੈ। ਕੇਵਲ ਵੱਡਿਆਂ ਦਾ ਨਹੀਂ। ਬੇਰੁਜ਼ਗਾਰਾਂ ਨੂੰ ਪੁਲੀਸ ਦੇ ਡਰੋਂ ਲੁੱਕ ਲੁੱਕ ਹੀ ਤਖਤ ਸਾਹਿਬ 'ਤੇ ਮੱਥਾ ਟੇਕਣ ਜਾਣਾ ਪਊ। ਪੁਲੀਸ ਦੇ ਬੜੇ ਵੱਡੇ ਪ੍ਰਬੰਧ ਹਨ। ਅਸਲ 'ਚ ਵਿਸਾਖੀ ਸਿੱਧੇ ਰੂਪ 'ਚ ਕਿਸਾਨਾਂ ਦੀ ਖੁਸ਼ਹਾਲੀ ਦੀ ਪ੍ਰਤੀਕ ਹੈ। ਕਿਸਾਨਾਂ ਦੀ ਹਾਲਤ ਤਾਂ ਬੇਰੁਜ਼ਗਾਰਾਂ ਨਾਲੋਂ ਵੀ ਭੈੜੀ ਹੈ। ਦੇਸ਼ ਦਾ ਢਿੱਡ ਭਰਨ ਵਾਲੇ ਦਾ ਤਾਂ ਮੁਜਰਮਾਂ ਨਾਲੋਂ ਵੀ ਭੈੜਾ ਹਾਲ ਹੈ। ਕੋਈ ਕਤਲ ਕਰਕੇ ਜੇਲ• ਚਲਾ ਜਾਂਦਾ ਹੈ ਤਾਂ ਸਰਕਾਰ ਵਲੋਂ ਉਸ ਨੂੰ ਮੁਫ਼ਤ 'ਚ ਰੋਟੀ ਪਾਣੀ ਦੀ ਸਹੂਲਤ ਦਿੱਤੀ ਜਾਂਦੀ ਹੈ। ਜਦੋਂ ਕਰਜ਼ਾਈ ਕਿਸਾਨ ਜੇਲ• ਜਾਂਦਾ ਹੈ ਤਾਂ ਉਸ ਨੂੰ ਪੱਲਿਓ ਰੋਟੀ ਖਾਣੀ ਪੈਂਦੀ ਹੈ। ਬੈਂਕਾਂ ਵਾਲੇ ਜੇਲ• 'ਚ ਖਾਧੀ ਦਾਲ ਰੋਟੀ ਦਾ ਪੈਸਾ ਵੀ ਕਰਜ਼ਾਈ ਕਿਸਾਨ ਦੇ ਜੇਲੋਂ• ਬਾਹਰ ਆਉਣ ਤੋਂ ਪਹਿਲਾਂ ਉਸ ਦੇ ਕਰਜ਼ੇ 'ਚ ਜੋੜ ਦਿੰਦੇ ਹਨ। ਅੱਗੇ ਕਣਕ ਮੰਡੀਆਂ 'ਚ ਆਉਣੀ ਸ਼ੁਰੂ ਹੋ ਜਾਣੀ ਹੈ ਜਿਸ ਕਰਕੇ ਇਨ•ਾਂ ਬੈਂਕਾਂ ਵਾਲਿਆਂ ਨੇ ਵੀ ਵਰੰਟਾਂ ਵਾਸਤੇ ਤਿਆਰੀ ਵਿੱਢ ਲਈ ਹੈ। ਇਨ•ਾਂ ਡਰਾਂ 'ਚ ਤਾਂ ਕਿਸਾਨ ਆਪਣੇ ਖੇਤ ਸਾਂਭਣੋਂ ਭੁੱਲ ਜਾਂਦਾ ਹੈ। ਏਦਾ ਦੇ ਸਭ ਹਾਲਾਤ 'ਚ 'ਆਮ ਬੰਦਾ' ਕੀ ਕਰੇ। ਮਜ਼ਦੂਰ ਹੋਵੇ, ਕਿਸਾਨ ਹੋਵੇ ਜਾਂ ਫਿਰ ਕੋਈ ਨੌਕਰੀ ਦੀ ਭਾਲ ਵਾਲਾ। ਇਹ ਦਿਨਾਂ ਦਾ ਮੇਲਾ ਹੈ। ਕੋਈ ਦਿਨ ਉਹ ਵੀ ਚੜੇ•ਗਾ ਜਦੋਂ ਮੇਲਾ ਇਨ•ਾਂ ਅਸਲੀ ਮੇਲੀਆਂ ਦਾ ਹੋਵੇਗਾ। ਆਖਰ ਕਦੋਂ ਤੱਕ ਨੇਤਾ ਲੋਕ ਲਾਰਿਆਂ ਦਾ ਮੁੱਲ ਵੱਟੀ ਜਾਣਗੇ। ਜਦੋਂ ਲੋਕਾਈ ਦੇ ਅੰਦਰੋਂ ਭਾਂਬੜ ਬਲੇਗਾ ਤਾਂ ਫਿਰ ਉਸ ਦਾ ਸੇਕ ਸਭ ਤੋਂ ਪਹਿਲਾਂ ਇਨ•ਾਂ ਲੀਡਰਾਂ ਨੂੰ ਲੱਗੇਗਾ। ਇਹੋ ਭਾਂਬੜ ਹੀ ਫਿਰ 'ਆਮ ਲੋਕਾਂ' ਲਈ ਠੰਢੀ ਹਵਾ ਦਾ ਬੁੱਲਾ ਬਣੇਗਾ। ਦੇਰ ਹੋ ਸਕਦੀ ਹੈ ਪਰ ਵਕਤ ਬੜਾ ਬਲਵਾਨ ਹੈ।

Wednesday, April 13, 2011

                 ਏਹ ਤਾਂ ਸਾਰੇ ਹੀ 'ਸੋਫੀ' ਨਿਕਲੇ !
                                      ਚਰਨਜੀਤ ਭੁੱਲਰ
ਬਠਿੰਡਾ : ਗੱਲ ਹੀ ਏਦਾ ਦੀ ਹੈ ਕਿ ਯਕੀਨ ਹੀ ਨਹੀਂ ਬੱਝਦਾ। ਸਮਝੋ ਬਾਹਰ ਹੈ ਕਿ ਇਹ ਕਿਵੇਂ ਹੋ ਗਿਆ। ਠੇਕਿਆਂ ਦੀ ਕੋਈ ਤੋਟ ਨਹੀਂ, ਨਾ ਹੀ ਪੀਣ ਵਾਲਿਆਂ ਦੀ। ਫਿਰ ਵੀ ਇੱਕੋ ਜ਼ਿਲ੍ਹੇ 'ਚ ਸਭ 'ਸੋਫੀ' ਹੋਣ, ਛੋਟੀ ਗੱਲ ਨਹੀਂ ਹੈ। ਬਠਿੰਡਾ ਪੁਲੀਸ ਨੇ ਆਪਣਾ ਦਿਲ ਜ਼ਰੂਰ ਵੱਡਾ ਕੀਤਾ ਹੈ। ਤਾਹੀਓਂ ਤਾਂ ਹੁਣ ਸ਼ਰਾਬੀ ਡਰਾਈਵਰਾਂ ਦੇ ਫਿਕਰ ਮੁੱਕ ਗਏ ਹਨ। ਟਰੈਫਿਕ ਪੁਲੀਸ ਨੇ ਉਨ੍ਹਾਂ ਨੂੰ 'ਖੁੱਲ੍ਹੀ ਛੁੱਟੀ' ਦੇ ਰੱਖੀ ਹੈ। ਸਰਕਾਰੀ ਕਾਗਜ ਬੋਲਦੇ ਹਨ ਕਿ ਟਰੈਫਿਕ ਪੁਲੀਸ ਬਠਿੰਡਾ ਨੇ ਲੰਘੇ ਤਿੰਨ ਵਰ੍ਹਿਆਂ ਵਿੱਚ ਕਿਸੇ ਵੀ ਸ਼ਰਾਬੀ ਡਰਾਈਵਰ ਦਾ ਚਲਾਨ ਨਹੀਂ ਕੱਟਿਆ। ਜ਼ਿਲ੍ਹਾ ਬਠਿੰਡਾ ਦੇ ਸਾਰੇ ਡਰਾਈਵਰ 'ਸੋਫੀ' ਹੀ ਨਿਕਲੇ ਹਨ । ਹਾਲਾਂਕਿ ਪੰਜਾਬ ਵਿੱਚ ਸਭ ਤੋਂ ਵੱਧ ਸੜਕ ਹਾਦਸੇ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਤੇਜ਼ ਰਫਤਾਰੀ ਕਰਕੇ ਹੁੰਦੇ ਹਨ। ਟਰੈਫਿਕ ਪੁਲੀਸ ਦੀ ਢਿੱਲੀ ਲਗਾਮ ਕਾਰਨ ਸ਼ਰਾਬੀ ਡਰਾਈਵਰਾਂ ਦੇ ਹੌਸਲੇ ਵਧ ਰਹੇ ਹਨ। ਇੱਥੋਂ ਤੱਕ ਕਿ ਬਠਿੰਡਾ ਪੁਲੀਸ ਨੇ ਤਿੰਨ ਵਰ੍ਹਿਆਂ ਵਿੱਚ 49 ਉਨ੍ਹਾਂ ਵਿਅਕਤੀਆਂ ਦੇ ਚਲਾਨ ਕੱਟੇ ਹਨ ਜਿਨ੍ਹਾਂ ਨੇ ਤੇਜ਼ ਰਫਤਾਰੀ ਡਰਾਈਵਿੰਗ ਕੀਤੀ। ਟਰੈਫਿਕ ਪੁਲੀਸ ਵਾਹਨ ਚਲਾਉਣ ਵਾਲੇ ਨਿਆਣਿਆਂ ਦੇ ਚਲਾਨ ਤਾਂ ਕੱਟ ਰਹੀ ਹੈ ਪਰ ਸ਼ਰਾਬੀਆਂ ਨੂੰ 'ਬਖਸ਼' ਰਹੀ ਹੈ। ਟਰੈਫਿਕ ਪੁਲੀਸ ਹਰ ਸਾਲ 150 ਦੇ ਕਰੀਬ ਨਾਬਾਲਗ ਬੱਚਿਆਂ ਦੇ ਟਰੈਫਿਕ ਚਲਾਨ ਕੱਟਦੀ ਹੈ ਜਿਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੁੰਦਾ ਹੈ। ਬਠਿੰਡਾ ਜ਼ਿਲ੍ਹੇ ਵਿੱਚ ਵੱਡੀ ਗਿਣਤੀ 'ਚ ਸੜਕ ਹਾਦਸਿਆਂ ਪਿੱਛੇ ਸ਼ਰਾਬ ਤੇ ਤੇਜ਼ ਰਫਤਾਰੀ ਕਾਰਨ ਬਣਦੀ ਹੈ ਪਰ ਟਰੈਫਿਕ ਪੁਲੀਸ ਇਸ ਤੋਂ ਬੇਖਬਰ ਹੈ।।
             ਪੰਜਾਬ ਪੁਲੀਸ ਦੇ ਵੇਰਵਿਆਂ ਅਨੁਸਾਰ ਪੰਜਾਬ 'ਚ ਸਾਲ 2010 ਵਿੱਚ ਹਰ ਮਹੀਨੇ ਔਸਤਨ 311 ਮੌਤਾਂ ਸੜਕ ਹਾਦਸਿਆਂ ਨਾਲ ਹੋਈਆਂ ਹਨ। ਇਸ ਵਰ੍ਹੇ ਦੇ ਪਹਿਲੇ 11 ਮਹੀਨਿਆਂ ਵਿੱਚ 6641 ਸੜਕ ਹਾਦਸੇ ਹੋਏ ਹਨ। ਸਾਲ 2009 ਦੇ ਮੁਕਾਬਲੇ ਸਾਲ 2010 'ਚ ਸੜਕ ਹਾਦਸਿਆਂ ਦੀ ਗਿਣਤੀ 'ਚ 13 ਫੀਸਦੀ ਦਾ ਵਾਧਾ ਹੋਇਆ ਹੈ। ਸਾਲ 2009 'ਚ 6425 ਸੜਕ ਹਾਦਸੇ ਹੋਏ ਸਨ ਜਿਨ੍ਹਾਂ 'ਚ 3622 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਜਦੋਂ ਕਿ ਸਾਲ 2010 ਦੇ ਪਹਿਲੇ ਗਿਆਰਾਂ ਮਹੀਨਿਆਂ 'ਚ 6641 ਸੜਕ ਹਾਦਸੇ ਹੋਏ ਹਨ ਜਿਨ੍ਹਾਂ 'ਚ 3424 ਵਿਅਕਤੀਆਂ ਨੂੰ ਜ਼ਿੰਦਗੀ ਤੋਂ ਹੱਥ ਧੋਣੇ ਪਏ। ਪੀਪਲਜ਼ ਫਾਰ ਟਰਾਂਸਪਰੈਂਸੀ ਦੇ ਐਡਵੋਕੇਟ ਕਮਲ ਆਨੰਦ ਨੇ ਕਿਹਾ ਕਿ ਟਰੈਫਿਕ ਪੁਲੀਸ ਦਾ ਜ਼ਿਆਦਾ ਜ਼ੋਰ ਜੁਰਮਾਨੇ ਕਰਨ 'ਤੇ ਲੱਗਦਾ ਹੈ। ਟਰੈਫਿਕ ਪੁਲੀਸ ਲਈ ਚਲਾਨ ਕੇਵਲ ਕਮਾਈ ਦਾ ਸਾਧਨ ਬਣ ਗਏ ਹਨ। ਉਨ੍ਹਾਂ ਆਖਿਆ ਕਿ ਬਠਿੰਡਾ ਪੁਲੀਸ ਨੇ ਤਾਂ ਸ਼ਰਾਬੀ ਡਰਾਈਵਰਾਂ ਨੂੰ ਛੋਟ ਹੀ ਦੇ ਰੱਖੀ ਹੈ ਜਿਸ ਦੇ ਵਜੋਂ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਟਰੈਫਿਕ ਪੁਲੀਸ ਦੀ ਸੂਚਨਾ ਹੈ ਕਿ ਇਕੱਲੇ ਸਾਲ 2010 ਦੇ ਪਹਿਲੇ ਗਿਆਰਾਂ ਮਹੀਨਿਆਂ 'ਚ ਪੁਲੀਸ ਨੇ 13.87 ਕਰੋੜ ਰੁਪਏ ਜੁਰਮਾਨੇ ਲਾ ਕੇ ਕਮਾਏ ਹਨ। ਸਾਲ 2009 ਵਿੱਚ ਜੁਰਮਾਨਿਆਂ ਤੋਂ ਆਮਦਨ 11.43 ਕਰੋੜ ਰੁਪਏ ਸੀ।
         ਟਰੈਫਿਕ ਪੁਲੀਸ ਨੇ ਜ਼ਿਲ੍ਹਾ ਬਠਿੰਡਾ 'ਚ ਲੰਘੇ ਤਿੰਨ ਵਰ੍ਹਿਆਂ'ਚ ਕੁੱਲ 33830 ਵਾਹਨਾਂ ਦੇ ਚਲਾਨ ਕੱਟੇ ਹਨ। ਏਡੀ ਵੱਡੀ ਗਿਣਤੀ ਵਿੱਚ ਇਕ ਵੀ ਚਲਾਨ ਉਨ੍ਹਾਂ ਦਾ ਸ਼ਾਮਲ ਨਹੀਂ ਹੈ ਜੋ ਸ਼ਰਾਬ ਪੀ ਕੇ ਡਰਾਈਵਿੰਗ ਕਰਦੇ ਸਨ। ਇਕ ਵੱਖਰੀ ਸੂਚਨਾ ਟਰੈਫਿਕ ਪੁਲੀਸ ਨੇ ਇਕ ਜਨਵਰੀ 2004 ਤੋਂ ਮਈ 2009 ਤੱਕ ਦੀ ਦਿੱਤੀ ਹੈ, ਉਸ ਅਨੁਸਾਰ ਜ਼ਿਲ੍ਹਾ ਪੁਲੀਸ ਨੇ ਸਾਢੇ ਪੰਜ ਵਰ੍ਹਿਆਂ 'ਚ ਟਰੈਫਿਕ ਚਲਾਨਾਂ ਤੋਂ 1.51 ਕਰੋੜ ਕਮਾਏ ਹਨ। ਇਸ ਸਮੇਂ ਦੌਰਾਨ ਟਰੈਫਿਕ ਪੁਲੀਸ ਨੇ 51130 ਟਰੈਫਿਕ ਚਲਾਨ ਕੱਟੇ ਹਨ। ਦੱਸਣਯੋਗ ਹੈ ਕਿ ਵਿਸ਼ਵ ਸਿਹਤ ਸੰਸਥਾ ਨੇ ਅਪਰੈਲ, 2010 ਵਿੱਚ ਜੋ ਰੋਡ ਸੇਫਟੀ 'ਤੇ ਆਪਣੀ ਗਲੋਬਲ ਸਟੇਟਸ ਰਿਪੋਰਟ ਜਾਰੀ ਕੀਤੀ ਹੈ, ਉਸ ਅਨੁਸਾਰ ਸੜਕ ਹਾਦਸਿਆਂ ਲਈ ਸ਼ਰਾਬ ਤੇ ਤੇਜ਼ ਰਫਤਾਰੀ ਮੁੱਖ ਤੌਰ 'ਤੇ ਜ਼ਿੰਮੇਵਾਰ ਬਣੀ ਹੈ। ਜ਼ਿਲ੍ਹਾ ਬਠਿੰਡਾ 'ਚ ਜ਼ਿਆਦਾ ਚਲਾਨ ਉਨ੍ਹਾਂ ਦੇ ਕੱਟੇ ਜਾਂਦੇ ਰਹੇ ਹਨ ਜਿਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੁੰਦੇ ਹਨ। ਉਨ੍ਹਾਂ ਦੇ ਚਲਾਨ ਵੀ ਕੱਟੇ ਗਏ ਹਨ ਜਿਨ੍ਹਾਂ ਦੀ ਗੱਡੀ ਦਾ ਬੀਮਾ ਨਹੀਂ ਹੁੰਦਾ। ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੇ ਗੋਇਲ ਦਾ ਕਹਿਣਾ ਸੀ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਕੌਮੀ ਸੜਕ ਮਾਰਗਾਂ 'ਤੇ ਠੇਕੇ ਖੁੱਲ੍ਹੇ ਹੋਏ ਹਨ ਅਤੇ 99 ਫੀਸਦੀ ਸੜਕ ਹਾਦਸੇ ਸ਼ਰਾਬ ਪੀਣ ਵਾਲੇ ਡਰਾਈਵਰਾਂ ਕਰਕੇ ਵਾਪਰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਖੁਦ ਸੜਕ ਹਾਦਸਿਆਂ ਦੇ ਜ਼ਖਮੀਆਂ ਨੂੰ ਚੁੱਕਦੇ ਹਨ।
                                               ਬੱਚਿਆਂ ਨੂੰ ਸਬਕ ਸਿਖਾਉਣ 'ਤੇ ਜ਼ੋਰ
ਟਰੈਫਿਕ ਪੁਲੀਸ ਦਾ ਜ਼ਿਆਦਾ ਧਿਆਨ ਬੱਚਿਆਂ 'ਤੇ ਰਹਿੰਦਾ ਹੈ। ਲੰਘੇ ਸਾਢੇ ਪੰਜ ਵਰ੍ਹਿਆਂ ਵਿੱਚ ਟਰੈਫਿਕ ਪੁਲੀਸ ਨੇ 915 ਬੱਚਿਆਂ ਦੇ ਟਰੈਫਿਕ ਚਲਾਨ ਕੱਟੇ ਹਨ। ਇਸ ਹਿਸਾਬ ਨਾਲ ਹਰ ਸਾਲ 150 ਬੱਚਿਆਂ ਦੇ ਚਲਾਨ ਕੱਟੇ ਜਾਂਦੇ ਹਨ।  ਜ਼ਿਆਦਾਤਾਰ ਲੜਕੀਆਂ ਦੇ ਚਲਾਨ ਇਸ ਕਰਕੇ ਕੱਟੇ ਜਾਂਦੇ ਹਨ ਕਿਉਂਕਿ ਉਹ ਨਾਬਾਲਗ ਹੁੰਦੀਆਂ ਹਨ। ਨਿਯਮਾਂ ਅਨੁਸਾਰ ਪੁਲੀਸ ਇਹ ਠੀਕ ਕਦਮ ਉਠਾ ਰਹੀ ਹੈ।

Sunday, April 10, 2011

                                             ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ    
                                                                   ਚਰਨਜੀਤ ਭੁੱਲਰ
ਬਠਿੰਡਾ  : ਪੇਂਡੂ ਕੁੜੀ ਮਨਪ੍ਰੀਤ ਕੌਰ ਮੰਜੂ ਸੱਚਮੁੱਚ ਪੰਜਾਬ ਦੀ ਸ਼ੇਰ ਬੱਚੀ ਹੈ। ਪਿੰਡ ਲੋਹਾ ਖੇੜਾ ਦੀ ਇਸ ਕੁੜੀ ਨੇ ਲੋਹਾ ਲਿਆ। ਆਪਣੀ ਅਣਖ ਖਾਤਰ, ਉਨ੍ਹਾਂ ਨਾਲ ਜੋ ਆਪਣੇ ਆਪ ਨੂੰ ਨਾਢੂ ਖਾਂ ਸਮਝਦੇ  ਸਨ। ਇੱਜ਼ਤ ਖਾਤਰ ਦੁਨਾਲੀ ਚੁੱਕੀ। ਇਹੋ ਦੁਨਾਲੀ ਨੇ ਹਜ਼ਾਰਾਂ ਕੁੜੀਆਂ 'ਚ ਜੋਸ਼ ਭਰ ਦਿੱਤਾ। ਬੇਸ਼ੱਕ ਹੁਣ ਉਹ ਵਿਦੇਸ਼ ਚਲੀ ਗਈ ਪ੍ਰੰਤੂ ਚਰਚਾ 'ਚ ਹਾਲੇ ਇੱਥੇ ਹੀ ਮੌਜੂਦ ਹੈ। ਦਲਿਤ ਪਰਵਾਰ ਦੀ ਇਸ ਲੜਕੀ ਵਲੋਂ ਅਣਖ ਲਈ ਚੁੱਕੀ ਬੰਦੂਕ ਨੇ ਖਾਸ ਕਰਕੇ ਉਨ੍ਹਾਂ ਪੇਂਡੂ ਕੁੜੀਆਂ ਨੂੰ ਰਾਹ ਦਿਖਾ ਦਿੱਤਾ ਜਿਨ੍ਹਾਂ ਨੂੰ ਪੈਰ ਪੈਰ 'ਤੇ ਸਮਾਜਿਕ ਗੰਦਗੀ ਚੋਂ ਟੱਪਣਾ ਪੈਂਦਾ ਹੈ। ਮਨਪ੍ਰੀਤ ਕੌਰ ਮੰਜੂ ਕੁੜੀਆਂ ਨੂੰ ਗੈਰਤ ਨਾਲ ਜੀਣ ਦਾ ਰਾਹ ਦਿਖਾਇਆ ਹੈ। ਜ਼ਿਲ੍ਹਾ ਸੰਗਰੂਰ ਦੇ ਪਿੰਡ ਲੋਹਾ ਖੇੜਾ ਦੀ ਇਹ ਧੀ ਉਦੋਂ ਦੁਨਾਲੀ ਚੁੱਕਣ ਲਈ ਮਜਬੂਰ ਹੋ ਗਈ ਸੀ ਜਦੋਂ ਪਿੰਡ ਦੇ ਹੀ ਇੱਕ ਮੁੰਡੇ ਨੇ ਨਿੱਤ ਰਾਹ ਮੱਲ ਕੇ ਉਸਦਾ ਲੰਘਣਾ ਮੁਸ਼ਕਲ ਕਰ ਦਿੱਤਾ ਸੀ। ਆਖਰ ਇੱਕ ਦਿਨ ਮੰਜੂ ਘਰ ਪਈ ਦੁਨਾਲੀ ਲੈ ਕੇ ਛੇੜਖ਼ਾਨੀ ਕਰਨ ਵਾਲੇ ਮੁੰਡੇ ਦੇ ਬੂਹੇ 'ਤੇ ਜਾ ਖੜੀ। ਲਲਕਾਰ ਮਾਰੀ ਤੇ ਦੁਨਾਲੀ ਦੇ ਤਿੰਨ ਫਾਇਰ ਕਰ ਦਿੱਤੇ। ਮਾਂ ਕੁਲਦੀਪ ਕੌਰ ਨੇ ਆਪਣੀ ਬੱਚੀ ਦੀ ਪਿੱਠ ਥਾਪੜ ਦਿੱਤੀ। ਭਲਾ ਵੇਲਾ ਸੀ ਕਿ ਪਹਿਲਾਂ ਹੀ ਲੜਕੇ ਦੇ ਘਰ ਪੁੱਜੀ ਪੰਚਾਇਤ ਨੇ ਇਸ ਬੱਚੀ ਦਾ ਰਾਹ ਰੋਕ ਲਿਆ। ਹੁਣ ਮੰਜੂ ਆਪਣੀ ਅਣਖ ਖਾਤਰ ਹਰ ਲੜਾਈ ਲੜਨ ਨੂੰ ਤਿਆਰ ਹੈ। ਹਰ ਕੋਈ ਇਸ ਬੱਚੀ ਦੀ ਇਸ ਜੁਰਅਤ ਦੀ ਦਾਦ ਦਿੰਦਾ ਹੈ। ਉਸਨੇ ਹੁਣ ਸਮਾਜਿਕ ਡਰ 'ਚ ਜੀਅ ਰਹੀਆਂ ਬੱਚੀਆਂ ਨੂੰ ਅਣਖ ਦਾ ਸਬਕ ਸਿਖਾਉਣ ਦਾ ਫੈਸਲਾ ਕੀਤਾ ਹੈ।
           ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਰਾਜ ਦੀ ਨਗਰ ਭਲਾਈ ਅਤੇ ਵਿਕਾਸ ਸਭਾ ਵਲੋਂ ਇਸ ਲੜਕੀ ਨੂੰ 'ਅਣਖ ਪੰਜਾਬ ਦੀ' ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਬੇਬਾਕ ਕੁੜੀ ਦਾ ਕਹਿਣਾ ਸੀ ਕਿ ਲੜਕੀਆਂ ਨੂੰ ਆਪਣੀ ਰਾਖੀ ਆਪ ਕਰਨੀ ਪਏਗੀ। ਉਸਨੇ ਲੜਕੀਆਂ ਨੂੰ ਸੁਨੇਹਾ ਵੀ ਦਿੱਤਾ ਕਿ ਉਹ ਸਮਾਜ ਦੀ ਭੈੜੀ ਅੱਖ ਨੂੰ ਭੰਨਣ ਲਈ ਆਪਣੇ ਅੰਦਰਲੇ ਨੂੰੰ ਜਗਾਉਣ। ਕਦੋਂ ਤੱਕ ਉਹ ਬੇਪੱਤ ਹੁੰਦੀਆਂ ਰਹਿਣਗੀਆਂ। ਉਸ ਦਾ ਕਹਿਣਾ ਸੀ ਕਿ ਵਿਦੇਸ਼ 'ਚ ਵੀ ਉਹ ਪ੍ਰਵਾਸੀ ਲਾੜਿਆਂ ਅਤੇ ਗੈਰ ਸਮਾਜੀ ਲੋਕਾਂ ਹੱਥੋਂ ਤੰਗ ਅਤੇ ਜਲੀਲ ਹੋ ਰਹੀਆਂ ਲੜਕੀਆਂ ਦੀ ਰਾਖੀ ਲਈ ਕੰਮ ਕਰਨਾ ਚਾਹੁੰਦੀ ਹੈ। ਮਨਪ੍ਰੀਤ ਕੌਰ ਮੰਜੂ ਨੇ ਆਪਣੀ ਕਹਾਣੀ ਸਾਂਝੀ ਕੀਤੀ ਤੇ ਦੱਸਿਆ ਕਿ ਉਹ ਪੇਂਡੂ ਸਕੂਲ ਚੋਂ ਦਸਵੀਂ ਕਰਨ ਮਗਰੋਂ ਆਪਣੀ ਮਾਸੀ ਕੋਲ ਵਿਸਾਖਾਪਟਨਮ ਚਲੀ ਗਈ ਸੀ ਜਿਥੋਂ ਜਮ੍ਹਾਂ ਦੋ ਦੀ ਪੜਾਈ ਕੀਤੀ। ਫਿਰ ਆਈਲੈਟਸ ਦੀ ਤਿਆਰੀ ਲਈ ਨਿੱਤ ਪਿੰਡ ਲੋਹਾ ਖੇੜਾ ਤੋਂ ਸੰਗਰੂਰ ਸਾਈਕਲ 'ਤੇ ਜਾਣ ਲੱਗੀ। ਉਸਨੇ ਦੱਸਿਆ ਕਿ ਪਿੰਡ ਦਾ ਇੱਕ ਲੜਕਾ ਜੋ ਨਸੇੜੀ ਕਿਸਮ ਦਾ ਸੀ,ਨਿੱਤ ਉਸ ਦਾ ਰਾਹ ਰੋਕਣ ਲੱਗਾ। ਉਸਦੇ ਦਾਦਾ ਜੋਗਿੰਦਰ ਸਿੰਘ ਵੀ ਕਦੇ ਕਦਾਈਂ ਉਸ ਨਾਲ ਜਾਂਦੇ ਸਨ। ਇੱਕ ਦਿਨ ਜਦੋਂ ਲੜਕੇ ਨੇ ਫਿਰ ਛੇੜਖ਼ਾਨੀ ਕੀਤੀ ਤਾਂ ਉਸਨੇ ਲੜਕੇ ਨੂੰ ਵੰਗਾਰ ਦਿੱਤਾ। ਹੱਥੋ-ਪਾਈ ਹੋ ਗਏ ਤੇ ਆਖਰ ਲੋਕਾਂ ਨੇ ਵਿਚ ਵਿਚਾਲੇ ਪੈ ਕੇ ਛੁਡਵਾ ਦਿੱਤਾ। ਲੜਕੇ ਦੇ ਮਾਪੇ ਉਸਨੂੰ ਘਰ ਲੈ ਗਏ। ਜਦੋਂ ਮੰਜੂ ਦੀ ਮਾਂ ਲੜਕੇ ਦੇ ਘਰ ਗਈ ਤਾਂ ਲੜਕੇ ਨੇ ਫਿਰ ਬੁਰਾ ਭਲਾ ਬੋਲਿਆ। ਲੜਕੀ ਦੀ ਮਾਂ ਕੁਲਦੀਪ ਕੌਰ ਨੇ ਦੱਸਿਆ ਕਿ ਫਿਰ ਮੰਜੂ ਨੇ ਘਰ ਪਈ ਦੁਨਾਲੀ ਲੋਡ ਕਰ ਲਈ ਤੇ ਉਸਨੂੰ ਨਾਲ ਲੈ ਕੇ ਲੜਕੇ ਦੇ ਘਰ ਵੱਲ ਚੱਲ ਪਈ ਜਿਥੇ ਪਹਿਲਾਂ ਹੀ ਪੰਚਾਇਤ ਇਕੱਠੀ ਹੋਈ ਸੀ। ਦੋ ਤਿੰਨ ਫਾਇਰ ਕੀਤੇ ਤੇ ਪੰਚਾਇਤ ਨੇ ਮਾਮਲਾ ਠੰਢਾ ਕਰ ਦਿੱਤਾ। ਮਾਂ ਦਾ ਕਹਿਣਾ ਸੀ ਕਿ ਉਸਨੂੰ ਆਪਣੀ ਬੱਚੀ 'ਤੇ ਮਾਣ ਹੈ ਜੋ ਆਪਣੀ ਅਣਖ ਲਈ ਗੈਰ ਸਮਾਜੀ ਲੋਕਾਂ ਨਾਲ ਟੱਕਰ ਲੈਣ ਦੀ ਹਿੰਮਤ ਰੱਖਦੀ ਹੈ। ਉਸਨੇ ਦੱਸਿਆ ਕਿ ਜਦੋਂ ਲੜਕੀ ਦੇ ਪਿਤਾ ਨੂੰ ਪਤਾ ਲੱਗਾ ਕਿ ਪੰਚਾਇਤ ਨੇ ਮੰਜੂ ਨੂੰੰ ਰੋਕ ਦਿੱਤਾ ਤਾਂ ਉਸਨੇ ਪੰਚਾਇਤ 'ਤੇ ਸ਼ਿਕਵਾ ਕੀਤਾ।
            ਮੰਜੂ ਨੂੰ ਜਦੋਂ ਪੁੱਛਿਆ ਕਿ ਜੇ ਦੁਨਾਲੀ ਨਾਲ ਕੋਈ ਨੁਕਸਾਨ ਹੋ ਜਾਂਦਾ ਤਾਂ ਜੇਲ੍ਹ ਜਾਣਾ ਪੈਣਾ ਸੀ ਤਾਂ ਉਸਦਾ ਜੁਆਬ ਸੀ ਕਿ ਗੈਰਤ ਲਈ ਸਭ ਕੁਝ ਮਨਜ਼ੂਰ ਹੈ। ਉਸਨੇ ਦੱਸਿਆ ਕਿ ਉਸਦੇ ਬਾਪ ਦਰਸ਼ਨ ਸਿੰਘ ਜਿਸ ਦੀ ਮਈ 2008 'ਚ ਮੌਤ ਹੋ ਚੁੱਕੀ ਹੈ ,ਨੇ ਹਰ ਦੀਵਾਲ਼ੀ ਵਾਲੀ ਰਾਤ ਉਸਨੂੰੰ ਅਤੇ ਉਸ ਦੀ ਵੱਡੀ ਭੈਣ ਜਸਵੀਰ ਕੌਰ ਨੂੰੰ ਰਾਈਫਲ ਚਲਾਉਣ ਦੀ ਟਰੇਨਿੰਗ ਦਿੱਤੀ ਸੀ। ਪਿਤਾ ਬਿਮਾਰ ਰਹਿਣ ਕਰਕੇ ਆਪਣੀ ਬੱਚੀਆਂ ਨੂੰ ਸੁਰੱਖਿਆ ਲਈ ਰਾਈਫਲ ਦੀ ਟਰੇਨਿੰਗ ਦਿੰਦਾ ਸੀ। ਮੰਜੂ ਦਾ ਬਾਪ ਪਟਵਾਰੀ ਸੀ ਤੇ ਹੁਣ ਮੰਜੂ ਦੇ ਪਰਵਾਰ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਤੇ ਗੁਜ਼ਾਰੇ ਦਾ ਸਾਧਨ ਵੀ ਨਹੀਂ ਹੈ। ਉਸਦਾ ਕਹਿਣਾ ਸੀ ਕਿ ਉਹ ਹਰ ਲੜਕੀ ਦੀ ਇੱਜ਼ਤ ਦੀ ਰਾਖੀ ਲਈ ਮਦਦ ਕਰਨ ਨੂੰ ਤਿਆਰ ਹੈ ਤਾਂ ਜੋ ਮਾੜੇ ਅਨਸਰਾਂ ਨੂੰੰ ਸਬਕ ਸਿਖਾਇਆ ਜਾ ਸਕੇ। ਪਿੰਡ ਲੋਹਾ ਖੇੜਾ ਦੀ ਸਰਪੰਚ ਗੁਰਮੀਤ ਕੌਰ ਦਾ ਕਹਿਣਾ ਸੀ ਕਿ ਮੰਜੂ ਨੇ ਤਾਂ ਪੂਰੇ ਪਿੰਡ ਦਾ ਸਿਰ ਉੱਚਾ ਕਰ ਦਿੱਤਾ।  ਬਲਾਕ ਸੰਮਤੀ ਮੈਂਬਰ ਸ਼ਿੰਗਾਰਾ ਸਿੰਘ ਦਾ ਕਹਿਣਾ ਸੀ ਕਿ ਪੂਰਾ ਪਿੰਡ ਅੱਜ ਵੀ ਮੰਜੂ ਦੇ ਨਾਲ ਖੜ੍ਹਾ ਹੈ। ਉਸ ਦਾ ਕਹਿਣਾ ਸੀ ਕਿ ਇਸ ਲੜਕੀ ਨੇ ਹਰ ਕੁੜੀ ਨੂੰ ਇੱਕ ਵੱਡਾ ਹੌਸਲਾ ਦਿੱਤਾ ਹੈ। ਸਭ ਇਹੋ ਆਖ ਰਹੇ ਸਨ ਕਿ ਮਨਪ੍ਰੀਤ ਕੌਰ ਮੰਜੂ ਨੇ ਪੰਜਾਬ ਦੀ ਧੀ ਹੋਣ ਦਾ ਸਬੂਤ ਦੇ ਦਿੱਤਾ ਹੈ।
      

Saturday, April 9, 2011

                         ਪਿੰਡ ਪਰੀਆਂ ਦਾ ......
                                ਚਰਨਜੀਤ ਭੁੱਲਰ

                      ''ਚਾਹ ਥੱਲੇ ਦੀ, ਲੜਾਈ ਹੱਲੇ ਦੀ
                   ਤੀਵੀਆਂ 'ਚੋਂ ਤੀਵੀਂ ਪਿੰਡ ਜੋਗੇ ਰੱਲੇ ਦੀ''
ਸੁਹੱਪਣ ਲਈ ਇਹ ਕਹਿਣਾ ਵੀ ਕਾਫੀ ਹੈ। ਇਹ ਦਹਾਕੇ ਪੁਰਾਣੀ ਪ੍ਰਚਲਿਤ ਲੋਕ ਗਾਥਾ ਹੈ।  ਲੋਕ ਗਾਇਕਾ ਜਗਮੋਹਨ ਕੌਰ ਨੇ ਇਹ ਲੋਕ ਤੱਥ ਕਦੇ ਗਾਏ ਸਨ। ਪਿੰਡ ਜੋਗਾ ਤੇ ਰੱਲਾ ਜ਼ਿਲ੍ਹਾ ਮਾਨਸਾ ਦੇ ਵੱਡੇ ਪਿੰਡ ਹਨ। ਦੋਹਾਂ ਪਿੰਡਾਂ ਦੀ ਦੂਰੀ ਦੀ ਵਿੱਥ ਤਾਂ ਹੈ ਪਰ ਸੁਹੱਪਣ ਦੀ ਨਹੀਂ। ਲੋਕ ਗਾਥਾ ਦੇ ਬੋਲ ਇਨ੍ਹਾਂ ਪਿੰਡਾਂ ਦੇ ਸੁਹੱਪਣ ਦੀ ਤਰਜਮਾਨੀ ਕਰਦੇ ਹਨ। ਇਨ੍ਹਾਂ ਦੋਹਾਂ ਪਿੰਡਾਂ ਚੋਂ ਪਰੀਆਂ ਦੇ ਪਿੰਡ ਵਜੋਂ ਜਾਣਿਆਂ ਜਾਂਦਾ ਪਿੰਡ ਰੱਲਾ ਪੰਜਾਬ ਦਾ ਪਹਿਲਾ ਅਜਿਹਾ ਪਿੰਡ ਹੈ, ਜਿਥੇ ਕਿ ਛੇ ਮਹਾਰਾਜੇ ਢੁਕੇ ਸਨ। ਨਾ ਉਹ ਸਮਾਂ ਰਿਹੈ ਤੇ ਨਾ ਹੀ ਦਿਨ। ਰੱਲਾ 'ਚ ਸਭ ਕੁਝ ਬਦਲ ਗਿਆ। ਸੁਹੱਪਣ ਦਾ ਰੰਗ ਹਾਲੇ ਪੂਰਾ ਬਦਲਿਆ ਨਹੀਂ। ਅੱਜ ਪਿੰਡ ਸੰਕਟਾਂ 'ਚ ਹੈ। ਕੋਈ ਬਾਂਹ ਫੜਨ ਵਾਲਾ ਨਹੀਂ। ਕਿਸੇ ਮਹਾਰਾਜੇ ਨੇ ਪਿੰਡ ਦੀ ਸਾਰ ਨਹੀਂ ਲਈ। ਸੁਹੱਪਣ ਅਤੇ ਸਵੱਲੀ ਕੁੱਖ ਕਾਰਨ ਰਾਜ ਕੁਮਾਰਾਂ ਲਈ ਖਿੱਚ ਬਣਿਆ ਇਹ ਪਿੰਡ ਆਪਣੀ ਵਿਲੱਖਣ ਪਰੰਪਰਾ ਤੋਂ ਦੂਰ ਹੋਣ ਲੱਗਾ ਹੈ। ਜਿਨ੍ਹਾਂ ਘਰਾਂ ਵਿਚ ਰਾਜ ਕੁਮਾਰ ਸ਼ਾਨੌ ਸ਼ੌਕਤ ਨਾਲ ਵਿਆਹੇ ਸਨ, ਉਨ੍ਹਾਂ ਘਰਾਂ ਦੀ ਚਮਕ ਨੂੰ ਹੁਣ ਗੁਰਬਤ ਨੇ ਮਧੋਲ਼ ਲਿਆ ਹੈ। ਮਾਲਵੇ ਦੇ ਇਸ ਪਿੰਡ ਦੇ ਉਹ ਵੀ ਦਿਨ ਸਨ ਜਦੋਂ ਰੱਥਾਂ ਵਿਚ ਪੂਰੇ ਬੈਂਡ ਵਾਜਿਆਂ ਨਾਲ ਸ਼ਾਦੀ ਲਈ ਰਾਜ ਕੁਮਾਰ ਇਸ ਪਿੰਡ ਪੁੱਜਦੇ ਸਨ ਪਰ ਅੱਜ ਇਹ ਪਿੰਡ ਭੀੜ ਵਿਚ ਗੁਆਚ ਕੇ ਰਹਿ ਗਿਆ ਹੈ ਰਾਜ ਕੁਮਾਰਾਂ ਵੱਲੋਂ ਪਿੰਡ ਲਈ ਦਿੱਤੇ ਤੋਹਫ਼ੇ ਵੀ ਆਪਣੀ ਸ਼ਾਨ ਗੁਆ ਚੁੱਕੇ ਹਨ ਅਤੇ ਨਵੀਂ ਪੀੜ੍ਹੀ ਤਾਂ ਪਿੰਡ ਦੀ ਪੁਰਾਣੇ ਦਿਨਾਂ ਤੋਂ ਵਾਕਫ਼ ਵੀ ਨਹੀਂ ਰਹੀ ।
            ਪਿੰਡ ਦੀ ਜੂਹ 'ਚ ਜਾ ਕੇ ਹਰ ਪੱਖ ਨੇੜਿਓਂ ਦੇਖਣ ਦੀ ਕੋਸ਼ਿਸ਼ ਕੀਤੀ। ਪਿੰਡ ਵਾਸੀ ਦੱਸਦੇ ਹਨ ਕਿ ਮਹਾਰਾਜਿਆਂ ਦੇ ਖਾਨਦਾਨ ਅੱਜ ਵੀ ਇਸ ਪਿੰਡ ਨਾਲ ਜੁੜੀ ਰਿਸ਼ਤੇਦਾਰੀ ਦਾ ਜ਼ਿਕਰ ਤਾਂ ਕਰਦੇ ਹਨ ਪਰ ਉਨ੍ਹਾਂ ਵੱਲੋਂ ਕਦੇ ਪਿੰਡ ਦੇ ਸਾਰ ਨਹੀਂ ਲਈ ਗਈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹਕੂਮਤ ਵੇਲੇ ਕਈ ਵਾਰ ਇਸ ਇਲਾਕੇ ਦੇ ਦੌਰੇ ਸਮੇਂ ਜਨਤਕ ਤੌਰ 'ਤੇ ਪਿੰਡ ਰੱਲਾ ਨਾਲ ਜੁੜੇ ਸਬੰਧਾਂ ਦਾ ਜਿਕਰ ਕੀਤਾ ਸੀ ਪਰ ਉਨ੍ਹਾਂ ਵੱਲੋਂ ਵੀ ਪਿੰਡ ਦੇ ਵਿਕਾਸ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ।  ਪਿੰਡ ਦੇ ਬਜ਼ੁਰਗਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਿੰਡ ਵਿਚ ਮਹਾਰਾਜਾ ਸਾਹਿਬ ਸਿੰਘ ਅਤੇ ਉਸ ਦਾ ਪੋਤਾ ਵਿਆਹੇ ਸਨ। ਇਸੇ ਤਰ੍ਹਾਂ ਮਹਾਰਾਜਾ ਹੰਢਿਆਇਆ, ਮਹਾਰਾਜਾ ਪਟਿਆਲਾ, ਮਹਾਰਾਜਾ ਨਾਭਾ ਅਤੇ ਮਹਾਰਾਜਾ ਫਰੀਦਕੋਟ ਇਸ ਪਿੰਡ ਵਿਚ ਵਿਆਹੇ ਸਨ। ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਨੇ ਪਿੰਡ ਦੀਆਂ ਲੜਕੀਆਂ ਨੂੰ ਇਹ ਵਰ ਦਿੱਤਾ ਸੀ ਕਿ ਉਹ ਰੱਜੇ ਪੁੱਜੇ ਘਰਾਂ ਦੀ ਸ਼ਾਨ ਬਣਨਗੀਆਂ ਅਤੇ ਕੁੱਖ ਹਮੇਸ਼ਾ ਸਵੱਲੀ ਰਹੇਗੀ। ਜ਼ਿਕਰ ਯੋਗ ਹੈ ਕਿ ਅੱਜ ਤੱਕ ਇਸ ਪਿੰਡ ਦੀ ਕਿਸੇ ਵੀ ਲੜਕੀ ਦੀ ਕੁੱਖ ਖ਼ਾਲੀ ਨਹੀਂ ਰਹੀ। ਬਹੁਤੇ ਬੇ ਔਲਾਦ ਸਰਦਾਰ ਲੋਕੀਂ ਅੱਜ ਵੀ ਇਸ ਪਿੰਡ ਵਿਚ ਰਿਸ਼ਤੇਦਾਰੀ ਪਾਉਣ ਵਿਚ ਦਿਲਚਸਪੀ ਲੈਂਦੇ ਹਨ। ਪਿੰਡ ਵਿਚ 85 ਫੀਸਦੀ ਲੋਕ ਚਹਿਲਾਂ ਗੋਤ ਦੇ ਹਨ। ਲੜਕੀਆਂ ਦੇ ਹੁਸਨ ਦੇ ਮਾਮਲੇ ਵਿਚ ਇਸ ਪਿੰਡ ਦਾ ਕੋਈ ਸਾਨੀ ਨਹੀਂ ਸੀ ਅਤੇ ਇਸੇ ਕਰਕੇ ਲੋਕ ਤੱਥਾਂ ਵਿਚ ਵੀ ਇਸ ਪਿੰਡ ਦੇ ਸੁਹੱਪਣ ਦਾ ਜ਼ਿਕਰ ਆਉਂਦਾ ਹੈ। ਅੱਜ ਬਦਲੇ ਰੰਗਾਂ ਵਿਚ ਇਹ ਪਿੰਡ ਆਪਣੀ ਪੁਰਾਣੀ ਸੁਹੱਪਣ ਵਾਲੀ ਪਰੰਪਰਾ ਬਰਕਰਾਰ ਤਾਂ ਨਹੀਂ ਰੱਖ ਸਕਿਆ ਪਰ ਸਵੱਲੀ ਕੁੱਖ ਦੀ ਹਾਲੇ ਵੀ ਮਾਨਤਾ ਬਣੀ ਹੋਈ ਹੈ।
            ਬਜ਼ੁਰਗ ਦੱਸਦੇ ਹਨ ਕਿ ਮਹਾਰਾਜਾ ਪਟਿਆਲਾ ਜਿਸ ਦਿਨ ਪਿੰਡ ਵਿਚ ਢੁਕਿਆ ਤਾਂ ਪਿੰਡ ਦੀਆਂ ਲੜਕੀਆਂ ਨੇ ਰਾਜ ਕੁਮਾਰ ਦੀ ਜੁੱਤੀ ਵਿਆਹ ਮੌਕੇ ਲਕੋ ਲਈ। ਜੁੱਤੀ ਲੜਕੀਆਂ ਨੇ ਉਦੋਂ ਦਿੱਤੀ ਜਦੋਂ ਰਾਜ ਕੁਮਾਰ ਨੇ ਪਿੰਡ ਵਿਚ ਵੱਡਾ ਖੂਹ ਲਾਉਣ ਦਾ ਵਾਅਦਾ ਕੀਤਾ ਕਿਉਂਕਿ ਇਲਾਕੇ ਵਿਚ ਪਾਣੀ ਦੀ ਕਾਫੀ ਦਿੱਕਤ ਸੀ। ਸੱਤ ਵਿੱਡਾ ਖੂਹ ਅੱਜ ਲੋਕਾਂ ਨੇ ਬੰਦ ਕਰ ਦਿੱਤਾ ਹੈ। ਇੱਕ ਬਿਰਧ ਮਾਈ ਦੱਸਦੀ ਹੈ ਕਿ ਪਿੰਡ ਵਿਚ ਚਾਰ ਬੁਰਜਾਂ ਵਾਲਾ ਕੱਚਾ ਕਿਲ੍ਹਾ ਸੀ ਅਤੇ ਕਿਲ੍ਹੇ 'ਤੇ ਪਹਿਰੇ ਲੱਗਦੇ ਸਨ। ਅੱਜ ਇਹ ਕਿਲ੍ਹਾ ਵੀ ਗੁਆਚ ਚੱਕਾ ਹੈ ਅਤੇ ਕੋਈ ਨਿਸ਼ਾਨੀ ਵੀ ਕਿਲ੍ਹੇ ਦੀ ਨਹੀਂ ਬਚੀ। ਮਹਾਰਾਜਾ ਨਾਭਾ ਵੱਲੋਂ ਪਿੰਡ ਵਿਚ ਢੁਕਣ ਉਪਰੰਤ ਜੋ ਸ਼ਾਹੀ ਗੇਟ ਬਣਾਇਆ ਗਿਆ, ਉਹ ਵੀ ਢਹਿ ਗਿਆ ਸੀ ਪਰ ਹੁਣ ਇਸ ਨੂੰ ਲੋਕਾਂ ਨੂੰ ਬਚਾ ਲਿਆ ਹੈ। ਮਹਾਰਾਜਿਆਂ ਨੇ ਇਸ ਪਿੰਡ ਦੇ ਬਹੁਤੇ ਲੋਕਾਂ ਦੇ ਮਾਲੀਏ ਵੀ ਮੁਆਫ਼ ਕੀਤੇ ਹੋਏ ਸਨ। ਮਹਾਰਾਜਾ ਨਾਭਾ ਦੇ ਖਾਨਦਾਨ ਵੱਲੋਂ ਅੱਜ ਵੀ ਪਿੰਡ ਰੱਲਾ ਦੇ ਵਾਸੀਆਂ ਨੂੰ ਪੂਰਾ ਇੱਜ਼ਤ ਮਾਣ ਦਿੱਤਾ ਜਾਂਦਾ ਹੈ। ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਜੀ ਸਰ ਰੂੜ ਸਿੰਘ ਵੀ ਇਸੇ ਪਿੰਡ ਵਿਚ ਵਿਆਹੇ ਹੋਏ ਸਨ।
             ਇਸ ਪਿੰਡ ਦੀਆਂ ਚਹਿਲਾਂ ਦੀਆਂ ਲੜਕੀਆਂ, ਜੋ ਇਨ੍ਹਾਂ ਰਾਜਕੁਮਾਰਾਂ ਨਾਲ ਵਿਆਹੀਆਂ ਗਈਆਂ, ਉਨ੍ਹਾਂ ਦਾ ਵੰਸ਼ ਤਾਂ ਅੱਜ ਸ਼ਾਹੀ ਚਾਵਾਂ ਵਿਚ ਹੈ ਪਰ ਉਨ੍ਹਾਂ ਲੜਕੀਆਂ ਦੇ ਪੇਕੇ ਘਰ ਵਾਲਿਆਂ ਦੀ ਜੋ ਅੱਜ ਹਾਲਤ ਹੈ, ਉਹ ਕਾਫੀ ਮਾੜੀ ਹੈ। ਕਰੀਬ 50 ਵਰ੍ਹਿਆਂ ਦਾ ਗੁਰਚਰਨ ਸਿੰਘ ਦੱਸਦਾ ਹੈ ਕਿ ਉਸ ਦੀ ਸੱਤਵੀਂ ਪੀੜ੍ਹੀ ਵਿਚ ਮਹਾਰਾਜਾ ਪਟਿਆਲਾ ਵਿਆਹਿਆ ਸੀ। ਉਹ ਮਾਣ ਤਾਂ ਕਰਦਾ ਹੈ ਕਿ ਉਸ ਦਾ ਰਿਸ਼ਤਾ ਸ਼ਾਹੀ ਖਾਨਦਾਨ ਨਾਲ ਜੁੜਿਆ ਹੋਇਆ ਹੈ ਪਰ ਉਹ ਆਪਣੀ ਅੱਜ ਦੀ ਤਰਸਮਈ ਜ਼ਿੰਦਗੀ 'ਤੇ ਅਫਸੋਸ ਵੀ ਜ਼ਾਹਿਰ ਕਰਦਾ ਹੈ। ਉਹ ਛੇ ਏਕੜ ਜ਼ਮੀਨ ਦਾ ਮਾਲਕ ਹੈ ਜਿਸ ਵਿਚੋਂ ਪੈਦਾਵਾਰ ਕਰਨ ਲਈ ਮੋਟਰ ਵੀ ਇਕੱਲੇ ਨੂੰ ਨਸੀਬ ਨਹੀਂ ਹੋਈ। ਉਹ ਆਖਦਾ ਹੇ ਕਿ ਦਿਨ ਕਟੀ ਹੀ ਹੋ ਰਹੀ ਹੈ ਅਤੇ ਉਸ ਦਾ ਅੱਧਾ ਕੱਚਾ ਪੱਕਾ ਮਕਾਨ ਉਸ ਦੀ ਮਾਲੀ ਹਾਲਤ ਦੀ ਗਵਾਹੀ ਭਰਦਾ ਹੈ। ਸ਼ਾਹੀ ਖਾਨਦਾਨ ਨਾਲ ਜੁੜੇ ਤੰਦਾਂ ਅਤੇ ਉਸ ਦੇ ਘਰ ਦੇ ਹਾਲਾਤ ਨੂੰ ਦੇਖੀਏ ਤਾਂ ਕੋਈ ਮੇਲ ਨਹੀਂ । ਉਹ ਆਖਦਾ ਹੈ ਕਿ ਉਹ ਤਾਂ ਆਪਣੇ ਬੱਚਿਆਂ ਨੂੰ ਵੀ ਕਿਸੇ ਚੰਗੇ ਸਕੂਲ ਵਿਚ ਨਹੀਂ ਪਾ ਸਕਿਆ। ਇਸੇ ਤਰ੍ਹਾਂ ਅਜਮੇਰ ਸਿੰਘ ਦੀ ਹਾਲਤ ਵੀ ਕੋਈ ਚੰਗੀ ਨਹੀਂ ਹੈ। ਉਸ ਦੇ ਪੁਰਾਣੀ ਪੀੜ੍ਹੀ ਦੇ ਸਬੰਧ ਵੀ ਸ਼ਾਹੀ ਵਿਰਾਸਤ ਨਾਲ ਜੁੜੇ ਹੋਏ ਸਨ। ਉਸ ਕੋਲ ਤਾਂ ਗੁਜ਼ਾਰੇ ਲਾਇਕ ਜ਼ਮੀਨ ਵੀ ਨਹੀਂ ਰਹੀ। ਪਿੰਡ ਦਾ ਕੋਈ ਵੀ ਬਜ਼ੁਰਗ ਪੁਰਾਣੇ ਵੇਰਵੇ ਨਾ ਦੇ ਸਕਿਆ ਪਰ ਛੇ ਰਾਜੇ ਢੁਕਣ ਵਾਲੀ ਗੱਲ ਹਰ ਦੀ ਜ਼ੁਬਾਨ 'ਤੇ ਹੈ।
              ਪੁਰਾਣੇ ਲੋਕੀ ਦੱਸਦੇ ਹਨ ਕਿ ਪਿੰਡ ਰੱਲਾ ਦੇ ਲੋਕਾਂ ਨੂੰ ਪਰੀਆਂ ਦੀ ਔਲਾਦ ਵੀ ਕਿਹਾ ਜਾਂਦਾ ਰਿਹਾ ਹੈ ਕਿਉਂਕਿ ਦੇਸ਼ ਦਾ ਇਰਾਨ,ਇਰਾਕ ਅਤੇ ਅਫ਼ਗਾਨਿਸਤਾਨ ਨਾਲ ਵਪਾਰ ਗੱਡਿਆਂ ਰਾਹੀਂ ਇਸ ਪਿੰਡ ਦੇ ਰਸਤੇ ਰਾਹੀਂ ਹੁੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀਆਂ ਲੜਕੀਆਂ ਦੀ ਸਵੱਲੀ ਕੁੱਖ ਹੈ ਜਿਸ ਨੂੰ ਬਹੁਤੇ ਪਰਿਵਾਰ ਅੱਜ ਵੀ ਮਾਨਤਾ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਸ਼ਾਹੀ ਸ਼ਾਨੌ ਸ਼ੌਕਤ 'ਚ ਰਹੇ ਇਸ ਪਿੰਡ ਦੀ ਛੋਟੀ ਕਿਸਾਨੀ ਅੱਜ ਧਾਹਾਂ ਮਾਰ ਮਾਰ ਕੇ ਰੋ ਰਹੀ ਹੈ ਅਤੇ ਕੋਈ ਉਸ ਦੀ ਬਾਂਹ ਫੜਨ ਵਾਲਾ ਨਹੀਂ ਹੈ। ਇਥੋਂ ਤੱਕ ਸ਼ਾਹੀ ਖਾਨਦਾਨ ਨਾਲ ਜੁੜੇ ਲੋਕਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ। ਪੰਜਾਬ ਵਿਚ ਮਹਾਰਾਜਾ ਪਟਿਆਲਾ ਦੀ ਸਰਕਾਰ ਵੀ ਰਹੀਂ ਪਰ ਉਸ ਸਰਕਾਰ ਨੇ ਵੀ ਪਿੰਡ ਰੱਲਾ ਨਾਲ ਸਾਂਝ ਨਹੀਂ ਨਿਭਾਈ ਅਤੇ ਪਿੰਡ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਸ਼ਾਹੀ ਖਾਨਦਾਨ ਨਾਲ ਜੁੜੇ ਪਰਿਵਾਰਾਂ ਨੇ ਵੀ ਉਮੀਦ ਲਾ ਰੱਖੀ ਸੀ ਪਰ ਸਭ ਦੇ ਪੱਲੇ ਨਿਰਾਸ਼ਾ ਹੀ ਪਈ। ਉਂਝ ਇਹ ਪਿੰਡ ਅਤੇ ਸ਼ਾਹੀ ਖਾਨਦਾਨ ਨਾਲ ਸਬੰਧਿਤ ਰਹੇ ਪਿੰਡ ਦੇ ਲੋਕ ਪੁਰਾਣੇ ਰਾਹਾਂ ਦੀ ਤਲਾਸ਼ ਵਿਚ ਇਕ ਨਵੀਂ ਸਵੇਰ ਵੀ ਉਮੀਦ ਕਰ ਰਹੇ ਹਨ।
                                                           ਰੱਲਾ ਨਹੀਂ ਕੱਲਾ 
ਪਿੰਡ ਰੱਲਾ ਕੱਲਾ ਨਹੀਂ। ਪੂਰੇ 40 ਪਿੰਡ ਹਨ ਜੋ ਪਿੰਡ ਰੱਲਾ ਚੋਂ ਬੱਝੇ ਹਨ। ਪਿੰਡ ਦੇ ਆਸ ਪਾਸ ਦੇ ਪਿੰਡ  ਸਭ ਰੱਲਾ ਪਿੰਡ ਚੋਂ ਹੀ ਨਿਕਲੇ ਹਨ। ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਜੋਗਾ ਅਤੇ ਰੱਲਾ ਨਾਮ ਦੇ ਦੋ ਭਰਾ ਸਨ ਜੋ ਕਿ ਮੌਜੂਦਾ ਦੋਹਾਂ ਪਿੰਡਾਂ ਦੇ ਵਿਚਕਾਰ ਟਿੱਬਿਆਂ ਤੇ ਬੈਠੇ ਸਨ। ਦੋਹਾਂ ਭਰਾਵਾਂ ਦਾ ਜਦੋਂ ਆਪਸ ਵਿੱਚ ਝਗੜਾ ਹੋ ਗਿਆ ਤਾਂ ਦੋਹੇ ਇੱਕ ਦੂਸਰੇ ਤੋਂ ਦੂਰ ਹੋ ਗਏ। ਜਿਥੇ ਰੱਲਾ ਬੈਠਿਆ ,ਉਸ ਦਾ ਪਿੰਡ ਦਾ ਨਾਮ ਰੱਲਾ ਪੈ ਗਿਆ ਅਤੇ ਇਸੇ ਤਰ੍ਹਾਂ ਪਿੰਡ ਜੋਗਾ ਦਾ ਨਾਮ ਪਿਆ। ਦੱਸਦੇ ਹਨ ਕਿ ਜਦੋਂ ਦੋਹੇ ਭਰਾ ਇਕੱਠੇ ਸਨ ਤਾਂ ਉਦੋਂ ਰੱਲਾ ਨੇ ਸਾਧੂ ਸੰਤਾਂ ਦੀ ਬੜੀ ਸੇਵਾ ਕੀਤੀ। ਸੇਵਾ ਤੋਂ ਖੁਸ਼ ਹੋ ਕੇ ਸਾਧੂਆਂ ਨੇ ਰੱਲਾ ਨੂੰ ਵਰ ਦਿੱਤਾ ਕਿ ਉਹ ਬਹੁਤ ਵਧੇ ਫੁੱਲੇਗਾ ਅਤੇ ਜੋਗਾ ਨੂੰ ਇਹ ਆਖਿਆ ਕਿ ਉਹ ਕੇਵਲ ਆਪਣੇ ਜੋਗੇ ਹੀ ਰਹੇਗਾ। ਇਸੇ ਵਜੋਂ ਰੱਲਾ ਚੋਂ ਕਈ ਪਿੰਡ ਬੱਝੇ ਅਤੇ ਜੋਗਾ ਕੇਵਲ ਪਿੰਡ ਜੋਗਾ ਤੱਕ ਹੀ ਸੀਮਿਤ ਰਿਹਾ। ਪਿੰਡ ਰੱਲਾ 'ਚ ਕਰੀਬ 1450 ਘਰ ਹਨ ਅਤੇ 5900 ਦੇ ਕਰੀਬ ਪਿੰਡ ਦੀ ਵੋਟ ਹੈ। ਪਿੰਡ 'ਚ ਲੜਕੀਆਂ ਅਤੇ ਲੜਕਿਆਂ ਦੇ ਦੋ ਵੱਖੋ ਵੱਖਰੇ ਜਮ੍ਹਾਂ ਦੋ ਤੱਕ ਦੇ ਸਕੂਲ ਹਨ। ਪਿੰਡ ਦੇ ਵਸਨੀਕ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਦੀਆਂ ਲੜਕੀਆਂ ਅੱਜ ਵੀ ਸੁਹੱਪਣ ਪੱਖੋਂ ਘੱਟ ਨਹੀਂ ਅਤੇ ਪਿੰਡ ਦੀਆਂ ਲੜਕੀਆਂ ਪੜ੍ਹੀਆਂ ਲਿਖੀਆਂ ਹਨ। ਵੱਡੀ ਗਿਣਤੀ ਵਿੱਚ ਲੜਕੀਆਂ ਗਰੈਜੂਏਟ ਹਨ। ਪਿੰਡ 'ਚ ਕਰੀਬ ਅੱਧੀ ਦਰਜਨ ਪੱਤੀਆਂ ਹਨ। ਧਾਰਮਿਕ ਖਿਆਲਾਂ ਵਾਲੇ ਪਿੰਡ ਦੇ ਲੋਕ ਹਨ। ਪਿੰਡ ਵਿੱਚ ਯੂਨੀਵਰਸਿਟੀ ਕੈਂਪਸ ਬਣ ਗਿਆ ਹੈ ਅਤੇ ਪਿੰਡ ਵਾਲਿਆਂ ਨੇ 100 ਏਕੜ ਪੰਚਾਇਤੀ ਜ਼ਮੀਨ ਦਾਨ ਵਜੋਂ ਦਿੱਤੀ ਹੈ। ਪਿੰਡ ਵਿੱਚ ਸਿਹਤ ਸਹੂਲਤਾਂ ਵੀ ਹਨ। ਉਂਜ ਤਾਂ ਪਿੰਡ ਦੇ ਲੋਕ ਨਸ਼ੇ ਪੱਤੇ ਤੋਂ ਰਹਿਤ ਹਨ ਪ੍ਰੰਤੂ ਪਿੰਡ ਲਾਗੇ ਇੱਕ ਡੇਰੇ ਵਿੱਚ ਸ਼ਰਾਬ ਚੜ੍ਹਨ ਕਰਕੇ ਨਸ਼ਾ ਪਿੰਡ ਨੂੰ ਪ੍ਰਭਾਵਿਤ ਕਰ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪੁਰਾਣੀ ਕਹਾਵਤ ਹੈ ਕਿ ਪਿੰਡ ਦੀਆਂ ਔਰਤਾਂ ਦੀ ਕੁੱਖ ਸੁਲੱਖਣੀ ਹੈ ਤੇ ਇਸੇ ਕਰਕੇ ਮਹਾਰਾਜੇ ਲੋਕਾਂ ਨੇ ਵੀ ਇਸ ਪਿੰਡ ਦੀ ਆਸਰਾ ਲਿਆ ਸੀ।
            

Friday, April 8, 2011

                   ਬੱਬਰਾਂ ਤੋਂ ਡੇਰਾ ਮੁਖੀ ਨੂੰ ਖਤਰਾ
                                   ਚਰਨਜੀਤ ਭੁੱਲਰ
ਬਠਿੰਡਾ : ਬੱਬਰਾਂ ਤੋਂ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਦੀ ਜਾਨ ਨੂੰ ਖਤਰਾ ਹੈ। ਇੰਟੈਂਲੀਜੈਂਸ ਬਿਊਰੋ (ਆਈ.ਬੀ) ਨੇ ਡੀ.ਜੀ.ਪੀ ਪੰਜਾਬ ਨੂੰ ਗੁਪਤ ਪੱਤਰ ਲਿਖ ਕੇ ਇਹ ਭੇਤ ਖੋਲ੍ਹਿਆ ਹੈ। ਅੱਗਿਓਂ ਡੀ.ਜੀ.ਪੀ ਨੇ ਜ਼ਿਲ੍ਹਾ ਪੁਲੀਸ ਕਪਤਾਨਾਂ ਨੂੰ ਪੱਤਰ ਭੇਜ ਕੇ ਅਲਰਟ ਕਰ ਦਿੱਤਾ ਹੈ। ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਿਸ਼ਾਨੇ 'ਤੇ ਡੇਰਾ ਮੁਖੀ ਤੋਂ ਬਿਨ੍ਹਾਂ ਸਾਬਕਾ ਪੁਲੀਸ ਮੁਖੀ ਕੇ.ਪੀ.ਐਸ.ਗਿੱਲ ਵੀ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੀ ਬੱਬਰਾਂ ਦੇ ਨਿਸ਼ਾਨੇ 'ਤੇ ਹਨ। ਖੁਫ਼ੀਆ ਪੱਤਰ 'ਚ ਇਨ੍ਹਾਂ ਚਾਰੋ ਜਣਿਆ ਦਾ ਜ਼ਿਕਰ ਕੀਤਾ ਗਿਆ ਹੈ। ਬੱਬਰ ਖਾਲਸਾ ਉਹੀ ਅੱਤਵਾਦੀ ਜਥੇਬੰਦੀ ਹੈ ਜਿਸ ਦੇ ਮਨੁੱਖੀ ਬੰਬ ਦਿਲਾਵਰ ਸਿੰਘ ਵਲੋਂ ਅਗਸਤ 1995 'ਚ ਸਿਵਲ ਸਕੱਤਰੇਤ ਦੇ ਬਾਹਰ ਬੇਅੰਤ ਸਿੰਘ ਦਾ ਕਤਲ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਤਰਫ਼ੋਂ ਇਸ ਜਥੇਬੰਦੀ ਨੂੰ ਪਾਬੰਦੀ ਸੁਦਾ ਜਥੇਬੰਦੀਆਂ ਦੀ ਸੂਚੀ 'ਚ ਸ਼ਾਮਲ ਕੀਤਾ ਹੋਇਆ ਹੈ। ਡੇਰਾ ਸਿੱਖ ਵਿਵਾਦ ਮਗਰੋਂ ਹੀ ਡੇਰਾ ਸਿਰਸਾ ਦੇ ਮੁਖੀ ਬੱਬਰਾਂ ਦੇ ਨਿਸ਼ਾਨੇ 'ਤੇ ਆਏ ਹਨ। ਡੇਰਾ ਮੁਖੀ ਨੂੰ ਕੇਂਦਰੀ ਅਤੇ ਹਰਿਆਣਾ ਸਰਕਾਰ ਤਰਫ਼ੋਂ ਸੁਰੱਖਿਆ ਮਿਲੀ ਹੋਈ ਹੈ। ਪਤਾ ਲੱਗਾ ਹੈ ਕਿ ਏਸ ਚੇਤਾਵਨੀ ਮਗਰੋਂ ਸੁਰੱਖਿਆ ਦਾ ਘੇਰਾ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ। ਪ੍ਰਾਈਵੇਟ ਸੁਰੱਖਿਆ ਵੀ ਨਾਲੋਂ ਨਾਲੋਂ ਚੱਲ ਰਹੀ ਹੈ। ਡੇਰਾ ਮੁਖੀ ਨੂੰ ਵੀ ਚੌਕੰਨਾ ਕੀਤਾ ਗਿਆ ਹੈ ਕਿ ਉਹ ਲੋਕ ਘੇਰੇ 'ਚ ਸਿੱਧੇ ਨਾ ਜਾਣ। ਆਈ.ਬੀ ਦੀ ਚੇਤਾਵਨੀ ਮਗਰੋਂ ਡੇਰਾ ਮੁਖੀ ਵਲੋਂ ਕੀਤੇ ਜਾਂਦੇ ਸਤਸੰਗ ਪ੍ਰੋਗਰਾਮਾਂ 'ਚ ਕਮੀ ਵੀ ਆ ਸਕਦੀ ਹੈ। ਕੋਈ ਵੀ ਅਣਜਾਣ ਡੇਰਾ ਪੈਰੋਕਾਰ ਦੇ ਰੂਪ 'ਚ ਸਤਸੰਗ ਪ੍ਰੋਗਰਾਮਾਂ 'ਚ ਦਾਖਲ ਹੋ ਸਕਦਾ ਹੈ ਜਿਸ ਕਰਕੇ ਪੈਰੋਕਾਰਾਂ ਤੋਂ ਵੀ ਡੇਰਾ ਮੁਖੀ ਨੂੰ ਦੂਰੀ ਰੱਖਣੀ ਪਏਗੀ। ਹਰਿਆਣਾ ਦੇ ਡੀ.ਜੀ.ਪੀ ਨੂੰ ਵੀ ਇਹ ਗੁਪਤ ਪੱਤਰ ਭੇਜਿਆ ਗਿਆ ਹੈ।
          ਆਈ.ਬੀ ਨੇ ਖੁਲਾਸਾ ਕੀਤਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣ ਖਾਤਰ ਯੂਨੀਕ ਤਰੀਕਾ ਬੱਬਰ ਵਰਤ ਸਕਦੇ ਹਨ। ਜਨਤਿਕ ਰੈਲੀਆਂ ਦੇ ਮੌਕੇ ਨੂੰ ਬੱਬਰ ਵਰਤ ਸਕਦੇ ਹਨ। ਉਨ੍ਹਾਂ ਵਲੋਂ ਇਲੈਕਟ੍ਰੋਨਿਕ ਯੰਤਰਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਉਚੇਚੇ ਤੌਰ 'ਤੇ ਆਖਿਆ ਗਿਆ ਹੈ ਜਦੋਂ ਕਿ ਇਹ ਸਿੱਖ ਲੀਡਰ ਪੇਂਡੂ ਇਲਾਕਿਆਂ ਅਤੇ ਖਾਸ ਕਰਕੇ ਸਿੱਖ ਵਸੋਂ ਵਾਲੇ ਖੇਤਰਾਂ 'ਚ ਜਨਤਿਕ ਰੈਲੀਆਂ 'ਚ ਜਾਣ ਤਾਂ ਉਦੋਂ ਮੁਸਤੈਦੀ ਵਰਤੀ ਜਾਵੇ। ਬਾਦਲਾਂ ਨੂੰ ਟਾਰਗੈਟ ਕਰਨ ਲਈ ਜਰਮਨੀ 'ਚ ਮੀਟਿੰਗ ਹੋਈ ਦੱਸੀ ਜਾ ਰਹੀ ਹੈ। ਚੇਤਾਵਨੀ ਆਈ ਹੈ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਯੂਰਪ ਦੇ ਦੌਰੇ ਤੋਂ ਵੀ ਗੁਰੇਜ਼ ਕਰਨ ਵਾਸਤੇ ਆਖਿਆ ਗਿਆ ਹੈ ਕਿਉਂਕਿ ਬੱਬਰਾਂ ਨੇ ਇੱਕ ਤਰ੍ਹਾਂ ਇਹ ਐਲਾਨ ਹੀ ਕੀਤਾ ਹੋਇਆ ਹੈ ਕਿ ਉਹ ਬਾਦਲਾਂ ਨੂੰ ਨਿਸ਼ਾਨਾ ਬਣਾਉਣਗੇ। ਆਈ.ਬੀ ਦੇ ਡਾਇਰੈਕਟਰ ਰਾਜੀਵ ਮਾਥੂਰ ਲੰਘੇ ਵਰ੍ਹੇ ਦੇ ਅਗਸਤ ਮਹੀਨੇ 'ਚ ਇਹ ਜਾਣੂ ਕਰਾ ਚੁੱਕੇ ਹਨ ਕਿ ਸਿੱਖ ਅੱਤਵਾਦੀ ਧਿਰਾਂ ਵਲੋਂ ਪੰਜਾਬ 'ਚ ਮੁੜ ਅੱਤਵਾਦ ਸੁਰਜੀਤ ਕਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਕੌਮਾਂਤਰੀ ਅਧਾਰ ਵਾਲੇ ਇਸ ਸਿੱਖ ਅੱਤਵਾਦੀ ਗਰੁੱਪ ਨੇ ਲਸ਼ਕਰੇ ਤੋਇਬਾ ਨਾਲ ਸੰਧੀ ਬਣਾਈ ਹੋਈ ਹੈ। ਆਈ.ਬੀ ਨੇ ਇੱਥੋਂ ਤੱਕ ਆਖਿਆ ਕਿ ਇਸ ਕੰਮ ਵਾਸਤੇ ਦੋ ਵਿਅਕਤੀਆਂ ਨੂੰ ਨੇਪਾਲ ਵੀ ਭੇਜਿਆ ਜਾ ਚੁੱਕਾ ਹੈ। ਆਈ.ਬੀ ਦੇ ਇਸ ਖ਼ੁਲਾਸੇ ਮਗਰੋਂ ਨਿਸ਼ਾਨੇ 'ਤੇ ਆਏ ਵੀ.ਆਈ.ਪੀਜ਼ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
                                            ਬਾਦਲ ਪਰਿਵਾਰ ਦੀ ਸੁਰੱਖਿਆ ਵਧਾਈ
ਪੰਜਾਬ ਪੁਲੀਸ ਨੇ ਆਈ.ਬੀ ਦੀ ਚੇਤਾਵਨੀ ਮਗਰੋਂ ਬਾਦਲ ਪਰਿਵਾਰ ਦਾ ਸੁਰੱਖਿਆ ਘੇਰਾ ਵਧਾ ਦਿੱਤਾ ਹੈ। ਪੁਲੀਸ ਵਲੋਂ ਪਿੰਡ ਬਾਦਲ 'ਚ ਉਨ੍ਹਾਂ ਦੀ ਰਿਹਾਇਸ਼ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਖਾਸ ਕਰਕੇ ਹੁਣ ਜੋ ਉਪ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਵਲੋਂ  ਜਨਤਿਕ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ 'ਚ ਬਾਦਲਾਂ ਦੀ ਆਮ ਲੋਕਾਂ ਤੋਂ ਦੂਰੀ ਰੱਖੀ ਜਾ ਰਹੀ ਹੈ। ਪੰਜਾਬ ਪੁਲੀਸ ਵਲੋਂ ਸਿਵਲ ਕੱਪੜਿਆਂ 'ਚ ਪੁਲੀਸ ਦੀ ਤਾਇਨਾਤੀ ਵਧਾਈ ਗਈ ਹੈ। ਪਤਾ ਲੱਗਾ ਹੈ ਕਿ ਪੁਰਾਣੇ ਅੱਤਵਾਦੀ ਗਰੁੱਪਾਂ ਦੀਆਂ ਐਲਬਮਾਂ ਨੂੰ ਮੁੜ ਵਾਚਿਆ ਜਾ ਰਿਹਾ ਹੈ। ਮਹਿਲਾ ਪੁਲੀਸ ਦੀ ਨਫ਼ਰੀ ਵੀ ਨਾਲੋਂ ਨਾਲ ਸੁਰੱਖਿਆ 'ਚ ਵਧਾ ਦਿੱਤੀ ਗਈ ਹੈ। ਜਨਤਿਕ ਰੈਲੀਆਂ ਦੌਰਾਨ ਬਣਾਈ ਜਾਂਦੀ ਡੀ 'ਤੇ ਸੁਰੱਖਿਆ ਕਾਫੀ ਮਜ਼ਬੂਤ ਕੀਤੀ ਗਈ ਹੈ। ਰੈਲੀਆਂ 'ਚ ਆਉਣ ਵਾਲੇ ਲੋਕਾਂ ਦੀ ਦੋਹਰੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਹੈ। ਹਰ ਅਨਜਾਣੇ ਵਿਅਕਤੀ ਦੀ ਪੁੱਛ-ਗਿੱਛ ਕੀਤੀ ਜਾਂਦੀ ਹੈ। ਬਠਿੰਡਾ ਜ਼ਿਲ੍ਹੇ 'ਚ ਅੱਜ ਜਦੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਚਰੇ ਤਾਂ ਉਨ੍ਹਾਂ ਦੇ ਸੁਰੱਖਿਆ ਘੇਰੇ ਦੀ ਮਜਬੂਰੀ ਨਜ਼ਰ ਆਈ। ਉਨ੍ਹਾਂ ਦੇ ਜਨਤਿਕ ਪ੍ਰੋਗਰਾਮਾਂ 'ਚ ਪੁਲੀਸ ਦੀ ਨਫ਼ਰੀ ਵੀ ਜਿਆਦਾ ਤਾਇਨਾਤ ਕੀਤੀ ਜਾ ਰਹੀ ਹੈ। ਸਟੇਜ ਲਾਗਲੀ ਡੀ ਦੇ ਆਸ ਪਾਸ ਬੈਠੇ ਲੋਕਾਂ 'ਤੇ ਖਾਸ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਗਈ ਹੈ। ਅੱਗੇ ਵਿਸਾਖੀ ਮੇਲੇ 'ਤੇ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਹੈ। ਆਈ.ਬੀ ਦੀ ਚੇਤਾਵਨੀ ਦੇ ਮੱਦੇ-ਨਜ਼ਰ ਵਿਸਾਖੀ ਮੇਲੇ 'ਤੇ ਸੁਰੱਖਿਆ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।

Thursday, April 7, 2011

       ਚਾਰ ਹਜ਼ਾਰ ਪੇਂਡੂ ਕਲੱਬ 'ਸਵਰਗਵਾਸ'
                                ਚਰਨਜੀਤ ਭੁੱਲਰ
ਬਠਿੰਡਾ : ਪੰਜਾਬ 'ਚ ਚਾਰ ਹਜ਼ਾਰ ਪੇਂਡੂ ਕਲੱਬ 'ਸਵਰਗਵਾਸ' ਹੋ ਗਏ ਹਨ। ਇਹ ਕਲੱਬ ਆਪਣੀ ਮੌਤ ਨਹੀਂ ਮਰੇ ਬਲਕਿ ਉਨ੍ਹਾਂ ਨੂੰ ਦਮ ਘੁੱਟ ਕੇ ਮਾਰਿਆ ਗਿਆ ਹੈ। ਕਲੱਬਾਂ ਨੂੰ ਮਾਰਨ ਵਾਲੇ ਉਹ ਲੋਕ ਹਨ ਜਿਨ੍ਹਾਂ ਨੇ ਪਹਿਲਾਂ ਪੰਚਾਇਤਾਂ ਵੰਡੀਆਂ, ਗੁਰੂ ਘਰ ਵੰਡੇ ਤੇ ਫਿਰ ਸ਼ਮਸ਼ਾਨ ਘਾਟ ਵੀ। ਸਾਲ 2001 'ਚ ਪੇਂਡੂ ਕਲੱਬਾਂ 'ਤੇ ਪਹਿਲਾ ਹੱਲਾ ਹੋਇਆ ਸੀ। ਉਦੋਂ ਤਤਕਾਲੀ ਅਕਾਲੀ ਹਕੂਮਤ ਨੇ ਸੰਗਤ ਦਰਸ਼ਨਾਂ 'ਚ 'ਸਿਆਸੀ ਕਲੱਬ' ਬਣਾਏ ਹਨ ਜਿਨ੍ਹਾਂ ਨੂੰ ਫੰਡਾਂ ਦੇ ਗੱਫੇ ਦਿੱਤੇ ਗਏ ਸਨ। ਮਗਰੋਂ ਕੈਪਟਨ ਸਰਕਾਰ ਨੇ ਵੀ 'ਆਪਣਿਆਂ' ਦੇ ਸਿਆਸੀ ਕਲੱਬ ਬਣਾ ਕੇ ਉਨ੍ਹਾਂ ਨੂੰ ਮਾਲਾ ਮਾਲ ਕੀਤਾ। ਭਾਵੇਂ ਇਨ੍ਹਾਂ ਨੂੰ ਨੌਜਵਾਨਾਂ ਦੇ ਕਲੱਬਾਂ ਦਾ ਨਾਮ ਦਿੱਤਾ ਗਿਆ ਪ੍ਰੰਤੂ ਇਨ੍ਹਾਂ ਕਲੱਬਾਂ ਨੂੰ ਰਾਤੋਂ ਰਾਤ ਬਣਾਇਆ ਗਿਆ ਸੀ। ਉਹ ਵੀ ਕੇਵਲ ਸਰਕਾਰੀ ਫੰਡ ਦੇਣ ਲਈ। ਪ੍ਰਮੁੱਖ ਸਿਆਸੀ ਧਿਰਾਂ ਨੇ ਉਨ੍ਹਾਂ ਪੇਂਡੂ ਕਲੱਬਾਂ ਨੂੰ ਵਿਸਾਰ ਦਿੱਤਾ ਜੋ ਸਿਆਸਤ ਤੋਂ ਰਹਿਤ ਸਨ। ਇਨ੍ਹਾਂ ਸਿਆਸੀ ਕਲੱਬਾਂ ਨੂੰ ਉੱਚਾ ਚੁੱਕਣਾ ਸ਼ੁਰੂ ਕਰ ਦਿੱਤਾ। ਕਰੀਬ ਇੱਕ ਦਹਾਕੇ 'ਚ ਹੀ ਪੇਂਡੂ ਕਲੱਬ ਦਮ ਤੋੜ ਗਏ। ਜਿਨ੍ਹਾਂ 'ਚ ਮਾਰ ਝੱਲਣ ਦੀ ਹਿੰਮਤ ਸੀ,ਉਹ ਅੱਜ ਵੀ ਜਿੰਦਾ ਹਨ। ਜੋ ਕਲੱਬ ਹੁਣ ਮਰ ਮੁੱਕੇ ਚੁੱਕੇ ਹਨ, ਉਨ੍ਹਾਂ ਚੋਂ ਪੰਜਾਹ ਫੀਸਦੀ ਕਲੱਬ ਇਕੱਲੇ ਮਾਲਵਾ ਖ਼ਿੱਤੇ ਦੇ ਹਨ,ਜਿਥੇ ਨਸ਼ਿਆਂ ਦੇ ਹੜ੍ਹ ਵਹਿ ਰਹੇ ਹਨ। ਸਿਆਸੀ ਕਲੱਬਾਂ ਦੀ ਭੀੜ ਨੇ ਇਨ੍ਹਾਂ ਪੇਂਡੂ ਕਲੱਬਾਂ ਨੂੰ ਹੀ ਮਿਟਾ ਦਿੱਤਾ ਹੈ। ਵੱਡੀ ਸੱਟ ਉਨ੍ਹਾਂ ਪੇਂਡੂ ਮੁੰਡਿਆਂ ਨੂੰ ਵੱਜੀ ਹੈ ਜੋ ਕਲੱਬਾਂ ਤੋਂ ਵਿਹਲੇ ਹੋ ਕੇ ਮਾੜੇ ਰਾਹਾਂ 'ਤੇ ਪੈ ਗਏ ਹਨ। ਪੇਂਡੂ ਯੁਵਕ ਕਲੱਬ ਹੀ ਹਨ ਜੋ ਪੇਂਡੂ ਮੁੰਡਿਆਂ ਨੂੰ ਰੁਝੇਵੇਂ 'ਚ ਰੱਖ ਰਹੇ ਹਨ।
             ਸਿਆਸੀ ਲੋਕਾਂ ਨੇ ਪੇਂਡੂ ਮੁੰਡਿਆਂ ਨੂੰ ਆਪਣੀ ਚਾਟ 'ਤੇ ਲਾਉਣ ਲਈ ਫੰਡ ਦਿਲ ਖੋਲ ਕੇ ਦੇਣੇ ਸ਼ੁਰੂ ਕਰ ਦਿੱਤੇ। ਸਿਆਸਤ ਨੇ ਕਲੱਬਾਂ ਦਾ ਵੀ ਬੇੜਾ ਗਰਕ ਕਰ ਦਿੱਤਾ। ਜੋ ਉਸਾਰੂ ਯੁਵਕ ਕਲੱਬ ਸਨ, ਉਨ੍ਹਾਂ ਦੀ ਥਾਂ ਸਿਆਸੀ ਲੋਕਾਂ ਨੇ ਆਪਣੀ ਸਰਪ੍ਰਸਤੀ ਵਾਲੇ ਪੇਂਡੂ ਨੌਜਵਾਨਾਂ ਦੇ ਕਲੱਬ ਹਰ ਪਿੰਡ ਵਿੱਚ ਖੜੇ ਕਰ ਦਿੱਤੇ। ਪੰਜਾਬ 'ਚ ਹੁਣ ਇਹ ਹਾਲ ਹੈ ਕਿ ਹਰ ਸਿਆਸੀ ਧਿਰ ਦਾ ਹਰ ਪਿੰਡ 'ਚ ਆਪਣੀ ਮੋਹਰ ਵਾਲਾ ਨੌਜਵਾਨ ਕਲੱਬ ਹੈ। ਮਤਲਬ ਪਿੰਡ ਦੇ ਮੁੰਡੇ ਵੀ ਸਿਆਸਤ ਨੇ ਵੰਡ ਦਿੱਤੇ ਹਨ। ਜਿਨ੍ਹਾਂ ਮੁੰਡਿਆਂ 'ਚ ਜਜ਼ਬਾ ਸੀ ,ਉਹ ਅੱਜ ਟੁੱਟ ਕੇ ਬੈਠ ਗਏ ਹਨ। ਸਿਆਸੀ ਸਰਪ੍ਰਸਤੀ ਵਾਲੇ ਕਲੱਬਾਂ ਦਾ ਬੋਲਬਾਲਾ ਹੈ। ਨਤੀਜਾ ਇਹ ਨਿਕਲਿਆ ਕਿ ਨਿਰਪੱਖ ਪੇਂਡੂ ਕਲੱਬ ਜੋ ਯੁਵਕ ਸੇਵਾਵਾਂ ਮਹਿਕਮੇ ਜਾਂ ਨਹਿਰੂ ਯੁਵਾ ਕੇਂਦਰ ਦੀ ਨਿਗਰਾਨੀ ਹੇਠ ਚੱਲ ਰਹੇ ਸਨ, ਨਿਰਾਸ਼ ਹੋ ਗਏ ਹਨ। ਕੋਈ ਫੰਡ ਨਾ ਮਿਲਿਆ ਤਾਂ ਮੁੰਡਿਆਂ ਦੀ ਉਮੀਦ ਟੁੱਟ ਗਈ। ਨਤੀਜਾ ਇਹ ਨਿਕਲਿਆ ਕਿ ਸਰਕਾਰ ਨੇ ਹੁਣ ਕਰੀਬ ਚਾਰ ਹਜ਼ਾਰ ਕਲੱਬਾਂ ਨੂੰ 'ਡੈੱਡ' ਐਲਾਨ ਦਿੱਤਾ ਹੈ। ਸਾਲ 1997 ਤੋਂ ਮਗਰੋਂ ਕਿਸੇ ਵੀ ਸਰਕਾਰ ਨੇ ਇਨ੍ਹਾਂ ਪੇਂਡੂ ਨੌਜਵਾਨ ਕਲੱਬਾਂ ਨੂੰ ਕਿਸੇ ਨੇ ਧੇਲਾ ਨਹੀਂ ਦਿੱਤਾ। ਸਿਆਸੀ ਸਰਪ੍ਰਸਤੀ ਵਾਲੇ ਰਾਤੋਂ ਰਾਤ ਬਣੇ ਕਲੱਬਾਂ ਦੇ ਖ਼ਜ਼ਾਨੇ ਭਰੇ ਰਹੇ ਹਨ। ਇੱਧਰ ਯੁਵਕ ਸੇਵਾਵਾਂ ਮਹਿਕਮੇ ਵਲੋਂ ਆਪਣੀ ਨਿਗਰਾਨੀ ਹੇਠ ਚਲਾਏ ਜਾ ਰਹੇ ਪੇਂਡੂ ਕਲੱਬ ਪਾਈ ਪਾਈ ਨੂੰ ਤਰਸ ਰਹੇ ਹਨ।
           ਯੁਵਕ ਸੇਵਾਵਾਂ ਮਹਿਕਮੇ ਦੀ ਨਿਗਰਾਨੀ ਵਾਲੇ ਪੇਂਡੂ ਕਲੱਬਾਂ ਦੀ ਪੰਜਾਬ ਵਿੱਚ ਗਿਣਤੀ 4796 ਹੈ ਜਿਨ੍ਹਾਂ ਚੋਂ 1551 ਕਲੱਬ 'ਡੈੱਡ' ਐਲਾਨ ਦਿੱਤੇ ਗਏ ਹਨ। ਨਹਿਰੂ ਯੁਵਾ ਕੇਂਦਰ ਤਹਿਤ ਪੰਜਾਬ ਵਿੱਚ ਕਰੀਬ 10 ਹਜ਼ਾਰ ਕਲੱਬ ਹਨ ਜਿਨ੍ਹਾਂ ਚੋਂ 2500 ਦੇ ਕਰੀਬ ਕਲੱਬ 'ਡੈੱਡ' ਐਲਾਨ ਦਿੱਤੇ ਗਏ ਹਨ। ਮਾਲਵੇ 'ਚ 2925 ਪੇਂਡੂ ਕਲੱਬ ਯੁਵਕ ਸੇਵਾਵਾਂ ਮਹਿਕਮੇ ਨਾਲ ਬੱਝੇ ਹੋਏ ਹਨ। ਜਦੋਂ ਕੋਈ ਫੰਡ ਨਾ ਮਿਲੇ ਤਾਂ ਮਹਿਕਮੇ ਨੇ 1291 ਪੇਂਡੂ ਕਲੱਬ 'ਡੈੱਡ' ਐਲਾਨ ਦਿੱਤੇ ਹਨ। ਆਮ ਬੋਲਚਾਲ ਦੀ ਭਾਸ਼ਾ 'ਚ ਕਹਿ ਲਓ ਕਿ ਇਨ੍ਹਾਂ ਕਲੱਬਾਂ ਦਾ ਭੋਗ ਪੈ ਗਿਆ ਹੈ। ਕੇਵਲ ਨਾਮ ਹੀ ਬਾਕੀ ਹੈ। ਨਹਿਰੂ ਯੁਵਾ ਕੇਂਦਰ ਨਾਲ ਕਰੀਬ ਚਾਰ ਹਜ਼ਾਰ ਕਲੱਬ ਇਕੱਲੇ ਮਾਲਵੇ 'ਚ ਜੁੜੇ ਹੋਏ ਹਨ। ਇਨ੍ਹਾਂ ਚੋਂ ਕਰੀਬ 800 ਕਲੱਬਾਂ ਨੂੰ 'ਇਨਐਕਟਿਵ' ਐਲਾਨ ਦਿੱਤਾ ਗਿਆ ਹੈ। ਯੁਵਕ ਸੇਵਾਵਾਂ ਵਿਭਾਗ  ਦੀ ਨਿਗਰਾਨੀ ਵਾਲੇ ਬਠਿੰਡਾ ਜ਼ਿਲੇ 'ਚ 303 ਕਲੱਬ ਹਨ ਜਿਨ੍ਹਾਂ ਚੋਂ 80 ਕਲੱਬ ਡੈੱਡ ਐਲਾਨੇ ਗਏ ਹਨ ਜਦੋਂ ਕਿ ਫਿਰੋਜ਼ਪੁਰ ਜ਼ਿਲੇ ਦੇ 500 ਕਲੱਬਾਂ ਚੋਂ 250 ਕਲੱਬ ਡੈੱਡ ਹੋ ਗਏ ਹਨ। ਜ਼ਿਲ੍ਹਾ ਮਾਨਸਾ ਦੇ 71 ਚੋਂ 28 ਕਲੱਬ, ਮੋਗਾ ਦੇ 56 ਚੋਂ ਇੱਕ ਦਰਜਨ,ਮੁਕਤਸਰ ਦੇ 72 ਚੋਂ 15 ਕਲੱਬ, ਜ਼ਿਲ੍ਹਾ ਸੰਗਰੂਰ ਦੇ 346 ਕਲੱਬਾਂ ਚੋਂ 100 ਦੇ ਕਰੀਬ ਕਲੱਬ 'ਡੈਡ' ਹਨ। ਪਟਿਆਲਾ ਜ਼ਿਲੇ 'ਚ ਸਭ ਤੋਂ ਜਿਆਦਾ 961 ਪੇਂਡੂ ਕਲੱਬ ਹਨ ਜਿਨ੍ਹਾਂ ਚੋਂ 470 ਦੇ ਕਰੀਬ 'ਡੈਡ' ਹਨ। ਫਰੀਦਕੋਟ ਜ਼ਿਲੇ 'ਚ 330 ਚੋਂ 10 ਫੀਸਦੀ ਅਤੇ ਮੋਗਾ ਜ਼ਿਲੇ ਵਿੱਚ 15 ਫੀਸਦੀ ਕਲੱਬ ਡੈਡ ਹਨ। ਮਹਿਕਮੇ ਦੇ ਅਧਿਕਾਰੀ ਆਖਦੇ ਹਨ ਕਿ ਇੱਕੋ ਇਲਾਜ ਹੈ ਕਿ ਸਰਕਾਰ ਮਹਿਕਮੇ ਨੂੰ ਫੰਡ ਦੇਵੇ। ਇਹ ਫੰਡ ਨਿਗਰਾਨੀ ਹੇਠ ਸਹੀ ਪਾਸੇ ਲੱਗਣ। ਜਦੋਂ ਫੰਡ ਹੀ ਨਹੀਂ ਆਉਂਦੇ ਤਾਂ ਕਲੱਬ ਡੈਡ ਹੋ ਜਾਂਦੇ ਹਨ। ਹਾਲਾਂ ਕਿ ਹੁਣ ਤਾਂ ਇਹ ਮਹਿਕਮਾ ਵੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਹੀ ਹੈ ਜੋ ਕਿ ਹਰ ਸਟੇਜ ਤੋਂ ਨੌਜਵਾਨਾਂ ਦੀ ਗੱਲ ਕਰਦੇ ਹਨ, ਖੇਡਾਂ ਦੀ ਚਰਚਾ ਕਰਦੇ ਹਨ।
                                                       ਗਰਾਂਟਾਂ ਲੈ ਕੇ ਰਫ਼ੂ ਚੱਕਰ
ਪੰਜਾਬ ਸਰਕਾਰ ਨੂੰ ਹੁਣ ਸਿਆਸੀ ਸਰਪ੍ਰਸਤੀ ਵਾਲੇ ਕਲੱਬ ਜਾਂ ਸੰਸਥਾਵਾਂ ਨਹੀਂ ਲੱਭ ਰਹੀਆਂ ਜਿਨ੍ਹਾਂ ਨੂੰ ਵੋਟਾਂ ਵੇਲੇ ਗੱਫੇ ਦਿੱਤੇ ਸਨ। ਪੰਜਾਬ ਭਰ ਵਿੱਚ 87 ਕਲੱਬ ਤੇ ਸੰਸਥਾਵਾਂ ਅਜਿਹੀਆਂ ਹਨ ਜਿਨ੍ਹਾਂ ਨੇ ਫੰਡ ਤਾਂ ਲੈ ਲਏ ਤੇ ਹੁਣ ਉਨ੍ਹਾਂ ਦਾ ਕੋਈ ਪਤਾ ਟਿਕਾਣਾ ਨਹੀਂ ਲੱਭ ਰਿਹਾ। ਇਨ੍ਹਾਂ ਚੋਂ 18 ਕਲੱਬ ਮਾਲਵੇ ਦੇ ਹਨ ਜਿਨ੍ਹਾਂ ਨੇ ਹਾਲੇ ਤੱਕ ਲਏ ਫੰਡਾਂ ਦਾ ਹਿਸਾਬ ਕਿਤਾਬ ਨਹੀਂ ਦਿੱਤਾ। ਜ਼ਿਲ੍ਹਾ ਬਠਿੰਡਾ 'ਚ ਉਸ ਵੇਲੇ ਦੇ ਸੱਤ ਕਲੱਬ ਤੇ ਸੰਸਥਾਵਾਂ ਉਹ ਹਨ ਜੋ ਸਰਕਾਰੀ ਗਰਾਂਟ ਤਾਂ ਲੈ ਗਈਆਂ ਪ੍ਰੰਤੂ ਉਨ੍ਹਾਂ ਦਾ ਸਰਕਾਰ ਨੂੰ ਹੁਣ ਪਤਾ ਟਿਕਾਣਾ ਨਹੀਂ ਲੱਭ ਰਿਹਾ। ਇਨ੍ਹਾਂ ਤੋਂ ਗਰਾਂਟਾਂ ਦੇ ਵਰਤੋਂ ਸਰਟੀਫਿਕੇਟ ਲੈਣੇ ਔਖੇ ਹੋ ਗਏ ਹਨ। ਜੋ ਕਲੱਬ ਜਾਂ ਸੰਸਥਾਵਾਂ ਨਹੀਂ ਲੱਭ ਰਹੀਆਂ ,ਉਨ੍ਹਾਂ 'ਚ ਬਠਿੰਡਾ ਦੇ ਸੱਤ,ਸੰਗਰੂਰ ਦੇ ਦੋ,ਪਟਿਆਲਾ ਦੇ ਤਿੰਨ ਅਤੇ ਮੁਕਤਸਰ ਦੇ 6 ਕਲੱਬ ਹਨ। ਛੋਟੀਆਂ ਬੱਚਤਾਂ ਵਿਭਾਗ ਵਲੋਂ ਇਨ੍ਹਾਂ ਕਲੱਬਾਂ ਵਾਲਿਆਂ ਨੂੰ ਹੁਣ ਜੋ ਚਿੱਠੀ ਪਾਈ ਜਾਂਦੀ ਹੈ, ਉਹ ਵਾਪਸ ਮੁੜ ਆਉਂਦੀ ਹੈ।
           ਏਦਾ ਹੀ ਪਿਛਲੀ ਵਜ਼ਾਰਤ ਵੇਲੇ ਹੋਇਆ ਸੀ। ਕੈਪਟਨ ਸਰਕਾਰ ਨੂੰ ਉਹ ਕਲੱਬ ਨਾ ਲੱਭੇ ਜਿਨ੍ਹਾਂ ਨੇ ਅਕਾਲੀ ਵਜ਼ਾਰਤ ਵੇਲੇ ਫੰਡ ਲਏ ਸਨ। ਆਖਰ ਸਰਕਾਰ ਨੇ ਉਨ੍ਹਾਂ ਕਲੱਬਾਂ ਤੋਂ ਫੰਡ ਲੈਣ ਵੀ ਕਾਰਵਾਈ ਸ਼ੁਰੂ ਕੀਤੀ ਸੀ ਜੋ ਕਿ ਹੁਣ ਤੱਕ ਵਿਚਕਾਰੇ ਲਮਕ ਰਹੀ ਹੈ। ਕੌਮੀ ਅਵਾਰਡ ਜੇਤੂ ਸਰਬਜੀਤ ਸਿੰਘ ਜੇਠੂਕੇ ਅਤੇ ਬੀਰਾ ਤੁੰਗਵਾਲੀ ਦਾ ਕਹਿਣਾ ਸੀ ਕਿ ਸਰਕਾਰ ਯੁਵਕਾਂ ਪ੍ਰਤੀ ਕਿੰਨੀ ਕੁ ਸੁਹਿਰਦ ਹੈ,ਮਹਿਕਮੇ ਨੂੰ ਜਾਰੀ ਹੋਏ ਫੰਡਾਂ ਤੋਂ ਪਤਾ ਲੱਗਦਾ ਹੈ। ਉਨ੍ਹਾਂ ਆਖਿਆ ਕਿ ਸਰਕਾਰ ਸਹੀ ਤਰੀਕੇ ਨਾਲ ਨੌਜਵਾਨ ਕਲੱਬਾਂ ਨੂੰ ਪ੍ਰਫੁੱਲਿਤ ਕਰੇ ਤਾਂ ਨਸ਼ਿਆਂ ਦੇ ਰਾਹ ਪਏ ਨੌਜਵਾਨ ਮੁੜ ਘਰਾਂ ਨੂੰ ਪਰਤ ਸਕਦੇ ਹਨ। ਉਨ੍ਹਾਂ ਆਖਿਆ ਕਿ ਲੀਡਰਾਂ ਵਲੋਂ ਕੇਵਲ ਆਪਣੇ ਬਣਾਏ ਕਲੱਬਾਂ ਨੂੰ ਹੀ ਮੁੜ ਮੁੜ ਫੰਡ ਦਿੱਤੇ ਜਾਂਦੇ ਹਨ, ਜੋ ਠੀਕ ਨਹੀਂ।     
           'ਦਾਸ' ਤੇ 'ਪਾਸ਼' ਨਹੀਂ ਲੜਨਗੇ ਚੋਣ ?
                                 ਚਰਨਜੀਤ ਭੁੱਲਰ
ਬਠਿੰਡਾ  : ਅਗਾਮੀ ਅਸੈਂਬਲੀ ਚੋਣਾਂ 'ਚ ਦਾਸ ਤੇ ਪਾਸ਼ ਚੋਣ ਨਹੀਂ ਲੜਨਗੇ ? ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਨੇ ਬਠਿੰਡਾ 'ਚ ਇਹ ਸੰਕੇਤ ਦਿੱਤਾ ਹੈ। ਉਨ੍ਹਾਂ ਖੁਦ ਵੀ ਅਗਾਮੀ ਅਸੈਂਬਲੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਜਦੋਂ ਕਿ ਪੀਪਲਜ਼ ਪਾਰਟੀ ਆਫ਼ ਪੰਜਾਬ ਵਲੋਂ ਉਨ੍ਹਾਂ ਨੂੰ ਲੰਬੀ ਹਲਕੇ ਤੋਂ ਚੋਣ ਲੜਾਏ ਜਾਣ ਦਾ ਗ਼ੈਰਰਸਮੀ ਤੌਰ 'ਤੇ ਐਲਾਨ ਕੀਤਾ ਹੋਇਆ ਹੈ। ਦਾਅਵੇ ਨਾਲ ਉਨ੍ਹਾਂ ਇਹ ਵੀ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਵੀ ਅਗਲੀ ਅਸੈਂਬਲੀ ਚੋਣ ਸ਼ਾਇਦ ਹੀ ਲੜਨ। ਜਦੋਂ ਕਾਰਨ ਪੁੱਛਿਆ ਤਾਂ ਉਨ੍ਹਾਂ ਆਖਿਆ ਕਿ ਉਹ ਆਪਣੇ ਭਰਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਸ੍ਰੀ ਗੁਰਦਾਸ ਸਿੰਘ ਬਾਦਲ ਨੇ ਆਖਿਆ ਕਿ ਉਨ੍ਹਾਂ ਨੇ ਕਦੇ ਵੀ ਖੁਸ਼ੀ ਨਾਲ ਚੋਣ ਨਹੀਂ ਲੜੀ ਬਲਕਿ ਹਮੇਸ਼ਾ ਉਸ ਨੂੰ ਮਜਬੂਰੀ 'ਚ ਹੀ ਖੜ੍ਹਾ ਕੀਤਾ ਗਿਆ। ਜਦੋਂ ਕੋਈ ਉਮੀਦਵਾਰ ਨਹੀਂ ਮਿਲਦਾ ਸੀ ਤਾਂ ਉਸ ਨੂੰ ਚੋਣ ਲੜਾਈ ਜਾਂਦੀ ਸੀ। ਉਨ੍ਹਾਂ ਆਖਿਆ ਕਿ ਅਗਾਮੀ ਅਸੈਂਬਲੀ ਚੋਣਾਂ 'ਚ ਉਨ੍ਹਾਂ ਦਾ ਚੋਣਾਂ 'ਚ ਖੜੇ ਹੋਣ ਨੂੰ ਜੀਅ ਨਹੀਂ ਕਰਦਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਆਪਣੇ ਭਰਾ ਪਾਸ਼ ਖਿਲਾਫ ਚੋਣ ਲੜਨਗੇ ਤਾਂ ਉਨ੍ਹਾਂ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਸ਼ਾਇਦ ਹੀ ਚੋਣ ਲੜਨ। ਨਾਲੋਂ ਨਾਲ ਉਨ੍ਹਾਂ ਇਹ ਵੀ ਮਲਵੀਂ ਜੀਭ ਨਾਲ ਆਖਿਆ ਕਿ ਮੌਕਾ ਆਉਣ 'ਤੇ ਦੇਖਿਆ ਜਾਵੇਗਾ ਅਤੇ ਉਹ ਹੁਣ ਕੁਝ ਵੀ ਕਹਿਣਾ ਨਹੀਂ ਚਾਹੁੰਦੇ।
           ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਮੂੰਹ ਬੰਦ ਹੀ ਰੱਖਿਆ। ਇੰਜ ਲੱਗਾ ਜਿਵੇਂ ਸਿਆਸੀ ਵਖਰੇਵਾਂ ਵੀ ਦੋ ਭਰਾਵਾਂ ਦੇ ਹਾਲੇ ਵੀ ਵਾਲ ਵਿੰਗਾ ਨਹੀਂ ਕਰ ਸਕਿਆ ਹੈ। ਜਦੋਂ ਸ੍ਰੀ ਗੁਰਦਾਸ ਸਿੰਘ ਬਾਦਲ ਨੂੰ ਪੁੱਛਿਆ ਕਿ ਮੁੱਖ ਮੰਤਰੀ ਆਖ ਰਹੇ ਹਨ ਕਿ ਮਨਪ੍ਰੀਤ ਨੇ ਉਸ ਤੋਂ ਉਸ ਦਾ ਭਰਾ ਖੋਹ ਲਿਆ ਹੈ ਤਾਂ ਜੁਆਬ 'ਚ ਏਨਾ ਹੀ ਆਖਿਆ ਕਿ ਚੁੱਪ 'ਚ ਹੀ ਭਲੀ ਹੈ। ਉਨ੍ਹਾਂ ਸਾਫ ਆਖਿਆ ਕਿ ਉਹ ਆਪਣੇ ਭਰਾ ਖ਼ਿਲਾਫ਼ ਕੁਝ ਨਹੀਂ ਬੋਲਣਾ ਚਾਹੁੰਦੇ। ਦੱਸਣ ਯੋਗ ਹੈ ਕਿ ਇਸ ਹਫਤੇ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਬਠਿੰਡਾ 'ਚ ਇਹ ਗੱਲ ਆਖ ਚੁੱਕੇ ਹਨ ਕਿ ਉਨ੍ਹਾਂ ਦੇ ਲੰਬੀ ਤੋਂ ਚੋਣ ਲੜਨ ਵਾਰੇ ਫੈਸਲਾ ਪਾਰਟੀ ਨੇ ਕਰਨਾ ਹੈ। ਨਾਲੇ ਇਹ ਵੀ ਆਖਿਆ ਕਿ ਹਾਲੇ ਇਹ ਮੌਕਾ ਨਹੀਂ ਕੁਝ ਕਹਿਣ ਦਾ। ਉਨ੍ਹਾਂ ਆਪਣੀ ਇਹ ਗੱਲ ਵੀ ਦੁਹਰਾਈ ਸੀ ਕਿ ਮਨਪ੍ਰੀਤ ਨੇ ਉਸ ਤੋਂ ਉਸ ਦਾ ਭਰਾ ਖੋਹ ਲਿਆ ਜਿਸ ਦਾ ਉਸ ਨੂੰ ਸਭ ਤੋਂ ਵੱਡਾ ਦੁੱਖ ਹੈ।  ਪਤਾ ਲੱਗਾ ਹੈ ਕਿ ਕਾਫੀ ਸਮੇਂ ਤੋਂ ਦਾਸ ਤੇ ਪਾਸ਼ ਦੀ ਕੋਈ ਮਿਲਣੀ ਵੀ ਨਹੀਂ ਹੋਈ ਹੈ। ਜਦੋਂ ਮੁੱਖ ਮੰਤਰੀ ਸਿਆਸੀ ਵਖਰੇਵੇਂ ਮਗਰੋਂ ਪਹਿਲੀ ਦਫ਼ਾ ਪਿੰਡ ਬਾਦਲ ਗਏ ਸਨ ਤਾਂ ਉਹ ਉਦੋਂ 20 ਮਿੰਟ ਆਪਣੇ ਭਰਾ ਗੁਰਦਾਸ ਸਿੰਘ ਬਾਦਲ ਨੂੰ ਮਿਲੇ ਸਨ। ਅੱਜ ਸ੍ਰੀ ਗੁਰਦਾਸ ਸਿੰਘ ਬਾਦਲ ਦੀ ਗੱਲਬਾਤ ਤੋਂ ਸਾਫ ਝਲਕਿਆ ਕਿ ਭਾਵੇਂ ਦੋਹਾਂ ਪਰਵਾਰਾਂ ਦੇ ਸਿਆਸੀ ਰਾਹ ਵੱਖੋ ਵੱਖਰੇ ਹੋ ਗਏ ਹਨ ਪ੍ਰੰਤੂ ਦੋਹਾਂ ਭਰਾਵਾਂ ਦੇ ਪਿਆਰ ਦਾ ਰਸਤਾ ਅੱਜ ਵੀ ਇਕੋ ਹੀ ਹੈ। ਦੋਹਾਂ ਭਰਾਵਾਂ ਨੂੰ ਇੱਕ ਦੂਸਰੇ ਦਾ ਉਵੇਂ ਹੀ ਅੰਦਰੋਂ ਅੰਦਰੀਂ ਮੋਹ ਹੈ।
                                                'ਤਾਇਆ ਜੀ' ਬੁਖਲਾ ਗਏ ਨੇ - ਮਨਪ੍ਰੀਤ
           'ਤਾਇਆ ਜੀ, ਬੁਖਲਾ ਗਏ ਹਨ ਤੇ ਉਹ ਅੰਦਰੋਂ ਹਿੱਲ ਗਏ ਹਨ।' ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ 'ਚ ਇਹ ਗੱਲ ਖੁੱਲ੍ਹ ਕੇ ਆਖੀ। ਮਨਪ੍ਰੀਤ ਨੇ ਆਖਿਆ ਕਿ ਮੁੱਖ ਮੰਤਰੀ ਛੇਤੀ ਕਿਤੇ ਕਿਸੇ ਦੀ ਅਲੋਚਨਾ ਨਹੀਂ ਕਰਦੇ। ਜਦੋਂ ਤੋਂ ਖਟਕੜ ਕਲਾਂ ਦਾ ਇਕੱਠ ਹੋਇਆ ਹੈ,ਉਦੋਂ ਤੋਂ ਉਹ ਅਲੋਚਨਾ ਕਰਨ ਲੱਗੇ ਹਨ। ਮੁੱਖ ਮੰਤਰੀ ਖੁਦ ਹੁਣ ਆਖਰੀ ਬੱਲੇਬਾਜ਼ ਵਜੋਂ ਉਨ੍ਹਾਂ ਖ਼ਿਲਾਫ਼ ਮੈਦਾਨ 'ਚ ਉੱਤਰੇ ਹਨ। ਉਨ੍ਹਾਂ ਮੁੱਖ ਮੰਤਰੀ ਵਲੋਂ ਪੀਪਲਜ਼ ਪਾਰਟੀ ਨੂੰ ਨਵੀਂ ਬਹੂ ਆਖਣ ਦੇ ਜੁਆਬ 'ਚ ਆਖਿਆ ਕਿ ਪੀਪਲਜ਼ ਪਾਰਟੀ ਹੁਣ ਪੁਰਾਣੀ ਹੋ ਗਈ ਹੈ ਅਤੇ ਚਾਅ ਹਾਲੇ ਵੀ ਲੱਥਾ ਨਹੀਂ ਹੈ। ਉਨ੍ਹਾਂ ਆਖਿਆ ਕਿ ਉਹ ਮੁੱਖ ਮੰਤਰੀ ਪੰਜਾਬ ਦੇ ਖ਼ਿਲਾਫ਼ ਬੋਲਣਾ ਨਹੀਂ ਚਾਹੁੰਦੇ ਸਨ ਪ੍ਰੰਤੂ ਹੁਣ ਉਨ੍ਹਾਂ ਦਾ ਮੂੰਹ ਬੰਦ ਕਰਨ ਵਾਸਤੇ ਬੋਲਣਾ ਜ਼ਰੂਰੀ ਬਣ ਗਿਆ ਹੈ। ਉਨ੍ਹਾਂ ਆਖਿਆ ਕਿ ਹੁਣ ਆਖਰੀ ਹੱਲੇ ਵਜੋਂ ਮੁੱਖ ਮੰਤਰੀ ਖੁਦ ਉਨ੍ਹਾਂ ਖਿੱਲਾਂ ਬੋਲਣ ਲੱਗੇ ਹਨ ਜਿਸ 'ਚ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲਣੀ। ਸਾਬਕਾ ਵਿੱਤ ਮੰਤਰੀ ਨੇ ਇਹ ਵੀ ਆਖਿਆ ਕਿ ਉਸ ਨੂੰ ਸੁਖਬੀਰ ਨਾਲ ਈਰਖਾ ਹੁੰਦੀ ਤਾਂ ਉਹ ਬਠਿੰਡਾ ਦੀ ਸੰਸਦੀ ਚੋਣ 'ਚ ਦਿਨ ਰਾਤ ਇੱਕ ਨਾ ਕਰਦਾ। ਨਾਲੇ ਸੁਖਬੀਰ ਦੀ ਪ੍ਰਾਪਤੀ ਵੀ ਕਿਹੜੀ ਹੈ, ਜਿਸ 'ਤੇ ਈਰਖਾ ਕੀਤੀ ਜਾਵੇ।
          ਸਾਬਕਾ ਵਿੱਤ ਮੰਤਰੀ ਨੇ ਸਮਾਜ ਸੇਵਾ ਅੰਨਾ ਹਜ਼ਾਰੇ ਵਲੋਂ ਦਿੱਲੀ 'ਚ ਭ੍ਰਿਸ਼ਟਾਚਾਰ ਖ਼ਿਲਾਫ਼ ਸ਼ੁਰੂ ਕੀਤੇ ਅੰਦੋਲਨ ਦੀ ਹਮਾਇਤ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਆਖਿਆ ਕਿ ਪੀਪਲਜ਼ ਪਾਰਟੀ ਆਫ਼ ਪੰਜਾਬ ਵਲੋਂ ਪੰਜਾਬ ਭਰ 'ਚ ਇਸ ਹਮਾਇਤ ਦੇ ਤਹਿਤ ਜ਼ਿਲ੍ਹਾ ਪੱਧਰ 'ਤੇ ਰੋਸ ਮਾਰਚ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ ਅੰਨੇ ਹਜ਼ਾਰੇ ਵਲੋਂ ਵਜਾਏ ਬਿਗਲ ਨਾਲ ਇੱਕ ਆਸ ਦਿੱਖਣ ਲੱਗੀ ਹੈ ਅਤੇ ਉਨ੍ਹਾਂ ਦੀ ਪਾਰਟੀ ਸ੍ਰੀ ਹਜ਼ਾਰੇ ਦੀ ਮੁਹਿੰਮ ਨਾਲ ਬਿਲਕੁਲ ਸਹਿਮਤ ਹਨ। ਉਨ੍ਹਾਂ ਆਖਿਆ ਕਿ ਇੱਕ ਅਜ਼ਾਦਾਨਾ ਲੋਕ ਪਾਲ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਰੋਸ ਮਾਰਚਾਂ ਦਾ ਪ੍ਰੋਗਰਾਮਾਂ ਜਲਦੀ ਐਲਾਨ ਦਿੱਤਾ ਜਾਏਗਾ। ਉਨ੍ਹਾਂ ਆਖਿਆ ਕਿ ਹਾਕਮ ਧਿਰ ਵਲੋਂ ਨਿੱਜੀ ਮਸਲੇ ਉਠਾਏ ਜਾ ਰਹੇ ਹਨ ਜਦੋਂ ਕਿ ਹੁਣ ਬਹਿਸ ਜਨਤਿਕ ਮਸਲਿਆਂ 'ਤੇ ਹੋਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਉਹ ਚੋਣਾਂ ਤੋਂ ਪਹਿਲਾਂ ਲੋਕ ਮੁੱਦਿਆਂ 'ਤੇ ਖੁੱਲ੍ਹੀ ਬਹਿਸ ਵੀ ਕਰਨਗੇ। ਸਾਬਕਾ ਵਿੱਤ ਮੰਤਰੀ ਨੇ ਆਖਿਆ ਕਿ ਗਿੱਦੜਬਹਾ ਤੋਂ ਤਾਂ ਉਸ ਨੂੰ ਉਦੋਂ ਖੜ੍ਹਾ ਕੀਤਾ ਗਿਆ ਸੀ ਜਦੋਂ ਹਰ ਕੋਈ ਬੇਅੰਤ ਸਿੰਘ ਦੇ ਖ਼ਿਲਾਫ਼ ਖੜ੍ਹਾ ਹੋਣ ਤੋਂ ਡਰਦਾ ਸੀ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਚੋਣਾਂ 'ਚ ਪੀਪਲਜ਼ ਪਾਰਟੀ ਖੁਦ ਸਿੱਧੇ ਤੌਰ 'ਤੇ ਨਹੀਂ ਉੱਤਰੇਗੀ ਬਲਕਿ ਇਨ੍ਹਾਂ ਚੋਣਾਂ 'ਚ ਚੰਗੇ ਅਕਸ ਵਾਲੇ ਸਿੱਖ ਉਮੀਦਵਾਰਾਂ ਦੀ ਹਮਾਇਤ ਕੀਤੀ ਜਾਵੇਗੀ। ਉਨ੍ਹਾਂ  ਪੰਜਾਬ ਸਰਕਾਰ 'ਤੇ ਇਲਜ਼ਾਮ ਲਾਇਆ ਕਿ ਸਰਕਾਰ ਵਲੋਂ ਸਿਆਸੀ ਬਦਲਾਖੋਰੀ ਕੀਤੀ ਜਾ ਰਹੀ ਹੈ ਜਿਸ ਤਹਿਤ ਉਸ ਦੇ ਨੇੜਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
           ਸਾਬਕਾ ਵਿੱਤ ਮੰਤਰੀ ਨੇ ਇੱਕ ਸੁਆਲ ਦੇ ਜੁਆਬ 'ਚ ਆਖਿਆ ਕਿ ਹੁਣ ਇਕੱਲੇ ਕੇਂਦਰ ਨੂੰ ਭੰਡ ਕੇ ਗੱਲ ਨਹੀਂ ਬਣਨੀ। ਉਨ੍ਹਾਂ ਆਖਿਆ ਕਿ ਸੂਬਿਆਂ ਨੂੰ ਵੱਧ ਮਾਲੀ ਅਧਿਕਾਰ ਹੋਣੇ ਚਾਹੀਦੇ ਹਨ ਅਤੇ ਕੇਂਦਰੀ ਸਕੀਮਾਂ ਦੀ ਰਾਸ਼ੀ ਸੂਬਿਆਂ ਨੂੰ ਮਿਲਣੀ ਚਾਹੀਦੀ ਹੈ ਪ੍ਰੰਤੂ ਵਿਕਾਸ ਦਾ ਖਾਕਾ ਤਿਆਰ ਕਰਨ ਦਾ ਹੱਕ ਸੂਬਿਆਂ ਕੋਲ ਹੋਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਕੇਂਦਰੀ ਵਿਤਕਰੇ ਨਾਲ ਪੰਜਾਬ ਨੂੰ ਸੱਟ ਵੱਜੀ ਹੈ ਪ੍ਰੰਤੂ ਨਲਾਇਕੀ ਪੰਜਾਬ ਦੀ ਵੀ ਰਹੀ ਹੈ। ਜਦੋਂ ਹੋਰਨਾਂ ਪਾਰਟੀਆਂ ਨਾਲ ਸਮਝੌਤੇ ਦੀ ਗੱਲ ਪੁੱਛੀ ਤਾਂ ਉਨ੍ਹਾਂ ਆਖਿਆ ਕਿ ਫਿਲਹਾਲ ਤਾਂ ਉਹ ਆਪਣੀ ਪਾਰਟੀ ਦਾ ਜਥੇਬੰਦਕ ਢਾਂਚਾ ਤਿਆਰ ਕਰ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ 117 ਸੀਟਾਂ 'ਤੇ ਹੀ ਚੋਣ ਲੜੇਗੀ ਅਤੇ ਲੋਕਾਂ ਚੋਂ ਹੀ ਉਮੀਦਵਾਰ ਤਿਆਰ ਕੀਤੇ ਜਾਣਗੇ ਜਿਨ੍ਹਾਂ  ਦਾ ਅਕਸ ਚੰਗਾ ਹੋਵੇਗਾ ਅਤੇ ਇਮਾਨਦਾਰ ਹੋਣਗੇ। ਲੋਕਾਂ ਦੀ ਕਲੀਨ ਚਿੱਟ ਵਾਲੇ ਪਾਰਟੀ ਦੇ ਉਮੀਦਵਾਰ ਹੋਣਗੇ।